dalvinder45
SPNer
- Jul 22, 2023
- 812
- 37
- 79
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ, ਪ੍ਰਾਣ, ਮਨ ਤੇ ਆਤਮਾ ਦੇ ਸੰਕਲਪ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਵਾਲ
ਮੈਂ ਕੀ ਹਾਂ? ਸਰੀਰ? ਪ੍ਰਾਣ? ਆਤਮਾ? ਜਾਂ ਮਨ? ਮੈਂ ਤਾਂ ਇਹ ਸਭ ਕੁੱਝ ਹਾਂ! ਸਰੀਰ ਵਿੱਚ ਪ੍ਰਾਣ ਹਨ ਤਾਂ ਮੈਂ ਹਿਲਣ-ਜੁਲਣ ਯੋਗ ਹਾਂ ਕੰਮ ਕਰਨ ਯੋਗ ਹਾਂ। ਮਨ ਹੈ ਤਾਂ ਸਭ ਕੁੱਝ ਸੋਚ ਸਕਦਾ ਹਾਂ, ਹਰ ਕੰਮ ਸੋਚ ਕੇ ਕਰਦਾ ਹਾਂ। ਮਨ ਅਪਣੀ ਹੀ ਸੋਚਦਾ ਰਹੇ ਤਾਂ ਮੈਂ ਸਿਰਫ ਅਪਣੇ ਜੋਗਾ ਹੀ ਹੋ ਕੇ ਰਹਿ ਜਾਵਾਂ ਇਸ ਨੂੰ ਸਾਰੇ ਵਿਸ਼ਵ ਦੀ ਤੇ ਸਾਰੇ ਵਿਸ਼ਵ ਨੂੰ ਰਚਣਹਾਰੇ ਦੀ ਸੋਝੀ ਦਿੰਦੀ ਹੇ ਆਤਮਾ, ਉਹ ਆਤਮਾ ਜੋ ਉਸ ਨੂੰ ਦੁਨੀਆ ਦੇ ਮੋਹ ਦਾ ਤਿਆਗ ਕਰਵਾਉਂਦੀ ਹੈ ਤੇ ਸਿਰਫ ਪਰਮ ਪਿਤਾ ਨਾਲ ਸਦੀਵੀ ਪਿਆਰ ਪਵਾਉਂਦੀ ਹੈ ਤੇ ਉਸ ਸੰਗ ਸਦਾ ਲਈ ਮਿਲਾਉਂਦੀ ਹੈ। ਸਰੀਰ, ਪ੍ਰਾਣ, ਆਤਮਾ, ਮਨ: ਇਹ ਸਭ ਫਿਰ ਮੈਂ ਹੀ ਤਾਂ ਹੋਇਆ।
ਅਗੋਂ ਹੋਰ ਸਵਾਲ ਉਠਦੇ ਹਨ (੧) ਸਰੀਰ ਕੀ ਹੈ? (੨) ਸਰੀਰ ਦਾ ਮਕਸਦ ਕੀ ਹੈ? (੩) ਸਰੀਰ ਦੇ ਕੀ ਕੀ ਹਿੱਸੇ ਹਨ? (੪) ਪ੍ਰਾਣ ਕੀ ਹੈ? ਕੀ ਕਰਦੇ ਹਨ? ਜੀਵ ਦੀ ਕੀ ਮਦਦ ਕਰਦੇ ਹਨ? (੫) ਮਨ ਕੀ ਹੈ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦਾ ਹੈ? (੬) ਦਿਲ ਕੀ ਹੈ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦਾ ਹੈ? (੭) ਆਤਮਾ ਕੀ ਹੇ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦੀ ਹੈ? (੮) ਮਨ ਤੇ ਸਰੀਰ ਦਾ ਸਬੰਧ ਕੀ ਹੈ? (੯) ਦਿਲ ਤੇ ਸਰੀਰ ਦਾ ਸਬੰਧ ਕੀ ਹੈ? (੧੦) ਆਤਮਾ ਤੇ ਸਰੀਰ ਦਾ ਕੀ ਸਬੰਧ ਹੈ? (੧੧) ਮਨ ਤੇ ਦਿਲ ਦਾ ਕੀ ਸਬੰਧ ਹੈ? (੧੨) ਮਨ ਤੇ ਆਤਮਾ ਦਾ ਕੀ ਸਬੰਧ ਹੈ? ਅੰਤਰਆਤਮਾ ਤੇ ਜੀਵਆਤਮਾ ਕੀ ਹੈ? ਆਦਿ ਚਿਰਾਂ ਤੋਂ ਮਨ ਵਿੱਚ ਖਟਕਦੇ ਰਹੇ ਹਨ, ਜਿਨ੍ਹਾਂ ਦੀ ਸਿਲਸਲੇ ਬੱਧ ਖੋਜ ਪਿੱਛੋਂ ਇਹ ਲੇਖ ਹੋਂਦ ਵਿੱਚ ਆਇਆ ਹੈ ਜੋ ਪਾਠਕਾਂ ਦੇ ਪੇਸ਼ ਹੈ:
ਸਰੀਰ
ਸਰੀਰ ਕੀ ਹੈ? ਸਰੀਰ ਦੇਹ ਹੈ, ਜਿਸਮ ਹੈ, ਉਹ ਆਕਾਰ ਹੈ ਜਿਸ ਨੂੰ ਰੱਬ ਨੇ ਇੱਕ ਖਾਸ ਮਕਸਦ ਲਈ ਖਾਸ ਆਕਾਰ-ਪ੍ਰਕਾਰ ਦਾ ਬਣਾਇਆ ਹੈ। ਸਰੀਰ ਉਹ ਜੋ ਪਲ ਪਲ ਖੀਣ ਹੁੰਦਾ ਹੈ। (ਸਰੀਰ ਸਮਸਥ ਖੀਣ ਸਮਯ ਸਿਮਰੰਤਿ ਨਾਨਕ, ਮ: ੫: ਪੰਨਾ ੧੩੫੮: ੧੫) (ਮਹਾਨ ਕੋਸ਼: ੧੭੦) ਆਕਸਫੋਰਡ ਅਡਵਾਂਸਡ ਲਰਨਰਜ਼ ਡਿਕਸ਼ਨਰੀ ਵਿੱਚ ਸਰੀਰ ਦੀ ਪ੍ਰੀਭਾਸ਼ਾ ਇਹ ਹੈ: “ਇਨਸਾਨ ਜਾਂ ਜੀਵ ਦਾ ਸਾਰਾ ਭੌਤਕ ਬਾਹਰੀ ਸਰੀਰਿਕ ਢਾਂਚਾ”। ਬਾਹਰੀ ਭੌਤਕ ਸਰੀਰ ਦਾ ਢਾਂਚਾ ਹੈ ਪਰ ਅੰਦਰ ਸੂਖਮ ਸਰੀਰ ਵੀ ਹੈ ਜਿਸ ਦੇ ਹਿੱਸੇ ਹਨ ਪ੍ਰਾਣ, ਮਨ ਤੇ ਆਤਮਾ। ਭੌਤਕ ਸਰੀਰ ਦਿਸਦਾ ਹੈ ਜਦਕਿ ਸੂਖਮ ਸਰੀਰ ਦਿਸਦਾ ਨਹੀਂ। ਭੌਤਕ ਸਰੀਰ ਖੂਨ ਦੇ ਸਿਸਟਮ ਨਾਲ ਚਲਦਾ ਹੈ। ਏਸੇ ਤਰ੍ਹਾਂ ਸਾਹ ਪਹੁੰਚਾਉਣ ਦਾ ਵੀ ਸਿਸਟਮ ਹੈ ਜਿਸ ਨੂੰ ਪ੍ਰਾਣਾਂ ਦਾ ਸਿਸਟਮ ਕਹਿੰਦੇ ਹਨ, ਸੋਚਣ ਦਾ ਸਿਸਟਮ ਵੀ ਹੈ ਜੋ ਮਨ ਕਰਦਾ ਹੈ ਤੇ ਮਹਿਸੂਸਣ ਦਾ ਸਿਟਮ ਵੀ ਜੋ ਦਿਲ ਕਰਦਾ ਹੈ। ਯਜੁਰਵੇਦ ਮਾਨਵ ਦੇ ਤਿੰਨ ਸਰੀਰ (ਤਰੈਣੀ ਪਦ) ਪਹਿਲਾ ਦੈਵੀ ਸਰੀਰ (ਕਾਰਮਿਕ ਜੋ ਦਿਲ ਦੇ ਨੇੜੇ ਰਹਿੰਦਾ ਹੈ), ਦੂਸਰਾ ਰੂਹਾਨੀ ਸਰੀਰ ਜੋ ਆਤਮਾ ਚਲਾਉਂਦੀ ਹੈ (ਜੋ ਸੂਖਮ ਹੈ ਤੇ ਸੁੰਨ ਵਿੱਚ ਵਸਦਾ ਹੈ) ਤੇ ਭੌਤਕ ਸਰੀਰ ਜਿੱਥੇ ਇੰਦਰੀਆਂ ਤੇ ਭਾਵਨਾਵਾਂ ਵਸਦੀਆਂ ਹਨ। ਜੀਵਆਤਮਾ ਮਾਨਵ ਨੂੰ ਦੈਵੀ ਜੀਵ ਬਣਾਉਂਦੀ ਹੈ, ਅੰਤਰਆਤਮਾ ਸਮਾਜਿਕ ਜੀਵ ਬਣਾਉਂਦੀ ਹੈ ਤੇ ਭਾਵਨਾਵਾਂ ਤੇ ਇੰਦਰੀਆਂ ਜੀਵ ਨੂੰ ਸੰਸਾਰੀ ਤੇ ਭੌਤਕ ਵਾਦੀ ਬਣਾਉਂਦੀਆਂ ਹਨ। ਇਸਤਰ੍ਹਾਂ ਵੇਦਾਂ ਅਨੁਸਾਰ ਰਿਕ ਪ੍ਰਾਣੀ ਦੈਵੀ, ਸਮਾਜਿਕ ਤੇ ਸੰਸਾਰੀ ਜੀਵ ਹੈ।
ਭੌਤਿਕ ਸਰੀਰ ਦਾ ਧੁਰਾ ਦਿਲ ਹੈ ਜੋ ਸਰੀਰ ਵਿੱਚ ਖੁਨ ਦੀ ਚਾਲ ਦਾ ਕੇਂਦ੍ਰ ਹੈ ਤੇ ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਵਿੱਚ ਰਹਿੰਦਾ ਹੈ। ਇਹ ਸਾਰੇ ਸਰੀਰ ਨੂੰ ਸ਼ਾਹਰਗ ਦੁਆਰਾ ਲਹੂ ਪਹੁੰਚਾਂਦਾ ਹੈ। (ਮਹਾਨਕੋਸ਼, ਪੰਨਾ ੬੩੪) ਦਿਲ ਦਾ ਬਹੁਵਚਨ ਦਿਲਹਾ। ਦਿਲਹੁ- ਦਿਲਹੁੰ ਦਿਲਹੁ ਮੁਹਬਤ ਜਿਨਿ ਸੇਈ ਸਚਿਆ (ਆਸਾ ਫਰੀਦ: ੪੮੮: ੮) ਸੂਖਮ ਸਰੀਰ ਦਾ ਮੈਰੀਡੀਅਨ ਸਿਸਟਮ ਹੈ ਜੋ ਸਾਰੇ ਸਰੀਰ ਵਿੱਚ ਉਰਜਾ ਪਹੁੰਚਾਉਂਦਾ ਹੈ, ਪ੍ਰਾਣ ਭਰਦਾ ਹੈ। ਇਸ ਮੈਰੀਡੀਅਨ ਸਿਸਟਮ ਰਾਹੀਂ ਸੂਖਮ ਸਰੀਰ ਵਿੱਚ ਊਰਜਾ ਦਾ ਵਹਾ ਪਰਵਾਹ ਹੁੰਦਾ ਹੈ। ਪਿਓਂਗੌਗ ਯੂਨੀਵਰਸਿਟੀ ਦੇ ਡਾਂ: ਕਿਮ ਬੌਂਗ ਨੇ ਤਜਰਬੇ ਕਰਕੇ ਮੈਰੀਡੀਅਨਾਂ ਨੂੰ ਊਰਜਾ ਸੰਚਾਲਨ ਦੇ ਰਸਤੇ ਪਾਇਆ। ਉਸ ਨੇ ਹਰ ਇੱਕ ਮੈਰੀਡੀਅਨ ਦੀ ਚੌੜਾਈ ੨੦-੩੦ ਮਿਲੀ-ਮਾਈਕਰੋਨ ਦਸੀ।
ਸਰੀਰ ਕਿਸ ਤੱਤ ਦਾ ਬਣਿਆ ਹੋਇਆ ਹੈ? ਪੰਜ-ਭੌਤਿਕ ਸਰੀਰ ਪੰਜਾਂ ਤੱਤਾਂ ਦਾ ਹੀ ਬਣਿਆ ਹੈ: ‘ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ ਤਿਨ ਮਹਿ ਪੰਚ ਤਤੁ ਘਰਿ ਵਾਸਾ ॥ (ਪੰਨਾ 1: 1031: 11) ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ॥ (ਸੂਹੀ ਮਹਲਾ 1, ਪੰਨਾ 766) ਹਵਾ, ਪਾਣੀ, ਅੱਗ, ਪ੍ਰਿਥਵੀ ਤੇ ਆਕਾਸ਼ ਦਾ ਬਣਿਆ ਹੈ ਸਰੀਰ।
ਸਰੀਰ ਦੇ ਭਾਗ ਕਿਤਨੇ ਹਨ? ਸਰੀਰ ਦੇ ਪੰਜ ਹਿਸੇ ਕਹੇ ਜਾ ਸਕਦੇ ਹਨ: 1 ਅੰਨਮਯ 2. ਪ੍ਰਾਣਮਯ 3. ਮਨੋਮਯਾ ਜਾਂ ਗਿਆਨਮਯਾ 4. ਵਿਗਿਆਨ ਮਯ ਤੇ 5. ਅਨੰਦ ਮਯ।
ਜੀਅ ਪ੍ਰਾਣ ਤੁਮੑ ਪਿੰਡ ਦੀਨੑ।। ਮੁਗਧ ਸੁੰਦਰ ਧਾਰਿ ਜੋਤਿ ਕੀਨੑ।। (ਬਸੰਤੁ ਮਹਲਾ ੫, ੧੧੮੧: ੧)
ਸਰੀਰ ਦੇ ਪਿੰਡ, ਜੀਅ, ਪ੍ਰਾਣ, ਜੋਤ ਸਭ ਪ੍ਰਮਾਤਮਾ ਦੇ ਦਿਤੇ ਹੋਏ ਹਨ।
ਫਿਰ ਇਸ ਦਾ ਰਚਣਹਾਰਾ ਕੌਣ ਹੈ? ਇਸ ਦਾ ਰਚਣਹਾਰਾ ਵੀ ਤਾਂ ਪਰਮ ਪਿਤਾ ਪਰਮਾਤਮਾ ਹੀ ਹੈ:
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ। (ਸੂਹੀ ਮਹਲਾ 1, ਪੰਨਾ 766)
‘ਬਿੰਬ` ਕਾ ਕੋਟੁ ਉਸਾਰਿਆ` ਇੱਕ ਪਾਣੀ ਦੀ ਬੂੰਦ ਤੋਂ ਸਰੀਰ ਰੂਪੀ ਕਿਲ੍ਹਾ ਉਸਾਰਿਆ ਗਿਆ ਹੈ ਤੇ ਪੰਜਾਂ ਤੱਤਾਂ ਦਾ ਹੀ ਵਿਸਥਾਰ ਹੋ ਕੇ ਇੱਕ ਆਕਾਰ ਸਾਕਾਰ ਹੋਇਆ ਹੈ।
ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ॥
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥1॥
ਨਉ ਘਰੁ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ 2 ॥ (ਪੰਨਾ 1036)
ਮੂਲ ਪਛਾਨਣ ਲਈ ਸਭ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੇ ਕਿ ਸਰੀਰ ਹੋਂਦ ਵਿੱਚ ਆਇਆ ਕਿਵੇਂ?
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥
(ਸਿਰੀ ਰਾਗ ਮਹਲਾ 1 ਪੰਨਾ 63)
ਭਾਵੇਂ ਸਰੀਰ ਪੰਜ ਤੱਤਾਂ ਦਾ ਅਤੇ ਰਕਤ ਤੇ ਬਿੰਦ ਦਾ ਬਣਿਆ ਹੋਇਆ ਪਰ ਉਹ ਪੈਦਾ ਵੀ ਉਸ ਦੇ ਹੁਕਮ ਅਨੁਸਾਰ, ਜੀਂਦਾ ਵੀ ਉਸਦੇ ਹੁਕਮ ਅਨੁਸਾਰ ਤੇ ਮਰਦਾ ਵੀ ਉਸ ਦੇ ਹੁਕਮ ਅਨੁਸਾਰ ਹੀ ਹੈ।
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥
ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ॥
(ਪਉੜੀ ਜੈਤਸਰੀ ਕੀ ਵਾਰ ਮਹਲਾ ੫ ਪੰਨਾ ੭੦੬)
ਗੁਰੂ ਸਾਹਿਬ ਜੀ ਵਾਰ ਵਾਰ ਕਹਿ ਰਹੇ ਹਨ ਕਿ ਐ ਬੰਦੇ ਤੇਰੀ ਹੋਂਦ ਮਾਂ ਅਤੇ ਪਿਤਾ ਦੁਆਰਾ ਹੀ ਉਤਪੰਨ ਹੋਈ ਹੈ ਜੋ ਉਤਪਤੀ ਦੇ ਸਾਧਨ ਹਨ:
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥
(ਮਾਰੂ ਮਹਲਾ ੧ ਪੰਨਾ ੧੦੧੩)
ਇਸ ਵਿਚਾਰ ਦਾ ਵਿਸਥਾਰ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ
ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ਮੂਰਤਿ ਸੂਰਤਿ ਕਰਿ ਆਪਾਰਾ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥ 4. ।
(ਰਾਗ ਮਾਰੂ ਮਹਲਾ ੧ ਪੰਨਾ ੧੦੨੨)
ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥
(ਮਾਰੂ ਮਹਲਾ ੧ ਪੰਨਾ ੧੦੨੬)
ਪਰਮਾਤਮਾ ਦੇ ਹੁਕਮ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ । ਮਾਂ ਦੀ ਰਕਤ ਤੇ ਪਿਤਾ ਦੇ ਬਿੰਦ ਵਿੱਚ ਜਿਉਂਦੀ ਹਰਕਤ ਹੀ ਨਵਾਂ ਸਰੀਰ ਪੈਦਾ ਕਰ ਸਕਦੀ ਹੈ, ਜੇਹਾ ਕਿ ਫੁਰਮਾਨ ਹੈ।
ਗਰਭ ਅਗਨਿ ਮਹਿ ਜਿਨਹਿ ਉਬਾਰਿਆ॥
ਰਕਤ ਕਿਰਮ ਮਹਿ ਨਹੀ ਸੰਘਾਰਿਆ॥
(ਮਾਰੂ ਮਹਲਾ ੫ ਪੰਨਾ ੧੦੨੬)
ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿੱਚ ਬਚਾਈ ਰੱਖਿਆ, ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿੱਚ (ਜੀਵ ਨੂੰ) ਮਰਨ ਨਾਂਹ ਦਿੱਤਾ ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ ।
ਪਰਮਾਤਮਾ ਨੇ ਆਪਣਾ ਆਪਾ ਆਪ ਹੀ ਸਾਜਿਆ ਹੈ ਤੇ ਆਪ ਹੀ ਸਾਰੇ ਜਗਤ ਵਿੱਚ ਵਿੱਚ ਬੈਠਾ ਹੈ। ਜੀਵਾਂ ਦੇ ਵਿਚਰਣ ਨੱਚਣ ਖੇਡਣ ਲਈ ਸਾਰੀ ਧਰਤੀ ਇੱਕ ਅਖਾੜਾ ਬਣਾ ਦਿਤਾ ਤੇ ਜਿਸ ਉੱਪਰ ਇੱਕ ਅਕਾਸ਼ ਦਾ ਚੰਦੋਆ ਤਾਣ ਦਿਤਾ। ਜਿਹੜਾ ਸਰੀਰ ਇੱਕ ਪਾਣੀ ਦੀ ਬੂੰਦ ਤੋਂ ਬਣਿਆ ਹੋਇਆ ਹੈ ਇਸ ਨੂੰ ਚੱਲਦਾ ਰੱਖਣ ਲਈ ਸੁਆਸ ਭਰੇ ਹਨ ਪ੍ਰਾਣ ਦਿਤੇ ਹਨ। ਪਿਛੱਲੇ ਕੀਤੇ ਕਰਮ ਦੁਆਰਾ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ ਹੀ ਸਰੀਰ ਸੰਸਾਰ ਨੂੰ ਦੇਖਣ ਦੇ ਕਾਬਲ ਹੋਇਆ ਹੈ।
ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥
ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ॥
ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ॥
(ਰਾਮਕਲੀ ਮਹਲਾ ੫, ਪੰਨਾ ੮੮੪)
‘ਕਿਰਤ ਮਿਲਾਵਾ ਹੋਆ` ਜੀਵ ਦਾ ਪਿੱਛਲਾ ਕਰਮ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ, ਪਾਣੀ ਦੀ ਬੂੰਦ ਤੋਂ, ਪੰਜਾਂ ਤੱਤਾਂ ਦਾ ਵਜੂਦ ਹੋਂਦ ਵਿੱਚ ਆਉਣਾ ਤੇ ਸਵਾਸਾਂ ਦੀ ਪ੍ਰਕਿਰਿਆ ਦੁਆਰਾ ਸਰੀਰ ਦਾ ਢਾਂਚਾ ਖੜਾ ਹੋ ਗਿਆ। ਸਾਰੀ ਕਾਇਨਾਤ ਦਾ ਏਹੋ ਨਿਯਮ ਹੈ।
‘ਪੰਜ ਤੱਤ` ਪ੍ਰਿਥਵੀ, ਜਲ, ਅਗਨ, ਪਵਨ ਅਤੇ ਅਕਾਸ਼ ਇਕੱਠੇ ਹੋਣ ਤੋਂ ਸਰੀਰ ਦੀ ਬਣਤਰ ਬਣ ਗਈ। ਪੰਜਾਂ ਤੱਤਾਂ ਤੋਂ ਪੈਦਾ ਹੋਏ ਪੰਜਾਂ ਤੱਤਾਂ ਵਿੱਚ ਮਿਲ ਗਏ ਭਾਵ ਕਿ ਜ਼ਮੀਨ ਤੋਂ ਪੈਦਾ ਹੋਏ ਜ਼ਮੀਨ ਵਿੱਚ ਹੀ ਸਮਾਅ ਗਏ।
ਪੰਚ ਤਤੁ ਮਿਲਿ ਕਾਇਆ ਕੀਨੀੑ, ਤਤੁ ਕਹਾ ਤੇ ਕੀਨੁ ਰੇ॥
ਕਰਮ ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ॥
(ਰਾਗ ਗੋਂਡ ਬਾਣੀ ਕਬੀਰ ਜੀ ਕੀ ਪੰਨਾ ੮੭੦)
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥
(ਸਲੋਕ ਮਹਲਾ ੯ ਪੰਨਾ ੧੪੨੭)
ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ । ਇਹ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ ‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ`। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਇਸ ਸਰੀਰ ਵਿੱਚ ਜੋਤ ਰੱਖੀ ਤਾਂ ਇਹ ਸੰਸਾਰ ਵਿੱਚ ਆਇਆ ਹੈ।
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥
ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥
(‘ਅਨੰਦ` ਰਾਮਕਲੀ ਮਹਲਾ ੩ ਪੰਨਾ ੯੨੨)
ਹੇ ਮੇਰੇ ਸਰੀਰ! ਤੇਰੀ ਹੋਂਦ ਓਦੋਂ ਹੀ ਸਾਕਾਰ ਹੋਈ ਜਦੋਂ ਤੇਰੇ ਸਰੀਰ ਵਿੱਚ ਜੋਤ ਨੂੰ ਟਿਕਾਇਆ ਗਿਆ। ਇਸ ਜੋਤ ਦੀ ਉਤਪਤੀ ਮਾਤਾ ਪਿਤਾ ਦੁਆਰਾ ਹੋਈ ਹੈ ਤੇ ਮਾਤਾ ਪਿਤਾ ਵਿੱਚ ਵੀ ਤੇਰੀ ਹੀ ਜੋਤ ਹੈ: ਸਰਬ ਜੋਤਿ ਤੇਰੀ ਪਸਰਿ ਰਹੀ॥ ਜਹ ਜਹ ਦੇਖਾ ਤਹ ਨਰਹਰੀ॥ ਇਹ ਜੋਤ ਸਾਰੇ ਸੰਸਾਰ ਵਿੱਚ ਇਕਸਾਰ ਵਿਚਰ ਰਹੀ ਹੈ। ‘ਹਰਿ ਤੁਮ ਮਹਿ ਜੋਤਿ (ਚੇਤੰਤਾ) ਰਖੀ` । ਸਾਰੀ ਸ਼੍ਰਿਸ਼ਟੀ ਦਾ ਮੂਲ ਪਰਮਾਤਮਾ ਦੀ ਜੋਤ ਹੈ।
ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ ਰਚਨਾ ਦਾ ਮੁੱਢ ਬੱਧਾ ਤੇਰੇ ਅੰਦਰ ਆਪਣੀ ਜੋਤ ਪਾਈ ਤਦੋਂ ਤੂੰ ਜਗਤ ਵਿੱਚ ਆਇਆ। ਹੇ ਮੇਰੇ ਸਰੀਰ! ਤੂੰ ਦੁਨੀਆਂ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ ਪਰ ਅਨੰਦ ਦਾ ਸੋਮਾ ਤਾਂ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ। ਤੂੰ ਜਗਤ ਵਿੱਚ ਆਇਆ ਹੀ ਓਦੋਂ ਜਦੋਂ ਹਰੀ ਨੇ ਜੋਤ ਤੇਰੇ ਵਿੱਚ ਰੱਖ ਦਿੱਤੀ। ਜਦੋਂ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਤਦੋਂ ਤੂੰ ਜੰਮਿਆ। ਜਿਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ, ਉਹ ਆਪ ਹੀ ਇਸ ਦਾ ਪਿਤਾ ਹੈ ਤੇ ਆਪ ਹੀ ਇਸ ਦੀ ਮਾਂ ਹੈ। ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁੱਖ ਦੇਂਦਾ ਹੈ। ਸੁੱਖ ਅਨੰਦ ਦਾ ਦਾਤਾ ਪ੍ਰਭੂ ਆਪ ਹੈ। ਪਰ ਜੀਵ ਜਗਤ ਦੇ ਮਾਇਕ ਪਦਾਰਥਾਂ ਵਿਚੋਂ ਅਨੰਦ ਲੱਭਣ ਦੇ ਯਤਨ ਵਿੱਚ ਹੈ। ਜਦੋਂ ਗੁਰ-ਗਿਆਨ ਦੁਆਰਾ ਜੀਵ ਨੂੰ ਸੋਝੀ ਆਉਂਦੀ ਹੈ ਤਾਂ ਫਿਰ ਉਹ ਜਗਤ ਨੂੰ ਮਦਾਰੀ ਦਾ ਇੱਕ ਤਮਾਸ਼ਾ ਹੀ ਦੇਖਦਾ ਹੈ ਤੇ ਸਮਝਦਾ ਹੈ ਕਿ ਇਹ ਸਦਾ ਰਹਿਣ ਵਾਲਾ ਸੁੱਖ ਨਹੀਂ ਹੈ।
ਆਖਰ ਜਿਨ੍ਹਾਂ ਤੱਤਾਂ ਤੋਂ ਪੁਰਸ਼ ਜੱਗ ਵਿੱਚ ਆਇਆ ਉਨ੍ਹਾਂ ਤੱਤਾਂ ਵਿੱਚ ਹੀ ਆਖਰ ਨੂੰ ਵਿਲੀਨ ਹੁੰਦਾ ਹੈ।
ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥
ਜੋਤੀ ਮਹਿ ਜੋਤਿ ਰਲਿ ਜਾਇਆ॥ (ਮ ੫: ੮੮੫: ੧੨)
ਇਹ ਸਾਰੀ ਰਚਨਾ ਹੀ ਪਾਣੀ ਤੇ ਬੁਦਬੁਦੇ ਵਾਂਗ ਹੈ ਜੋ ਬਣਦੀ ਢਹਿੰਦੀ ਰਹਿੰਦੀ ਹੈ
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥
(ਸਲੋਕ ਮਹਲਾ ੯ ਪੰਨਾ ੧੪੨੭)
ਜ਼ਰੇ ਜ਼ਰੇ ਵਿੱਚ ਉਸ ਦੀ ਜੋਤ ਕੰਮ ਕਰ ਰਹੀ ਹੈ
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥
(ਸਲੋਕ ਮਹਲਾ ੯ ਪੰਨਾ ੧੪੨੭0
ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ:
ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿੱਚ ਵਣਾ॥
ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ॥
(ਮਾਝ ਮਹਲਾ ੫, ਪੰਨਾ ੧੩੩)
ਗੁਰੂ ਸਾਹਿਬ ਜੀ ਨੇ ਸੌਖੇ ਤਰੀਕੇ ਨਾਲ ਸਮਝਾ ਦਿੱਤਾ ਹੈ ਕਿ ਹਵਾ ਪਾਣੀ ਦੇ ਸੁਮੇਲ ਦੁਆਰਾ ਸੰਸਾਰ ਹੋਂਦ ਵਿੱਚ ਆਇਆ ਹੈ ਤੇ ਏਸੇ ਹੋਂਦ ਵਿਚੋਂ ਹੀ ਜੀਵ ਦੀ ਹੋਂਦ ਸਾਕਾਰ ਹੋਈ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਸਿਰੀ ਰਾਗ ਮਹਲਾ ੧ ਪੰਨਾ ੧੯)
ਪਰਮਾਤਮਾ ਦੀ ਦਰਗਾਹ ਹਰ ਮਨੁੱਖ ਦੇ ਹਿਰਦੇ ਵਿੱਚ ਹੈ ਤੇ ਇਹ ਧਰਤੀ ਦੇ ਹਰ ਜ਼ਰੇ ਜ਼ਰੇ ਵਿੱਚ ਹੈ
ਸਰੀਰ ਦਾ ਮਕਸਦ ਕੀ ਹੈ?
ਸਰੀਰ ਨੂੰ ਦੋ ਹਿਸਿਆ ਵਿੱਚ ਵੰਡਿਆ ਜਾ ਸਕਦਾ ਹੈ ਭੌਤਕ ਤੇ ਸੂਖਮ ਸਰੀਰ। ਭੌਤਕ ਸਰੀਰ ਸੂਖਮ ਸਰੀਰ ਦੇ ਹਿਸਿਆਂ ਪ੍ਰਾਣ, ਮਨ ਤੇ ਆਤਮਾ ਦਾ ਬਾਹਰੀ ਕਵਚ ਹੈ। ਇਸ ਤਰ੍ਹਾਂ ਪੰਜ-ਭੌਤਿਕ ਸਰੀਰ ਦੇ ਅੰਦਰ ਹਨ ਪ੍ਰਾਣ, ਮਨ ਤੇ ਆਤਮਾ ਜਿਨ੍ਹਾਂ ਦੀ ਇਹ ਰਖਿਆ ਕਰਦਾ ਹੈ।
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥ 35 ॥
ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ 38 ॥
(ਮ: 3, ਪੰਨਾ 921-922)
ਸੂਖਮ ਸਰੀਰ ਦੇ ਕੀ ਕੀ ਹਿੱਸੇ ਹਨ? ਹਰ ਹਿੱਸਾ ਕਿੱਥੇ ਸਥਾਪਤ ਹੈ? ਸੂਖਮ ਸਰੀਰ ਦਾ ਕਰਤਵ ਤੇ ਮਹਤੱਵ ਕੀ ਹੈ?
ਜਵੇਂ ਕਿ ਪਹਿਲਾਂ ਦਸਿਆ ਹੈ ਸੂਖਮ ਸਰੀਰ ਦੇ ਹਿੱਸੇ ਆਤਮਾ, ਮਨ ਤੇ ਪ੍ਰਾਣ ਹਨ।
ਦੇਹੀ ਅੰਦਰਿ ਵਸਤੁ ਅਪਾਰਾ (3: 1056: 16)
ਪ੍ਰਾਣ, ਮਨ ਤੇ ਆਤਮਾ ਹੀ ਇਸ ਦੇਹੀ ਅੰਦਰ ਅਪਾਰ ਵਸਤਾਂ ਹਨ।
ਕਾਇਆ ਨਗਰੁ ਨਗਰ ਗੜ ਅੰਦਰਿ।। ਸਾਚਾ ਵਾਸਾ ਪੁਰਿ ਗਗਨੰਦਰਿ।।
ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ।। ੧ ।।
ਅੰਦਰਿ ਕੋਟ ਛਜੇ ਹਟਨਾਲੇ।। ਆਪੇ ਲੇਵੈ ਵਸਤੁ ਸਮਾਲੇ।।
ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ।। ੨ ।।
ਭੀਤਰਿ ਕੋਟ ਗੁਫਾ ਘਰ ਜਾਈ।। ਨਉ ਘਰ ਥਾਪੇ ਹੁਕਮਿ ਰਜਾਈ।।
ਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ।। ੩ ।।
ਪਉਣ ਪਾਣੀ ਅਗਨੀ ਇੱਕ ਵਾਸਾ।। ਆਪੇ ਕੀਤੋ ਖੇਲੁ ਤਮਾਸਾ।।
ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ।। ੪ ।।
ਧਰਤਿ ਉਪਾਇ ਧਰੀ ਧਰਮ ਸਾਲਾ।। ਉਤਪਤਿ ਪਰਲਉ ਆਪਿ ਨਿਰਾਲਾ।।
ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ।। ੫ ।।
(ਮ ੧: ਪੰਨਾ ੧੦੩੩-੧੦੩੪)
ਪ੍ਰਾਣ
ਪ੍ਰਾਣਾਂ ਸਦਕਾ ਜੀਵ ਪ੍ਰਾਣੀ ਅਖਵਾਉਂਦਾ ਹੈ। ਪ੍ਰਾਣ ਸਰੀਰ ਦੀ ਉਹ ਊਰਜਾ ਹੈ ਜੋ ਭੌਤਕ ਸਰੀਰ ਨੂੰ ਕਿਰਿਆ ਯੋਗ ਬਣਾਉਂਦੀ ਹੈ। ਸ਼ਕਤੀ, ਊਰਜਾ, ਆਸ਼ਾ, ਇੱਛਾ, ਚਾਹਨਾ, ਭਾਵਨਾਵਾਂ ਸਭ ਪ੍ਰਾਣਾਂ ਜਾਂ ਸਾਹਾਂ ਨਾਲ ਜੁੜੀਆਂ ਹੋਈਆਂ ਹਨ। ਜੇ ਸਾਹ ਚਲੇ ਜਾਣ ਤਾਂ ਇਹ ਸਭ ਖਤਮ ਹੋ ਜਾਂਦੇ ਹਨ, ਸਾਹ ਜਾਣ ਨੂੰ ਹੀ ਪ੍ਰਾਣ ਪੰਖੇਰੂ ਉਡ ਜਾਣ ਦੀ ਸੰਗਿਆ ਦਿਤੀ ਜਾਦੀ ਹੈ। ਸਾਹ-ਨਾੜੀਆਂ ਵਿੱਚ ਵਗਦਾ ਵਹਾ ਵੀ ਪ੍ਰਾਣਾਂ ਨਾਲ ਹੀ ਜੁੜਿਆ ਹੈ ਤੇ ਇਨ੍ਹਾਂ ਨਾੜੀਆਂ ਦੀ ਕਿਰਿਆ ਪ੍ਰਾਣਾਂ ਦੇ ਵਹਾ ਨਾਲ ਹੀ ਜੁੜੀ ਹੈ। ਨਾੜੀਆਂ ਬੰਦ ਹੋ ਜਾਣ ਜਾਂ ਮਰ ਜਾਣ ਤਾਂ ਸਭ ਸੋਚਾਂ ਖਤਮ ਹੋ ਜਾਂਦੀਆਂ ਹਨ, ਸਭ ਖਿਆਲ ਖਤਮ ਹੋ ਜਾਂਦੇ ਹਨ, ਸਭ ਮਹਿਸੂਸਣਾਂ ਬੰਦ ਹੋ ਜਾਦਾ ਹੈ ਜਿਵੇਂ ਲਕਵੇ ਮਾਰੇ ਮਨੁਖ ਦੇ ਕੁੱਝ ਅੰਗ ਹਿਲਣੋਂ ਹਟ ਜਾਦੇ ਹਨ। ਪ੍ਰਾਣ ਇਸ ਲਈ ਮਾਨਵੀ-ਹੋਂਦ, ਮਾਨਵੀ ਸੋਚ, ਵਿਚਾਰ, ਭਾਵਨਾ, ਇਛਾ, ਆਸ਼ਾ ਲਈ ਸਭ ਤੋਂ ਜ਼ਰੂਰੀ ਹਨ। ਪ੍ਰਾਣਮਯ ਕੋਸ਼ ਇਸ ਲਈ ਸਰੀਰ ਦਾ ਬਹੁਤ ਮਹਤਵਪੂਰਣ ਹਿਸਾ ਹੈ।
(ੳ) ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ।। (ਆਸਾ ਮ: ੫, ੪੦੫: ੧੧
ਅ) ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ।। (ਜੈਤ ੫, ੭੦੦: ੧੩)
ਪ੍ਰਾਣਾਂ ਦਾ ਆਧਾਰ ਪ੍ਰਮਾਤਮਾ ਹੈ।
(ੳ) ਨਾਰਾਇਣ ਪ੍ਰਾਣ ਅਧਾਰਾ ॥ (ਮ: 5 ਪੰਨਾ 623, ਸਤਰ 16)
(ਅ) ਜੀਅ ਪਿੰਡ ਕੇ ਪ੍ਰਾਨ ਅਧਾਰੇ।। (ਆਸਾ ਮ: ੫, ੩੯੫: ੮)
ਪ੍ਰਾਣ, ਮਨ, ਤਨ, ਜੀਅ ਸਭ ਅਗਮ-ਅਪਾਰ ਦਾਤੇ ਦੀ ਹੀ ਦੇਣ ਹਨ।
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥ (ਮ: 5 ਪੰਨਾ 249, ਸਤਰ 4)
ਇਸ ਜਿੰਦੜੀ, ਵਿੱਚ ਜੀਅ, ਪ੍ਰਾਣ, ਤਨ, ਧਨ ਪ੍ਰਮਾਤਮਾ ਨੇ ਅਪਣੀ ਕ੍ਰਿਪਾ ਕਰਕੇ ਰੱਖੇ ਹੋਏ ਹਨ।
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ ਮ: 5, ਪੰਨਾ 46, ਸਤਰ 16
ਜਿਸ ਪ੍ਰਮਾਤਮਾ ਨੇ ਜੀਅ ਪ੍ਰਾਣ ਸਾਜੇ ਹਨ ਉਸੇ ਨੇ ਹੀ ਇਸ ਮਿਟੀ ਸਰੀਰ ਵਿੱਚ ਜੋਤ ਰੂਪੀ ਆਤਮਾ ਨੂ ਵੀ ਸਥਾਪਤ ਕੀਤਾ ਹੋਇਆ ਹੈ।
ਜੀਅ ਪ੍ਰਾਨ ਕੀਏ ਜਿਨਿ ਸਾਜਿ।। ਮਾਟੀ ਮਹਿ ਜੋਤਿ ਰਖੀ ਨਿਵਾਜਿ।। (ਗੌਂਡ ੫, ੮੬੨: ੧੫)
ਸਰੀਰ ਵਿੱਚ ਜੀਅ ਪ੍ਰਾਣ ਪਾਕੇ ਤੇ ਜੋਤ ਰੱਖ ਕੇ ਪ੍ਰਮਾਤਮਾ ਆਪ ਜੀਅ ਤੇ ਪ੍ਰਾਣਾਂ ਵਿੱਚ ਰਵ ਰਿਹਾ ਹੈ, ਵਸ ਰਿਹਾ ਹੈ।
ਜੀਅ ਪ੍ਰਾਣ ਮਹਿ ਰਵਿ ਰਹੇ।। (ਬਸੰਤ ੫, ੧੧੮੧: ੧੫)
ਉਸੇ ਪਰਮਾਤਮਾ ਦੇ ਨਿਤ ਦਰਸ਼ਨਾਂ ਲਈ ਹੀ ਪ੍ਰਾਣੀ ਨੂੰ ਪ੍ਰਾਣਾਂ ਤੇ ਆਧਾਰਿਤ ਜੀਵਨ ਦਾ ਧਨ ਪ੍ਰਾਪਤ ਹੋਇਆ ਹੈ। ਮਨ ਤੋਂ ਵਾਧਾ-ਘਾਟਾ ਤਾਂ ਹੁੰਦਾ ਹੀ ਰਹਿੰਦਾ ਹੈ ਇਸੇ ਲਈ ਹਰੀ ਨਾਲ ਪ੍ਰੀਤ ਲਾਈ ਹੈ।
ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥
ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥ (ਟੋਡੀ 5, 716: 5)
ਇਸ ਲਈ ਇਕੋ ਦਾ ਹੀ ਆਸਰਾ ਲੀਤਾ ਹੈ ਤੇ ਉਹੀ ਮੇਰੇ ਪ੍ਰਾਣਾਂ ਦਾ ਆਧਾਰ ਹੈ।
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ ਮ: 5, ਪੰਨਾ 45, ਸਤਰ 7,
ਮੇਰੇ ਜੀਅ, ਪ੍ਰਾਣਾਂ ਤੇ ਮਨ ਵਿੱਚ ਹਮੇਸ਼ਾ ਸੱਚਾ ਪ੍ਰਮਾਤਮਾ ਵਸਦਾ ਰਹੇ। ਉਸੇ ਦਾ ਨਾਮ ਮੇਰਾ ਆਸਰਾ ਰਹੇ ਜੋ ਮੇਰੇ ਪ੍ਰਾਣ, ਮਨ, ਤਨ ਤੇ ਹਿਰਦੇ ਦਾ ਆਧਾਰ ਹੈ।
(ੳ) ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ਮ: 5, ਪੰਨਾ 47, ਸਤਰ 19,
(ਅ) ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥ (ਸਿਰੀ 5, 56: 7)
ਆਤਮਾ
ਆਤਮਾ: ਜੀਵਆਤਮਾ, ਰੂਹ, ਪ੍ਰਾਣੀਆਂ ਵਿੱਚ ਉਹ ਤੱਤ ਹੈ ਜੋ ਉਸ ਦੇ ਜੀਵਨ ਦੀ ਰਾਹਨੁਮਾ ਹੁੰਦੀ ਹੈ। ਆਤਮਾ, ਜੋਤ ਸਭ ਤੋਂ ਪ੍ਰਮੁੱਖ ਹੈ ਜੋ ਪ੍ਰਮਾਤਮਾ ਨੇ ਸਰੀਰ ਵਿੱਚ ਆਪ ਰੱਖੀ ਹੈ।
“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥33॥
(ਮ 3, ਪੰਨਾ 220)
ਜੇ ਜੋਤ ਸਰੀਰ ਵਿੱਚ ਨਾ ਰੱਖੀ ਹੁੰਦੀ ਤਾਂ ਸਰੀਰ ਜਗਤ ਵਿੱਚ ਆਇਆ ਹੀ ਨਾ ਹੁੰਦਾ। ਇਹ ਸਰੀਰ ਉਤਨਾ ਚਿਰ ਹੀ ਜਗਤ ਵਿੱਚ ਰਹੇਗਾ ਜਿਤਨਾ ਵਿੱਚ ਆਤਮਾ-ਜੋਤ ਸਰੀਰ ਵਿੱਚ ਹੈ। ਇਸ ਲਈ ਇਹ ਜੋਤ ਹੀ ਸਰੀਰ ਦਾ ਸਭ ਤੋਂ ਮਹਤਵ ਪੂਰਨ ਅੰਸ਼ ਹੈ। ਇਸ ਜੋਤ ਦੇ ਸਰੋਤ ਨੂੰ ਪਾਉਣਾ ਅਤੇ ਉਸ ਵਿੱਚ ਸਮਾਉਣਾ ਹੀ ਸੂਖਮ-ਸਰੀਰ ਦਾ ਮੁੱਖ ਮਕਸਦ ਹੈ ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਰਚਣਹਾਰੇ-ਪਾਲਣਹਾਰੇ-ਮੇਟਣਹਾਰੇ ਪਰਮਪਿਤਾ ਪਰਮਾਤਮਾ ਦੀ ਨਦਰ ਹੋਵੇਗੀ, ਮਿਹਰ ਹੋਵੇਗੀ।
ਹਿੰਦੂ ਮਤ ਵਿੱਚ ਆਤਮਾ ਦਾ ਵਿਸਥਾਰ ਵੱਖ ਵੱਖ ਢੰਗ ਨਾਲ ਕੀਤਾ ਗਿਆ ਹੈ ਜਿਸ ਦਾ ਸਾਰ ਅੱਗੇ ਹੈ। ਸਵਾਮੀ ਵਿਵੇਕਾਨੰਦ ਅਨੁਸਾਰ ਆਤਮਾ ਜੀਵ ਦੀ ਜ਼ਿੰਦਗੀ ਦੀ ਅਸਲ ਰਾਹਨੁਮਾ ਹੈ। ਇਹ ਇਨਸਾਨ ਦਾ ਅੰਦਰ ਹੈ ਜਿਸ ਨੂੰ ਸੱਚ ਤੇ ਝੂਠ ਪਛਾਨਣ ਦਾ ਗਿਆਨ ਹੈ। ਅਪਣੀ ਹਉਮੈਂ, ਅੜੀਅਲਪਣ ਤੇ ਅਗਿਆਨ ਸਦਕਾ ਮਾਨਵ ਸੱਚ ਨੂੰ ਨਕਾਰਦਾ ਹੈ ਤੇ ਝੂਠ ਵਲ ਉਲਰਦਾ ਹੈ (ਸਤਿਆਰਥ ਪ੍ਰਕਾਸ਼)। ਇਹ ਆਤਮਾ ਹੀ ਹੈ ਜੋ ਇੱਕ ਜੀਵ ਨੂੰ ਦੂਸਰੇ ਜੀਵ ਤੋਂ ਵੱਖ ਕਰਦੀ ਹੈ। ਠੀਕ, ਸੱਚਾ ਤੇ ਪਵਿਤਰ ਮਾਰਗ ਸਿਰਫ ਜਾਗ੍ਰਿਤ ਜੀਵਆਤਮਾ ਨੂੰ ਹੀ ਗਿਆਤ ਹੁੰਦਾ ਹੈ ਜੋ ਆਪੇ ਦੀ ਪਛਾਣ ਕਰ ਲੈਂਦੀ ਹੈ ਤੇ ਉਹ ਚੰਗੇ ਬੁਰੇ ਦੀ ਸਹੀ ਪਛਾਣ ਕਰ ਸਕਦੀ ਹੈ। ਜਿਨ੍ਹਾਂ ਨੇ ਆਤਮਾ ਦੀ ਅਥਾਹ ਸਿਰਜਣ ਸ਼ਕਤੀ ਨੂੰ ਸਮਝ ਲਿਆ ਉਨ੍ਹਾਂ ਨੇ ਸਮੁਚੇ ਸਮਾਜਿਕ ਜੀਵਨ ਵਿੱਚ ਪਿਆਰ, ਸਦਭਾਵਨਾ ਤੇ ਏਕਤਾ ਦੀਆ ਸੂਖਮ ਤਰੰਗਾਂ ਛੇੜ ਦਿਤੀਆਂ। (ਅਥਰਵ ਵੇਦ X-੮-੮) ਉਨ੍ਹਾਂ ਦੇ ਦਗ ਦਗ ਚਿਹਰੇ ਦੂਸਰੇ ਹਾਜ਼ਿਰ ਸਜਣਾਂ ਤੇ ਅਨੂਠਾ ਪ੍ਰਭਾਵ ਛੱਡ ਜਾਂਦੇ ਹਨ। ਛੰਦੋਗਯਾ ਉਪਨਿਸ਼ਦ ਅਨੁਸਾਰ ਆਤਮਾਸਿਰਜਣ-ਸ਼ਕਤੀ ਹੈ ਜੋ ਸਾਰੇ ਵਿਸ਼ਵ ਨੂੰ ਚਲਾਉਂਦੀ ਹੈ। ਰਿਗ ਵੇਦ (੧-੭੦-੨, ੧-੬੫-੧) ਤੇ ਹਿੰਦੂ ਮੱਤ ਦੇ ਦੂਸਰੇ ਗ੍ਰੰਥ ਕਿ ਪ੍ਰਮਾਤਮਾ ਸਾਡੀਆਂ ਆਤਮਾ ਦਾ ਹਿਸਾ ਹੋ ਕੇ ਸਾਡਾ ਗੁਰੂ ਜਾਂ ਮਾਰਗ-ਦਰਸ਼ਕ ਬਣਦਾ ਹੈ। ਗੁ (ਹਨੇਰਾ) ਰੂ (ਹਟਾਉਣ ਵਾਲਾ) ਜੋ ਅੰਦਰ ਤੇ ਬਾਹਰ ਦਾ ਹਨੇਰਾ ਦੂਰ ਕਰਨ ਵਾਲਾ ਹੈ। ਜੀਵਆਤਮਾ ਅਮਰ ਹੈ। ਜੀਵ ਦੀਆਂ ਭੂਤ ਤੇ ਵਰਤਮਾਨ ਕਰਮਾਂ (ਸੋਚਾਂ, ਕਰਮਾਂ ਤੇ ਕਿਰਿਆਵਾਂ) ਅਨੁਸਾਰ ਗੁਸੈਲ, ਸ਼ਾਂਤ, ਭਿਆਨਕ, ਨਿਡਰ, ਅਣਜਾਣ, ਗਿਆਨੀ, ਸਖਤ, ਬੇਦਿਲ, ਸਹਿਣਸ਼ੀਲ਼, ਅਸਹਿਣਸ਼ੀਲ, ਭਾਵਨਾਤਮਕ, ਸੰਕੋਚੀ ਜਾਂ ਇੱਕਲ-ਪਸੰਦ ਹੋ ਜਾਂਦਾ ਹੈ (ਯਜੁਰਵੇਦ ੩੯-੭). ਇਸ ਲਈ ਸਥਾਪਿਤ ਆਤਮਾ ਦੇ ਲੱਛਣ ਹਰ ਜੀਵ ਵਿੱਚ ਵੱਖਰ ਵੱਖਰੇ ਹੁੰਦੇ ਹਨ। ਸਥਾਪਿਤ ਆਤਮਾ ਦੀ ਸ਼ੁਧਤਾ, ਬੁਰੇ, ਭਰਿਸ਼ਟ ਤੇ ਗੰਦੇ ਕਰਮ, ਖਿਆਲ ਅਤੇ ਇਛਾਵਾਂ ਤੋਂ ਆਜ਼ਾਦੀ ਉਸ ਨੂੰ ਫਿਲਾਸਫਰ, ਗੁਰੂ ਜਾਂ ਚੰਗੇ ਦੋਸਤ ਦਾ ਦਰਜਾ ਦਿਵਾਉਂਦੀ ਹੈ।
ਸਥਾਪਿਤ ਆਤਮਾ ਦੇ ਲੱਛਣਾਂ ਤੇ ਆਧਾਰਿਤ ਯਜੁਰ ਵੇਦ ਵਿੱਚ (੩੯ ਵਾਂ ਅਧਿਆਇ) ਸਮਰਾਟ, ਤੇਜ, ਵਾਕ ਅਗਨੇਅ, ਪਰਜਾਪਤੀ ਆਦਿ ਨਾਮ ਦਿਤੇ ਗਏ ਹਨ। ਭਗਵਤ ਗੀਤਾ ਵਿੱਚ (ਭਗਵਤ ਗੀਤਾ ੩-੪੨, ੧੪-੧੧) ਇਸ ਨੂੰ ਤਵਸਥ (ਸੂਖਮ ਆਤਮਾ), ਆਤਮਾ, ਜੀਵਆਤਮਾ, ਸਾਹ, ਦੇਹ, ਸ਼ਰੀਰੀਂ, ਸ਼ਰੀਰੀ ਦੇ ਨਾਮ ਦਿਤੇ ਗਏ ਹਨ ਜਿਸ ਦਾ ਆਮ ਭਾਵ ਇਸ ਨੂੰ ਸਰੀਰ ਦਾ ਮਾਲਿਕ ਦਰਸਾਉਣਾ ਹੈ।
ਮਾਰਕੰਡੇ ਉਪਨਿਸ਼ਦ ਅਨੁਸਾਰ ਆਤਮਾ ਚਾਰ ਅਵਸਥਾਵਾਂ ਵਿੱਚ ਦੱਸੀ ਜਾਂਦੀ ਹੇ: ਜਾਗ੍ਰਿਤ ਅਵਸਥਾ, ਸੁਪਨ ਅਵਸਥਾ, ਗਹਿਰੀ-ਨੀਂਦ ਅਵਸਥਾ, ਮਹਾਂਚੇਤਨ ਅਵਸਥਾ
ਜਾਗ੍ਰਿਤ ਅਵਸਥਾ: ਇਸ ਅਵਸਥਾ ਵਿੱਚ ਆਤਮਾ ਨੂੰ ਬਾਹਰੀ ਵਸਤਾਂ ਦਾ ਪ੍ਰਗਟ ਹੁੰਦਾ ਹੈ ਤੇ ਬਾਹਰੀ ਵਸਤਾਂ ਨਾਲ ਜੁੜੇ ਅਨੁਭਵਾਂ ਨੂੰ ਪੰਜ ਗਿਆਨ ਇੰਦਰੀਆਂ, ਪੰਜ ਸਰੀਰਿਕ ਇੰਦਰੀਆਂ ਤੇ ਪੰਜ ਸੂਖਮ ਤੱਤਾਂ ਮਨ, ਬੁੱਧੀ, ਅਹੰਕਾਰ ਤੇ ਚਿੱਤ ਸਦਕਾ ਮਾਣਦੀ ਹੈ।
ਸੁਪਨ ਅਵਸਥਾ: ਦੂਸਰੀ ਅਵਸਥਾ ਸੁਪਨ ਅਵਸਥਾ ਹੈ ਜਿਸ ਵਿੱਚ ਆਤਮਾ ਅੰਦਰੂਨੀ ਵਿਵਸਥਾ ਤੋਂ ਚੇਤੰਨ ਹੁੰਦੀ ਹੈ ਤੇ ਸੂਖਮ ਸਥਿਤੀਆਂ ਦਾ ਪ੍ਰਭਾਵ ਜਾਗ੍ਰਿ੍ਰਤ ਅਰਧਚੇਤਨਾ ਅਵਸਥਾ ਵਿੱਚ ਘਿਰੇ ਮਨ (ਮਾਣਸ) ਤੇ ਮਾਣਦੀ ਹੈ ਤੇ ਬਾਹਰੀ ਇੰਦਰਿਆ ਦੀ ਅਵਿਦਿਆ, ਕਰਮ-ਬੰਧਨ ਤੇ ਕਰਮਾਂ ਦੇ ਗੁਣ-ਔਗੁਣਾਂ ਤੋਂ ਪ੍ਰਭਾਵਤ ਹੋਈ ਹੁੰਦੀ ਹੈ। ਇਸ ਨੂੰ ਤੇਜਸ ਵੀ ਕਿਹਾ ਜਾਂਦਾ ਹੈ।
ਗਹਿਰੀ ਨੀਂਦ ਅਵਸਥਾ: ਇੱਥੇ ਆਤਮਾ ਹਰ ਇੱਛਾ ਤੋਂ, ਹਰ ਸੁਪਨੇ ਤੋਂ ਦੂਰ ਹੁੰਦੀ ਹੈ। ਅਪਣੇ ਆਪ ਤੇ ਹੀ ਕੇਂਦਰਿਤ ਆਤਮਾ ਚੇਤਨਾ ਤੇ ਆਨੰਦ ਨਾਲ ਓਤ ਪੋਤ ਹੁੰਦੀ ਹੈ। ਇਸ ਅਵਸਥਾ ਨੂੰ ਪਰਾਜਨ ਅਵਸਥਾ ਕਿਹਾ ਜਾਂਦਾ ਹੈ। ਇਸ ਅਵਸਥਾ ਵਿੱਚ ਦਿਮਾਗੀ ਜਾਗ ਅਤੇ ਸੁੰਨ-ਸੋਚ ਸਮਾਪਤ ਹੋ ਜਾਂਦੀ ਹੈ, ਅਪਣੇ-ਪਰਾਏ ਦਾ ਫਰਕ ਖਤਮ ਹੋ ਜਾਂਦਾ ਹੈ ਤੇ ਕੋਈ ਵੀ ਦਰਦ ਮਹਿਸੂਸ ਨਹੀਂ ਹੁੰਦਾ।
ਮਹਾਂਚੇਤਨ ਅਵਸਥਾ: ਇਸ ਅਵਸਥਾ ਵਿੱਚ ਆਤਮਾ ਵਿੱਚ ਨਾਂ ਤਾਂ ਬਾਹਰੀ ਤੇ ਨਾਂ ਹੀ ਅੰਦਰੂਨੀ ਵਸਤਾਂ ਤੇ ਪ੍ਰਭਾਵਾਂ ਦੀ ਚੇਤਨਤਾ ਹੁੰਦੀ ਹੈ ਤੇ ਨਾਂ ਹੀ ਚੇਤਨਤਾ ਦਾ ਕੋਈ ਭਰਵਾਂ ਅਸਰ ਚੇਤਨਤਾ ਜਾਂ ਅਚੇਤਨਤਾ ਨੂੰ ਪਾਰ ਕਰ ਸਕਦਾ ਹੈ। ਇਹ ਅਵਸਥਾ ਵਿਚਾਰ, ਸੋਚ, ਬਿਆਨ, ਪ੍ਰਭਾਸ਼ਾ ਤੋਂ ਪਰੇ ਹੈ ਤੇ ਅਪਣੇ ਆਪ ਵਿੱਚ ਸਿਖਰ ਤੇ ਪਹੁੰਚੀ ਹੁੰਦੀ ਹੈ ਜਿੱਥੇ ਸਭ ਉਤਮ, ਖਰਾ, ਸ਼ਾਂਤ ਤੇ ਸੁਚੱਜਾ ਹੁੰਦਾ ਹੈ ਤੇ ਆਤਮਾ ਤੁਰੀਆ ਪਦ ਪ੍ਰਾਪਤ ਕਰਦੀ ਹੈ।
ਬ੍ਰਹਮੋਪਨਿਸ਼ਦ ਅਨੁਸਾਰ ਆਤਮਾ ਪਹਿਲੀ ਅਵਸਥਾ ਵਿੱਚ ਅੱਖਾਂ ਵਿਚ, ਦੂਜੀ ਅਵਸਥਾ ਵਿੱਚ ਗਲੇ ਵਿਚ, ਤੀਜੀ ਅਵਸਥਾ ਵਿੱਚ ਦਿਲ ਵਿਚ, ਤੇ ਚੌਥੀ ਅਵਸਥਾ ਵਿੱਚ ਦਿਮਾਗ ਵਿੱਚ ਹੁੰਦੀ ਹੈ।
ਤੁਰੀਆਤਤੀਯ ੳਪਨਿਸ਼ਦ ਵਿੱਚ ਆਤਮਾ ਦੀ ਤੁਰੀਆਪਦ ਪ੍ਰਾਪਤੀ ਦਾ ਵਿਸਥਾਰ ਦਿਤਾ ਗਿਆ ਹੈ ਜਿੱਥੇ ਨਿਰੋਲ ਰੱਬੀ ਚੇਤਨਤਾ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮਬਿੰਦੂ ਉਪਨਿਸ਼ਦ ਉਨਮਨਭਾਵ ਅਵਸਥਾ ਨੂੰ ਸਭ ਤੋਂ ਉਤਮ ਮੰਨਦਾ ਹੈ ਜਦ ਦਿਲ ਮਨ ਤੇ ਪੂਰੀ ਤਰ੍ਹਾਂ ਕਾਬੂ ਪਾ ਲੈਂਦਾ ਹੈ, ਮਾਇਆ ਨਾਲੋਂ ਮੋਹ ਭੰਗ ਹੋ ਜਾਂਦਾ ਹੈ ਤੇ ਧਿਆਨ ਪਰਮ ਪਿਤਾ ਪਰਮਾਤਮਾ ਨਾਲ ਸਦੀਵ ਜੁੜਿਆ ਰਹਿੰਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟਿ ਵਿੱਚ ਇਨ੍ਹਾਂ ਅਵਸਥਾਵਾਂ ਦਾ ਵਰਨਣ ਕੀਤਾ ਹੈ।
ਸਰੀਰ ਦਾ ਆਤਮਾ ਨਾਲ ਕੀ ਸਬੰਧ ਕੀ ਹੈ?
‘ਆਤਮ` ਦੇ ਅਰਥ ਦੇਹ ਅਤੇ ਸਰੀਰ ਵੀ ਬਣਦੇ ਹਨ।ਆਤਮਾ ਨੂੰ ਵੀ ਸਰੀਰ ਨਾਲ ਜੁੜੀ ਮੰਨਿਆਂ ਗਿਆ ਹੈ ਸਰੀਰ ਦਾ ਹੀ ਇੱਕ ਅੰਸ਼ ਮੰਨਿਆਂ ਹੈ:
ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ। (ਮ ੩: ਪੰਨਾ ੫੬੦: ੬)
ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁੱਖ ਹੋਵੇ।
ਮਨੁੱਖ, ਮਨੁੱਖੀ ਸਰੀਰ ਵਾਂਗ ਹੀ ‘ਆਤਮਾ` ਨੂੰ ਮੰਨਦਾ ਹੈ। ‘ਆਤਮੁ ਚੀਨਸਿ ਗੁਰ ਬੀਚਾਰਾ` ‘ਆਤਮੁ ਜੀਤਾ ਗੁਰਮਤੀ` (ਮ: 5, ਪੰਨਾ 299: 18) ਆਪਣੇ ਅੰਦਰ ਚੱਲ ਰਹੇ ਗੁਣਾਂ ਤਥਾ ਅਵਗੁਣਾਂ ਨੂੰ ਸਮਝਣਾ ਭਾਵ ਗੁਰੂ ਦੀ ਮਤ ਰਾਹੀ ਵਿਚਾਰਨਾ ਤਾਂ ਕਿ ਹਊਮੇ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।
ਆਤਮਾ ਪ੍ਰਮਾਤਮਾ ਦਾ ਅੰਸ਼ ਹੁੰਦੇ ਹੋਏ ਵੀ ਪ੍ਰਮਾਤਮਾ ਨਾਲੋਂ ਭਿੰਨਤਾ ਰੱਖਦੀ ਹੈ ਕਿਉਂਕਿ ਆਤਮਾ ਦਾ ਨਾਤਾ ਇੱਕ ਖਾਸ ਸਰੀਰ ਨਾਲ ਜੁੜ ਗਿਆ ਹੈ ਜਦਕਿ ਪਰਮਾਤਮਾ ਤਾਂ ਸਾਰੀ ਸ਼੍ਰਿਸ਼ਟੀ ਦਾ ਅਟੁਟ ਅੰਗ ਹੈ ਜਾਂ ਕਹਿ ਲਉ ਸਾਰੀ ਸ਼੍ਰਿਸ਼ਟੀ ਪਰਮਾਤਮਾ ਦਾ ਅੰਗ ਹੈ। ਮਾਇਆ ਨਾਲ ਉਲਝੀ ਦੇਹੀ ਤਾਂ ਭੁੱਖ-ਤੇਹ, ਦੁਖ-ਸੁੱਖ, ਚੰਗੇ-ਮਾੜੇ ਦੇ ਚੱਕਰਾਂ ਵਿੱਚ ਪਈ ਰਹਿੰਦੀ ਹੈ ਜਿਨ੍ਹਾਂ ਚੱਕਰਾਂ ਵਿਚੋਂ ਨਿਕਲਣ ਦਾ ਰਾਹ ਆਤਮਾ ਭਾਲ ਕੇ ਦੇਂਦੀ ਹੈ। ਸਰੀਰ ਦੀ ਸੋਚ, ਸੂਝ, ਸਮਝ, ਸ਼ਕਤੀ ਸਭ ਗਿਣੀਆਂ ਮਿਥੀਆਂ ਹੀ ਹਨ। ਇਸਦੀਆ ਸ਼ਕਤੀਆਂ ਇੱਕ ਹਦ ਤਕ ਹੀ ਵਧਦੀਆਂ ਹਨ ਤੇ ਫਿਰ ਘਟਣੀਆਂ ਸ਼ੁਰੁ ਹੋ ਜਾਂਦੀਆਂ ਹਨ। ਆਤਮਾ ਦੇ ਕਿਸੇ ਦੋਸ਼-ਗੁਣ ਬਿਨਾ ਸਰੀਰ ਖਾਕ ਦੀ ਢੇਰੀ ਹੈ ਕੋਈ ਉਸ ਨੂੰ ਦੁਆਨੀ ਬਰਾਬਰ ਨਹੀਂ ਜਾਣਦਾ। ਸਰੀਰ ਪ੍ਰਾਣਾਂ (ਐਨਰਜੀ) ਦਾ ਸੁਰਖਿਆ ਕਵਚ ਹੈ ਤੇ ਆਤਮਾ ਦਾ ਵਾਸਾ ਵੀ ਜਿਸ ਸਦਕਾ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਇਸ ਲਈ ਸਰੀਰ ਪ੍ਰਾਣਾਂ ਤੇ ਆਤਮਾ ਦਾ ਇੱਕ ਰਖਿਅਕ ਮੰਨਿਆਂ ਜਾ ਸਕਦਾ ਹੈ। ਪਰ ਸਰੀਰ ਦਾ ਹਰ ਕਾਰਜ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ:
ਉਨ ਕੈ ਸੰਗਿ ਤੂ ਕਰਤੀ ਕੇਲ।। ਉਨ ਕੈ ਸੰਗਿ ਹਮ ਤੁਮ ਸੰਗਿ ਮੇਲ।।
ਉਨੑ ਕੈ ਸੰਗਿ ਤੁਮ ਸਭੁ ਕੋਊ ਲੋਰੈ।। ਓਸੁ ਬਿਨਾ ਕੋਊ ਮੁਖੁ ਨਹੀ ਜੋਰੈ।। ੧ ।।
ਤੇ ਬੈਰਾਗੀ ਕਹਾ ਸਮਾਏ।। ਤਿਸੁ ਬਿਨੁ ਤੁਹੀ ਦੁਹੇਰੀ ਰੀ।। ੧ ।। ਰਹਾਉ।।
ਉਨੑ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ।। ਉਨੑ ਕੈ ਸੰਗਿ ਤੂ ਹੋਈ ਹੈ ਜਾਹਰਿ।।
ਉਨੑ ਕੈ ਸੰਗਿ ਤੂ ਰਖੀ ਪਪੋਲਿ।। ਓਸੁ ਬਿਨਾ ਤੂੰ ਛੁਟਕੀ ਰੋਲਿ।। ੨ ।।
ਉਨੑ ਕੈ ਸੰਗਿ ਤੇਰਾ ਮਾਨੁ ਮਹਤੁ।। ਉਨੑ ਕੈ ਸੰਗਿ ਤੁਮ ਸਾਕੁ ਜਗਤੁ।।
ਉਨੑ ਕੈ ਸੰਗਿ ਤੇਰੀ ਸਭ ਬਿਧਿ ਥਾਟੀ।। ਓਸੁ ਬਿਨਾ ਤੂੰ ਹੋਈ ਹੈ ਮਾਟੀ।। ੩ ।।
ਓਹੁ ਬੈਰਾਗੀ ਮਰੈ ਨ ਜਾਇ।। ਹੁਕਮੇ ਬਾਧਾ ਕਾਰ ਕਮਾਇ।।
ਜੋੜਿ ਵਿਛੋੜੇ ਨਾਨਕ ਥਾਪਿ।। ਅਪਨੀ ਕੁਦਰਤਿ ਜਾਣੈ ਆਪਿ।। ੪ ।। (ਪੰਨਾ ੩੯੦)
ਆਤਮਾ ਜੀਵਨ ਦਾ ਧੁਰਾ ਹੈ, ਇਹ ਖੁਦ ਹੀ ਜ਼ਿੰਦਗੀ ਹੈ। ਇਹ ਮਨ-ਮੰਦਿਰ ਦੀ ਵਾਸੀ ਹੈ। ਸਾਨੂੰ ਇਸਨੂੰ ਸੋਚ, ਸ਼ਬਦ ਤੇ ਕਰਮ ਨਾਲ ਸੁੱਚਾ-ਸੱਚਾ ਰੱਖਣਾ ਚਾਹੀਦਾ ਹੈ। ਆਤਮਾ ਕਿਸੇ ਖਾਸ ਸਰੀਰ ਨੂੰ ਪਸੰਦ ਨਹੀਂ ਕਰਦੀ। ਜੋ ਹੁਕਮ ਹੁੰਦਾ ਹੈ ਉਸੇ ਸਰੀਰ ਵਿੱਚ ਜਾ ਵਾਸ ਕਰਦੀ ਹੈ। ਸੋ ਇਸ ਲਈ ਕੋਈ ਚੰਗਾ ਜਾਂ ਬੁਰਾ ਸਰੀਰ ਨਹੀਂ ਹੁੰਦਾ। ਇਹ ਸਦਾ ਚਲਦੀ ਰਹਿੰਦੀ ਹੈ ਹਮੇਸ਼ਾ ਇੱਕ ਸਰੀਰ ਵਿੱਚ ਵਾਸ ਨਹੀਂ ਕਰਦੀ ਹਰ ਸਰੀਰ ਵਿੱਚ ਇਸ ਦਾ ਵਾਸ ਸਮਾਂ ਨਿਸਚਿਤ ਹੁੰਦਾ ਹੈ। ਪਰ ਸਰੀਰ ਦੀ ਕੀਮਤ ਹੀ ਆਤਮਾ ਸਦਕਾ ਪੈਂਦੀ ਹੈ ਆਤਮਾ ਬਿਨਾ ਸਰੀਰ ਦੀ ਕੋਈ ਕੀਮਤ ਨਹੀਂ। ਆਤਮਾ ਵਸਦੀ ਹੈ ਤਾਂ ਸਰੀਰ ਵਸਦਾ ਹੈ।
ਆਤਮਾ ਦੀਆਂ ਖੂਬੀਆਂ
ਆਤਮਾ ਕਦੇ ਮਰਦੀ ਨਹੀਂ ਸਦੈਵ ਹੀ ਅਮਰ ਹੈ।
ਨਾ ਜੀਉ ਮਰੈ ਨ ਡੂਬੈ ਤਰੈ (ਮ: ੧: ਪੰਨਾ ੧੫੧)
ਆਤਮਾ ਸਰੀਰ ਨੂੰ ਜੀਵਨ ਦਾਣ ਦੇਣ ਵਾਲੀ ਹੈ ਆਤਮਾ ਨਾਲ ਹੀ ਸਰੀਰ ਦੀ ਹੋਂਦ ਹੈ, ਆਤਮਾ ਨਹੀਂ ਤਾਂ ਜੀਵ ਨਹੀਂ। ਪਰਮਾਤਮਾ ਦਾ ਹਿਸਾ ਹੋਣ ਕਰਕੇ ਇਸ ਵਿੱਚ ਪਰਮਾਤਮਾ ਵਾਲੇ ਸਾਰੇ ਗੁਣ ਹਨ। ਸੱਚੀ, ਸੁੱਚੀ, ਅਨੰਤ, ਅਜਰ, ਅਮਰ, ਅਜੂਨੀ ਆਦਿ ਆਦਿ। ਆਤਮਾਂ ਦੀਆਂ ਖੂਬੀਆਂ ਦਾ ਪ੍ਰਗਟਾਵਾ ਮਨ ਦੀਆਂ ਖੂਬੀਆਂ ਰਾਹੀ ਪਤਾ ਲਗਦਾ ਹੈ। ਜਿਉਂ ਜਿਉਂ ਮਨ ਸੱਚਾ, ਸੁੱਚਾ, ਖਰਾ, ਭਲਾ, ਚੰਗਾ, ਸੁੱਖੀ ਹੁੰਦਾ ਜਾਂਦਾ ਹੈ ਲੋਕ ਆਖਦੇ ਹਨ “ਇਹ ਇੱਕ ਚੰਗੀ ਆਤਮਾ ਹੈ”। ਪਰ ਜਿਉਂ ਜਿਉਂ ਮਨ ਦੀਆਂ ਬੁਰਿਆਈਆਂ ਉਜਾਗਰ ਹੁੰਦੀਆਂ ਹਨ ਤਾਂ ਲੋਕ ਉਸ ਨੂੰ ਬੁਰੀ ਆਤਮਾ ਗਰਦਾਨਦੇ ਹਨ। ਜੋ ਆਤਮਾ ਦੂਸਰਿਆ ਦਾ ਬੁਰਾ ਕਰੇ, ਨੁਕਸਾਨ ਕਰੇ ਉਹ ਬੁਰੀ ਆਤਮਾ ਅਖਵਾਉਂਦੀ ਹੈ।
ਪਰ ਸਚਾਈ ਤਾਂ ਇਹ ਹੈ ਕਿ ਆਤਮਾ ਕਦੇ ਵੀ ਬੁਰੀ ਨਹੀਂ ਹੁੰਦੀ ਕਿਉਂਕਿ ਇਹ ਤਾਂ ਆਪ ਪਰਮੇਸ਼ਵਰ ਸਰੂਪ ਹੈ ਤੇ ਪਰਮੇਸ਼ਵਰ ਬੁਰਾ ਕਦੋਂ ਹੁੰਦਾ ਹੈ? ਉਹ ਤਾਂ ਸਭ ਦਾ ਭਲਾ ਲੋਚਦਾ ਹੈ। ਚੰਗਾ ਬੁਰਾ ਸਿਰਫ ਇਨਸਾਨੀ ਸੋਚ ਦੀ ਉਪਜ ਹਨ ਜਿਸ ਵਿੱਚ ਜੀਵ ਦਾ ਅਪਣਾ ਮਤਲਬ ਵੜਿਆ ਹੋਇਆ ਹੁੰਦਾ ਹੈ। ਜੋ ਉਸ ਦਾ ਮਤਲਬ ਨਹੀਂ ਪੂਰਦਾ ਉਹ ਬੁਰਾ ਹੈ ਜੋ ਉਸ ਦਾ ਮਤਲਬ ਪੂਰਦਾ ਹੈ ਉਹੀ ਚੰਗਾ ਹੈ। ਦਰਅਸਲ ਬੁਰਾ-ਚੰਗਾ ਕੁੱਝ ਨਹੀਂ ਜੋ ਇੱਕ ਲਈ ਬੁਰਾ ਹੈ ਉਹ ਦੂਸਰੇ ਦੇ ਭਲੇ ਲਈ ਹੋ ਸਕਦਾ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸਦੈ ਚਾਨਣ ਸਭ ਮਹਿ ਚਾਨਣ ਹੋਇ। (ਪੰਨਾ 663)
ਮਨ ਜੋ ਜੋਤ ਸਰੂਪ ਹੈ ਤੇ ਆਤਮਾ ਦਾ ਹੀ ਅੰਸ ਹੈ ਜੇ ਮਾਇਆ ਨਾਲੋਂ ਪ੍ਰਮਾਤਮਾ ਵਲ ਹੋ ਜਾਵੇ ਤਾਂ ਪਰਮਾਤਮਾ ਪਰਾਪਤੀ ਕਰਨ ਦੇ ਕਾਬਲ ਹੈ।
ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣ। ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। (ਪੰਨਾ 441)
ਜੋ ਆਤਮਾ ਅਪਣੇ ਪਰਮਾਤਮਾ ਦੇ ਨੇੜੇ ਦੇ ਭੇਦ ਜਾਣਦੀ ਹੈ, ਉਹ ਹੀ ਪਰਮਾਤਮਾ ਦੀ ਦਾਸਤਾ ਪਾਕੇ ਉਸ ਦੀ ਸਦੀਵੀ ਹੋ ਰਹਿੰਦੀ ਹੈ:
ਆਤਮਾ ਪਰਮਾਤਮਾ ਹੈ ਤੇ ਪਰਮਾਤਮਾ ਆਤਮਾ ਰੂਪ ਵਿਚ:
ਆਤਮ ਰਾਮ, ਰਾਮ ਹੈ ਆਤਮ, ਹਰ ਪੈ ਸਬਦ ਵਿਚਾਰਾ ਹੇ। (ਪੰਨਾ 686)
ਇਸ ਲਈ ਪਰਮਾਤਮਾ ਦਾ ਸੁਮੇਲ ਕਿਤਨਾ ਲਾਹੇਵੰਦਾ ਹੈ ਉਹੀ ਜਾਣ ਸਕਦਾ ਹੈ ਜੋ ਆਪਾ ਪਛਾਣਦਾ ਹੈ:
ਆਪ ਪਛਾਣੇ, ਸੋ ਸਭ ਗੁਣ ਜਾਣੇ। (ਪੰਨਾ 1056) ੇ
ਇਸ ਲਈ ਜ਼ਰੂਰੀ ਹੇ ਕਿ ਅਸੀਂ ਆਤਮਾ ਨੂੰ ਪਛਾਣੀਏ ਤੇ ਸਦਾ ਹੀ ਮੇਲ ਦਾ ਸੁੱਖ ਪਾਈਏ।
ਆਤਮ ਚੀਨ ਪਰਮ ਸੁਖ ਪਾਈਏ (ਪੰਨਾ 375)
ਜਦ ਤਕ ਅਸੀਂ ਆਪਾ ਨਹੀਂ ਪਛਾਣਦੇ, ਸਾਡੇ ਅੰਦਰੋਂ ਸਾਡੀ ਹੋਂਦ ਤੇ ਪਰਮਾਤਮਾ ਦੇ ਨੇੜੇ ਬਾਰੇ ਭਰਮ ਨਹੀਂ ਜਾਣਾ।
ਲੱਖ ਜੰਗਲੀ ਘੁੰਮੀਏ ਇਹ ਗਿਆਨ ਤਾਂ ਅੰਦਰੋਂ ਹੀ ਪਰਾਪਤ ਹੋਣਾ ਹੈ:
ਜਨ ਨਾਨਕ, ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। … ਕਾਹੇ ਰੇ ਬਨ ਖੋਜਨ ਜਾਈ। (ਪੰਨਾ 684)
ਜੇ ਸਭ ਆਤਮਾ ਪਰਮਾਤਮਾ ਦਾ ਰੂਪ ਹਨ ਤਾਂ ਮਨਾਂ ਵਿੱਚ ਤੇ ਪ੍ਰਾਣੀਆਂ ਵਿੱਚ ਭਿੰਨਤਾ ਕਿਉਂ? ਸਾਰੀ ਲੋਕਾਈ ਵੱਖ ਵੱਖ ਵਰਤਾਉ ਕਿਉਂ ਕਰਦੀ ਹੈ?
ਅਸੰਖ ਜਪ, ਅਸੰਖ ਭਾਉ। (ਜਪੁਜੀ ਪਉੜੀ ੧੭) ਹਰ ਆਤਮਾ ਦਾ ਵੱਖ ਵੱਖ ਮਨਾਂ ਨਾਲ ਜੁੜੇ ਹੋਣ ਕਰਕੇ ਦਾ ਪਰਮਾਤਮਾ ਪ੍ਰਤੀ ਜਪ ਕਰਨ ਦਾ ਤੇ ਪ੍ਰੇਮ ਦਰਸਾਉਣ ਦਾ ਤਰੀਕਾ ਅਡਰਾ ਹੈ। ਹਰ ਮਨ ਅਪਣੇ ਅਗਲੇ-ਪਿਛਲੇ ਕਰਮਾਂ ਅਨੁਸਾਰ ਅਪਣੇ ਕਾਰਜ ਨਿਭਾਉਂਦਾ ਹੈ ਜਿਸ ਕਰਕੇ ਮਨੋਸਿਥਤੀਆਂ ਅਲੱਗ ਅਲੱਗ ਹੁੰਦੀਆਂ ਹਨ ਤੇ ਇਨ੍ਹਾ ਦਾ ਆਤਮਾ ਉਪਰ ਅਸਰ ਅਲੱਗ ਅਲੱਗ ਹੋਣ ਕਰਕੇ ਹਰ ਆਤਮਾ ਦਾ ਵਿਉਹਾਰ ਵੀ ਵੱਖਰਾ ਹੋ ਜਾਂਦਾ ਹੈ।
ਆਤਮਾ ਦਾ ਪ੍ਰਮਾਤਮਾ ਨਾਲ ਸਬੰਧ:
ਆਤਮਾ ਨੂੰ ਪਰਮਾਤਮਾ ਦਾ ਹੀ ਰੂਪ ਮੰਨਿਆ ਗਿਆ ਹੈ
ਆਤਮੈ ਸ੍ਰੀ ਬਾਸੂਦੇਵਸਯ (ਸਹਸ ਮ: 1: ਪੰਨਾ 1353: 14)
“ਆਤਮਾ ਪਰਾਤਮਾ ਏਕੋ ਕਰੈ” (ਪੰਨਾ 611)
“ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ॥
ਆਤਮੇ ਨੋ ਆਤਮੇ ਦੀ ਪ੍ਰਤੀਤ ਹੋਇ, ਤਾ ਘਰ ਹੀ ਪਰਚਾ ਪਾਇ” ॥ ਸਲੋਕ ਮ: ੩ ਪੰਨਾ ੮੭॥
ਜਦੋਂ ਮਾਂ ਵੀ ਨਹੀਂ ਸੀ ਤੇ ਪਿਤਾ ਵੀ ਨਹੀਂ ਸੀ ਤਾਂ ਓਦੋਂ ਇਹ ਜੀਵ ਆਤਮਾ ਕਿੱਥੇ ਰਹਿੰਦੀ ਸੀ?
ਰਕਤੁ ਬਿੰਦੁ ਕੀ ਮੜੀ ਨ ਹੋਤੀ, ਮਿਤਿ ਕੀਮਤਿ ਨਹੀ ਪਾਈ॥ (ਮ ੧: ਪੰਨਾ ੯੪੫: ੧੬)
ਓੁਦੋਂ ਆਤਮਾ ਪਰਮਾਤਮਾ ਦੇ ਹੀ ਅੰਸ਼ ਰੂਪ ਵਿੱਚ ਪਵਨ ਬਣ ਰਹਿ ਰਹੀ ਸੀ।
ਨਾਭਿ ਕਮਲੁ ਅਸਥੰਭੁ ਨ ਹੋਤੋ, ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥ (ਮ ੧: ਪੰਨਾ ੯੪੫: ੧੫)
ਸੰਸਾਰ ਦਾ ਵਿਕਾਸ ਹੋਇਆ, ਨਾਲ ਨਾਲ ਸਰੀਰਾਂ ਦੀ ਹੋਂਦ ਵੀ ਸੰਸਾਰ ਵਿੱਚ ਵੱਧਦੀ ਗਈ। ਉਸ ਵੇਲੇ ਪਵਨ ਅਨੁਰਾਗੀ ਪ੍ਰੇਮ ਨਾਲ ਹਵਾ ਵਿੱਚ ਵੱਸਦਾ ਸੀ।
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ॥
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ॥ (ਮ: ੫: ਪੰਨਾ ੨੬੩: ੯-੧੦)
ਇਸੇ ਕਰਕੇ ਆਤਮਾ ਦਾ ਪ੍ਰਾਣਾਂ ਨਾਲ ਨੇੜਾ ਵੀ ਮੰਨਿਆਂ ਗਿਆ ਹੈ।
ਅੰਤਰਆਤਮਾ ਤੇ ਜੀਵਆਤਮਾ
ਜਦ ਸਾਨੂੰ ਕੋਈ ਗਲਤ ਕੰਮ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ “ਮੇਰੀ ਅੰਤਰਆਤਮਾ ਨਹੀਂ ਮੰਨਦੀ ਗਲਤ ਕੰਮ ਕਰਨ ਨੂੰ”। ਤੇ ਜਦ ਕਦੇ ਅਸੀਂ ਰਾਤ ਨੂੰ ਕੁਤਿਆਂ ਨੂੰ ਉਪਰ ਮੂੰਹ ਕਰਕੇ ਰੋਂਦੇ ਦੇਖਦੇ ਹਾਂ ਤਾਂ ਕਹਿੰਦੇ ਹਾਂ”ਕੋਈ ਜੀਵਆਤਮਾ ਭਟਕਦੀ ਫਿਰਦੀ ਹੈ”। ਇਸ ਤਰ੍ਹਾਂ ਅਸੀਂ ਅੰਤਰਆਤਮਾ ਨੂੰ ਅਪਣਾ ਸਹੀ ਨੁਮਾਇੰਦਾ ਮੰਨਦੇ ਹਾਂ ਜੋ ਜਿਉਂਦੇ ਜੀ ਸਾਡੇ ਨਾਲ ਹੈ ਤੇ ਸਾਡੀ ਜ਼ਿੰਦਗੀ, ਸਾਡੇ ਸਵਾਸ, ਸਾਡੇ ਦਿਲ ੳਤੇ ਅਤੇ ਸਾਡੇ ਮਨ ਨਾਲ ਜੁੜੀ ਹੋਈ ਹੁੰਦੀ ਹੈ। ਜਦਕਿ ਕਿਸੇ ਵਿਛੜੀ ਰੂਹ ਨੂੰ ਵੀ ਅਸੀਂ ਜੀਵਆਤਮਾ ਗਰਦਾਨਦੇ ਹਾਂ। ਇਸਤਰ੍ਹਾਂ ਜੀ ਆਤਮਾ ਕਿਸੇ ਵੀ ਜੀਵ ਦੀ ਹੈ ਜਿਉਂਦੇ ਦੀ ਜਾਂ ਮਰੇ ਦੀ ਜੀਵਆਤਮਾ ਅਖਵਾਉਂਦੀ ਹੈ ਜਿਸ ਦਾ ਨਾਤਾ ਅਸੀਂ ਪਰਮਾਤਮਾਂ ਨਾਲ ਜੋੜਦੇ ਹਾਂ। ਪਰਮਾਤਮਾਂ ਸਾਰੇ ਵਿਸ਼ਵ ਵਿੱਚ ਵਸਿਆ ਹੋਇਆ ਹੇ। ਭਾਵੇਂ ਕਿ ਜੀਵਾ ਦੇ ਰੰਗ ਵੰਨ ਵਿਉਹਾਰ ਸਭ ਵੱਖ ਵੱਖ ਹਨ ਪਰ ਅਸੀਂ ਇਹ ਮੰਨਦੇ ਹਾਂ ਕਿ ਸਭਨਾ ਵਿੱਚ ਇਕੋ ਹੀ ਰੱਬ ਵਸਦਾ ਹੈ ਤੇ ਉਸਦਾ ਹਿਸਾ ਆਤਮਾ ਦੇ ਰੂਪ ਵਿੱਚ ਹੈ ਜਿਸ ਨੂੰ ਅਸੀਂ ਜੀਵਆਤਮਾ ਕਹਿੰਦੇ ਹਾਂ। ਜੀਵਆਤਮਾ ਹਰ ਜੀਵ ਵਿੱਚ ਪਰਮਾਤਮਾ ਦਾ ਹਿਸਾ ਮੰਨਦੇ ਹਾਂ ਜੋ ਪਰਮਾਤਮਾ ਦਾ ਹਰ ਵੇਲੇ ਹੁਕਮ ਮੰਨਦੀ ਹੈ। ਉਸਨੂੰ ਪਰਮਾਤਮਾ ਦੇ ਹਰ ਹੁਕਮ ਦਾ ਸਦਾ ਪਤਾ ਰਹਿੰਦਾ ਹੈ ਤੇ ਉਹ ਇਹ ਕਦੇ ਵੀ ਉਸ ਦੇ ਹੁਕਮ ਦੀ ਅਦੂਲੀ ਨਹੀਂ ਕਰਦੀ। ਇਸ ਦੇ ਉਲਟ ਅੰਤਰਆਤਮਾ ਇੱਕ ਜੀਵ ਦੇ ਅੰਤਰ ਨਾਲ ਜੁੜੀ ਹੁੰਦੀ ਹੈ ਜੋ ਮਨ ਨੂੰ ਬੁਰਾ ਕਰਨ ਤੋਂ ਰੋਕਦੀ ਹੇ ਜੋ ਸੁਸਾਇਟੀ ਜਾਂ ਕੁਦਰਤ ਦੇ ਅਸੂਲਾਂ ਵਿਰੁਧ ਹੁੰਦਾ ਹੈ।
ਜੀਵਨ-ਸ਼ਕਤੀ ਅੰਤਰਆਤਮਾ ਦੇ ਮਨ, ਇੱਛਾ, ਬੁੱਧ ਅਤੇ ਅਹੰ ਦੇ ਵਸੀਲੇ ਹਨ ਜੋ ਇੰਦਰੀਆਂ ਅਧੀਨ ਸਰੀਰ ਨੂੰ ਚਲਾਉਂਦੇ ਹਨ। ਅੰਤਰਆਤਮਾ ਉਦੋਂ ਜ਼ਿਆਦਾ ਕਿਰਿਆਸ਼ੀਲ ਹੁੰਦੀ ਹੈ ਜਦੋਂ ਇਸ ਅੰਦਰ ਪ੍ਰਮਾਤਮਾ ਪ੍ਰਾਪਤੀ ਦੀ ਸੋਝੀ ਜਾਗਦੀ ਹੈ। ਬੁਅਿਾਈਆਂ, ਨਸ਼ਿਆਂ, ਵਿਕਾਰਾਂ ਸਦਕਾ ਸਰੀਰ ਜਵਾਨੀ ਵਿੱਚ ਹੀ ਢਲਣ ਲੱਗ ਪੈਂਦਾ ਹੈ ਤੇ ਅੰਤਰਆਤਮਾ ਕਮਜ਼ੋਰ ਹੋ ਜਾਂਦੀ ਹੈ। ਬਹੁਤੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਇਸ ਕਮਜ਼ੋਰ ਹੋਈ ਅੰਤਰਆਤਮਾ ਦਾ ਹੀ ਸਿੱਟਾ ਹੈ ਜੋ ਗਲਤ ਗਤੀਵਿਧੀਆਂ ਤੇ ਬੁਰੇ ਵਿਚਾਰਾਂ ਤੋਂ ਉਪਜਦੀਆਂ ਹਨ ਜਿਨ੍ਹਾਂ ਨੂੰ ਭਗਵਤਗੀਤਾ ਵਿੱਚ ਪਾਪ ਕਿਹਾ ਗਿਆ ਹੈ। ਕਿਉਂਕਿ ਪਰਮਾਤਮਾ ਸੰਪੂਰਣ ਹੈ ਜੀਵਆਤਮਾ ਹਮੇਸ਼ਾ ਸੰਪੂਰਨਤਾ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ। ਇਸ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
ਰਿਗਵੇਦ ਵਿੱਚ (6-47-9) ਜੀਵਆਤਮਾ ਨੂੰ ਤਵਸਥ ਭੀ ਕਿਹਾ ਗਿਆ ਹੈ। ਜਦ ਇੰਦਰੀਆਂ ਵੱਸ ਵਿੱਚ ਹੋਣ ਤੇ ਸਾਤਵਿਕਤਾ ਦੇ ਗੁਣ ਸੱਚ ਤੇ ਸੁੱਚ ਦੀ ਪ੍ਰਧਾਨਤਾ ਹੋਵੇ ਤਾਂ ਸੂਖਮ ਆਤਮਾ ਖਿੜਦੀ ਹੈ। ਅਥਰਵ ਵੇਦ (ਯੀ-8-30) ਅਨੁਸਾਰ ਜੀਵਆਤਮਾ ਸਰੀਰ ਨੂੰ ਸ਼ੁਭ ਕਰਮਾਂ ਵਲ ਮੋੜਦੀ ਰਹਿੰਦੀ ਹੈ ਤੇ ਬੁਰੇ ਕਰਮਾਂ ਵਲੋਂ ਹੋੜਦੀ ਰਹਿੰਦੀ ਹੈ। ਜੋ ਜੀਵਆਤਮਾ ਨੂੰ ਸਰੀਰ ਉਪਰ ਕਾਬੂ ਨਹੀਂ ਰੱਖਣ ਦਿੰਦੇ, ਉਹ ਗਿਆਨ ਪ੍ਰਾਪਤ ਕਰਨ ਪਿੱਛੋਂ ਵੀ ਸਚਾਈ ਦੇ ਤੱਤਾਂ ਤੋਂ ਦੂਰ ਹੁੰਦੇ ਹਨ। ਉਹ ਅਪਣੀਆਂ ਦੁਨਿਆਵੀ ਖਾਹਿਸ਼ਾਂ ਨੂੰ ਨਕਲੀ ਅਧਿਆਤਮਵਾਦ ਦੇ ਉਹਲੇ ਲੁਕਾਉਂਦੇ ਹਨ ਜਿਵੇਂ ਕਿ ਸਾਡੇ ਬਹੁਤੇ ਪ੍ਰਚਾਰਕ ਤੇ ਉਪਦੇਸ਼ਕ ਕਰਦੇ ਹਨ। ਗੀਤਾ ਅਨੁਸਾਰ ਅਜਿਹੇ ਮਨੁਖਾਂ ਨੂੰ ਵਿਵੇਕ ਬੁੱਧੀ ਨਹੀਂ ਹੁੰਦੀ (ਭਗਵਤ ਗੀਤਾ 2-42 ਤੋਂ 44)। ਜਿੱਥੈ ਜੀਵਆਤਮਾ ਸਰੀਰ ਤੇ ਕਾਬੂ ਰੱਖਦੀ ਹੈ ਉੱਥੇ ਜੀਵ ਨੂੰ ਬ੍ਰਹਮਾ ਪਦ ਵੀ ਪ੍ਰਾਪਤ ਹੋ ਜਾਂਦਾ ਹੈ ਤੇ ਉਹ “ਮੈਂ ਬ੍ਰਹਮ ਹਾਂ” ਕਹਿ ਸਕਦਾ ਹੈ। ਸਰੀਰ ਉਪਰ ਜੀਵਆਤਮਾ ਦਾ ਸੰਪੂਰਨ ਕਾਬੂ ਹੋਣ ਨੂੰ ‘ਛਵੋ` ਜਾਂ ‘ਸ਼ਵਾ` ਕਿਹਾ ਗਿਆ ਹੈ। ਅਥਰਵ ਵੇਦ ਅਨੁਸਾਰ ਇਸ ਸਤਰ ਤੇ ਪਹੁੰਚ ਕੇ ਸਰੀਰ ਸਭ ਤੋਂ ਉਤਮ ਸ਼ਕਤੀ ਬਣ ਜਾਂਦਾ ਹੈ ਤੇ ਸਰੀਰ ਆਤਮਾ ਦਾ ਸੰਵਾਦ ਸਮਝਿਆ ਜਾ ਸਕਦਾ ਹੈ।
ਸਾਇੰਸ ਅਨੁਸਾਰ ਹਰ ਜੀਵ ਅਪਣੀਆਂ ਜੀਵਨ-ਹਾਲਾਤਾਂ ਨੂੰ ਖੁਦ ਢਾਲ ਸਕਦਾ ਹੈ ਜਿਸ ਲਈ ਉਹ ਅਪਣੀਆਂ ਸ਼ਕਤੀਆਂ ਨੂੰ ਇੱਕ ਪਾਸਿਓਂ ਸੀਮਤ ਕਰਕੇ ਦੂਸਰੇ ਪਾਸੇ ਲਗਾ ਸਕਦਾ ਹੈ। ਪ੍ਰਮਾਤਮਾਂ ਸ਼ਕਤੀ ਨੂੰ ਲੋੜੀਂਦੀ ਦਿਸ਼ਾ ਵਲ ਢਾਲ ਕੇ ਸਾਰੇ ਜੀਵਾਂ ਵਿੱਚ ਏਕਤਾ ਤੇ ਸਮਨਵਯ ਬਣਾ ਕੇ ਰੱਖਦਾ ਹੈ। ਜਦ ਆਤਮਾ ਬਦਲਣਹਾਰੇ ਜੀਵਨ-ਸਿਸਟਮ ਦਾ ਹਿੱਸਾ ਹੋ ਜਾਂਦੀ ਹੈ ਤਾਂ ਇਸ ਨਵੇਂ ਵਾਤਾਵਰਨ ਵਿੱਚ ਢਲ ਕੇ ਪ੍ਰਮਾਤਮਾ ਦੇ ਕੰਟ੍ਰੋਲ-ਸੂਤਰ ਵਿੱਚ ਬੱਝ ਜਾਦੀ ਹੈ। ਇਸ ਤਰ੍ਹਾਂ ਸਾਰਾ ਹੀ ਵਿਸ਼ਵ ਇੱਕ ਡੋਰੀ ਵਿੱਚ ਬੰਨ੍ਹਿਆਂ ਹੋਇਆ ਹੈ। ਇਸ ਸੂਤਰ ਵਿੱਚ ਨਿਊਰੋਨ ਸੂਚਨਾ ਨੂੰ ਇੱਕ ਜੀਵ ਦੀ ਬਦਲਦੀ ਆਤਮਾ ਨਾਲ ਇੱਕ ਜੀਵਨ ਤੋਂ ਦੂਜੇ ਜੀਵਨ ਤਕ ਲੈ ਜਾਂਦੇ ਹਨ। ਮਿਰਤ ਸਰੀਰ ਦੇ ਸਾਰੇ ਤੱਤ ਜਲ ਜਾਂਦੇ ਜਾਂ ਮਿੱਟੀ ਜਲ ਵਿੱਚ ਖਤਮ ਹੋ ਜਾਂਦੇ ਹਨ ਪਰ ਕੁੱਝ ਸੂਚਨਾ ਰੂਪੀ ਨਿਊਰੋਨ ਪਵਨ ਰਾਹੀਂ ਨਵਾਂ ਸਫਰ ਤਹਿ ਕਰਦੇ ਹਨ। ਨਿਊਰੋਨ ਕਦੇ ਮਰਦੇ ਨਹੀਂ ਤੇ ਲੰਬਾ ਸਫਰ ਤਹਿ ਕਰਨ ਦੇ ਕਾਬਲ ਹੁੰਦੇ ਹਨ ਤੇ ਇਹ ਨਵੇਂ ਸਰੀਰ ਦਾ ਕਾਰਨ ਬਣਦੇ ਹਨ। ਡਾ: ਬੈਨਰਜੀ ਇਸ ਦੀਆਂ ਕਈ ਉਦਾਹਰਨਾ ਦਿੰਦੇ ਹਨ ਜਿੱਥੇ ਉਨ੍ਹਾ ਨੇ ਇਨ੍ਹਾਂ ਨਿਊਰੋਨਾਂ ਦੇ ਸਫਰ ਨੂੰ ਘੋਖਿਆਂ ਹੈ।
ਆਤਮਾ ਤੇ ਅੰਤਹਕਰਣ
ਅੰਤਰਆਤਮਾ ਨੂੰ ਅੰਤਹਕਰਣ ਨਾਲ ਵੀ ਜੋੜਿਆ ਜਾ ਸਕਦਾ ਹੈ ਤੇ ‘ਆਤਮ` ਨੂੰ ‘ਅੰਤਹਕਰਣ` ਜਾਂ ਮਨ ਵੀ ਕਿਹਾ ਗਿਆ ਹੈ।
ਅੰਤਹਕਰਣ: ਅੰਤਰ ਦੀ ਇੰਦਰੀ ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਨਿਭਾਉਂਦੀਆ ਹਨ। ਅੰਤਹਕਰਣ` ਦੀ ਸੰਗਿਆ ਹੈ- ਅੰਤਰ ਦੀ ਇੰਦਰੀ, ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਕਰਦੀਆਂ ਹਨ। ਆਤਮਾ ਜਾਂ ਅੰਤਹਕਰਣ ਦੀਆਂ ਸਾਰੀਆਂ ਖੂਬੀਆਂ ਗੁਰ-ਗਿਆਨ ਦੁਆਰਾ ਘੜੀਆਂ ਜਾ ਸਕਦੀਆਂ ਹਨ। ਜੇਹਾ ਕਿ ਵਾਕ ਹੈ
ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥ (ਜਪੁਜੀ ਮ 1: ਪੰਨਾ 8: 2)
ਇਸ ਦੇ ਚਾਰ ਭਾਗ ਹਨ
‘ਮਨ` —ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ।
‘ਬੁਧਿ` —ਜਿਸ ਤੋਂ ਵਿਚਾਰ ਤੇ ਨਿਸਚਾ ਹੁੰਦਾ ਹੈ।
‘ਚਿੱਤਿ` —ਜਿਸ ਕਰਕੇ ਚੇਤਾ ਰਹਿੰਦਾ ਹੈ, ਜਿਸ ਨੂੰ ਯਾਦ ਜਾਂ ਸਿਮਰਨ ਵੀ ਕਿਹਾ ਹੈ।
‘ਅਹੰਕਾਰ` —ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ
ਅੰਤਹਕਰਣ ਵਿੱਚ ਹੀ ਸੁਰਤ, ਮਤ, ਮਨ-ਬੁਧਿ ਘੜੇ ਜਾਂਦੇ ਹਨ।
ਪ੍ਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਵਸਾਉਣ ਨਾਲ, ਜਿਸ ਨੂੰ ਸਿਮਰਨ ਕਿਹਾ ਗਿਆ ਹੈ, ਮਨ ਦੇ ਮਾੜੇ ਵਿਕਾਰਾਂ ਨੂੰ ਖ਼ਤਮ ਕਰਨ ਨਾਲ ਆਤਮਿਕ ਜਿੱਤ ਦਰਜ ਹੁੰਦੀ ਹੈ। ਇਸ ਰਸਤੇ ਤੇ ਤੁਰਿਆਂ ਜ਼ਿੰਦਗੀ ਦੀ ਪਵਿੱਤਰ ਰੀਤ ਬਣਦੀ ਹੈ। ‘ਮਨ ਦੀ ਸੋਚ ਦਾ ਨਾਂ ‘ਆਤਮ` ਜਾਂ ਅੰਤਹਕਰਣ ਹੈ।
ਮਨ
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਮਨ ਅੰਤਹਕਰਣ ਦੀ ਇੱਕ ਅਜਿਹੀ ਪ੍ਰਮੁੱਖ ਬਿਰਤੀ ਹੈ, ਜਿਸ ਕਰਕੇ ਸੰਕਲਪ-ਵਿਕਲਪ ਫੁਰਦੇ ਹਨ”। ਮਹਾਨ ਕੋਸ਼ ਵਿੱਚ ‘ਮਨ` ਦੇ ਅਰਥ ਹਨ—ਜਾਮਨ, ਮੰਨਤ ਵਾਲਾ, ਜਿੰਮੇਵਾਰ— ‘ਮਨ` ਨੂੰ ਦਿਲ ਵੀ ਕਿਹਾ ਹੈ ਜੋ ਸਰੀਰ ਦੀ ਅੰਦਰਲੀ ਗਰਮੀ ਕਰਕੇ ਹਰਕਤ ਕਰਦਾ ਹੈ। ‘ਮਨ` ਅੰਤਹਕਰਣ ਦੇ ਰੂਪ ਵਿੱਚ ਵੀ ਆਇਆ ਹੈ। ਖ਼ਿਆਲ, ਜੀਵਾਤਮਾ, ਮਨਨ ਵਿੱਚ ਮਨ ਤੇ ਚਿੰਤਨ ਵਿੱਚ ਚਿੱਤ। ਇਸਤ੍ਰੀ ਪੁਰਸ਼ ਹੀ ਨਹੀਂ ਸਗੋਂ ਸਾਰੀ ਕਾਇਨਾਤ ਵਿੱਚ ਵੀ ਏਹੀ ਨਿਯਮ ਕੰਮ ਕਰਦਾ ਹੈ। ਨਰ ਤੇ ਮਦੀਨ ਦੇ ਮੇਲ ਤੋਂ ਨਵੀਂ ਉਤੇਜਨ, ਨਵਾਂ ਰੂਪ ਪੈਦਾ ਹੁੰਦਾ ਹੈ ਬ-ਸ਼ਰਤੇ ਕਿ ਬੀਜ, ਧਰਤੀ ਤੇ ਮੌਸਮ ਅਨੁਕੂਲ ਹੋਵੇ। ਪਿਤਾ ਦੇ ਜੀਨ ਵਿੱਚ ਬ-ਕਾਇਦਾ ਜਾਨ ਤਥਾ ਚੇਤੰਤਾ ਹੈ ਤਾਂ ਤਿਆਰ ਧਰਤੀ ਦੁਆਰਾ ਦੋ ਜੀਵਾਂ ਤੋਂ ਤੀਜੇ ਜੀਵ ਦੀ ਉਤਪਤੀ ਹੈ। ਪਰ ਸਾਡਾ ਖ਼ਿਆਲ ਬਣਿਆ ਹੋਇਆ ਹੈ ਕਿ ਸ਼ਾਇਦ ਅਕਾਸ਼ ਵਿੱਚ ਆਤਮਾਵਾਂ ਉੱਡ ਰਹੀਆਂ ਹਨ ਤੇ ਜਦੋਂ ਜੀ ਕਰਦਾ ਹੈ ਕਿਸੇ ਸਰੀਰ ਵਿੱਚ ਆ ਜਾਂਦੀਆਂ ਹਨ। ਮਨ ਵਿੱਚ ਜੋਤ ਦਾ ਭਾਵ ਜੀਨ ਦਾ ਜਿਉਂਦਾ ਹੋਣਾ ਤੇ ਜੋਤ ਦੁਆਰਾ ਹੀ ਮਨ ਹੈ। ਇਹਨਾਂ ਦੇ ਵਿਕਾਸ ਦੁਆਰਾ ਹੀ ਅਗਾਂਹ ਗਿਆਨ ਇੰਦਰਿਆਂ ਦਾ ਆਪਸੀ ਮਿਲਾਪ ਹੈ। ਕੁਦਰਤ ਦਾ ਇਹ ਇੱਕ ਬੱਝਵਾਂ ਨਿਯਮ (ਜੋਤ) ਹੈ ਜੋ ਸਾਰੀ ਕਾਇਨਾਤ ਵਿੱਚ ਚੇਤੰਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਗੁਰ-ਗਿਆਨ ਦੀ ਸੋਝੀ ਰਾਂਹੀ ਜੋਤ ਨੂੰ ਸਮਝ ਕੇ ਸੁਭਾਅ ਵਿਚੋਂ ਵਿਕਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸ਼ਬਦ ਦਾ ਸੰਕਲਪ ਆਤਮਿਕ ਜੀਵਨ ਦੀ ਰੂਹਾਨੀਅਤ ਹੈ ਪਰ ਸੁਰਤੀ ਨਾਲ ਸਮਝਣ ਦੀ ਲੋੜ ਹੈ।
ਮਨ ਦੀਆਂ ਚਾਰ ਦਸ਼ਾਵਾਂ ਜਾਂ ਬਿਰਤੀਆ ਹਨ 1. ਮਾਣਸ (ਵਿਚਾਰਾਂ ਤੇ ਖਿਆਲੀ ਉਡਾਣਾ ਦੀ ਥਾਂ) 2. ਚਿੱਤ (ਭਾਵਨਾਵਾਂ ਤੇ ਕੋਮਲ-ਕਠੋਰ ਅਨੂਭੂਤੀਆਂ ਦੀ ਥਾਂ-ਦਿਲ ਜਿੱਥੇ ਪਿਆਰ, ਹਮਦਰਦੀ ਜਾ ਕਰੂਰਤਾ ਜਾਗਦੀ ਹੈ), 3. ਬੁੱਧੀ (ਪ੍ਰਾਪਤ ਜਾ ਅਰਜਿਤ ਗਿਆਨ ਦੀ ਥਾਂ) 4. ਅਹੰਕਾਰ (ਗੁਮਾਨ, ਹਉਮੈਂ, ਹੰਕਾਰ ਦੀ ਥਾਂ)। ਹੰਕਾਰ ਸਦਕਾ ਅਸੀਂ ਅਸਲ ਸੱਚ ਨਹੀਂ ਦੇਖ ਸਕਦੇ ਤੇ ਉਸੇ ਨੂੰ ਹੀ ਸੱਚ ਮੰਨ ਲੈਂਦੇ ਹਾਂ ਜੋ ਸਾਨੂੰ ਦਿਸਦਾ ਹੈ ਤੇ ਸਾਡੀ ਜ਼ਰੂਰਤ ਪੂਰੀ ਕਰਦਾ ਹੈ। ਹੰਕਾਰ ਤੇ ਹਉਮੈਂ ਮਾਰਨਾ ਜੀਵ ਲਈ ਸਭ ਤੋਂ ਜ਼ਰੂਰੀ ਹੈ।
ਸ਼ਬਦ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ ਨਾਲ ਬੁੱਧੀ ਭਾਵ ਅਕਲ ਘੜੀ ਜਾਂਦੀ ਹੈ। ਅੰਦਰਲੀ ਚੇਤੰਤਾ ਦਾ ਨਾਂ ‘ਆਤਮਾ` ਹੈ ਜੋ ਸੁਰਤੀ ਨਾਲ ਮਤ ਨੂੰ ਉੱਚਾ ਕਰਕੇ ਅਕਲ ਵਿੱਚ ਵਾਧਾ ਕਰਨਾ ਹੈ ਤਾਂ ਜੋ ਮਨ ਰੂਪੀ ਚੇਤੰਤਾ ਦੀ ਅਸਲੀ ਘਾੜਤ ਘੜੀ ਜਾਏ। ਗੁਰਮਤ ਗਿਆਨ ਦੁਆਰਾ ਹੀ ਮਨ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਭਾਵ ‘ਅੰਤਹਕਰਣ` ਵਿਚੋਂ ਹੰਕਾਰ ਮੁੱਕ ਸਕਦਾ ਹੈ।
ਮਨ ਉਸ ਸੋਚ ਅਵਸਥਾ ਦਾ ਧਾਰਨੀ ਹੇ ਜੋ ਸਰੀਰ ਨੂੰ ਚਲਦਾ ਰੱਖਦੀ ਹੈ। ਇਹ ਸਰੀਰ ਨੂੰ ਗਲਤ ਦਿਸ਼ਾ ਵਲ ਲਿਜਾਕੇ ਕੁਕਰਮ ਵੀ ਕਰਵਾਉਂਦੀ ਹੈ ਤੇ ਚੰਗੀ ਦਿਸ਼ਾ ਵਲ ਲਿਜਾਕੇ ਸੁਕਰਮ ਵੀ। ਗੁਰੂ ਤੇ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ ਮਨ ਨੂੰ ਬੁਰਿਆਈਆਂ ਤੋਂ ਰੋਕ ਕੇ ਚੰਗੇ ਰਸਤੇ ਪਾਇਆ ਜਾ ਸਕਦਾ ਹੈ।
ਮਨ ਲੋਚੈ ਬੁਰਿਆਈਆ, ਗੁਰ ਸਬਦੀ ਇਹ ਮਨੁ ਹੋੜੀਐ।
ਮਨ ਕੁਦਰਤਨ ਹੀ ਬੇਰੋਕ ਸੋਚਦਾ ਹੈ ਤੇ ਖਿਆਲਾਂ ਦੀਆਂ ਨਦੀਆਂ ਲਗਾਤਾਰ ਵਗਾਉਂਦਾ ਰਹਿੰਦਾ ਹੈ। ਇਨ੍ਹਾਂ ਖਿਆਲਾਂ ਜਾ ਵਿਚਾਰਾਂ ਦੀ ਬਣਤਰ ਸਮੇਂ, ਸਥਾਨ, ਸਾਥ, ਹਾਲਾਤ ਤੇ ਸਥਿਤੀ ਤੇ ਨਿਰਭਰ ਕਰਦੇ ਹਨ। ਇਹ ਸੋਚਾਂ, ਖਿਆਲ ਜਾਂ ਵਿਚਾਰ ਕਦੇ ਬੁਰੇ ਤੇ ਕਦੇ ਪਵਿਤਰ ਤੇ ਸੁੱਚੇ ਹੁੰਦੇ ਹਨ। ਖਿਆਲਾਂ-ਵਿਚਾਰਾਂ ਦੀ ਬਣਤਰ ਅਨੁਸਾਰ ਸਰੀਰ ਦੇ ਅੰਗ ਵੀ ਅਪਣਾ ਕਾਰਜ ਨਿਭਾਉਂਦੇ ਹਨ। ਬੁਰੇ ਵਿਚਾਰ ਬੁਰੇ ਹਾਲਾਤ ਪੈਦਾ ਕਰਦੇ ਹਨ ਤੇ ਬਿਮਾਰੀਆਂ ਪੈਦਾ ਕਰਨ ਜਾਂ ਵਧਾਉਣ ਵਿੱਚ ਵੀ ਹਿਸਾ ਪਾਉਂਦੇ ਹਨ। ਇਸੇ ਲਈ ਤਾਂ ਕਹਿੰਦੇ ਹਨ “ਹਰ ਬਿਮਾਰੀ ਦੀ ਜੜ੍ਹ ਮਨ ਵਿੱਚ ਹੁੰਦੀ ਹੈ”। ਇਸੇ ਤਰ੍ਹਾਂ ਹਰ ਹਾਰ-ਜਿਤ ਦੀ ਜੜ੍ਹ ਵੀ ਮਨ ਵਿੱਚ ਹੈ।
ਗੁਰਸ਼ਬਦ ਰਾਹੀਂ ਅਸੀਂ ਅਪਣੇ ਚੰਚਲ ਮਨ ਨੂੰ ਕਾਬੂ ਵਿੱਚ ਰੱਖ ਸਕਦੇ ਹਾਂ ਤੇ ਪੁੱਠੀਆਂ ਗਤੀਵਿਧੀਆਂ ਤੋਂ ਰੁਕ ਸਕਦੇ ਹਾਂ। ਮਨ ਨੂੰ ਮਾਰ ਕੇ ਅਸੀਂ ਹਰ ਵਸਤ ਪਾ ਸਕਦੇ ਹਾਂ ਪਰਮਾਤਮਾ ਨੂੰ ਵੀ:
ਬਿਨ ਮਨ ਮੁਏ ਕੈਸੇ ਹਰ ਪਾਏ। (ਮ: 3, ਪੰਨਾ 665: 3)
ਮਨ ਨੂੰ ਚੰਗੇ ਰਾਹ ਪਾਉਣ ਦਾ ਕੰਮ ਆਤਮਾ ਕਰਦੀ ਹੈ ਜੋ ਉਸਨੂੰ ਬੁਰੇ ਕੰਮ ਕਰਨ ਤੋਂ ਹਮੇਸ਼ਾ ਵਰਜਦੀ ਹੈ। ਬੁਰੇ ਕੰਮ ਉਹੀ ਕਰਦੇ ਹਨ ਜੋ ਆਤਮਾ ਦੀ ਨਹੀਂ ਸੁਣਦੇ। ਆਤਮਾ ਦੀ ਆਵਾਜ਼ ਹਮੇਸ਼ਾ ਸੱਚੀ ਹੁੰਦੀ ਹੈ ਕਿਉਂਕਿ ਉਹ ਹਮੇਸ਼ਾ ਸੱਚੇ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਹੁੰਦੀ।
ਮਨ, ਚਿਤ ਸਭ ਅੰਤਹਕਰਣ ਦੇ ਹੀ ਹਿਸੇ ਗਿਣੇ ਗਏ ਹਨ ਤੇ ਦਿਲ ਮਨ ਤੋਂ ਪ੍ਰਭਾਵਿਤ। ਇਸੇ ਲਈ ਗੁਰਬਾਣੀ ਵਿੱਚ ਮਨ ਦੀ ਥਾਂ ਦਿਲ ਵੀ ਵਰਤਿਆ ਗਿਆ ਹੈ
ਚਿਤ: ਅੰਤਹਕਰਣ
ਰੇ ਚਿਤ ਚੇਤਸ ਦੀਨ ਦਇਆਲ। (ਆਸਾ ਧੰਨਾ ੪੮੮: ੨)
ਦਿਲ: ਦਿਲ ਮਹਿ ਸਾਂਈ ਪ੍ਰਗਟੈ (ਕਬੀਰ, ਪੰਨਾ ੧੩੭੪: ੧੦) ਸੰਕਲਪ, ਖਿਆਲ (ਮਹਾਨਕੋਸ਼ ਪੰਨਾ ੬੩੪)
ਮਨ ਤੇ ਆਤਮਾ ਸਰੀਰ ਦੇ ਸੂਖਮ ਭਾਗ ਹਨ ਜੋ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ। ਆਤਮਾ ਮਨ ਦੀ ਲਗਾਤਾਰ ਰਾਹ ਦਰਸਾਊ ਹੈ। ਆਤਮਾ ਤੇ ਸਰੀਰ ਖਤਮ ਹੋਣ ਨਾਲ ਵੀ ਖਤਮ ਨਹੀਂ ਹੁੰਦੇ ਤੇ ਜੇ ਕੋਈ ਆਵਾਗਮਨ ਦਾ ਚੱਕਰ ਹੈ ਤਾਂ ਇਹ ਚੱਕਰ ਆਤਮਾ ਤੇ ਮਨ ਹੀ ਭੁਗਤਦੇ ਹਨ ਸਰੀਰ ਨਹੀਂ। ਸਰੀਰ ਖਤਮ ਹੋਣ ਤੇ ਇਹ ਊਰਜਾ ਦਾ ਰੂਪ ਹੋ ਸਮੁਚੇ ਊਰਜਾ ਵਿੱਚ ਸੰਮਿਲਿਤ ਹੋ ਜਾਦੇ ਹਨ ਤੇ ਹੁਕਮਾਨੁਸਾਰ ਨਵਾਂ ਜੀਵਨ ਧਾਰਨ ਕਰਦੇ ਹਨ। ਆਤਮਾ ਨੂੰ ਮਰਨ ਦਾ ਕੋਈ ਡਰ ਭਉ ਨਹੀਂ ਕਿਉਂਕਿ ਇਸ ਲਈ ਤਾਂ ਇਹ ਇੱਕ ਸੁਭਾਵਕ ਕੁਦਰਤੀ ਬਦਲਾਉ ਹੈ ਜੋ ਲਗਾਤਾਰ ਹੁੰਦੇ ਹੀ ਜਾਣਾ ਹੈ ਜਦ ਤਕ ਇਹ ਪੂਰਨ ਟਿਕਾ ਵਿੱਚ ਨਹੀਂ ਆ ਜਾਂਦੀ। ਪੂਰਨ ਟਿਕਾ ਉਦੋਂ ਹੋ ਹੋਣਾ ਹੈ ਜਦ ਤਕ ਇਹ ਅਪਣੇ ਸਰੋਤ ਵਿੱਚ ਨਹੀਂ ਮਿਲ ਜਾਂਦੀ ਜਾਂ ਕਹਿ ਲਓ ਜੋਤ ਜੋਤ ਵਿੱਚ ਨਹੀਂ ਸਮਾ ਜਾਂਦੀ। ਇਸੇ ਪ੍ਰਕਿਰਿਆ ਨੂੰ ਜੋਤੀ ਜੋਤ ਸਮਾਉਣਾ ਕਿਹਾ ਗਿਆ ਹੈ। ਇਸ ਜੋਤੀ ਜੋਤ ਪ੍ਰਕਿਰਿਆ ਨੂੰ ਸੰਪੂਰਨ ਕਰਨ ਲਈ ਆਤਮਾ ਨੂੰ ਮਨ, ਮਨ ਨੂੰ ਪ੍ਰਾਣ ਤੇ ਸਰੀਰ ਸਾਧਣੇ ਪੈਣਗੇ। ਮਨ ਵਿੱਚੋਂ ਉਹ ਸਮੁਚੀ ਮੈਲ ਧੋਣੀ ਪਵੇਗੀ ਜੋ ਉਸ ਨੇ ਦੁਨਿਆਬੀ ਖਿੱਚਾਂ, ਮੋਹ-ਮਮਤਾ ਕਰਕੇ ਅਪਣੇ ਨਾਲ ਲਗਾ ਲਈ ਹੈ।
ਆਮ ਸਵਾਲ ਉਠਾਏ ਜਾਂਦੇ ਹਨ:
ਉਹ ਕੌਣ ਹੈ? ਕਿੱਥੇ ਹੈ? ਜੋ ਸਰੀਰ ਆਤਮਾ, ਮਨ ਪ੍ਰਾਣ ਬਣਾਉਂਦਾ, ਚਲਾਉਂਦਾ, ਮਿਟਾਉਂਦਾ ਤੇ ਘੁਮਾਉਂਦਾ ਹੈ ਤੇ ਫਿਰ ਅਪਣੇ ਆਪ ਵਿੱਚ ਸਫਰ ਮੁਕਾਉਂਦਾ ਹੈ? ਜਿਸ ਬਾਰੇ ਗੁਰਬਾਣੀ ਵਿੱਚ ਫੁਰਮਾਣ ਹੈ; “ਏ ਮਨ ਮੇਰਿਆ ਤੂ ਸਦਾ ਰਹੁ ਹਰ ਨਾਲੇ`। ਕੀ ਮਨ ਤੇ ਆਤਮਾ ਨੂੰ ਹੋਰ ਵੀ ਕੋਈ ਰਾਹ ਦਸਦਾ ਹੈ ਕਿ ਇਹ ਗੁਰਬਾਣੀ ਪੜ੍ਹਣੀ ਹੈ, ਇਹ ਗੁਰੂ ਅਪਣਾਉਣਾ ਹੈ? ਜਾਂ ਇਹ ਅਪਣੇ ਆਪ ਪਰਮਾਤਮਾ ਪ੍ਰਾਪਤੀ ਦੇ ਰਸਤੇ ਤੇ ਪੈ ਜਾਂਦੇ ਹਨ? ਜੇ ਆਤਮਾ ਮਨ ਨੂੰ ਸਮਝਾਉਂਦੀ ਹੈ ਤਾਂ ਕਿਵੇਂ ਸਮਝਾਉਂਦੀ ਹੈ? ਆਤਮਾ ਤੇ ਮਨ ਦਾ ਵਾਰਤਾਲਾਪ ਕਿਸ ਭਾਸ਼ਾ ਵਿੱਚ ਹੁੰਦਾ ਹੈ? “ਭਈ ਪਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹੁ ਤੇਰੀ ਬਰੀਆ”। ਇਹ ਗੋਬਿੰਦ ਕੌਣ ਹੈ ਜਿਸ ਨੂੰ ਮਿਲਣਾ ਹੈ? ਕੀ ਗੋਬਿੰਦ ਇਨਸਾਨੀ ਜੀਵਨ ਵਿੱਚ ਹੀ ਮਿਲ ਸਕਦਾ ਹੈ? ਹੋਰ ਜੀਵਨ ਵਿੱਚ ਨਹੀਂ? ਗੋਬਿੰਦ ਕੀ ਹੈ ਕੀ ਨਹੀਂ ਇਸ ਦੀ ਵਿਆਖਿਆ ਇਨ੍ਹਾਂ ਸਬਦਾਂ ਵਿੱਚ ਬਖੂਬੀ ਕੀਤੀ ਗਈ ਹੈ।
(ੳ) ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥
ਨਾ ਇਹੁ ਬਿਨਸੈ ਨਾ ਇਹੁ ਜਾਇ ॥
ਆਦਿ ਜੁਗਾਦੀ ਰਹਿਆ ਸਮਾਇ ॥ ੧ ॥
ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥ ੨ ॥
ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ ॥ ੩ ॥
ਤੀਨਿ ਗੁਣਾ ਇੱਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥
ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥
ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ ॥ (ਪੰਨਾ ੮੬੮)
(ਅ) ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥
ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥ ੧ ॥
ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥ ੧ ॥ ਰਹਾਉ ॥
ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥
ਨਾ ਇਸੁ ਪਿੰਡੁ ਨ ਰਕਤੂ ਰਾਤੀ ॥ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ ੨ ॥
ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥
ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥ ੩ ॥
ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥
ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ (ਕਬੀਰ ੮੭੧)
ਜਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਣ ਲਗਦੇ ਹਾਂ ਤਾਂ ਸਭ ਤੋਂ ਪਹਿਲਾਂ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ਆਉਂਦਾ ਹੈ ਜੋ ਸਾਰੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੁਨਿਆਦ ਮੰਨਿਆਂ ਗਿਆ ਹੈ। ਇਸ ਮੂਲ-ਮੰਤ੍ਰ ਵਿੱਚ ਜਿਸ ਹਸਤੀ ਦੀ ਵਿਆਖਿਆ ਕੀਤੀ ਹੋਈ ਉਸ ਨੂੰ ਅਸੀਂ ਵਾਹਿਗੁਰੂ, ਅਕਾਲ-ਪੁਰਖ, ਨਿਰੰਕਾਰ, ਗਾਡ, ਅੱਲਾ, ਰਾਮ, ਗੋਬਿੰਦ ਤੇ ਹੋਰ ਅਣਗਿਣਤ ਨਾਵਾਂ ਨਾਲ ਪੁਕਾਰਦੇ ਹਾਂ। ਇਹੋ ਉਹ ਸ਼੍ਰਿਸ਼ਟੀ-ਕਰਤਾ ਹੈ ਜਿਸ ਕੋਲੋਂ ਸਾਡੀ ਆਤਮਾ ਵਿਛੜੀ ਹੈ ਤੇ ਜਿਸ ਵਿੱਚ ਜਾ ਕੇ ਅਸੀਂ ਸਮਾਉਣਾ ਹੈ। ੮੪ ਲੱਖ ਜੂਨਾਂ ਦਾ ਆਮ ਜ਼ਿਕਰ ਕੀਤਾ ਜਾਂਦਾ ਹੈ ਤੇ ਇਹ ਵੀ ਮਾਨਵੀ ਜੂਨ ਸਭ ਤੋਂ ਉਤਮ ਹੈ ਜਿਸ ਵਿੱਚ ਗੋਬਿੰਦ ਪ੍ਰਾਪਤੀ ਸਭ ਤੋਂ ਜ਼ਿਆਦਾ ਸੰਭਵ ਹੈ ਕਿਉਂਕਿ ਇਨਸਾਨ ਕੋਲ ਵਿਕਸਤ ਮਨ ਹੈ ਜਿਸ ਨੂੰ ਆਤਮਾ ਆਸਾਨੀ ਨਾਲ ਸਮਝਾ ਸਕਦੀ ਹੈ ਤੇ ਗੋਬਿੰਦ-ਮਾਰਗ ਤੇ ਤੋਰ ਸਕਦੀ ਹੈ। ਮਨ ਨੂੰ ਸਾਧਨਾ ਵਲ ਮੋੜਦੀ ਹੈ ਤੇ ਸਹਿਜ ਸੁਭਾ ਪਲ ਪਲ ਗੋਬਿੰਦ ਨੂੰ ਯਾਦ ਕਰਨ ਲਈ ਲਗਾਈ ਰੱਖਦੀ ਹੈ। ਜਦ ਮਨ ਗੋਬਿੰਦ ਜਾ ਪਰਮ ਪਿਤਾ ਪਰਮਾਤਮਾ ਨਾਲ ਜੁੜਦਾ ਹੈ ਤਾਂ ਫਿਰ ਉਸਦਾ ਹੀ ਹੋ ਕੇ ਰਹਿ ਜਾਂਦਾ ਹੈ ਤੇ ਮੈ-ਮੇਰੀ ਦਾ ਖਾਤਮਾ ਹੋ ਜਾਂਦਾ ਹੈ ਤੇ ਦੁਨਿਆਬੀ ਮੋਹ-ਮਾਇਆ ਦੀ ਖਿੱਚ ਨਹੀਂ ਰਹਿੰਦੀ।
ਆਤਮਾ ਪਰਾਤਮਾ ਏਕੋ ਕਰੈ। ਅੰਤਰ ਕੀ ਦੁਬਿਧਾ ਅੰਤਰਿ ਮਰੈ। (ਪੰਨਾ ੬੬੧)
ਇਸੇ ਪਰਕਿਰਿਆ ਨਾਲ ਮਨ ਸਾਰੇ ਐਬਾਂ-ਵਿਕਾਰਾਂ ਤੋਂ ਪਾਕ-ਸਾਫ ਹੋ ਜਾਂਦਾ ਹੈ। ਸਾਫ ਮਨ, ਮਨ ਦਾ ਗੋਬਿੰਦ ਵਲ ਹਮੇਸ਼ਾ ਧਿਆਨ, ਪਲ ਪਲ ਗੋਬਿੰਦ ਦਾ ਨਾਮ ਇਹ ਸਭ ਗੋਬਿੰਦ ਨੂੰ ਖਿੱਚ ਲੈਂਦੇ ਹਨ ਤੇ ਇਹੋ ਜਿਹੀ ਪਾਕ-ਪਵਿਤਰ ਰੂਹ ਨੂੰ ਪਰਮਾਤਮਾ ਅਪਣੇ ਵਿੱਚ ਬੁਲਾ ਲੈਂਦਾ ਹੈ, ਮਿਲਾ ਲੈਦਾ ਹੈ। ਸਿੱਖ ਧਰਮ ਵਿੱਚ ਇਹੋ ਮੁਕਤੀ ਹੈ, ਇਹੋ ਆਉਣ-ਜਾਣ ਤੋਂ ਛੁਟਕਾਰਾ ਹੈ।
ਏਥੇ ਇਹ ਦਸਣਾ ਜ਼ਰੂਰੀ ਹੈ ਕਿ ਇਸ ਮਿਲਣ-ਮਿਟਣ ਨਾਲ ਮੌਤ ਦਾ ਸਬੰਧ ਨਹੀਂ। ਇਹ ਤਾਂ ਜੀਵਦਿਆਂ ਹੀ ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ ਜੋ ਸਦਾ ਉਸ ਵਿੱਚ ਜੁੜਿਆ ਰਹਿੰਦਾ ਹੈ। ਆਤਮਾ ਪਰਮਾਤਮਾ ਦਾ ਕਣ-ਨੁਮਾ ਹਿਸਾ ਹੈ ਜਿਸ ਦਾ ਮਨ ਨਾਲ ਸੰਵਾਦ ਮਨ ਤੇ ਆਤਮਾ ਦੋਨਾਂ ਵਿੱਚ ਤਬਦੀਲੀ ਦਾ ਕਾਰਨ ਬਣਦਾ ਹੈ। ਮਨ ਤੋਂ ਆਤਮਾ ਗਿਰਦੇ ਫੈਲਦੀ ਦੁਨਿਆਵੀ ਮੈਲ ਆਤਮਾ ਤੇ ਪਰਮਾਤਮਾ ਵਿਚਕਾਰ ਵਿੱਥ ਪੈਦਾ ਕਰਦੀ ਜਾਂਦੀ ਹੈ। ਇਹ ਵਿੱਥ ਉਦੋਂ ਹੀ ਘੱਟ ਹੁੰਦੀ ਹੈ ਜਦੋਂ ਮਨ ਪਹਿਲਾਂ ਅਪਣੀ ਮੈਲ ਉਤਾਰਦਾ ਹੇ ਤੇ ਫਿਰ ਰੂਹ ਗਿਰਦੇ ਹਉਮੈ, ਮੋਹ-ਮਾਇਆ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਬਦੀਆਂ ਦੀ ਚੜ੍ਹੀ ਮੈਲ ਨੂੰ ਸਾਫ ਕਰਦਾ ਹੈ ਜਿਸ ਦੀ ਦਿਸ਼ਾ ਆਤਮਾ ਹੀ ਦਿੰਦੀ ਹੈ। ਇਹ ਉਦੋਂ ਹੀ ਹੁੰਦਾ ਹੈ ਜਦੋਂ ਮਨ ਆਤਮਾ ਦੀ ਗੱਲ ਮੰਨਦਾ ਹੈ। ਜਦ ਤਕ ਮਨ ਆਤਮਾ ਦੀ ਗੱਲ ਨਹੀਂ ਮੰਨਦਾ ਸ਼ੁਧੀ ਦੀ ਸੰਭਾਵਨਾ ਨਹੀਂ।
“ਆਤਮਾ ਪਰਾਤਮਾ ਏਕੋ ਕਰੈ” ਜਦੋਂ ‘ਮਨ` ਦੀ ਵੱਖਰੀ ਹੋਂਦ ਮੁੱਕ ਜਾਂਦੀ ਹੈ, ‘ਆਤਮਾ-ਪ੍ਰਮਾਤਮਾ` ਇੱਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ। ਇਸੇ ਲਈ ਸਾਰੀ ਗੁਰਬਾਣੀ ੱਚ ਮਨੁੱਖ ਦੇ ‘ਮਨ` ਹੀ ਨੂੰ ਸੰਬੋਧਨ ਕੀਤਾ ਗਿਆ ਹੈ ਤੇ ਹਲੂਣਾ ਦਿੱਤਾ ਹੈ ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: 441) ਭਾਵ ਐ ਮਨ! ਤੇਰਾ ਅਸਲ ਟਿਕਾਣਾ ਪ੍ਰਭੂ ੱਚ ਇੱਕ ਮਿੱਕ ਹੋਣਾ ਹੈ ਤੂੰ ਆਪਣੀ ਅਸਲੀਅਤ ਦੀ ਪਛਾਣ ਕਰ। ਪ੍ਰਭੂ ਤਾਂ ਤੇਰੇ ਅੰਦਰ ਵੱਸ ਰਿਹਾ ਹੈ, ਗੁਰੂ ਤੋਂ ਮੱਤ ਲੈ ਤੇ ਆਪਣੇ ਜਨਮ ਦੇ ਸਦੀਵੀ ਅਨੰਦ ਨੂੰ ਜੀਊਂਦੇ ਜੀਅ ਪ੍ਰਾਪਤ ਕਰ। ਬਲਕਿ ਗੁਰਬਾਣੀ ੱਚ ਤਾਂ ਇਥੋਂ ਤੱਕ ਵੀ ਫ਼ੁਰਮਾਇਆ ਹੈ “ਜਿਨੀ ਆਤਮੁ ਚੀਨਿਆ, ਪਰਮਾਤਮੁ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ” (ਪੰ: ੪੨੧) ਅਥਵਾ “ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ” (ਪੰ: ੬੬੧)
ਆਤਮਾ ਤੇ ਮਨ ਵਿੱਚ ਸੂਚਨਾ ਦਾ ਆਦਾਨ-ਪਰਦਾਨ ਕਿਵੇਂ ਹੁੰਦਾ ਹੈ ਉਹ ਆਪਸ ਵਿੱਚ ਕਿਹੜੀ ਬੋਲੀ ਬੋਲਦੇ ਹਨ? ਇਸ ਸਵਾਲ ਦੇ ਉਤਰ ਵਿੱਚ ਮੈਂ ਇਹੋ ਕਹਾਂਗਾ ਕਿ ਸਰੀਰ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਵਿੱਚ ਸੂਚਨਾ ਵਹਾ ਪਰਕਿਰਿਆ ਬਹੁਤ ਤੇਜ਼ ਹੁੰਦੀ ਹੈ। ਚੋਟ ਪੈਰ ਤੇ ਆਉਂਦੀ ਹੈ ਤੇ ਪੀੜਾ ਦਾ ਅਸਰ ਦਿਮਾਗ ਵਿੱਚ ਇਕਦਮ ਪਹੁੰਚ ਜਾਂਦਾ ਹੈ। ਅੰਦਰੂਨੀ ਸੂਚਨਾ ਵਹਾ ਦਾ ਇੱਕ ਸਿਸਟਮ ਹੈ ਜੋ ਵੱਖਰੇ ਲੇਖ ਦਾ ਵਿਸ਼ਾ ਹੈ।