• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਬਾਲਾਂ ਲਈ ਵਿਗਿਆਨ ਗਲਪ ਕਹਾਣੀ: "ਕਰੋਨਾ.......ਕਰੋਨਾ......ਗੋ ਅਵੇ" ਕਹਾਣੀਕਾਰ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

Dr. D. P. Singh

Writer
SPNer
Apr 7, 2006
136
64
Nangal, India
ਕਰੋਨਾ ਵਾਇਰਸ ਬਾਰੇ ਬਾਲਾਂ ਲਈ ਵਿਗਿਆਨ ਗਲਪ ਕਹਾਣੀ

ਕਰੋਨਾ.......ਕਰੋਨਾ......ਗੋ ਅਵੇ


ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
1585607632524.png

"ਮੰਮੀ ! ਮੰਮੀ! ਮੇਰਾ ਲੰਚ ਬਾਕਸ ਕਿੱਥੇ ਹੈ? ਜਲਦੀ ਕਰੋ, ਸਕੂਲ ਬੱਸ ਆਉਣ ਵਾਲੀ ਹੈ," ਮੰਨਤ ਦੀ ਆਵਾਜ਼ ਸੀ।
"ਓਹ ਬੇਟਾ! ਅੱਜ ਸਕੂਲ ਬੱਸ ਨਹੀਂ ਆਵੇਗੀ।" ਰਸੋਈ ਤੋਂ ਮੰਮੀ ਦੀ ਆਵਾਜ਼ ਆਈ।
"ਪਰ ਕਿਉਂ?" ਆਇਨ ਨੇ ਪੁੱਛਿਆ।
"ਸਕੂਲ ਬੰਦ ਜੂ ਕਰ ਦਿੱਤੇ ਨੇ ਤਿੰਨ ਹਫ਼ਤੇ ਲਈ ਸਰਕਾਰ ਨੇ।"
"ਕਿਉਂ?"
"ਬੇਟਾ! ਸ਼ਹਿਰ ਵਿਚ ਕਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੈ।"

ਜਿਵੇਂ ਹੀ ਜਸਪ੍ਰੀਤ ਨਾਈਟ ਸੂਟ ਪਹਿਨੀ ਡਰਾਇੰਗ ਰੂਮ ਵਿਚ ਆਇਆ, ਹੈਰਾਨ ਹੋਇਆ ਗੁਰਵੀਰ ਬੋਲਿਆ;
"ਪਾਪਾ! ਤੁਸੀਂ ਵੀ ਅਜੇ ਤਿਆਰ ਨਹੀਂ ਹੋਏ। ਦਫ਼ਤਰ ਨਹੀਂ ਜਾਣਾ ਅੱਜ?"
"ਨਹੀਂ ਗੁਰਵੀਰ! ਅੱਜ ਤੋਂ ਮੈਨੂੰ ਵੀ ਦਫ਼ਤਰ ਜਾਣ ਤੋਂ ਛੁੱਟੀ ਹੈ, ਦਫ਼ਤਰ ਦਾ ਕੰਮ ਘਰ ਤੋਂ ਹੀ ਕਰਨਾ ਹੋਵੇਗਾ।"
"ਤੇ ਮੰਮੀ! ਕੀ ਉਸ ਨੂੰ ਵੀ ਛੁੱਟੀ ਹੈ ਅੱਜ।" ਛੋਟੇ ਆਇਨ ਦੀ ਆਵਾਜ਼ ਸੀ।
"ਬਿਲਕੁਲ"
"ਵਾਹ ਜੀ ਵਾਹ! ਅੱਜ ਤਾਂ ਮਜ਼ਾ ਹੀ ਆ ਗਿਆ।" ਖੁਸ਼ੀ ਨਾਲ ਤਾਲੀਆਂ ਮਾਰਦੀ ਮੰਨਤ ਬੋਲੀ। "ਸਾਰੇ ਪਾਰਟੀ ਕਰਾਗਾਂ।"

ਸਕੂਲ ਨਾ ਜਾਣ ਦਾ ਸੁਣ ਕੇ ਗੁਰਵੀਰ ਉਦਾਸ ਹੋ ਗਿਆ, ਕਿਉਂ ਜੋ ਉਸ ਨੂੰ ਸਕੂਲ ਜਾਣਾ ਬਹੁਤ ਚੰਗਾ ਲਗਦਾ ਸੀ।
"ਪਾਪਾ! ਅੱਜ ਛੁੱਟੀ ਕਿਉਂ ਹੋ ਗਈ।" ਗੁਰਵੀਰ ਨੇ ਉਦਾਸ ਸੁਰ ਵਿਚ ਪੁੱਛਿਆ।
"ਬੇਟਾ! ਅੱਜ ਦੀ ਹੀ ਨਹੀਂ, ਪੂਰੇ ਤਿੰਨ ਹਫ਼ਤੇ ਦੀ ਛੁੱਟੀ ਸਮਝੋ।"
"ਪਰ ਕਿਉਂ?"
"ਤਾਂ ਜੋ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਿਆ ਜਾ ਸਕੇ ।"

"ਪਾਪਾ! ਇਹ ਵਾਇਰਸ ਕੀ ਹੁੰਦਾ ਹੈ?" ਉਤਸੁਕਤਾ ਭਰੀ ਨਿੱਕੀ ਮੰਨਤ ਦਾ ਸਵਾਲ ਸੀ।
"ਵਾਇਰਸ, ਬਹੁਤ ਹੀ ਛੋਟੇ ਛੋਟੇ ਬੀਮਾਰੀ ਦੇ ਕਣ (ਰੋਗਾਣੂ) ਹੁੰਦੇ ਹਨ ਜੋ ਸਾਨੂੰ ਬੀਮਾਰ ਕਰ ਸਕਦੇ ਹਨ।"
"ਕੀ ਅਸੀਂ ਉਨ੍ਹਾਂ ਨੂੰ ਦੇਖ ਸਕਦੇ ਹਾਂ?" ਆਇਨ ਦਾ ਸਵਾਲ ਸੀ।

"ਨਹੀਂ ! ਉਹ ਇੰਨ੍ਹੇ ਨਿਕਚੂ ਹੁੰਦੇ ਨੇ ਕਿ ਆਮ ਕਰਕੇ ਨਜ਼ਰ ਹੀ ਨਹੀਂ ਆਉਂਦੇ। ਸਿਰਫ਼ ਖੁਰਦਬੀਨ ਨਾਲ ਹੀ ਦੇਖੇ ਜਾ ਸਕਦੇ ਹਨ।"
1585607664284.png

"ਓਹ!" ਕਹਿੰਦਿਆਂ ਤਿੰਨੋਂ ਬੱਚਿਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਗਏ ਸਨ।

"ਇੰਨ੍ਹੇ ਛੋਟੇ ਜਿਹੇ ਨਿਕਚੂ-ਪਿਕਚੂ ਸਾਨੂੰ ਬੀਮਾਰ ਕਿਵੇਂ ਕਰ ਸਕਦੇ ਹਨ?"
"ਹਾਂ ਬੱਚਿਓ! ਬਹੁਤ ਹੀ ਸਮਝਣ ਵਾਲੀ ਗੱਲ ਹੈ। ਵਾਇਰਸ ਆਪ ਤਾਂ ਚਲ ਫਿਰ ਨਹੀ ਸਕਦੇ ਪਰ ਇਹ ਛੂੰਹਣ ਨਾਲ ਸਹਿਜੇ ਹੀ ਫੈਲ ਜਾਂਦੇ ਹਨ।"
"ਬੜ੍ਹੀ ਅਜੀਬ ਗੱਲ ਹੈ। ਭਲਾ ਹੱਥ ਲਾਣ ਨਾਲ ਕਿਵੇਂ ਕੋਈ ਫੈਲ ਸਕਦਾ ਹੈ?" ਡੋਰ-ਭੋਰੇ ਹੋਏ ਬੱਚੇ ਇਕ ਦੂਜੇ ਨੂੰ ਦੇਖ ਰਹੇ ਸਨ।
"ਮੰਨ ਲਓ ਕਿ ਤੁਹਾਨੂੰ ਜ਼ੁਕਾਮ ਹੋਇਆ ਹੈ। ਤੇ ਜੇ ਤੁਸੀਂ ਆਪਣਾ ਵਗਦਾ ਨੱਕ ਆਪਣੇ ਹੱਥ ਨਾਲ ਸਾਫ਼ ਕਰ ਲਿਆ ਤੇ ਹੱਥ ਨੂੰ ਸਾਬੁਣ ਨਾਲ ਨਹੀਂ ਧੋਤਾ ਤੇ ਉਸ ਨੂੰ ਉਵੇਂ ਹੀ ਆਪਣੇ ਕਿਸੇ ਦੋਸਤ ਨਾਲ ਮਿਲਾ ਲਿਆ। ਤਦ ਜ਼ੁਕਾਮ ਦਾ ਵਾਇਰਸ ਸਹਿਜੇ ਹੀ ਤੁਹਾਡੇ ਦੋਸਤ ਦੇ ਹੱਥ ਉੱਤੇ ਚਲਾ ਜਾਵੇਗਾ। ਤੇ ਜਦ ਤੁਹਾਡਾ ਦੋਸਤ ਅਚਨਚੇਤ ਹੀ ਆਪਣੇ ਮੂੰਹ ਜਾਂ ਨੱਕ ਨੂੰ ਹੱਥ ਲਗਾਏਗਾ ਤਾਂ ਇਹ ਵਾਇਰਸ ਉਸ ਦੇ ਸਰੀਰ ਵਿਚ ਦਾਖਿਲ ਹੋ ਕੇ ਉਸ ਨੂੰ ਬੀਮਾਰ ਕਰ ਦੇਵੇਗਾ।"
"ਓਹ ਮਾਈ ਗਾਡ! ਕੀ ਬੀਮਾਰੀ ਇਸ ਤਰ੍ਹਾਂ ਫੈਲਦੀ ਹੈ?"ਡਰੇ ਹੋਏ ਆਇਨ ਤੇ ਮੰਨਤ ਇਕੱਠੇ ਹੀ ਬੋਲ ਪਏ।
"ਜੀ।"

"ਪਾਪਾ! ਕੀ ਕੋਈ ਹੋਰ ਢੰਗ ਵੀ ਹੈ ਅਜਿਹੇ ਵਾਇਰਸ ਦੇ ਫੈਲਣ ਦਾ।" ਗੁਰਵੀਰ ਪੁੱਛ ਰਿਹਾ ਸੀ।
"ਹਾਂ ਹੈ ਤਾਂ। ਵਾਇਰਸ ਹਵਾ ਰਾਹੀਂ ਤੈਰ ਕੇ ਵੀ ਸਾਡੇ ਤਕ ਪਹੁੰਚ ਸਕਦੇ ਹਨ।"
"ਸੱਚੀ। ਕੀ ਉਨ੍ਹਾਂ ਦੇ ਖੰਭ ਹੁੰਦੇ ਹਨ?" ਮੰਨਤ ਨੇ ਹੈਰਾਨੀ ਨਾਲ ਪੁੱਛਿਆ।
"ਨਹੀਂ ਖੰਭ ਤਾਂ ਨਹੀਂ ਹੁੰਦੇ। ਤੁਹਾਨੂੰ ਯਾਦ ਹੈ ਜਦੋਂ ਤੁਹਾਨੂੰ ਛਿੱਕ ਜਾਂ ਖੰਘ ਆਉਂਦੀ ਹੇ ਤਾਂ ਘਰ ਵਿਚ ਮੰਮੀ-ਪਾਪਾ, ਜਾਂ ਸਕੂਲ ਵਿਚ ਟੀਚਰ, ਤੁਹਾਨੂੰ ਹਮੇਸ਼ਾਂ ਮੂੰਹ ਢੱਕਣ ਲਈ ਕਹਿੰਦੇ ਹਨ।"
1585607713888.png

"ਜੀ ਹਾਂ! ਉਸ ਦਿਨ ਜਦੋਂ ਆਪਾਂ ਹਸਪਤਾਲ ਗਏ ਸੀ ਤਾਂ ਉਥੇ, ਮੈਨੂੰ ਖੰਘ ਆਉਣ 'ਤੇ ਡਾਕਟਰ ਅੰਕਲ ਨੇ ਵੀ ਅਜਿਹਾ ਹੀ ਕਰਨ ਲਈ ਕਿਹਾ ਸੀ। ਸਾਰੇ ਅਜਿਹਾ ਕਿਉਂ ਕਹਿੰਦੇ ਨੇ?" ਆਇਨ ਦਾ ਸਵਾਲ ਸੀ।
"ਜਦੋਂ ਕੋਈ ਬੀਮਾਰ ਵਿਅਕਤੀ ਛਿੱਕ ਮਾਰਦਾ ਹੈ ਜਾਂ ਖੰਘਦਾ ਹੈ ਤਾਂ ਉਸ ਦੇ ਨੱਕ ਜਾਂ ਮੂੰਹ ਵਿਚੋਂ ਨਿਕਲੀ ਸਾਹ ਵਿਚ ਪਾਣੀ ਦੀਆਂ ਛਿੱਟਾਂ ਵਾਇਰਸ ਨੁੰ ਹਵਾ ਵਿਚ ਫੈਲਾ ਦਿੰਦੀਆਂ ਹਨ। ਕੋਈ ਹੋਰ ਵਿਅਕਤੀ ਜੋ ਅਜਿਹੇ ਸਮੇਂ ਮਰੀਜ਼ ਕੋਲ ਬੈਠਾ ਹੁੰਦਾ ਹੈ, ਉਸ ਦੇ ਅਜਿਹੀ ਗੰਦੀ ਹਵਾ ਵਿਚ ਸਾਹ ਲੈਣ ਨਾਲ, ਵਾਇਰਸ ਉਸ ਵਿਅਕਤੀ ਦੇ ਸਰੀਰ ਵਿਚ ਦਾਖਿਲ ਹੋ ਜਾਂਦਾ ਹੈ।"

"ਬੱਸ ਹੁਣ ਗੱਲਾਂ ਹੀ ਕਰਦੇ ਰਹੋਗੇ ਜਾਂ ਨਾਸ਼ਤਾ ਵੀ ਕਰੋਗੇ। ਆਓ ਸਾਰੇ ਜਲਦੀ ਨਾਸ਼ਤੇ ਦੇ ਟੇਬਲ ਉੱਤੇ।" ਰਸੋਈ ਵਿਚੋਂ ਮੰਮੀ ਦੀ ਆਵਾਜ਼ ਸੁਣਾਈ ਦਿੱਤੀ।
"ਚਲੋ ਪਹਿਲਾਂ ਨਾਸ਼ਤਾ ਕਰ ਲਈਏ, ਬਾਕੀ ਗੱਲਾਂ ਬਾਅਦ ਵਿਚ ਕਰਾਂਗੇ।" ਪਾਪਾ ਦੇ ਬੋਲ ਸਨ।
ਤੇ ਉਹ ਚਾਰੋਂ ਨਾਸ਼ਤੇ ਦੇ ਟੇਬਲ ਤੇ ਜਾ ਬੈਠੇ।
-----------------------------------------------------------------------​
ਨਾਸ਼ਤਾ ਖ਼ਤਮ ਹੁੰਦਿਆਂ ਹੀ ਜਿਵੇਂ ਸਾਰੇ ਆ ਕੇ ਡਰਾਇੰਗ ਰੂਮ ਵਿਚ ਬੈਠੇ, ਗੁਰਵੀਰ ਬੋਲਿਆ,
"ਪਾਪਾ! ਇਹ ਵਾਇਰਸ ਸਾਡੇ ਸਰੀਰ ਵਿਚ ਦਾਖਿਲ ਹੋ ਕੇ ਕਰਦੇ ਕੀ ਨੇ, ਜੋ ਅਸੀਂ ਬੀਮਾਰ ਹੋ ਜਾਂਦੇ ਹਾਂ।"
"ਵਧੀਆ ਸਵਾਲ ਹੈ ਤੇਰਾ, ਗੁਰਵੀਰ! ਤੂੰ ਜਾਣਦਾ ਹੈ ਕਿ ਸਾਡਾ ਸਰੀਰ ਛੋਟੇ ਛੋਟੇ ਸੈੱਲਾਂ ਦਾ ਬਣਿਆ ਹੋਇਆ ਹੈ।"
"ਜੀ! ਕੁਝ ਦਿਨ ਪਹਿਲਾਂ ਹੀ ਸਾਡੇ ਸਾਇੰਸ ਟੀਚਰ ਨੇ ਇਹ ਗੱਲ ਦੱਸੀ ਸੀ ਕਲਾਸ ਵਿਚ।" ਗੁਰਵੀਰ ਦੇ ਬੋਲ ਸਨ।
"ਠੀਕ! ਜਦੋਂ ਵਾਇਰਸ ਸਰੀਰ ਵਿਚ ਦਾਖ਼ਿਲ ਹੁੰਦਾ ਹੈ ਤਾਂ ਇਹ ਸਾਡੇ ਸਰੀਰ ਦੇ ਕਿਸੇ ਵੀ ਸੈੱਲ ਵਿਚ ਵੜ੍ਹ ਕੇ, ਉਸ ਨੂੰ ਹੋਰ ਵਾਇਰਸ ਪੈਦਾ ਕਰਨ ਲਈ ਮਜ਼ਬੂਰ ਕਰਦਾ ਹੈ। ਤਦ ਸੈੱਲ ਵਿਚ ਵਾਇਰਸਾਂ ਦੀ ਸੰਖਿਆ ਵੱਧਣ ਲਗਦੀ ਹੈ। ਜਦੋਂ ਸੈੱਲ ਵਿਚ ਵਾਇਰਸਾਂ ਦੀ ਸੰਖਿਆ ਬਹੁਤ ਵੱਧ ਜਾਂਦੀ ਹੈ ਤਾਂ ਸੈੱਲ ਫਟ ਜਾਂਦਾ ਹੈ। ਤੇ ਸੈੱਲ ਵਿਚਲੇ ਵਾਇਰਸ ਆਲੇ ਦੁਆਲੇ ਫੈਲ ਜਾਂਦੇ ਹਨ ਤੇ ਨੇੜ੍ਹਲੇ ਹੋਰ ਸੈੱਲਾਂ ਵਿਚ ਵੜ੍ਹ ਹੋਰ ਜ਼ਿਆਦਾ ਵਾਇਰਸ ਬਨਾਉਣਾ ਸ਼ੁਰੂ ਕਰ ਲੈਂਦੇ ਹਨ।"

"ਤਾਂ ਇੰਝ ਅਸੀਂ ਬੀਮਾਰ ਹੋ ਜਾਂਦੇ ਹਾਂ!" ਸਵਾਲੀਆ ਨਜ਼ਰਾਂ ਨਾਲ ਦੇਖਦਾ ਆਇਨ ਬੋਲਿਆ।
"ਹਾਂ। ਜਦੋਂ ਸਾਡੇ ਸਰੀਰ ਵਿਚ ਵਾਇਰਸਾਂ ਦੀ ਸੰਖ਼ਿਆ ਬਹੁਤ ਵਧ ਜਾਂਦੀ ਹੈ ਤਾਂ ਅਸੀਂ ਬੀਮਾਰ ਹੋ ਜਾਂਦੇ ਹਾਂ। ਅਸਲ ਵਿਚ ਵਾਇਰਸ ਸਾਡੇ ਜੀਵਨ ਵਿਚ ਅਨੇਕ ਵਾਰ ਸਾਡੇ ਉੱਤੇ ਹਮਲਾ ਕਰਦੇ ਹਨ, ਪਰ ਸਾਡੇ ਸਰੀਰ ਦੀ ਸਵੈ-ਰੱਖਿਆ ਪ੍ਰਣਾਲੀ ਸਾਨੂੰ ਅਕਸਰ ਅਜਿਹੇ ਹਮਲੇ ਤੋਂ ਬਚਾ ਲੈਂਦੀ ਹੈ।"

"ਪਾਪਾ! ਤੁਸੀਂ ਕੋਈ ਖਾਸ ਨਾਂ ਲਿਆ ਸੀ......ਕ.....ਕ.....ਹਾਂ ਸੱਚ ਯਾਦ ਆਇਆ.......ਕਰੋਨਾ। ਕੀ ਕਰੋਨਾ ਵਾਇਰਸ ਹੋਰ ਵਾਇਰਸਾਂ ਵਰਗਾ ਹੀ ਹੈ ਜਾਂ ਉਨ੍ਹਾਂ ਤੋਂ ਵੱਖਰਾ ਹੈ? ਜਿਸ ਦੇ ਡਰ ਕਾਰਣ ਸਕੂਲ ਤੇ ਦਫ਼ਤਰ ਬੰਦ ਕਰਨੇ ਪਏ ਨੇ।" ਮੰਨਤ ਦਾ ਸਵਾਲ ਸੀ।
"ਅਸਲ ਵਿਚ ਕਰੋਨਾ ਵਾਇਰਸ, ਜ਼ਕਾਮ, ਫ਼ਲੂ ਤੇ ਚਿਕਨਪੋਕਸ ਦੇ ਵਾਇਰਸਾਂ ਵਰਗਾ ਹੀ ਹੈ, ਪਰ ਹੈ ਵਧੇਰੇ ਤਾਕਤਵਰ।"

"ਕਰੋਨਾ ਵਾਇਰਸ ਦਿਖਾਈ ਤਾਂ ਦਿੰਦਾ ਨਹੀਂ, ਤਾਂ ਫਿਰ ਅਸੀਂ ਕਿਵੇਂ ਪਛਾਣ ਸਕਦੇ ਹਾਂ ਕਿ ਕੋਈ ਵਿਅਕਤੀ ਇਸ ਕਾਰਣ ਬੀਮਾਰ ਹੈ? ਆਇਨ ਨੇ ਪੁੱਛਿਆ।
"ਵਾਹ ਆਇਨ! ਤੂੰ ਬਹੁਤ ਵਧੀਆ ਸਵਾਲ ਪੁੱਛਿਆ ਹੈ। ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਅਜਿਹੇ ਬੀਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਆਪਣਾ ਬਚਾ ਕਰ ਸਕੀਏ।"
"ਤਾਂ ਫਿਰ ਦੱਸੋ ਨਾ ਪਾਪਾ ਕਿ ਅਜਿਹੇ ਬੀਮਾਰ ਵਿਅਕਤੀ ਦੀ ਕੀ ਪਛਾਣ ਹੈ?"ਆਇਨ ਨੇ ਜ਼ੋਰ ਨਾਲ ਸਵਾਲ ਦੁਹਰਾਂਦਿਆ ਕਿਹਾ।
1585607782946.png

"ਕਰੋਨਾ ਵਾਇਰਸ ਦੇ ਮਰੀਜ਼ ਦੀ ਪਛਾਣ ਦੇ ਲੱਛਣ ਹਨ; ਖੰਘ, ਜ਼ੁਕਾਮ, ਸਿਰਦਰਦ, ਬੁਖ਼ਾਰ, ਸੁੱਕੀ ਖਾਂਸੀ, ਤੇ ਸਾਹ ਲੈਣ ਵਿਚ ਦਿੱਕਤ। ਅਜਿਹਾ ਅਕਸਰ ਕਿਸੇ ਵਿਅਕਤੀ ਉੱਤੇ ਵਾਇਰਸ ਦੇ ਹਮਲੇ ਦੇ ਦੋ ਹਫਤੇ ਦੇ ਅਰਸੇ ਦੌਰਾਨ ਨਜ਼ਰ ਆਉਂਣ ਲੱਗਦਾ ਹੈ।"

"ਅੱਜ ਕਲ ਤਾਂ ਅਖ਼ਬਾਰਾਂ ਤੇ ਟੈਲੀਵਿਯਨ ਚੈਨਲਾਂ ਉੱਤੇ ਕਰੋਨਾ ਵਾਇਰਸ ਦਾ ਹੀ ਚਰਚਾ ਹੈ। ਹੋਰ ਕੋਈ ਖ਼ਬਰ ਹੀ ਨਹੀਂ ਨਜ਼ਰ ਆਉਂਦੀ।" ਕਾਫੀ ਦੇਰ ਤੋਂ ਚੁੱਪ ਬੈਠੀ ਮੰਮੀ ਅਚਾਨਕ ਬੋਲ ਪਈ।
"ਪਾਪਾ! ਮੈਨੂੰ ਡਰ ਲਗ ਰਿਹਾ ਹੈ। ਕੀ ਗੰਦੂ ਕਰੋਨਾ ਸਾਨੂੰ ਵੀ ਬੀਮਾਰ ਕਰ ਦੇਵੇਗਾ?" ਛੋਟੀ ਮੰਨਤ ਦੇ ਰੁਆਂਸੇ ਜਿਹੇ ਬੋਲ ਸਨ।
"ਬੱਚਿਓ! ਡਰਨ ਦੀ ਲੋੜ ਨਹੀਂ। ਕਰੋਨਾ ਵਾਇਰਸ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਜੇ ਅਸੀਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੀਏ।"
"ਪਰ ਟੀਵੀ-ਰਿਪੋਰਟਰ ਤਾਂ ਕਹਿ ਰਿਹਾ ਸੀ ਕਿ ਚੀਨ ਤੇ ਇਟਲੀ ਵਿਚ ਬਹੁਤ ਸਾਰੇ ਲੋਕ ਇਸ ਬੀਮਾਰੀ ਨਾਲ ਮਰ ਗਏ ਨੇ ਤੇ ਇਹ ਇਹ ਬੀਮਾਰੀ ਹੋਰ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਫੈਲ ਰਹੀ ਹੈ।" ਮੰਮੀ ਦੇ ਚਿੰਤਾਮਈ ਬੋਲ ਸਨ।
"ਨਹੀਂ, ਨਹੀਂ! ਘਬਰਾਉਣ ਦੀ ਲੋੜ ਨਹੀਂ ਹੈ। ਕਰੋਨਾ ਵਾਇਰਸ ਕਾਰਨ ਬੀਮਾਰ ਲੋਕਾਂ ਦੇ ਮਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਸਿਰਫ਼ 2 ਪ੍ਰਤਿਸ਼ਤ। ਭਾਵ ਮਾਹਿਰਾਂ ਅਨੁਸਾਰ ਸੌ ਬੀਮਾਰ ਮਰੀਜ਼ਾਂ ਵਿਚੋਂ ਸਿਰਫ਼ ਦੋ ਦੇ ਹੀ ਮਰਨ ਦੀ ਸੰਭਾਵਨਾ ਹੁੰਦੀ ਹੈ। ਪਹਿਲੇ ਵਕਤਾਂ ਵਿਚ ਵਾਪਰੀ ਸਾਰਸ ਮਹਾਂਮਾਰੀ ਦੌਰਾਨ ਮੌਤ-ਦਰ 10 ਪ੍ਰਤਿਸ਼ਤ ਸੀ, ਸਵਾਇਨ ਫਲੂ ਮਹਾਂਮਾਰੀ ਦੌਰਾਨ ਇਹ ਦਰ 4.5 ਪ੍ਰਤਿਸ਼ਤ ਸੀ ਅਤੇ ਇਬੋਲਾ ਮਹਾਂਮਾਰੀ ਦੌਰਾਨ ਇਹ ਦਰ ਹੋਰ ਵੀ ਜਿਆਦਾ ਸੀ।"
" ਓਹ ਮਾਈ ਗਾਡ! ਪਹਿਲਾਂ ਵੀ ਅਜਿਹੇ ਖਤਰਨਾਕ ਵਾਇਰਸ ਹੋਏ ਹਨ।" ਹੈਰਾਨੀ ਭਰੇ ਅੰਦਾਜ਼ ਵਿਚ ਗੁਰਵੀਰ ਬੋਲਿਆ।

"ਹਾਂ! ਪਰ ਕਰੋਨਾ ਵਾਇਰਸ ਕਾਰਨ ਮੌਤ ਦਾ ਖ਼ਤਰਾ ਕਾਫ਼ੀ ਘੱਟ ਹੈ। ਘਬਰਾਉਣ ਦੀ ਲੋੜ ਨਹੀਂ।"
"ਤਾਂ ਕੀ ਸਾਨੂੰ ਕਰੋਨਾ ਵਾਇਰਸ ਤੋਂ ਡਰਨ ਦੀ ਬਿਲਕੁਲ ਹੀ ਲੋੜ੍ਹ ਨਹੀਂ ?" ਬੋਲਦਿਆ, ਤਿੰਨੋਂ ਬੱਚੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਪਾਪਾ ਵੱਲ ਦੇਖ ਰਹੇ ਸਨ।
"ਹਾਂ ਡਰਨ ਦੀ ਤਾਂ ਲੋੜ੍ਹ ਨਹੀਂ। ਪਰ ਸਾਵਧਾਨ ਰਹਿਣ ਦੀ ਲੋੜ੍ਹ ਹੈ। ਘਬਰਾਣਾ ਤਾਂ ਬਿਲਕੁਲ ਹੀ ਨਹੀਂ।"

"ਠੀਕ ਹੈ ਪਾਪਾ! ਅਸੀਂ ਬਿਲਕੁਲ ਨਹੀਂ ਘਬਰਾਵਾਂਗੇ। ਪਰ ਕੀ ਇਸ ਵਾਇਰਸ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ?"
"ਹਾਂ! ਤੁਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹੋ, ਸਿਰਫ਼ ਕੁਝ ਸਾਧਾਰਣ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।"
"ਜਲਦੀ ਦੱਸੋ ਸਾਨੂੰ ਇਸ ਵਾਇਰਸ ਤੋਂ ਬੱਚਣ ਲਈ ਕੀ ਕਰਨਾ ਹੋਵੇਗਾ?" ਤਿੰਨੋਂ ਬੱਚੇ ਇੱਕਠੇ ਬੋਲ ਪਏ।
"ਠੀਕ ਹੈ ਬੱਚਿਓ! ਜੋ ਗੱਲਾਂ ਮੈਂ ਦੱਸਣ ਜਾ ਰਿਹਾ ਹਾਂ, ਧਿਆਨ ਨਾਲ ਸੁਣਿਓ। ਇਨ੍ਹਾਂ ਗੱਲਾਂ ਉੱਤੇ ਅਮਲ ਕਰ ਕੇ ਤੁਸੀਂ ਨਾ ਸਿਰਫ਼ ਕਰੋਨਾ ਵਾਇਰਸ ਨੂੰ ਹੀ ਹਰਾ ਸਕਦੇ ਹੋ ਸਗੋਂ ਹੋਰ ਕਿਸਮਾਂ ਦੇ ਰੋਗਾਣੂੰਆਂ ਤੋਂ ਵੀ ਬਚ ਸਕਦੇ ਹੋ।"
"ਪਰ ਉਹ ਗੱਲਾਂ ਹੈਣ ਕੀ? ਦੱਸੋ ਵੀ!" ਗੁਰਬੀਰ ਗੱਲ ਲੰਮੀ ਹੁੰਦੀ ਦੇਖ ਝੁੰਜਲਾ ਗਿਆ ਸੀ।
1585609814880.png


"ਪਹਿਲੀ ਗੱਲ ਤਾਂ ਹੈ ਕਿ ਸਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਹੋਵੇਗਾ। ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾ ਧੋਣਾ ਚਾਹੀਦਾ ਹੈ।"
"ਅਸੀਂ ਤਾਂ ਰੋਜ਼ ਹੱਥ ਧੋਦੇਂ ਹਾਂ। ਇਹ ਤਾਂ ਨਵੀਂ ਗੱਲ ਨਹੀਂ।" ਤਿੰਨੋਂ ਬੱਚੇ ਇਕੱਠੇ ਬੋਲ ਪਏ।
"ਬੱਚਿਓ! ਮੈਂ ਕਿਹਾ ਸੀ ਕਿ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾ ਧੋਣਾ ਚਾਹੀਦਾ ਹੈ। ਜਿਸ ਦਾ ਮਤਲਬ ਹੈ ਸਾਨੂੰ ਹੱਥਾਂ ਤੇ ਗੁੱਟ ਦੇ ਦੋਨੋਂ ਪਾਸੇ, ਨਹੁੰਆਂ ਦੇ ਹੇਠਾਂ ਤੇ ਉਂਗਲੀਆਂ ਦੇ ਵਿਚਕਾਰ ਵੀ, ਚੰਗੀ ਤਰ੍ਹਾਂ ਸਾਬੁਣ ਲਗਾ ਕੇ, ਘੱਟੋ ਘੱਟ 20 ਸੈਕਿੰਡ ਤਕ ਹੱਥਾਂ ਨੂੰ ਰਗੜਣਾ ਚਾਹੀਦਾ ਹੈ ਤੇ ਫਿਰ ਖੁੱਲੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ। ਉਸ ਪਿੱਛੋਂ ਉਨ੍ਹਾਂ ਨੂੰ ਸਾਫ਼ ਤੋਲੀਏ ਨਾਲ ਪੂੰਝਣਾ ਚਾਹੀਦਾ ਹੈ।"
"ਅਜਿਹਾ ਕਿਉਂ?"
"ਕਿਉਂ ਕਿ ਵਾਇਰਸ ਤੇ ਹੋਰ ਰੋਗਾਣੂ ਆਪਣੇ ਬਚਾਉ ਲਈ ਹੱਥ ਦੀ ਕੁੰਦਰਾਂ ਵਿਚ ਤੇ ਨਹੁੰਆ ਹੇਠ ਛੁੱਪੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਮਾਰਨ ਦਾ ਇਹੋ ਕਾਰਗਰ ਢੰਗ ਹੈ।"
"ਬਿਲਕੁਲ ਠੀਕ ਪਾਪਾ ਜੀ! ਅੱਗੇ ਤੋਂ ਅਸੀਂ ਇੰਝ ਹੀ ਹੱਥ ਧੋਵਾਂਗੇ।" ਬੱਚਿਆਂ ਦੀ ਇਕ-ਜੁੱਟ ਆਵਾਜ਼ ਸੀ।

"ਕੀ ਕੁੱਝ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ ਜਾਂ ਬੱਸ ਇਨ੍ਹਾਂ ਹੀ?" ਆਇਨ ਨੇ ਪੁੱਛਿਆ।

1585607911583.png
" ਹਾਂ! ਇਕ ਹੋਰ ਗੱਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਵਾਇਰਸ ਛੂੰਹਣ ਨਾਲ ਫੈਲਦਾ ਹੈ।ਇਸ ਲਈ ਸਾਨੂੰ ਹੋਰਨਾਂ ਨਾਲ ਸਪੰਰਕ ਤੋਂ ਬੱਚਣਾ ਜਰੂਰੀ ਹੈ।"
"ਉਹ ਕਿਵੇਂ? "
"ਜਦੋਂ ਤੁਹਾਡਾ ਕੋਈ ਦੌਸਤ ਮਿੱਤਰ ਮਿਲਣ ਆਵੇ ਤਾਂ ਉਸ ਨਾਲ ਹੱਥ ਮਿਲਾਣ ਦੀ ਥਾਂ ਆਪਣੇ ਦੋਨੋਂ ਹੱਥ ਜੋੜ ਕੇ ਤੁਸੀਂ ਨਮਸਤੇ, ਸਤਿ ਸ੍ਰੀ ਅਕਾਲ ਜਾਂ ਅਸਲਾਮਾ-ਲੇਕਮ ਕਹਿ ਸਕਦੇ ਹੋ ਜਾਂ ਸਿਰਫ਼ ਹੈਲੋ ਜਾਂ ਹਾਏ ਕਹਿ ਸਕਦੇ ਹੋ।"

"ਇਹ ਗੱਲ ਤਾਂ ਸਮਝ ਆ ਗਈ । ਕੀ ਕੋਈ ਹੋਰ ਗੱਲ ਵੀ ਜ਼ਰੂਰੀ ਹੈ?" ਗੁਰਵੀਰ ਪੁੱਛ ਰਿਹਾ ਸੀ।
"ਹਾਂ! ਕੋਸ਼ਿਸ਼ ਕਰੋ ਕਿ ਭੀੜ ਵਾਲੀ ਥਾਂ ਨਾ ਹੀ ਜਾਇਆ ਜਾਵੇ। ਪਰ ਜੇ ਕਿਸੇ ਕਾਰਣ, ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਅਜਿਹੀ ਜਗਹ ਮਾਸਕ (mask) ਪਹਿਨ ਕੇ ਹੀ ਜਾਓ। "
" ਕੀ ਸਾਨੂੰ ਸਾਰਿਆ ਨੂੰ ਮਾਸਕ ਪਹਿਨਣ ਦੀ ਲੌੜ ਹੈ?" ਹੋ ਰਹੀ ਗਲਬਾਤ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਹੀ ਮੰਨਤ ਨੇ ਪੁੱਛਿਆ।
"ਨਹੀਂ ਤੁਹਾਨੂੰ ਮਾਸਕ ਪਹਿਨਣ ਦੀ ਤਦ ਹੀ ਲੋੜ ਹੈ ਜੇ ਤੁਹਾਨੂੰ ਖੰਘ ਆ ਰਹੀ ਹੈ, ਜ਼ੁਕਾਮ ਹੈ ਜਾਂ ਸਾਹ ਲੈਣ ਵਿਚ ਦਿੱਕਤ ਹੈ। ਉਹ ਲੋਕ ਜੋ ਵਾਇਰਸ ਕਾਰਣ ਬੀਮਾਰ ਮਰੀਜ਼ਾਂ ਦੀ ਦੇਖ-ਭਾਲ ਵਿਚ ਜੁੱਟੇ ਹਨ ਉਨ੍ਹਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਉਹ ਲੋਕ ਜੋ ਬੀਮਾਰ ਨਹੀਂ ਹਨ, ਤੇ ਨਾ ਹੀ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਹਨ, ਉਨ੍ਹਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ।"

"ਤਦ ਤਾਂ ਸਪਸ਼ਟ ਹੈ ਕਿ ਜੇ ਸਾਨੂੰ ਖੰਘ, ਜ਼ੁਕਾਮ, ਸੁੱਕੀ ਖਾਂਸੀ, ਜਾਂ ਸਾਹ ਲੈਣ ਵਿਚ ਦਿੱਕਤ ਨਹੀਂ ਹੈ, ਤਾਂ ਸਾਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ।"
1585607964528.png

"ਬਿਲਕੁਲ ਠੀਕ। ਤਦ ਤੁਹਾਨੂੰ ਮਾਸਕ ਪਹਿਨਣ ਦੀ ਲੋੜ ਤਾਂ ਨਹੀਂ ਹੈ ਪਰ ਤੁਹਾਨੂੰ ਪਹਿਲਾਂ ਦੱਸੀਆਂ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਹਾਂ ਸੱਚ.......ਇਕ ਹੋਰ ਬਹੁਤ ਜ਼ਰੂਰੀ ਗੱਲ ਹੈ ਕਿ ਇਕ ਦੂਜੇ ਤੋਂ ਘੱਟੋ ਘੱਟ ਛੇ ਫੁੱਟ ਦੀ ਦੂਰੀ ਰੱਖੋ। ਅਜਿਹੀ ਕ੍ਰਿਆ ਨੂੰ ਸਮਾਜਿਕ-ਦੂਰੀ (Social distancing) ਕਾਇਮ ਕਰਨਾ ਕਿਹਾ ਜਾਂਦਾ ਹੈ।ਭੀੜ ਭੱੜਕੇ ਤੋਂ ਬਚਾਅ ਲਈ ਤੇ ਸਮਾਜਿਕ-ਦੂਰੀ ਬਣਾਈ ਰੱਖਣ ਦੀ ਲੋੜ ਕਾਰਣ ਹੀ ਸਕੂਲ, ਦਫ਼ਤਰ ਤੇ ਵਪਾਰਿਕ ਅਦਾਰੇ ਆਦਿ ਬੰਦ ਕੀਤੇ ਗਏ ਹਨ।"

"ਓਹ! ਹੁਣ ਸਮਝ ਆਈ ਕਿ ਸਾਡਾ ਸਕੂਲ ਕਿਉਂ ਬੰਦ ਹੈ?" ਗੁਰਵੀਰ ਨੇ ਸਿਰ ਹਿਲਾਂਦਿਆ ਕਿਹਾ।
"ਸ਼ਾਇਦ ਇਸੇ ਕਰਕੇ ਮੰਮੀ ਨੇ ਕੱਲ ਸਾਨੂੰ ਪਾਰਕ ਵਿਚ ਜਾ ਕੇ ਹੋਰਨਾਂ ਨਾਲ ਖੇਲ੍ਹਣ ਤੋਂ ਮਨ੍ਹਾ ਕੀਤਾ ਸੀ।" ਆਇਨ ਦੇ ਬੋਲ ਸਨ।

"ਬਿਲਕੁਲ ਠੀਕ। ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਜੇ ਕਿਸੇ ਇਲਾਕੇ ਵਿਚ ਕਰੋਨਾਵਾਇਰਸ ਦੇ ਹੋਣ ਬਾਰੇ ਰਿਪੋਰਟ ਹੈ ਤਾਂ ਉਸ ਇਲਾਕੇ ਵਿਚ ਨਾ ਜਾਇਆ ਜਾਵੇ। ਜੇ ਕਿਧਰੇ ਜਾਣਾ ਬਹੁਤ ਜ਼ਰੂਰੀ ਨਹੀਂ ਤਾਂ ਸਫ਼ਰ ਨਾ ਹੀ ਕੀਤਾ ਜਾਵੇ ਤਾਂ ਚੰਗੀ ਗੱਲ ਹੈ।"

"ਪਰ ਪਾਪਾ! ਆਪ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਜੇ ਕੋਈ ਬੀਮਾਰ ਹੋ ਜਾਏ ਤਾਂ ਕੀ ਕਰਨਾ ਹੋਵੇਗਾ? " ਗੁਰਵੀਰ ਦਾ ਸਵਾਲ ਸੀ।
"ਜੇ ਕਿਸੇ ਵਿਚ ਬੀਮਾਰੀ ਦਾ ਕੋਈ ਵੀ ਲੱਛਣ ਜਿਵੇਂ ਕਿ ਖੰਘ, ਜ਼ੁਕਾਮ, ਬੁਖ਼ਾਰ, ਤੇ ਸਾਹ ਲੈਣ ਵਿਚ ਦਿੱਕਤ ਆਦਿ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਹੋਵੇਗੀ। ਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨੀ ਹੋਵੇਗੀ।"
"ਇਹ ਗੱਲਾਂ ਤਾਂ ਬਹੁਤ ਚੰਗੀਆਂ ਹਨ ਤੇ ਇਨ੍ਹਾਂ ਉੱਤੇ ਅਮਲ ਕਰਨਾ ਵੀ ਔਖਾ ਨਹੀਂ। ਇਸ ਤਰ੍ਹਾਂ ਕਰਨ ਨਾਲ ਅਸੀਂ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕ ਸਕਦੇ ਹਾਂ ਤੇ ਬੀਮਾਰ ਹੋਣ ਤੋਂ ਵੀ ਬੱਚ ਸਕਦੇ ਹਾਂ।" ਮੰਮੀ ਦੇ ਬੋਲ ਸਨ।

"ਵਾਹ ਜੀ ਵਾਹ! ਅਸੀਂ ਇਨ੍ਹਾਂ ਗੱਲਾਂ ਉੱਤੇ ਅਮਲ ਤਾਂ ਕਰਾਂਗੇ ਹੀ ਤੇ ਨਾਲੇ ਤਾਂ ਇਹ ਗੱਲਾਂ ਆਪਣੇ ਦੋਸਤਾਂ ਨੂੰ ਵੀ ਦੱਸਾਂਗੇ ਤਾਂ ਕਿ ਉਹ ਵੀ ਸੁਰੱਖਿਅਤ ਰਹਿ ਸਕਣ।" ਤਿੰਨੋਂ ਬੱਚੇ ਇਕੱਠੇ ਹੀ ਬੋਲ ਪਏ।
"ਹਾਂ ਜ਼ਰੂਰ! ਤੁਸੀਂ ਅਜਿਹਾ ਕਰ ਸਕਦੇ ਹੋ। ਪਰ ਕਰਿਓ ਟੈਲੀਫੋਨ ਜਾਂ ਫ਼ਿਰ ਸਕਾਇਪ ਮੀਟਿੰਗ ਰਾਹੀਂ ।"
"ਜੀ ਪਾਪਾ! ਇੰਝ ਅਸੀਂ ਸਾਰੇ ਰਲ-ਮਿਲ ਕੇ ਕਰੋਨਾ ਵਾਇਰਸ ਨੂੰ ਮਾਤ ਦੇ ਦੇਵਾਂਗੇ।"
1585608002584.png
"ਬਿਲਕੁਲ ਠੀਕ! ਪਰ ਇਕ ਹੋਰ ਧਿਆਨਯੋਗ ਗੱਲ ਇਹ ਵੀ ਹੈ ਕਿ ਕਿਉਂ ਜੋ ਅੱਜ ਤੋਂ ਸਕੂਲ ਬੰਦ ਹਨ, ਤੁਸੀਂ ਆਪਣਾ ਇਹ ਸਮਾਂ ਐਵੇਂ ਨਾ ਗੁਆ ਲੈਣਾ। ਸਗੋਂ ਆਪੋ ਆਪਣਾ ਟਾਇਮ-ਟੇਬਲ ਬਣਾਓ, ਜਿਸ ਵਿਚ ਪੜ੍ਹਾਈ ਦਾ ਤੇ ਖੇਡ ਦਾ ਸਮਾਂ ਨਿਸ਼ਚਿਤ ਹੋਵੇ। ਇਨ੍ਹਾਂ ਛੁੱਟੀਆਂ ਵਿਚ ਉਸੇ ਟਾਇਮ-ਟੇਬਲ ਅਨੁਸਾਰ ਪੜ੍ਹੋ ਵੀ ਤੇ ਖੇਲੋ ਵੀ। ਪਰ ਇਹ ਕੁਝ ਘਰ ਦੇ ਅੰਦਰ ਹੀ ਕਰਨਾ ਹੋਵੇਗਾ। ਖੇਲ ਦੇ ਸਮੇਂ ਦੌਰਾਨ ਤੁਸੀਂ ਲੁੱਡੋ, ਕੈਰਮ, ਜੈਂਗਾ, ਜਿਗਸਾਅ ਪਜ਼ਲ ਜਾਂ ਮੋਨੋਪਲੀ ਖੇਲ ਸਕਦੇ ਹੋ। ਆਪਣੇ ਮਨਪਸੰਦ ਕੌਮਿਕ ਪੜ੍ਹ ਸਕਦੇ ਹੋ। ਆਪਣੀ ਮਨਪਸੰਦ ਮੂਵੀ ਦੇਖ ਸਕਦੇ ਹੋ, ਜਾਂ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹੋ। ਹਾਂ ਸੱਚ ਇਨ੍ਹਾਂ ਦਿਨ੍ਹਾਂ ਵਿਚ ਕਸਰਤ ਕਰਨਾ ਵੀ ਬਿਲਕੁਲ ਨਾ ਭੁੱਲਣਾ। ਕਿਉਂ ਕਿ ਕਸਰਤ ਸਾਨੂੰ ਸਿਹਤਮੰਦ ਬਣਾਉਂਦੀ ਹੈ। ਤੇ ਸਿਹਤਮੰਦ ਬੱਚਾ ਬੀਮਾਰ ਵੀ ਨਹੀਂ ਹੁੰਦਾ।"
"ਵਾਹ ਪਾਪਾ ਵਾਹ! ਅੱਜ ਤਾਂ ਮਜ਼ਾ ਹੀ ਆ ਗਿਆ। ਤੁਸੀਂ ਕਿੰਨ੍ਹੀਆਂ ਚੰਗੀਆਂ ਗੱਲਾਂ ਦੱਸੀਆਂ ਨੇ। ਅਸੀਂ ਅੱਜ ਤੋਂ ਹੀ ਇਨ੍ਹਾਂ ਉੱਤੇ ਅਮਲ ਸ਼ੁਰੂ ਕਰਾਂਗੇ।" ਤਿੰਨੋਂ ਬੱਚਿਆ ਦੇ ਉਤਸ਼ਾਹਮਈ ਬੋਲ ਸਨ।

"ਚੰਗਾ! ਹੁਣ ਤੁਸੀਂ ਛੁੱਟੀਆਂ ਦਾ ਟਾਇਮ-ਟੇਬਲ ਬਣਾਓ ਤੇ ਮੈਂ ਦਫ਼ਤਰ ਦਾ ਕੰਮ ਕਰ ਲਵਾਂ। ਬਾਕੀ ਗੱਲਾਂ ਫੇਰ ਕਰਾਂਗੇ। ਕਹਿ ਪਾਪਾ ਉੱਠ ਖੜੇ ਹੋਏ ਤੇ ਆਪਣੇ ਕਮਰੇ ਵੱਲ ਚਲੇ ਗਏ।

ਤਿੰਨੋਂ ਬੱਚੇ "ਕਰੋਨਾ......ਕਰੋਨਾ......ਗੋ ਅਵੇ......! ਨੈਵਰ ਕੰਮ ਐਨ ਅਦਰ ਡੇਅ.......।" ਦਾ ਦੋਹਾ ਗਾਉਂਦੇ ਖੁਸ਼ੀ ਖੁਸ਼ੀ ਆਪਣੇ ਸਟੱਡੀ ਰੂਮ ਵੱਲ ਨੱਠ ਗਏ।
----------------------------------------------------------------------------------------------------------------------------------
 
Last edited:
Top