• Welcome to all New Sikh Philosophy Network Forums!
    Explore Sikh Sikhi Sikhism...
    Sign up Log in

Sikhism ਪੁਸਤਕ: ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ, ਲੇਖਕ: ਡਾ. ਕੁਲਦੀਪ ਕੌਰ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
135
64
Nangal, India
ਗੁਰੂ ਗ੍ਰੰਥ ਸਾਹਿਬ : ਬ੍ਰਹਿਮੰਡੀ ਸਰੋਕਾਰ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

ਪੁਸਤਕ ਦਾ ਨਾਮ: ਗੁਰੂ ਗ੍ਰੰਥ ਸਾਹਿਬ : ਬ੍ਰਹਿਮੰਡੀ ਸਰੋਕਾਰ

ਲੇਖਕ: ਡਾ. ਕੁਲਦੀਪ ਕੌਰ

ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ, ਇੰਡੀਆ।

ਪ੍ਰਕਾਸ਼ ਸਾਲ : 2018, ਕੀਮਤ: 250 ਰੁਪਏ ; ਪੰਨੇ: 118

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।

"ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ" ਕਿਤਾਬ ਦੀ ਲੇਖਿਕਾ ਡਾ. ਕੁਲਦੀਪ ਕੌਰ, ਜਿਥੇ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਤੇ ਖੋਜ ਕਾਰਜਾਂ ਨੂੰ ਸਮਰਪਿਤ ਅਧਿਆਪਕਾ ਹੈ, ਉੱਥੇ ਉਹ ਸਿੱਖ ਧਰਮ ਦੀ ਨਿਸ਼ਠਾਵਾਨ ਚਿੰਤਕ ਵਜੋਂ ਵੀ ਉਨ੍ਹਾਂ ਹੀ ਮਕਬੂਲ ਹੈ। ਅੱਜ ਕਲ, ਉਹ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ, ਵਿਖੇ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਉੱਤੇ ਕਾਰਜਸ਼ੀਲ ਹੈ। ਆਪਣੇ ਸੇਵਾਕਾਲ ਦੌਰਾਨ ਉਸ ਨੇ ਹੁਣ ਤਕ ਅੱਠ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ ਹਨ। ਜਿਨ੍ਹਾਂ ਵਿਚ, ਉਸ ਨੇ, ਸਾਹਿਤ ਦੀਆਂ ਵਿਭਿੰਨ ਵਿਧਾਵਾਂ ਜਿਵੇਂ ਕਿ ਕਵਿਤਾ ਰਚਨਾ, ਨਿਬੰਧ ਲੇਖਣ, ਸੰਪਾਦਨ ਅਤੇ ਸਮੀਖਿਆ ਆਦਿ ਉੱਤੇ ਹੱਥ-ਅਜ਼ਮਾਈ ਕੀਤੀ ਹੈ। ਸਿੱਖ ਦਰਸ਼ਨ ਸੰਬੰਧੀ ਗੁਰਬਾਣੀ ਵਿਚ "ਸ਼ਬਦ ਰਹੱਸ" ਅਤੇ 'ਬ੍ਰਹਿਮੰਡੀ ਪਰਿਪੇਖ" ਦੀ ਪੜਚੋਲ ਉਸ ਦੀ ਵਿਸ਼ੇਸ਼ ਦਿਲਚਸਪੀ ਦਾ ਖੇਤਰ ਰਹੇ ਹਨ। ਡਾ. ਕੁਲਦੀਪ ਕੌਰ, ਇਕ ਅਜਿਹੀ ਨਿਆਰੀ ਸ਼ਖਸ਼ੀਅਤ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਅਧਿਆਪਨ, ਸਾਹਿਤ ਅਤੇ ਗੁਰਮਤਿ ਪੜਚੋਲ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

ਡਾ. ਕੁਲਦੀਪ ਕੌਰ ਨੇ "ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ" ਕਿਤਾਬ ਵਿਚ "ਆਰੰਭਕਾ" ਅਤੇ "ਮੇਰਾ ਪੱਖ" ਨਿਬੰਧਾਂ ਤੋਂ ਇਲਾਵਾ ਪੰਜ ਅਧਿਆਇ ਸ਼ਾਮਿਲ ਕੀਤੇ ਹਨ। ਇਸ ਦੇ ਬਾਅਦ ਨਿਸ਼ਕਰਸ਼ ਅਤੇ ਸੰਦਰਭਿਕਾ ਦਾ ਵਰਨਣ ਕੀਤਾ ਗਿਆ ਹੈ। ਕਿਤਾਬ ਦਾ ਸਮਰਪਣ "ਸੰਪੂਰਨ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਕੀਤਾ ਗਿਆ ਹੈ। ਕਿਤਾਬ ਦੇ ਸ਼ੁਰੂ ਵਿਚ "ਬ੍ਰਹਿਮੰਡੀ ਗੀਤ" ਦੇ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਦੁਆਰਾ ਰਚੀ ਆਰਤੀ ਸ਼ਾਮਿਲ ਕੀਤੀ ਹੈ। ਜੋ ਲੇਖਿਕਾ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਅਤੇ ਲਗਾਉ ਦਾ ਪ੍ਰਤਿਰੂਪ ਹੋਣ ਦੇ ਨਾਲ ਨਾਲ ਕਿਤਾਬ ਦੇ ਮੂਲ ਵਿਸ਼ੇ ਦਾ ਪ੍ਰਤੀਕ ਨਜ਼ਰ ਆਉਂਦੀ ਹੈ।

ਪੁਸਤਕ ਦੇ ਆਰੰਭਕਾ ਲੇਖ ਵਿਚ ਡਾ. ਕੁਲਦੀਪ ਕੌਰ ਦਾ ਕਥਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਇਕ ਅਜਿਹਾ ਧਾਰਮਿਕ ਗ੍ਰੰਥ ਹੈ, ਜੋ ਬ੍ਰਹਮ-ਅਧਾਰਿਤ ਵਿਸ਼ਵ-ਦ੍ਰਿਸ਼ਟੀ ਨੂੰ ਪੂਰੇ ਬ੍ਰਹਿਮੰਡ ਦੇ ਸੰਦਰਭ ਵਿਚ ਪੇਸ਼ ਕਰਦਾ ਹੈ। ਬਾਰਵ੍ਹੀਂ ਤੋਂ ਸੋਲਵ੍ਹੀਂ ਸਦੀ ਦੌਰਾਨ ਰਚੀ ਗਈ ਇਸ ਬਾਣੀ ਵਿਚ ਮੌਜੂਦ ਸਰੋਕਾਰ ਸਮਕਾਲੀ ਪ੍ਰਸੰਗਤਾ ਨਾਲ ਮੇਲ ਖਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਇਬਾਰਤ ਅਜਿਹੀਆਂ ਸਰਬਕਾਲੀ ਸੰਭਾਵਨਾਵਾਂ ਸਮੋਈ ਬੈਠੀ ਹੈ, ਜੋ ਬ੍ਰਹਿਮੰਡੀ ਅਨੰਤਤਾ ਦੀ ਸਿਰਜਣਕਾਰੀ ਰਹੱਸਤਾ ਨੂੰ ਵਿਸਮਾਦੀ ਆਯਾਮ ਪ੍ਰਦਾਨ ਕਰਦੀ ਨਜ਼ਰ ਆਉਂਦੀ ਹੈ। ਡਾ. ਕੌਰ ਅਨੁਸਾਰ ਅਜੋਕੇ ਸਮੇਂ ਦੌਰਾਨ, ਧਰਮ ਤੇ ਵਿਗਿਆਨ ਦੇ ਖੇਤਰ ਵਿਚ ਸੁਮੇਲਤਾ, ਦੋਹਾਂ ਹੀ ਖੇਤਰਾਂ ਵਿਚ ਨਵੀਆਂ ਉਪਲਬਧੀਆਂ ਦੀ ਜਨਮਦਾਤਾ ਬਣ ਰਹੀ ਹੈ। ਸਮੇਂ ਨਾਲ, ਵਿਗਿਆਨ ਤੇ ਰਹੱਸਵਾਦ ਮਨੁੱਖੀ ਸੂਝ-ਬੂਝ ਦੇ ਪ੍ਰਗਟਾ ਦੇ ਨਾਲ ਨਾਲ ਇਕ ਦੂਜੇ ਦੇ ਪੂਰਕ ਵਜੋਂ ਵੀ ਪ੍ਰਗਟ ਹੋ ਰਹੇ ਹਨ। ਬੇਸ਼ਕ ਵਿਗਿਆਨ ਜਾ ਰਹੱਸਵਾਦ ਇਕ ਦੂਜੇ ਉੱਤੇ ਨਿਰਭਰ ਨਹੀਂ ਕਰਦੇ, ਪਰ ਮਨੁੱਖ ਨੂੰ ਦੋਹਾਂ ਦੀ ਲੋੜ ਹੈ। ਕਿਉਂ ਕਿ ਭੌਤਿਕ ਜਗਤ ਨੂੰ ਜਾਨਣ ਲਈ ਵਿਗਿਆਨ ਦੀ ਲੋੜ ਪੈਂਦੀ ਹੈ ਅਤੇ ਅੰਤਰ-ਜਗਤ ਨੂੰ ਸਮਝਣ ਲਈ ਰਹੱਸ-ਅਨੁਭੂਤੀ ਦੀ। ਭੌਤਿਕਵਾਦੀ, ਪਦਾਰਥ ਦੀ ਅਤੇ ਰਹੱਸਵਾਦੀ, ਮਨੁੱਖੀ ਚੇਤਨਾ ਦੇ ਪੱਧਰਾਂ ਦੀ ਖੋਜ ਕਰਦੇ ਹਨ। ਦੋਨੋਂ ਹੀ ਖੇਤਰ ਸਾਧਾਰਣ ਇੰਦਰੀ-ਬੋਧ ਦੀ ਹੱਦ ਤੋਂ ਪਾਰ ਮੌਜੂਦਗੀ ਵਾਲੀ ਗੁਣਤਾ ਦੇ ਧਾਰਣੀ ਵੀ ਹਨ। ਸਮਕਾਲੀ ਖੋਜਕਾਰ 'ਸ੍ਰਿਸ਼ਟੀ ਕੇਂਦਰਿਤ ਅਧਿਆਤਮਕਤਾ' ਦੇ ਵਿਕਾਸ ਵਿਚ ਰੁਚਿਤ ਹਨ। ਬੇਸ਼ਕ ਅਜੋਕਾ ਵਿਸ਼ਵ ਧਾਰਮਿਕ ਜਨੂੰਨ ਅਤੇ ਆਰਥਿਕ ਲਾਭ ਪ੍ਰਾਪਤੀ ਦੀ ਅੰਨ੍ਹੀ ਦੋੜ੍ਹ ਵਿਚ ਲੀਨ ਹੈ, ਪਰ ਇਸੇ ਸਮੇਂ ਅਜਿਹੇ ਵਿਸ਼ਵ-ਚਿੰਤਨ ਦੀ ਉਸਾਰੀ ਵੀ ਨਾਲ ਨਾਲ ਚਲ ਰਹੀ ਹੈ, ਜੋ ਬ੍ਰਹਿਮੰਡ ਅਤੇ ਅਧਿਆਤਮ ਦੀ ਇਕਰੂਪਤਾ ਦਾ ਅਨੁਯਾਈ ਹੈ। ਡਾ. ਕੁਲਦੀਪ ਕੌਰ ਦਾ ਮੰਨਣਾ ਹੈ ਕਿ ਬ੍ਰਹਿਮੰਡ ਦੇ ਪ੍ਰਕ੍ਰਿਤਕ ਨਿਯਮਾਂ ਬਾਰੇ ਸਨਮਾਨ ਦੀ ਭਾਵਨਾ ਦਾ ਲੋਕਾਂ ਵਿਚ ਵਿਕਾਸ ਤੇ ਪ੍ਰਸਾਰ ਕਰਨਾ, ਧਰਮ ਤੇ ਵਿਗਿਆਨ ਦੀ ਅਹਿਮ ਜ਼ੁੰਮੇਵਾਰੀ ਹੈ। ਇਸੇ ਸਦੰਰਭ ਵਿਚ, ਲੇਖਿਕਾ ਦਾ ਕਹਿਣਾ ਹੈ ਕਿ ਆਸਥਾਮੂਲਕ ਵਿਸ਼ਵਾਸ, ਬੌਧਿਕ ਚਿੰਤਨ ਅਤੇ ਵਿਗਿਆਨਕ ਪਹੁੰਚ ਦਾ ਧਾਰਣੀ ਸਿੱਖ ਧਰਮ, ਮਨੁੱਖ ਦੀ ਵਿਅਕਤੀ ਚੇਤਨਾ ਨੂੰ ਬ੍ਰਹਿਮੰਡੀ ਚੇਤਨਾ ਦਾ ਹੀ ਮੂਲ ਦਰਸਾਉਂਦਾ ਹੈ।

ਭਾਰਤ ਦੇ ਪੂਰਵ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪਰਕਾਸ਼ ਸੰਬੰਧਤ ਸੰਖੇਪ ਰਚਨਾ ਦੇ ਵਰਨਣ ਪਿਛੋਂ, ਡਾ. ਕੁਲਦੀਪ ਕੌਰ ਆਪਣੇ ਲੇਖ 'ਮੇਰਾ ਪੱਖ' ਵਿਚ ਬਿਆਨ ਕਰਦੀ ਹੈ ਕਿ ਸਾਹਿਤ ਦਾ ਸੰਬੰਧ ਵਸਤੂ-ਜਗਤ ਅਤੇ ਭਾਵ-ਜਗਤ ਦੇ ਸੁਮੇਲ 'ਚੋਂ ਉਪਜੀ ਸਿਰਜਣਕਾਰੀ ਸਮਰਥਾ ਨਾਲ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ, ਅਕਾਲ-ਪੁਰਖ ਦੇ ਵਿਸਮਾਦੀ ਸਕੰਲਪ ਨੂੰ, ਬ੍ਰਹਿਮੰਡੀ ਕੋਡ ਵਿਚ ਬਿਆਨ ਕੀਤਾ ਗਿਆ ਹੈ। ਡਾ. ਕੌਰ ਦੀ ਖੋਜ ਦਾ ਵਿਸ਼ਾ ਉਸ ਮਨੁੱਖੀ ਅਸਮਰਥਤਾ ਅਤੇ ਸੀਮਾ-ਬੋਧ ਨਾਲ ਸੰਬੰਧਿਤ ਹੈ, ਜੋ ਬ੍ਰਹਿਮੰਡੀ-ਸੱਚ ਦੇ ਸਿਖ਼ਰ ਤੇ ਪੁੱਜ ਕੇ ਵੀ ਅੰਤਮ-ਸੱਚ ਦੀ ਪਛਾਣ ਕਰ ਸਕਣ ਤੋਂ ਅਸਮਰਥ ਹੈ। ਲੇਖਿਕਾ ਅਨੁਸਾਰ ਸਮਕਾਲੀ ਵਿਗਿਆਨੀ ਤੇ ਖੋਜਕਾਰ ਵੀ ਇਸ ਨਿਰਣੈ ਉੱਤੇ ਸਹਿਮਤ ਹਨ ਕਿ ਬ੍ਰਹਿਮੰਡੀ ਸਿਰਜਕ ਸ਼ਕਤੀ ਦੇ ਅਸਿੱਸਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਪਰਮ-ਸ਼ਕਤੀ (ਅੰਤਮ ਸੱਚ) ਦਾ ਪਾਰਾਵਾਰ ਹੀ ਪਾਇਆ ਜਾ ਸਕਦਾ। ਡਾ. ਕੌਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਗਿਆਨ ਸਾਨੂੰ ਅਜਿਹੇ ਹੀ ਯਥਾਰਥ ਦੇ ਰੂਬਰੂ ਕਰਾਉਂਦਾ ਹੈ।

ਪੁਸਤਕ ਦਾ ਪਹਿਲਾ ਅਧਿਆਇ "ਬ੍ਰਹਿਮੰਡ ਅਤੇ ਬ੍ਰਹਿਮੰਡ ਵਿਗਿਆਨ : ਭੌਤਿਕ ਪਰਿਪੇਖ", ਬ੍ਰਹਿਮੰਡ ਦੀ ਪਰਿਭਾਸ਼ਾ, ਬ੍ਰਹਿਮੰਡ ਦੀ ਸਰੰਚਨਾ, ਬ੍ਰਹਿਮੰਡ-ਭੌਤਿਕੀ ਦਾ ਇਤਹਾਸ, ਬ੍ਰਹਿਮੰਡ ਵਿਗਿਆਨ, ਅਤੇ ਵਿਭਿੰਨ ਬ੍ਰਹਿਮੰਡੀ ਸਿਧਾਂਤਾ ਦੇ ਸੰਕਲਪਾਂ ਉੱਤੇ ਝਾਤ ਪੁਆਉਂਦਾ ਹੈ। ਡਾ. ਕੁਲਦੀਪ ਕੌਰ ਅਨੁਸਾਰ ਬ੍ਰਹਿਮੰਡ ਕੁਦਰਤ ਦਾ ਇਕ ਨਿਯਮਿਤ ਪ੍ਰਬੰਧ ਹੈ, ਜਿਸ ਵਿਚ ਸਿਰਜਣ ਤੇ ਵਿਘਟਨ ਦੀਆਂ ਕ੍ਰਿਆਵਾਂ ਨਿਰੰਤਰ ਵਾਪਰਦੀਆਂ ਰਹਿੰਦੀਆਂ ਹਨ। ਸਮੇਂ ਅਤੇ ਪੁਲਾੜ ਵੀ ਸ਼ਮੂਲੀਅਤ ਸੰਗ, ਉਹ ਸੱਭ ਕੁਝ, ਜੋ ਹੌਂਦ ਵਿਚ ਹੈ, ਉਹ ਬ੍ਰਹਿਮੰਡ ਹੈ। "ਬ੍ਰਹਿਮੰਡ ਦੀ ਸਰੰਚਨਾ" ਦਾ ਵਰਨਣ ਕਰਦੇ ਹੋਏ ਲੇਖਿਕਾ ਦਾ ਇਹ ਕਥਨ ਕਿ "ਬ੍ਰਹਿਮੰਡ, ਦੋ ਮੂਲ ਤੱਤਾਂ, ਦ੍ਰਵ (liquid) ਅਤੇ ਊਰਜਾ, ਦੇ ਸੰਜੋਗ ਤੋਂ ਬਣਿਆ ਹੈ।" ਪੂਰਨ ਰੂਪ ਵਿਚ ਸਹੀ ਨਹੀਂ ਹੈ। ਇਥੇ "ਦ੍ਰਵ" ਸ਼ਬਦ ਦੀ ਥਾਂ "ਪਦਾਰਥ" ਸ਼ਬਦ ਦੀ ਵਰਤੋਂ ਕਥਨ ਦੇ ਭਾਵ ਨੂੰ ਸਹੀ ਰੂਪ ਵਿਚ ਵਿਅਕਤ ਕਰਨ ਲਈ ਵਧੇਰੇ ਉਚਿਤ ਹੋਣੀ ਸੀ। ਦ੍ਰਵ ਤਾਂ ਪਦਾਰਥ ਦੀ ਇਕ ਖਾਸ ਹਾਲਤ ਦਾ ਸੂਚਕ ਹੈ, ਜਦ ਕਿ ਬ੍ਰਹਿਮੰਡ ਵਿਚ ਪਦਾਰਥ ਅਨੇਕ ਵਿਭਿੰਨ ਹਾਲਤਾਂ (ਠੋਸ, ਦ੍ਰਵ (liquid), ਤਰਲ (fluid), ਗੈਸ, ਪਲਾਜ਼ਮਾ ਆਦਿ) ਵਿਚ ਮੌਜੂਦ ਹੈ। ਲੇਖ ਦੇ ਇਸ ਭਾਗ ਵਿਚ ਤੱਤ, ਪਦਾਰਥ, ਅੰਸ਼, ਅਤੇ ਊਰਜਾ ਦੇ ਸਕੰਲਪਾਂ ਦਾ ਬਿਆਨ ਤੇ ਵਿਸਥਾਰ ਦਿੱਤਾ ਗਿਆ ਹੈ। ਪ੍ਰਾਚੀਨ ਅਤੇ ਨਵੇਂ ਭੌਤਿਕ ਸਿਧਾਂਤਾਂ ਦਾ ਵੀ ਚਰਚਾ ਕੀਤਾ ਗਿਆ ਹੈ।

"ਬ੍ਰਹਿਮੰਡ-ਭੌਤਿਕੀ ਦਾ ਇਤਹਾਸ" ਉਪ-ਸਿਰਲੇਖ ਹੇਠ, ਬ੍ਰਹਿਮੰਡ ਦਾ ਜਨਮ ਅਤੇ ਵਿਸਥਾਰ, ਜਾਰਜ ਲਿਮਾਇਤਰੇ ਦੇ "ਬਿੱਗ ਬੈਂਗ ਸਿਧਾਂਤ" ਅਨੁਸਾਰ ਦਰਸਾਇਆ ਗਿਆ ਹੈ। ਡਾ. ਕੌਰ ਅਨੁਸਾਰ ਅਨੇਕ ਲੋਕ ਇਹ ਵੀ ਮੰਨਦੇ ਹਨ ਕਿ ਇਕ ਬ੍ਰਹਿਮੰਡ ਵਿਚੋਂ ਕਈ ਛੋਟੇ-ਵੱਡੇ ਬ੍ਰਹਿਮੰਡ ਪੈਦਾ ਹੁੰਦੇ ਹਨ। ਬ੍ਰਹਿਮੰਡਾਂ ਦੀ ਹੌਂਦ ਸੰਬੰਧੀ ਵਿਗਿਆਨਕਾਂ ਵਿਚ ਕਈ ਸਿਧਾਂਤ ਪ੍ਰਚਲਿਤ ਹਨ। ਬਹੁਤ ਸਮੇਂ ਤੋਂ ਉਹ "ਥਿਊਰੀ ਔਫ ਐਵਰੀਥਿੰਗ" ਦੀ ਤਲਾਸ਼ ਵਿਚ ਹਨ। ਬ੍ਰਹਿਮੰਡ ਦੀ ਸਰੰਚਨਾ ਵਿਚ ਮੂਲ ਕਣਾਂ ਦੀ ਹੌਂਦ ਅਤੇ ਸੰਬੰਧਤ ਖੋਜ ਕਾਰਜਾਂ ਦਾ ਚਰਚਾ ਵੀ ਇਸੇ ਲੇਖ ਵਿਚ ਸੰਮਿਲਿਤ ਕੀਤਾ ਗਿਆ ਹੈ। ਲੇਖਿਕਾ ਅਨੁਸਾਰ ਅੱਜ ਵਿਗਿਆਨੀ ਕੁਆਂਟਮ-ਸਿਧਾਂਤ ਅਤੇ ਸਾਪੇਖਤਾ ਸਿਧਾਂਤ ਦੇ ਏਕੀਕਰਣ ਨਾਲ ਉਪ-ਪਰਮਾਣੂਵੀ ਕਣਾਂ ਬਾਰੇ ਇਕ ਸੰਪੂਰਨ ਸਿਧਾਂਤ ਨਿਰਮਾਣ ਕਰਨ ਵਿਚ ਯਤਨਸ਼ੀਲ ਹਨ। ਪਰ ਅਜੇ ਤਕ ਬ੍ਰਹਿਮੰਡ ਦੀ ਸਰੰਚਨਾ ਸੰਬੰਧੀ ਕਿਸੇ ਸੰਤੁਸ਼ਟਤਾਪੂਰਨ ਸਿਧਾਂਤ ਦੀ ਸਥਾਪਨਾ ਨਹੀਂ ਹੋ ਸਕੀ ਹੈ।

"ਬ੍ਰਹਿਮੰਡ ਵਿਗਿਆਨ" ਦੀ ਚਰਚਾ ਕਰਦੇ ਹੋਏ ਡਾ. ਕੁਲਦੀਪ ਕੌਰ ਬਿਆਨ ਕਰਦੇ ਹਨ ਕਿ ਬੇਸ਼ਕ ਭੌਤਿਕ ਵਿਗਿਆਨ ਦੇ ਖੇਤਰ ਵਿਚ ਅਜੋਕੇ ਸਮੇਂ ਦੀਆਂ ਖੋਜਾਂ ਸਦਕਾ ਬ੍ਰਹਿਮੰਡ ਵਿਗਿਆਨ ਦਾ ਆਗਮਨ ਹੋਇਆ ਹੈ ਅਤੇ ਇਸ ਨੂੰ ਭੌਤਿਕ ਵਿਗਿਆਨ ਦੀ ਹੀ ਇਕ ਨਵੀਂ ਇਕਾਈ ਵਜੋਂ ਜਾਣਿਆ ਜਾਂਦਾ ਹੈ। ਪਰ ਸ੍ਰਿਸ਼ਟੀ ਦੇ ਪ੍ਰਬੰਧਕੀ ਸਿਧਾਂਤਾ ਨਾਲ ਜੁੜੇ ਹੋਣ ਕਾਰਣ ਇਹ ਧਰਮ, ਦਰਸ਼ਨ, ਚੇਤਨਾ ਅਤੇ ਅਧਿਆਤਮਵਾਦ ਦਾ ਵੀ ਵਿਸ਼ਾ ਹੈ। ਆਦਿ ਕਾਲ ਤੋਂ ਹੀ ਮਨੁੱਖੀ ਜਗਿਆਸਾ ਬ੍ਰਹਿਮੰਡ ਦੇ ਰਹੱਸਾਂ ਨੂੰ ਜਾਨਣ ਲਈ ਉਤਸਕ ਰਹੀ ਹੈ। ਆਧੁਨਿਕ ਖੋਜਾਂ, ਇਸੇ ਜਗਿਆਸਾ ਦੀ ਪੂਰਤੀ ਦੇ ਨਾਲ ਨਾਲ, ਪਦਾਰਥਕ-ਜਗਤ ਦੇ ਪਸਾਰੇ ਨੂੰ, ਪਰਾਭੌਤਿਕ ਵਰਤਾਰੇ ਦੀ ਰਹੱਸਤਾ ਨਾਲ ਜੋੜਦੇ ਹੋਏ ਇਕ ਸੁਮੇਲਤਾਪੂਰਣ ਅੰਤਰ-ਦ੍ਰਿਸ਼ਟੀ ਦਾ ਨਿਰਮਾਣ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸੇ ਲੇਖ ਵਿਚ ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਬ੍ਰਹਿਮੰਡੀ-ਪਿੰਡਾਂ ਵਿਚਕਾਰਲੀਆ ਦੂਰੀਆਂ ਦੇ ਮਾਪਣ ਲਈ ਵਰਤੀਆਂ ਜਾਂਦੀਆਂ ਵਿਭਿੰਨ ਮਾਪ-ਇਕਾਈਆਂ ਜਿਵੇਂ ਕਿ ਪ੍ਰਕਾਸ਼-ਸਾਲ, ਪਾਰਸੇਕ ਅਤੇ ਐਸਟ੍ਰੋਨੋਮੀਕਲ ਯੂਨਿਟ ਦਾ ਵੀ ਵਰਨਣ ਕੀਤਾ ਗਿਆ ਹੈ। ਭੂਕੇਂਦਰੀ ਅਤੇ ਸੂਰਜ-ਕੇਂਦਰੀ ਸਿਧਾਂਤਾ ਦਾ ਚਰਚਾ ਵੀ ਕੀਤਾ ਗਿਆ ਹੈ। ਆਈਨਸਟੀਨ ਦੇ ਸਮਕਾਲਿਕਤਾ ਸਿਧਾਂਤ, ਅਤੇ ਸਮਾਂ-ਵਿਸਤਾਰ (time dilation) ਵਰਤਾਰੇ ਦੀ ਵੀ ਦੱਸ ਪਾਈ ਗਈ ਹੈ। ਸਥਿਰ-ਬ੍ਰਹਿਮੰਡ ਅਤੇ ਪ੍ਰਸਾਰੀ ਬ੍ਰਹਿਮੰਡ ਦੀਆਂ ਧਾਰਨਾਵਾਂ ਬਿਆਨ ਕਰਦੇ ਹੋਏ ਲੇਖਿਕਾ ਨੇ ਬ੍ਰਹਿਮੰਡ ਦੇ ਖਾਤਮੇ ਬਾਰੇ ਚਾਰ ਤਰ੍ਹਾਂ ਦੇ ਢੰਗਾਂ ਦੀ ਦੱਸ ਪਾਈ ਹੈ। ਜੋ ਇੰਝ ਹਨ: ਮਹਾਂਵਿਛੇਦ (The Big Rip), ਮਹਾਂਸ਼ੀਤਲਨ (The Big Freeze) ਅਤੇ ਮਹਾਂ-ਸੁੰਗੜਣ (The Big Crunch) ਅਤੇ ਮਹਾਂਦ੍ਰਵ ਅਵਸਥਾ (The Big Slurp)। ਲੇਖਿਕਾ ਦਾ ਕਹਿਣਾ ਹੈ ਕਿ ਬ੍ਰਹਿਮੰਡ ਦੀ ਸਿਰਜਣਾ ਬਾਰੇ ਅਜੇ ਤਕ ਕੋਈ ਵੀ ਸਿਧਾਂਤ ਸੰਪੂਰਨ ਰੂਪ ਵਿਚ ਮਕਬੂਲ ਨਹੀਂ ਹੋਇਆ ਹੈ।

ਪੁਸਤਕ ਦਾ ਦੂਜਾ ਅਧਿਆਇ ਹੈ:"ਬ੍ਰਹਿਮੰਡ ਵਿਗਿਆਨ ਦਾ ਪਰਾਭੌਤਿਕ ਪਰਿਪੇਖ" (ਨਵੀਨ ਭੌਤਿਕੀ ਦਾ ਸਕੰਲਪ)। ਇਸ ਲੇਖ ਵਿਚ ਡਾ. ਕੁਲਦੀਪ ਕੌਰ ਦਾ ਕਹਿਣਾ ਹੈ ਕਿ ਅੱਜ ਅਸੀਂ ਜਿਸ ਨਵੀਨ ਭੌਤਿਕੀ ਦੇ ਸੰਕਲਪ ਦੇ ਸਨਮੁੱਖ ਹਾਂ, ਉਹ ਤਾਂ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਹੀ ਗੁਰੂ ਨਾਨਕ ਬਾਣੀ ਦੇ ਰੂਪ ਵਿਚ, ਸਿੱਖ ਧਰਮ ਦੇ ਦਾਰਸ਼ਨਿਕ ਪਰਿਪੇਖ ਦਾ ਹਿੱਸਾ ਬਣ ਚੁੱਕਾ ਸੀ। ਪ੍ਰਸਿੱਧ ਵਿਗਿਆਨੀ ਹੈਸਨਬਰਗ ਦੇ ਅਨਿਸ਼ੱਚਤਤਾ ਸਿਧਾਂਤ (Uncertainty Principle) ਦਾ ਹਵਾਲਾ ਦਿੰਦੇ ਹੋਏ ਡਾ. ਕੌਰ ਵਰਨਣ ਕਰਦੇ ਹਨ ਕਿ ਹੈਸਨਬਰਗ ਅਨੁਸਾਰ ਬ੍ਰਹਿਮੰਡੀ-ਸੱਚ ਪ੍ਰਤੀ ਕੇਵਲ ਵਸਤੂਪੂਰਕ ਵਿਗਿਆਨਕ ਸੋਚ ਸਵੀਕਾਰ ਨਹੀਂ ਕੀਤੀ ਜਾ ਸਕਦੀ। ਲੇਖਿਕਾ ਦਾ ਕਹਿਣਾ ਹੈ ਕਿ ਆਈਨਸਟਾਈਨ ਮੰਨਦਾ ਸੀ ਕਿ ਬ੍ਰਹਿਮੰਡ ਇਕ ਅਜਿਹਾ ਰਹੱਸ ਹੈ ਜੋ ਨਾ ਤਾਂ ਪੂਰੀ ਤਰ੍ਹਾਂ ਪਦਾਰਥਕ ਹੈ ਅਤੇ ਨਾ ਹੀ ਅਧਿਆਤਮਕ। ਲੇਖਿਕਾ ਨੇ, ਸਟਰਿੰਗ ਥਿਊਰੀ ਦੇ ਸਹਿ-ਬਾਨੀ ਮਿਸ਼ਿਓ ਕਾਕੂ ਦੇ ਕਥਨ ਦਾ ਇੰਝ ਵਰਨਣ ਕੀਤਾ ਹੈ:"ਅਸੀਂ ਇਕ ਅਜਿਹੇ ਗ੍ਰਹਿ ਦੇ ਵਾਸੀ ਹਾਂ ਜੋ ਕਿਸੇ ਇਤਫਾਕੀਆ ਘਟਨਾ ਦੀ ਬਦੌਲਤ ਨਹੀਂ, ਸਗੋਂ ਕਿਸੇ ਸਰਬ-ਵਿਆਪੀ ਬੁੱਧੀ ਦੁਆਰਾ ਨਿਰਮਿਤ ਕੀਤੇ ਗਏ ਨਿਯਮਾਂ ਦੁਆਰਾ ਸੰਚਾਲਿਤ ਹੈ।" ਲੇਖਿਕਾ ਦਾ ਨਿਰਣਾ ਹੈ ਕਿ ਅਜੋਕੀਆਂ ਵਿਗਿਆਨਕ ਖੋਜਾਂ ਦੀ ਰੌਸ਼ਨੀ ਵਿਚ ਅਜਿਹਾ ਕਹਿਣਾ ਸਾਰਥਕ ਹੈ ਕਿ ਬ੍ਰਹਿਮੰਡ ਪ੍ਰਤੀ ਭੌਤਿਕੀ ਅਤੇ ਅਧਿਆਤਮ ਦੇ ਸੁਮੇਲ ਦਾ ਵਿਚਾਰ ਨਾ ਕੇਵਲ ਰੌਚਿਕ ਹੈ ਸਗੋਂ ਬਹੁਤ ਮਹੱਤਵਪੂਰਨ ਵੀ ਹੈ। ਭੌਤਿਕ ਅਤੇ ਪਰਾ-ਭੌਤਿਕ ਦੇ ਸੁਮੇਲ ਤੋਂ ਉਪਜਿਆ ਨਵਾਂ ਗਿਆਨ ਹੀ ਬ੍ਰਹਿਮੰਡ ਦੇ ਅੰਤਮ ਸੱਚ ਤਕ ਪੁੱਜਣ ਵਿਚ ਮਦਦ ਕਰ ਸਕਦਾ ਹੈ।

ਆਈਨਸਟਾਈਨ ਦੇ ਬ੍ਰਹਿਮੰਡੀ ਧਾਰਮਿਕ ਅਨੁਭਵ, ਅਤੇ ਬ੍ਰਹਿਮੰਡ ਪ੍ਰਤੀ ਨਵੀਨ ਭੌਤਿਕੀ ਦੀ ਰੌਸ਼ਨੀ ਵਿਚ ਫਰਿਟਜਾਫ ਕਾਪਰਾ ਦੀ ਅੰਤਰ-ਦ੍ਰਿਸ਼ਟੀ ਰਾਹੀਂ ਸਥਾਪਿਤ, ਛੇ ਪ੍ਰਤੀਮਾਨਾਂ ਦਾ ਚਰਚਾ ਕਰਦੇ ਹੋਏ ਲੇਖਿਕਾ ਨਿਰਣਾ ਕਰਦੀ ਹੈ ਕਿ ਨਵੀਨ ਭੌਤਿਕੀ, ਭੌਤਿਕ ਅਤੇ ਪਰਾਭੌਤਿਕ ਵਿਚ ਸੰਤੁਲਨ ਰੱਖਣ ਵਾਲੀ ਅੰਤਰ-ਦ੍ਰਿਸ਼ਟੀ ਨੂੰ ਸੰਚਾਰਿਤ ਕਰ ਰਹੀ ਹੈ। ਅੱਜ ਸਾਨੂੰ ਇਹ ਮੰਨਣਾ ਪਵੇਗਾ ਕਿ ਕੇਵਲ ਵਿਗਿਆਨ ਅਤੇ ਅਧਿਆਤਮ ਦੇ ਸੁਮੇਲ ਤੋਂ ਉਪਜੇ ਗਿਆਨ ਨਾਲ ਹੀ ਬ੍ਰਹਿਮੰਡ ਪ੍ਰਤੀ ਸੱਚ ਤਕ ਪੁੱਜਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਵਿਚਾਰਧਾਰਾ ਇਸ ਦ੍ਰਿਸ਼ਟੀ ਤੋਂ ਇਸ ਨਵੀਨ ਭੌਤਿਕੀ ਦੇ ਗਿਆਨ ਦੀ ਆਧਾਰ ਭੂਮੀ ਸਿੱਧ ਹੁੰਦੀ ਹੈ। ਲੇਖਿਕਾ ਨੇ ਗੁਰਬਾਣੀ ਦੇ ਯਥਾਯੁਕਤ ਹਵਾਲਿਆਂ ਦੀ ਵਰਤੋਂ ਕਰਦੇ ਹੋਏ ਨਿਰਣਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲਾ ਬ੍ਰਹਿਮੰਡੀ ਗਿਆਨ ਕੋਈ ਮਨੋਕਲਪਿਤ ਸੰਕਲਪ ਨਹੀਂ ਸਿਰਜਦਾ ਸਗੋਂ ਅਨੁਭਵ ਦੀ ਪਰਮ ਅਵਸਥਾ ਤੋਂ ਪ੍ਰਾਪਤ ਸੱਚ ਦਾ ਪ੍ਰਗਟਾ ਕਰਦਾ ਹੈ। ਡਾ. ਕੌਰ ਦਾ ਕਹਿਣਾ ਹੈ ਕਿ ਵਿਗਿਆਨ ਬਾਹਰਮੁਖੀ ਕੌਸ਼ਲ ਹੈ, ਜਦ ਕਿ ਧਰਮ ਅੰਤਰੀਵਤਾ ਨਾਲ ਜੁੜਿਆ ਹੈ। ਦੋਹਾਂ ਦੇ ਸੁਮੇਲ ਵਿਚੋਂ ਹੀ, ਇਸ ਅਨੰਤ ਅਤੇ ਵਿਰਾਟ ਬ੍ਰਹਿਮੰਡ ਦੀ ਸਹੀ ਸੋਝੀ ਹੋ ਸਕਦੀ ਹੈ, ਜੋ ਮਨੁੱਖ ਪ੍ਰਤੀ ਕਲਿਆਣਕਾਰੀ ਦ੍ਰਿਸ਼ਟੀ ਪੈਦਾ ਕਰ ਸਕਦੀ ਹੈ। ਅਜੋਕੇ ਬ੍ਰਹਿਮੰਡੀ ਸਰੋਕਾਰਾਂ ਦਾ ਨਿਪਟਾਰਾ ਗੁਰੂ ਗ੍ਰੰਥ ਸਾਹਿਬ ਦੀ ਅਗੁਵਾਈ ਨਾਲ ਕਰ ਸਕਣਾ ਸਹਿਜੇ ਹੀ ਸੰਭਵ ਹੈ।

"ਧਰਮ ਅਤੇ ਬ੍ਰਹਿਮੰਡ ਵਿਗਿਆਨ" ਇਸ ਪੁਸਤਕ ਦਾ ਤੀਜਾ ਅਧਿਆਇ ਹੈ। ਡਾ. ਕੁਲਦੀਪ ਕੌਰ ਬਿਆਨ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਬ੍ਰਹਿਮੰਡੀ ਸੰਕਲਪ ਦਾ ਅਧਾਰ, ਅਨੁਭਵ ਦੀ ਪਰਮ ਅਵਸਥਾ ਹੈ। "ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਕ ਪਿੱਠਭੂਮੀ" ਦਾ ਚਰਚਾ ਕਰਦੇ ਹੋਏ ਲੇਖਿਕਾ ਦਾ ਕਥਨ ਹੈ ਕਿ ਮਨੁੱਖ ਆਪਣੀਆਂ ਮਾਨਸਿਕ, ਬੌਧਿਕ ਅਤੇ ਅਨੁਭੂਤੀਮੂਲਕ ਪ੍ਰਵਿਰਤੀਆਂ ਕਾਰਣ ਬ੍ਰਹਿਮੰਡ ਦੀ ਉੱਤਪਤੀ, ਵਿਕਾਸ ਅਤੇ ਸਰੰਚਨਾ ਬਾਰੇ ਬਹੁਪੱਖੀ ਦ੍ਰਿਸ਼ਟੀ ਤੋਂ ਵਿਚਾਰ ਕਰਦਾ ਆ ਰਿਹਾ ਹੈ। ਡਾ. ਕੌਰ ਬਿਆਨ ਕਰਦੇ ਹਨ: ਵਿਉੱਤਪਤੀ ਦੀ ਦ੍ਰਿਸ਼ਟੀ ਤੋਂ ਬ੍ਰਹਿਮੰਡ ਸ਼ਬਦ ਦਾ ਭਾਵ ਉਸ ਦ੍ਰਿਸ਼ਟਮਾਨ ਭੌਤਿਕ ਜਗਤ ਤੋਂ ਹੈ, ਜਿਹੜਾ ਨਿਰੰਤਰ ਵਧਦਾ ਤੇ ਪ੍ਰਸਾਰ ਕਰ ਰਿਹਾ ਹੈ, ਅਤੇ ਨਾਲ ਹੀ ਗਤੀਸ਼ੀਲ ਤੇ ਕ੍ਰਿਆਸ਼ੀਲ ਵੀ ਹੈ। "ਵੈਦਿਕ ਪਰੰਪਰਾ" ਦਾ ਜ਼ਿਕਰ ਕਰਦੇ ਹੋਏ ਲੇਖਿਕਾ ਵਰਨਣ ਕਰਦੀ ਹੈ ਕਿ ਵੇਦ ਅਤੇ ਉਪਨਿਸ਼ਦ, ਭਾਰਤੀ ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਦਾ ਮੂਲ ਆਧਾਰ ਹਨ। ਵੇਦਾਂ ਵਿਚ ਬ੍ਰਹਿਮੰਡੀ ਪ੍ਰਕ੍ਰਿਆ ਦਾ ਜ਼ਿਕਰ ਵੱਖ-ਵੱਖ ਸੂਕਤਾਂ ਜਿਵੇਂ ਕਿ ਨਾਸਦੀਯ ਸੂਕਤ, ਪੁਰੁਸ਼ ਸੂਕਤ, ਹਿਰੰਨਯ ਗਰਭ ਸੂਕਤ, ਸਕੰਭ ਸੂਕਤ, ਅਤੇ ਜੇਸ਼ਠ ਬ੍ਰਹਮ ਸੂਕਤ, ਆਦਿ ਵਿਚ ਕੀਤਾ ਗਿਆ ਹੈ। ਵੇਦਾਂ ਦੀ ਤਰ੍ਹਾਂ ਉਪਨਿਸ਼ਦਾਂ ਜਿਵੇਂ ਕਿ ਕਠੋਪਨਿਸ਼ਦ, ਏਤਰੇਯ ਉਪਨਿਸ਼ਦ, ਤੈਤੱਰੀਓਪਨਿਸ਼ਦ, ਛੰਦੋਗਯੋਪਨਿਸ਼ਦ, ਸੁਬਾਲ ਉਪਨਿਸ਼ਦ ਅਤੇ ਪ੍ਰਣੋਵਪਨਿਸ਼ਦ ਵਿਚ ਵੀ ਬ੍ਰਹਿਮੰਡ ਸੰਬੰਧੀ ਜਗਿਆਸਾ ਪ੍ਰਗਟ ਹੁੰਦੀ ਹੈ। "ਪੁਰਾਣ ਸਾਹਿਤ" ਦੇ ਅਧਿਐਨ ਤੋਂ ਲੇਖਿਕਾ ਦਾ ਮੰਨਣਾ ਹੈ ਕਿ ਪੁਰਾਣਾਂ ਦੇ ਅਨੁਸਾਰ ਵੀ ਬ੍ਰਹਮ ਹੀ ਸ੍ਰਿਸ਼ਟੀ ਜਾਂ ਬ੍ਰਹਿਮੰਡ ਦਾ ਮੂਲ ਕਾਰਣ ਹੈ। ਇਹ ਸੰਸਾਰ ਪ੍ਰਮਾਤਮਾ ਲਈ ਇਕ ਖੇਡ ਹੈ, ਜਿਸ ਵਿਚ ਅਨੰਤ ਬ੍ਰਹਿਮੰਡ ਉਸ ਦੀ ਰਚਨਾ ਹੈ।

"ਭਾਰਤੀ ਦਰਸ਼ਨ ਵਿਚ ਬ੍ਰਹਿਮੰਡ ਚਿੰਤਨ" ਦਾ ਚਰਚਾ ਕਰਦਿਆਂ ਡਾ. ਕੁਲਦੀਪ ਕੌਰ ਲਿਖਦੇ ਹਨ; "ਸਮੁੱਚੇ ਭਾਰਤੀ ਦਰਸ਼ਨ ਵਿਚ ਬ੍ਰਹਿਮੰਡ ਪ੍ਰਕ੍ਰਿਆ ਦਾ ਮੁੱਖ ਆਧਾਰ ਕਾਰਜ-ਕਾਰਣ ਸਿਧਾਂਤ ਹੈ । ਜਿਸ ਦੇ ਚਾਰ ਪ੍ਰਕਾਰ ਹਨ: ਅਸਤਕਾਰਣਵਾਦ, ਅਸਤਕਾਰਜਵਾਦ, ਸਤਕਾਰਣਵਾਦ ਅਤੇ ਵਿਵਰਤਵਾਦ। ਨਿਆਇ-ਵੈਸ਼ੇਸ਼ਿਕ ਦਰਸ਼ਨ ਵਿਚ ਬ੍ਰਹਿਮੰਡ ਦੇ ਸਕੰਲਪ ਦਾ ਆਧਾਰ ਅਸਤ ਕਾਰਜਵਾਦ ਹੈ। ਅਦਵੈਤ ਵੇਦਾਂਤ ਵਿਵਰਤਵਾਦ ਦੀ ਦੱਸ ਪਾਉਂਦਾ ਹੈ। ਸਾਂਖ ਸ਼ਾਸਤਰ ਬ੍ਰਹਿਮੰਡ ਦੀ ਉਤਪਤੀ ਦਾ ਮੂਲ ਕਾਰਣ ਪ੍ਰਕ੍ਰਿਤੀ ਅਤੇ ਪੁਰੁਸ਼ ਦੇ ਸੰਜੋਗ ਨੂੰ ਮੰਨਦਾ ਹੈ। ਯੋਗ ਦਰਸ਼ਨ ਅਨੁਸਾਰ ਪੁਰੁਸ਼ ਅਤੇ ਪ੍ਰਕ੍ਰਿਤੀ ਦੇ ਸੰਜੋਗ ਤੋਂ ਸ੍ਰਿਸ਼ਟੀ, ਪੰਜ ਮਹਾਂਭੂਤਾਂ ਅਤੇ ਪੰਜ ਵਿਕਾਰਾਂ ਦਾ ਜਨਮ ਹੁੰਦਾ ਹੈ। ਮੀਮਾਸਾ ਦਰਸ਼ਨ ਜਗਤ, ਸ੍ਰਿਸ਼ਟੀ ਅਤੇ ਬ੍ਰਹਿਮੰਡ ਵਿਚ ਇਕ ਸਰਬ-ਵਿਆਪੀ ਚੇਤਨਾ ਨੂੰ ਸਵੀਕਾਰ ਕਰਦਾ ਹੋਇਆ, ਈਸ਼ਵਰ ਨੂੰ ਕਰਤਾ ਦੇ ਰੂਪ ਵਿਚ ਪੇਸ਼ ਕਰਦਾ ਹੈ। ਚਾਰਵਾਕ ਦਰਸ਼ਨ, ਬ੍ਰਹਿਮੰਡ ਨੂੰ ਕੇਵਲ ਚਾਰ ਤੱਤਾਂ - ਪ੍ਰਿਥਵੀ, ਜਲ, ਵਾਯੂ ਅਤੇ ਅਗਨੀ ਦਾ ਬਣਿਆ ਦਰਸਾਉਂਦਾ ਹੈ। ਇਸ ਅਨੁਸਾਰ ਪੰਜਵਾਂ ਤੱਤ ਆਕਾਸ਼ ਕਿਉਂਕਿ ਖ਼ਲਾਅ ਹੈ, ਪ੍ਰਤੱਖਯੋਗ ਨਹੀਂ ਹੈ। ਚਾਰਵਾਕ ਅਨੁਸਾਰ ਬ੍ਰਹਿਮੰਡ ਦੀ ਉਤਪਤੀ, ਇਨ੍ਹਾਂ ਚਾਰ ਤੱਤਾਂ ਦੇ ਅਚਾਨਕ ਸੰਜੋਗ ਤੋਂ ਸੁਭਾਵਿਕ ਹੀ ਹੁੰਦੀ ਹੈ, ਇਸ ਵਿਚ ਕਿਸੇ ਬ੍ਰਹਿਮੰਡੀ ਚੇਤਨਾ ਦਾ ਕੋਈ ਰੋਲ ਨਹੀਂ ਹੈ।

ਜੈਨ ਦਰਸ਼ਨ ਅਨੁਸਾਰ ਚੇਤੰਨਜੀਵ ਅਤੇ ਅਚੇਤਨ ਅਜੀਵ ਦਾ ਏਕਾਕਾਰ ਹੀ ਜਗਤ, ਸ੍ਰਿਸ਼ਟੀ ਜਾਂ ਬ੍ਰਹਿਮੰਡ ਹੈ। ਜੋ ਵੱਖ ਵੱਖ ਦ੍ਰਵਾਂ ਦੇ ਸੰਜੋਗ ਤੋਂ ਪੈਦਾ ਹੋਈ ਹੈ। ਬੌਧ ਦਰਸ਼ਨ ਅਨੁਸਾਰ, ਇਸ ਜਗਤ ਦੀ ਉਤਪਤੀ ਅਤੇ ਵਿਨਾਸ਼, ਪ੍ਰਤੀਤੀ ਦੇ ਸਮ-ਉਤਪਾਦ ਦੇ ਅੰਤਰਗਤ ਹੀ ਚਲਦੀ ਰਹਿੰਦੀ ਹੈ। ਇਸ ਲਈ ਕਿਸੇ ਚੇਤਨ ਸੱਤਾ ਨੂੰ ਇਸ ਦਾ ਨਿਰਮਾਣਕਾਰਾ ਮੰਨਣ ਦੀ ਜ਼ਰੂਰਤ ਨਹੀਂ। ਬੌਧ ਧਰਮ ਅਤੇ ਜੈਨ ਧਰਮ, ਦੋਨੋਂ ਹੀ, ਬ੍ਰਹਿਮੰਡ ਦੀ ਉੱਤਪਤੀ ਪਿੱਛੇ ਕਿਸੇ ਬ੍ਰਹਮ ਸੱਤਾ ਵਿਚ ਵਿਸ਼ਵਾਸ ਨਹੀਂ ਕਰਦੇ। ਵਿਸ਼ਣੂ ਪੁਰਾਣ ਵਿਚ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਵਰਨਣ ਕਰਦੇ ਹੋਏ ਚੌਦ੍ਹਾ ਲੋਕਾਂ ਦੀ ਹੌਂਦ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਵਿਚਕਾਰ ਕਰੋੜਾਂ ਬ੍ਰਹਿਮੰਡਾਂ ਦੀ ਹੌਂਦ ਦੀ ਦੱਸ ਵੀ ਪਾਈ ਗਈ ਹੈ। ਭਾਰਤੀ ਪ੍ਰਾਚੀਨ ਸ਼ਾਸਤਰੀ ਮਤ ਅਨੁਸਾਰ ਬ੍ਰਹਿਮੰਡ ਨੂੰ ਤਿੰਨ ਮੁੱਖ ਭਾਗਾਂ (ਤ੍ਰਿਲੋਕੀ ਜਾਂ ਤ੍ਰਿਭੁਵਨ)-ਇੰਦਰ ਲੋਕ, ਪ੍ਰਿਥਵੀ ਲੋਕ ਅਤੇ ਪਾਤਾਲ ਲੋਕ ਵਿਚ ਵੰਡਿਆ ਗਿਆ ਹੈ। ਲੇਖਿਕਾ ਨੇ ਬ੍ਰਹਿਮੰਡ ਬਾਰੇ ਲੋਕ ਪੱਖ ਦੇ ਵਰਨਣ ਦੇ ਨਾਲ ਨਾਲ, ਬੋਧ ਧਰਮ ਦਾ ਬ੍ਰਹਿਮੰਡ, ਜੈਨ-ਬ੍ਰਹਿਮੰਡ, ਪ੍ਰਾਚੀਨ ਬਾਇਬਲੀ ਬ੍ਰਹਿਮੰਡ, ਆਧੁਨਿਕ ਬਾਇਬਲੀ /ਜੂਡਾਵਾਦੀ ਬ੍ਰਹਿਮੰਡ, ਮੋਰਮਨ ਬ੍ਰਹਿਮੰਡ, ਇਸਲਾਮੀ ਅਤੇ ਸੂਫੀ ਬ੍ਰਹਿਮੰਡ ਦਾ ਵਿਸਤਾਰਿਤ ਚਰਚਾ ਵੀ ਕੀਤਾ ਹੈ। ਇਸ ਅਧਿਆਇ ਦੇ ਅੰਤਲੇ ਹਿੱਸੇ ਵਿਚ ਡਾ। ਕੌਰ ਨੇ "ਬ੍ਰਹਿਮੰਡ ਦਾ ਮਹਾਂਵਿਸਫੋਟ ਸਿਧਾਂਤ ਅਤੇ ਧਰਮ" ਬਾਰੇ ਬਿਆਨ ਕਰਦੇ ਹੋਏ, ਇਸ ਸਿਧਾਂਤ ਬਾਰੇ ਅਜੋਕੇ ਵਿਗਿਆਨ ਵਿਚ ਸਥਾਪਿਤ ਤੇ ਵਿਭਿੰਨ ਧਰਮਾਂ ਵਿਚ ਪ੍ਰਚਲਿਤ ਵਿਚਾਰਾਂ ਦਾ ਤੁਲਨਾਤਮਕ ਖੁਲਾਸਾ ਕੀਤਾ ਹੈ।

ਇਸ ਪੁਸਤਕ ਦਾ ਚੋਥਾ ਅਧਿਆਇ ਹੈ:"ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦਾ ਸਕੰਲਪ"। ਇਸ ਲੇਖ ਵਿਚ ਡਾ. ਕੁਲਦੀਪ ਕੌਰ, ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਅਤੇ ਇਸ ਦੁਆਰਾ ਗੁਰੂ-ਪਦ ਦੀ ਪ੍ਰਾਪਤੀ ਦਾ ਸੰਖੇਪ ਰੂਪ ਵਿਚ ਵਰਨਣ ਕਰਣ ਪਿੱਛੋਂ ਲਿਖਦੇ ਹਨ ਕਿ ਪਦਾਰਥਕ ਸੱਚ ਦਾ ਖੋਜੀ, ਵਿਗਿਆਨੀ ਹੈ ਅਤੇ ਪਰਮ ਸੱਚ ਦਾ ਖੋਜੀ ਸਾਧਕ। ਦੋਹਾਂ ਦਾ ਟੀਚਾ, ਭਾਵੇਂ ਸੱਚ ਦੀ ਖੋਜ ਹੈ, ਪਰ ਉਨ੍ਹਾਂ ਦੀ ਦ੍ਰਿਸ਼ਟੀ ਵੱਖ ਵੱਖ ਹੈ। ਪਦਾਰਥਕ ਖੋਜਾਂ ਵਾਲਾ ਵਿਗਿਆਨੀ, ਆਪਣੀਆਂ ਅਣਗਿਣਤ ਖੋਜਾਂ ਦੇ ਬਾਵਜੂਦ, ਸੱਚ ਬਾਰੇ ਅੰਤਮ ਸਿੱਟੇ 'ਤੇ ਨਹੀਂ ਪੁੱਜ ਸਕਿਆ। ਜਦ ਕਿ ਬ੍ਰਹਮ ਦਾ ਖੋਜੀ, ਅਨੁਭੂਤੀ ਦੀ ਅੰਤਰੰਗਤਾ ਨਾਲ, ਅੰਤਮ ਸੱਚ ਤਕ ਪੁੱਜ ਤਾਂ ਜਾਂਦਾ ਹੈ ਪਰ ਉਸ ਨੂੰ ਵਰਨਣ ਕਰਨ ਤੋਂ ਅਸਮਰਥ ਹੈ। ਆਪਣੇ ਇਸ ਕਥਨ ਦੇ ਸੰਬੰਧ ਵਿਚ ਲੇਖਿਕਾ ਗੁਰਬਾਣੀ ਵਿਚੋਂ ਯਥਾਯੁਕਤ ਪ੍ਰਮਾਣ ਪੇਸ਼ ਕਰਦੀ ਹੈ। ਡਾ. ਕੌਰ ਵਰਨਣ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਪਦਾਰਥ, ਜੀਵ ਅਤੇ ਊਰਜਾ ਦਾ ਆਧਾਰ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ। ਬ੍ਰਹਿਮੰਡ ਦਾ ਪੂਰਾ ਪਸਾਰਾ ਉਸ ਦੇ ਕਰਤਾ ਦੁਆਰਾ ਰਚਿਆ ਗਿਆ ਹੈ ਅਤੇ ਉਹ ਆਪ ਹੀ ਉਸ ਦੇ ਕਣ ਕਣ ਵਿਚ ਸਮਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਅਵਸਥਾ, ਸ੍ਰਿਸ਼ਟੀ ਦੀ ਉਤਪਤੀ ਦਾ ਪਸਾਰਵਾਦੀ ਦ੍ਰਿਸ਼ਟੀਕੋਣ, ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਅਨੰਤਤਾ ਦਾ ਵਰਨਣ ਵੀ ਕੀਤਾ ਗਿਆ ਹੈ। ਸ੍ਰਿਸ਼ਟੀ-ਰਚਨਾ ਦੀਆਂ ਵਿਧੀਆਂ ਦੇ ਸੰਬੰਧ ਵਿਚ ਕਵਾਉ, ਸ਼ਬਦ, ਹੁਕਮ, ਨਾਮ ਕਲਾ, ਓਅੰਕਾਰ, ਸਹਿਜ, ਭਾਣਾ, ਪੰਚ ਤੱਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਅਸਗਾਹ ਬ੍ਰਹਿਮੰਡ ਵਿਚ ਅਣਗਿਣਤ ਖੰਡ-ਮੰਡਲ, ਆਕਾਸ, ਪਾਤਾਲ, ਤੇ ਅਸੰਖ ਹੀ ਵਨਸਪਤਿ ਅਤੇ ਪ੍ਰਾਣੀ ਜਗਤ ਮੌਜੂਦ ਹਨ। ਇਸ ਸੱਭ ਦਾ ਥਾਹ ਪਾਣਾ ਮੁਮਕਿਨ ਨਹੀਂ। ਬ੍ਰਹਿਮੰਡ ਅਤੇ ਕਰਤਾ ਦੋ ਨਹੀਂ, ਅਦਵੈਤ ਹਨ। ਬ੍ਰਹਿਮੰਡ ਦਾ ਗਿਆਨ ਕੇਵਲ ਬ੍ਰਹਮ ਦੀ ਅਨੁਭੂਤੀ ਨਾਲ ਹੀ ਪਾਇਆ ਜਾ ਸਕਦਾ ਹੈ। ਗੁਰਬਾਣੀ ਦੇ ਯਥਾਯੁਕਤ ਹਵਾਲੇ ਨਾਲ ਡਾ. ਕੌਰ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਨੇ ਮਾਇਆ ਨੂੰ ਵੀ ਬ੍ਰਹਿਮੰਡੀ ਉਤਪਤੀ ਦੇ ਅੰਤਰਗਤ ਮੰਨ ਕੇ ਇਸ ਦੇ ਯਥਾਰਥ ਨੂੰ ਸਵੀਕਾਰ ਕੀਤਾ ਹੈ, ਪਰ ਮਾਇਆ ਨੂੰ ਸਤਿ-ਕਰਮ ਤੋਂ ਭਟਕਾਉਣ ਵਾਲੀ ਆਕਰਸ਼ਣ-ਸ਼ਕਤੀ ਕਿਹਾ ਹੈ। ਗੁਰੂ ਨਾਨਕ ਦੇਵ ਜੀ ਨੇ "ਮਾਰੂ ਸੋਹਲੇ" ਦੀ ਬਾਣੀ ਵਿਚ ਬ੍ਰਹਿਮੰਡ ਦੀ ਸਰੰਚਨਾ ਅਤੇ ਅਵਸਥਾ ਦਾ ਖੁਲਾਸਾ ਬਹੁਤ ਵਿਵੇਕਪੂਰਨ ਢੰਗ ਨਾਲ ਕੀਤਾ ਹੈ। ਈਸਾਈ ਧਰਮ ਅਤੇ ਇਸਲਾਮ ਵਿਚ ਮੌਜੂਦ ਬ੍ਰਹਿਮਡੀ ਸੰਕਲਪ ਦਾ ਚਰਚਾ ਕਰਦੇ ਹੋਏ ਲੇਖਿਕਾ ਨੇ ਬਿਆਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦੀ ਬ੍ਰਹਮ ਅਧਾਰਿਤ ਸੋਚ ਵਧੇਰੇ ਵਿਗਿਆਨਕ ਅਤੇ ਸਾਰਥਕ ਹੈ।

ਪੁਸਤਕ ਦਾ ਪੰਜਵਾਂ ਅਧਿਆਇ ਹੈ :"ਹੁਕਮ ਦਾ ਸਕੰਲਪ"। ਇਸ ਲੇਖ ਵਿਚ ਡਾ. ਕੁਲਦੀਪ ਕੌਰ ਵਰਨਣ ਕਰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦੇ ਸਕੰਲਪ ਦਾ ਮੂਲ ਆਧਾਰ "ਰੱਬੀ ਹੁਕਮ" ਹੈ। ਲੇਖਿਕਾ ਅਨੁਸਾਰ, ਹੁਕਮ, ਇਕ ਸਰਬ ਪਸਾਰੀ ਬ੍ਰਹਿਮੰਡੀ ਨਿਯਮ ਹੈ ਜੋ ਦੈਵੀ ਵਿਧਾਨ ਦਾ ਪਰਾਭੌਤਿਕ ਸਕੰਲਪ ਹੈ, ਜਿਸ ਰਾਹੀਂ ਸ੍ਰਿਸ਼ਟੀ ਦੀ ਸਿਰਜਣਾ, ਸੰਚਾਲਨ ਅਤੇ ਅੰਤ ਹੁੰਦਾ ਹੈ। ਗੁਰਬਾਣੀ ਵਿਚ ਹੁਕਮ ਦੇ ਵਿਭਿੰਨ ਰੂਪ ਜਿਵੇਂ ਕਿ ਦੈਵੀ ਇੱਛਾ, ਦੈਵੀ ਕਾਨੂੰਨ, ਨਿਯਮ, ਤਰਤੀਬ, ਵਿਵਸਥਾ ਪ੍ਰਣਾਲੀ, ਭੈ, ਭਉ, ਭਾਣਾ, ਰਜ਼ਾ, ਆਦੇਸ਼ ਅਤੇ ਫੁਰਮਾਣ ਆਦਿ ਦਰਸਾਏ ਗਏ ਹਨ। ਪਰ ਇਹ ਨਿਰੋਲ ਵਿਧਾਨ ਦਾ ਹੀ ਪ੍ਰਤੀਕ ਨਹੀਂ ਸਗੋਂ ਇਕ ਸਿਰਜਣਾਤਮਕ ਤੱਤ ਨਜ਼ਰ ਆਉਂਦਾ ਹੈ। ਗੁਰਬਾਣੀ, ਬ੍ਰਹਿਮੰਡ ਨੂੰ ਹੁਕਮ ਦੁਆਰਾ ਸਿਰਜਿਤ ਅਤੇ ਹੁਕਮ ਦੁਆਰਾ ਚਲਾਇਮਾਨ ਮੰਨਦੀ ਹੈ।ਹੁਕਮ ਦਾ ਸਕੰਲਪ ਇਕ ਹੋਰ ਦ੍ਰਿਸ਼ਟੀ ਕੋਣ ਤੋਂ ਸਿੱਖ ਚਿੰਤਨ ਵਿਚ ਪ੍ਰਗਟ ਹੁੰਦਾ ਹੈ, ਉਹ ਹੈ ਨਦਰਿ, ਕਰਮ, ਮਿਹਰ। ਗੁਰਬਾਣੀ ਅਨੁਸਾਰ, ਸਿਰਜਣਹਾਰ ਅਤੇ ਸਿਰਜਣਾ ਵਿਚਕਾਰ ਪ੍ਰਸਪਰ ਸਬੰਧ, ਕਰਤਾ ਦੀ ਮਿਹਰ ਨਾਲ ਹੀ ਸਥਾਪਿਤ ਹੁੰਦਾ ਹੈ। ਲੇਖਿਕਾ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਨੁਸਾਰ ਬ੍ਰਹਿਮੰਡ-ਰਚਨਾ ਦਾ ਜੇ ਕੋਈ ਮੁਖ ਮੰਤਵ ਹੈ ਤਾਂ ਉਹ ਦੈਵੀ-ਮਨੋਰਥ ਹੈ। ਗੁਰਮਤਿ ਦੁਆਰਾ ਨਿਰਦੇਸ਼ਿਤ ਜੀਵਨ-ਜਾਚ ਦੁਆਰਾ ਹੀ ਬ੍ਰਹਿਮੰਡ ਦੇ ਦੈਵੀ ਸੰਦੇਸ਼ ਦਾ ਗੂੜ੍ਹ ਅਰਥ ਪ੍ਰਾਪਤ ਹੁੰਦਾ ਹੈ। ਗੁਰਮਤਿ ਅਨੁਸਾਰ "ਹੁਕਮ ਪਛਾਨਣ" ਦੀ ਕਿਰਿਆ ਇਨਸਾਨ ਅੰਦਰੋਂ ਹਉਂ-ਨਿਵਾਰਣ ਦੇ ਸਮਰਪਣ ਵਾਲੇ ਉਸ ਭਾਵ ਨਾਲ ਜੁੜ੍ਹੀ ਹੈ, ਜੋ ਗੁਰੂ ਦੀ ਮਤ ਧਾਰ ਕੇ ਹੀ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ, ਹੁਕਮ ਅਨੁਸਾਰ ਚਲਣਾ, ਰਜ਼ਾ ਵਿਚ ਰਹਿਣਾ, ਜਾਂ ਭਾਣਾ ਮੰਨਣਾ, ਨਾ ਤਾਂ ਗੁਲਾਮੀ ਦਾ ਲਖਾਇਕ ਹੈ ਅਤੇ ਨਾ ਹੀ ਤਿਆਗ ਦਾ। ਸਗੋਂ ਸੰਸਾਰ ਦੀ ਭੌਤਿਕ ਅਵਸਥਾ ਦਾ ਨਿਰਵਾਹ ਸਹਿਜ ਰੂਪ ਵਿਚ ਕਰਦਿਆਂ ਹੋਇਆਂ ਵੀ, ਉਸ ਤੋਂ ਨਿਰਲੇਪ ਰਹਿ ਕੇ, ਉਸ ਦੈਵੀ-ਸੱਤਾ ਵਿਚ ਸਮਾਹਿਤ ਹੋਣਾ ਹੀ, ਹੁਕਮ ਦਾ ਸਕੰਲਪ ਹੈ। ਇਹ ਸਕੰਲਪ ਬ੍ਰਹਿਮੰਡੀ-ਏਕਾਤਮਕਤਾ ਅਤੇ ਇਕਸੁਰਤਾ ਸਥਾਪਿਤ ਕਰਣ ਦੇ ਸਮਰਥਸ਼ੀਲ ਹੈ।

ਪੁਸਤਕ ਦਾ ਅੰਤਲਾ ਲੇਖ, "ਨਿਸ਼ਕਰਸ਼" ਦੇ ਸਿਰਲੇਖ ਨਾਲ, ਡਾ. ਕੁਲਦੀਪ ਕੌਰ ਦੇ ਖੋਜ-ਪ੍ਰਬੰਧ ਦਾ ਸਾਰ ਪੇਸ਼ ਕਰਦਾ ਹੈ। ਡਾ. ਕੌਰ ਦੀ ਖੋਜ ਦਾ ਕੇਂਦਰੀ ਵਿਸ਼ਾ "ਬ੍ਰਹਿਮੰਡ-ਅਧਿਐਨ ਦੇ ਵਿਸ਼ਵਵਿਆਪੀ ਪਸਾਰੇ ਵਿਚੋਂ, ਗੁਰੂ ਗ੍ਰੰਥ ਸਾਹਿਬ ਵਿਚ ਸਮਾਹਿਤ ਬ੍ਰਹਿਮੰਡ ਪ੍ਰਤੀ ਦ੍ਰਿਸ਼ਟੀਕੋਣ ਦੀ ਪਛਾਣ ਕਰਨਾ" ਰਿਹਾ ਹੈ। ਲੇਖਿਕਾ ਦੀ ਇਹ ਰਚਨਾ, ਉਪਰੋਕਤ ਆਸ਼ੇ ਦੀ ਪੂਰਤੀ ਲਈ ਇਕ ਸਫਲ ਕੋਸ਼ਿਸ਼ ਸਿੱਧ ਹੋਈ ਹੈ। ਡਾ. ਕੁਲਦੀਪ ਕੌਰ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਇਹ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਵਿਚ ਬ੍ਰਹਿਮੰਡੀ ਪਰਿਪੇਖ ਬਾਰੇ ਭਰਭੂਰ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਡੀਲਕਸ ਬਾਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾˆ ਯੋਗ ਹੈ। ਜੋ ਗੁਰਬਾਣੀ ਵਿਚ ਬ੍ਰਹਿਮੰਡੀ ਸਰੋਕਾਰਾਂ ਬਾਰੇ ਉਚਿਤ ਸਾਹਿਤ ਉਪਲਬਧੀ ਦਾ ਅਹਿਮ ਦਸਤਾਵੇਜ਼ ਹੈ।

ਪਰ ਕਿਤਾਬ ਵਿਚ ਕੁਝ ਕੁ ਤਰੁਟੀਆਂ ਵੀ ਨਜ਼ਰ ਆਈਆਂ ਹਨ। ਉਦਾਹਰਣ ਵਜੋਂ ਕਈ ਜਗਹ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ। ਕਿਧਰੇ ਕਿਧਰੇ ਵਰਨਿਤ ਵਿਗਿਆਨਕ ਤੱਥਾਂ ਵਿਚ ਉਕਾਈ ਵੀ ਨਜ਼ਰ ਆਉਂਦੀ ਹੈ। ਜਿਵੇਂ ਕਿ ਕਿਤਾਬ ਦੇ ਪੰਨਾ ਨੰਬਰ 22 ਉੱਤੇ ਵਰਨਿਤ ਤੱਥ "1964 ਵਿਚ ਬ੍ਰਿਟਿਸ਼ ਵਿਗਿਆਨਕ ਪੀਟਰ ਹਿੱਗਜ਼ ਨੇ ਮਹਾਂਵਿਸਫੋਟ ਤੋਂ ਬਾਅਦ ਇਕ ਸੈਕਿੰਡ ਦੇ ਅਰਬਵੇਂ ਭਾਗ ਵਿਚ ਬ੍ਰਹਿਮੰਡ ਦੇ ਦ੍ਰਵਾਂ (liquids) ਨੂੰ ਮਿਲਣ ਵਾਲੇ ਭਾਰ (weight) ਦਾ ਸਿਧਾਂਤ ਪ੍ਰਤੀਦੀਪਤ ਕੀਤਾ।" ਇਸ ਦੀ ਥਾਂ ਸਹੀ ਕਥਨ ਹੋਣਾ ਚਾਹੀਦਾ ਹੈ ਕਿ "1964 ਵਿਚ ਬ੍ਰਿਟਿਸ਼ ਵਿਗਿਆਨਕ ਪੀਟਰ ਹਿੱਗਜ਼ ਨੇ ਮਹਾਂਵਿਸਫੋਟ ਤੋਂ ਬਾਅਦ ਇਕ ਸੈਕਿੰਡ ਦੇ ਦਸ ਖਰਬਵੇਂ ਭਾਗ ਵਿਚ ਬ੍ਰਹਿਮੰਡ ਦੇ ਕਣਾਂ (particles) ਨੂੰ ਮਿਲਣ ਵਾਲੇ ਪੁੰਜ (mass) ਦਾ ਸਿਧਾਂਤ ਪ੍ਰਤੀਦੀਪਤ ਕੀਤਾ।" ਕਿਤਾਬ ਦੇ ਪੰਨਾ 23 ਉਥੇ ਅੰਕਿਤ ਬਿਆਨ "ਸਾਡਾ ਸੌਰਮੰਡਲ, ਬ੍ਰਹਿਮੰਡ ਦਾ ਇਕ ਮਾਮੂਲੀ ਜਿਹਾ ਹਿੱਸਾ ਹੈ। ਇਹ ਬ੍ਰਹਿਮੰਡ ਧਰਤੀ ਤੋਂ ਦਿਸਣ ਵਾਲੀ ਆਕਾਸ਼ ਗੰਗਾ ਦਾ ਇਕ ਹਿੱਸਾ ਹੈ।" ਇਸ ਦੀ ਥਾਂ ਸਹੀ ਕਥਨ ਹੋਣਾ ਚਾਹੀਦਾ ਹੈ ਕਿ "ਸਾਡਾ ਸੌਰਮੰਡਲ, ਧਰਤੀ ਤੋਂ ਦਿਸਣ ਵਾਲੀ ਆਕਾਸ਼ ਗੰਗਾ ਦਾ ਇਕ ਮਾਮੂਲੀ ਜਿਹਾ ਹਿੱਸਾ ਹੈ। ਇਹ ਆਕਾਸ਼ ਗੰਗਾ, ਬ੍ਰਹਿਮੰਡ ਦਾ ਇਕ ਛੋਟਾ ਜਿਹਾ ਹਿੱਸਾ ਹੈ।" ਕਿਤਾਬ ਦੇ ਪੰਨਾ 23 ਉਥੇ ਅੰਕਿਤ ਬਿਆਨ "ਅਸੀਂ ਦੇਖਦੇ ਹਾਂ ਕਿ ਜੇ ਆਕਾਸ਼ (sky) ਵਿਚ ਨਾ ਤਾਂ ਫੈਲਾਵ ਹੁੰਦਾ ਹੈ ਅਤੇ ਨਾ ਹੀ ਸੁੰਗੜਣ ਤਾਂ ਅਸੀਂ ਆਕਾਸ਼ ਨੂੰ ਸਥਿਰ ਆਕਾਸ਼ ਕਹਿੰਦੇ ਹਾਂ।" ਇਸ ਦੀ ਥਾਂ ਸਹੀ ਕਥਨ ਹੋਣਾ ਚਾਹੀਦਾ ਹੈ ਕਿ "ਅਸੀਂ ਦੇਖਦੇ ਹਾਂ ਕਿ ਜੇ ਪੁਲਾੜ (space) ਵਿਚ ਨਾ ਤਾਂ ਫੈਲਾਵ ਹੁੰਦਾ ਹੈ ਅਤੇ ਨਾ ਹੀ ਸੁੰਗੜਣ ਤਾਂ ਅਸੀਂ ਪੁਲਾੜ ਨੂੰ ਸਥਿਰ ਪੁਲਾੜ ਕਹਿੰਦੇ ਹਾਂ।" ਇਸੇ ਹੀ ਪੰਨੇ ਉੱਤੇ ਅੰਕਿਤ ਕਥਨ "ਆਕਾਸ਼ ਅਨੰਤ ਹੈ" ਦੀ ਥਾਂ ਸਹੀ ਕਥਨ ਹੋਣਾ ਚਾਹੀਦਾ ਹੈ ਕਿ "ਪੁਲਾੜ ਅਨੰਤ ਹੈ"। ਪੰਨਾ 28 ਉੱਤੇ ਅੰਕਿਤ ਤੱਥ "ਸੂਰਜ 25 ਕਿ. ਮੀ./ਸੈਕਿੰਡ ਦੀ ਗਤੀ ਨਾਲ" ਦੀ ਥਾਂ ਦਰੁਸਤ ਤੱਥ "ਸੂਰਜ 225 ਕਿ. ਮੀ./ਸੈਕਿੰਡ ਦੀ ਗਤੀ ਨਾਲ" ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸੇ ਪੰਨੇ ਉੱਤੇ ਅੰਕਿਤ ਤੱਥ "ਸੂਰਜ ਨੂੰ ਲਗਭਗ 25 ਕਰੋੜ ਸਾਲ" ਦੀ ਥਾਂ ਦਰੁਸਤ ਤੱਥ "ਸੂਰਜ ਨੂੰ ਲਗਭਗ 22.5 ਕਰੋੜ ਸਾਲ" ਹੋਣਾ ਚਾਹੀਦਾ ਹੈ। ਹਰ ਅਧਿਆਇ ਦੇ ਅੰਤ ਵਿਚ ਸਹਾਇਕ ਪੁਸਤਕ ਸੂਚੀ ਦਿੱਤੀ ਗਈ ਹੈ। ਜਿਸ ਵਿਚ ਵਰਨਿਤ ਪੁਸਤਕਾਂ ਦੇ ਪ੍ਰਕਾਸ਼ਨ ਸਾਲ, ਅਤੇ ਪ੍ਰਕਾਸ਼ਕ ਦਾ ਜ਼ਿਕਰ ਨਹੀਂ ਦਿੱਤਾ ਗਿਆ। ਇਹ ਤਰੁਟੀਆਂ ਵਿਚਾਰ ਅਧੀਨ ਵਿਸ਼ੇ ਸੰਬੰਧਤ ਪੇਸ਼ ਕੀਤੀ ਗਈ ਜਾਣਕਾਰੀ ਦੀ ਸਾਰਥਕਤਾ ਨੂੰ ਘੱਟ ਤਾਂ ਨਹੀਂ ਕਰਦੀਆਂ ਪਰ ਪਾਠਕ ਦੇ ਮਨ ਵਿਚ ਉਲਝਣ ਪੈਦਾ ਕਰਨ ਦਾ ਸਬੱਬ ਬਣਦੀਆ ਹਨ। ਆਸ ਹੈ ਲੇਖਿਕਾ ਇਸ ਕਿਤਾਬ ਦੇ ਨਵੇਂ ਸੰਸਕਰਣ ਵਿਚ ਇਨ੍ਹਾਂ ਤਰੁਟੀਆਂ ਨੂੰ ਦੂਰ ਕਰ ਲਵੇਗੀ।

ਡਾ. ਕੁਲਦੀਪ ਕੌਰ, ਇਕ ਸਮਰਪਿਤ ਸਿੱਖਿਆ-ਸ਼ਾਸਤਰੀ, ਸਾਹਿਤਕ ਅਤੇ ਧਾਰਮਿਕ ਵਿਸ਼ਿਆਂ ਦੀ ਨਿਸ਼ਠਾਵਾਨ ਖੋਜਕਾਰ, ਵਿੱਦਿਅਕ ਤੇ ਸਾਹਿਤਕ ਸਰਗਰਮੀਆਂ ਦੀ ਆਦਰਸ਼ ਕਾਰਜ-ਕਰਤਾ ਵਜੋਂ ਅਨੁਸਰਣ ਯੋਗ ਮਾਡਲ ਹੈ। ਉਸ ਦੀ ਇਹ ਰਚਨਾ, ਗੁਰਬਾਣੀ ਵਿਚ ਮੌਜੂਦ ਬ੍ਰਹਿਮੰਡੀ ਸਰੋਕਾਰਾਂ ਸੰਬੰਧਤ ਜਟਿਲ ਧਾਰਨਾਵਾਂ ਨੂੰ ਸਹਿਜ ਰੂਪ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਡਾ. ਕੌਰ, ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ ਹੈ। ਸ਼ਿਲਾਲੇਖ ਪਬਲਿਸਰਜ਼, ਦਿੱਲੀ, ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ, ਜੋ ਸਿੱਖ ਧਰਮ ਬਾਰੇ ਸਮਕਾਲੀ ਸਦੰਰਭ ਵਿਚ ਉਚਿਤ ਸਾਹਿਤ ਦੀ ਉਪਲਬਧੀ ਲਈ ਅਹਿਮ ਯੋਗਦਾਨ ਦਾ ਵਾਜਿਬ ਯਤਨ ਹੈ। ਆਸ ਹੈ ਸਿੱਖ ਧਰਮ ਦੇ ਪ੍ਰਚਾਰਕ ਅਤੇ ਕਥਾ ਵਾਚਕ, ਡਾ. ਕੁਲਦੀਪ ਕੌਰ ਦੇ ਇਸ ਉੱਦਮ ਤੋਂ ਲਾਭ ਉਠਾਉਂਦੇ ਹੋਏ ਗੁਰਬਾਣੀ ਵਿਚ ਮੌਜੂਦ ਬ੍ਰਹਿਮੰਡੀ ਸਰੋਕਾਰਾਂ ਦੇ ਵਿਭਿੰਨ ਪਹਿਲੂਆਂ ਬਾਰੇ ਇਸ ਨਵੇਂ, ਨਰੋਏ ਅਤੇ ਜਾਣਕਾਰੀ ਭਰਭੂਰ ਸਾਹਿਤ ਨੂੰ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਅਹਿਮ ਯੋਗਦਾਨ ਪਾਣਗੇ। "ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ" ਇਕ ਅਜਿਹੀ ਕਿਤਾਬ ਹੈ ਜੋ ਹਰ ਸਿੱਖ ਵਿਦਵਾਨ ਅਤੇ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ, ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
--------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ । ਉਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 65 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: drdpsn@gmail.com
 
📌 For all latest updates, follow the Official Sikh Philosophy Network Whatsapp Channel:
Top