• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਪੁਸਤਕ "ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ"-ਲੇਖਕ: ਪ੍ਰੋ. ਹਰਨਾਮ ਦਾਸ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
136
64
Nangal, India
ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

20575

ਪੁਸਤਕ ਦਾ ਨਾਮ: ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ
ਲੇਖਕ: ਪ੍ਰੋ. ਹਰਨਾਮ ਦਾਸ
ਸੰਪਾਦਨ ਕਰਤਾ: ਡਾ. ਅਮ੍ਰਿੰਤ ਕੌਰ ਰੈਣਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ, ਇੰਡੀਆ।
ਪ੍ਰਕਾਸ਼ ਸਾਲ : 2018, ਕੀਮਤ: 250 ਰੁਪਏ ; ਪੰਨੇ: 119
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੇਨੈਡਾ।


"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਦੇ ਲੇਖਕ ਪ੍ਰੋ. ਹਰਨਾਮ ਦਾਸ ਸਿੱਖ ਧਰਮ ਦੇ ਵਿਲੱਖਣ ਵਿਦਵਾਨ ਹੋਏ ਹਨ। ਇਸ ਕਿਤਾਬ ਦੀ ਸੰਪਾਦਨ ਕਰਤਾ ਡਾ. ਅਮ੍ਰਿਤ ਕੌਰ ਰੈਣਾ ਨੇ ਕਿਤਾਬ ਦੇ ਸ਼ੁਰੂ ਵਿਚ "ਪ੍ਰੋ. ਹਰਨਾਮ ਦਾਸ - ਇਕ ਪਰੀਚੈ" ਨਾਮੀ ਲੇਖ ਵਿਚ ਲੇਖਕ ਦੀ ਜਾਣ ਪਛਾਣ ਕਰਵਾਂਉਂਦੇ ਹੋਏ ਲਿਖਿਆ ਹੈ ਕਿ ਬਾਲਕ ਹਰਨਾਮ ਦਾ ਜਨਮ ਸੰਨ 1905 ਵਿਚ ਪਿੰਡ ਦਰਿਆਖਾਨ, ਜ਼ਿਲ੍ਹਾ ਮੀਹਾਂਵਲੀ (ਪਾਕਿਸਤਾਨ) ਵਿਖੇ ਇਕ ਸਹਿਜਧਾਰੀ ਸਿੱਖ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਮਾਤਾ ਤੁਲਸੀ ਧਾਰਮਿਕ ਵਿਚਾਰਾਂ ਦੀ ਧਾਰਣੀ ਸੀ। ਜਿਸ ਕਾਰਣ ਹਰਨਾਮ ਨੂੰ ਬਚਪਨ ਤੋਂ ਹੀ ਧਾਰਮਿਕ ਗੁੜਤੀ ਮਿਲੀ। ਜੋ ਸਮੇਂ ਨਾਲ ਹਰਨਾਮ ਦਾਸ ਦੇ ਧਾਰਮਿਕ ਅਧਿਐਨ, ਪੜਚੋਲ ਤੇ ਲੇਖਣ ਕਾਰਜਾਂ ਦਾ ਆਧਾਰ ਬਣੀ। ਵਿੱਤੀ ਮੁਸ਼ਕਲਾਂ ਭਰੇ ਹਾਲਾਤਾਂ ਦੇ ਬਾਵਜੂਦ, ਸਮੇਂ ਦੇ ਬੀਤਣ ਨਾਲ, ਯੁਵਕ ਹਰਨਾਮ ਨੇ ਸਖ਼ਤ ਲਗਨ ਤੇ ਮਿਹਨਤ ਸਦਕਾ, ਐਮ. ਏ. (ਫਾਰਸੀ), ਐਮ. ਏ. (ਪੰਜਾਬੀ) ਤੇ ਬੀ. ਟੀ. ਦੀ ਪੜ੍ਹਾਈ ਮੁਕੰਮਲ ਕਰ ਲਈ। ਉਪਰੰਤ ਉਨ੍ਹਾਂ ਨੇ ਸਨਾਤਨ ਧਰਮ ਕਾਲਜ, ਅੰਬਾਲਾ ਕੈਂਟ ਵਿਖੇ ਪੰਜਾਬੀ ਦੇ ਵਿਲੱਖਣ ਅਧਿਆਪਕ ਵਜੋਂ ਸੇਵਾ ਸੰਭਾਲੀ ਜੋ ਉਨ੍ਹਾਂ ਅਗਲੇ ਕਈ ਦਹਾਕਿਆ ਤਕ ਪੂਰੀ ਤਨਦੇਹੀ ਅਤੇ ਵਿਦਵਤਾਪੂਰਣ ਨਿਭਾਈ।

ਧਾਰਮਿਕ ਰੰਗਣ ਵਿਚ ਰੰਗੇ ਪ੍ਰੋ. ਹਰਨਾਮ ਦਾਸ ਨੇ, ਆਪਣੇ ਸੇਵਾ ਕਾਲ ਦੌਰਾਨ ਹੀ, ਵਿਭਿੰਨ ਧਾਰਮਿਕ ਗ੍ਰੰਥਾਂ ਦਾ ਗਹਿਨ ਅਧਿਐਨ ਵੀ ਕੀਤਾ। ਸਿੱਖ ਧਰਮ ਅਤੇ ਹੋਰਨਾਂ ਧਰਮਾਂ ਖਾਸ ਕਰ ਬੁੱਧ ਧਰਮ, ਜੈਨ ਧਰਮ, ਵੇਦਾਂਤ, ਜੋਗੀ ਮੱਤ ਅਤੇ ਇਸਲਾਮ ਦੀ ਤੁਲਨਾਤਮਿਕ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੁਆਰਾ ਰਚਿਤ ਕਈ ਦਰਜਨਾਂ ਲੇਖ ਤੇ ਹੋਰ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ । ਉਨ੍ਹਾਂ ਦੇ ਅਨੇਕ ਲੇਖ ਪ੍ਰਸਿੱਧ ਅੰਗਰੇਜ਼ੀ ਖੋਜ ਪੱਤ੍ਰਿਕਾਵਾਂ ਜਿਵੇਂ ਕਿ "ਸਿੱਖ ਰਿਵਿਊ" ਅਤੇ "ਸਪੋਕਸਮੈਨ ਵੀਕਲੀ" ਦੇ ਵਿਸ਼ੇਸ਼ ਅੰਕਾਂ ਵਿਚ ਵੀ ਛਾਪੇ ਗਏ ਉਨ੍ਹਾਂ ਦਾ ਪੂਰਾ ਜੀਵਨ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਧਰਮ ਦੀ ਸੇਵਾ ਲਈ ਸਮਰਪਿਤ ਰਿਹਾ। ਉਨ੍ਹਾਂ ਨੂੰ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਸਾਹਿਤ ਰਚਣ ਕਾਰਜਾਂ ਵਿਚ ਵਿਸ਼ੇਸ਼ ਮੁਹਾਰਿਤ ਹਾਸਿਲ ਸੀ। ਉਹ ਇਕ ਰਹੱਸਵਾਦੀ ਕਵੀ ਵੀ ਸਨ, ਜਿਨ੍ਹਾਂ ਕੁਦਰਤ ਤੇ ਕਾਦਰ ਦੇ ਪ੍ਰੇਮ ਰੱਤੇ ਅਨੇਕ ਕਾਵਿਕ ਅਫਸਾਨੇ ਵੀ ਲਿਖੇ। । ਉਨ੍ਹਾਂ ਵਿਭਿੰਨ ਧਰਮਾਂ ਅਤੇ ਗੁਰਬਾਣੀ ਸੰਬੰਧਤ ਅਨੇਕ ਕਿਤਾਬਾਂ ਦੀ ਰਚਣਾ ਕੀਤੀ। ਪ੍ਰੋ. ਹਰਨਾਮ ਦਾਸ ਨੇ ਆਪਣੇ ਜੀਵਨ ਕਾਲ ਵਿਚ ਚਾਰ ਕਿਤਾਬਾਂ ਪ੍ਰਕਾਸ਼ਿਤ ਕੀਤੀਆ। ਉਨ੍ਹਾਂ ਦੀਆਂ ਸੱਤ ਕਿਤਾਬਾਂ ਉਨ੍ਹਾਂ ਦੀ ਸਪੁੱਤਰੀ ਅਤੇ ਸੰਪਾਦਿਕਾ ਡਾ. ਅਮ੍ਰਿਤ ਕੌਰ ਰੈਣਾ ਦੇ ਉੱਦਮ ਅਤੇ ਸਿਰੜ ਸਦਕਾ ਪਾਠਕਾਂ ਤਕ ਪਹੁੰਚੀਆਂ ਹਨ।

"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਦੀ ਸੰਪਾਦਿਕਾ ਡਾ. ਅਮ੍ਰਿੰਤ ਕੌਰ ਰੈਣਾ ਇਸ ਕਿਤਾਬ ਦੀ "ਭੂਮਿਕਾ" ਵਿਚ ਮਨੁੱਖੀ ਜੀਵਨ ਅਤੇ ਜਗਤ ਦੇ ਵਰਤਾਰੇ ਸੰਬੰਧਤ ਕੁਝ ਬੁਨਿਆਦੀ ਸਵਾਲ ਜਿਵੇਂ ਕਿ ਇਸ ਸੰਸਾਰ ਦਾ ਸਿਰਜਣਹਾਰ ਕੌਣ ਹੈ? ਸਿਰਜਣਹਾਰ ਤੇ ਮਨੁੱਖ ਦਾ ਆਪਸੀ ਸੰਬੰਧ ਕੀ ਹੈ? ਤੇ ਇਹ ਸੰਬੰਧ ਕਿਵੇਂ ਦਾ ਹੋਵੇ? ਜੀਵਨ ਦਾ ਉਦੇਸ਼ ਕੀ ਹੈ ਤੇ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਅਸੀਂ ਜੀਵਨ ਵਿਚ ਸੁਖ ਤੇ ਸ਼ਾਂਤੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਦੁੱਖਾਂ ਭਰੇ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ? ਮਨੁਖ ਦਾ ਸਵੈਪਣ ਅਤੇ ਉਸ ਦੇ ਹੋਰਨਾਂ ਨਾਲ ਸੰਬੰਧ ਕਿਹੋ ਜਿਹੇ ਹੋਣੇ ਚਾਹੀਦੇ ਹਨ ਆਦਿ, ਉਠਾਏ ਹਨ। ਸੰਪਾਦਿਕਾ, ਗੁਰਬਾਣੀ ਅਤੇ ਵਿਭਿੰਨ ਧਰਮਾਂ ਦੇ ਤੁਲਨਾਤਮਕ ਅਧਿਐਨ ਰਾਹੀਂ ਉਪਰੋਕਤ ਸਵਾਲਾਂ ਦਾ ਹੱਲ ਸੁਝਾਣਾਂ ਹੀ ਇਸ ਕਿਤਾਬ ਦੇ ਮੁੱਖ ਮਕਸਦ ਵਜੋਂ ਪੇਸ਼ ਕਰਦੀ ਹੈ। ਡਾ. ਰੈਣਾ ਦਾ ਬਿਆਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ "ਸਿਧ ਗੋਸਟਿ" ਵਿਭਿੰਨ ਧਾਰਮਿਕ ਵਿਚਾਰਾਂ ਦੇ ਆਪਸੀ ਵਾਦਵਿਵਾਦ ਆਧਾਰਿਤ ਇਕ ਅਦੁਤੀ ਰਚਨਾ ਹੈ ਜਿਸ ਦਾ ਸਰਬਵਿਆਪੀ ਤੇ ਸਰਬਕਾਲਿਕ ਮਹੱਤਵ ਹੈ। ਇਹ ਰਚਨਾ ਅਜੋਕੇ ਯੁੱਗ ਵਿਚ, ਉਪਰੋਕਤ ਸਵਾਲਾਂ ਦਾ ਸਮਾਧਾਨ ਸੁਝਾਂਦੇ ਹੋਏ ਮਨੁੱਖ ਦੀ ਅਧਿਆਤਮਿਕ ਭੁੱਖ ਨੂੰ ਸ਼ਾਂਤ ਕਰਨ ਦੇ ਸਮਰਥ ਹੈ।

"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਵਿਚ ਚਾਰ ਲੇਖ ਸ਼ਾਮਿਲ ਕੀਤੇ ਗਏ ਹਨ । ਇਹ ਹਨ: (1) ਸ਼ਬਦ ਗੁਰੂ ਦਾ ਸਕੰਲਪ, (2) ਨਾਮ ਮਹਿਮਾ, (3) ਸਹਿਜ ਅਵਸਥਾ-ਸੁੰਨ ਅਵਸਥਾ ਦਾ ਸਕੰਲਪ ਅਤੇ (4) ਵਿਆਖਿਆ ਸਿਧ ਗੋਸਟਿ। ਪ੍ਰੋ. ਹਰਨਾਮ ਦਾਸ ਰਚਿਤ "ਵਿਆਖਿਆ ਸਿੱਧ ਗੋਸ਼ਿਟ" ਦੇ ਕੁਝ ਕੁ ਖਾਸ ਪਹਿਲੂਆਂ ਦੀ ਵਧੇਰੇ ਸਪਸ਼ਟਤਾ ਲਈ, ਇਸ ਕਿਤਾਬ ਦੇ ਪਹਿਲੇ ਤਿੰਨ ਲੇਖ, ਸੰਪਾਦਿਕਾ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੇ ਹਨ। ਜੋ ਆਪਣੀ ਸਰਲ ਭਾਸ਼ਾ ਕਾਰਣ ਪਾਠਕਾਂ ਦਾ ਮਨ ਮੋਹਣ ਦੇ ਸਮਰਥ ਹਨ। ਇਸ ਕਿਤਾਬ ਦੇ ਪਹਿਲੇ ਲੇਖ "ਸ਼ਬਦ ਗੁਰੂ ਦਾ ਸੰਕਲਪ" ਵਿਚ ਡਾ. ਅਮ੍ਰਿੰਤ ਰੈਣਾ ਲਿਖਦੇ ਹਨ ਕਿ ਸ਼ਬਦ-ਗੁਰੂ ਦੀ ਸਾਧਨਾ, ਸਿੱਖ ਧਰਮ ਚਿੰਤਨ ਦਾ ਕੇਂਦਰ ਬਿੰਦੂ ਹੈ। ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ ਇਕਾਗਰਚਿਤ ਨਾਮ ਅਭਿਆਸ ਕਰਦਾ ਹੋਇਆ ਮਨੁੱਖ ਅੰਤਰ ਚੇਤਨਾ ਦੀ ਐਸੀ ਅਵਸਥਾ ਤੇ ਜਾ ਪਹੁੰਚਦਾ ਹੈ ਜਿਥੇ ਉਸ ਨੂੰ ਇਲਾਹੀ ਨਾਦ ਵਜਦਾ ਪ੍ਰਤੀਤ ਹੁੰਦਾ ਹੈ। ਦੈਵੀ ਗਿਆਨ ਦੀ ਅਨੂਭੂਤਿ ਹੁੰਦੀ ਹੈ। ਇਹ ਨਿਰੰਤਰ ਵਜਦੀ ਹੋਈ ਅਨਹਦ ਝਣਕਾਰ, ਉਸ ਨੂੰ ਪਰਮਾਤਮਾ ਨਾਲ ਮਿਲਾਉਂਦੀ ਹੋਈ, ਵਿਸਮਾਦ ਦੀ ਅਵਸਥਾ ਤੱਕ ਜਾ ਪਹੁੰਚਾਉਂਦੀ ਹੈ। ਡੂੰਘੀ ਅਨੁਭੂਤਿ ਵਿਚ ਲੀਨ ਹੋਇਆ ਮਨੁੱਖ ਆਪ ਸ਼ਬਦ ਰੂਪ ਹੋ ਜਾਂਦਾ ਹੈ ਤੇ ਪਰਮਾਨੰਦ ਦੀਆਂ ਅਨੰਤ ਉਚਾਈਆਂ ਨੂੰ ਛੂੰਹਦਾ ਹੋਇਆ ਦਸਮ ਦੁਆਰ ਤੱਕ ਜਾ ਪਹੁੰਚਦਾ ਹੈ।

ਡਾ. ਰੈਣਾ ਵਰਨਣ ਕਰਦੇ ਹਨ ਕਿ ਪਰਮਾਤਮਾ ਸ਼ਬਦ ਰਾਹੀਂ ਆਪਣੇ ਆਪ ਨੂੰ ਪ੍ਰਕਾਸ਼ਿਤ ਕਰਦਾ ਹੈ। ਸ਼ਬਦ ਲਹਿਰਾਂ ਸੰਪੂਰਨ ਬ੍ਰਹਿਮੰਡ ਵਿਚ ਵਿਆਪਕ ਹਨ। ਜਿਨ੍ਹਾਂ ਰਾਹੀਂ ਆਲੌਕਿਕ ਆਨੰਦ ਦਾ ਸੰਗੀਤ ਸੰਪੂਰਨ ਬ੍ਰਹਿਮੰਡ ਵਿਚ ਧਵਨਿਤ ਹੋ ਰਿਹਾ ਹੈ। ਸ਼ਬਦ ਨਿਰੰਕਾਰੀ ਪੈਗਾਮ ਹੈ। ਗਿਆਨ ਸਰੂਪ ਪਰਮਾਤਮਾ ਸ਼ਬਦ ਗੁਰੂ ਦੇ ਰੂਪ ਵਿਚ ਹਰ ਮਨ ਅੰਦਰ ਵਸਦਾ ਹੈ। ਆਤਮਾ ਵਿਚ ਵਸਦੀ ਇਸ ਦਿਬ ਜੋਤੀ ਦਾ ਅਨੁਭਵ ਸ਼ਬਦ ਰਾਹੀਂ ਹੁੰਦਾ ਹੈ। ਇਸ ਸੱਚ ਸਰੂਪ ਨਿਰੰਕਾਰੀ ਸ਼ਬਦ ਨਾਲ ਜਿਸ ਦਾ ਹਿਰਦਾ ਜੁੜ ਜਾਂਦਾ ਹੈ, ਉਸ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਜਦੋਂ ਜੀਵਨ ਵਿਚ ਪ੍ਰਫੁਲਿਤ ਹੋ ਜਾਂਦਾ ਹੈ ਤਾਂ ਜੀਵਨ ਵਿਚ ਦੈਵੀ ਗੁਣਾਂ ਦਾ ਵਿਗਾਸ ਹੁੰਦਾ ਹੈ। ਮਨੁੱਖ ਨਿਸ਼ਕਾਮ ਸੇਵਾ ਦੇ ਰਾਹ 'ਤੇ ਤੁਰਦਾ ਹੈ।

ਡਾ. ਰੈਣਾ ਬਿਆਨ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਸਾਕਾਰ ਰੂਪ ਹੈ। ਜੀਵਨ ਵਿਚ ਸ਼ਬਦ ਗੁਰੂ ਦਾ ਵਿਕਾਸ ਗੁਰਬਾਣੀ ਰਾਹੀਂ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ "ਪੋਥੀ ਪਰਮੇਸਰ ਕਾ ਥਾਨੁ" (ਪੰਨਾ 1226) ਦੇ ਰੂਪ ਵਿਚ ਸ਼ਬਦ ਗੁਰੂ ਨੂੰ ਸਥਾਪਿਤ ਕੀਤਾ। ਸ਼ਬਦ ਗਾਇਨ, ਸੁਨੰਨ, ਮਨੰਨ, ਭਗਤੀ ਦਾ ਪ੍ਰਮੁੱਖ ਸਾਧਨ ਹਨ। ਜਦੋਂ ਸ਼ਬਦ ਗਾਇਨ ਸਾਧ ਸੰਗਤ ਵਿਚ ਹੁੰਦਾ ਹੈ ਤਾਂ ਇੰਜ ਭਾਸਦਾ ਹੈ ਜਿਵੇਂ ਸਾਖਿਆਤ ਪਰਮਾਤਮਾ ਉਥੇ ਬਿਰਾਜਮਾਨ ਹੈ। ਇਹ ਸ਼ਬਦ ਗੁਰੂ, ਪੋਥੀ ਪਰਮੇਸਰੁ ਦਾ ਥਾਨੁ, ਦਾ ਰੂਪ ਧਾਰਨ ਕਰ ਲੋਕਾਈ ਲਈ ਨਿਰੰਤਰ ਰਾਹ ਦਸੇਰਾ ਬਣ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ-ਗੁਰੂ ਦੀ ਵਿਆਖਿਆ ਹੈ। ਗੁਰਬਾਣੀ ਵਿਚ ਸ਼ਬਦ ਨੂੰ ਧੁਨ, ਨਾਦ, ਬ੍ਰਹਮ ਸਤਾ, ਹੁਕਮ, ਗੁਰੂ ਮੰਤਰ, ਨਾਮ, ਗੁਰੂ ਉਪਦੇਸ਼, ਤੇ ਗੁਰੂ ਗਿਆਨ ਦੇ ਸਮਾਨਾਰਥਕ ਵੀ ਵਰਤਿਆ ਗਿਆ ਹੈ। ਗੁਰੂ ਸਾਹਿਬਾਨ ਨੇ ਸ਼ਬਦ ਦੀ ਵਰਤੋਂ ਧਰਮ, ਦੈਵੀ ਗਿਆਨ, ਤੇ ਦੈਵੀ ਪ੍ਰਕਾਸ਼ ਲਈ ਵੀ ਕੀਤੀ ਹੈ। ਡਾ. ਰੈਣਾ ਵਰਨਣ ਕਰਦੇ ਹਨ ਕਿ ਸ਼ਬਦ ਦਾ ਵਿਕਾਸ ਮਨੁੱਖੀ ਆਤਮਾ ਵਿਚ ਪਰਮਾਤਮਾ ਦੀ ਨਦਰ ਰਾਹੀਂ ਹੁੰਦਾ ਹੈ। ਸ਼ਬਦ ਜੀਵਨ ਨੂੰ ਸੰਵਾਰਦਾ ਹੈ। ਮਨੁੱਖ ਦੇ ਅੰਦਰ ਜਦੋਂ ਸ਼ਬਦ ਵਸ ਜਾਂਦਾ ਹੈ ਤਾਂ ਅਗਿਆਨ ਅੰਧੇਰਾ ਮਿਟ ਜਾਂਦਾ ਹੈ।

"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਦੇ ਦੂਸਰੇ ਲੇਖ "ਨਾਮ ਮਹਿਮਾ" ਵਿਚ ਡਾ. ਰੈਣਾ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮੁੱਖ ਬਾਣੀ 'ਜਪੁਜੀ ਸਾਹਿਬ' ਦੇ ਸ਼ੁਰੂ ਵਿਚ ਇਕ ਸਵਾਲ ਪੁੱਛਿਆ ਗਿਆ ਹੈ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ'' ਭਾਵ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ ਤੇ ਆਤਮਾ ਤੇ ਪਰਮਾਤਮਾ ਦੇ ਮੇਲ ਵਿਚ ਬਾਧਕ ਕੂੜ (ਹਉਂਮੈ) ਦੀ ਦੀਵਾਰ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਡਾ. ਰੈਣਾ ਅਨੁਸਾਰ ਜਪੁਜੀ ਸਾਹਿਬ ਹੀ ਨਹੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਪ੍ਰਸ਼ਨ ਦਾ ਉਤਰ ਦੇਣ ਦਾ ਉਪਰਾਲਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਹੋਏ, ਨਾਮ ਸਿਮਰਨ ਦੁਆਰਾ ਆਤਮਾ ਤੇ ਪਰਮਾਤਮਾ ਦੇ ਮਿਲਨ ਵਿਚ ਬਾਧਕ ਹਉਂਮੈ (ਮਾਇਆ) ਦੀ ਇਸ ਦੀਵਾਰ ਨੂੰ ਤੋੜਿਆ ਜਾ ਸਕਦਾ ਹੈ। ਗੁਰਬਾਣੀ ਦਾ ਵਿਖਿਆਨ ਹੈ ਕਿ ਮਾਇਆ ਦੇ ਰਜੋਗੁਣ, ਤਮੋਗੁਣ, ਸਤੋਗੁਣ, ਅਤੇ ਹਉਂਮੈਂ ਰੂਪ, ਆਤਮਾ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ ਹਨ। ਨਾਮ ਸਿਮਰਨ ਦੁਆਰਾ ਹਉਂਮੈਂ ਨੂੰ ਦੈਵੀ ਹੁਕਮ ਵਿਚ ਬਦਲਿਆ ਜਾ ਸਕਦਾ ਹੈ। ਜਦ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਮੌਜੂਦ ਕੂੜ (ਹਊਮੈਂ) ਦੀ ਦੀਵਾਰ ਟੁੱਟ ਜਾਂਦੀ ਹੈ, ਮਨੁੱਖ ਸਚਿਆਰ ਬਣ, ਨਾਮ ਤੀਰਥ ਵਿਚ ਇਸ਼ਨਾਨ ਕਰਦਾ ਹੈ। ਨਾਮ ਦੀ ਅਨੁਭੂਤਿ ਰਾਹੀਂ ਤ੍ਰਿਗੁਣਾਤੀਤ ਹੋ ਕੇ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।

ਡਾ. ਰੈਣਾ ਦਾ ਕਥਨ ਹੈ ਕਿ ਸਿੱਖ ਧਰਮ ਦੈਵੀ ਨਾਮ ਦਾ ਮਾਰਗ ਹੈ। ਸਿੱਖ ਚਿੰਤਨ ਅਨੁਸਾਰ ਸ੍ਰਿਸ਼ਟੀ ਦਾ ਨਿਰਮਾਣ ਨਾਮ ਸ਼ਕਤੀ ਦੁਆਰਾ ਹੋਇਆ ਹੈ। ਪਰਮਾਤਮਾ ਨੇ ਸੁੰਨ ਸਮਾਧਿ ਦੀ ਅਵਸਥਾ ਤੋਂ ਬਾਅਦ ਸਭ ਤੋਂ ਪਹਿਲਾਂ ਨਾਮ ਦੀ ਸਿਰਜਣਾ ਕੀਤੀ। "ਆਪੀਨ੍ਰੇ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ" (ਪੰਨਾ 463) ਤੇ ਫਿਰ ਪਰਮਾਤਮਾ ਦੀ ਇਸ ਦੈਵੀ ਸਿਰਜਣਾਤਮਿਕ ਸ਼ਕਤੀ ਦੁਆਰਾ ਸੰਪੂਰਨ ਸ੍ਰਿਸ਼ਟੀ ਦਾ ਜਨਮ ਹੌਇਆ। ਸੰਪੂਰਨ ਸੰਸਾਰ ਨਾਮ ਦਾ ਪਸਾਰਾ ਹੈ। ਨਾਦ ਤੇ ਵੇਦ ਦਾ ਸਰੋਤ ਹੈ। ਨਾਮ ਸਰਬ ਵਿਆਪਕ ਜੀਵਨ ਜੋਤ ਹੈ। ਮਨੁੱਖੀ ਜੀਵਨ ਲਈ ਅੰਮ੍ਰਿਤ ਦੀ ਤਰ੍ਹਾਂ ਕਲਿਆਣਕਾਰੀ ਹੈ। ਨਾਮ, ਸੱਚਾਈ, ਸੁੰਦਰਤਾ, ਆਨੰਦ, ਤੇ ਚੜ੍ਹਦੀ ਕਲਾ ਦਾ ਸੋਮਾ ਹੈ। ਇਹ ਅਧਿਆਤਮਿਕ, ਮਾਨਸਿਕ, ਤੇ ਸਰੀਰਕ ਸ਼ਕਤੀਆਂ ਦਾ ਸਰੋਤ ਹੈ। ਗੁਰਬਾਣੀ ਵਿਚ ਨਾਮ ਸ਼ਕਤੀ ਲਈ ਸ਼ਬਦ, ਸੱਚ, ਹੁਕਮ, ਬਾਣੀ, ਤੇ ਗੁਰਬਾਣੀ ਆਦਿ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਜਪੁ ਜੀ ਸਾਹਿਬ ਵਿਚ ਨਾਮ ਨੂੰ ਅੰਮ੍ਰਿਤ ਨਾਮ, ਨਿਰੰਜਨ ਨਾਮ, ਸਤਿਨਾਮ ਕਿਹਾ ਗਿਆ ਹੈ। ਨਾਮ ਲਈ ਹਰਿਨਾਮ, ਰਾਮਨਾਮ, ਅੰਮ੍ਰਿਤਨਾਮ, ਕੇਵਲ ਨਾਮ, ਤੇ ਰਤਨ ਨਾਮ ਸ਼ਬਦ ਵੀ ਵਰਤੇ ਗਏ ਹਨ। ਸੁਖਮਨੀ ਸਾਹਿਬ ਵਿਚ ਇਸ ਨੂੰ ਪਾਰਜਾਤ ਕਾਮਧੇਨੁ ਕਿਹਾ ਗਿਆ ਹੈ, ਜੋ ਇਨਸਾਨ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਪ੍ਰਭੂ ਦਾ ਨਾਮ ਸਿਮਰਨ ਗਿਆਨ, ਧਿਆਨ ਤੇ ਮਾਨਸਿਕ ਸ਼ਕਤੀ ਪ੍ਰਦਾਨ ਕਰਦਾ ਹੈ।

ਡਾ. ਰੈਣਾ ਬਿਆਨ ਕਰਦੇ ਹਨ ਕਿ ਨਾਮ ਸਿਮਰਨ ਦਾ ਅਰਥ ਹੈ ਮਨ, ਬਚਨ, ਕਰਮ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਸੰਯੁਕਤ ਹੋਣਾ। ਨਾਮ ਸਿਮਰਨ ਦੁਆਰਾ ਅਗਿਆਨ ਦਾ ਅੰਧੇਰਾ ਮਿਟ ਜਾਂਦਾ ਹੈ ਤੇ ਪਰਮਾਤਮਾ ਆਪਣੇ ਨੇੜੇ ਦਿਖਾਈ ਦਿੰਦਾ ਹੈ। ਨਾਮ ਅਭਿਆਸ ਦੁਆਰਾ ਜੀਵਨ ਵਿਚ ਦੈਵੀ ਗੁਣ ਵਿਕਸਿਤ ਹੁੰਦੇ ਹਨ। ਨਾਮ ਜਾਂ ਦੈਵੀ ਸੰਗੀਤ ਨੂੰ ਬਾਹਰਲੀ ਦੁਨੀਆ ਵਿਚ ਕੀਰਤਨ ਦੇ ਰੂਪ ਵਿਚ ਸੁਣਿਆ ਜਾ ਸਕਦਾ ਹੈ। ਨਿਰੰਤਰ ਹਰਿਨਾਮ ਦੇ ਜਪ ਦੁਆਰਾ, ਮਨੁੱਖ ਦਾ ਅੰਦਰਲਾ ਨਾਦ ਜਾਗ੍ਰਿਤ ਹੋ ਜਾਂਦਾ ਹੈ। ਬਾਹਰਲਾ ਨਾਦ ਤੇ ਅੰਦਰਲਾ ਨਾਦ ਇਕ ਸੁਰ ਇਕ ਤਾਲ ਹੋ ਜਾਂਦੇ ਹਨ। ਮਨ ਮਤਵਾਲਾ ਹੋ ਕੇ ਇਸ ਨਾਦ ਦੇ ਅੰਮ੍ਰਿਤ ਦੇ ਘੁੱਟ ਭਰਦਾ ਹੈ। ਚਾਰੋਂ ਤਰਫ਼ ਪਰਮਾਤਮਾ ਦਾ ਜਲਵਾ ਦਿਖਾਈ ਦਿੰਦਾ ਹੈ।

"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਦੇ ਤੀਸਰੇ ਲੇਖ "ਸਹਿਜ ਅਵਸਥਾ-ਸੁੰਨ ਅਵਸਥਾ ਦਾ ਸੰਕਲਪ" ਵਿਚ ਡਾ. ਰੈਣਾ ਵਰਨਣ ਕਰਦੇ ਹਨ ਕਿ ਸਹਿਜ ਅਵਸਥਾ ਆਤਮਿਕ ਤੇ ਮਾਨਸਿਕ ਸ਼ਾਂਤੀ ਦੀ ਸਰਵਉੱਚ ਵਿਸਮਾਦੀ ਅਵਸਥਾ ਹੈ। ਇਸ ਅਵਸਥਾ ਵਿਚ ਮਨੁੱਖ ਨੂੰ ਦੈਵੀ ਪ੍ਰੇਮ ਦੀ ਅਨੂਭੂਤਿ ਹੁੰਦੀ ਹੈ। ਮਨੁੱਖ ਅਗਿਆਨ ਤੇ ਹਉਂਮੈਂ ਉੱਤੇ ਜਿੱਤ ਪ੍ਰਾਪਤ ਕਰ ਦੁਨੀਆਵੀ ਦੁੱਖਾਂ ਤੇ ਗਮਾਂ ਤੋਂ ਉਪਰ ਉੱਠ, ਆਤਮਿਕ ਸ਼ਾਂਤੀ ਦੀ ਹਾਲਤ ਵਿਚ ਵਿਚਰਣ ਲਗਦਾ ਹੈ। ਸਾਰੇ ਦੁੱਖ, ਮੋਹ, ਮਾਇਆ, ਦਵੇਸ਼, ਤੇ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਇਹ ਆਤਮਾ ਦੀ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਹੈ। ਆਤਮਾ ਸਚਿਆਰ ਬਣ ਸੱਚ ਖੰਡ ਵਿਚ ਪ੍ਰਵੇਸ਼ ਕਰਦੀ ਹੈ ਅਤੇ ਅਰਸ਼ੀ ਉਡਾਰੀਆਂ ਲੈਂਦੀ ਪਰਮਾਤਮਾ ਵਿਚ ਅਭੇਦ ਹੋ ਜਾਂਦੀ ਹੈ। ਮਨੁੱਖ ਆਪਣੀ ਭਗਤੀ ਤੇ ਸਾਧਨਾ ਦੇ ਫਲਸਰੂਪ ਪਰਮਾਤਮਾ ਵਿਚ ਅਭੇਦਤਾ ਦੇ ਪਰਮਸੁਖ ਨੂੰ ਅਨੁਭਵ ਕਰਦਾ ਹੈ। ਉਸ ਨੂੰ ਸੰਪੂਰਨ ਸ੍ਰਿਸ਼ਟੀ ਵਿਚ ਪਰਮਾਤਮਾ ਦਾ ਜਲਵਾ ਦਿਖਾਈ ਦਿੰਦਾ ਹੈ।

ਸਹਿਜ ਅਵਸਥਾ ਮਨ ਦੀ ਤ੍ਰਿਗੁਣਾਤੀਤ ਅਵਸਥਾ ਹੈ। ਗੀਤਾ ਵਿਚ ਇਸ ਨੂੰ ਤ੍ਰਿਗੁਣਾਤੀਤ ਪਦ ਕਿਹਾ ਗਿਆ ਹੈ। ਉਪਨਿਸ਼ਦਾਂ ਵਿਚ ਇਸ ਨੂੰ ਕੇਵਲ ਪਦ, ਜਾਂ ਆਤਮ ਪਦ ਕਿਹਾ ਗਿਆ ਹੈ। ਗੁਰਬਾਣੀ ਵਿਚ ਇਸ ਨੂੰ ਚੌਥਾ ਪਦ, ਜੀਵਨ ਪਧਤੀ, ਸਹਿਜ ਅਵਸਥਾ, ਤੁਰਿਆ ਪਦ, ਆਤਮ ਪਦ, ਸੁੰਨ ਅਵਸਥਾ ਕਿਹਾ ਗਿਆ ਹੈ। ਡਾ. ਰੈਣਾ ਦਾ ਕਹਿਣਾਂ ਹੈ ਕਿ ਸਹਿਜ ਅਵਸਥਾ ਤੇ ਸੁੰਨ ਅਵਸਥਾ ਇਕੋ ਗਲ ਹੈ। ਸ੍ਰਿਸ਼ਟੀ ਦੇ ਵਿਕਾਸ ਤੋਂ ਪਹਿਲਾਂ ਪਰਮਾਤਮਾ ਸੁੰਨ ਸਮਾਧਿ ਦੀ ਸ਼ਾਂਤ ਆਨੰਦਮਈ ਅਵਸਥਾ ਵਿਚ ਸੀ। ਸਿੱਖ ਧਰਮ ਅਨੁਸਾਰ ਜੀਵਨ ਦਾ ਸਰਬੋਤਮ ਉਦੇਸ਼ ਸਹਿਜ ਅਵਸਥਾ ਦੀ ਪ੍ਰਾਪਤੀ ਹੈ। ਸਹਿਜ ਅਵਸਥਾ ਵਿਚ ਰਹਿੰਦਾ ਮਨੁੱਖ ਦੁੱਖ, ਸੁੱਖ, ਸੋਨਾ ਤੇ ਮਿੱਟੀ ਨੂੰ ਇਕੋ ਜਿਹਾ ਹੀ ਸਮਝਦਾ ਹੈ। ਅਜਿਹਾ ਮਨੁੱਖ ਮੋਹ, ਮਾਇਆ, ਤੇ ਮਮਤਾ ਦਾ ਤਿਆਗ ਕਰ ਮੁਕਤ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਉਹ ਸੰਸਾਰ ਵਿਚ ਵਿਚਰਦਾ, ਖੁਸ਼ੀਆਂ-ਗਮਾਂ ਤੋਂ ਨਿਰਲੇਪਤਾ ਵਾਲਾ ਜੀਵਨ ਬਤੀਤ ਕਰਦਾ ਹੋਇਆ ਦੁਖ, ਸੁਖ, ਜੀਵਨ ਮਰਣ ਤੋਂ ਉਪਰ ਉਠ ਜਾਂਦਾ ਹੈ।

ਡਾ. ਰੈਣਾ ਦਾ ਦ੍ਰਿਸ਼ਟਾਂਤ ਹੈ ਕਿ ਸਹਿਜ ਅਵਸਥਾ ਦੌਰਾਨ ਹਿਰਦੇ ਵਿਚ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਮਨ ਨਿਜ ਘਰ ਵਿਚ ਸੱਚ ਸ਼ਬਦ ਨਾਲ ਜੁੜ ਜਾਂਦਾ ਹੈ। ਗੁਰਮੁਖ ਅੰਦਰੋਂ ਵਿਕਾਰਾਂ ਦੀ ਮੈਲ ਨਸ਼ਟ ਹੋ ਜਾਂਦੀ ਹੈ। ਗੁਰੁ ਕ੍ਰਿਪਾ ਰਾਹੀਂ ਉਹ ਨਿਜ ਸਰੂਪ ਨੂੰ ਪਹਿਚਾਣ ਲੈਂਦਾ ਹੈ। ਮਨ ਅੰਦਰ ਪੂਰਨ ਗਿਆਨ ਦੀ ਜੋਤਿ ਪ੍ਰਗਟ ਹੋ ਜਾਂਦੀ ਹੈ। ਤੇ ਮਨ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਪਾਰਬ੍ਰਹਮ ਵਿਚ ਲੀਨ ਹੋ ਜਾਂਦਾ ਹੈ। ਵਿਸਮਾਦ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਆਤਮਾ ਦਸਮ ਦੁਆਰ ਵਿਚ ਪ੍ਰਵੇਸ਼ ਕਰਦੀ ਹੈ। ਆਤਮਾ ਦਾ ਸੰਪਰਕ ਪਰਮਾਤਮਾ ਨਾਲ ਹੁੰਦਾ ਹੈ। ਇਹ ਜੀਵਨ ਮੁਕਤ ਅਵਸਥਾ ਅੰਦਰੂਨੀ ਜਾਗ੍ਰਿਤੀ ਦੀ ਸਰਬਉੱਚ ਅਵਸਥਾ ਹੈ। ਸੱਚੀ ਮੁਕਤੀ ਦਾ ਅਰਥ ਜੀਵਨ ਤੋਂ ਪਲਾਇਨ ਨਹੀਂ। ਪਦਾਰਥਵਾਦੀ, ਮਾਇਆਵਾਦੀ ਦ੍ਰਿਸ਼ਟੀਕੋਣ ਤੋਂ ਉਪਰ ਉਠ ਕੇ ''ਹੰਸਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ''(ਪੰਨਾ 522) ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੁਨੀਆਵੀ ਪ੍ਰਲੋਭਨਾ ਤੋਂ ਕੰਵਲ ਦੀ ਭਾਂਤੀ ਉਪਰ ਉੱਠ ਕੇ, ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਹੋਏ, ਨਾਮ ਸਿਮਰਨ ਤੇ ਸ਼ੁਭ ਗੁਣਾਂ ਦੇ ਵਿਕਾਸ ਦੁਆਰਾ ਹੌਲੇ-ਹੌਲੇ ਇਸ ਅਵਸਥਾ ਤੱਕ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਅਗੇ ਪੂਰਨ ਆਤਮ ਸਮਰਪਨ, ਸੰਤਾਂ ਦਾ ਸਾਥ, ਪਰਉਪਕਾਰੀ ਸੰਤ ਜਨਾਂ ਦੀ ਰਹਿਨੁਮਾਈ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੁੰਦੀ ਹੈ। ਸਿਰਜਣਾਤਮਿਕ ਸ਼ੁਭ ਕੰਮਾਂ ਦੇ ਕਰਨ ਦੁਆਰਾ ਅਜਿਹੀ ਅਵਸਥਾ ਵਿਚ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਦੀ ਨਦਰ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੁੰਦੀ ਹੈ। ਮਾਨਸਿਕ ਅਨੁਸ਼ਾਸਨ ਰਾਹੀਂ ਵਿਸ਼ੇ ਵਿਕਾਰਾਂ 'ਤੇ ਕਾਬੂ, ਸਹਿਜ ਅਵਸਥਾ ਦੀ ਪ੍ਰਾਪਤੀ ਵਿਚ ਸਹਾਇਕ ਹੁੰਦਾ ਹੈ। ਮਨੁੱਖੀ ਸਰੀਰ ਅੰਦਰ ਮੌਜੂਦ ਦੈਵੀ ਜੋਤੀ ਨਾਲ ਤਾਲ ਮੇਲ ਸਥਾਪਿਤ ਕੀਤੇ ਬਿਨਾਂ ਸਹਿਜ ਅਵਸਥਾ ਦੀ ਪ੍ਰਾਪਤੀ ਸੰਭਵ ਨਹੀਂ ਹੈ।

"ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ" ਕਿਤਾਬ ਦਾ ਮੁੱਖ ਲੇਖ "ਵਿਆਖਿਆ ਸਿਧ ਗੋਸਟਿ" ਆਖਰੀ ਤੇ ਵੱਡਾ ਲੇਖ ਹੈ ਜੋ ਪ੍ਰੋ. ਹਰਨਾਮ ਦਾਸ ਦੁਆਰਾ ਰਚਿਤ ਹੈ। ਕੁੱਲ 104 ਪੰਨਿਆਂ ਵਿਚ ਫੈਲਿਆ ਇਹ ਲੇਖ ਉਸ ਚਰਚਾ ਦਾ ਜ਼ਿਕਰ ਕਰਦਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ। ਪ੍ਰੋ। ਹਰਨਾਮ ਦਾਸ ਅਨੁਸਾਰ ਸਿਧ ਗੋਸਟਿ ਦੇ ਦੋ ਅਰਥ ਹਨ। ਸਿੱਧਾਂ ਨਾਲ ਵਿਚਾਰ ਚਰਚਾ ਅਤੇ ਪਰਮਾਤਮਾ ਨਾਲ ਮਿਲਾਪ ਦੀ ਨਿਸ਼ਾਨਦੇਹੀ। ਪਹਿਲੀ ਪਉੜੀ ਮੰਗਲਾਚਰਣ ਹੈ। ਜਿਸ ਵਿਚ ਸੰਤ ਸਭਾ ਦੀ ਵਡਿਆਈ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਸੰਤਾਂ ਦੀ ਸੰਗਤ ਵਿਚ ਸੱਚ ਦੀ ਪ੍ਰਾਪਤੀ ਹੁੰਦੀ ਹੈ। ਯੋਗ ਮਾਰਗ ਦੇ ਸ਼ਰਧਾਲੂਆਂ ਲਈ ਜ਼ਰੂਰੀ ਹੈ ਕਿ ਉਹ ਯੋਗ ਸਾਧਨਾ ਦੇ ਅਭਿਆਸ ਤੋਂ ਪਹਿਲਾਂ ਸੰਪੂਰਨ ਤੇ ਦ੍ਰਿੜ ਵਿਸ਼ਵਾਸ ਨਾਲ ਸਿੱਧ ਸਭਾ ਵਿਚ ਪ੍ਰਵੇਸ਼ ਕਰਨ। ਸੱਚੇ ਸ਼ਬਦ ਨੂੰ ਜੀਵਨ ਵਿਚ ਢਾਲੇ ਬਿਨਾਂ ਕੋਈ ਵੀ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਦੇਸ਼ ਦੇਸ਼ਾਂਤਰ ਅਤੇ ਤੀਰਥਾਂ ਦੇ ਭ੍ਰਮਣ ਦਾ ਕੋਈ ਲਾਭ ਨਹੀਂ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੀ ਮਨ ਪਵਿੱਤਰ ਹੁੰਦਾ ਹੈ। ਸਤਿਗੁਰੂ ਦੇ ਸੱਚੇ ਸ਼ਬਦ ਤੋਂ ਬਿਨਾ (ਦੁਸਤਰ ਦੁਨੀਆ ਸਾਗਰ) ਤੋਂ ਛੁਟਕਾਰਾ ਨਹੀ ਹੁੰਦਾ।

ਗੁਰੂ ਨਾਨਕ ਸਾਹਿਬ ਅਨੁਸਾਰ ਅਮਲੀ ਜੀਵਨ ਰਾਹੀਂ, ਸੱਚ ਦਾ ਪ੍ਰਚਾਰ ਕਰਨਾ, ਈਸ਼ਵਰੀ ਮਾਰਗ ਨੂੰ ਅਪਨਾਉਣਾ ਹੈ। ਪਰਮਾਤਮਾ ਅੱਗੇ ਅਰਦਾਸ ਕਰਨ ਨਾਲ ਹੀ ਸੱਚ ਦਾ ਅਨੁਭਵ ਹੁੰਦਾ ਹੈ। ਇਹ ਅਰਦਾਸ ਸੰਤਾਂ ਦੀ ਸੰਗਤ ਵਿਚ ਪ੍ਰਫੁਲਿਤ ਹੁੰਦੀ ਹੈ। ਇਸ ਲਈ ਸੱਚ ਦੇ ਮਾਰਗ ਨੂੰ ਅਪਨਾਉਣ ਲਈ ਸੰਤਾਂ ਦੀ ਸੰਗਤ ਤੋਂ ਲਾਭ ਉਠਾਉਣਾ ਜ਼ਰੂਰੀ ਹੈ। ਮਨੁੱਖ ਲਈ ਅਸਲੀ ਜੀਵਨ ਜੁਗਤੀ ਇਹ ਹੋਣੀ ਚਾਹੀਦੀ ਹੈ ਕਿ ਉਹ ਅਣਗਹਿਲੀ, ਬੇਪਰਵਾਹੀ, ਮੋਹ ਤੇ ਅਵਿਦਿਆ ਦੀ ਨੀਂਦਰ ਤੋਂ ਬਚਿਆ ਰਹੇ। ਸੰਪੂਰਨ ਜਾਗ੍ਰਿਤੀ ਉਸ ਦਾ ਕਰਮ ਖੇਤਰ ਹੋਵੇ। ਪਰਾਈ ਇਸਤਰੀ ਤੇ ਧਨ ਉੱਤੇ ਆਪਣਾ ਮਨ ਨਾ ਡੋਲਾਏ। ਹਰਿਨਾਮ ਹੀ ਉਸ ਦੇ ਜੀਵਨ ਦਾ ਆਧਾਰ ਹੋਵੇ। ਉਹ ਆਪਣੇ ਮਨ ਨੂੰ ਹਰਿਨਾਮ ਤੇ ਕੇਂਦਰਿਤ ਕਰੇ। ਕਿਉਂਕਿ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਨਾ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਤੇ ਨਾ ਹੀ ਉਸ ਦੀ ਅਧਿਆਤਮਿਕ ਭੁੱਖ ਸ਼ਾਂਤ ਹੁੰਦੀ ਹੈ। ਮਨੁੱਖ ਜਦ ਤਮੋਗੁਣ, ਰਜੋਗੁਣ, ਸਤੋਗੁਣ ਤੋਂ ਉੱਚਾ ਉੱਠ ਕੇ ਸਹਿਜ ਅਵਸਥਾ, ਨੂੰ ਪ੍ਰਾਪਤ ਕਰ ਲੈਂਦਾ ਹੈ ਤਦ ਉਹ ਅਧਿਆਤਮਿਕਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਹੀ ਜੀਵਨ ਦੀ ਯਥਾਰਥ ਜੁਗਤੀ ਹੈ।

ਪ੍ਰੋ. ਹਰਨਾਮ ਦਾਸ "ਵਿਆਖਿਆ ਸਿਧ ਗੋਸਟਿ" ਵਿਚ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਅਨੁਸਾਰ ਪਰਮਾਤਮਾ ਨੇ ਜਗਤ ਉਤਪਤੀ ਇਸ ਲਈ ਕੀਤੀ ਹੈ ਤਾਂ ਕਿ ਉਹ ਆਦਰਸ਼ ਮਨੁੱਖ ਤਿਆਰ ਕਰਕੇ, ਉਨ੍ਹਾਂ ਦੇ ਜੀਵਨ ਵਿਚ ਆਪਣਾ ਸਾਕਾਰ ਰੂਪ ਦੇਖ ਕੇ ਆਨੰਦ ਮਾਣੇ ਤੇ ਉਹ ਮਨੁੱਖ ਹਨ ਗੁਰਮੁਖ, ਜੋ ਮਨੁੱਖੀ ਵਿਗਾਸ ਦਾ ਸਰਬੋਤਮ ਰੂਪ ਹਨ। ਪਰਮਾਤਮਾ ਗੁਰਮੁਖਾਂ ਦੇ ਜੀਵਨ ਅੰਦਰ ਸਰਗੁਣ, ਸਾਕਾਰ ਤੇ ਸੁਚੇਤ ਰੂਪ ਵਿਚ ਜਿਊਂਦਾ ਹੈ ਤੇ ਜੀਵਨ ਦਾ ਆਨੰਦ ਮਾਣਦਾ ਹੈ। ਜਗਤ ਸੱਚਮੁੱਚ ਪਰਮਾਤਮਾ ਦਾ ਦੈਵੀ ਖੇਲ ਹੈ ਜਿਸ ਵਿਚ ਉਹ ਜੀਵਨ ਤੇ ਮੌਤ ਦੀਆਂ ਖੇਡਾਂ ਖੇਡ ਰਿਹਾ ਹੈ। ਗੁਰਮੁਖ ਜਗਤ ਨੂੰ ਇਸ ਲਈ ਪਿਆਰ ਕਰਦਾ ਹੈ, ਕਿਉਂਕਿ ਇਹ ਸੰਸਾਰ ਪਰਮਾਤਮਾ ਦਾ ਆਪਣਾ ਜੀਵਨਮਈ ਡਰਾਮਾ ਹੈ। ਗੁਰਮੁਖ ਹਰਿਨਾਮ ਨਾਲ ਰੰਗਿਆ ਹੁੰਦਾ ਹੈ ਇਸ ਲਈ ਜਗਤ ਲੀਲ੍ਹਾਂ ਨੂੰ ਖੇਡਦੇ ਹੋਏ ਆਨੰਦ ਮਾਣਦਾ ਹੈ। ਉਹ ਲੋਕ ਤੇ ਪਰਲੋਕ ਦੋਨਾਂ ਨੂੰ ਸੰਵਾਰਦਾ ਹੈ। ਗੁਰਮੁਖਤਾ ਦੇ ਗੁਣਾਂ ਦੇ ਕਾਰਣ ਉਹ ਇਸ ਸੰਸਾਰ ਵਿਚ ਵੀ ਇਜ਼ਤ ਖਟਦਾ ਹੈ ਤੇ ਨਾਮ ਸਿਮਰਨ ਦੁਆਰਾ ਸਫ਼ਲਤਾ ਨਾਲ ਆਪਣੇ ਅਸਲੀ ਘਰ ਵਿਚ ਪੁੱਜ ਜਾਂਦਾ ਹੈ। ਪ੍ਰੋ. ਦਾਸ ਵਰਨਣ ਕਰਦੇ ਹਨ ਕਿ ਸਿਧ ਗੋਸਿਟ ਰਚਨਾ ਦੁਆਰਾ ਗੁਰੂ ਜੀ, ਸਧਾਰਨ ਲੋਕਾਂ ਦੇ ਗ੍ਰਹਿਸਥ ਜੀਵਨ ਨਾਲ ਅਧਿਆਤਮਿਕ ਜੀਵਨ ਦਾ ਸੰਤੁਲਨ ਤੇ ਤਾਲਮੇਲ ਸਥਾਪਿਤ ਕਰਦੇ ਹਨ। ਜਿਸ ਦੇ ਫਲਸਰੂਪ ਗ੍ਰਹਿਸਥ ਜੀਵਨ ਨੂੰ ਇਕ ਨਵੀਂ ਸ਼ਾਨ ਪ੍ਰਾਪਤ ਹੋਈ ਹੈ, ਸੰਸਾਰਿਕਤਾ ਤੇ ਅਧਿਆਤਮਿਕਤਾ ਦਾ ਸੁਮੇਲ ਹੋਇਆ ਹੈ।

ਪ੍ਰੋ. ਦਾਸ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਸ ਕਿਤਾਬ ਵਿਚ, "ਸਿੱਧ ਗੋਸਟਿ" ਦੀ, ਹੋਰ ਵਿਦਵਾਨਾਂ (ਵਿਸ਼ੇਸ਼ ਕਰ ਪ੍ਰੌ. ਸਾਹਿਬ ਸਿੰਘ, ਡਾ. ਸ਼ਸ਼ੀ ਬਾਲਾ, ਸ. ਕ੍ਰਿਪਾਲ ਸਿੰਘ ਚੰਦਨ, ਗਿਆਨੀ ਠਾਕੁਰ ਸਿੰਘ, ਗਿਆਨੀ ਸੰਤ ਸਿੰਘ ਮਸਕੀਨ, ਨਿਹੰਗ ਧਰਮ ਸਿੰਘ, ਸੰਪਾਦਕ ਦੀਵਾਨ ਸਿੰਘ ਆਦਿ) ਦੁਆਰਾ ਕੀਤੀਆਂ ਗਈ ਵਿਆਖਿਆਵਾਂ ਬਾਰੇ ਨਾ ਤਾਂ ਹਵਾਲਾ ਹੀ ਦਿੱਤਾ ਗਿਆ ਹੈ ਤੇ ਨਾ ਹੀ ਇਸ ਬਾਣੀ ਦੀ ਅਜਿਹੀਆਂ ਵਿਆਖਿਆਵਾਂ ਨਾਲ ਤੁਲਨਾਤਮਕ ਪੜਚੋਲ ਹੀ ਕੀਤੀ ਗਈ ਹੈ। ਪਰ ਫਿਰ ਵੀ ਇਹ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।

ਪ੍ਰੋ. ਦਾਸ ਇਕ ਸਿੱਖਿਆ-ਸ਼ਾਸਤਰੀ ਵਜੋਂ, ਸੱਚਾਈ ਦੀ ਭਾਲ, ਧਾਰਮਿਕ ਖੋਜ, ਤੇ ਸਾਹਿਤਕ ਸਰਗਰਮੀਆਂ ਦਾ ਮਾਡਲ ਰਹੇ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਪ੍ਰੋ. ਦਾਸ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਇਹ ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਨਾਨਕ ਦੇ ਆਸ਼ਿਆਂ ਦਾ ਸਹੀ ਰੂਪ ਸਮਝ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
__________________________________________________________________
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: drdpsn@gmail.com
 
Last edited:
Top