ਸਤਰੰਗੀ ਪੀਂਘ ਤੇ ਹੋਰ ਨਾਟਕ
ਰਿਵਿਊ ਕਰਤਾ: ਪ੍ਰੋ. ਦੇਵਿੰਦਰ ਸਿੰਘ ਸੇਖੋਂ, ਪੀਐੱਚ. ਡੀ.
ਪੁਸਤਕ ਦਾ ਨਾਮ: ਸਤਰੰਗੀ ਪੀਂਘ ਤੇ ਹੋਰ ਨਾਟਕ
ਲੇਖਕ: ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਕੈਨੇਡਾ।
ਪ੍ਰਕਾਸ਼ਕ : ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ।
ਪ੍ਰਕਾਸ਼ ਸਾਲ : 2019, ਕੀਮਤ: 150 ਰੁਪਏ ; ਪੰਨੇ: 144
ਰਿਵਿਊ ਕਰਤਾ: ਪ੍ਰੋ. ਦੇਵਿੰਦਰ ਸਿੰਘ ਸੇਖੋਂ, ਹੈਮਿਲਟਨ, ਓਂਟਾਰੀਓ, ਕੈਨੇਡਾ।
"ਸਤਰੰਗੀ ਪੀਂਘ ਤੇ ਹੋਰ ਨਾਟਕ" ਕਿਤਾਬ ਦਾ ਲੇਖਕ ਡਾ. ਦੇਵਿੰਦਰ ਪਾਲ ਸਿੰਘ, ਜਿਥੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੌਤਿਕ ਵਿਗਆਨੀ ਹੈ, ਉੱਥੇ ਉਹ ਪੰਜਾਬੀ ਭਾਸ਼ਾ ਵਿਚ ਵਿਗਿਆਨਕ ਤੇ ਵਾਤਾਵਰਣੀ ਵਿਸ਼ਿਆਂ ਦੇ ਸੰਚਾਰਕ ਵਜੋਂ ਵੀ ਉਨ੍ਹਾਂ ਹੀ ਮਕਬੂਲ ਹੈ। ਉਹ, ਆਮ ਪਾਠਕਾਂ ਲਈ ਸਾਹਿਤ ਰਚਨਾ ਕਾਰਜਾਂ ਦੇ ਨਾਲ ਨਾਲ, ਬਾਲਾਂ ਲਈ ਵੀ ਪੂਰੀ ਮੁਹਾਰਤ ਨਾਲ ਲਿਖਣ ਵਾਲਾ ਨਾਮਵਰ ਹਸਤਾਖਰ ਹੈ। ਇਹ ਸਾਡੇ ਸਾਰਿਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਮਿਸੀਸਾਗਾ ਵਾਸੀ ਡਾ: ਦੇਵਿੰਦਰ ਪਾਲ ਸਿੰਘ ਦੀ ਪੰਜਾਬੀ ਬੋਲੀ ਵਿੱਚ ਬਾਲਾਂ ਲਈ ਲਿਖੀ ਪੁਸਤਕ "ਸਤਰੰਗੀ ਪੀਂਘ ਤੇ ਹੋਰ ਨਾਟਕ", ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ ਵਲੋਂ ਸ਼ਾਹਮੁਖੀ ਲਿਪੀ ਵਿੱਚ ਛਾਪੀ ਗਈ ਹੈ। ਇਸ ਪੁਸਤਕ ਵਿੱਚ ਕੁਲ ਗਿਆਰਾਂ ਨਾਟਕ ਸ਼ਾਮਿਲ ਕੀਤੇ ਗਏ ਹਨ, ਜੋ ਕੁਦਰਤ ਦੇ ਅਟੱਲ ਨਿਯਮਾਂ, ਵਾਤਾਵਰਣੀ ਪ੍ਰਦੂਸ਼ਣ ਅਤੇ ਸੁਰੱਖਿਅਣ ਕਾਰਜਾਂ ਦੇ ਨਾਲ ਨਾਲ ਅਹਿਮ ਸਮਾਜਿਕ ਵਿਸ਼ਿਆਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਤਾ ਨੂੰ ਬਹੁਤ ਹੀ ਪ੍ਰਭਾਵਿਤ ਅਤੇ ਰੌਚਕ ਢੰਗ ਨਾਲ ਦਰਸਾਉਂਦੇ ਹਨ। ਭਾਵੇਂ ਇਹ ਨਾਟਕ ਬਾਲਾਂ ਲਈ ਲਿਖੇ ਗਏ ਹਨ, ਪਰ ਇਹ ਸਾਰੇ ਸਮਾਜ ਦਾ ਮਾਰਗ ਦਰਸ਼ਨ ਕਰਨ ਦੇ ਸਮਰਥ ਹਨ।
ਕਿਤਾਬ ਦੇ ਦੋ ਪ੍ਰਮੁੱਖ ਨਾਟਕਾਂ "ਛੋਟਾ ਰੁੱਖ, ਵੱਡਾ ਦੁੱਖ" ਅਤੇ "ਸਤਰੰਗੀ ਪੀਂਘ" ਵਿੱਚ ਲੇਖਕ ਇਹ ਸੁਨੇਹਾ ਦਿੰਦਾ ਹੈ ਕਿ ਕਾਦਰ ਨੇ ਕੁਦਰਤ ਦੀ ਜੋ ਰਚਨਾ ਕੀਤੀ ਹੈ, ਉਸ ਵਿੱਚ ਕੋਈ ਉਕਾਈ ਨਹੀਂ, ਅਤੇ ਉਸਦਾ ਹਰ ਅੰਗ ਆਪਣੇ ਆਪ ਵਿੱਚ ਮਹੱਤਵਪੂਰਣ ਹੈ। ਬਿਰਤਾਂਤ ਇੰਝ ਹੈ; ਜੰਗਲ ਵਿੱਚ ਇੱਕ ਛੋਟੇ ਜਿਹੇ ਆਕਾਰ ਦਾ ਝਾੜੀਨੁਮਾ ਰੁੱਖ ਸੀ, ਜਿਸਨੂੰ ਪੱਤਾ ਕੋਈ ਨਹੀਂ, ਕੇਵਲ ਕੰਡਿਆਂ ਅਤੇ ਸੂਲਾਂ ਨੇ ਹੀ ਉਸਨੂੰ ਢੱਕ ਰੱਖਿਆ ਸੀ। ਆਸੇ ਪਾਸੇ ਦੇ ਹਰੇ ਭਰੇ ਅਤੇ ਫੁੱਲਦਾਰ ਰੁੱਖਾਂ ਨੂੰ ਵੇਖ ਕੇ ਉਸਨੂੰ ਸਾੜਾ ਹੁੰਦਾ ਸੀ ਅਤੇ ਉਹ ਵੀ ਉਹਨਾਂ ਵਾਂਙ ਸੁਹਣਾ ਲੱਗਣਾ ਚਾਹੁੰਦਾ ਸੀ। ਪਰ ਕੁਦਰਤ ਨੇ ਕੁਝ ਅਜਿਹੇ ਹਾਲਾਤ ਪੈਦਾ ਕੀਤੇ ਜਿਹਨਾਂ ਨਾਲ ਉਸਨੂੰ ਸਮਝ ਆ ਗਈ ਕਿ ਕੰਡੇ ਅਤੇ ਸੂਲ਼ਾਂ ਉਸ ਲਈ ਕਿੰਨੇ ਵਧੀਆ ਸਾਥੀ ਸਨ; ਅਤੇ ਉਹ ਕੁਦਰਤ ਦਾ ਸ਼ੁਕਰਗੁਜ਼ਾਰ ਹੋ ਗਿਆ। "ਸਤਰੰਗੀ ਪੀਂਘ" ਨਾਮੀ ਨਾਟਕ ਵਿਚ ਇਹ ਦੱਸਿਆ ਗਿਆ ਹੈ ਕਿ ਕੁਦਰਤ ਵਿੱਚ ਹਰ ਰੰਗ ਦੀ ਹੀ ਕਿੰਨੀ ਮਹਾਨਤਾ ਹੈ। ਇਹ ਮਹਾਨਤਾ ਦੱਸਣ ਲਈ ਲੇਖਕ ਨੇ ਨਾਟਕ ਦਾ ਅੰਤ ਬਹੁਤ ਰੌਚਕ ਢੰਗ ਨਾਲ਼ ਕੀਤਾ ਹੈ।
ਲੋਕਾਂ ਵਿੱਚ ਪੰਜਾਬੀ ਬੋਲੀ ਦੀ ਘਟ ਰਹੀ ਵਰਤੋਂ ਤੇ ਦਿਲਚਸਪੀ, ਅਤੇ ਉਸ ਪ੍ਰਤੀ ਹਕੂਮਤਾਂ ਦੇ ਰੁੱਖੇ ਵਰਤਾਉ ਨੇ ਲੇਖਕ ਦੇ ਦਿਲ ਉੱਤੇ ਡੂੰਘੀ ਸੱਟ ਮਾਰੀ ਹੈ ਅਤੇ ਉਸ ਨੇ ਆਪਣੇ ਦਿਲ ਦੀ ਇਹ ਪੀੜ ਨਾਟਕ "ਮਾਂ ਬੋਲੀ ਪੰਜਾਬੀ ਉਦਾਸ ਹੈ" ਰਾਹੀਂ ਲੋਕਾਂ ਤੱਕ ਪਹੁੰਚਾਈ ਹੈ । ਅਗਲੇ ਚਾਰ ਨਾਟਕ, "ਕਚਰਾ ਘਟਾਉ, ਅਲੂਦਗੀ ਭਜਾਉ", "ਕਾਲਾ ਬੱਦਲ, ਤਿੱਖੀਆਂ ਕਿੱਲਾਂ", "ਉਦਾਸ ਬਤਖਾਂ", "ਧਰਤੀ ਅੰਮਾਂ ਬੀਮਾਰ ਹੈ" ਵਾਤਾਵਰਣੀ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਅਮਲਾਂ ਦਾ ਜ਼ਿਕਰ ਕਰਦੇ ਹਨ। "ਬਿਜੜ੍ਹਾ, ਲੱਕੜਹਾਰਾ ਤੇ ਜੰਗਲ" ਦੇ ਸਿਰਲੇਖ ਵਾਲਾ ਨਾਟਕ, ਭਾਵੇਂ ਬਿਜੜ੍ਹਿਆਂਂ ਦੇ ਘਰਾਂ (ਆਲ੍ਹਣਿਆਂ) ਦੀ ਸਮੱਸਿਆ ਬਾਰੇ ਜਾਪਦਾ ਹੈ, ਪਰ ਇਹ ਦੱਸ ਪਾਉਂਦਾ ਹੈ ਕਿ ਬੇਤਹਾਸ਼ਾ ਜੰਗਲਾਂ ਨੂੰ ਕੱਟਣਾ ਪੂਰੀ ਲੋਕਾਈ ਲਈ ਇੱਕ ਵੱਡੀ ਸਮੱਸਿਆ ਬਣ ਰਿਹਾ ਹੈ। ਜਿਸ ਕਾਰਣ ਧਰਤੀ ਦੇ ਪੌਣ ਪਾਣੀ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ, ਸਿੱਟੇ ਵਜੋਂ ਸਾਰੀ ਧਰਤੀ ਹੀ ਵਾਤਾਵਰਣੀ ਸੰਕਟ ਦਾ ਸ਼ਿਕਾਰ ਬਣਦੀ ਜਾ ਰਹੀ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਣ, ਇਸ ਧਰਤੀ ਉੱਤੇ ਜਾਨਵਰਾਂ ਤੇ ਪੰਛੀਆਂ ਲਈ ਰਹਿਣਾ ਵੀ ਅਸੰਭਵ ਹੁੰਦਾ ਜਾ ਰਿਹਾ ਹੈ।
ਹੱਥਲੀ ਕਿਤਾਬ ਦੇ ਆਖਰੀ ਤਿੰਨ ਨਾਟਕ ਹਨ; "ਕਿਧਰੇ ਦੇਰ ਨਾ ਹੋ ਜਾਏ", "ਖੁੱਦ ਏਤਮਾਦੀ ਜ਼ਰੂਰੀ ਹੈ" ਅਤੇ "ਏਕੇ ਦੀ ਬਰਕਤ"। ਇਨ੍ਹਾਂ ਨਾਟਕਾਂ ਵਿੱਚ ਡਾ: ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ਼ ਕੁਝ ਸਮਾਜਿਕ ਅਤੇ ਨਿਜੀ ਮਸਲਿਆਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਹੈ। ਇਹ ਨਾਟਕ ਬਾਲਾਂ ਲਈ ਲਿਖਣੇ ਵੀ ਲੇਖਕ ਦੀ ਦੂਰ-ਅੰਦੇਸ਼ੀ ਨੂੰ ਹੀ ਪ੍ਰਗਟਾਉਂਦਾ ਹੈ। ਬਾਲ ਹੀ ਸਾਡਾ ਭਵਿੱਖ ਹੁੰਦੇ ਹਨ, ਤੇ ਜੇਕਰ ਉਹ ਜ਼ਿੰਦਗੀ ਦੇ ਮਹੱਤਵਪੂਰਨ ਮਸਲਿਆਂ ਨੂੰ ਛੋਟੀ ਉਮਰ ਵਿੱਚ ਹੀ ਸਮਝ ਕੇ ਅਪਨਾ ਲੈਣਗੇ, ਤਾਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਵੀ ਸਹਿਜੇ ਹੀ ਹੋ ਜਾਵੇਗਾ। ਭਾਵੇਂ ਇਹ ਨਾਟਕ ਬੱਚਿਆਂ ਲਈ ਲਿਖੇ ਗਏ ਹਨ, ਇਸਦਾ ਭਾਵ ਇਹ ਨਹੀਂ ਕਿ ਵੱਡੇ ਇਨ੍ਹਾਂ ਤੋਂ ਸਬਕ ਨਹੀਂ ਸਿੱਖ ਸਕਦੇ। ਮਾਪੇ ਤੇ ਆਮ ਪਾਠਕ ਵੀ ਇਨ੍ਹਾਂ ਨਾਟਕਾਂ ਰਾਹੀਂ ਵਿਚਾਰੇ ਗਏ ਮਸਲਿਆਂ ਨੂੰ ਸਮਝ ਕੇ, ਇਨ੍ਹਾਂ ਵਿਚ ਸੁਝਾਏ ਅਮਲਾਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਵਿਚ ਅਪਨਾ ਕੇ, ਇਸ ਧਰਤੀ ਨੂੰ ਵਧੇਰੇ ਖੁਸ਼ਹਾਲ ਬਨਾਉਣ ਵਿਚ ਅਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ।
ਡਾ. ਦੇਵਿੰਦਰ ਪਾਲ ਸਿੰਘ ਤਜਰਬੇਕਾਰ ਅਧਿਆਪਕ ਅਤੇ ਵਿਗਿਆਨ ਸੰਚਾਰਕ ਹੋਣ ਦੇ ਨਾਲ ਨਾਲ, ਪੰਜਾਬੀ ਭਾਸ਼ਾ ਵਿਚ ਬਾਲਾਂ ਲਈ ਨਰੋਏ ਸਾਹਿਤ ਦੇ ਰਚੇਤਾ ਵਜੋਂ ਬਹੁਪੱਖੀ ਸਖ਼ਸ਼ੀਅਤ ਦਾ ਮਾਲਿਕ ਹੈ। ਉਸ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਪੁਸਤਕ ਵਿਚ ਜੀਵਨ ਦੇ ਸਿੱਧਰੇ-ਪੱਧਰੇ ਸੱਚਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਗਿਆ ਹੈ। ਕਿਤਾਬ ਦਾ ਸਰਵਰਕ ਚਹੁ-ਰੰਗਾ ਹੈ। ਡੀਲਕਸ ਬਾਂਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ। ਆਪਣੇ ਨਾਟਕਾਂ ਵਿੱਚ ਡਾ: ਸਾਹਿਬ ਨੇ ਟਕਸਾਲੀ ਪੰਜਾਬੀ ਦੀ ਹੀ ਵਰਤੋਂ ਕੀਤੀ ਹੈ ਜਿਹੜੀ ਮਾਝੇ ਅਤੇ ਲਹਿੰਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ। ਪਾਤਰਾਂ ਦੇ ਨਾਮ ਵੀ ਅਧਿਕਤਰ ਪਾਕਿਸਤਾਨੀ ਹੀ ਰੱਖੇ ਗਏ ਹਨ । ਭਾਵੇਂ ਮੈਂ ਸ਼ਾਹਮੁਖੀ ਲਿੱਪੀ ਲਗਭੱਗ ਸੱਤਰ ਸਾਲ ਪਹਿਲਾਂ ਮਾੜੀ ਮੋਟੀ ਹੀ ਸਿੱਖੀ ਸੀ, ਜਿਸ ਕਾਰਣ ਮੇਰਾ ਸ਼ਾਹਮੁਖੀ ਲਿੱਪੀ ਵਿਚ ਰਚਿਤ ਕਿਤਾਬਾਂ ਨੂੰ ਪੜ੍ਹਣ ਦਾ ਅਭਿਆਸ ਨਹੀਂ ਸੀ। ਪਰ ਇਹ ਪੁਸਤਕ ਮੈਨੂੰ ਇੰਨੀ ਪਸੰਦ ਆਈ ਕਿ ਮੈਂ ਇਸ ਸਾਰੀ ਨੂੰ ਪੜ੍ਹ ਕੇ ਹੀ ਛੱਡਿਆ, ਭਾਵੇਂ ਅਜਿਹਾ ਕਰਨ ਵਿਚ ਮੈਨੂੰ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਲੱਗਿਆ। ਮੈਨੂੰ ਆਸ ਹੈ ਕਿ ਆਪ ਸਾਰਿਆਂ ਨੂੰ ਵੀ ਇਹ ਪੁਸਤਕ ਬਹੁਤ ਪਸੰਦ ਆਵੇਗੀ।
"ਸਤਰੰਗੀ ਪੀਂਘ ਤੇ ਹੋਰ ਨਾਟਕ" ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਵਾਤਾਵਰਣੀ ਤੇ ਸਮਾਜਿਕ ਵਰਤਾਰਿਆਂ ਦਾ ਸਹੀ ਰੂਪ ਸਮਝ ਸਕੇ ਤੇ ਇਸ ਧਰਤੀ ਉੱਤੇ ਕੁਦਰਤ ਅਤੇ ਮਨੁੱਖ ਦੀ ਸਹਿਹੌਂਦ ਸਥਾਪਤੀ ਵਿਚ ਅਪਣਾ ਯੋਗਦਾਨ ਪਾਉਂਦੇ ਹੋਏ, ਖੁਸ਼ਹਾਲ ਜੀਵਨ ਬਸਰ ਕਰ ਸਕੇ। ਮੈ ਡਾ: ਸਾਹਿਬ ਨੂੰ ਇਸ ਪੁਸਤਕ ਦੀ ਸਫ਼ਲਤਾ ਬਾਰੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਪੁਸਤਕਾਂ ਲਿਖ ਕੇ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ।
----------------------------------------------------------------------------------------------------------------------------------
ਪ੍ਰੋ. ਦੇਵਿੰਦਰ ਸਿੰਘ ਸੇਖੋਂ, ਪੀਐੱਚ. ਡੀ., ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ ਧਾਰਮਿਕ-ਸਾਹਿਤ ਦੇ ਖੇਤਰ ਵਿਚ 6 ਕਿਤਾਬਾਂ ਛੱਪ ਚੁੱਕੀਆਂ ਹਨ। ਅੱਜ ਕਲ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਉਲੱਥੇ ਦੇ ਪ੍ਰਾਜੈਕਟ ਉੱਤੇ ਕੰਮ ਕਰ ਰਹੇ ਹਨ। ਉਹ ਸੰਨ 2012 ਤੋਂ ਗੁਰਬਾਣੀ ਸੰਦੇਸ਼ ਵੈੱਬਸਾਈਟ (https://gurbanisandesh.com/) ਵੀ ਚਲਾ ਰਹੇ ਹਨ। ਪ੍ਰੋ. ਦੇਵਿੰਦਰ ਸਿੰਘ ਸੇਖੋਂ ਹੈਮਿਲਟਨ, ਓਂਟਾਰੀਓ, ਕੈਨੇਡਾ ਦਾ ਵਾਸੀ ਹੈ।
Last edited: