ਇੱਥੋਂ ਰੇਗਿਸਤਾਨ ਦਿਸਦਾ ਹੈ (ਨਾਵਲ)
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ
ਲੇਖਕ: ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਆਟੁਮ ਆਰਟ, ਇੰਡੀਆ।
ਪ੍ਰਕਾਸ਼ ਸਾਲ : 2017, ਕੀਮਤ: 250 ਰੁਪਏ ; ਪੰਨੇ: 160
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਵਿਗਿਆਨ ਲੇਖਕ ਤੇ ਸੰਚਾਰਕ, ਮਿਸੀਸਾਗਾ, ਓਂਟਾਰੀਓ, ਕੈਨੇਡਾ।
"ਇੱਥੋਂ ਰੇਗਿਸਤਾਨ ਦਿਸਦਾ ਹੈ" ਨਾਵਲ ਦਾ ਲੇਖਕ ਜਸਵੀਰ ਸਿੰਘ ਰਾਣਾ ਕਿੱਤੇ ਵਜੋਂ ਅਧਿਆਪਕ ਹੋਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਨਾਮਵਰ ਕਹਾਣੀਕਾਰ ਵੀ ਹੈ। ਸੰਨ 1968 ਵਿਚ ਜਨਮੇ ਬਾਲਕ ਜਸਵੀਰ ਨੂੰ, ਸਕੂਲੀ ਦਿਨ੍ਹਾਂ ਦੌਰਾਨ ਹੀ ਸਾਹਿਤਕ ਰਚਨਾਵਾਂ ਪੜ੍ਹਣ ਦੀ ਰੁਚੀ ਪੈਦਾ ਹੋ ਗਈ। ਸਮੇਂ ਦੇ ਬੀਤਣ ਨਾਲ ਉਸ ਨੇ ਬੀ. ਏ., ਬੀ. ਐੱਡ. ਅਤੇ ਐਮ. ਏੇ. (ਪੰਜਾਬੀ) ਕਰ ਲਈ। ਵਿੱਦਿਅਕ ਸਫ਼ਰ ਦੌਰਾਨ ਵੀ ਉਸ ਦੇ ਸਾਹਿਤਕ ਲਗਾਉ ਦੀ ਨਿਰੰਤਰਤਾ ਬਣੀ ਰਹੀ। ਪ੍ਰੌਫੈਸ਼ਨਲ ਜੀਵਨ ਦੇ ਮੁੱਢਲੇ ਦੌਰ ਦੌਰਾਨ ਹੀ, ਜਸਵੀਰ ਦੇ ਸਾਹਿਤਕ ਲਗਾਉ ਨੇ ਉਸ ਨੂੰ ਕਹਾਣੀ ਰਚਣ ਕਾਰਜਾਂ ਵੱਲ ਪ੍ਰੇਰਿਤ ਕਰ ਲਿਆ। ਸੰਨ 1999 ਵਿਚ, ਉਸ ਦੀ ਪਹਿਲੀ ਕਹਾਣੀ ਪ੍ਰਸਿੱਧ ਸਾਹਿਤਕ ਰਸਾਲੇ "ਨਾਗਮਣੀ" ਵਿਚ ਛੱਪੀ। ਤਦ ਤੋਂ ਹੀ ਉਹ ਸਾਹਿਤਕ ਸਿਰਜਣਾ ਕਾਰਜਾਂ ਵਿਚ ਲਗਾਤਾਰ ਕਾਰਜਸ਼ੀਲ ਹੈ। ਜਿਸ ਦਾ ਪ੍ਰਗਟਾਵਾ ਉਸ ਦੀਆਂ ਛੱਪ ਰਹੀਆਂ ਕਿਤਾਬਾਂ ਦੀ ਨਿਰੰਤਰਤਾ 'ਚੋਂ ਭਲੀ-ਭਾਂਤ ਪ੍ਰਗਟ ਹੁੰਦਾ ਹੈ। ਸੰਨ 1999 ਤੋਂ ਸੰਨ 2017 ਦੇ ਅਰਸੇ ਦੌਰਾਨ, ਉਹ ਚਾਰ ਕਹਾਣੀ ਸੰਗ੍ਰਹਿ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਣ ਵਿਚ ਸਫ਼ਲ ਰਿਹਾ ਹੈ। ਇਸੇ ਸਮੇਂ ਦੌਰਾਨ, ਉਸ ਨੇ ਸੰਪਾਦਨ ਅਤੇ ਸ਼ਬਦ ਚਿੱਤਰ ਵਿਧਾ ਵਿਚ ਵੀ ਇਕ-ਇਕ ਕਿਤਾਬ ਛਾਪੀ। ਪੰਜਾਬੀ ਕਹਾਣੀ ਕਲਾ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲਾ ਕਹਾਣੀਕਾਰ ਹੈ - ਜਸਵੀਰ ਸਿੰਘ ਰਾਣਾ। ਇਸੇ ਲਈ ਉਸ ਦੀ ਕਹਾਣੀ-ਕਲਾ ਦੀ ਪੜਚੋਲ ਤੇ ਮੁਲਾਂਕਣ ਬਾਰੇ ਪੰਜਾਬੀ ਦੇ ਵਿਭਿੰਨ ਵਿਦਵਾਨ ਹੁਣ ਤਕ ਪੰਜ ਕਿਤਾਬਾਂ ਛਾਪ ਚੁੱਕੇ ਹਨ। ਜੋ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅਜੋਕੇ ਸਮੇਂ ਦੌਰਾਨ, ਉਸ ਦੀਆਂ ਰਚਨਾਵਾਂ ਪੰਜਾਬ ਦੇ ਪ੍ਰਮੁੱਖ ਕਾਲਜਾਂ ਦੇ ਸਿਲੇਬਸ ਦਾ ਅੰਗ ਬਣ ਚੁੱਕੀਆਂ ਹਨ। ਕਹਾਣੀ-ਸਿਰਜਣਾ ਦੇ ਖੇਤਰ ਵਿਚ ਅਨੇਕ ਪੁਰਸਕਾਰਾਂ ਨਾਲ ਸਨਮਾਨਿਤ ਜਸਵੀਰ ਸਿੰਘ ਰਾਣਾ ਇਕ ਅਜਿਹਾ ਸ਼ਖਸ਼ ਹੈ ਜਿਸ ਨੇ ਆਪਣਾ ਜੀਵਨ, ਆਪਣੇ ਲੇਖਣ ਕਾਰਜਾਂ ਰਾਹੀਂ, ਸਮਾਜਿਕ ਸਰੋਕਾਰਾਂ ਦਾ ਸਹੀ ਰੂਪ ਚਿੱਤਰਣ ਲਈ ਅਰਪਣ ਕੀਤਾ ਹੋਇਆ ਹੈ। ਹੁਣ ਉਹ ਆਪਣੀ ਨਵੀਂ ਪੁਸਤਕ "ਇੱਥੋਂ ਰੇਗਿਸਤਾਨ ਦਿਸਦਾ ਹੈ" ਲੈ ਕੇ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੈ।
"ਇੱਥੋਂ ਰੇਗਿਸਤਾਨ ਦਿਸਦਾ ਹੈ" ਜਸਵੀਰ ਸਿੰਘ ਰਾਣਾ ਦਾ ਪਲੇਠਾ ਨਾਵਲ ਹੈ। ਜਿਸ ਵਿਚ ਕੁੱਲ 32 ਕਾਂਡ ਹਨ। ਇਹ ਨਾਵਲ ਸਮਕਾਲੀ ਵਾਤਾਵਰਣੀ ਤੇ ਭਾਸ਼ਾਈ ਮਸਲਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਬੜੇ ਸਰਲ, ਸਪੱਸ਼ਟ ਤੇ ਰੋਚਕ ਢੰਗ ਨਾਲ ਵਰਨਣ ਕਰਦਾ ਹੈ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ, ਆਰਥਿਕ ਤੰਗੀ ਦੇ ਦੈਂਤ ਦਾ ਮੂੰਹ ਭਰਣ ਲਈ ਪਿੱਤਰੀ ਭੌਂ ਨੂੰ ਵੇਚਣ ਦਾ ਦਰਦ ਉਹ ਅੱਜ ਵੀ ਸੀਨੇ ਅੰਦਰ ਦੱਬੀ ਬੈਠਾ ਹੈ। ਇਸ ਨਾਵਲ ਦਾ ਸਮਰਪਣ, ਉਸ ਦੇ ਇਸੇ ਦਰਦ ਦੀ ਨਿਸ਼ਾਨਦੇਹੀ ਕਰਦਾ ਨਜ਼ਰ ਆਉਂਦਾ ਹੈ। "21 ਕਹਾਣੀਆਂ ਤੋਂ ਪਹਿਲਾ ਨਾਵਲ ਲਿਖਣ ਤੱਕ" ਦੇ ਸਿਰਲੇਖ ਹੇਠ ਲੇਖਕ ਨੇ ਆਪਣੇ ਸਾਹਿਤਕ ਸਫ਼ਰ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਲੇਖ ਵਿਚ ਨਾਵਲਕਾਰ ਨੂੰ ਪ੍ਰਭਾਵਿਤ ਕਰਨ ਵਾਲੇ ਲੇਖਕਾਂ ਅਤੇ ਸਾਹਿਤਕ ਰਚਨਾਵਾਂ ਦਾ ਸੰਖੇਪ ਬਿਓਰਾ ਦਿੱਤਾ ਗਿਆ ਹੈ। ਜਸਵੀਰ ਦਾ ਕਹਿਣਾ ਹੈ ਕਿ ਉਸ ਦੇ ਮਨ ਵਿਚ ਉੱਭਰੇ ਸਵਾਲ ਕਿ "ਕੀ ਵਿਦਿਆਰਥੀਆਂ ਨੂੰ ਵਾਤਾਵਰਨ ਤੇ ਭਾਸ਼ਾ ਨਾਲ ਜੋੜਨ ਲਈ, ਇਸ ਵਿਸ਼ੇ ਨੂੰ ਤਕਨੀਕੀ ਸ਼ਬਦਾਵਲੀ ਤੋਂ ਮੁਕਤ ਸੌਖੀ ਭਾਸ਼ਾ ਅਤੇ ਕਥਾ-ਵਿਧੀ ਰਾਹੀਂ ਦਿਲਚਸਪ ਵੀ ਬਣਾਇਆ ਜਾ ਸਕਦਾ ਹੈ?" ਦਾ ਜਵਾਬ ਹੀ ਹੈ ਇਹ ਨਾਵਲ। "ਇੱਥੋਂ ਰੇਗਿਸਤਾਨ ਦਿਸਦਾ ਹੈ" ਜਸਵੀਰ ਦੁਆਰਾ ਨਾਵਲ, ਭਾਸ਼ਾ, ਵਾਤਾਵਰਣ ਤੇ ਲੋਕਧਾਰਾ ਬਾਰੇ ਕੀਤੀ ਕਈ ਸਾਲ ਲੰਮੀ ਖੋਜ ਦੀ ਕਹਾਣੀ ਹੈ। ਲੇਖਕ ਦਾ ਬਿਆਨ ਹੈ ਕਿ ਧੂੰਆਂ ਪੀਂਦੀ, ਜ਼ਹਿਰ ਖਾਂਦੀ, ਅੱਗ ਫੱਕਦੀ ਮਾਂ-ਬੋਲੀ ਤੋਂ ਪਾਸਾ ਵੱਟ ਕੇ ਲੰਘਦੀ ਪੰਜਾਬੀ ਜੀਵਨ ਰਹਿਤਲ ਵਿਚ ਪਸਰੀ "ਚੁੱਪ ਦੀ ਰਾਜਨੀਤੀ" ਵਿਚ ਖੱਲਲ ਪਾਉਣ ਲਈ ਇਸ ਤਰ੍ਹਾਂ ਦਾ ਕਥਾ-ਪ੍ਰਯੋਗ ਜ਼ਰੂਰੀ ਸੀ। ਇਥੇ ਇਹ ਕਹਿਣਾ ਵੀ ਬਿਲਕੁਲ ਉਚਿਤ ਹੈ ਕਿ ਜਸਵੀਰ ਸਿੰਘ ਰਾਣਾ ਦੀ ਚਿੰਤਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੇ ਇਹ ਨਾਵਲ ਨੂੰ ਪੜ੍ਹਣ ਤੋਂ ਬਾਅਦ, ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ। ......... ਤੇ ਹੋਰ ਵੀ ਦ੍ਰਿੜਤਾ ਨਾਲ ਮਾਂ-ਬੋਲੀ ਪੰਜਾਬੀ, ਸੱਭਿਆਚਾਰ ਤੇ ਵਾਤਾਵਰਣ ਦੀ ਸੇਵਾ ਵਿਚ ਜੁੱਟ ਜਾਓਗੇ।
ਨਾਵਲ ਦਾ ਆਗਾਜ਼ ਫ਼ਿਲਮੀ ਸਕਰਿਪਟ ਦੀ ਤਰ੍ਹਾ ਹੁੰਦਾ ਹੈ। ਨਾਵਲ ਦੀ ਨਾਇਕਾ ਨੀਤੀ ਤੇ ਉਸ ਦਾ ਮੰਗੇਤਰ ਹੁਸਨਵੀਰ, ਪੰਜਾਬੀ, ਗੁਰਮੁਖੀ, ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੀ ਜੋੜ੍ਹੀ ਹੈ। ਉਹ ਦੋਨ੍ਹੋਂ ਅੱਖਰ, ਸ਼ਬਦ, ਗਿਆਨ ਤੇ ਵਿਚਾਰ ਦੇ ਮਤਵਾਲੇ ਹਨ। ਹਵਾ, ਪਾਣੀ, ਰੁੱਖਾਂ ਤੇ ਧਰਤੀ ਦੇ ਦਰਦ ਪ੍ਰਤਿ ਬਹੁਤ ਹੀ ਸੰਵੇਦਨਸ਼ੀਲ ਹਨ। ਨਾਵਲ ਵਿਚ, ਨੀਤੀ ਦੀ ਮਾਂ - ਗੁਰਮੁਖਤਿਆਰ ਕੌਰ ਦਾ ਕਿਰਦਾਰ ਇਕ ਸੁਲਝੀ ਸੁਆਣੀ ਵਜੋਂ ਉੱਭਰਦਾ ਹੈ ਜੋ ਅੱਖਰ/ਸ਼ਬਦ ਰਚਨਾ ਦੀ ਸ਼ੁੱਧਤਾ ਦਾ ਮਹੱਤਵ ਇੰਝ ਸੁਝਾਂਦੀ ਹੈ: "ਇਕ ਬਿੰਦੀ ਕਿਸੇ ਸ਼ਬਦ-ਅੱਖਰ 'ਤੇ ਲੱਗੀ ਹੁੰਦੀ ਐ!..........ਇਕ ਬਿੰਦੀ ਕਿਸੇ ਸੁਹਾਗਣ ਦੇ ਮੱਥੇ 'ਤੇ ਲੱਗੀ ਹੁੰਦੀ ਐ!.........ਜਿਹੜਾ ਕੰਮ ਸ਼ਬਦ-ਅੱਖਰ 'ਤੇ ਲੱਗੀ ਬਿੰਦੀ ਕਰਦੀ ਐ!..........ਉਹੀ ਕੰਮ ਸੁਹਾਗਣ ਦੇ ਮੱਥੇ 'ਤੇ ਲੱਗੀ ਬਿੰਦੀ ਕਰਦੀ ਐ.......!" "ਜਿਵੇਂ ਕਿਸੇ ਸੁਹਾਗਣ ਦੇ ਮੱਥੇ 'ਤੇ ਲੱਗੀ ਬਿੰਦੀ ਦਾ ਅਰਥ ਹੋਰ ਐ!.......ਉਹਦੇ ਮੱਥੇ ਤੋਂ ਬਿੰਦੀ ਲਹਿ ਜਾਣ ਦਾ ਅਰਥ ਹੋਰ ਐ!.......ਉਵੇਂ ਕਿਸੇ ਸ਼ਬਦ-ਅੱਖਰ 'ਤੇ ਬਿੰਦੀ ਲਾਉਣ ਦਾ ਅਰਥ ਹੋਰ ਐ!........ਉਸ ਤੋਂ ਬਿੰਦੀ ਲਾਹ ਦੇਣ ਦਾ ਅਰਥ ਹੋਰ ਐ.........!" ਨਾਵਲ ਦੇ ਹੋਰ ਪਾਤਰਾਂ ਵਿਚ, ਨੀਤੀ ਦਾ ਬਾਪੂ - ਗੁਰਮੁਖ ਸਿੰਘ, ਸ਼ਬਦ ਨੂੰ ਪਿਆਰ ਕਰਨ ਵਾਲੀ ਸ਼ਖਸ਼ੀਅਤ ਹੈ । ਉਸ ਦਾ ਯਕੀਨ ਹੈ: "ਸ਼ਬਦ ਸਾਡਾ ਗੁਰੂ ਹੈ !........ਸ਼ਬਦ ਸਾਡੀ ਸ਼ਕਤੀ ਹੈ !........ ਸ਼ਬਦ ਬਿਨ੍ਹਾਂ ਅਸੀਂ ਅਧੂਰੇ ਹਾਂ!........ ਸ਼ਬਦ ਸਾਨੂੰ ਪੂਰੇ ਕਰਦਾ ਹੈ........!'' ਅਤੇ ਇਸੇ ਸ਼ਬਦ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਆਪਣੀ ਜਾਨ ਵੀ ਕੁਰਬਾਨ ਕਰ ਜਾਂਦਾ ਹੈ। ਇਸੇ ਤਰਾਂ ਨਾਵਲ ਦੇ ਹੋਰ ਪਾਤਰ ਆਪਣੇ ਆਪਣੇ ਵੱਖੋ-ਵੱਖਰੇ ਕਿਰਦਾਰਾਂ ਨਾਲ ਨਾਵਲ ਦੇ ਚਿੱਤਰਪਟ ਉੱਤੇ ਹਾਜ਼ਿਰ ਹੁੰਦੇ ਹਨ। ਨੀਤੀ ਦੀ ਭਾਬੀ - ਰੂਪਰੇਖਾ, ਇਕ ਖੁਦਗਰਜ਼ ਸੁਭਾਅ ਵਾਲੀ, ਖੱਪਤਵਾਦੀ ਤੇ ਰਲਗੱਡ ਕਲਚਰ ਦੀ ਪ੍ਰਤੀਕ ਔਰਤ ਹੈ। ਨੀਤੀ ਦਾ ਭਰਾ - ਰੁਪਿੰਦਰ ਸਿੰਘ ਉਰਫ਼ ਰੌਕੀ, ਗੁਲਾਮ ਤਬੀਅਤ ਦਾ ਮਾਲਿਕ ਹੋਣ ਦੇ ਨਾਲ ਨਾਲ ਪੰਜਾਬੀ ਕਲਚਰ ਦਾ ਭਗੌੜਾ ਨਜ਼ਰ ਆਉਂਦਾ ਹੈ। ਡਾ. ਤ੍ਰਿਪਾਠੀ, ਵਿਗਿਆਨ ਦਾ ਅਧਿਆਪਕ ਤਾਂ ਹੈ ਹੀ ਪਰ ਉਹ ਨਾਇਕਾ ਨੂੰ ਭਵਿੱਖ ਵਿਚ ਵਾਪਰਣ ਵਾਲੇ ਵਰਤਾਰਿਆਂ ਨਾਲ ਸਾਂਝ ਪੁਆ, ਸਮਾਜਿਕ ਕਦਰਾਂ-ਕੀਮਤਾਂ ਤੇ ਵਾਤਾਵਰਣੀ ਸੁਰੱਖਿਅਣ ਬਾਰੇ ਹੋਰ ਵਧੇਰੇ ਚੇਤੰਨਤਾ ਬਖ਼ਸ਼ਦਾ ਹੈ। ਹਰਦੇਵ ਤਾਇਆ, ਸੀਰੀ ਰਾਮੂ, ਪ੍ਰਦੀਪ ਮੋਦੀ, ਤਾਈ ਕਰਤਾਰ ਕੌਰ, ਭਿੰਦਰ ਕਾਮਰੇਡ, ਤੇ ਵਿਕਾਸ ਜੈਨ ਆਦਿ ਭਿੰਨ ਭਿੰਨ ਪਾਤਰ ਆਪੋ-ਆਪਣੇ ਰੰਗਾਂ ਨਾਲ ਨਾਵਲ ਦੇ ਕੈਨਵਸ ਨੂੰ ਹੋਰ ਵਧੇਰੇ ਸ਼ਿੰਗਾਰਦੇ, ਸੰਵਾਰਦੇ ਤੇ ਨਿਖਾਰਦੇ ਹਨ।
ਮਾਂ-ਬੋਲੀ ਪੰਜਾਬੀ ਸੰਬੰਧੀ ਪੰਜਾਬੀਆਂ ਦੀ ਉਦਾਸੀਨਤਾ ਅਤੇ ਵਾਤਾਵਰਣੀ ਮਸਲਿਆਂ ਦੀ ਸਮਕਾਲੀ ਤੇ ਭਵਿੱਖਮਈ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਜਸਵੀਰ ਸਿੰਘ ਰਾਣਾ ਵਲੋਂ ਰਚਿਤ ਨਾਵਲ "ਇੱਥੋਂ ਰੇਗਿਸਤਾਨ ਦਿਸਦਾ ਹੈ" ਇਕ ਸ਼ਲਾਘਾ ਯੋਗ ਕਦਮ ਹੈ। ਇਸ ਨਾਵਲ ਨੁੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਜਸਵੀਰ ਰਾਜਸੀ ਪ੍ਰਬੰਧ ਦੇ ਚੌਖਟੇ 'ਚ ਅਨੇਕ ਮਾਨਵੀ ਤੇ ਅਮਾਨਵੀ ਪੱਖਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਹ ਮਾਨਵ-ਵਿਰੋਧੀ ਵਰਤਾਰਿਆਂ ਦੇ ਬੁਰੇ ਪ੍ਰਭਾਵਾਂ ਨੂੰ ਵਰਨਣ ਕਰਦਿਆਂ ਸੱਤਾਧਾਰੀ ਜਮਾਤ ਉੱਪਰ ਉਂਗਲ ਰੱਖਦਾ ਹੈ, ਜਿਸ ਕਾਰਣ ਸਮਾਜ ਵਿਚ ਦੂਜੈਲਾਪਣ ਛਾਇਆ ਹੋਇਆ ਹੈ। ਇੰਝ ਹੀ ਅਨੇਕ ਹੋਰ ਪਾਸਾਰ ਵੀ ਇਸ ਨਾਵਲ ਵਿੱਚੋਂ ਪ੍ਰਗਟ ਹੁੰਦੇ ਹਨ, ਜਿਨ੍ਹਾਂ ਨੇ ਸਮਾਜ ਅੰਦਰ ਉਥਲ-ਪੁਥਲ ਮਚਾਈ ਹੋਈ ਹੈ। ਨਾਵਲ ਅੰਦਰ ਵਰਨਿਤ ਮਾਨਵੀ ਮਸਲਿਆਂ ਵਿੱਚ ਸਮਾਜਿਕ ਤੇ ਕੁਦਰਤੀ ਸਰੋਕਾਰਾਂ ਦਾ ਸੰਕਲਪ ਕੇਂਦਰੀ ਮਹੱਤਵ ਵਾਲਾ ਜ਼ਾਹਿਰ ਹੁੰਦਾ ਹੈ। ਮਾਨਵੀ ਹੋਂਦ ਦਾ ਸੁਆਲ ਸਮਾਜਿਕ ਤੇ ਵਾਤਾਵਰਣੀ ਵਰਤਾਰਿਆਂ ਨਾਲ ਮੁੱਖ ਰੂਪ ਵਿਚ ਜੁੜਿਆ ਨਜ਼ਰ ਆਉਂਦਾ ਹੈ। ਜਿਸ ਦੇ ਫਲਸਰੂਪ ਉਨ੍ਹਾਂ ਵਰਤਾਰਿਆਂ ਦੀ ਥਾਹ ਪਾਉਣ ਦੀ ਪ੍ਰਕ੍ਰਿਆ ਆਪ ਮੁਹਾਰੇ ਪ੍ਰਗਟ ਹੁੰਦੀ ਹੈ। ਅਸਾਵੇਂ ਵਿਕਾਸ ਵਾਲੇ ਮੁਲਕ 'ਚ ਸੱਚ ਤੇ ਹੱਕ ਦੀ ਆਵਾਜ਼ ਨੂੰ ਕੁਚਲਣਾ ਹਾਕਮ ਜਮਾਤ ਦਾ ਮੁੱਖ ਕਿਰਦਾਰ ਪ੍ਰਗਟ ਹੁੰਦਾ ਹੈ। ਨਾਵਲ ਅੰਦਰ ਸਮਾਜ ਵਿਚ ਕਾਰਪੋਰੇਟ ਜਗਤ ਦੁਆਰਾ ਹੋ ਰਹੀ ਬੇਕਿਰਕ ਲੁੱਟ-ਖਸੁੱਟ ਅਤੇ ਲੋਟੂ ਸੱਤਾ ਦਾ ਚਿਹਰਾ-ਮੁਹਰਾ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਤਾਨਾਸ਼ਾਹੀ ਵਰਤਾਓ ਕਾਰਨ ਲੋਕਾਂ ਅੰਦਰ ਬੇਚੈਨੀ ਤੇ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਲੇਖਕ ਅਨੁਸਾਰ ਅਜਿਹੇ ਹਲਾਤਾਂ ਨੇ ਸਮਾਜ ਵਿਚ ਹਲਚਲ ਮਚਾਈ ਹੋਈ ਹੈ, ਜੋ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜ ਰਹੀ ਹੈ। ਪਰ ਪੂੰਜੀਵਾਦ ਦੇ ਵਧ ਰਹੇ ਪ੍ਰਭਾਵ ਹੇਠ ਆਮ ਲੋਕ ਤੇ ਸਮੇਂ ਦੀਆਂ ਸਰਕਾਰਾਂ ਸਮਾਜਿਕ ਅਤੇ ਵਾਤਾਵਰਣੀ ਹਾਲਾਤਾਂ ਦੇ ਸੁਧਾਰ ਲਈ ਉਚਿਤ ਉਪਰਾਲੇ ਕਰਨ ਲਈ ਅਜੇ ਤਿਆਰ ਨਹੀਂ ਹਨ। ਬਹੁ-ਗਿਣਤੀ ਲੋਕਾਂ ਅਤੇ ਸਮੇਂ ਦੇ ਹਾਕਮਾਂ ਦੇ ਤਰਕਹੀਣ ਵਿਚਾਰ/ਫੁਰਮਾਨ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ।
ਨਾਵਲਕਾਰ ਜਸਵੀਰ ਸਿੰਘ ਰਾਣਾ ਸਮਾਜ ਵਿੱਚਲੀ ਮੁਨਾਫ਼ਾਖੋਰ/ਲੋਟੂ ਜਮਾਤ ਦੇ ਵਿਵਹਾਰ ਤੋਂ ਭਲੀ-ਭਾਂਤ ਜਾਣੂ ਹੈ। ਉਸਦੀ ਅੰਤਰੀਵੀ ਸੋਚ 'ਚ ਮਾਨਵ-ਪੱਖੀ ਵਲਵਲੇ ਜਨਮ ਲੈ ਕੇ ਇਸ ਨਾਵਲ ਦੇ ਰੂਪ 'ਚ ਪ੍ਰਗਟ ਹੋਏ ਹਨ। ਇਸੇ ਲਈ ਇਹ ਨਾਵਲ ਮਾਂ-ਬੋਲੀ ਦੀ ਦੁਰਗਤੀ, ਸ਼ਬਦ/ਗਿਆਨ ਦੀ ਮਹਾਨਤਾ ਤੋਂ ਅਣਜਾਣਤਾ, ਮੋਬਾਇਲ ਤੇ ਇੰਟਰਨੈੱਟ ਦੇ ਚਸਕੇ ਕਾਰਣ ਪੈਦਾ ਹੋ ਰਹੇ/ਤੇ ਹੋਣ ਵਾਲੇ ਬਿਖ਼ੜੇ ਹਾਲਾਤਾਂ, ਪਰਵਾਸ ਤੇ ਆਈ. ਈ. ਐੱਲ. ਟੀ. ਐੱਸ. ਦੀ ਦੌੜ, ਧਰਤੀ ਉੱਤੋਂ ਪਾਣੀ ਦੇ ਲਗਾਤਾਰ ਘੱਟਣ ਕਾਰਣ ਪੈਦਾ ਹੋ ਰਹੇ/ਹੋਣ ਵਾਲੇ ਹਾਲਾਤਾਂ, ਨਸ਼ਿਆਂ ਦੀ ਭਰਮਾਰ, ਤੀਬਰ ਸ਼ਹਿਰੀਕਰਨ ਕਾਰਨ ਵੱਡੇ ਪੱਧਰ ਉੱਤੇ ਵਾਪਰ ਰਹੀ ਰੁੱਖਾਂ ਦੀ ਕਟਾਈ, ਤੇ ਉਦਯੋਗਾਂ ਤੋਂ ਨਿਕਲ ਰਹੇ ਮਾਰੂ ਗੈਸੀ ਨਿਕਾਸਾਂ ਤੋਂ ਪੈਦਾ ਹੋਏ/ਹੋਣ ਵਾਲੇ ਹਾਲਾਤਾਂ ਦਾ ਜ਼ਿਕਰ ਕਰਦਾ ਹੈ। ਰਾਜਨੀਤਕ ਨਿਸ਼ਠੁਰਤਾ ਦੇ ਨਾਲ ਨਾਲ, ਕਾਰਪੋਰੇਟ ਜਗਤ ਦੀ ਮੁਨਾਫਾਖੋਰੀ ਵਾਲੀ ਅੰਨ੍ਹੀ ਦੌੜ ਦੀ ਵੀ ਗੱਲ ਕਰਦਾ ਹੈ। ਨਾਵਲਕਾਰ, ਮਾਂ-ਬੋਲੀ ਸੰਬੰਧੀ ਆਪਣੇ ਪਿਆਰ ਦਾ ਇਜ਼ਹਾਰ ਨਾਇਕਾ ਨੀਤੀ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕਰਦਾ ਹੈ: "ਜਦੋਂ ਦੁਨੀਆਂ ਦੇ ਸਾਰੇ ਸਿੱਖਿਆ ਸ਼ਾਸ਼ਤਰੀ ਤੇ ਮਨੋ-ਵਿਗਿਆਨੀ ਇਕ ਮੱਤ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਉਸ ਦੀ ਮਾਤਭਾਸ਼ਾ ਵਿਚ ਹੋਣੀ ਚਾਹੀਦੀ ਹੈ!.........ਆਪਣੇ ਲੋਕ ਫਿਰ ਵੀ ਕਿਉਂ ......?'' ਡਾ. ਤ੍ਰਿਪਾਠੀ ਦੇ ਬੋਲਾਂ ਰਾਹੀਂ ਨਾਵਲਕਾਰ ਇਸ ਸਵਾਲ ਦਾ ਜਵਾਬ ਇੰਝ ਬਿਆਨ ਕਰਦਾ ਹੈ; "......ਫਿਲਹਾਲ ਐਨਾ ਸਮਝ ਲੈ ਕਿ ਭਾਸ਼ਾ ਦੀ ਵੀ ਇਕ ਸਿਆਸਤ ਹੁੰਦੀ ਹੈ!........ਪੂੰਜੀ ਔਰ ਸੱਤਾ ਉਪਰ ਕਾਬਜ਼ ਹੋਣ ਲਈ ਸਮੇਂ ਦੀ ਸਿਆਸਤ ਆਪਣੀ ਕੌਮ ਦੀ ਭਾਸ਼ਾ ਡਿਜ਼ਾਈਨ ਕਰਦੀ ਹੈ......!''......."ਦੁਨੀਆਂ ਦਾ ਹਰ ਦੇਸ਼ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ ਵਿਚ ਪ੍ਰਾਇਮਰੀ ਸਿੱਖਿਆ ਦੇ ਰਿਹਾ ਹੈ!.......ਸਿਰਫ ਆਪਣੇ ਲੋਕਾਂ ਨੂੰ ਹੀ ਕੋਈ ਜਾਦੂਗਰ ਓਪਰੀ ਭਾਸ਼ਾ ਦਾ ਜਾਦੂ ਸਿਖਾ ਗਿਆ ਹੈ......!''
ਲੇਖਕ ਜਸਵੀਰ ਸਿੰਘ ਰਾਣਾ ਦੀ ਇਹ ਰਚਨਾ ਨਵੇਂ ਦਿਸਹੱਦਿਆਂ ਦੀ ਦੱਸ ਪਾਉਂਦੀ ਹੋਈ ਤਿੱਖੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਇਹ ਨਾਵਲ ਸਮਾਜ ਵਿੱਚ ਲੁੱਟੇ ਜਾ ਰਹੇ ਵਰਗ ਦੀ ਪੈਰਵੀ ਕਰਦਾ ਹੋਇਆ, ਹਾਕਮ ਜਮਾਤ ਦੇ ਘੜੇ ਸੰਕਲਪਾਂ ਦਾ ਸ਼ਾਬਦਿਕ ਵਿਸਫ਼ੋਟ ਕਰਦਾ ਹੈ। ਰਚਨਾਕਾਰ ਦੀ ਫਿਕਰਮੰਦੀ ਇਸ ਪੱਖੋਂ ਵੀ ਜ਼ਾਹਿਰ ਹੁੰਦੀ ਹੈ ਕਿ ਢਾਹੂ ਕੀਮਤਾਂ, ਜਿਸ ਦਾ ਪ੍ਰਸਾਰ ਖੱਪਤਵਾਦੀ ਸਭਿਆਚਾਰ ਕਰ ਰਿਹਾ ਹੈ, ਉਹ ਇਨਕਲਾਬੀ ਤੇ ਲੋਕ ਪੱਖੀ ਕੀਮਤਾਂ ਨੂੰ ਢਾਹ ਲਗਾ ਰਹੀਆਂ ਹਨ। ਲੇਖਕ, ਇਸ ਪੂੰਜੀਵਾਦੀ ਵਿਚਾਰਧਾਰਾ ਦੇ ਪ੍ਰਛਾਵੇਂ ਹੇਠ ਪਲ ਰਹੇ ਅਮਾਨਵੀ ਅੰਸ਼ਾਂ ਦੀ ਤਲਾਸ਼ ਕਰਦਾ ਹੈ ਤੇ ਫੇਰ ਉਨ੍ਹਾਂ ਦੇ ਵਿਰੁੱਧ ਅਵਾਜ਼ ਬਣਦਾ ਹੈ। ਲੇਖਕ ਦਾ ਮੰਨਣਾ ਹੈ ਕਿ ਇਸ ਪੂੰਜੀਵਾਦੀ ਵਰਤਾਰੇ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ, ਤੀਜੀ ਦੁਨੀਆਂ ਦੇ ਮੁਲਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਫ਼ਸਾ ਕੇ, ਬਹੁ-ਕੌਮੀ ਕੰਪਨੀਆਂ ਰਾਹੀਂ ਉਤਪਾਦ ਦੇ ਬਹਾਨੇ ਆਰਥਿਕ, ਭੁਗੋਲਿਕ, ਤੇ ਸਮਾਜਿਕ ਲੁੱਟ-ਕੀਤੀ ਹੈ। ਸਭਿਆਚਾਰਕ ਲੁੱਟ ਲਈ ਲੱਚਰ-ਸਭਿਆਚਾਰ ਪ੍ਰਫੁਲਿੱਤ ਕੀਤਾ ਹੈ। ਇਸ ਸਭਿਆਚਾਰ ਨੇ ਮਾਨਵੀ ਕੀਮਤਾਂ ਨੂੰ ਖ਼ਤਮ ਕਰਕੇ ਮਾਨਸਿਕ ਤੌਰ ਤੇ ਮਨੁੱਖ ਨੂੰ ਮੰਡੀ ਦਾ ਗੁਲਾਮ ਬਣਾ ਦਿੱਤਾ ਹੈ। ਮਨੁੱਖ ਦਾ ਰਿਸ਼ਤਾ ਕੁਦਰਤ ਤੇ ਵਿਰਸੇ ਨਾਲੋਂ ਤੋੜ, ਪੈਸੇ ਅਤੇ ਵਸਤੂ ਪ੍ਰਾਪਤੀ ਦੀ ਦੌੜ ਨਾਲ ਜੋੜ ਦਿੱਤਾ ਹੈ। ਸੋਸ਼ਲ ਮੀਡੀਆ ਵਿੱਚ ਮਨੁੱਖ ਆਪਣਾ ਨਵਾਂ ਸੰਸਾਰ ਸਿਰਜਦਾ ਹੋਇਆ, ਆਪਣੇ ਆਪ ਨੂੰ ਆਧੁਨਿਕ ਮਨੁੱਖ ਹੋਣ ਦਾ ਭਰਮ ਪਾਲੀ ਬੈਠਾ ਹੈ। ਅਜਿਹੀ ਪ੍ਰਵਿਰਤੀ, ਉਸ ਨੂੰ ਪਰਿਵਾਰ ਤੇ ਸਮਾਜ ਨਾਲ ਜੋੜਨ ਦੀ ਬਜਾਏ ਸਮਾਜਿਕ ਸਰੋਕਾਰਾਂ ਨਾਲੋਂ ਅੱਡ ਕਰ ਰਹੀ ਹੈ। ਸਮਕਾਲੀ ਮਨੁੱਖ ਨਾਲ ਜੁੜੇ ਅਜਿਹੇ ਅਨੇਕ ਵਿਸ਼ੇ ਇਸ ਨਾਵਲ ਵਿੱਚ ਸਮੋਏ ਹੋਏ ਹਨ। ਇਸ ਨਾਵਲ ਦਾ ਇੱਕ ਸਰੋਕਾਰ ਲੋਕਾਂ ਦੀ ਆਪਸੀ ਸਾਂਝ, ਮੁਹੱਬਤ-ਪਿਆਰ ਦੀ ਬਾਤ ਪਾਉਂਦਾ ਹੋਇਆ, ਜੰਗਬਾਜ਼ਾਂ ਨਾਲ ਨਫ਼ਰਤ ਤੇ ਅਮਨ ਲਈ ਦੁਆ ਕਰਦਾ ਹੈ।
ਇਹ ਨਾਵਲ ਵਿਚ ਲੇਖਕ, ਮਾਂ-ਬੋਲੀ, ਪੰਜਾਬੀ ਸਭਿਆਚਾਰ ਤੇ ਇਨਸਾਨੀਅਤ ਪ੍ਰਤਿ ਮੋਹ ਦਿਖਾਉਂਦਾ ਹੋਇਆ, ਖੁਰ ਰਹੇ ਰਿਸ਼ਤਿਆਂ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਪੈਸੇ ਲਈ ਵਿਕ ਰਹੀ ਜ਼ਮੀਰ ਪ੍ਰਤੀ ਦੁੱਖ ਪ੍ਰਗਟਾਉਂਦਾ ਨਜ਼ਰ ਆਉਂਦਾ ਹੈ। ਪੂਰਵ-ਪੂੰਜੀਵਾਦ ਪ੍ਰਬੰਧ ਅਤੇ ਪੂੰਜੀਵਾਦੀ ਪ੍ਰਬੰਧ ਦਾ ਤੁਲਨਾਤਮਕ ਪੱਖ ਪੇਸ਼ ਕਰਦਾ ਹੈ। ਇਹ ਸਮੁੱਚਾ ਨਾਵਲ ਸਮਾਜਿਕ, ਸਭਿਆਚਾਰਕ ਅਤੇ ਵਾਤਵਰਣੀ ਸਰੋਕਾਰਾਂ ਦੀ ਪੇਸ਼ਕਾਰੀ ਸਿੱਧੇ ਰੂਪ ਵਿੱਚ ਕਰਦਾ ਹੋਇਆ ਮਨੁੱਖਤਾ ਦੇ ਹੱਕ ਵਿੱਚ ਸੁਰ ਅਲਾਪਦਾ ਹੈ। ਲੇਖਕ ਸਮਾਜ ਵਿੱਚ ਦੁਖਾਂਤਕ ਦਸ਼ਾ 'ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੁੰਦਾ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜੁੰਮੇਵਾਰ ਕਾਰਨਾਂ ਦੀ ਤਲਾਸ਼ ਕਰਦਾ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦਾ ਹੋਇਆ ਚੇਤੰਨਮਈ ਰਾਹਾਂ ਦਾ ਖੁਰਾ ਨੱਪਦਾ ਹੈ। ਸਮਾਜਿਕ, ਸਭਿਆਚਾਰਕ ਤੇ ਵਾਤਾਵਰਣੀ ਕੁਰੀਤੀਆ ਨੂੰ ਖ਼ਤਮ ਕਰਕੇ ਸਮਾਨਤਾ, ਖੁਸ਼ਹਾਲੀ ਤੇ ਕੁਦਰਤੀ ਸੁਮੇਲਤਾ ਵਾਲਾ ਸਮਾਜ ਸਿਰਜਣ ਦੇ ਰਾਹਾਂ ਦੀ ਤਲਾਸ਼ ਕਰਦਾ ਨਾਵਲਕਾਰ, ਹਰ ਅਮਾਨਵੀ ਅੰਸ਼ ਦਾ ਵਰਨਣ ਇਸ ਨਾਵਲ 'ਚ ਪੂਰੀ ਬੇਬਾਕੀ ਨਾਲ ਕਰ ਜਾਂਦਾ ਹੈ। ਲੇਖਕ ਵਲੋਂ ਇਸ ਰਚਨਾ ਦੀ ਪੇਸ਼ਕਾਰੀ ਨਾਵਲੀ ਵਿਧਾ ਦਾ ਨਿਵੇਕਲਾ ਮਾਡਲ ਪੇਸ਼ ਕਰਦੀ ਹੈ। ਇਸ ਵਿਚ ਉਸ ਨੇ ਕਈ ਢੰਗਾਂ ਜਿਵੇਂ ਫਿਲਮਾਂ, ਸੁਪਨੇ, ਡਾਇਰੀ, ਖੱਤ, ਨੋਟਸ, ਖੋਜ, ਪ੍ਰਯੋਗਸ਼ਾਲਾਈ ਰਿਸਰਚ ਜੁਗਤਾਂ, ਨਾਟਕਾਂ ਵਿਚ ਵਰਤੀ ਜਾਂਦੀ ਸੂਤਰਧਾਰ ਦੀ ਆਵਾਜ਼-ਵਿਧਾ ਵਰਤੋਂ, ਵਾਤਰਾਲਾਪੀ ਸੰਵਾਦ, ਵਿਗਿਆਨ-ਗਲਪੀ ਕਥਾ ਬਿਰਤਾਂਤ, ਕਹਾਣੀ ਵਿਧਾ ਦੀਆਂ ਸੰਕੇਤਕ ਤੇ ਨਾਵਲੀ ਵਿਧਾ ਦੇ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ। ਲੇਖਕ ਨੇ ਫ਼ਲੈਸ਼-ਬੈਕ ਦੀ ਵਿਧੀ ਦੀ ਉਚਿਤ ਵਰਤੋਂ ਕਰਦੇ ਹੋਏ ਪੁਰਾਤਨ ਸਭਿਆਚਾਰ, ਕੁਦਰਤ ਨਾਲ ਸਹਿਹੌਂਦ, ਤੇ ਅਮੀਰ ਮਨੁੱਖੀ ਵਿਰਾਸਤ ਨਾਲ ਪਾਠਕਾਂ ਨੂੰ ਰੁਬਰੂ ਕਰਵਾਇਆ ਹੈ।
"ਇੱਥੋਂ ਰੇਗਿਸਤਾਨ ਦਿਸਦਾ ਹੈ" ਇਕ ਵਧੀਆ ਨਾਵਲ ਹੈ ਜੋ ਮਾਂ-ਬੋਲੀ, ਪੰਜਾਬੀ ਸੱਭਿਆਚਾਰ ਅਤੇ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦਾ ਹੈ। ਸਮਕਾਲੀ ਸਮਾਜਿਕ ਹਾਲਾਤਾਂ ਅਤੇ ਵਾਤਾਵਰਣ ਦੇ ਅਨੇਕ ਅੰਗਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਪਾਠਕਾਂ ਨੂੰ ਪੰਜਾਬੀ ਬੋਲੀ ਨਾਲ ਪਿਆਰ, ਸ਼ਬਦ/ਗਿਆਨ ਪ੍ਰਤਿ ਚੇਤਨਾ ਤੇ ਵਾਤਾਵਰਣੀ ਸਾਂਭ ਸੰਭਾਲ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ, ਲੇਖਕ ਨੇ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦਾ ਵਿਖਿਆਨ ਕਰਦੇ ਹੋਏ, ਉਨ੍ਹਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਨਾਵਲ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ। ਜਸਵੀਰ ਸਿੰਘ ਰਾਣਾ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ। ਜਸਵੀਰ ਨੇ ਹੱਥਲੇ ਨਾਵਲ ਵਿਚ ਕੁਦਰਤ ਨਾਲ ਸੁਮੇਲਤਾ ਸੰਬੰਧੀ ਗੁਰਬਾਣੀ ਦੇ ਉਚਿਤ ਹਵਾਲੇ ਵੀ ਪੇਸ਼ ਕੀਤੇ ਹਨ।
ਜਸਵੀਰ ਸਿੰਘ ਰਾਣਾ ਸਮਾਜਿਕ ਤੇ ਵਾਤਾਵਰਣੀ ਮਸਲਿਆਂ ਦੇ ਸੰਚਾਰਕ/ਨਾਵਲਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦਾ ਇਹ ਨਾਵਲ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਤੇ ਵਾਤਾਵਰਣ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਨਾਵਲ ਵਿਧਾ ਦੀ ਵਰਤੋਂ ਨਾਲ, ਸਮਕਾਲੀ ਵਾਤਾਵਰਣੀ ਤੇ ਭਾਸ਼ਾਈ ਹਾਲਾਤਾਂ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ, ਸਾਹਿਤ ਦੀਆਂ ਵਿਭਿੰਨ ਵਿਧੀਆਂ ਦੀ ਵਰਤੋਂ ਨਾਲ, ਮਾਂ-ਬੋਲੀ, ਪੰਜਾਬੀ ਸੱਭਿਆਚਾਰ ਤੇ ਵਾਤਾਵਰਣ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਇੱਥੋਂ ਰੇਗਿਸਤਾਨ ਦਿਸਦਾ ਹੈ" ਇਕ ਅਜਿਹਾ ਨਾਵਲ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦਾ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਸਮਕਾਲੀ ਭਾਸ਼ਾਈ, ਸੱਭਿਆਚਾਰਕ ਤੇ ਵਾਤਾਵਰਣੀ ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੀ ਉਚਿਤ ਸਾਂਭ ਸੰਭਾਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਸਮਾਜ ਸਿਰਜਣ ਵਿਚ ਆਪਣਾ ਉਚਿਤ ਯੋਗਦਾਨ ਪਾ ਸਕਣ।
Last edited: