• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਕਿਤਾਬ ਦਾ ਨਾਮ: ਇੱਕ ਟੋਟਾ ਜਨਮ ਭੂਮੀ (ਨਾਵਲ) ਲੇਖਿਕਾ: ਹਰਜੀਤ ਕੌਰ ਵਿਰਕ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

Dr. D. P. Singh

Writer
SPNer
Apr 7, 2006
135
64
Nangal, India


ਇੱਕ ਟੋਟਾ ਜਨਮ ਭੂਮੀ (ਨਾਵਲ)

ਰਿਵਿਊ ਕਰਤਾ:
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

1593111186186.png
ਕਿਤਾਬ ਦਾ ਨਾਮ: ਇੱਕ ਟੋਟਾ ਜਨਮ ਭੂਮੀ (ਨਾਵਲ)
ਲੇਖਿਕਾ: ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ, ਪੰਜਾਬ, ਇੰਡੀਆ।
ਪ੍ਰਕਾਸ਼ ਸਾਲ : 2020, ਕੀਮਤ: 250 ਰੁਪਏ ; ਪੰਨੇ: 160
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਓਂਟਾਰੀਓ, ਕੈਨੇਡਾ।

"ਇੱਕ ਟੋਟਾ ਜਨਮ ਭੂਮੀ" ਨਾਵਲ ਦੀ ਲੇਖਿਕਾ ਹਰਜੀਤ ਕੌਰ ਵਿਰਕ ਕਿੱਤੇ ਵਜੋਂ ਪੰਜਾਬੀ ਭਾਸ਼ਾ ਦੀ ਅਧਿਆਪਕਾ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਸੇਵਾ ਲਈ ਸਮਰਪਿਤ ਸਿਰੜ੍ਹੀ ਲੇਖਿਕਾ ਵੀ ਹੈ। ਸੰਨ 1968 ਵਿਚ ਜਨਮੀ ਬੀਬਾ ਹਰਜੀਤ ਨੂੰ, ਕਾਲਜ ਦੇ ਦਿਨ੍ਹਾਂ ਦੌਰਾਨ ਸਾਹਿਤਕ ਰਚਨਾਵਾਂ ਪੜ੍ਹਣ ਦੀ ਰੁਚੀ ਪੈਦਾ ਹੋ ਗਈ। ਸਮੇਂ ਦੇ ਬੀਤਣ ਨਾਲ ਉਸ ਨੇ ਬੀ. ਏ., ਬੀ. ਐੱਡ. ਅਤੇ ਐਮ. ਏੇ. (ਪੰਜਾਬੀ ਤੇ ਇਤਿਹਾਸ) ਦੀਆਂ ਡਿਗਰੀਆਂ ਲੈ ਪ੍ਰੌਫੈਸ਼ਨਲ ਜੀਵਨ ਸਰਕਾਰੀ ਸਕੂਲ ਅਧਿਆਪਕਾ ਵਜੋਂ ਸ਼ੁਰੂ ਕੀਤਾ। ਸੰਨ 2011 ਦੌਰਾਨ ਜੀਵਨ ਵਿਚ ਵਾਪਰੇ ਦੁਖਾਂਤ ਸਮੇਂ ਬੇਟੀ ਗਗਨਪ੍ਰੀਤ ਤੇ ਬੇਟਾ ਮਨਜੋਤ ਦੀ ਹੌਂਦ ਤੇ ਪਿਆਰ ਨੇ ਉਸ ਦੇ ਜੀਵਨ ਨੂੰ ਪ੍ਰੇਰਨਾ ਬਖ਼ਸ਼ੀ। ਤਦ ਹੀ ਉਸ ਦੇ ਮਨ ਵਿਚ ਸਾਹਿਤ-ਲੇਖਣੀ ਦੀ ਉਮੰਗ ਨੇ ਜਨਮ ਲਿਆ। ਜੋ ਉਸ ਦੀ ਪਹਿਲੀ ਸਾਹਿਤਕ ਕ੍ਰਿਤ "ਲੁਕਿਆ ਦਰਦ"(ਕਾਵਿ ਸੰਗ੍ਰਹਿ, 2013) ਦਾ ਰੂਪ ਵਟਾ ਉਸ ਦੇ ਜੀਵਨ ਵਿਚ ਪ੍ਰਗਟ ਹੋਈ।

ਸਾਹਿਤਕ ਲਗਾਉ ਤੇ ਜੀਵਨ ਦੀ ਜਦੋ ਜਹਿਦ ਨੇ ਉਸ ਨੂੰ ਨਵੀਂ ਪਾਰਖੂ ਨਜ਼ਰ ਬਖ਼ਸ਼ੀ ਅਤੇ ਉਸ ਦੇ ਵਿਹੜੇ ਵਿਚ "ਬੰਦ ਪਈ ਘੜੀ ਵਰਗੀ ਜ਼ਿੰਦਗੀ"(2016), "ਉਂਨੀਦੀ ਅੱਖ ਦਾ ਸੁਪਨਾ"(2018) ਅਤੇ "ਇਕ ਟੋਟਾ ਜਨਮ ਭੂਮੀ"(2020) ਵਰਗੇ ਨਾਵਲ ਰੂਪੀ ਫੁੱਲ ਉੱਗ ਪਏ। ਕੁਝ ਹੋਰ ਨਵਾਂ ਕਰਨ ਦੀ ਲਲਕ ਨੇ ਉਸ ਨੂੰ ਬਾਲ-ਸਾਹਿਤ ਵਲ ਰੁਚਿਤ ਕਰ ਦਿੱਤਾ, ਜੋ ਸੰਨ 2020 ਵਿਚ ਹੀ "ਦੋ-ਫੁੱਲ" ਬਾਲ-ਕਹਾਣੀ ਸੰਗ੍ਰਹਿ ਦੇ ਰੂਪ ਵਿਚ ਪ੍ਰਗਟ ਹੋਇਆ। ਅਜੋਕੇ ਪੰਜਾਬੀ ਸਾਹਿਤ ਵਿੱਚ ਇਕ ਵੱਖਰੀ ਪਹਿਚਾਣ ਵਾਲੀ ਨਾਵਲਕਾਰ ਹੈ - ਹਰਜੀਤ ਕੌਰ ਵਿਰਕ, ਜਿਸ ਨੇ ਆਪਣਾ ਜੀਵਨ, ਆਪਣੇ ਲੇਖਣ ਕਾਰਜਾਂ ਰਾਹੀਂ, ਸਮਾਜਿਕ ਸਰੋਕਾਰਾਂ ਦਾ ਸਹੀ ਰੂਪ ਚਿੱਤਰਣ ਲਈ ਅਰਪਣ ਕੀਤਾ ਹੋਇਆ ਹੈ। ਪਿਛਲੇ ਦਿਨ੍ਹੀ ਉਹ ਆਪਣਾ ਨਵਾਂ ਨਾਵਲ "ਇਕ ਟੋਟਾ ਜਨਮ ਭੂਮੀ" ਲੈ ਕੇ ਪੰਜਾਬੀ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੋਈ ਹੈ। "ਇੱਕ ਟੋਟਾ ਜਨਮ ਭੂਮੀ" ਹਰਜੀਤ ਕੌਰ ਵਿਰਕ ਦਾ ਤੀਸਰਾ ਨਾਵਲ ਹੈ। ਜਿਸ ਵਿਚ ਕੁੱਲ 32 ਕਾਂਡ ਹਨ। ਇਹ ਨਾਵਲ ਪੰਜਾਬ ਤੋਂ ਵਿਦੇਸ਼ਾਂ ਵੱਲ ਦੇ ਪਰਵਾਸ, ਪਰਦੇਸ਼ਾਂ ਵਿਚ ਨਵਾਂ ਭਵਿੱਖ ਸਿਰਜਣ ਦੀ ਜਦੋ-ਜਹਿਦ ਵਿਚ ਸਿਰਤੋੜ ਯਤਨਾਂ ਵਿਚ ਜੁੱਟੇ ਨੋਜੁਆਨਾਂ, ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ, ਪਰਵਾਸ ਤੋਂ ਵਤਨ ਵਾਪਸੀ ਦੀ ਧੁੰਦਲੀ ਆਸ, ਤਿੜਕ ਰਹੇ ਰਿਸ਼ਤਿਆਂ ਦਾ ਸੇਕ, ਅਤੇ ਜਨਮ-ਭੂਮੀ ਵਿਖੇ ਨਸ਼ਿਆਂ ਦੀ ਤਰਾਸਦੀ ਦਾ ਨੰਗਾ ਨਾਚ, ਹੋਮਲੈਂਡ ਦੀ ਤੜਪ ਤੇ ਤਲਾਸ਼ ਦਾ ਬੜੇ ਸਰਲ, ਸਪੱਸ਼ਟ ਤੇ ਰੋਚਕ ਢੰਗ ਨਾਲ ਵਰਨਣ ਕਰਦੀ ਹੈ। ਇਸ ਨਾਵਲ ਦਾ ਸਮਰਪਣ, ਉਸ ਨੇ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਪਹਿਚਾਣ ਬਣਾਈ ਰੱਖਣ ਵਾਲਿਆਂ ਤੇ ਪੰਜਾਬੀ ਚਿੱਤਰ-ਕਲਾ ਦੇ ਜਾਂਨਸ਼ੀਨਾਂ ਦੇ ਨਾਂ ਕੀਤਾ ਹੈ।

ਇਸ ਨਾਵਲ ਦੀ ਭੂਮਿਕਾ, "ਇਕ ਟੋਟਾ ਜਨਮ ਭੂਮੀ ਲਿਖਣ ਲਈ ਹਰਜੀਤ ਕੌਰ ਵਿਰਕ ਹੋਣਾ ਪੈਂਦਾ ਹੈ" ਦੇ ਆਰੰਭ ਵਿਚ ਨਾਮਵਰ ਕਹਾਣੀਕਾਰ ਜਸਵੀਰ ਸਿੰਘ ਰਾਣਾ, ਨਾਵਲ ਦੇ ਨਾਂ ਦੀ ਸਾਰਥਕਤਾ ਦਾ ਖੁਲਾਸਾ ਕਰਦਾ ਹੈ। ਉਹ ਨਾਵਲ ਵਿਚ ਕਹੇ ਤੇ ਅਣਕਹੇ ਬਿਰਤਾਂਤਾਂ ਦਾ ਜ਼ਿਕਰ ਕਰਦਾ ਹੋਇਆ, ਨਾਵਲ ਦਾ ਸਾਰਅੰਸ਼ ਤਾਂ ਪੇਸ਼ ਕਰਦਾ ਹੀ ਹੈ ਪਰ ਇਸ ਦੇ ਨਾਲ ਨਾਲ, ਲੇਖਿਕਾ ਦੀ ਨਾਵਲ ਕਲਾ ਦਾ ਵਿਸਤਾਰਿਤ ਮੁਲਾਂਕਣ ਵੀ ਕਰ ਜਾਂਦਾ ਹੈ। ਜਸਵੀਰ ਰਾਣਾ ਇਸ ਨਾਵਲ ਦੇ ਪਠਨ ਦੇ ਹੱਕ ਵਿਚ ਭੁਗਤਦਾ ਹੋਇਆ ਕਹਿੰਦਾ ਹੈ ਕਿ, "ਇਹ ਨਾਵਲ ਸਾਡੇ ਸਮਿਆਂ ਦੇ ਗੰਭੀਰ ਤੇ ਵੱਡੇ ਪ੍ਰਸ਼ਨਾਂ ਨੂੰ ਸੰਬੋਧਿਤ ਹੁੰਦਾ ਹੈ। ਇਸ ਲਈ ਇਸ ਦੀ ਪੜ੍ਹਤ ਜ਼ਰੂਰੀ ਹੈ।" "ਅੰਦਰਲੀ ਕਲਾ ਨੂੰ ਪਛਾਨਣ ਦਾ ਸਹੀ ਸਮਾਂ" ਦੇ ਸਿਰਲੇਖ ਹੇਠ ਲੇਖਿਕਾ ਨੇ ਆਪਣੇ ਸਾਹਿਤਕ ਸਫ਼ਰ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਲੇਖ ਵਿਚ ਨਾਵਲਕਾਰ ਨੂੰ ਪ੍ਰਭਾਵਿਤ ਕਰਨ ਵਾਲੇ ਅਧਿਆਪਕਾਂ, ਲੇਖਕਾਂ ਤੇ ਸਹਿਯੋਗੀ ਸਖ਼ਸੀਅਤਾਂ ਦਾ ਸੰਖੇਪ ਬਿਓਰਾ ਵੀ ਦਿੱਤਾ ਗਿਆ ਹੈ। ਹਰਜੀਤ ਦਾ ਕਹਿਣਾ ਹੈ ਕਿ ਉਸ ਦੇ ਅਧਿਆਪਕ ਦਾ ਇਹ ਕਥਨ ਕਿ "ਹਰੇਕ ਦੇ ਅੰਦਰ ਕੋਈ ਨਾ ਕੋਈ ਗੁਣ ਛੁਪਿਆ ਹੁੰਦਾ ਹੈ। ਉਸ ਨੂੰ ਸਮੇਂ ਸਿਰ ਪਛਾਨਣ ਦੀ ਲੋੜ ਹੁੰਦੀ ਹੈ।" ਉਸ ਲਈ ਦਿਸ਼ਾ ਸੂਚਕ ਸਿੱਧ ਹੋਇਆ ਅਤੇ ਸਮੇਂ ਨਾਲ ਉਸ ਨੇ ਆਪਣੀ ਸਿਰਜਣਕਾਰੀ ਗੁਣਤਾ ਨੂੰ ਪਛਾਣ ਲਿਆ। ਉਸ ਦਾ ਕਹਿਣਾ ਹੈ ਕਿ ਇਸੇ ਸਿਰਜਣਕਾਰੀ ਗੁਣਤਾ ਨੇ ਉਸ ਨੂੰ ਜਿਉਣ ਦਾ ਨਵਾਂ ਤਰੀਕਾ ਸਿਖਾਇਆ ਹੈ।

ਹਰਜੀਤ ਕੌਰ ਵਿਰਕ ਦੁਆਰਾ ਰਚਿਤ ਨਾਵਲ "ਇੱਕ ਟੋਟਾ ਜਨਮ ਭੂਮੀ", ਜਿਥੇ ਪੰਜਾਬ ਦੇ ਨਵ-ਉਜਾੜੇ ਦੀ ਬਹੁ-ਪਰਤੀ ਦਾਸਤਾਂ ਹੈ, ਉੱਥੇ ਇਹ ਵਿਦੇਸ਼ਾਂ ਵਿਚ ਪਰਵਾਸ ਹੰਢਾਉਂਦੇ ਪੰਜਾਬੀਆਂ ਦੀ ਹੋਂਦ ਅਤੇ ਹੋਣੀ ਦਾ ਬਿਰਤਾਂਤ ਵੀ ਹੈ। ਲੇਖਿਕਾ ਨੇ ਆਈਲੈਟਸ ਕਰ ਕੇ ਵਿਦੇਸ਼ ਪੜ੍ਹਣ ਜਾਣ ਵਾਲੇ ਮੁੰਡੇ-ਕੁੜੀਆਂ ਦਾ ਘਰ-ਪਰਿਵਾਰ ਛੱਡਣ ਦਾ ਸੰਤਾਪ, ਰਿਸ਼ਤਿਆਂ ਅਤੇ ਸਾਂਝਾਂ ਤੋਂ ਦੂਰੀ ਦੀ ਤ੍ਰਾਸਦੀ, ਬੇਗਾਨੀ ਧਰਤੀ ਤੇ ਬੇਗਾਨੇ ਲੋਕਾਂ ਦੇ ਰਹਿਮੋ-ਕਰਮ ਉੱਤੇ ਜੀਵਨ ਬਸੇਰਾ, ਪੜ੍ਹਾਈ ਤੇ ਕੰਮਾਂ-ਕਾਰਾਂ ਦਾ ਇਕੱਠਾ ਬੋਝ ਚੁੱਕਦੇ ਹੋਏ, ਅਤੇ ਮੰਜ਼ਿਲ ਤੋਂ ਭਟਕਾਉਂਦੇ ਰਾਹਾਂ ਦਾ ਤਲਿੱਸਮ ਝੱਲਦੀ ਹੋਈ ਇਸ ਨੋਜੁਆਨ ਪੀੜ੍ਹੀ ਦੇ ਦਰਦ ਦਾ ਬਿਆਨ ਇਸ ਨਾਵਲ ਵਿਚ ਬਾਖੂਬੀ ਕੀਤਾ ਹੈ। ਇਸੇ ਨਾਵਲ ਵਿਚ ਲੇਖਿਕਾ ਨੇ ਵਿਦੇਸ਼ਾਂ ਵਿਚ ਰੰਗ, ਨਸਲ, ਲਿੰਗ, ਧਰਮ ਅਤੇ ਜਾਤੀ ਦੇ ਆਧਾਰ ਉੱਤੇ ਵਾਪਰ ਰਿਹਾ ਵਿਤਕਰਾਵਾਦ ਤੇ ਰਾਜਨੀਤੀ, ਲਵ-ਜਹਾਦ ਦਾ ਵਰਤਾਰਾ, ਵਿਦੇਸ਼ ਵਿਚ ਵਸੀ ਪਰਵਾਸੀਆਂ ਦੀ ਪੁਰਾਣੀ ਪੀੜ੍ਹੀ ਦੁਆਰਾ ਨਵੇਂ ਆਏ ਪਰਵਾਸੀ ਵਿਦਿਆਰਥੀਆਂ ਨਾਲ ਦੁਰ-ਵਿਵਹਾਰ ਤੇ ਸ਼ੋਸਣ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਪਸੀ ਗੁਟਬੰਦੀ ਤੇ ਮਾਰ-ਧਾੜ, ਦੇਸ਼ ਤੇ ਵਿਦੇਸ਼ ਅੰਦਰ ਨੋਜੁਆਨਾਂ ਦਾ ਸਿੱਖੀ ਤੋਂ ਬੇਮੁੱਖ ਹੋਣਾ, ਡਰੱਗ/ਨਸ਼ਿਆ ਦਾ ਫੈਲ ਰਿਹਾ ਵਿਸ਼ਵ-ਵਿਆਪੀ ਤਾਣਾ-ਬਾਣਾ, ਖਾੜਕੂਵਾਦ ਦੇ ਵਿਭਿੰਨ ਪੱਖਾਂ ਤੇ ਹੋਮਲੈਂਡ ਦੀ ਮੰਗ ਕਰਦੀ 2020 ਰੈਫਰੈਂਡਮ ਦੀ ਮੁਹਿੰਮ ਆਦਿ ਅਨੇਕ ਵਿਸ਼ਿਆਂ ਦੀਆਂ ਪਰਤਾਂ ਫਰੋਲਦਿਆਂ, ਸਮਕਾਲੀ ਬਹੁ-ਪਰਤੀ ਸੰਕਟ ਦੀ ਗਲਪੀ ਪੇਸ਼ਕਾਰੀ ਕੀਤੀ ਹੈ। ਇਥੇ ਇਹ ਕਹਿਣਾ ਵੀ ਬਿਲਕੁਲ ਉਚਿਤ ਹੈ ਕਿ ਹਰਜੀਤ ਕੌਰ ਵਿਰਕ ਦੀ ਚਿੰਤਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੇ ਇਹ ਨਾਵਲ ਨੂੰ ਪੜ੍ਹਣ ਤੋਂ ਬਾਅਦ, ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ। ................ ਤੇ ਹੋਰ ਵੀ ਦ੍ਰਿੜਤਾ ਨਾਲ ਜਨਮਭੂਮੀ ਪ੍ਰਤਿ ਸੁਹਿਰਦ ਲਗਾਉ ਦੇ ਨਾਲ ਨਾਲ ਸਮਾਜਿਕ ਅਤੇ ਸੱਭਿਆਚਾਰਕ ਮਸਲਿਆ ਦੇ ਸੰਤਾਪ ਤੋਂ ਮੁਕਤੀ ਲਈ ਤੱਤਪਰ ਹੋ ਇਨ੍ਹਾਂ ਦੇ ਹੱਲ ਲਈ ਜੁਟ ਜਾਓਗੇ।

ਨਾਵਲ ਦਾ ਆਗਾਜ਼ ਜਨਮਭੂਮੀ ਦੇ ਹਾਉਂਕੇ ਨਾਲ ਹੁੰਦਾ ਹੈ। ਜੋ ਆਪਣੇ ਚਿਰਾਂ ਦੇ ਵਿਛੜੇ ਪੁੱਤਰ ਦਿਲਦਾਰ ਸਿੰਘ (ਨਾਵਲ ਦਾ ਮੁੱਖ ਪਾਤਰ) ਦੀ ਆਤਮਾ ਨੂੰ ਵਤਨੀ ਫੇਰਾ ਪਾਣ ਲਈ ਇੰਝ ਪੁਕਾਰ ਰਹੀ ਹੈ, "ਕਿੰਨ੍ਹੇ ਸਾਲਾਂ ਤੋਂ ਉਡੀਕ ਰਹੀ ਆਂ। ਤੇਰੇ ਬਿਨ੍ਹਾਂ ਮੇਰਾ ਜੀਅ ਨਹੀਂ ਲੱਗਦਾ। ਮੈਨੂੰ ਪਤਾ ਮੇਰੇ ਤੋਂ ਦੂਰ, ਤੂੰ ਵੀ ਉਦਾਸ ਰਹਿੰਨਾ। ਤੇਰੀ ਤੜਫ਼ ਵੀ ਬਹੁਤ ਅਜੀਬ ਆ......।" ਨਾਵਲ ਵਿਚ ਦਿਲਦਾਰ ਸਿੰਘ ਦਾਰੀ ਉਰਫ਼ ਭਾਊ, ਉੱਤਮ ਪੁਰਖੀ ਕਥਾ ਸ਼ੈਲੀ ਰਾਹੀਂ ਆਪਣੀ ਜੀਵਨ-ਕਥਾ ਨਾਲ ਜੁੜੇ ਸੰਸਾਰ ਸੰਗ ਪੇਸ਼ ਹੁੰਦਾ ਹੈ। ਇੰਝ ਹੀ ਗੱਜਣ ਸਿੰਘ ਤੇ ਉਸ ਦੀ ਪਤਨੀ ਖੁਸ਼ਵੰਤ ਕੌਰ, ਅਨਯ-ਪੁਰਖ ਸ਼ੈਲੀ ਦੀ ਵਰਤੋਂ ਨਾਲ ਆਪਣੇ ਜੀਵਨ ਦੀਆਂ ਝਾਕੀਆਂ ਦੇ ਬਿਰਤਾਂਤ ਨਾਲ ਨਾਵਲ ਦੇ ਚਿੱਤਰਪਟ ਉੱਤੇ ਪ੍ਰਗਟ ਹੁੰਦੇ ਹਨ। ਇਸ ਨਾਵਲ ਦੇ ਹੋਰ ਪਾਤਰ ਸਹਿਜਪ੍ਰੀਤ, ਗੁਰਕੀਰਤ, ਜੀਵਨਜੋਤ ਤੇ ਜੋਤ ਮੁੱਖ ਨੋਜੁਆਨ ਪਾਤਰ ਹਨ। ਜੋ ਚਾਰ ਵਿਭਿੰਨ ਪੱਖਾਂ/ਹਾਲਾਤਾਂ ਦੀ ਪ੍ਰਤੀਨਿਧਤਾ ਕਰਦੇ ਹਨ। ਰੱਜੇ-ਪੁੱਜੇ ਘਰ ਦੀ ਕੁੜੀ ਸਹਿਜਪ੍ਰੀਤ ਵਿਦੇਸ਼ੀ ਧਰਤੀ ਉੱਤੇ "ਘਰ ਦਾ ਰਾਹ" ਭੁੱਲ ਜਾਦੀ ਹੈ। ਉਸ ਦੀ ਹਾਲਾਤ ਦੇਖ ਦਿਲਦਾਰ ਸਿੰਘ ਦਾਰੀ ਦਾ ਜਨਮਭੂਮੀ ਲਈ ਹੇਰਵਾ ਹਾਉਂਕੇ ਦੇ ਰੂਪ ਵਿਚ ਇੰਝ ਪ੍ਰਗਟ ਹੁੰਦਾ ਹੈ, "ਘਰ ਦਾ ਰਾਹ ਤਾਂ ਆਪਾਂ ਸਾਰੇ ਹੀ ਭੁੱਲੇ ਹੋਏ ਹਾਂ।" ਘਰ, ਇਸ ਨਾਵਲ ਵਿਚ ਕੇਂਦਰੀ ਪ੍ਰਤੀਕ (metaphor) ਵਜੋਂ ਉਘੜਦਾ ਹੈ। ਬਿਰਤਾਂਤ ਦਰਸਾਉਂਦਾ ਹੈ ਕਿ ਨਵੇਂ ਪੁਰਾਣੇ ਸਾਰੇ ਹੀ ਕਿਰਦਾਰ ਘਰ ਦਾ ਰਸਤਾ ਭੁੱਲੇ ਹੋਏ ਹਨ। ਹਰ ਕੋਈ ਹੀ ਘਰ ਦੀ ਤਲਾਸ਼ ਵਿਚ ਭਟਕ ਰਿਹਾ ਹੈ। ਜੀਵਨਜੌਤ ਵਿਦੇਸ਼ੀ ਧਰਤੀ ਦੀ ਖਿੱਚ ਹੇਠ ਪੰਜਾਬੀ ਤੇ ਸਿੱਖੀ ਦਿੱਖ ਨੂੰ ਤਿਲਾਂਜਲੀ ਦੇਣ ਵਾਲੇ ਨੋਜੁਆਨਾਂ ਦਾ ਨਿਰੂਪਣ ਕਰਦਾ ਨਜ਼ਰ ਆਉਂਦਾ ਹੈ। ਇੰਝ ਹੀ ਗੁਰਕੀਰਤ ਅਣਜਾਣੇ ਹੀ ਨਸ਼ਾ-ਸਪਲਾਈ ਚੈਨ ਵਿਚ ਫਸੇ ਭੋਲੇ-ਭਾਲੇ ਨੋਜੁਆਨਾਂ ਦਾ ਨੁਮਾਇੰਦਾ ਹੈ। ਜੋਤ ਨਵੀਂ, ਨਰੋਈ ਤੇ ਸੰਤੁਲਿਤ ਸੋਚ ਦੀ ਮਾਲਿਕ ਹੈ ਜੋ ਹੋਰਨਾਂ ਨੂੰ ਅੰਧ-ਵਿਸ਼ਵਾਸ਼ ਤੇ ਭੇੜਚਾਲ ਦੇ ਚੁੰਗਲ ਵਿਚੋਂ ਕੱਢਣ ਲਈ ਯਤਨਸ਼ੀਲ ਹੈ।

ਲੇਖਿਕਾਂ ਦੀ ਪਾਤਰ ਸਿਰਜਣਾ, ਬਹੁ-ਪਰਤੀ ਹੈ। ਉਦਾਹਰਣ ਲਈ ਦਿਲਦਾਰ ਸਿੰਘ ਦਾਰੀ ਦਾ ਵਿਦੇਸ਼ੀ ਧਰਤੀ ਉੱਤੇ ਸਫ਼ਲ ਤੇ ਨਾਮੀ ਕਾਰੋਬਾਰੀ ਹੋਣਾ, ਨਵੇਂ ਪਰਵਾਸੀਆਂ ਦੀ ਮਦਦ ਲਈ ਤਤਪਰ/ਯਤਨਸ਼ੀਲ ਹੋਣਾ, ਉਸ ਦੇ ਕਿਰਦਾਰ ਦਾ ਬਾਹਰੀ ਸ਼ਕਤੀਸ਼ਾਲੀ ਪੱਖ ਹੈ। ਇਸ ਪੱਖ ਦੀ ਉਸਾਰੀ, ਉਸ ਅੰਦਰਲੇ ਸਿਰੜੀ ਤੇ ਮਿਹਨਤਕਸ਼ "ਪੰਜਾਬੀ ਮਨੁੱਖ" ਨੇ ਕੀਤੀ ਹੈ। ਪਰ ਧੁਰ ਅੰਦਰੋਂ ਉਹ ਇਕੱਲੀ, ਅਣਜਾਣ ਤੇ ਬੇਚੈਨ ਰੂਹ ਹੈ। ਜੋ ਹੋਰਨਾਂ ਦਾ ਦੁੱਖ ਦੇਖ ਬੇਚੈਨ ਹੋ ਜਾਂਦਾ ਹੈ। ਜੋ ਆਪਣੀ ਫੈਕਟਰੀ ਵਿਚ ਸਟੱਡੀ ਵੀਜ਼ੇ 'ਤੇ ਆਏ ਮੁੰਡੇ-ਕੁੜੀਆਂ ਨੂੰ ਕੰਮ ਦੇ ਕੇ, ਅਪਣਤ ਵੰਡਦਾ ਹੋਇਆ ਸਵੈ ਲਈ ਅਪਣਤ ਦੀ ਭਾਲ ਵਿਚ ਹੈ। ਇਸੇ ਤਰਾਂ ਨਾਵਲ ਦੇ ਹੋਰ ਪਾਤਰ ਆਪਣੇ ਆਪਣੇ ਵੱਖੋ-ਵੱਖਰੇ ਕਿਰਦਾਰਾਂ ਨਾਲ ਨਾਵਲ ਦੇ ਚਿੱਤਰਪਟ ਉੱਤੇ ਹਾਜ਼ਿਰ ਹੁੰਦੇ ਹਨ। ਦਿਲਪ੍ਰੀਤ (ਦਿਲਦਾਰ ਸਿੰਘ ਦੀ ਪਤਨੀ) ਸਬਰ-ਸੰਤੋਖ ਵਾਲੀ ਸਿਰੜੀ ਔਰਤ ਹੈ, ਕੁੰਵਰ-ਨਵੇਂ ਆਏ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ ਹਤਾਇਸ਼ੀ, ਗੁਣਤਾਸ ਤੇ ਰੂਬਲ-ਪੰਜਾਬੀ ਸਭਿਆਚਾਰ ਦੇ ਸ਼ੈਦਾਈ, ਯੋਧਾ-ਪੰਜਾਬੀ ਅਣਖ ਦਾ ਰਾਖਾ ਤੇ ਮਦਦਗਾਰ ਸੁਭਾਅ ਵਾਲਾ, ਹਨੀਪ੍ਰੀਤ-ਭਟਕੇ ਰਾਹਾਂ ਦੀ ਪਾਂਧੀ, ਜੋ ਸਫਲਤਾ ਪ੍ਰਾਪਤੀ ਲਈ ਗੁਨਾਹ ਭਰੇ ਸ਼ਾਰਟ-ਕਟ ਨੂੰ ਤਰਜ਼ੀਹ ਦਿੰਦੀ ਹੈ, ਪ੍ਰਭਾਤ-ਸੱਚ ਜਾਨਣ ਲਈ ਜਾਨ ਤਕ ਦੀ ਬਾਜ਼ੀ ਲਗਾਉਣ ਵਾਲਾ ਪੱਤਰਕਾਰ, ਰੋਹਿਤ-ਅੰਧਭਗਤ, ਜੋਤੀ-ਨਵੀਂ ਸੋਚ ਤੇ ਆਸ ਦੀ ਪ੍ਰਤੀਕ। ਕਮਲਦੀਪ ਸਿੰਘ ਤੂਰ, ਮਾਸਟਰ ਗਰੇਵਾਲ, ਮਿਸਿਜ਼ ਸਿੱਧੂ, ਮਿਸ਼ਿਜ ਗਿੱਲ, ਤੇ ਮਿਸਟਰ ਸੰਧੂ ਆਦਿ ਭਿੰਨ ਭਿੰਨ ਪਾਤਰ ਆਪੋ-ਆਪਣੇ ਰੰਗਾਂ ਨਾਲ ਨਾਵਲ ਦੇ ਕੈਨਵਸ ਨੂੰ ਹੋਰ ਵਧੇਰੇ ਸ਼ਿੰਗਾਰਦੇ, ਸੰਵਾਰਦੇ ਤੇ ਨਿਖਾਰਦੇ ਹਨ।

ਪੰਜਾਬ, ਪੰਜਾਬੀ ਸਮਾਜ ਤੇ ਸਭਿਆਚਾਰ ਦੇ ਮਸਲਿਆਂ ਦੀ ਸਮਕਾਲੀ ਤੇ ਭਵਿੱਖਮਈ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਹਰਜੀਤ ਕੌਰ ਵਿਰਕ ਵਲੋਂ ਰਚਿਤ ਨਾਵਲ "ਇੱਕ ਟੋਟਾ ਜਨਮ ਭੂਮੀ" ਇਕ ਸ਼ਲਾਘਾ ਯੋਗ ਕਦਮ ਹੈ। ਇਸ ਨਾਵਲ ਨੁੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਹਰਜੀਤ ਰਾਜਸੀ ਪ੍ਰਬੰਧ ਦੇ ਚੌਖਟੇ 'ਚ ਅਨੇਕ ਮਾਨਵੀ ਤੇ ਅਮਾਨਵੀ ਪੱਖਾਂ ਦੀ ਨਿਸ਼ਾਨਦੇਹੀ ਕਰਦੀ ਹੈ। ਉਹ ਮਾਨਵ-ਵਿਰੋਧੀ ਵਰਤਾਰਿਆਂ ਦੇ ਬੁਰੇ ਪ੍ਰਭਾਵਾਂ ਨੂੰ ਵਰਨਣ ਕਰਦਿਆਂ ਸੱਤਾਧਾਰੀ ਜਮਾਤ ਉੱਪਰ ਉਂਗਲ ਰੱਖਦੀ ਹੈ, ਜਿਸ ਕਾਰਣ ਸਮਾਜ ਵਿਚ ਦੂਜੈਲਾਪਣ ਛਾਇਆ ਹੋਇਆ ਹੈ। ਇੰਝ ਹੀ ਅਨੇਕ ਹੋਰ ਪਾਸਾਰ ਵੀ ਇਸ ਨਾਵਲ ਵਿੱਚੋਂ ਪ੍ਰਗਟ ਹੁੰਦੇ ਹਨ, ਜਿਨ੍ਹਾਂ ਨੇ ਸਮਾਜ ਅੰਦਰ ਉਥਲ-ਪੁਥਲ ਮਚਾਈ ਹੋਈ ਹੈ। ਨਾਵਲ ਅੰਦਰ ਵਰਨਿਤ ਮਾਨਵੀ ਮਸਲਿਆਂ ਵਿੱਚ ਸਮਾਜਿਕ ਤੇ ਸਭਿਆਚਾਰਕ ਸਰੋਕਾਰਾਂ ਦਾ ਸੰਕਲਪ ਕੇਂਦਰੀ ਮਹੱਤਵ ਵਾਲਾ ਜ਼ਾਹਿਰ ਹੁੰਦਾ ਹੈ। ਮਾਨਵੀ ਹੋਂਦ ਦਾ ਸੁਆਲ ਸਮਾਜਿਕ, ਆਰਥਿਕ ਤੇ ਮਨੋਵਿਗਿਆਨਕ ਵਰਤਾਰਿਆਂ ਨਾਲ ਮੁੱਖ ਰੂਪ ਵਿਚ ਜੁੜਿਆ ਨਜ਼ਰ ਆਉਂਦਾ ਹੈ। ਜਿਸ ਦੇ ਫਲਸਰੂਪ ਉਨ੍ਹਾਂ ਵਰਤਾਰਿਆਂ ਦੀ ਥਾਹ ਪਾਉਣ ਦੀ ਪ੍ਰਕ੍ਰਿਆ ਆਪ ਮੁਹਾਰੇ ਪ੍ਰਗਟ ਹੁੰਦੀ ਹੈ।

ਨਾਵਲਕਾਰ ਹਰਜੀਤ ਕੌਰ ਵਿਰਕ ਦੇਸ਼ ਤੇ ਵਿਦੇਸ਼ ਵਿਚਲੇ ਸਮਾਜਾਂ ਵਿੱਚ ਮੌਜੂਦ ਮੁਨਾਫ਼ਾਖੋਰ/ਲੋਟੂ ਜਮਾਤ ਦੇ ਵਿਵਹਾਰ ਤੋਂ ਭਲੀ-ਭਾਂਤ ਜਾਣੂ ਹੈ। ਉਸਦੀ ਅੰਤਰੀਵੀ ਸੋਚ 'ਚ ਮਾਨਵ-ਪੱਖੀ ਵਲਵਲੇ ਜਨਮ ਲੈ ਕੇ ਇਸ ਨਾਵਲ ਦੇ ਰੂਪ 'ਚ ਪ੍ਰਗਟ ਹੋਏ ਹਨ। ਇਸੇ ਲਈ ਇਹ ਨਾਵਲ ਪਰਵਾਸ ਹੰਢਾਂਉਂਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ, ਰੋਟੀ-ਰੋਜ਼ੀ ਦੀ ਤਲਾਸ਼ ਵਿਚ ਵਿਦੇਸ਼ਾਂ ਦੀ ਧਰਤੀ ਗਾਹੁੰਦੇ ਮਿਹਨਤਕਸ਼ਾਂ, ਜਨਮਭੂਮੀ ਤੋਂ ਦੂਰੀ ਦਾ ਸੰਤਾਪ ਭੁਗਤ ਰਹੇ ਪਰਵਾਸੀਆਂ, ਆਈ. ਈ. ਐੱਲ਼. ਟੀ. ਐੱਸ. ਦੀ ਦੌੜ ਵਿਚ ਫਸੇ ਨੋਜੁਆਨਾਂ, ਨਸ਼ਿਆਂ ਦੀ ਮਾਰ ਝੱਲ ਰਹੇ ਪਰਿਵਾਰਾਂ, ਦੂਸ਼ਿਤ ਵਾਤਾਵਰਣੀ ਤੇ ਸਮਾਜਿਕ ਹਾਲਾਤਾਂ ਦਾ ਜੂਝਦੇ ਮਨੁੱਖਾਂ ਦਾ ਜ਼ਿਕਰ ਕਰਦੀ ਹੈ। ਲੇਖਿਕਾ, ਜਨਮਭੂਮੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਬਜ਼ੁਰਗ ਪਾਤਰ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕਰਦੀ ਹੈ: "...... ਜੜ੍ਹਾਂ ਨਾਲੋਂ ਟੁੱਟਣਾ ਬਹੁਤ ਔਖਾ ਹੁੰਦਾ।" ਪਰਵਾਸ ਭੁਗਤ ਰਹੇ ਵਿਦਿਆਰਥੀਆਂ ਵਿਚੋਂ ਕੁਝ ਕੁ ਦੇ ਗਲਤ ਰਾਹਾਂ ਉੱਤੇ ਤੁਰ ਪੈਣ ਬਾਰੇ ਲੇਖਿਕਾ ਆਪਣੀ ਚਿੰਤਾ ਪਾਤਰ ਗੁਣਤਾਸ਼ ਦੀ ਸੋਚ-ਧਾਰਾ ਰਾਹੀਂ ਇੰਝ ਵਿਅਕਤ ਕਰਦੀ ਹੈ, "ਕਈਆਂ ਨੂੰ ਰਾਹ ਮਿਲ ਜਾਂਦੇ ਨੇ ਕਈ ਮਿਲੇ ਰਾਹਾਂ ਤੋਂ ਭਟਕ ਜਾਂਦੇ ਹਨ। ਫਿਰ ਭੁੱਲੇ ਰਾਹਾਂ ਤੇ ਮੁੜਣ ਦੀ ਸਮਝ ਨਹੀਂ ਆਉਂਦੀ ਤੇ ਭਟਕੇ ਰਾਹ ਕੰਡਿਆਲੇ ਥੋਹਰ ਬਣ ਕੇ ਚੁਭਦੇ ਰਹਿੰਦੇ ਨੇ।" ਪੰਜਾਬ ਦੀ ਧਰਤੀ ਤੋਂ ਹੋ ਰਹੇ ਲਗਾਤਾਰ ਪਰਵਾਸ ਦਾ ਦਰਦ ਲੇਖਿਕਾ ਨੇ ਗੱਜਣ ਸਿੰਘ ਦੇ ਬੋਲਾਂ ਰਾਹੀਂ ਇੰਝ ਪ੍ਰਗਟ ਕੀਤਾ ਹੈ,"ਪੰਜਾਬ ਦੀ ਜ਼ਰਖੇਜ਼ ਮਿੱਟੀ ਨੂੰ ਖੋਰਾ ਲੱਗ ਗਿਆ।" ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ, ਭੇਡਚਾਲ ਤੇ ਕੁਕਰਮਾਂ ਵਿਚ ਫਸੇ ਡੇਰਾਵਾਦ ਵਿਰੁੱਧ ਚੇਤਨਾ ਪੈਦਾ ਕਰਨ ਦੇ ਮੰਤਵ ਨਾਲ ਲੇਖਿਕਾ ਪ੍ਰਭਾਤ ਪੱਤਰਕਾਰ ਦੇ ਸ਼ਬਦਾਂ ਰਾਹੀਂ ਇੰਝ ਬਿਆਨ ਕਰਦੀ ਹੈ, "ਬਹੁਤ ਅਣਦੇਖਿਆ ਕਰ ਲਿਆ। ਕਬੂਤਰ ਵਾਂਗ ਅੱਖਾਂ ਮੀਟ ਕੇ ਕੁਝ ਨਹੀਂ ਹੋਣਾ। ਲੜ ਕੇ ਮਰਨਾ ਹੀ ਜ਼ਿੰਦਗੀ ਦੀ ਸਹੀ ਕੀਮਤ ਹੈ। ......ਪਰ ਪਹਿਲੀ ਆਵਾਜ਼ ਕਿਸੇ ਨੂੰ ਤਾਂ ਉਠਾਉਣੀ ਪੈਣੀ।"

ਲੇਖਿਕਾ ਹਰਜੀਤ ਕੌਰ ਵਿਰਕ ਦੀ ਇਹ ਰਚਨਾ ਨਵੇਂ ਦਿਸਹੱਦਿਆਂ ਦੀ ਦੱਸ ਪਾਉਂਦੀ ਹੋਈ ਤਿੱਖੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਇਹ ਨਾਵਲ ਸਮਾਜ ਵਿੱਚ ਲੁੱਟੇ ਜਾ ਰਹੇ ਵਰਗ (ਵਿਦਿਆਰਥੀ ਤੇ ਮਾਪੇ) ਦੀ ਪੈਰਵੀ ਕਰਦਾ ਹੋਇਆ, ਹਾਕਮ ਜਮਾਤ ਦੀ ਨਜ਼ਰ ਹੇਠ ਵਾਪਰ ਰਹੇ ਅਮਾਨਵੀ ਵਰਤਾਰਿਆਂ (ਵਿਕਤਰਾਵਾਦ ਤੇ ਡੱਰਗ/ਨਸ਼ਿਆਂ ਦਾ ਫੈਲਾਅ) ਦਾ ਸ਼ਾਬਦਿਕ ਵਿਸਫ਼ੋਟ ਕਰਦਾ ਹੈ। ਰਚਨਾਕਾਰ ਦੀ ਫਿਕਰਮੰਦੀ ਇਸ ਪੱਖੋਂ ਵੀ ਜ਼ਾਹਿਰ ਹੁੰਦੀ ਹੈ ਕਿ ਢਾਹੂ ਕੀਮਤਾਂ (ਪੱਖਪਾਤ, ਨਸਲਵਾਦ, ਡੇਰਾਵਾਦ ਤੇ ਹਿੰਸਾਵਾਦ) ਜਿਸ ਦਾ ਪ੍ਰਸਾਰ ਸਮਕਾਲੀ ਸਭਿਆਚਾਰ ਕਰ ਰਿਹਾ ਹੈ, ਉਹ ਮਾਨਵੀ ਕੀਮਤਾਂ ਨੂੰ ਢਾਹ ਲਗਾ ਰਹੀਆਂ ਹਨ। ਲੇਖਿਕਾ, ਪੂੰਜੀਵਾਦ ਦੇ ਪ੍ਰਛਾਵੇਂ ਹੇਠ ਪਲ ਰਹੇ ਅਮਾਨਵੀ ਅੰਸ਼ਾਂ (ਪਰਵਾਸ ਦੀ ਲਲਕ ਤੇ ਦੁਖਾਂਤ) ਦੀ ਤਲਾਸ਼ ਕਰਦੀ ਹੈ ਤੇ ਫੇਰ ਉਨ੍ਹਾਂ ਦੇ ਵਿਰੁੱਧ ਅਵਾਜ਼ ਬਣਦੀ ਹੈ। ਲੇਖਿਕਾ ਦਾ ਮੰਨਣਾ ਹੈ ਕਿ ਇਸ ਪੂੰਜੀਵਾਦੀ ਵਰਤਾਰੇ ਨੇ ਮਨੁੱਖ ਦਾ ਰਿਸ਼ਤਾ ਜਨਮਭੂਮੀ ਤੇ ਵਿਰਸੇ ਨਾਲੋਂ ਤੋੜ, ਪੈਸੇ ਅਤੇ ਵਸਤੂ ਪ੍ਰਾਪਤੀ ਦੀ ਦੌੜ ਨਾਲ ਜੋੜ ਦਿੱਤਾ ਹੈ। ਅਜਿਹੀ ਪ੍ਰਵਿਰਤੀ, ਉਸ ਨੂੰ ਪਰਿਵਾਰ ਤੇ ਸਮਾਜ ਨਾਲ ਜੋੜਨ ਦੀ ਬਜਾਏ ਭਾਈਚਾਰਕ ਤੇ ਸਮਾਜਿਕ ਸਰੋਕਾਰਾਂ ਨਾਲੋਂ ਅੱਡ ਕਰ ਰਹੀ ਹੈ। ਸਮਕਾਲੀ ਮਨੁੱਖ ਨਾਲ ਜੁੜੇ ਅਜਿਹੇ ਅਨੇਕ ਵਿਸ਼ੇ ਇਸ ਨਾਵਲ ਵਿੱਚ ਸਮੋਏ ਹੋਏ ਹਨ। ਇਸ ਨਾਵਲ ਦਾ ਇੱਕ ਸਰੋਕਾਰ ਲੋਕਾਂ ਦੇ ਪ੍ਰਸਪਰ ਮਿਲਵਰਤਣ ਤੇ ਸਾਂਝੀਵਾਲਤਾ ਦੀ ਬਾਤ ਪਾਉਂਦਾ ਹੋਇਆ, ਜਨਮਭੂਮੀ ਨਾਲ ਪਿਆਰ ਤੇ ਅਮਨ ਲਈ ਦੁਆ ਕਰਦਾ ਹੈ।

ਇਹ ਨਾਵਲ ਵਿਚ ਲੇਖਿਕਾ, ਜਨਮ-ਭੂਮੀ ਪੰਜਾਬ, ਪੰਜਾਬੀ ਸਭਿਆਚਾਰ ਤੇ ਇਨਸਾਨੀਅਤ ਪ੍ਰਤਿ ਮੋਹ ਦਿਖਾਉਂਦੀ ਹੋਇਆ, ਖੁਰ ਰਹੇ ਰਿਸ਼ਤਿਆਂ, ਵਿਗੜ ਰਹੇ ਸਮਾਜਿਕ ਹਾਲਾਤਾਂ ਅਤੇ ਪੈਸੇ ਲਈ ਵਿਕ ਰਹੀ ਜ਼ਮੀਰ ਪ੍ਰਤੀ ਦੁੱਖ ਪ੍ਰਗਟਾਉਂਦੀ ਨਜ਼ਰ ਆਉਂਦੀ ਹੈ। ਇਹ ਸਮੁੱਚਾ ਨਾਵਲ ਸਮਾਜਿਕ, ਸਭਿਆਚਾਰਕ ਅਤੇ ਪਰਵਾਸੀ ਪ੍ਰਸੰਗਾਂ ਦੀ ਪੇਸ਼ਕਾਰੀ ਸਿੱਧੇ ਰੂਪ ਵਿੱਚ ਕਰਦਾ ਹੋਇਆ ਮਾਨਵੀ ਸਰੋਕਾਰਾਂ ਦੇ ਹੱਕ ਵਿੱਚ ਸੁਰ ਅਲਾਪਦਾ ਹੈ। ਲੇਖਿਕਾ ਦੇਸ਼ ਅੰਦਰ ਹੀ ਨਹੀਂ ਸਗੋਂ ਪਰਵਾਸ ਵਿਖੇ ਵੀ ਸਮਾਜ ਵਿੱਚ ਦੁਖਾਂਤਕ ਦਸ਼ਾ 'ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜੁੰਮੇਵਾਰ ਕਾਰਨਾਂ ਦੀ ਤਲਾਸ਼ ਕਰਦੀ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦੀ ਹੋਈ ਚੇਤੰਨਮਈ ਰਾਹਾਂ ਦਾ ਖੁਰਾ ਨੱਪਦੀ ਹੈ। ਰੰਗ, ਨਸਲ, ਜਾਤ, ਧਰਮ ਆਦਿ ਅਧਾਰਿਤ ਵਿਤਕਰਾਵਾਦ ਨੂੰ ਖ਼ਤਮ ਕਰਕੇ ਸਮਾਨਤਾ, ਖੁਸ਼ਹਾਲੀ ਤੇ ਸਰਬ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੇ ਰਾਹਾਂ ਨੂੰ ਤਲਾਸ਼ ਰਹੀ ਲੇਖਿਕਾ, ਹਰ ਅਮਾਨਵੀ ਅੰਸ਼ ਦਾ ਵਰਨਣ ਇਸ ਨਾਵਲ 'ਚ ਪੂਰੀ ਬੇਬਾਕੀ ਨਾਲ ਕਰ ਜਾਂਦੀ ਹੈ। ਲੇਖਿਕਾ ਵਲੋਂ ਇਸ ਰਚਨਾ ਦੀ ਪੇਸ਼ਕਾਰੀ ਨਾਵਲੀ ਵਿਧਾ ਦਾ ਨਿਵੇਕਲਾ ਮਾਡਲ ਪੇਸ਼ ਕਰਦੀ ਹੈ। ਇਸ ਵਿਚ ਉਸ ਨੇ ਕਈ ਢੰਗਾਂ ਜਿਵੇਂ ਉੱਤਮ-ਪੁਰਖ ਕਥਾ ਸ਼ੈਲੀ, ਅਨਯ-ਪੁਰਖ ਕਥਾ ਸ਼ੈਲੀ, ਵਾਤਰਾਲਾਪੀ ਸੰਵਾਦ, ਕਥਾ ਬਿਰਤਾਂਤ, ਬੂਮਰੈਂਗ ਦੀ ਕਥਾ ਜੁਗਤ, ਕਹਾਣੀ ਵਿਧਾ ਦੀਆਂ ਸੰਕੇਤਕ ਤੇ ਨਾਵਲੀ ਵਿਧਾ ਦੇ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ। ਲੇਖਿਕਾ ਨੇ ਫ਼ਲੈਸ਼-ਬੈਕ ਵਿਧੀ ਦੀ ਉਚਿਤ ਵਰਤੋਂ ਕਰਦੇ ਹੋਏ ਕਈ ਕਿਰਦਾਰਾਂ ਦੇ ਪਿਛੋਕੜ੍ਹ ਨਾਲ ਪਾਠਕਾਂ ਨੂੰ ਰੁਬਰੂ ਕਰਵਾਇਆ ਹੈ। ਹਰਜੀਤ ਕੌਰ ਵਿਰਕ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ।

ਪਰ ਨਾਵਲ ਵਿਚ ਕੁਝ ਤਰੁੱਟੀਆਂ ਵੀ ਹਨ। ਕਾਂਡ 3 (ਪੰਨਾ ਨੰਬਰ 33) ਵਿਚ ਮੁੱਖ ਪਾਤਰ (ਦਿਲਦਾਰ ਸਿੰਘ) ਦੇ ਬੋਲ "ਮੇਰੇ ਪੰਜਾਬ ਦੀ ਮੈਸਾਲਿਨਾ ਅਜੇ ਜਿਊਂਦੀ ਹੈ।" ਵਿਚ ਪ੍ਰੇਸ਼ਾਨ ਵਿਦਿਆਰਥਣ ਲਈ ਮੈਸਾਲਿਨਾ ਸ਼ਬਦ ਦੀ ਵਰਤੋਂ ਬਿਲਕੁਲ ਹੀ ਢੁੱਕਦੀ ਨਹੀਂ ਕਿਉਂਕਿ ਮੈਸਾਲਿਨਾ (ਰੋਮਨ ਬਾਦਸ਼ਾਹ ਕਲਾਡੀਅਸ ਦੀ ਤੀਜੀ ਪਤਨੀ ਸੀ, ਜੋ ਬੇਸ਼ਕ ਸ਼ਕਤੀਸ਼ਾਲੀ ਤੇ ਪ੍ਰਭਾਵਕੁੰਨ ਅੋਰਤ ਸੀ, ਪਰ ਉਹ ਚਰਿਤਰਹੀਣ ਚਲਣ ਲਈ ਵੀ ਉਨ੍ਹੀ ਹੀ ਮਸ਼ਹੂਰ ਸੀ। ਉਹ ਆਪਣੇ ਪਤੀ ਵਿਰੁੱਧ ਛਡਯੰਤਰ ਰਚਣ ਲਈ ਮੌਤ ਦੀ ਸਜ਼ਾ ਦੀ ਹੱਕਦਾਰ ਬਣੀ।) ਇਥੇ ਇਕ ਪ੍ਰੇਸ਼ਾਨ ਵਿਦਿਆਰਥਣ ਦੀ ਤੁਲਨਾ ਮੈਸਾਲਿਨ ਨਾਲ ਕਰਨਾ ਬਿਲਕੁਲ ਹੀ ਨਹੀਂ ਢੁੱਕਦਾ, ਕਿਉਂ ਕਿ ਨਾਵਲ ਵਿਚ ਮੌਜੂਦ ਬਿਰਤਾਂਤ ਵਿਚ ਕਿਧਰੇ ਵੀ ਉਸ ਮਜ਼ਬੂਰ ਵਿਦਿਆਰਥਣ ਤੇ ਮਹਾਂਰਾਣੀ ਮੈਸਾਲਿਨਾ ਦੇ ਕਿਰਦਾਰਾਂ ਵਿਚ ਕੋਈ ਸਮਾਂਤਰਤਾ ਨਜ਼ਰ ਨਹੀਂ ਆਉਂਦੀ।

ਇੰਝ ਹੀ ਨਾਵਲ ਦੀ ਭੂਮਿਕਾ ਵਿਚ ਜਸਵੀਰ ਰਾਣਾ ਦਾ ਇਹ ਕਥਨ "ਮਿੱਟੀ 'ਤੇ ਜੰਮੀ ਬਰਫ਼ ......... ਜਿਥੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਗੁਆਚ ਗਈ? ਜਿਸ ਨੂੰ "ਪੰਜਾਬ ਦੀ ਮੈਸਾਲਿਨਾ" ਕਿਹਾ ਜਾਂਦਾ ਸੀ।" (ਪੰਨਾ 12) ਇਥੇ ਵਰਨਣਯੋਗ ਹੈ ਕਿ ਮਹਾਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਅਨੇਕ (ਦਰਜਨ ਤੋਂ ਵੀ ਵਧੇਰੇ) ਮਹਰਾਣੀਆਂ ਤੇ ਰਾਣੀਆਂ ਵਿਚੋਂ ਇਕ ਸੀ ਤੇ ਜੋ ਮਹਾਰਾਜੇ ਨੇ ਜੀਵਨ ਦੇ ਆਖ਼ਰੀ ਦਹਾਕੇ ਵਿਚ ਵਿਆਹੀ ਸੀ। ਬੇਸ਼ਕ ਉਹ ਸੰਨ 1843-1846 ਤਕ ਸਿੱਖ ਰਾਜ ਦੀ ਸ਼ਕਤੀਸ਼ਾਲੀ ਤੇ ਪ੍ਰਭਾਵਕੁੰਨ ਔਰਤ ਰਹੀ। ਪਰ ਉਸ ਦੀ ਤੁਲਨਾ ਮਹਾਰਾਣੀ ਮੈਸਾਲਿਨਾ ਨਾਲ ਕਰਨਾ ਸਹੀ ਨਹੀਂ ਕਿਉਂਕਿ ਉਨ੍ਹਾਂ ਦੋਨ੍ਹਾਂ ਵਿਚ ਸਮਾਂਤਰ ਕਿਰਦਾਰਾਂ ਦੀ ਵੱਡੀ ਘਾਟ ਹੈ। ਮਹਾਰਾਣੀ ਜਿੰਦਾਂ ਨਾ ਤਾਂ ਕਦੇ ਆਪਣੇ ਪਤੀ (ਮਹਾਰਾਜਾ ਰਣਜੀਤ ਸਿੰਘ) ਨੂੰ ਮਾਰਣ ਦੇ ਕਿਸੇ ਛੰਡਯੰਤਰ ਦਾ ਹਿੱਸਾ ਰਹੀ ਤੇ ਨਾ ਹੀ ਅਜਿਹੇ ਕਿਸੇ ਛੰਡਯੰਤਰ ਦੇ ਫਲਸਰੂਪ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਵਿਰੋਧੀ ਬਰਤਾਨਵੀ ਅਧਿਕਾਰੀਆਂ ਨੇ ਉਸ ਦਾ ਚਰਿਤਰ ਹਨਨ/ਬਦਨਾਮ ਕਰਨ ਦੇ ਇਰਾਦੇ ਨਾਲ ਉਸ ਨੂੰ "ਪੰਜਾਬ ਦੀ ਮੈਸਾਲਿਨਾ" ਕਿਹਾ। ਮਹਾਰਾਣੀ ਜਿੰਦਾਂ ਪੰਜਾਬ ਦੇ ਇਤਹਾਸ ਦੀ ਸਨਮਾਨਯੋਗ ਸਖ਼ਸ਼ੀਅਤ ਰਹੀ ਹੈ ਅਤੇ ਅੱਜ ਵੀ ਸਿੱਖ ਸਮੁਦਾਇ ਵਿਚ ਸਨਮਾਨਿਤ ਸਥਾਨ ਦੀ ਪਾਤਰ ਹੈ। ਲੇਖਕਾਂ ਨੂੰ ਇਤਹਾਸਿਕ ਸਖ਼ਸੀਅਤਾਂ ਦੀ ਤੁਲਨਾ/ਵਰਨਣ ਕਰਦੇ ਸਮੇਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਗਲਤ ਧਾਰਨਾਵਾਂ ਦਾ ਪ੍ਰਸਾਰ ਬੇਵਜਹ ਨਵੇਂ ਸਮਾਜਿਕ ਮਸਲਿਆਂ ਨੂੰ ਜਨਮ ਨਾ ਦੇਵੇ।

ਉਪਰੋਕਤ ਤਰੁਟੀਆਂ ਤੋਂ ਇਲਾਵਾ "ਇੱਕ ਟੋਟਾ ਜਨਮ ਭੂਮੀ" ਇਕ ਵਧੀਆ ਨਾਵਲ ਹੈ ਜੋ ਅਜੋਕੇ ਪੰਜਾਬੀ ਸਮਾਜ, ਸੱਭਿਆਚਾਰ ਅਤੇ ਪੰਜਾਬੀਆਂ ਵਿਚ ਪਰਵਾਸ ਦੀ ਰੁਚੀ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦਾ ਹੈ। ਪਰਵਾਸ ਦੌਰਾਨ ਸਮਕਾਲੀ ਸਮਾਜਿਕ ਹਾਲਾਤਾਂ ਅਤੇ ਮੁਸ਼ਕਲਾਂ ਦੇ ਅਨੇਕ ਪੱਖਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਜਨਮ-ਭੂਮੀ ਪੰਜਾਬ ਨਾਲ ਪਿਆਰ, ਮਾਨਵੀ ਕਦਰਾਂ-ਕੀਮਤਾਂ ਦਾ ਅਨੁਸਰਣ ਤੇ ਰਿਸ਼ਤਿਆਂ ਦੀ ਚਿਰਸਥਾਈ ਸਾਂਝ ਸਥਾਪਤੀ ਦੀ ਪ੍ਰੇਰਨਾ ਦੇ ਆਸ਼ੇ ਨਾਲ, ਲੇਖਿਕਾ ਨੇ ਹਾਲਤਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੇ ਹੋਏ, ਪਾਠਕਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਨਾਵਲ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ।

ਹਰਜੀਤ ਕੌਰ ਵਿਰਕ ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨਕ ਮਸਲਿਆਂ ਦੇ ਸੰਚਾਰਕ/ ਨਾਵਲਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦਾ ਇਹ ਨਾਵਲ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਤੇ ਮਨੋਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਿਕਾ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ।

ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਨਾਵਲ ਵਿਧਾ ਦੀ ਵਰਤੋਂ ਨਾਲ, ਸਮਕਾਲੀ ਸਮਾਜਿਕ ਅਤੇ ਸਭਿਆਚਾਰਕ ਹਾਲਾਤਾਂ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਆਸ ਹੈ ਹੋਰ ਲੇਖਕ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ, ਸਾਹਿਤ ਦੀਆਂ ਵਿਭਿੰਨ ਵਿਧੀਆਂ ਦੀ ਵਰਤੋਂ ਨਾਲ, ਪੰਜਾਬੀ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਦੇ ਵਿਭਿੰਨ ਪਹਿਲੂਆਂ ਤੇ ਹੱਲਾਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਇੱਕ ਟੋਟਾ ਜਨਮ ਭੂਮੀ" ਇਕ ਅਜਿਹਾ ਨਾਵਲ ਹੈ ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦਾ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਸਮਕਾਲੀ ਸਮਾਜਿਕ, ਸੱਭਿਆਚਾਰਕ ਤੇ ਪਰਵਾਸ ਦੇ ਹਾਲਾਤਾਂ ਤੇ ਮਸਲਿਆਂ ਦਾ ਸਹੀ ਰੂਪ ਸਮਝ, ਉਨ੍ਹਾਂ ਦੇ ਉਚਿਤ ਹੱਲਾਂ ਬਾਰੇ ਸੁਚੇਤ ਹੋਣ ਦੇ ਨਾਲ ਨਾਲ ਯੋਗ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਸਮਾਜ ਸਿਰਜਣ ਵਿਚ ਆਪਣਾ ਉਚਿਤ ਯੋਗਦਾਨ ਪਾ ਸਕਣ।
 
Last edited:
📌 For all latest updates, follow the Official Sikh Philosophy Network Whatsapp Channel:

Latest Activity

Top