• Welcome to all New Sikh Philosophy Network Forums!
    Explore Sikh Sikhi Sikhism...
    Sign up Log in

Sikhism ਪੁਸਤਕ: "ਗਿਆਨ ਸਾਗਰ" ਲੇਖਕ: ਰਣਜੀਤ ਸਿੰਘ ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
136
64
Nangal, India
ਗਿਆਨ ਸਾਗਰ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


2057720579


ਪੁਸਤਕ ਦਾ ਨਾਮ: ਗਿਆਨ ਸਾਗਰ
ਲੇਖਕ: ਰਣਜੀਤ ਸਿੰਘ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ, ਇੰਡੀਆ।
ਪ੍ਰਕਾਸ਼ ਸਾਲ : 2018, ਕੀਮਤ: ਅੰਕਿਤ ਨਹੀਂ ; ਪੰਨੇ: 220
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ,
ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੇਨੈਡਾ।

"ਗਿਆਨ ਸਾਗਰ" ਕਿਤਾਬ ਦੇ ਲੇਖਕ ਸ. ਰਣਜੀਤ ਸਿੰਘ, ਜਿਥੇ ਪੰਜਾਬ ਸਰਕਾਰ ਦੁਆਰਾ ਸੰਨ 1997 ਵਿਚ ਰਾਜ ਪੱਧਰ ਦੇ ਇਨਾਮ ਨਾਲ ਸਨਮਾਣੇ ਗਏ ਅਧਿਆਪਕ ਹਨ ਉੱਥੇ ਉਨ੍ਹਾਂ ਨੂੰ ਵਿੱਦਿਅਕ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ.ਅਬਦੁਲ ਕਲਾਮ ਵੱਲੋਂ ਸੰਨ 2003 ਵਿਚ ਰਾਸ਼ਟਰ ਪੱਧਰ ਉੱਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਨ 1947 ਵਿਚ ਜਨਮੇ ਬਾਲਕ ਰਣਜੀਤ ਨੇ ਵਿਗਿਆਨ ਦੇ ਖੇਤਰ ਵਿਚ ਬੀ.ਐੱਸ ਸੀ. ਅਤੇ ਬੀ. ਐੱਡ. ਦੀ ਪੜ੍ਹਾਈ ਪੂਰੀ ਕਰਨ ਪਿਛੋਂ ਸੰਨ 1972 ਵਿਚ ਸਰਕਾਰੀ ਸਾਇੰਸ ਮਾਸਟਰ ਵਜੋਂ ਸੇਵਾ ਸੰਭਾਲੀ । ਗਿਆਨ ਪ੍ਰਾਪਤੀ ਦੀ ਲਲਕ ਕਾਰਣ ਉਨ੍ਹਾਂ ਸਮੇਂ ਨਾਲ ਐਮ.ਏ. (ਪੰਜਾਬੀ) ਅਤੇ ਐੱਮ. ਐੱਡ. ਵੀ ਕਰ ਲਈ।

ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਰਣਜੀਤ ਨੂੰ ਸਿੱਖ ਮਿਸ਼ਨਰੀ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਜੋ ਉਨ੍ਹਾਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਬਾਖੂਬੀ ਪਾਸ ਕਰ ਲਿਆ। ਸਰਕਾਰੀ ਸੀਨੀਅਰ ਮਾਡਲ ਸਕੂਲ, ਮਿਲਰ ਗੰਜ, ਲੁਧਿਆਣਾ ਵਿਖੇ ਆਪਣੀ 25 ਸਾਲ ਦੀ ਨੌਕਰੀ ਦੌਰਾਨ ਉਨ੍ਹਾਂ ਆਪਣੇ ਵਿਦਿਆਰਥੀਆ ਦੀ ਰਾਹਨੁਮਾਈ ਕਰਦੇ ਹੋਏ ਅਨੇਕ ਵਿਗਿਆਨ ਪ੍ਰਦਰਸ਼ਨੀਆ, ਸੈਮੀਨਾਰਾਂ ਤੇ ਵਰਕਸ਼ਾਪਸ ਵਿਚ ਸ਼ਮੂਲੀਅਤ ਕੀਤੀ।

ਧਾਰਮਿਕ ਰੰਗਣ ਵਿਚ ਰੰਗੇ ਸ. ਰਣਜੀਤ ਸਿੰਘ ਨੇ, ਆਪਣੇ ਸੇਵਾ ਕਾਲ ਦੌਰਾਨ ਹੀ, ਸਿੱਖ ਧਰਮ ਸੰਬੰਧਤ ਸਾਹਿਤ ਦਾ ਗਹਿਨ ਅਧਿਐਨ ਵੀ ਕੀਤਾ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੁਆਰਾ ਰਚਿਤ ਅਨੇਕ ਲੇਖ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਉਨ੍ਹਾਂ ਦੀਆਂ ਅਨੇਕ ਰਚਨਾਵਾਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਵੀ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਸ. ਰਣਜੀਤ ਸਿੰਘ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਾਜ ਭਲਾਈ ਤੇ ਗੁਰਮਤਿ ਪ੍ਰਚਾਰ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

"ਗਿਆਨ ਸਾਗਰ" ਸ. ਰਣਜੀਤ ਸਿੰਘ ਦੀ ਪਲੇਠੀ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 32 ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਲੇਖਕ ਨੇ ਕਿਤਾਬ ਦੇ ਪਹਿਲੇ ਲੇਖ ਵਿਚ ਸਿੱਖ ਧਰਮ ਵਿਚ ਅਰਦਾਸ ਦੇ ਸਕੰਲਪ ਅਤੇ ਮਹੱਤਵ ਬਾਰੇ ਵਿਸਥਾਰਪੂਰਣ ਜਾਣਕਾਰੀ ਮੁਹਈਆ ਕਰਵਾਈ ਹੈ। ਪੁਸਤਕ ਦੇ ਦੂਜੇ ਲੇਖ ਦਾ ਵਿਸ਼ਾ ਹੈ - ਜੀਵਨ ਮਨੋਰਥ। ਇਸ ਲੇਖ ਵਿਚ ਲੇਖਕ ਨੇ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜੀਊਣ ਦੀ ਵਿਧੀ ਨੂੰ ਸਫਲ ਜੀਵਨ ਜਾਚ ਦਾ ਆਧਾਰ ਦਰਸਾਇਆ ਹੈ। ਇਸ ਕਿਤਾਬ ਦੇ ਅਗਲੇ ਗਿਆਰਾਂ ਲੇਖ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਮਹੱਤਵਪੂਰਣ ਘਟਨਾਵਾਂ ਦੇ ਵਰਨਣ ਦੇ ਨਾਲ ਨਾਲ ਗੁਰਮਤਿ ਸਿਧਾਤਾਂ ਦਾ ਵਿਖਿਆਨ ਵੀ ਕਰਦੇ ਹਨ।

ਇਥੇ ਇਹ ਵੀ ਵਰਨਣ ਯੋਗ ਹੈ ਕਿ ਲੇਖਕ ਨੇ ਅਗਲੇ ਪੰਜ ਲੇਖਾਂ ਵਿਚ ਸਿੱਖ ਧਰਮ ਨਾਲ ਸੰਬੰਧਤ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਰਹਿਤ ਮਰਿਆਦਾ, ਨਿਸ਼ਾਨਿ ਸਿੱਖੀ ਅਤੇ ਦਸਤਾਰ ਵਰਗੇ ਮਹੱਤਵਪੂਰਣ ਵਿਸ਼ਿਆਂ ਬਾਰੇ ਵੀ ਗੁਰਬਾਣੀ ਦੀ ਰੌਸ਼ਨੀ ਵਿਚ ਵਿਸਤਾਰਿਤ ਜਾਣਕਾਰੀ ਉਪਲਬਧ ਕਰਾਈ ਹੈ। ਕਿਉਂ ਕਿ ਲੇਖਕ ਇਕ ਸਿੱਖਿਆ ਸ਼ਾਸ਼ਤਰੀ ਹੈ ਇਸੇ ਕਾਰਣ ਉਸ ਨੇ ਅਗਲੇ ਦਸ ਲੇਖਾਂ ਵਿਚ ਧਰਮ ਅਤੇ ਵਿੱਦਿਆ, ਵਿੱਦਿਆ ਦਾ ਮੰਤਵ, ਆਦਰਸ਼ ਅਧਿਆਪਕ, ਧਰਮ ਅਤੇ ਵਿਗਿਆਨ ਦੇ ਵਿਭਿੰਨ ਪੱਖਾਂ ਬਾਰੇ, ਗੁਰਬਾਣੀ ਦੇ ਯਥਾਯੁਕਤ ਹਵਾਲਿਆ ਨਾਲ ਆਪਣੀ ਰਾਏ ਪੇਸ਼ ਕੀਤੀ ਹੈ।

ਇਸ ਉਪਰੰਤ, ਗੁਰਬਾਣੀ ਦੇ ਕਥਨ "ਵਿਚਿ ਦੁਨੀਆ ਸੇਵ ਕਮਾਈਐ ।। ਤਾ ਦਰਗਹ ਬੈਸਣ ਪਾਈਐ।।" ਦੀ ਸਾਕਰਤਾ ਦੀ ਪੁਸ਼ਟੀ ਵਜੋਂ ਆਪਣੇ ਅਗਲੇ ਲੇਖ ਵਿਚ, ਸ. ਰਣਜੀਤ ਸਿੰਘ ਨੇ ਅਬਦੁਲ ਸਿਤਾਰ ਈਦੀ ਦੇ ਜੀਵਨ ਅਤੇ ਸਮਾਜ ਸੇਵੀ ਘਾਲਣਾ ਦਾ ਵਰਨਣ ਕਰਦੇ ਹੋਏ ਉਸ ਨੂੰ ਸੇਵਾ ਦਾ ਮੁਜਸਮਾ ਦਰਸਾਇਆ ਹੈ। ਪਾਠਕਾਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਮਹਾਨ ਵਿਗਿਆਨਿਕਾ ਮੇਰੀ ਕਿਊਰੀ ਦੇ ਜੀਵਨ ਤੇ ਕਾਰਜਾਂ ਦਾ ਵਿਖਿਆਨ ਕਰਦੇ ਹੋਏ ਉਸ ਨੂੰ ਮਨੁੱਖੀ ਜੀਵਨ ਦੇ ਅਸਲ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ।

ਇਸ ਲੇਖ ਲੜੀ ਦੇ ਅਗਲੇ ਦੋ ਲੇਖ, ਪਾਠਕਾਂ ਨੂੰ ਜਨਮ-ਮੌਤ ਦਾ ਵਰਤਾਰਾ ਅਤੇ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਮਾਇਆ ਨਗਰ ਦੀ ਵਿਲੱਖਣਤਾ ਨਾਲ ਰੂਬਰੂ ਕਰਵਾਉਂਦੇ ਹਨ। ਇਸ ਕਿਤਾਬ ਦੀ ਆਖਰੀ ਰਚਨਾ "ਭੇਂਟ ਵਾਰਤਾ" ਪ੍ਰੋ. ਬਲਵਿੰਦਰ ਸਿੰਘ ਵਲੋਂ ਲੇਖਕ ਨਾਲ ਕੀਤੀ ਗਈ ਵਾਰਤਾਲਾਪ ਦਾ ਜ਼ਿਕਰ ਕਰਦੀ ਹੈ। ਇਸ ਵਾਰਤਾਲਾਪ ਵਿਚ ਲੇਖਕ ਦਾ ਪਿਛੋਕੜ, ਜੀਵਨ ਘਾਲਣਾ ਤੇ ਪ੍ਰਾਪਤੀਆਂ, ਧਰਮ ਤੇ ਵਿਗਿਆਨ ਨਾਲ ਉਸ ਦਾ ਲਗਾਉ, ਲੇਖਕ ਦੀ ਵਿਚਾਰਧਾਰਾ, ਸਮਕਾਲੀ ਵਿੱਦਿਅਕ ਤੇ ਸਮਾਜਿਕ ਸਮਸਿਆਵਾਂ ਬਾਰੇ ਲੇਖਕ ਦੇ ਵਿਚਾਰ ਅਤੇ ਸੁਝਾਅ ਖੁੱਲ ਕੇ ਸਾਹਮਣੇ ਆਉਂਦੇ ਹਨ। ਵਾਰਤਾਕਾਰ ਨੇ ਲੇਖਕ ਦੇ ਜੀਵਨ ਉੱਤੇ ਪੈਨੀ ਪੰਛੀ ਝਾਤ ਪੁਆਈ ਹੈ।

ਸ. ਰਣਜੀਤ ਸਿੰਘ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।

ਸ. ਰਣਜੀਤ ਸਿੰਘ ਇਕ ਸਿੱਖਿਆ-ਸ਼ਾਸਤਰੀ ਵਜੋਂ, ਧਾਰਮਿਕ ਖੋਜ, ਸਾਹਿਤਕ ਸਰਗਰਮੀਆਂ ਤੇ ਸਮਾਜ-ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਰਣਜੀਤ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ।

ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਮਾਇਆ ਨਗਰ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਸਿੱਖ ਧਰਮ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉੰਦਾ ਹੈ। ਆਸ ਹੈ ਹੋਰ ਗੁਰਦੁਆਰਾ ਕਮੇਟੀਆਂ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੀਆ। "ਗਿਆਨ ਸਾਗਰ" ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ, ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
-------------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: drdpsn@gmail.com
 
Last edited:
Top