• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਪੁਸਤਕ : ਕੰਕਰ ਪੱਥਰ (ਕਾਵਿ ਸੰਗ੍ਰਹਿ), ਲੇਖਕ: ਅਮਨਦੀਪ ਸਿੰਘ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
135
64
Nangal, India
ਕੰਕਰ ਪੱਥਰ (ਕਾਵਿ ਸੰਗ੍ਰਹਿ)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


20618

ਪੁਸਤਕ ਦਾ ਨਾਮ: ਕੰਕਰ ਪੱਥਰ (ਕਾਵਿ ਸੰਗ੍ਰਹਿ)
ਲੇਖਕ: ਅਮਨਦੀਪ ਸਿੰਘ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ. ਐੱਸ. ਏ.
ਪ੍ਰਕਾਸ਼ਨ ਸਾਲ : 2018, ਕੀਮਤ: ਅੰਕਿਤ ਨਹੀਂ ; ਪੰਨੇ: 234
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।


"ਕੰਕਰ ਪੱਥਰ" (ਕਾਵਿ ਸੰਗ੍ਰਹਿ) ਕਿਤਾਬ ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉੱਤੇ, ਉਹ ਪੰਜਾਬੀ ਸਾਹਿਤ ਵਿਚ, 'ਟੁੱਟਦੇ ਤਾਰਿਆਂ ਦੀ ਦਾਸਤਾਨ' (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਿਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ ਰੁਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ। ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ ਅਨੁਯਾਈ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨਕ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

"ਕੰਕਰ ਪੱਥਰ" (ਕਾਵਿ ਸੰਗ੍ਰਹਿ) ਸ. ਅਮਨਦੀਪ ਸਿੰਘ ਦੀ ਦੂਸਰੀ ਪੁਸਤਕ ਹੈ। ਜੋ ਕਾਵਿ ਵਿਧਾ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 217 ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਗੀਤ, ਗਜ਼ਲ, ਟੱਪੇ, ਰੁਬਾਈ ਅਤੇ ਖੁੱਲੀ ਕਵਿਤਾ ਦੀਆਂ ਕਾਵਿਕ ਵਿਧਾਵਾਂ ਉੱਤੇ ਹੱਥ ਅਜਮਾਈ ਕੀਤੀ ਹੈ। ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਮੁੱਚੇ ਸੰਸਾਰ ਅੰਦਰ ਅਮਨ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਵੀ ਹੈ ਤੇ ਅਜੋਕੇ ਘੜਮੱਸ ਵਾਲੇ ਜੀਵਨ ਵਿਚ ਸਵੈ ਨੂੰ ਤਲਾਸ਼ਣ ਦੀ ਤੜਪ ਵੀ। ਯਾਦਾਂ ਰੱਤੇ ਗੀਤ ਵੀ ਨੇ, ਤੇ ਬਿਰਹਾ ਦੇ ਦਰਦ ਨਾਲ ਲਬਰੇਜ਼ ਨਜ਼ਮਾਂ ਵੀ। ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਗਜ਼ਲਾਂ ਵੀ ਨੇ ਤੇ ਕਲਪਨਾਵਾਂ ਦੇ ਸੰਸਾਰ ਅੰਦਰ ਚੰਨ ਨੂੰ ਫੜਣ ਦੀਆਂ ਬਾਤਾਂ ਵੀ। ਉਸ ਦੇ ਸ਼ਬਦਾਂ ਵਿਚ ਰਵਾਨਗੀ ਹੈ ਤੇ ਜ਼ਜਬਾਤਾਂ ਵਿਚ ਤਰਲਤਾ ਵੀ। 'ਵਿਸਮਾਦੀ ਕੰਪਨ ਦਾ ਸਫ਼ਰ' ਦੀ ਗੱਲ ਕਰਦਿਆਂ ਉਹ ਪਾਠਕ ਨੂੰ ਇਕ ਅਜਿਹੇ ਸੰਸਾਰ ਵਿਚ ਲਿਜਾ ਉਤਾਰਦਾ ਹੈ ਜਿਥੇ 'ਹਰੀਆਂ ਕਚੂਰ ਵਾਦੀਆਂ', 'ਵਗਦੀ ਆਬਸ਼ਾਰ', 'ਸਾਗਰ ਦੀ ਲਹਿਰ ਵਾਂਗ ਹਿਚਕੋਲੇ ਖਾਂਦੇ ਗੀਤ', 'ਸੋਚਾਂ ਦਾ ਕਾਰਵਾਂ', 'ਯਾਦਾਂ ਦਾ ਮਾਰੂਥਲ', 'ਗੀਤਾਂ ਦਾ ਨਖਲਿਸਤਾਨ','ਨੀਲਾ ਧੂੰਆਂ' ਤੇ 'ਗੁਲਾਬੀ ਚਾਂਦਨੀ' ਵਰਗੇ ਅਜਬ ਪਰ ਮਨਮੋਹਕ ਬਿੰਬ ਮਨ ਅੰਦਰ ਅਜੀਬ ਹਲਚਲ ਪੈਦਾ ਕਰਨ ਦੇ ਸਮਰਥ ਹੋ ਨਿਬੜਦੇ ਹਨ। ਅਮਨਦੀਪ ਨੇ ਆਪਣੇ ਗੀਤਾਂ ਵਿਚ 'ਸੁਰਮਈ ਰਾਤ', 'ਧਰਤੀ ਦਾ ਨਾਚ', 'ਸੂਰਜ ਦਾ ਘੁੰਮਰ', 'ਉਦਾਸੀ ਦੇ ਖੰਭ', ਹਿਜ਼ਰ ਪਿਆਲਾ' ਤੇ 'ਦਰਦ ਦੀ ਪੀੰਂਘ' ਵਰਗੇ ਬਿੰਬਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਬਾਹਿਆ ਹੈ।

ਉਸ ਦੇ ਅਨੇਕ ਗੀਤ ਸਵੈ ਦੀ ਤਲਾਸ਼ ਦਾ ਸਫ਼ਰ ਬਿਆਨਦੇ ਨੇ ਪਰ ਉਹ ਅਜਿਹੇ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦਾ ਹੈ। ਅਮਨਦੀਪ ਦੀਆਂ ਰਚਨਾਵਾਂ ਵਿਚ ਅਜਿਹੀ ਬਿੰਬਾਵਲੀ ਦੀ ਭਰਮਾਰ ਹੈ ਜੋ ਸਥੂਲ ਤੋਂ ਅਸਥੂਲ ਤਕ ਅਤੇ ਸਾਕਾਰ ਤੋਂ ਮਨੋ-ਕਲਪਿਤ ਸੰਸਾਰ ਤਕ ਦਾ ਸਫ਼ਰ ਛਿਣ-ਭੰਗਰ ਅੰਦਰ ਹੀ ਤੈਅ ਕਰਾ ਜਾਣ ਦੇ ਸਮਰਥ ਹੈ। ਉਸ ਦੀ ਬਿੰਬਾਵਲੀ ਵਿਚ ਕੁਦਰਤੀ ਬਿੰਬਾਂ, ਸਾਗਰ, ਲਹਿਰਾਂ, ਮਾਰੂਥਲ, ਜੰਗਲ-ਬੇਲੇ, ਵਾਦੀਆਂ, ਬਹਾਰਾਂ, ਚਾਂਦਨੀ, ਆਲ੍ਹਣੇ, ਸਿਤਾਰਿਆਂ ਤੇ ਕਹਿਕਸ਼ਾਂ ਆਦਿ ਦੀ ਭਰਮਾਰ ਹੈ ਜੋ ਕਲਪਨਾਵਾਂ ਦੇ ਦੇਸ਼ ਵਿਚ ਵੀ ਨਿੱਜ ਨੂੰ ਜ਼ਾਹਿਰਾ ਸੰਸਾਰ ਨਾਲ ਜੋੜੀ ਰੱਖਦੀ ਹੈ। ਬੇਸ਼ਕ ਉਸ ਦੇ ਕੁਝ ਗੀਤ ਉਦਾਸੀ ਦੇ ਲੰਮਹਿਆਂ ਦੇ ਬਿਰਤਾਂਤ ਨਾਲ ਲਬਰੇਜ਼ ਹਨ, ਪਰ ਇਸ ਸੰਗ੍ਰਹਿ ਵਿਚ ਕੁਝ ਗੀਤ ਅਜਿਹੇ ਵੀ ਹਨ ਜੋ ਗਮ ਦੀਆਂ ਕਾਲੀਆਂ ਬੋਲੀਆਂ ਰਾਤਾਂ ਵਿਚ ਆਸ਼ਾ ਦੀ ਚਿਣਗ ਦਾ ਜ਼ਿਕਰ ਵੀ ਕਰਦੇ ਨੇ। ਉਸ ਦੀ ਇਸ ਉਦਾਸੀ ਦਾ ਸਬੱਬ ਨਿੱਜ ਦੇ ਸਰੋਕਾਰਾਂ ਨੂੰ ਪਾਰ ਕਰਦਾ ਹੋਇਆ ਸਮੂਹ ਸੰਸਾਰ ਦੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਗੱਲ ਵੀ ਕਰਦਾ ਹੈ। ਉਹ ਆਸ ਤੇ ਸੁਪਨਿਆਂ ਦੇ ਆਪਸੀ ਸੰਬੰਧਾਂ ਦੀ ਗੱਲ ਇੰਝ ਕਰਦਾ ਹੈ;

ਆਸ !
ਕਿੰਨ੍ਹਾਂ ਖੂਬਸੂਰਤ ਅਤੇ ਮਿੱਠਾ ਸ਼ਬਦ ਹੈ-
ਸੁਪਨਿਆਂ ਵਰਗਾ !
ਦਰਅਸਲ ਸੁਪਨੇ ਤੇ ਆਸ -
ਇਕ ਦੁਸਰੇ ਦੇ ਪੂਰਕ ਨੇ -
ਅਧੂਰੇ ਨੇ ਇੱਕ ਦੂਸਰੇ ਦੇ ਵਗੈਰ!
ਸੁਪਨੇ ਆਸ ਨੂੰ ਜਨਮ ਦਿੰਦੇ ਨੇ -
ਤੇ ਆਸ ਸੁਪਨਿਆਂ ਨੂੰ !
ਦੋਵੇਂ ਜ਼ਿੰਦਗੀ ਦੇ ਖੂਬਸੂਰਤ ਝਰੋਖਿਆਂ ਤੋਂ
ਪਰਦਾ ਨੇ ਉਠਾਉਂਦੇ !
ਅਤੇ ਨਵੀਆਂ ਯੋਜਨਾਵਾਂ ਦੀ
ਤਰਤੀਬ ਨੇ ਬਣਾਉਂਦੇ !

ਵਿਦੇਸ਼ ਵੱਲ ਦੀ ਉਡਾਣ ਦਾ ਰੋਮਾਂਚ ਤੇ ਦੇਸ਼ ਤੋਂ ਜੁਦਾ ਹੋ ਜਾਣ ਦੀ ਕਸਕ ਦੇ ਦਵੰਧ ਵਿਚ ਫਸਿਆ ਮਨੁੱਖੀ ਮਨ, ਅਮਨਦੀਪ ਦੀ 'ਵਿਦੇਸ਼'ਨਾਮੀ ਨਜ਼ਮ ਦਾ ਵਿਸ਼ਾ ਹੈ ਜੋ ਵਿਦੇਸ਼ ਵਿਚ ਵਸ ਰਹੇ ਹਰ ਵਾਸ਼ਿਦੇ ਦਾ ਹਸ਼ਰ ਵੀ ਹੈ ਤੇ ਦੁਖਾਂਤ ਵੀ। 'ਯੁੱਧ' ਨਾਮੀ ਕਵਿਤਾ ਵਿਸ਼ਵਵਿਆਪੀ ਸਰੋਕਾਰਾਂ ਪ੍ਰਤੀ ਅਮਨਦੀਪ ਦੀ ਚੇਤੰਨਤਾ ਤੇ ਲਲਕਾਰ ਨੂੰ ਪ੍ਰਗਟਾਉਂਦੀ ਹੈ। ਉਸ ਦਾ ਆਸ਼ਾਵਾਦ 'ਅਮਨ ਦੇ ਬੱਦਲ' ਦੇ ਰੂਪ ਵਿਚ ਸਾਕਾਰ ਹੁੰਦਾ, ਸ਼ਬਦਾਂ ਦਾ ਰੂਪ ਇੰਝ ਧਾਰਦਾ ਹੈ;

ਜਦੋਂ ਸਾਰੇ ਫੌਜੀ ਆਪਣੇ ਘਰ ਵਾਪਿਸ ਆਉਣਗੇ
ਉਂਦੋਂ ਸੰਸਾਰ 'ਤੇ ਅਮਨ ਦੇ ਬੱਦਲ ਛਾਉਣਗੇ।

ਅਜੋਕੇ ਸਮੇਂ ਦੀਆਂ ਸਮੱਸਿਆਵਾਂ ਤੇ ਚਿੰਤਾਵਾਂ ਖਾਸ ਕਰ ਵਾਤਾਵਰਣੀ ਪ੍ਰਦੂਸ਼ਣ ਦੀ ਘਾਤਕ ਮਾਰ, ਕੁਦਰਤੀ ਸੰਰਖਿਅਣ ਦੀ ਅਹਿਮ ਲੋੜ ਤੇ ਹਰੀ-ਕ੍ਰਾਂਤੀ ਦੇ ਮੁੜ ਆਗਾਜ਼ ਲਈ ਉਪਰਾਲਿਆਂ ਵਾਲਾ ਜੀਵਨ ਚਲਣ, ਜਿਹੇ ਵਿਸ਼ੈ ਵੀ ਉਸ ਦੀ ਕਲਮ ਤੋਂ ਅਣਛੂੰਹ ਨਹੀਂ ਰਹੇ ਹਨ। ਇੰਝ ਉਸ ਦੇ ਨਿੱਜ ਦਾ ਦਰਦ, ਇਸ ਕਾਵਿ ਸੰਗ੍ਰਹਿ ਅੰਦਰ, ਮੁਕਾਮ ਦਰ ਮੁਕਾਮ, ਤੈਅ ਕਰਦਾ ਹੋਇਆ ਮਾਨਵਤਾ ਦੇ ਦਰਦ ਦਾ ਰੂਪ ਵਟਾ ਲੈਂਦਾ ਹੈ। ਜੋ 'ਨਾ ਕੋਈ ਹਿੰਦੂ, ਨਾ ਮੁਸਲਮਾਨ' ਦੇ ਹੋਕੇ ਨਾਲ ਇਸ ਪੁਸਤਕ ਦੇ ਅੰਤਮ ਚਰਨ ਵਿਚ ਲਿਜਾ ਪਹੁੰਚਾਂਦਾ ਹੈ। ਇਸ ਨਿਵੇਕਲੇ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।

ਸ. ਅਮਨਦੀਪ ਸਿੰਘ, ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਤਜਰਬੇਕਾਰ ਅਨੁਯਾਈ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਸਮਾਜਿਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉੰਦੀ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਮਕਾਲੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਕੰਕਰ ਪੱਥਰ" (ਕਾਵਿ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਸਮਾਜਿਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ, ਸਮਰਥਾ ਪ੍ਰਾਪਤੀ ਸੰਬੰਧਤ ਸਹੀ ਸੇਧ ਪ੍ਰਾਪਤ ਕਰ ਸਕੇ।
----------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਵਿਦਿੱਅਕ ਅਦਾਰਿਆਂ ਦੇ ਵਿੱਦਿਅਕ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: drdpsn@gmail.com
 
📌 For all latest updates, follow the Official Sikh Philosophy Network Whatsapp Channel:
Top