ਯਾਦਾਂ ਵਾਘਿਓਂ ਪਾਰ ਦੀਆਂ (ਸਫਰਨਾਮਾ)
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ
ਪੁਸਤਕ ਦਾ ਨਾਮ: ਯਾਦਾਂ ਵਾਘਿਓਂ ਪਾਰ ਦੀਆਂ (ਸਫਰਨਾਮਾ)
ਲੇਖਕ: ਡਾ. ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੋਹਾਲੀ-ਚੰਡੀਗੜ੍ਹ, ਇੰਡੀਆ
ਪ੍ਰਕਾਸ਼ ਸਾਲ : 2017, ਕੀਮਤ: ਅੰਕਿਤ ਨਹੀਂ ; ਪੰਨੇ: 162
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।
"ਯਾਦਾਂ ਵਾਘਿਓਂ ਪਾਰ ਦੀਆਂ" (ਸਫਰਨਾਮਾ) ਕਿਤਾਬ ਦਾ ਲੇਖਕ ਡਾ. ਮਨਮੋਹਨ ਸਿੰਘ ਤੀਰ, ਪੰਜਾਬੀ ਸਾਹਿਤ ਜਗਤ ਦਾ ਜਾਣਿਆ ਪਛਾਣਿਆ ਹਸਤਾਖਰ ਹੈ। ਲੇਖਕ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿਭਿੰਨ ਕਾਲਜਾਂ ਵਿਖੇ ਪੰਜਾਬੀ ਭਾਸ਼ਾ ਦੇ ਅਧਿਆਪਨ ਕਾਰਜਾਂ ਨਾਲ ਜੁੜਿਆ ਰਿਹਾ ਹੈ। ਬਚਪਨ ਤੋਂ ਹੀ ਉਸ ਨੂੰ ਸਾਹਿਤਕ ਕਾਰਜਾਂ ਪ੍ਰਤਿ ਲਗਾਉ ਰਿਹਾ ਹੈ। ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਮਨਮੋਹਨ ਨੂੰ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਮਨਮੋਹਨ ਦੇ ਸਾਹਿਤ ਲੇਖਣ ਕਾਰਜਾਂ ਦਾ ਅਧਾਰ ਬਣੀ। ਸੰਨ 1988 ਵਿਚ ਉਹ ਆਪਣੀ ਪਹਿਲੀ ਪੁਸਤਕ "ਕਰਫਿਊ ਜਾਰੀ ਹੈ"(ਕਹਾਣੀ ਸੰਗ੍ਰਹਿ) ਲੈ ਕੇ ਪਾਠਕਾਂ ਦੇ ਹਦੂਰ ਪੇਸ਼ ਹੋਇਆ ਸੀ। ਜੋ ਸਾਹਿਤਕ ਖੇਤਰ ਵਿਚ ਵਿਸੇਸ਼ ਚਰਚਾ ਦਾ ਹਿੱਸਾ ਬਣੀ। ਇਕ ਸੰਵੇਦਨਸ਼ੀਲ ਕਹਾਣੀਕਾਰ ਵਜੋਂ ਸਮਾਜਿਕ ਵਰਤਾਰਿਆਂ ਦੀ ਪੜਚੋਲ ਤੇ ਬਿਰਤਾਂਤ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।
ਸੰਨ 1994 ਵਿਚ ਡਾ. ਤੀਰ ਦੀ ਦੂਸਰੀ ਕਿਤਾਬ "ਲੰਮੀਆ ਵਾਟਾਂ" ਚੋਣਵੀਂ ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਪਾਦਨ ਤੇ ਲਿਪੀ ਅੰਤਰ ਦੇ ਰੂਪ ਵਿਚ ਪ੍ਰਕਾਸ਼ਿਤ ਹੋਈ। ਇਸੇ ਸਮੇਂ ਦੌਰਾਨ ਡਾ. ਤੀਰ ਨੇ ਬਾਲਾਂ ਲਈ ਸਾਹਿਤ ਰਚਨਾ ਕਾਰਜਾਂ ਵੱਲ ਧਿਆਨ ਮੋੜਦੇ ਹੋਏ ਸੰਨ 2015 ਵਿਚ "ਬਿੱਲੀ ਦੇ ਬਲੂੰਗੜੇ" (ਬਾਲ ਕਹਾਣੀ ਸੰਗ੍ਰਹਿ) ਨਾਮੀ ਬਾਲ-ਸਾਹਿਤ ਪੁਸਤਕ ਦਾ ਪ੍ਰਕਾਸ਼ਨ ਕੀਤਾ। ਪਾਕਿਸਤਾਨੀ ਪੰਜਾਬੀ ਕਹਾਣੀ ਦੇ ਵਿਕਾਸ ਬਾਰੇ ਉਸ ਦੀ ਵਿਸ਼ੇਸ਼ ਦਿਲਚਸਪੀ ਦੇ ਨਤੀਜੇ ਵਜੋਂ ਉਸ ਨੇ ਸੰਨ 2016 ਵਿਚ "ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਖੇਪ ਜਾਇਜ਼ਾ" ਨਾਮੀ ਕਿਤਾਬ ਪ੍ਰਕਾਸ਼ਿਤ ਕੀਤੀ। ਰਿਵਿਊ ਅਧੀਨ ਪੁਸਤਕ "ਯਾਦਾਂ ਵਾਘਿਓਂ ਪਾਰ ਦੀਆਂ", ਲੇਖਕ ਦੁਆਰਾ ਮਈ-ਜੂਨ 1984 ਦੌਰਾਨ ਕੀਤੀ ਆਪਣੀ ਪਾਕਿਸਤਾਨੀ ਯਾਤਰਾ ਦਾ ਬਿਰਤਾਂਤ ਬਿਆਨ ਕਰਦੀ ਹੈ। ਇੰਝ ਡਾ. ਤੀਰ, ਹੁਣ ਤਕ ਪੰਜ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾ ਚੁੱਕੇ ਹਨ। ਅੱਜ ਕਲ ਉਹ ਆਪਣੀ ਅਸਟ੍ਰੇਲੀਆ ਯਾਤਰਾ ਦਾ ਬਿਰਤਾਂਤ ਲਿਖਣ ਵਿਚ ਮਸਰੂਫ਼ ਹਨ।
"ਯਾਦਾਂ ਵਾਘਿਓਂ ਪਾਰ ਦੀਆਂ" ਪੁਸਤਕ ਦੇ ਮੰਤਵ ਦਾ ਵਰਨਣ ਕਰਦੇ ਹੋਏ ਡਾ. ਤੀਰ ਵਰਨਣ ਕਰਦੇ ਹਨ ਕਿ ਅੱਜ ਤੋਂ ਬੱਤੀ ਸਾਲ ਪਹਿਲਾਂ ਪਾਕਿਸਤਾਨ ਦੀ ਯਾਤਰਾ ਕਰਦਿਆਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਸ ਯਾਤਰਾ ਬਾਰੇ ਸਫ਼ਰਨਾਮਾ ਲਿਖਾਂਗਾ। ਉਸ ਸਮੇਂ ਮੇਰਾ ਮੰਤਵ ਪਾਕਿਸਤਾਨ ਦੇ ਪੰਜਾਬੀ ਲੇਖਕਾਂ ਨੂੰ ਮਿਲਣਾ ਅਤੇ ਪਾਕਿਸਤਾਨੀ ਪੰਜਾਬੀ ਕਹਾਣੀ ਦੀਆਂ ਪੁਸਤਕਾਂ ਪ੍ਰਾਪਤ ਕਰਨੀਆਂ ਹੀ ਸੀ। ਅਜਿਹੀ ਲੋੜ ਇਸ ਲਈ ਵੀ ਸੀ ਕਿਉਂ ਕਿ ਉਸ ਸਮੇਂ ਉਹ ਪੰਜਾਬੀ ਕਹਾਣੀ ਉੱਤੇ ਪੀ ਐੱਚ. ਡੀ. ਸੰਬੰਧਤ ਖੋਜ ਕਾਰਜ ਕਰ ਰਿਹਾ ਸੀ। ਪੰਜਾਬੀ ਦੇ ਨਾਮਵਰ ਸ਼ਾਇਰ ਡਾ. ਜਗਤਾਰ ਅਤੇ ਕਾਮਰੇਡ ਹਰਕੰਵਲ ਸਿੰਘ ਦੇ ਸਾਥ ਵਿਚ ਕੀਤੀ ਇਸ ਯਾਤਰਾ ਦੌਰਾਨ ਉਸ ਨੇ ਲਹਿੰਦੇ ਪੰਜਾਬ ਦੇ ਅਨੇਕ ਇਤਹਾਸਿਕ ਗੁਰਦਵਾਰਿਆਂ ਤੇ ਸਥਾਨਾਂ ਦੀ ਯਾਤਰਾ ਕੀਤੀ ਜਿਨ੍ਹਾਂ ਵਿਚੋਂ ਹਸਨ ਅਬਦਾਲ, ਰਾਵਲਪਿੰਡੀ, ਨਨਕਾਣਾ ਸਾਹਿਬ ਅਤੇ ਲਾਹੌਰ ਵਿਸ਼ੇਸ਼ ਰਹੇ। ਇਸ ਦੇ ਨਾਲ ਨਾਲ ਲੇਖਕ ਨੇ ਪਕਿਸਤਾਨੀ ਪੰਜਾਬ ਦੇ ਅਨੇਕ ਲੇਖਕਾਂ ਤੇ ਚਿੰਤਕਾਂ ਖਾਸ ਕਰ ਮਿਰਜ਼ਾ ਸਾਹਿਬ, ਪ੍ਰੋ. ਗੁਲਾਮ ਮੁਹੰਮਦ ਆਜ਼ਾਦ, ਜਨਾਬ ਅਬਦੁਲ ਕਰੀਮ ਕੁਦਸੀ, ਸਿਬਤੁਲ ਹਸਨ ਜ਼ੈਗਮ, ਇਕਬਾਲ ਸਲਾਹੁਦੀਨ, ਬਸ਼ੀਰ ਮੁਨਜ਼ਰ, ਮੁਹੰਮਦ ਸਾਦਿਕ ਜੰਜੂਆ ਅਤੇ ਰਿਆਜ਼ ਰਾਜ਼ੀ ਨਾਲ ਮੁਲਾਕਾਤ ਵੀ ਕੀਤੀ। ਜਿਥੇ ਲੇਖਕ ਨੂੰ ਲਹਿੰਦੇ ਪੰਜਾਬ ਦੇ ਇਨ੍ਹਾਂ ਲੇਖਕਾਂ ਤੋਂ ਕੁਝ ਪੰਜਾਬੀ ਕਹਾਣੀ ਸੰਗ੍ਰਹਿ ਪ੍ਰਾਪਤ ਕਰਨ ਵਿਚ ਸਫਲਤਾ ਮਿਲੀ ਉੱਥੇ ਉਸ ਨੂੰ ਇਨ੍ਹਾਂ ਤੋਂ ਅਪਣਤ ਭਰੇ ਪਿਆਰ ਦੀ ਭਰਭੂਰਤਾ ਵੀ ਪ੍ਰਾਪਤ ਹੋਈ।
ਯਾਤਰਾ ਦੌਰਾਨ ਪਕਿਸਤਾਨੀ ਦਾਨਸ਼ਵਰਾਂ ਤੇ ਆਮ ਲੋਕਾਂ ਨਾਲ ਹੋਈ ਗਲਬਾਤ ਤੋਂ ਡਾ. ਤੀਰ ਦਾ ਮੰਨਣਾ ਹੈ ਕਿ ਦੇਸ਼ ਵੰਡ ਦਾ ਦਰਦ ਸਰਹੱਦ ਦੇ ਦੋਨੋਂ ਪਾਸੇ ਇਕੋ ਜਿਹਾ ਹੈ। ਦੋਨੋਂ ਪੰਜਾਬਾਂ (ਚੜ੍ਹਦਾ ਤੇ ਲਹਿੰਦਾ) ਦੇ ਲੋਕ ਆਪਸ ਵਿਚ ਮਿਲਣ ਲਈ ਇਕੋ ਕਿਹੀ ਤੜਪ ਮਹਿਸੂਸ ਕਰਦੇ ਹਨ। ਵੰਡ ਦੌਰਾਨ ਇਧਰੋਂ ਉਜੜ ਕੇ ਉਧਰ ਵਸੇ ਲੋਕਾਂ ਦਾ ਦਰਦ ਬਿਆਨ ਤੋਂ ਬਾਹਰ ਹੈ। ਜਦੋਂ ਕਦੇ ਉਨ੍ਹਾਂ ਦੇ ਪੁਰਾਣੇ ਵਤਨ ਤੋਂ ਕੋਈ ਬੰਦਾ ਉਨ੍ਹਾਂ ਕੋਲ ਪੁੱਜਦਾ ਹੈ ਤਾਂ ਉਹ ਅਛੋਪਲੇ ਜਿਹੇ ਹੀ ਉਸ ਕੋਲ ਯਾਦਾਂ ਦੀ ਪਟਾਰੀ ਖੋਲ ਬੈਠਦੇ ਹਨ। ਡਾ. ਤੀਰ ਨੇ ਇਸ ਸਫ਼ਰਨਾਮੇ ਵਿਚ ਬਹੁਤ ਸਾਰੀਆਂ ਦਿਲਚਸਪ ਘਟਨਾਵਾ ਦਾ ਜ਼ਿਕਰ ਹੈ ਜੋ ਪਾਕਿਸਤਾਨ ਦੇ ਲੋਕਾਂ ਦੇ ਭਾਰਤ ਤੋਂ ਆਏ ਯਾਤਰੂਆਂ ਪ੍ਰਤਿ ਪਿਆਰ ਤੇ ਖੁੱਲਦਿਲੀ ਭਰੇ ਸੁਭਾਅ ਦਾ ਸਬੂਤ ਬਣ ਨਿਬੜਦੀਆਂ ਹਨ।
"ਯਾਦਾਂ ਵਾਘਿਓਂ ਪਾਰ ਦੀਆਂ" ਪੁਸਤਕ ਦੇ ਕੁੱਲ 14 ਅਧਿਆਇ ਹਨ । ਜਿਸ ਵਿਚ ਵੱਡੇ ਵਡੇਰਿਆਂ ਦੀ ਧਰਤੀ ਵੱਲ ਜਾਣ ਦਾ ਚਾਅ ਵੀ ਸ਼ਾਮਿਲ ਹੈ ਅਤੇ ਦੋਨੋਂ ਪੰਜਾਬਾਂ ਦੇ ਇਕੋ ਜਿਹੇ ਸੁਹੱਪਣ ਅਤੇ ਮੁਹੱਬਤ ਭਰੀ ਸੀਰਤ ਦਾ ਜ਼ਿਕਰ ਵੀ ਹੈ। ਹਸਨ ਅਬਦਾਲ ਦੀ ਯਾਤਰਾ ਦੌਰਾਨ, ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾ ਨਾਲ ਸਨੇਹ ਭਰੀ ਮਿਲਣੀ ਦਾ ਵਰਨਣ ਹੈ। ਹਸਨ ਅਬਦਾਲ ਅਤੇ ਨਨਕਾਣਾ ਸਾਹਿਬ ਵਿਖੇ, ਸਿੱਖ ਧਰਮ ਸੰਬੰਧਤ ਇਤਹਾਸਿਕ ਸਥਾਨਾਂ ਦੇ ਮੋਜੂਦਾ ਹਾਲਾਤਾਂ ਤੇ ਸਿੱਖ ਸਰਧਾਲੂਆਂ ਦੇ ਇਨ੍ਹਾਂ ਸਥਾਨਾਂ ਵਿਖੇ ਆਪਣੇ ਪੈਗੰਬਰ ਨੂੰ ਸਿਜਦਾ ਕਰਨ ਦੀ ਸੱਧਰ ਪੂਰਤੀ ਦਾ ਬਿਆਨ ਵੀ ਸ਼ਾਮਿਲ ਹੈ। ਲਾਹੌਰ ਵਿਖੇ ਅਨੇਕ ਪੰਜਾਬੀ ਲੇਖਕਾਂ ਨਾਲ ਭਾਰਤ ਅਤੇ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੇ ਮੌਜੁਦਾ ਹਾਲਾਤਾਂ ਬਾਰੇ ਹੋਏ ਵਿਚਾਰ ਵਟਾਂਦਰੇ ਦੀ ਚਰਚਾ ਵੀ ਹੈ ਅਤੇ ਮਸ਼ਹੂਰ ਸ਼ਾਇਰ ਡਾ. ਇਕਬਾਲ ਅਤੇ ਸੂਫੀ ਸ਼ਾਇਰ ਸ਼ਾਹ ਹੁਸੈਨ ਦੇ ਹੁਜਰੇ ਦੀ ਯਾਤਰਾ ਦਾ ਵਰਨਣ ਵੀ ਮੌਜੂਦ ਹੈ। ਵਾਪਿਸ ਭਾਰਤ ਪਰਤਣ ਤੋਂ ਇਕ ਦਿਨ ਪਹਿਲਾਂ ਚੜ੍ਹਦੇ ਪੰਜਾਬ ਵਿਚ ਸਾਕਾ ਨੀਲਾ ਤਾਰਾ ਦੇ ਵਾਪਰਣ ਦੀ ਘਟਨਾ ਕਾਰਣ ਜਿਥੇ ਯਾਤਰੂਆਂ ਲਈ ਸਥਿਤੀ ਤਣਾਅਪੂਰਣ ਤੇ ਚਿੰਤਾਗ੍ਰਸਤ ਹੋ ਗਈ । ਉਥੇ ਘਰ ਪਰਿਵਾਰ ਦੀ ਸੁੱਖਸਾਂਦ ਦੀ ਖ਼ਬਰ ਦੀ ਘਾਟ, ਨੇ ਯਾਤਰੂਆਂ ਦੀ ਚਿੰਤਾਵਾਂ ਵਿਚ ਹੋਰ ਵਾਧਾ ਕਰ ਦਿੱਤਾ। ਆਵਾਜਾਈ ਵਿਵਸਥਾ ਅਸਤ ਵਿਅਸਤ ਹੋਣ ਕਾਰਣ ਯਾਤਰੂਆਂ ਨੂੰ ਘਰ ਪਰਤਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪਿਆ। ਇਸ ਸਾਰੀ ਖਜਲ ਖੁਆਰੀ ਦਾ ਬੇਬਾਕ ਬਿਰਤਾਂਤ ਲੇਖਕ ਨੇ ਪੁਸਤਕ ਦੇ ਆਖ਼ਰੀ ਤਿੰਨ ਅਧਿਆਵਾਂ ਵਿਚ ਕੀਤਾ ਹੈ। "ਯਾਦਾਂ ਵਾਘਿਓਂ ਪਾਰ ਦੀਆਂ" ਬਿਆਨਦੇ ਉਹ ਆਪਣੇ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦਾ ਹੈ। ਇਸ ਨਿਵੇਕਲੇ ਸਫਰਨਾਮੇ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।
ਡਾ. ਮਨਮੋਹਨ ਸਿੰਘ ਤੀਰ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਪੁਸਤਕ ਵਿਚ ਜੀਵਨ ਦੇ ਸਿੱਧਰੇ-ਪੱਧਰੇ ਸੱਚਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਗਿਆ ਹੈ। ਉਸ ਨੇ ਜੀਵਨ ਪ੍ਰਤਿ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਉਚਤਿ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਦੋਨੋਂ ਪੰਜਾਬਾਂ (ਚੜ੍ਹਦੇ ਅਤੇ ਲਹਿੰਦੇ) ਦੇ ਵਸਨੀਕਾਂ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਤਿ ਜਾਣਕਾਰੀ ਪੇਸ਼ ਕਰਦੀ ਹੈ। ਅਨੇਕ ਸਮਾਜਕਿ ਸਕੰਲਪਾਂ, ਧਾਰਨਾਵਾਂ ਤੇ ਵਰਤਾਰਿਆਂ ਬਾਰੇ ਵਿਲਿੱਖਣ ਸੂਝ ਪ੍ਰਦਾਨ ਕਰਦੀ ਹੈ। ਕਿਤਾਬ ਦਾ ਸਰਵਰਕ ਚਹੁ-ਰੰਗਾ ਹੈ। ਡੀਲਕਸ ਬਾਇੰਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ।
ਡਾ. ਮਨਮੋਹਨ ਸਿੰਘ ਤੀਰ, ਪੰਜਾਬੀ ਭਾਸ਼ਾ ਦਾ ਇਕ ਤਜਰਬੇਕਾਰ ਅਧਿਆਪਕ ਹੋਣ ਦੇ ਨਾਲ ਨਾਲ ਇਕ ਸੰਵੇਦਨਸ਼ੀਲ ਕਹਾਣੀਕਾਰ, ਅਤੇ ਬਾਲਾਂ ਲਈ ਨਰੋਏ ਸਾਹਿਤ ਦੇ ਰਚੇਤਾ ਵਜੋਂ ਬਹੁਪੱਖੀ ਸਖ਼ਸ਼ੀਅਤ ਦਾ ਮਾਲਿਕ ਹੈ। ਉਸ ਦੀਆਂ ਰਚਨਾਵਾਂ ਜੀਵਨ ਦੇ ਜਟਿਲ ਵਰਤਾਰਿਆਂ ਅਤੇ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹਨ। ਰਿਵਿਊ ਅਧੀਨ ਪੁਸਤਕ ਵਿਚ ਡਾ. ਮਨਮੋਹਨ ਸਿੰਘ ਤੀਰ, ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾ ਯੋਗ ਹੈ। ਇਹ ਸਫਰਨਾਮਾ, ਅਜੋਕੇ ਸਮੇਂ ਦੇ ਦੋਨੋਂ ਪੰਜਾਬਾਂ (ਚੜ੍ਹਦੇ ਅਤੇ ਲਹਿੰਦੇ) ਦੇ ਲੋਕਾਂ ਦੇ ਆਪਸੀ ਪਿਆਰ ਦੀ ਹੌਂਦ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਦੋਨੋਂ ਪੰਜਾਬਾਂ ਦੇ ਵਸਨੀਕਾਂ ਲਈ, ਰਾਜਨੀਤਕ ਵਿੱਥਾਂ ਦੇ ਆਰ-ਪਾਰ, ਆਪਸੀ ਪਿਆਰ ਦੇ ਪੁੱਲ ਦੀ ਹੌਂਦ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਵਿਚ ਆਪਣਾ ਯੋਗਦਾਨ ਪਾਣਗੇ। "ਯਾਦਾਂ ਵਾਘਿਓਂ ਪਾਰ ਦੀਆਂ" (ਸਫਰਨਾਮਾ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਸਮਾਜਿਕ ਤੇ ਰਾਜਨੀਤਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ ਸਮਰਥਾ ਪ੍ਰਾਪਤੀ ਸੰਬੰਧਤ ਸਹੀ ਸੇਧ ਪ੍ਰਾਪਤ ਕਰ ਸਕੇ।
--------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਵਿਦਿੱਅਕ ਅਦਾਰਿਆਂ ਦੇ ਵਿੱਦਿਅਕ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: drdpsn@gmail.com