• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ - ਬਾਬਾ ਬੰਦਾ ਸਿੰਘ ਬਹਾਦਰ

Dr. D. P. Singh

Writer
SPNer
Apr 7, 2006
136
64
Nangal, India


ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ - ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ. ਪੀ. ਸਿੰਘ
1601090319249.png


ਸਿੱਖ ਇਤਿਹਾਸ ਅਨੇਕ ਸਿਰਠੀ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰਪੂਰ ਹੈ। ਇਨ੍ਹਾਂ ਕੌਮੀ ਸੂਰਮਿਆਂ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਗਾਥਾ ਬਹੁਤ ਹੀ ਵਿਲੱਖਣ ਹੈ। ਬੇਮਿਸਾਲ ਹਿੰਮਤ ਦੇ ਮਾਲਕ ਬਾਬਾ ਬੰਦਾ ਸਿੰਘ ਬਹੁਤ ਨਿਡਰ ਅਤੇ ਨਿਸ਼ਠਾਵਾਨ ਸਖ਼ਸ਼ੀਅਤ ਦੇ ਮਾਲਕ ਸਨ। ਬਾਬਾ ਬੰਦਾ ਸਿੰਘ ਦਾ ਜਨਮ ਅਕਤੂਬਰ 1670 ਵਿਚ ਇਕ ਰਾਜਪੂਤ ਪਰਿਵਾਰ ਵਿਚ ਹੋਇਆ, ਜੋ ਕਸ਼ਮੀਰ ਰਾਜ ਦੇ ਪੰਚ ਰਾਜ, ਜ਼ਿਲ੍ਹਾ ਰਾਜੌਰੀ ਵਿਚ ਕਿਸਾਨ ਸਨ। ਉਸ ਦਾ ਬਚਪਨ ਦਾ ਨਾਮ ਲਛਮਣ ਦੇਵ ਸੀ। ਬਾਲਪਨ ਤੋਂ ਹੀ ਲਛਮਣ ਦੇਵ ਘੋੜ ਸਵਾਰੀ, ਮਾਰਸ਼ਲ ਆਰਟ ਅਤੇ ਸ਼ਿਕਾਰ ਦਾ ਬਹੁਤ ਸ਼ੌਕੀਨ ਸੀ। ਜਲਦੀ ਹੀ ਉਹ ਤੀਰ-ਅੰਦਾਜ਼ੀ ਤੇ ਹੋਰ ਹਥਿਆਰਾਂ ਦੀ ਵਰਤੋਂ ਵਿਚ ਮਾਹਿਰ ਹੋ ਗਿਆ। ਪੰਦਰਾਂ ਸਾਲ ਦੀ ਉਮਰ ਵਿਚ, ਇਕ ਵਾਰ ਸ਼ਿਕਾਰ ਕਰਦੇ ਸਮੇਂ, ਉਸਨੇ ਗਰਭਵਤੀ ਹਿਰਨੀ ਦੇ ਦੋ ਅਣਜੰਮੇ ਬੱਚਿਆਂ ਨੂੰ ਦਰਦ ਨਾਲ ਤੜਫਦੇ ਹੋਏ ਮਰਦੇ ਵੇਖਿਆ, ਉਹ ਇਸ ਤੋਂ ਇੰਨਾ ਵਿਚਿਲਤ ਹੋ ਗਿਆ ਕਿ ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ। ਉਸ ਦਾ ਪਿਤਾ ਧਾਰਮਿਕ ਸੁਭਾਅ ਵਾਲਾ ਦਿਆਲੂ ਵਿਅਕਤੀ ਸੀ ਅਤੇ ਆਏ ਗਏ ਸਾਧੂਆਂ ਅਤੇ ਧਾਰਮਿਕ ਬਿਰਤੀ ਵਾਲੇ ਵਿਅਕਤੀਆਂ ਨੂੰ ਮੁਫਤ ਭੋਜਨ ਅਤੇ ਪਨਾਹ ਦਿੰਦਾ ਸੀ। ਲਛਮਣ ਦੇਵ ਦਾ ਮਨ ਧਾਰਮਿਕ ਕਾਰਜਾਂ ਵਿਚ ਜੁੜ ਗਿਆ।

ਉਹ ਲਾਹੌਰ (ਹੁਣ ਪਾਕਿਸਤਾਨ ਵਿਚ) ਨੇੜੇ ਰਾਮ ਥੰਮਾਂ ਦੇ ਸਾਧੂ ਰਾਮ ਦਾਸ ਦਾ ਪੈਰੋਕਾਰ ਬਣ ਗਿਆ। ਕੁਝ ਸਮੇਂ ਬਾਅਦ ਉਹ ਜਾਨਕੀ ਦਾਸ ਦਾ ਚੇਲਾ ਬਣ ਗਿਆ। ਹੁਣ ਉਸਦਾ ਨਾਮ ਬਦਲ ਕੇ ਮਾਧੋ ਦਾਸ ਕਰ ਦਿੱਤਾ ਗਿਆ ਸੀ। ਮਾਨਸਿਕ ਸ਼ਾਂਤੀ ਦੀ ਤਲਾਸ਼ ਵਿਚ ਜਗ੍ਹਾ-ਜਗ੍ਹਾ ਭਟਕਦਾ, ਉਹ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਨੇੜੇ ਪੰਚਵਟੀ ਪਹੁੰਚ ਗਿਆ ਅਤੇ ਸਾਧੂ ਓਘੜ ਨਾਥ ਦਾ ਸ਼ਰਧਾਲੂ ਬਣ ਗਿਆ। ਮਾਧੋ ਦਾਸ ਨੇ ਅਗਲੇ ਪੰਜ ਸਾਲ ਪੂਰੀ ਸ਼ਰਧਾ ਨਾਲ ਓਘੜ ਨਾਥ ਦੀ ਸੇਵਾ ਕੀਤੀ। ਓਘੜ ਨਾਥ ਨੇ ਉਸ ਦੀ ਸ਼ਰਧਾ ਭਾਵਨਾ ਤੇ ਸੇਵਾ ਤੋਂ ਖੁਸ਼ ਹੋ, ਉਸ ਨੂੰ ਅਨੇਕ ਜਾਦੂਈ ਸ਼ਕਤੀਆਂ ਬਖ਼ਸ਼ ਦਿੱਤੀਆਂ ਅਤੇ ਆਪਣੀ ਸਵੈ-ਰਚਿਤ ਧਾਰਮਿਕ ਕਿਤਾਬ ਵੀ ਪ੍ਰਦਾਨ ਕੀਤੀ। ਓਘੜ ਨਾਥ ਦੀ ਮੌਤ ਸੰਨ 1691 ਵਿਚ ਹੋ ਗਈ। ਇਸ ਤਰ੍ਹਾਂ 21 ਸਾਲ ਦੀ ਉਮਰ ਵਿਚ, ਰਾਜਪੂਤ ਨੌਜਵਾਨ ਮਾਧੋ ਦਾਸ ਨੇ ਚਮਤਕਾਰੀ ਸ਼ਕਤੀ ਪ੍ਰਾਪਤ ਕਰ ਲਈ ਅਤੇ ਆਪਣਾ ਆਸ਼ਰਮ ਸਥਾਪਤ ਕਰਨ ਲਈ ਨੰਦੇੜ੍ਹ ਪਹੁੰਚ ਗਿਆ। ਨੰਦੇੜ੍ਹ ਵਿਖੇ ਅਗਲੇ 16 ਸਾਲਾਂ ਦੀ ਰਿਹਾਇਸ਼ ਦੌਰਾਨ, ਚਮਤਕਾਰੀ ਸ਼ਕਤੀਆਂ ਦੇ ਮਾਲਕ ਵਜੋਂ ਪ੍ਰਸਿੱਧੀ ਵਾਲਾ ਮਾਧੋ ਦਾਸ ਇਕ ਵੱਡੇ ਆਸ਼ਰਮ ਦਾ ਮਾਲਕ ਬਣ ਗਿਆ। ਉਸ ਨੂੰ ਆਪਣੀ ਬੁੱਧੀ, ਭਗਤੀ ਤੇ ਜਾਦੂਈ ਸ਼ਕਤੀਆਂ ਉੱਤੇ ਬਹੁਤ ਮਾਣ ਸੀ। ਉਸ ਦੇ ਡੇਰੇ ਉੱਤੇ ਆਉਣ ਵਾਲੇ ਸੰਤਾਂ, ਸਾਧੂਆਂ ਤੇ ਫਕੀਰਾਂ ਆਦਿ ਨੂੰ ਉਹ ਅਕਸਰ ਠਿੱਠ ਕਰਨ ਦੀ ਖੁਸ਼ੀ ਲੈਂਦਾ ਸੀ।

ਸੰਨ 1704 ਦੇ ਹਾਲਾਤ
ਦਸੰਬਰ 1704 ਵਿਚ, ਬਹੁਤ ਹੀ ਮੁਸ਼ਕਲ ਭਰੇ ਹਾਲਾਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਛੱਡ ਗਏ। ਮੁਗਲ ਫ਼ੌਜ ਦੇ ਮੁੱਖੀਆਂ ਅਤੇ ਉਨ੍ਹਾਂ ਦੇ ਸਹਾਇਕ ਪਹਾੜ੍ਹੀ ਰਾਜਿਆਂ ਨੇ ਗੁਰੂ ਜੀ ਨੂੰ ਭਰੋਸਾ ਦਿਵਾਇਆ ਸੀ ਕਿ ਜਦੋਂ ਉਹ ਅਨੰਦਪੁਰ ਨੂੰ ਛੱਡ ਕੇ ਜਾਣਗੇ ਤਾਂ ਉਨ੍ਹਾਂ ਤੇ ਉਨ੍ਹਾਂ ਨਾਲ ਜਾਣ ਵਾਲੇ ਸੰਗੀ ਸਾਥੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਮੁਗਲ ਫੌਜਾਂ ਨੇ ਵਾਅਦਾ ਖਿਲਾਫੀ ਕਰਦਿਆਂ ਸਾਰੇ ਪਾਸਿਆਂ ਤੋਂ ਹਮਲਾ ਬੋਲ ਦਿੱਤਾ। ਇੱਕ ਪਾਸੇ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਅਸਾਵੇਂ ਹਾਲਾਤਾਂ ਨਾਲ ਜੂਝਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖਿੰਡਰ-ਪੁੰਡਰ ਗਿਆ ਤੇ ਅਨੇਕ ਸਾਥੀ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ। ਚਮਕੌਰ ਦੀ ਜੰਗ ਵਿਚ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਚਾਲੀ ਦੇ ਕਰੀਬ ਬਾਕੀ ਬਚੇ ਸਿੰਘ ਵੀ ਸ਼ਹੀਦ ਹੋ ਗਏ। ਪਰ ਗੁਰੂ ਸਾਹਿਬ ਨੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਦੇ ਹੋਏ ਹਲਾਤਾਂ ਨਾਲ ਸਮਝੌਤਾ ਨਹੀਂ ਕੀਤਾ। ਖਾਲਸਾ ਦਾ ਹੁਕਮ ਮੰਨਦੇ ਹੋਏ ਚਮਕੌਰ ਦੀ ਜੰਗ ਵਿਚੋਂ ਬੱਚ ਕੇ ਉਹ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ। ਤੇ ਸਮੇਂ ਨਾਲ ਦਮਦਮਾ ਸਾਹਿਬ, ਤਲਵੰਡੀ ਸਾਬੋ ਜਾ ਡੇਰੇ ਲਾਏ।

ਉੱਤਰ ਪੰਜਾਬ ਤੋਂ ਦੱਖਣ ਪੰਜਾਬ ਵੱਲ ਜਾਂਦੇ ਹੋਏ, ਉਨ੍ਹਾਂ ਨੇ ਭਾਈ ਦਇਆ ਸਿੰਘ ਨੂੰ "ਜ਼ਫਰ ਨਾਮਾ" ਨਾਮੀ ਪੱਤਰ ਦੇ ਕੇ ਭਾਰਤ ਦੇ ਤਤਕਲੀਨ ਬਾਦਸ਼ਾਹ ਔਰੰਗਜ਼ੇਬ ਵੱਲ ਭੇਜਿਆ। ਜਿਸ ਨਾਲ ਔਰੰਗਜ਼ੇਬ ਨੂੰ ਆਪਣੇ ਕੁਕਰਮਾਂ ਦੀ ਚੋਟ ਲੱਗੀ। ਜਿਸ ਦਾ ਪਤਾ ਉਸਦੇ ਪੁੱਤਰ ਕਾਮ ਬਖ਼ਸ ਨੂੰ ਲਿਖੀ ਉਸ ਦੀ ਆਖਰੀ ਚਿੱਠੀ ਤੋਂ ਸਪਸ਼ਟ ਹੈ। ਜਿਸ ਵਿਚ ਕਿਹਾ ਗਿਆ ਹੈ- "ਮੈਂ ਇਸ ਦੁਨੀਆਂ ਵਿਚ ਬਿਨਾਂ ਕਿਸੇ ਦਾਗ ਦੇ ਇਕੱਲੇ ਆਇਆ ਸੀ। ਪਰ ਹੁਣ ਮੈਂ ਪਾਪਾਂ ਭਰਿਆ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਵਾਪਰੇਗਾ। ਮੇਰੀ ਰੂਹ ਬੁਰਾਈਆਂ ਰੱਤੀ ਪਈ ਹੈ। ਜਦੋਂ ਮੈਂ ਅੱਲਾ ਦੀ ਦਰਗਾਹ ਵਿਚ ਹਾਜ਼ਿਰ ਹੋਵਾਂਗਾ ਤਾਂ ਮੈਂ ਨਹੀਂ ਜਾਣਦਾ ਕਿ ਮੈਂਨੂੰ ਕਿਹੜੀ ਸਜ਼ਾ ਦਿੱਤੀ ਜਾਵੇਗੀ।" ਔਰੰਗਜ਼ੇਬ ਦੇ ਇਹ ਆਖ਼ਰੀ ਸ਼ਬਦ ਉਸ ਦੇ ਮਕਬਰੇ ਵਿਖੇ ਉਸ ਦੀ ਕਬਰ ਉੱਤੇ ਉੱਕਰੇ ਗਏ ਸਨ।

ਸੰਨ 1707 ਵਿਚ ਔਰੰਗਜ਼ੇਬ ਦੀ ਮੌਤ ਨਾਲ ਹੀ ਉਸਦੇ ਪੁੱਤਰਾਂ ਵਿਚਕਾਰ ਗੱਦੀ ਦੀ ਲੜਾਈ ਸ਼ੁਰੂ ਹੋ ਹੋਈ। ਉਸ ਦੇ ਵੱਡੇ ਬੇਟੇ ਬਹਾਦਰ ਸ਼ਾਹ ਨੇ ਗੁਰੂ ਜੀ ਦੀ ਸਹਾਇਤਾ ਮੰਗੀ। ਬਹਾਦਰ ਸ਼ਾਹ ਸ਼ੀਆ ਮੁਸਲਮਾਨ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਜੋ ਵਾਅਦਾ ਖੋਰ ਸਨ ਤੇ ਅੱਤਿਆਚਾਰ ਕਰਦੇ ਰਹੇ ਸਨ, ਗੁਰੂ ਜੀ ਦੇ ਹਵਾਲੇ ਕਰ ਦੇਵੇਗਾ। ਸੰਨ 1707 ਵਿਚ ਹੀ ਉਹ, ਗੁਰੂ ਜੀ ਦੀ ਸਹਾਇਤਾ ਨਾਲ, ਹਿੰਦੁਸਤਾਨ ਦਾ ਅਗਲਾ ਬਾਦਸ਼ਾਹ ਬਣ ਗਿਆ। ਇਸ ਪਿੱਛੋਂ ਵੀ ਪੰਜਾਬ ਵਿਚ ਬੇਰੋਕ ਟੋਕ ਜ਼ੁਲਮ ਹੋ ਰਹੇ ਸਨ ਅਤੇ ਬਹਾਦਰ ਸ਼ਾਹ ਨੇ ਮੁਸਲਮਾਨ ਲੋਕਾਂ ਵਿਚ ਅਸ਼ਾਂਤੀ ਫੈਲ ਜਾਣ ਦੇ ਡਰੋਂ ਗੁਰੂ ਜੀ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਾ ਕੀਤਾ। ਦੱਖਣ ਵਿਚ ਲੋਕਾਂ ਨੇ ਬਹਾਦਰ ਸ਼ਾਹ ਵਿਰੁੱਧ ਬਗਾਵਤ ਕਰ ਦਿੱਤੀ। ਬਾਦਸ਼ਾਹ ਨੇ ਗੁਰੂ ਜੀ ਨੂੰ ਆਪਣੇ ਨਾਲ ਦੱਖਣ ਵੱਲ ਜਾਣ ਦੀ ਬੇਨਤੀ ਕੀਤੀ। ਦਿੱਲੀ ਤੋਂ ਆਗਰੇ ਪਹੁੰਚਦਿਆਂ ਹੀ ਗੁਰੂ ਜੀ, ਬਹਾਦਰ ਸ਼ਾਹ ਦੇ ਇਰਾਦਿਆਂ ਬਾਰੇ ਸਪੱਸ਼ਟ ਹੋ ਗਏ ਸਨ ਅਤੇ ਉਨ੍ਹਾਂ ਆਪਣਾ ਕਾਫ਼ਲਾ ਬਹਾਦਰ ਸ਼ਾਹ ਨਾਲੋਂ ਵੱਖ ਕਰ ਲਿਆ। ਪਰ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਿੱਖ ਦੱਖਣ ਵੱਲ ਵਧਦੇ ਗਏੇ। ਉਨ੍ਹਾਂ ਦਾ ਇਹ ਸਫ਼ਰ ਕਿਸੇ ਅਗਾਮੀ ਘਟਨਾਚੱਕਰ ਦਾ ਸਿਰਜਕ ਬਨਣ ਜਾ ਰਿਹਾ ਸੀ।

ਬੰਦਾ ਸਿੰਘ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਦੱਖਣ ਵੱਲ ਜਾਂਦੇ ਸਮੇਂ, ਜੈਪੁਰ ਵਿਖੇ ਇੱਕ ਮਹੰਤ ਜੈਤ ਰਾਮ ਗੁਰੂ ਜੀ ਨੂੰ ਮਿਲਣ ਆਇਆ। ਗੁਰੂ ਸਾਹਿਬ ਨੇ ਉਸਨੂੰ ਕੁਝ ਚੰਗੇ ਧਾਰਮਿਕ ਵਿਅਕਤੀਆਂ ਬਾਰੇ ਦੱਸ ਪਾਉਣ ਲਈ ਕਿਹਾ। ਮਹੰਤ ਜੈਤ ਰਾਮ ਨੇ ਕੁਝ ਨਾਵਾਂ ਦੀ ਦੱਸ ਪਾਈ ਅਤੇ ਮਾਧੋ ਦਾਸ ਬੈਰਾਗੀ ਨੂੰ ਨਾ ਮਿਲਣ ਦੀ ਸਲਾਹ ਦਿੱਤੀ, ਕਿਉਂਕਿ ਉਹ ਬਹੁਤ ਹਉਮੈਵਾਦੀ ਸੀ ਅਤੇ ਆਏ ਗਏ ਸਾਰਿਆਂ ਦਾ ਅਪਮਾਨ ਕਰਨ ਦਾ ਆਦੀ ਸੀ। ਤਦ ਹੀ ਗੁਰੂ ਜੀ ਨੇ ਕਿਸੇ ਹੋਰ ਨੂੰ ਮਿਲਣ ਦੀ ਬਜਾਏ ਸਭ ਤੋਂ ਪਹਿਲਾਂ ਮਾਧੋ ਦਾਸ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ।

1601088700506.png
ਤੰਬਰ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੱਖਾਂ ਸਮੇਤ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਵਿਖੇ ਪਹੁੰਚੇ। ਉਸ ਸਮੇਂ ਉਹ ਆਪਣੇ ਡੇਰੇ ਵਿਚ ਨਹੀਂ ਸੀ। ਗੁਰੂ ਜੀ ਨੇ ਡੇਰੇ ਵਿਖੇ ਆਸਣ ਗ੍ਰਹਿਣ ਕੀਤਾ ਅਤੇ ਸਾਥੀ ਸਿੰਘ ਖਾਣ ਪੀਣ ਦਾ ਪ੍ਰਬੰਧ ਕਰਨ ਵਿਚ ਰੁੱਝ ਗਏ। ਮਾਧੋ ਦਾਸ ਦੇ ਚੇਲਿਆਂ ਨੇ ਤੁਰੰਤ ਸਾਰੀ ਘਟਨਾ ਦਾ ਪਤਾ ਉਸ ਤੱਕ ਪਹੁੰਚਾ ਦਿਤਾ। ਮਾਧੋ ਦਾਸ ਨੇ ਆਪਣੀਆਂ ਸਾਰੀਆਂ ਜਾਦੂਈ ਸ਼ਕਤੀਆਂ ਦੀ ਵਰਤੋਂ ਨਾਲ ਗੁਰੂ ਜੀ ਦੀ ਹੇਠੀ ਕਰਨ, ਪ੍ਰੇਸ਼ਾਨ ਕਰਨ ਅਤੇ ਨੀਵਾਂ ਦਿਖਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ ਗੁੱਸੇ ਨਾਲ ਭਰਿਆ ਪੀਤਾ ਡੇਰੇ ਵੱਲ ਭੱਜਿਆ ਅਤੇ ਗੁਰੂ ਜੀ ਨੂੰ ਦੇਖ ਗੁੱਸੇ ਨਾਲ ਫੁੰਕਾਰਿਆ "ਕੌਣ ਹੈਂ ਤੂੰ, ਅਤੇ ਮੇਰੇ ਆਸ਼ਰਮ ਵਿਚ ਕਿਵੇਂ ਦਾਖਲ ਹੋਇਆ ਹੈਂ? ਗੁਰੂ ਜੀ ਦਾ ਠਰੰਮੇਂ ਭਰਿਆ ਉੱਤਰ ਸੀ, "ਤੁਹਾਡੇ ਕੋਲ ਸਾਰੀ ਤਾਕਤ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।"

ਮਾਧੋਦਾਸ ਬੋਲਿਆ "ਉਹ ਉਨ੍ਹਾਂ ਬਾਰੇ ਕੁਝ ਨਹੀਂ ਜਾਣਦਾ।" ਗੁਰੂ ਜੀ ਨੇ ਉਸਨੂੰ ਸ਼ਾਂਤ ਮਨ ਨਾਲ ਇਸ ਬਾਰੇ ਸੋਚਣ ਲਈ ਕਿਹਾ। ਕੁਝ ਸਮੇਂ ਬਾਅਦ, ਮਾਧੋਦਾਸ ਬੋਲਿਆ, "ਕੀ ਇਹ ਸੱਚ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਹੋ?" ਗੁਰੂ ਜੀ ਨੇ ਉੱਤਰ ਦਿੱਤਾ, "ਹਾਂ ਮੈਂ ਹਾਂ, ਹੁਣ ਮੈਨੂੰ ਦੱਸੋ, ਤੁਸੀਂ ਕੌਣ ਹੋ?" ਮਾਧੋ ਦਾਸ ਨੇ ਹੱਥ ਜੋੜਦੇ ਹੋਏੇ ਗੁਰੂ ਜੀ ਨੂੰ ਕਿਹਾ, "ਮੈਂ ਤੁਹਾਡਾ ਬੰਦਾ ਹਾਂ"। ਬੰਦਾ ਦਾ ਇਕ ਭਾਵ "ਚੰਗਾ ਮਨੁੱਖ ਹੋਣਾ" ਵੀ ਹੈ। ਗੁਰੂ ਜੀ ਨੇ ਕਿਹਾ, "ਜੇ ਤੂੰ ਮੇਰਾ ਬੰਦਾ ਹੈ ਤਾਂ ਬੰਦਿਆਂ (ਚੰਗੇ ਮਨੁੱਖਾਂ) ਵਾਲੇ ਕੰਮ ਕਰ।" ਉਸ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੀ ਰਾਹਨੁਮਾਈ ਅਨੁਸਾਰ ਚੱਲਣ ਦਾ ਵਾਅਦਾ ਕੀਤਾ।

ਗੁਰੂ ਜੀ ਕੁਝ ਦਿਨ ਉਸ ਦੇ ਡੇਰੇ ਵਿਚ ਰਹੇ। ਮਾਧੋ ਦਾਸ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ ਗਈ ਅਤੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ। ਪਰ, ਸਮੇਂ ਦੇ ਗੁਜ਼ਰਣ ਨਾਲ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਹ ਇਕ ਅਲੌਕਿਕ ਵਰਤਾਰਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਸ਼ਖ਼ਸੀਅਤ ਸਦਕਾ ਇਕ ਜਾਦੂਈ ਸ਼ਕਤੀਆਂ ਵਾਲਾ, ਵੈਰਾਗੀ, ਬ੍ਰਹਮਚਾਰੀ, ਵੱਡੇ ਆਸ਼ਰਮ ਦਾ ਮਾਲਕ, ਪਰ ਬਹੁਤ ਹੀ ਹਉਮੈਂ ਭਰਿਆ ਹੈਂਕੜਬਾਜ਼ ਇੱਕ ਸਮਰਪਿਤ ਅਤੇ ਅਨੁਸ਼ਾਸ਼ਿਤ ਸਿਪਾਹੀ ਬਣ ਗਿਆ। ਗੁਰੂ ਦੀ ਬਖ਼ਸ਼ਿਸ਼ ਸਦਕਾ ਸਿੱਖ ਫ਼ੌਜ ਦਾ ਜਰਨੈਲ ਬਣ ਗਿਆ ਅਤੇ ਤੂਫਾਨੀ ਬੱਦਲਾਂ ਦੇ ਫੱਟਣ ਵਾਂਗ ਪੰਜਾਬ ਦੇ ਜ਼ਾਲਮ ਸ਼ਾਸਕਾਂ ਉੱਤੇ ਆ ਫੱਟਿਆ।

ਬੰਦਾ ਸਿੰਘ ਦੇ ਪੰਜਾਬ ਵੱਲ ਚਾਲੇ
ਅਕਤੂਬਰ 1708 ਵਿਚ, ਨੰਦੇੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਪੰਜਾਬ ਭੇਜਿਆ ਅਤੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਸ਼ਾਸਕਾਂ ਦੇ ਜ਼ੁਲਮ ਨੂੰ ਰੋਕੇ। ਦੋਸ਼ੀ ਅਤੇ ਬੇਰਹਿਮ ਹਾਕਮਾਂ ਨੂੰ ਸਜ਼ਾ ਦੇਵੇ। ਉਹ ਮਨੁੱਖੀ ਅਧਿਕਾਰਾਂ ਦੀ ਸਥਾਪਤੀ ਲਈ, ਗ਼ਰੀਬ, ਕਮਜ਼ੋਰ ਤੇ ਗ਼ੁਲਾਮਾਂ ਵਰਗਾ ਜੀਵਨ ਬਤੀਤ ਕਰ ਰਹੇ ਲੋਕਾਂ ਵਿਚ ਉਤਸ਼ਾਹ ਭਰ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਏ ਤਾਂ ਜੋ ਉਹ ਆਜ਼ਾਦੀ ਭਰਿਆ ਜੀਵਨ ਜੀ ਸਕਣ। ਗੁਰੂ ਜੀ ਨੇ ਉਸਨੂੰ ਸਿੱਖ ਸੰਗਤਾਂ ਲਈ ਇਕ ਹੁਕਮਨਾਮਾ, ਪੰਜ ਤੀਰ, ਇਕ ਖੰਡਾ, ਅਤੇ ਇਕ ਨਗਾਰਾ ਬਖਸ਼ਿਸ਼ ਕੀਤਾ ਅਤੇ ਸਲਾਹਕਾਰ ਵਜੋਂ ਪੰਜ ਸਿੰਘ ਨਾਲ ਭੇਜੇ। ਇਹ ਸਿੰਘ ਸਨ, ਭਾਈ ਦਇਆ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਜੈ ਸਿੰਘ ਅਤੇ ਭਾਈ ਰਣ ਸਿੰਘ। ਪੰਝੀ ਸਿੰਘਾਂ ਦਾ ਇਕ ਜੱਥਾ ਵੀ ਨਾਲ ਭੇਜਿਆ।

ਸਿੱਖ ਗੁਰੂ ਸਾਹਿਬਾਨ ਦੇ ਸਮੇਂ ਲੜਾਈਆਂ ਸਵੈ-ਰੱਖਿਆ ਲਈ ਲੜੀਆਂ ਜਾਂਦੀਆਂ ਸਨ। ਆਮ ਤੌਰ 'ਤੇ ਉਹ ਤਦ ਹੀ ਲੜਦੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਕੀਤਾ ਜਾਂਦਾ ਸੀ। ਸਿਰਫ਼ ਦੋ ਮੌਕਿਆਂ 'ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਬੇਟੇ, ਬਾਬਾ ਅਜੀਤ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹ ਜਾ ਕੇ ਉਨ੍ਹਾਂ ਗਰੀਬ ਬ੍ਰਾਹਮਣਾਂ ਦੀ ਮਦਦ ਕਰੇ ਜਿਨ੍ਹਾਂ ਦੀ ਨਵੀਂ ਵਿਆਹੀ ਨੂੰਹ ਨੂੰ ਸਥਾਨਕ ਮੁਗਲ ਚੌਧਰੀ ਅਗਵਾ ਕਰ ਕੇ ਲੈ ਗਿਆ ਹੈ। ਉਸ ਸਮੇਂ ਬਾਬਾ ਅਜੀਤ ਸਿੰਘ ਨੇ ਆਪਣੇ ਕੁਝ ਸਾਥੀ ਸਿੰਘਾਂ ਨਾਲ ਮੁਗਲ ਚੋਧਰੀ ਸੀ ਹਵੇਲੀ ਉੱਤੇ ਹਮਲਾ ਕਰ ਕੇ ਉਸ ਨਿਰਦੋਸ਼ ਔਰਤ ਨੂੰ ਦੋਸ਼ੀ ਮੁਗਲ ਦੇ ਸ਼ਿਕੰਜੇ ਤੋਂ ਆਜ਼ਾਦ ਕਰਾਇਆ ਸੀ।

ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਮੁਗ਼ਲ ਸ਼ਾਸ਼ਕਾਂ ਨਾਲ 4 ਲੜਾਈਆਂ ਲੜੀਆਂ ਅਤੇ ਸਭ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜੰਗੀ ਰਣਨੀਤੀ ਜਰਨੈਲਾਂ ਨੂੰ ਚੁਣੌਤੀ ਦੇਣਾ ਅਤੇ ਉਨ੍ਹਾਂ ਨਾਲ ਲੜਨਾ ਸੀ। ਉਹ ਲੋਕਾਂ ਨੂੰ ਖੂਨ-ਖ਼ਰਾਬੇ ਤੋਂ ਬਚਾਉਣਾ ਚਾਹੁੰਦੇ ਸਨ। ਪਰ ਫਿਰ ਵੀ ਇਨ੍ਹਾਂ ਲੜਾਈਆਂ ਵਿਚ ਬਹੁਤ ਸਾਰੇ ਬਹਾਦਰ ਸਿੱਖ ਅਤੇ ਮੁਗਲ ਫੌਜੀ ਮਾਰੇ ਗਏ ਕਿਉਂਕਿ ਕੋਈ ਵੀ ਜਰਨੈਲ ਇਕੱਲੇ ਗੁਰੂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ।

ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 25 ਸਾਲਾਂ ਦੇ ਅਰਸੇ ਵਿਚ 16 ਲੜਾਈਆਂ ਦਾ ਸਾਹਮਣਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ, ਹਜ਼ਾਰਾਂ ਸਿੱਖ, ਸ਼ਰਧਾਲੂ ਮੁਸਲਮਾਨ, ਪੀਰ ਬੁੱਧੂ ਸ਼ਾਹ, ਉਸ ਦੇ ਦੋ ਪੁੱਤਰ, ਭਤੀਜੇ ਅਤੇ ਬਹੁਤ ਸਾਰੇ ਅਨੁਯਾਈ, ਮੁਗ਼ਲਾਂ ਨਾਲ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਗਏ। ਬਾਅਦ ਵਿਚ, ਸਧੋਰਾ ਦੇ ਮੁਗ਼ਲ ਸ਼ਾਸਕ, ਨਵਾਬ ਇਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਮਾਰ ਦਿੱਤਾ ਅਤੇ ਉਸ ਦੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਕੇ ਸਧੋਰਾ ਦੇ ਵੱਖ ਵੱਖ ਹਿੱਸਿਆਂ ਵਿਚ ਸੁੱਟ ਦਿੱਤਾ। ਅਜਿਹੀ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਾ ਸਾਥ ਦੇਣ ਕਾਰਣ ਸਜ਼ਾ ਦਿੱਤੀ ਗਈ। ਅਜਿਹੇ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਲਈ ਅਪਰਾਧੀਆਂ ਅਤੇ ਦੋਸ਼ੀਆਂ ਨੂੰ ਸਜ਼ਾ ਦੇਣਾ ਇਕ ਮਿਸ਼ਨ ਬਣ ਗਿਆ।

ਸਰਹਿੰਦ ਦਾ ਨਵਾਬ, ਵਜ਼ੀਰ ਖ਼ਾਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸੀ, ਨੂੰ ਇਹ ਜਾਣਦਿਆਂ ਰਾਹਤ ਮਹਿਸੂਸ ਹੋ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਤੁਰ ਗਏ ਸਨ। ਪਰੰਤੂ ਉਹਨਾਂ ਨੂੰ ਲਗਾਤਾਰ ਡਰ ਸੀ ਕਿ ਸਿੱਖ ਉਸਨੂੰ ਜੀਣ ਨਹੀਂ ਦੇਣਗੇ। ਉਸ ਨੇ ਗੁਰੂ ਜੀ ਦਾ ਪਿੱਛਾ ਕਰਨ ਅਤੇ ਕਤਲ ਕਰਨ ਲਈ ਦੋ ਪਠਾਣ ਖੁਫ਼ੀਆਂ ਤੌਰ ਉੱਤੇ ਭੇਜੇ । ਨੰਦੇੜ੍ਹ ਵਿਖੇ ਇਕ ਦਿਨ ਉਹ, ਗੁਰੂ ਗੋਬਿੰਦ ਸਿੰਘ ਜੀ ਨੂੰ, ਜਦੋਂ ਗੁਰੂ ਜੀ ਅਰਾਮ ਕਰ ਰਹੇ ਸਨ, ਉਸ ਸਮੇਂ ਚਾਕੂ ਮਾਰਨ ਵਿਚ ਸਫਲ ਹੋ ਗਏ। ਬੇਸ਼ਕ ਦੋਨੋਂ ਪਠਾਣ ਮੌਕੇ ਉੱਤੇ ਹੀ ਮਾਰੇ ਗਏ ਅਤੇ ਗੁਰੂ ਜੀ ਦੇ ਜ਼ਖਮਾਂ ਦਾ ਯਥਾਯੋਗ ਇਲਾਜ ਕੀਤਾ ਗਿਆ। ਪਰ ਲਗਭਗ ਡੇਢ ਮਹੀਨੇ ਬਾਅਦ, ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਗੁਰੂ ਜੀ ਜੋਤੀ ਜੋਤ ਸਮਾ ਗਏ। ਪਰ ਇਸ ਤੋਂ ਪਹਿਲਾਂ ਹੀ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰ ਲਈ ਸੀ, ਅਤੇ ਬੰਦਾ ਸਿੰਘ ਬਹਾਦਰ ਨੂੰ ਤਿਆਰ ਕਰ ਕੇ ਪੰਜਾਬ ਭੇਜ ਦਿੱਤਾ ਸੀ।

ਸਿੱਖ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖ ਹਮਲਾਵਰ ਹੋਏ ਸਨ ਪਰ ਉਨ੍ਹਾਂ ਦਾ ਉਦੇਸ਼ ਪਹਿਲਾਂ ਵਾਂਗ ਹੀ ਸੀ। ਬੰਦਾ ਸਿੰਘ ਪੰਜਾਬ ਵੱਲ ਚਾਲੇ ਪਾ ਚੁੱਕਾ ਸੀ। ਇਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ "ਸ਼ਬਦ ਗੁਰੂ - ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਨਿਵਾਜ਼ਨ ਪਿੱਛੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਜਦੋਂ ਬੰਦਾ ਸਿੰਘ ਪੰਜਾਬ ਦੀ ਸਰਹੱਦ ਵਿਖੇ ਪਹੁੰਚਿਆ ਤਾਂ ਉਸ ਨਾਲ ਲਗਭਗ 500 ਆਦਮੀ ਸਨ। ਪੰਜਾਬ ਪਹੁੰਚ ਕੇ, ਬੰਦਾ ਸਿੰਘ ਨੇ ਪੂਰੇ ਪੰਜਾਬ, ਕਸ਼ਮੀਰ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਗੁਰੂ ਜੀ ਦਾ ਸੰਦੇਸ਼ ਭੇਜਿਆ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਬੇਅੰਤ ਕੁਰਬਾਨੀਆਂ, ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਂ ਆਮ ਲੋਕਾਂ ਵਿਚ ਤਾਜ਼ਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਮੁਗ਼ਲ ਸ਼ਾਸਕਾਂ ਤੋਂ ਬਦਲਾ ਲੈਣ ਦੀ ਅੱਗ ਨੂੰ ਭਾਂਬੜ ਬਣਾ ਦਿੱਤਾ। ਗੁਰੂ ਜੀ ਦੇ ਹੁਕਮਨਾਮੇ ਨੂੰ ਮੰਨਦੇ ਹੋਏ ਅਨੇਕ ਸਿੱਖ ਬੰਦਾ ਸਿੰਘ ਦੇ ਮਿਸ਼ਨ ਦੀ ਕਾਮਯਾਬੀ ਲਈ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ। ਜਲਦੀ ਹੀ ਬੰਦਾ ਸਿੰਘ ਕੋਲ 4000 ਘੋੜ ਸਵਾਰਾਂ ਅਤੇ 7800 ਪੈਦਲ ਸਿੱਖਾਂ ਦੀ ਫੌਜ ਤਿਆਰ ਹੋ ਗਈ। ਕੁਝ ਹੀ ਸਮੇਂ ਬਾਅਦ ਉਸ ਨੂੰ 40,000 ਯੋਧਿਆਂ ਦਾ ਸਾਥ ਪ੍ਰਾਪਤ ਹੋ ਚੁੱਕਾ ਸੀ। ਉਸਦੀ ਫੌਜ ਵਿਚ ਚਾਰ ਕਿਸਮਾਂ ਦੇ ਲੋਕ ਸਨ; (1) ਪੰਜਾਬ, ਕਾਬੁਲ, ਕੰਧਾਰ, ਮੁਲਤਾਨ ਅਤੇ ਕਸ਼ਮੀਰ ਤੋਂ ਸੱਚੇ ਆਏ ਸਿੱਖੀ ਦੇ ਪੈਰੋਕਾਰ, (2) ਨਿਆਂ ਪਸੰਦ ਅੱਲਾ ਦੀ ਹੌਂਦ ਵਿਚ ਆਸਥਾ ਰੱਖਣ ਵਾਲੇ ਮੁਸਲਮਾਨ, (3) ਗਰੀਬ, ਪਿਛੜੇ ਤੇ ਛੋਟੀਆਂ ਜਾਤੀਆਂ ਵਾਲੇ ਲੋਕ, ਜੋ ਜ਼ੁਲਮਾਂ ਦਾ ਸ਼ਿਕਾਰ ਹੋਏ ਸਨ। (4) ਕੁਝ ਸੁਆਰਥੀ ਤੇ ਭੈੜੇ ਅਨਸਰ ਵੀ ਸਨ, ਜੋ ਸਿਰਫ਼ ਲੁੱਟਣ ਦੇ ਇਰਾਦੇ ਨਾਲ ਇਨ੍ਹਾਂ ਨਾਲ ਆ ਰਲੇ ਸਨ।

ਫਰਵਰੀ 1709 ਦੌਰਾਨ ਬੰਦਾ ਸਿੰਘ ਨੇ ਸੋਨੀਪਤ ਅਤੇ ਕੈਥਲ ਉੱਤੇ ਸਹਿਜੇ ਹੀ ਕਬਜ਼ਾ ਕਰ ਲਿਆ। ਇਸ ਜਿੱਤ ਕਾਰਣ ਹੋਰ ਲੋਕ ਉਸ ਦੀ ਫੌਜ ਵਿਚ ਸ਼ਾਮਲ ਹੋ ਗਏ। ਸਮਾਣਾ, ਮੁਗਲ ਸਲਤਨਤ ਦਾ ਇੱਕ ਵੱਡਾ ਸ਼ਹਿਰ ਸੀ ਜਿਥੇ ਸਰਕਾਰੀ ਸਿੱਕਿਆਂ ਦੀ ਟਕਸਾਲ ਸਥਿਤ ਸੀ। ਬੰਦਾ ਸਿੰਘ ਨੇ 11 ਨਵੰਬਰ 1709 ਨੂੰ ਇਹ ਸ਼ਹਿਰ ਜਿੱਤ ਲਿਆ ਸੀ। ਵਰਨਣ ਮਿਲਦਾ ਹੈ ਕਿ ਇਸ ਲੜਾਈ ਵਿਚ ਲਗਭਗ 20,000 ਲੋਕ ਮਾਰੇ ਗਏ। ਸਮਾਣਾ ਵਿਖੇ ਪ੍ਰਾਪਤ ਹੋਏ ਖ਼ਜ਼ਾਨੇ ਨਾਲ, ਸਿੱਖ ਆਰਥਿਕ ਤੌਰ ਤੇ ਸਮਰਥ ਹੋ ਗਏ। ਜਲਦੀ ਹੀ ਦੋ ਹੋਰ ਫੌਜੀ ਕੇਂਦਰਾਂ ਮੁਸਤਫਾਬਾਦ ਅਤੇ ਸਧੋਰਾ (ਨੇੜੇ ਜਗਾਧਰੀ) ਨੂੰ ਵੀ ਜਿੱਤ ਲਿਆ ਗਿਆ। ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਤੋਂ ਬਾਅਦ, ਪੰਜਾਬ ਦੇ ਹੋਰ ਕਸਬਿਆਂ ਜਿਵੇਂ ਕਿ ਘੜ੍ਹਾਮ, ਠਸਕਾ, ਸ਼ਾਹਬਾਦ, ਕਪੂਰੀ, ਆਦਿ ਨੂੰ ਫਤਿਹ ਕਰ ਲਿਆ ਗਿਆ।

ਬੰਦਾ ਸਿੰਘ ਦੀ ਫੌਜ ਨੇ ਪੀਰ ਬੁੱਧੂ ਸ਼ਾਹ ਦੇ ਕਾਤਲ ਉਸਮਾਨ ਖਾਨ ਨੂੰ ਮਾਰ ਦਿੱਤਾ। ਜ਼ਾਲਮ ਉਸਮਾਨ ਖਾਨ ਦੀ ਮੌਤ ਨਾਲ ਸਧੌਰਾ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਸਿੱਖ ਫੌਜ ਦੇ ਸ਼ੁਕਰਗੁਜ਼ਾਰ ਬਣ ਗਏ। ਮਲੇਰਕੋਟਲਾ ਬਿਨਾਂ ਕਿਸੇ ਵਿਰੋਧ ਦੇ ਜਿੱਤਿਆ ਗਿਆ, ਕਿਉਂਕਿ ਇਹ ਮਲੇਰਕੋਟਲਾ ਦਾ ਉਹ ਨਵਾਬ ਹੀ ਸੀ, ਜਿਸਨੇ ਗੁਰੂ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਹੱਤਿਆ ਵਿਰੁੱਧ ਜ਼ੋਰਦਾਰ ਅਪੀਲ ਕੀਤੀ ਸੀ। ਇਸ ਦੌਰਾਨ ਮਾਝੇ (ਮੱਧ ਪੰਜਾਬ) ਦੇ ਸਿੱਖਾਂ ਦੇ ਇਕ ਹੋਰ ਸਮੂਹ ਨੇ ਰੋਪੜ ਅਤੇ ਇਸ ਦੇ ਨੇੜਲੇ ਇਲਾਕਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਬੰਦਾ ਸਿੰਘ ਦੀਆਂ ਫ਼ੌਜਾਂ ਵਿਚ ਸ਼ਾਮਲ ਹੋ ਗਏ।

ਹੁਣ ਸਿੱਖਾਂ ਦਾ ਮੁੱਖ ਉਦੇਸ਼ ਸਰਹਿੰਦ ਅਤੇ ਇਸ ਦੇ ਨਵਾਬ ਵਜ਼ੀਰ ਖ਼ਾਨ ਨੂੰ ਸਰ ਕਰਨ ਦਾ ਸੀ। ਇਹ ਲੜਾਈ ਮਈ 1710 ਵਿਚ ਸਰਹਿੰਦ ਤੋਂ 15 ਮੀਲ ਦੀ ਦੂਰੀ 'ਤੇ "ਚੱਪੜਚਿੜੀ" ਦੇ ਮੈਦਾਨ
1601089226422.png
ਵਿਚ ਹੋਈ ਸੀ। ਵਜ਼ੀਰ ਖ਼ਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮੁਗਲ ਫੌਜ ਮੈਦਾਨ ਤੋਂ ਭੱਜ ਗਈ। ਸਿੱਖ ਸਰਹਿੰਦ ਸ਼ਹਿਰ ਵਿਚ ਦਾਖਲ ਹੋਏ। ਬਹੁਤੇ ਉੱਚ ਅਧਿਕਾਰੀ ਅਤੇ ਪ੍ਰਬੰਧਕ ਮਾਰੇ ਗਏ ਸਨ। ਉਨ੍ਹਾਂ ਦੀਆਂ ਇਮਾਰਤਾਂ ਨੂੰ ਲੁੱਟ ਲਿਆ ਗਿਆ। ਪਰ ਬੰਦਾ ਬਹਾਦਰ ਨੇ ਆਪਣੀ ਫੌਜ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਹ ਮਸਜਿਦਾਂ, ਮਦਰੱਸਿਆਂ ਅਤੇ ਮਕਬਰਿਆਂ (ਕਬਰਾਂ) ਨੂੰ ਨੁਕਸਾਨ ਨਾ ਪਹੁੰਚਾਉਣ। ਸ਼ੇਖ ਅਹਿਮਦ ਸਰਹਿੰਦੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਮੁੱਖ ਸਾਜ਼ਿਸ਼-ਕਰਤਾ ਸੀ। ਇੱਥੋਂ ਤਕ ਕਿ ਉਸਦੀ ਕਬਰ ਵੀ ਨਸ਼ਟ ਨਹੀਂ ਕੀਤੀ ਗਈ। ਧਾਰਮਿਕ ਵਖਰੇਵੇਂ ਦੇ ਬਾਵਜੂਦ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਾਇਆ ਗਿਆ। ਇਨ੍ਹਾਂ ਯੁੱਧਾਂ ਨੂੰ ਕੋਈ ਧਾਰਮਿਕ ਰੰਗ ਦੇਣ ਤੋਂ ਬਚਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਜਦੋਂ ਵੀ ਕੋਈ ਖੇਤਰ ਜਿੱਤ ਲਿਆ ਜਾਂਦਾ ਸੀ ਤਾਂ ਬੰਦਾ ਸਿੰਘ ਉਸ ਸਥਾਨ ਵਿਖੇ ਰਾਜ ਕਰਨ ਲਈ ਆਪਣਾ ਇਕ ਭਰੋਸੇਯੋਗ ਅਧਿਕਾਰੀ ਨਿਯੁਕਤ ਕਰ ਦਿੰਦਾ ਸੀ ਅਤੇ ਇਹ ਅਧਿਕਾਰੀ ਹੀ ਸਥਾਨਕ ਪ੍ਰਸ਼ਾਸਨ ਚਲਾਉਣ ਲਈ ਉਚਿਤ ਲੋਕਾਂ ਨੂੰ ਨਿਯੁਕਤ ਕਰਦਾ ਸੀ। ਸੰਨ 1710 ਵਿਚ, ਬੰਦਾ ਸਿੰਘ ਨੇ ਜਮਨਾ ਅਤੇ ਗੰਗਾ ਨਦੀਆਂ ਵਿਚਕਾਰਲੇ ਖੇਤਰ ਜਿਵੇਂ ਸਹਾਰਨਪੁਰ, ਸ਼ਾਮਲੀ, ਮੁਜ਼ੱਫਰ ਨਗਰ ਆਦਿ ਉੱਤੇ ਕਬਜ਼ਾ ਕਰ ਲਿਆ। ਬੰਦਾ ਸਿੰਘ ਨੇ ਪਹਾੜੀ ਖੇਤਰ ਦੇ ਕੋਲ ਮੁਖਲਿਸ ਗੜ੍ਹ ਵਿਖੇ ਆਪਣੀ ਰਾਜਧਾਨੀ ਸਥਾਪਿਤ ਕੀਤੀ। ਉਸਨੇ ਮੁਖਲਿਸ ਗੜ੍ਹ ਦੇ ਕਿਲ੍ਹੇ ਦੀ ਮੁਰੰਮਤ ਕੀਤੀ ਅਤੇ ਇਸਦਾ ਨਾਮ ਲੋਹਗੜ੍ਹ ਰੱਖ ਦਿੱਤਾ। ਉਸਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਵਾਲੇ ਸਿੱਕੇ ਅਤੇ ਮੁਹਰਾਂ ਬਣਾਉਣ ਲਈ ਟਕਸਾਲ ਦੀ ਸ਼ੁਰੂਆਤ ਕੀਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।

ਮੁਗਲਾਂ ਦੇ ਜ਼ੁਲਮ
ਲਾਹੌਰ ਦੇ ਪੂਰਬ ਵਿਚ ਸਿੱਖਾਂ ਦੇ ਰਾਜ ਦੀ ਸਥਾਪਤੀ ਕਾਰਨ ਮੁਗਲ ਸਲਤਨਤ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚਕਾਰ ਸੰਚਾਰ ਕਾਰਜਾਂ ਵਿਚ ਵਿਘਨ ਪੈ ਗਿਆ। ਇਸ ਤੋਂ ਚਿੰਤਤ ਮੁਗਲ ਸਮਰਾਟ ਬਹਾਦੁਰ ਸ਼ਾਹ ਨੇ ਰਾਜਸਥਾਨ ਦੇ ਬਾਗ਼ੀਆਂ ਨੂੰ ਕਾਬੂ ਕਰਨ ਦੀ ਆਪਣੀ ਯੋਜਨਾ ਤਿਆਗ ਦਿੱਤੀ ਅਤੇ ਪੰਜਾਬ ਵੱਲ ਕੂਚ ਕਰ ਦਿੱਤਾ। ਬੰਦਾ ਸਿੰਘ ਨੂੰ ਹਰਾਉਣ ਅਤੇ ਮਾਰਨ ਲਈ ਸਮੁੱਚੀ ਸ਼ਾਹੀ ਤਾਕਤ ਲਗਾ ਦਿੱਤੀ ਗਈ। ਸਾਰੇ ਮੁਗਲ ਜਰਨੈਲਾਂ ਨੂੰ ਬਾਦਸ਼ਾਹੀ ਫੌਜ ਵਿੱਚ ਸ਼ਾਮਲ ਹੋਣ ਦਾ ਹੁਕਮ ਕੀਤਾ ਗਿਆ। ਇਹ ਪੱਕ ਕਰਨ ਲਈ ਕਿ ਫੌਜੀ ਕੈਂਪਾਂ ਵਿਚ ਕੋਈ ਸਿੱਖ ਏਜੰਟ ਨਹੀਂ ਹਨ, 29 ਅਗਸਤ, 1710 ਨੂੰ ਸਾਰੇ ਹਿੰਦੂਆਂ ਨੂੰ ਦਾੜ੍ਹੀ ਕੱਟਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ।

ਤਦ ਬੰਦਾ ਸਿੰਘ ਅਜੇ ਉੱਤਰ ਪ੍ਰਦੇਸ਼ ਵਿਚ ਹੀ ਸੀ, ਜਦੋਂ ਮੁਨੀਮ ਖ਼ਾਨ ਦੇ ਆਦੇਸ਼ਾਂ ਹੇਠ ਮੁਗਲ ਫ਼ੌਜ ਸਰਹਿੰਦ ਉੱਤੇ ਕਬਜ਼ਾ ਕਰਨ ਲਈ ਚਲ ਪਈ। ਬੰਦਾ ਸਿੰਘ ਦੀ ਸਰਹਿੰਦ ਵਾਪਸੀ ਤੋਂ ਪਹਿਲਾਂ ਹੀ ਮੁਗਲ ਫੌਜ ਨੇ ਸਰਹਿੰਦ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਇਸ ਲਈ ਸਿੱਖ ਆਪਣੀ ਫੈਸਲਾਕੁੰਨ ਲੜਾਈ ਲਈ ਲੋਹਗੜ੍ਹ ਚਲੇ ਗਏ। ਸਿੱਖਾਂ ਨੇ ਮੁਗਲ ਫ਼ੌਜ ਨੂੰ ਹਰਾ ਦਿੱਤਾ ਪਰ ਮੁਗਲ ਫੌਜ ਦੀ ਹੋਰ ਵਧੇਰੇ ਨਫ਼ਰੀ ਆ ਪਹੁੰਚੀ ਜਿਸ ਕਾਰਣ 60,000 ਮੁਗਲ ਫ਼ੌਜੀਆਂ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ।

ਸਿੱਖ ਜਰਨੈਲ ਗੁਲਾਬ ਸਿੰਘ, ਬੰਦਾ ਸਿੰਘ ਦਾ ਰੂਪ ਧਾਰ ਕੇ ਕਿਲ੍ਹੇ ਅੰਦਰ ਬੰਦਾ ਸਿੰਘ ਦੇ ਸਥਾਨ ਉੱਤੇ ਤੈਨਾਤ ਹੋ ਗਿਆ। ਬੰਦਾ ਸਿੰਘ ਰਾਤ ਨੂੰ ਕਿਲ੍ਹੇ ਵਿਚੋਂ ਨਿਕਲ ਕੇ ਚੰਬੇ ਦੇ ਪਹਾੜਾਂ ਵਿਖੇ ਮੌਜੂਦ ਜੰਗਲਾਂ ਵਿਚ ਕਿਸੇ ਖੁਫੀਆ ਸਥਾਨ ਵਿਖੇ ਚਲਾ ਗਿਆ। ਬੰਦਾ ਸਿੰਘ ਨੂੰ ਮਾਰਨ ਜਾਂ ਫੜਨ ਵਿੱਚ ਫ਼ੌਜ ਦੀ ਅਸਫਲਤਾ ਨੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਦੁਖੀ ਕਰ ਦਿੱਤਾ। ਦਸ ਦਸੰਬਰ 1710 ਨੂੰ ਉਸ ਨੇ ਹੁਕਮ ਜਾਰੀ ਕੀਤਾ ਕਿ ਜਿਥੇ ਵੀ ਕੋਈ ਸਿੱਖ ਨਜ਼ਰੀ ਆਵੇ, ਉਸ ਨੂੰ ਮਾਰ ਦਿੱਤਾ ਜਾਵੇ। ਸਮੇਂ ਨਾਲ ਬਾਦਸ਼ਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋ ਗਿਆ ਅਤੇ 18 ਫਰਵਰੀ 1712 ਨੂੰ ਉਸ ਦੀ ਮੌਤ ਹੋ ਗਈ।

ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਕਿ ਉਹ ਮੁੜ ਸੰਗਠਿਤ ਹੋ ਕੇ ਤੁਰੰਤ ਉਸ ਦਾ ਸਾਥ ਦੇਣ। ਸੰਨ 1711 ਵਿਚ ਸਿੱਖ ਕੀਰਤਪੁਰ ਸਾਹਿਬ ਦੇ ਨੇੜੇ ਇਕੱਠੇ ਹੋਏ ਅਤੇ ਰਾਜਾ ਭੀਮ ਚੰਦ ਨੂੰ ਹਰਾਇਆ। ਇਹ ਰਾਜਾ ਭੀਮ ਚੰਦ ਹੀ ਸੀ, ਜੋ ਸਾਰੇ ਪਹਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਸੰਗਠਿਤ ਕਰਨ ਅਤੇ ਗੁਰੂ ਜੀ ਨਾਲ ਲੜਾਈਆਂ ਕਰਨ ਲਈ ਉਕਸਾਉਣ ਦਾ ਜ਼ਿੰਮੇਵਾਰ ਸੀ। ਭੀਮ ਚੰਦ ਦੀ ਮੌਤ ਤੋਂ ਬਾਅਦ ਦੂਸਰੇ ਪਹਾੜੀ ਰਾਜਿਆਂ ਨੇ ਬੰਦਾ ਸਿੰਘ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਉਸ ਨੂੰ ਮਾਲੀਆ ਅਦਾ ਕਰਨ ਦਾ ਅਹਿਦ ਕੀਤਾ।

ਇਸ ਸਮੇਂ, ਜਦ ਕਿ ਬਹਾਦਰ ਸ਼ਾਹ ਦੇ ਚਾਰ ਪੁੱਤਰ ਰਾਜਗੱਦੀ ਲਈ ਆਪਸ ਵਿਚ ਲੜ ਰਹੇ ਸਨ, ਤਾਂ ਬੰਦਾ ਸਿੰਘ ਬਹਾਦਰ ਨੇ ਸਧੋਰਾ ਅਤੇ ਲੋਹਗੜ ਉੱਤੇ ਦੁਬਾਰਾ ਕਬਜ਼ਾ ਕਰ ਲਿਆ। ਸੰਨ 1712 ਵਿਚ ਉਸ ਨੇ ਬਟਾਲਾ, ਕਲਾਨੌਰ, ਸਰਹਿੰਦ, ਮੁਜ਼ੱਫਰ ਨਗਰ ਅਤੇ ਹੋਰ ਇਲਾਕਿਆਂ ਨੂੰ ਵੀ ਜਿੱਤ ਲਿਆ। ਸੰਨ 1713 ਵਿਚ
ਫਾਰੁਖਸੀਅਰ ਅਗਲਾ ਮੁਗਲ ਬਾਦਸ਼ਾਹ ਬਣਿਆ ਅਤੇ ਉਸ ਨੇ ਅਬਦੁਸ ਸਮਦ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਅਬਦੁਸ ਸਮਦ ਖ਼ਾਨ ਦੇ ਬੇਟੇ ਜ਼ਕਰੀਆ ਖ਼ਾਨ ਨੂੰ ਜੰਮੂ ਦਾ ਫੌਜ਼ਦਾਰ ਲਗਾ ਦਿੱਤਾ। ਸੰਨ 1713 ਵਿਚ ਸਿੱਖ ਲੋਹਗੜ੍ਹ ਅਤੇ ਸਧੋਰਾ ਛੱਡ ਕੇ ਜੰਮੂ ਦੀਆਂ ਦੂਰ ਦੁਰੇਡੇ ਦੀਆਂ ਪਹਾੜੀਆਂ ਵੱਲ ਚਲੇ ਗਏ ਅਤੇ ਇਥੇ ਹੀ ਉਨ੍ਹਾਂ ਨੇ ਡੇਰਾ ਬਾਬਾ ਬੰਦਾ ਸਿੰਘ ਬਣਾਇਆ। ਇਸ ਸਮੇਂ ਦੌਰਾਨ ਪਠਾਣਾਂ ਦੁਆਰਾ ਵਿਸ਼ੇਸ਼ ਕਰਕੇ ਗੁਰਦਾਸਪੁਰ ਖਿੱਤੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ। ਇਸ ਜ਼ੁਲਮ ਨੂੰ ਰੋਕਣ ਲਈ ਬੰਦਾ ਸਿੰਘ ਨੇ ਇਸ ਖੇਤਰ ਵਿਖੇ ਹਮਲਾ ਕਰ ਕੇ ਕਲਾਨੌਰ ਅਤੇ ਬਟਾਲਾ ਉੱਤੇ ਕਬਜ਼ਾ ਕਰ ਲਿਆ। ਜਿਸ ਕਾਰਣ ਫਾਰੁਖਸੀਅਰ ਗੁੱਸੇ ਨਾਲ ਲਾਲ ਪੀਲਾ ਹੋ ਉੱਠਿਆ ਅਤੇ ਉਸ ਨੇ ਮੁਗਲ ਅਤੇ ਹਿੰਦੂ ਅਧਿਕਾਰੀਆਂ ਤੇ ਮੁਖੀਆਂ ਨੂੰ ਆਪੋ-ਆਪਣੀਆਂ ਫ਼ੌਜਾਂ ਨਾਲ ਲਾਹੌਰ ਪਹੁੰਚਣ ਦਾ ਹੁਕਮ ਚਾੜ੍ਹ ਦਿੱਤਾ ਤਾਂ ਜੋ ਸ਼ਾਹੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ ਜਾ ਸਕੇ।

ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਆਮ ਲੋਕਾਂ ਵਿਚ ਪ੍ਰਚਲਿਤ ਇਹ ਧਾਰਣਾ ਕਿ ਮੁਗਲਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਪਹਿਲੀ ਵਾਰ ਸਫਲਤਾ ਨਾਲ ਤੋੜ ਦਿੱਤੀ । ਉਸ ਨੇ ਲੋਕਤੰਤਰੀ ਰਾਜ ਕਾਇਮ ਕੀਤਾ। ਗਰੀਬ, ਕਮਜ਼ੋਰ ਤੇ ਦੱਬੇ-ਕੁਚਲੇ ਲੋਕਾਂ ਨੂੰ ਮਾਣ ਨਾਲ ਜੀਵਨ ਜਿਊਣ ਦਾ ਮੌਕਾ ਦਿੱਤਾ। ਜੋ ਲੋਕ ਜ਼ਮੀਨਾਂ ਦੀ ਵਾਹੀ ਕਰਦੇ ਸਨ, ਉਨ੍ਹਾਂ ਨੂੰ ਉਸ ਨੇ ਜ਼ਮੀਨ ਦੇ ਮਾਲਕ ਬਣਾ ਦਿੱਤਾ। ਬੰਦਾ ਸਿੰਘ ਬਹਾਦਰ ਨੇ ਗਰੀਬਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਨੇ ਹਥਿਆਰ ਸੁੱਟਣ ਵਾਲੇ ਵੈਰੀਆਂ ਵੀ ਦਾ ਕੋਈ ਨੁਕਸਾਨ ਨਹੀਂ ਕੀਤਾ। ਉਦਾਹਰਣ ਲਈ, ਅਫਗਾਨ ਲੜਾਕਿਆਂ ਦਾ ਇਕ ਫੌਜੀ ਯੂਨਿਟ, ਜੋ ਬੰਦਾ ਸਿੰਘ ਨਾਲ ਲੜਨਾ ਨਹੀਂ ਚਾਹੁੰਦਾ ਸੀ, ਨੇ ਬੰਦਾ ਸਿੰਘ ਬਹਾਦਰ ਦੀ ਫੌਜ ਅੱਗੇ ਹਥਿਆਰ ਸੁੱਟ ਦਿੱਤੇ, ਅਤੇ ਉਸ ਦੀ ਅਗੁਵਾਈ ਸਵੀਕਾਰ ਕਰ ਲਈ ਤਾਂ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਆਪਣੀ ਫੌਜ ਵਿਚ ਸ਼ਾਮਿਲ ਕਰ ਲਿਆ।

ਬੰਦਾ ਸਿੰਘ ਬਹਾਦਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਸ ਨੇ ਜ਼ਿਮੀਂਦਰੀ ਪ੍ਰਣਾਲੀ ਨੂੰ ਖ਼ਤਮ ਕਰਦੇ ਹੋਏ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀਅਤ ਦਿੱਤੀ ਸੀ। ਅਜਿਹੇ ਪ੍ਰਮਾਣ ਮਿਲਦੇ ਹਨ ਕਿ ਉਸ ਸਮੇਂ ਸਮੂਹ ਸਰਕਾਰੀ ਅਧਿਕਾਰੀ ਜਬਰਦਸਤੀ ਮਾਲੀਆ ਵਸੂਲਣ ਲਈ ਜ਼ਬਰਦਸਤੀ ਕਰਨ ਤੇ ਭ੍ਰਿਸ਼ਟਾਚਾਰ ਦੇ ਆਦੀ ਬਣ ਚੁੱਕੇ ਸਨ ਅਤੇ ਨਿਯਮਤ ਪ੍ਰਣਾਲੀ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਹੋ ਚੁੱਕੀ ਸੀ। ਬੰਦਾ ਸਿੰਘ ਬਹਾਦਰ ਨੇ ਨਵੀਂ ਵਿਵਸਥਾ ਦੀ ਸਥਾਪਤੀ ਨਾਲ ਮਾਲੀਆ ਵਸੂਲਣ ਲਈ ਜ਼ਬਰਦਸਤੀ ਕਰਨ ਤੇ ਭ੍ਰਿਸ਼ਟਾਚਾਰ ਦੇ ਭੂਤ ਨੂੰ ਨੱਥ ਪਾਈ ।

ਬੰਦਾ ਸਿੰਘ ਤੇ ਉਸਦੇ ਸਾਥੀਆ ਦੀ ਗ੍ਰਿਫਤਾਰੀ ਅਤੇ ਤਸ਼ੱਦਦ
ਅਪ੍ਰੈਲ 1715 ਵਿਚ ਫਾਰੁਖਸੀਅਰ ਨੇ ਉੱਤਰ ਭਾਰਤ ਵਿਚ ਆਪਣੇ ਸਾਰੇ ਸੂਬੇਦਾਰਾਂ ਨੂੰ ਆਦੇਸ਼ ਭੇਜਿਆ ਕਿ ਬੰਦਾ ਸਿੰਘ ਨੂੰ ਜਾਂ ਤਾਂ ਮਾਰਿਆ ਜਾਵੇ ਜਾਂ ਗਿਰਫ਼ਤਾਰ ਕੀਤਾ ਜਾਵੇ। ਉਸਨੇ ਲਾਹੌਰ ਦੇ ਸੂਬੇਦਾਰ, ਅਬਦੂ-ਸਮਦ ਨੂੰ, ਉਸ ਦੀ, ਬੰਦਾ ਸਿੰਘ ਨੂੰ ਕਾਬੂ ਨਾ ਕਰ ਸਕਣ ਦੀ ਅਸਫ਼ਲਤਾ ਲਈ ਤਾੜਨਾ ਕੀਤੀ ਅਤੇ ਇਸ ਕਾਰਜ ਦੀ ਸਫਲਤਾ ਲਈ ਮਦਦ ਵਾਸਤੇ ਆਪਣੀਆਂ ਫੌਜਾਂ ਭੇਜੀਆ। ਬੰਦਾ ਸਿੰਘ ਅਤੇ ਉਸ ਦੀਆਂ ਫ਼ੌਜਾਂ ਗੁਰਦਾਸਪੁਰ ਵਿਖੇ ਸਨ। ਉਸ ਨੇ ਗੁਰਦਾਸ ਨੰਗਲ ਵਿਖੇ ਦੁਨੀ ਚੰਦ ਦੇ ਇਕ ਕੱਚੀ ਗੜ੍ਹੀ ਉੱਤੇ ਕਬਜ਼ਾ ਕਰ ਲਿਆ। ਮੁਗਲ ਫੌਜਾਂ ਵਿਚ ਇਸ ਕੱਚੀ ਗੜ੍ਹੀ ਉੱਤੇ ਹਮਲਾ ਕਰਨ ਦੀ ਹਿੰਮਤ ਵੀ ਨਹੀਂ ਸੀ ਇਸ ਲਈ ਉਨ੍ਹਾਂ ਅਗਲੇ 8 ਮਹੀਨਿਆਂ ਤੱਕ ਇਸ ਗੜ੍ਹੀ ਨੂੰ ਘੇਰਾ ਪਾਈ ਰੱਖਿਆ। ਬੰਦਾ ਸਿੰਘ ਕੋਲ ਸਿਰਫ ਥੋੜ੍ਹੇ ਜਿਹੇ ਸੈਨਿਕ ਸਨ । ਹਥਿਆਰ ਅਤੇ ਭੋਜਨ ਵੀ ਸੀਮਤ ਮਾਤਰਾ ਵਿਚ ਹੀ ਸੀ। ਮੁਗਲ ਫੌਜਾਂ ਨੇ ਬਾਹਰੋਂ ਆਉਣ ਵਾਲੀ ਸਾਰੀ ਸਪਲਾਈ ਭੰਗ ਕਰ ਦਿੱਤੀ।

ਬਾਬਾ ਬਿਨੋਦ ਸਿੰਘ ਨੇ ਗੜ੍ਹੀ ਛੱਡ ਜਾਣ ਦਾ ਸੁਝਾਅ ਦਿੱਤਾ (ਜਿਵੇਂ ਕਿ ਦਸੰਬਰ 1710 ਵਿਚ ਲੋਹਗੜ੍ਹ ਦੇ ਕਿਲ੍ਹੇ ਨੂੰ ਛੱਡਦੇ ਸਮੇਂ ਕੀਤਾ ਗਿਆ ਸੀ)। ਪਰ ਬੰਦਾ ਸਿੰਘ ਦੀ ਰਣਨੀਤੀ ਵੱਖਰੀ ਸੀ, ਉਹ ਗੜ੍ਹੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ । ਪਰ ਉਸ ਨੇ ਕਿਹਾ ਕਿ ਜਿਹੜੇ ਲੋਕ ਗੜ੍ਹੀ ਛੱਡ ਕੇ ਜਾਣਾ ਚਾਹੁੰਦੇ ਸਨ, ਜਾ ਸਕਦੇ ਹਨ । ਰਾਤ ਵੇਲੇ, ਬਾਬਾ ਬਿਨੋਦ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੜ੍ਹੀ ਛੱਡ ਦਿੱਤੀ। ਇਸ ਤਰ੍ਹਾਂ ਬੰਦਾ ਸਿੰਘ ਅਤੇ ਉਸ ਦੇ 800 ਸਾਥੀ ਹੀ ਗੜ੍ਹੀ ਵਿਚ ਰਹਿ ਗਏ।

ਸਮੇਂ ਦੇ ਗੁਜ਼ਰਣ ਨਾਲ ਗੜ੍ਹੀ ਅੰਦਰਲੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਸਨ। ਕੋਈ ਭੋਜਨ ਨਹੀਂ ਸੀ ਬਚਿਆ। ਘਾਹ, ਪੌਦਿਆਂ ਤੇ ਰੁੱਖਾਂ ਦੇ ਪੱਤੇ ਵੀ ਉਬਾਲ ਕੇ ਖਾਧੇ ਜਾ ਚੁੱਕੇ ਸਨ। ਇਥੋਂ ਤਕ ਕਿ ਰੁੱਖਾਂ ਦੀ ਸੱਕ ਵੀ ਖਾਧੀ ਗਈ। ਕੋਈ ਵੀ ਉਨ੍ਹਾਂ ਦੇ ਦੁੱਖਾਂ ਦੀ ਕਲਪਨਾ ਨਹੀਂ ਕਰ ਸਕਦਾ। ਜਾਨਵਰਾਂ ਅਤੇ ਪੰਛੀਆਂ ਦਾ ਮਾਸ ਵੀ ਖਾਧਾ ਗਿਆ। ਹੁਣ ਤਾਂ ਖਾਣਾ ਪਕਾਉਣ ਲਈ ਲੱਕੜ ਵੀ ਨਹੀਂ ਸੀ ਬਚੀ। ਬੰਦਾ ਸਿੰਘ ਦੇ ਬਹੁਤ ਸਾਰੇ ਸਾਥੀ ਬੀਮਾਰੀ ਅਤੇ ਪੇਟ ਦੇ ਦਰਦ ਕਾਰਨ ਨਿਢਾਲ ਹੋ ਚੁੱਕੇ ਸਨ। 8 ਮਹੀਨਿਆਂ ਤੱਕ ਘੇਰਾ ਪਾਈ ਰੱਖਣ ਤੋਂ ਬਾਅਦ ਮੁਗਲ ਫੌਜਾਂ ਨੇ ਹੱਥਾਂ ਵਿਚ ਤਲਵਾਰਾਂ ਲੈ ਕੇ ਗੜ੍ਹੀ ਉੱਤੇ ਹਮਲਾ ਬੋਲ ਦਿੱਤਾ। ਡਾਢੇ ਔਖੇ ਹਾਲਾਤਾਂ ਵਿਚ ਵੀ ਸਿੱਖਾਂ ਨੇ ਸਖ਼ਤ ਟਾਕਰਾ ਕੀਤਾ। ਕਿਹਾ ਜਾਂਦਾ ਹੈ ਕਿ ਬੰਦਾ ਸਿੰਘ, ਮੁਗਲ ਫੌਜ ਦੁਆਰਾ ਫੜੇ ਜਾਣ ਤੋਂ ਪਹਿਲਾਂ ਇਕੱਲਾ ਹੀ 50 ਤੋਂ 60 ਮੁਗਲ ਸਿਪਾਹੀਆਂ ਨੂੰ ਮਾਰ ਚੁੱਕਾ ਸੀ। ਹਾਜ਼ੀ ਕਰਮਵਾਰ ਖਾਨ ਨੇ ਆਪਣੀ ਕਿਤਾਬ "ਤਾਜ਼ਕੀਰਤੁ-ਸੁਲਤਿਨ ਚੁਗਟਿਅਨ" ਵਿਚ ਲਿਖਿਆ ਹੈ ਕਿ "ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਸ਼ਾਸਕਾਂ ਦੀ ਬੁੱਧੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਪਰ ਇਹ ਅੱਲਾ ਦਾ ਰਹਿਮ ਸੀ ਕਿ ਕਾਫ਼ਿਰ (ਗ਼ੈਰ ਮੁਸਲਮਾਨ) ਬੰਦਾ ਸਿੰਘ ਅਤੇ ਉਸ ਦੇ ਸਾਥੀ ਭੁੱਖ ਨਾਲ ਕਮਜ਼ੋਰ ਹੋ ਗਏ ਸਨ।

ਮੁਗਲ ਨਵਾਬ ਹੈਰਾਨ ਸੀ ਕਿ ਬੰਦਾ ਸਿੰਘ ਤੇ ਉਸ ਦੇ ਸਾਥੀ ਜਿਸ ਦ੍ਰਿੜਤਾ ਨਾਲ ਲੜ ਰਹੇ ਸਨ, ਉਨ੍ਹਾਂ ਕੋਲੋਂ ਸਿਰਫ 600 ਰੁਪਏ, 23 ਸੋਨੇ ਦੇ ਸਿੱਕੇ ਅਤੇ ਕੁਝ ਹਥਿਆਰ ਹੀ ਮਿਲੇ । ਮੁਗਲ ਫੌਜੀਆਂ ਨੇ ਸੋਚਿਆ ਕਿ ਸਿੱਖ ਸੋਨੇ ਦੇ ਸਿੱਕੇ ਨਿਗਲ ਗਏ ਹਨ। ਬਹੁਤ ਸਾਰੇ ਸਿੱਖ ਮਾਰ ਕੇ ਉਨ੍ਹਾਂ ਦੇ ਢਿੱਡ ਪਾੜ ਕੇ ਸੋਨੇ ਦੇ ਸਿੱਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਇਸ ਤਰ੍ਹਾਂ ਬੰਦਾ ਸਿੰਘ ਦਸੰਬਰ 1715 ਵਿਚ ਲਗਭਗ 760 ਸਿੱਖਾਂ ਸਮੇਤ ਫੜ ਲਿਆ ਗਿਆ। ਜਲੂਸ ਦੇ ਰੂਪ ਵਿਚ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ। ਬਾਦਸ਼ਾਹ ਫਾਰੁਖਸੀਅਰ ਚਾਹੁੰਦਾ ਸੀ ਕਿ ਕੈਦੀਆਂ ਨੂੰ ਦਿੱਲੀ ਲਿਜਾਇਆ ਜਾਵੇ। ਲਾਹੌਰ ਦਾ ਗਵਰਨਰ ਅਬਦੁ-ਸਮਦ ਇਨਾਮ ਪ੍ਰਾਪਤ ਕਰਨ ਲਈ ਦਿੱਲੀ ਜਾਣਾ ਚਾਹੁੰਦਾ ਸੀ, ਪਰ ਫਾਰੁਖਸੀਅਰ ਨੇ ਉਸ ਨੂੰ ਲਾਹੌਰ ਰਹਿਣ ਅਤੇ ਆਪਣੇ ਪੁੱਤਰ ਜ਼ਕਰੀਆ ਖ਼ਾਨ ਨੂੰ ਦਿੱਲੀ ਭੇਜਣ ਦਾ ਆਦੇਸ਼ ਦਿੱਤਾ।

ਅਬਦੁ-ਸਮਦ ਅਤੇ ਉਸਦੇ ਬੇਟੇ ਨੇ ਸੋਚਿਆ ਕਿ ਬੰਦਾ ਸਿੰਘ, ਬਰਛੀਆਂ ਤੇ ਟੰਗੇ ਸਿੱਖਾਂ ਦੇ 200 ਸਿਰ ਅਤੇ 700 ਕੈਦੀ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕਾਫ਼ੀ ਨਹੀਂ ਸਨ। ਉਨ੍ਹਾਂ ਨੇ ਸਥਾਨਕ ਹਾਕਮਾਂ ਨੂੰ ਹੁਕਮ ਦਿੱਤਾ ਕਿ ਜਿੱਥੇ ਕਿਧਰੇ ਵੀ ਸਿੱਖ ਮਿਲਣ, ਉਨ੍ਹਾਂ ਦਾ ਸਿਰ ਕਲਮ ਕਰ ਕੇ ਉਹ ਅਬਦੁ-ਸਮਦ ਜਾਂ ਉਸ ਦੇ ਬੇਟੇ ਨੂੰ ਭੇਟ ਕਰਨ। ਇਸ ਤਰ੍ਹਾਂ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਬੰਦਾ ਸਿੰਘ ਦੇ ਸਿਰ ਉੱਤੇ ਟੋਪੀ ਅਤੇ ਜੋਕਰ ਵਾਲੇ ਕੱਪੜੇ ਪਾਏ ਗਏ ਸਨ। ਉਸ ਨੂੰ ਸਖ਼ਤ ਜੰਜ਼ੀਰਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਗਿਆ ਸੀ। ਇਹ ਪਿੰਜਰਾ ਇੱਕ ਹਾਥੀ ਦੇ ਉੱਪਰ ਬੰਨ੍ਹਿਆ ਹੋਇਆ ਸੀ। ਪਿੰਜਰੇ ਦੇ ਦੋਵੇਂ ਪਾਸਿਆਂ ਤੇ ਦੋ ਮੁਗਲ ਸਿਪਾਹੀ ਨੰਗੀਆਂ ਤਲਵਾਰਾਂ ਫੜੀ ਬੈਠੇ ਸਨ ਤਾਂ ਜੋ ਬੰਦਾ ਸਿੰਘ ਕਿਧਰੇ ਭੱਜਣ ਦੀ ਕੋਸ਼ਿਸ਼ ਨਾ ਕਰ ਸਕੇ। ਤਕਰੀਬਨ 760 ਕੈਦੀਆਂ ਨੂੰ ਬੱਕਰੀ ਦੀਆਂ ਖੱਲਾਂ ਅਤੇ ਰੰਗ-ਬਰੰਗੀਆਂ ਟੋਪੀਆਂ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਸੀ। ਉਨ੍ਹਾਂ ਨੂੰ ਜੰਜ਼ੀਰਾਂ ਅਤੇ ਹਥਕੜ੍ਹੀਆਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਊਠਾਂ ਉੱਤੇ ਬਿਨ੍ਹਾਂ ਕਾਠੀ ਤੋਂ ਬਿਠਾਇਆ ਗਿਆ ਸੀ। ਹਰ ਊਠ ਉੱਤੇ ਦੋ ਦੋ ਸਿੱਖ, ਪਿੱਠ ਨਾਲ ਪਿੱਠ ਜੋੜ ਕੇ ਬੈਠਾਏ ਗਏ ਸਨ। ਮੁਗਲ ਸੈਨਿਕ ਆਪਣੇ ਬਰਛਿਆਂ ਉੱਤੇ ਸਿੱਖਾਂ ਦੇ ਸਿਰ ਟੰਗੀ ਜਲੂਸ ਵਿਚ ਸ਼ਾਮਿਲ ਸਨ।
1601088937638.png


ਬੰਦਾ ਸਿੰਘ ਸਭ ਤੋਂ ਅੱਗੇ ਇਕ ਲੋਹੇ ਦੇ ਪਿੰਜਰੇ ਵਿਚ ਹਾਥੀ ਉੱਤੇ ਬਿਠਾਇਆ ਹੋਇਆ ਸੀ। ਪਿੱਛੇ ਪਿੱਛੇ ਊਠਾਂ ਉੱਤੇ ਜੰਜ਼ੀਰਾਂ ਵਿਚ ਜਕੜੇ ਤਕਰੀਬਨ 760 ਕੈਦੀ ਚਲ ਰਹੇ ਸਨ। ਲਗਭਗ ਸੱਤ ਸੌ ਮੁਗਲ ਸਿਪਾਹੀ ਘੋੜਿਆਂ ਉੱਤੇ ਆਪਣੇ ਬਰਛਿਆਂ ਉਪਰ ਸਿੱਖਾਂ ਦੇ ਸਿਰ ਟੰਗੀ ਚਲ ਰਹੇ ਸਨ। ਇਨ੍ਹਾਂ ਪਿੱਛੇ ਲਗਭਗ 700 ਸੌ ਗੱਡੀਆਂ, ਸਿੱਖਾਂ ਦੇ ਕੱਟੇ ਹੋਏ ਸਿਰ ਨਾਲ ਭਰੀਆ ਤੁਰ ਰਹੀਆਂ ਸਨ। ਇਕ ਮੁਗਲ ਸਿਪਾਹੀ ਇਕ ਬਰਛੀ ਉੱਤੇ ਇੱਕ ਮਰੀ ਹੋਈ ਬਿੱਲੀ ਟੰਗੀ ਚਲ ਰਿਹਾ ਸੀ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਜਾਪ ਰਿਹਾ ਸੀ ਕਿ ਕਿਸੇ ਸਿੱਖ ਦਾ ਅੰਸ਼ ਮਾਤਰ ਵੀ ਨਹੀਂ ਬਚਿਆ ਸੀ।

ਇਹ ਜਲੂਸ ਫਰਵਰੀ 1716 ਨੂੰ ਦਿੱਲੀ ਲਈ ਰਵਾਨਾ ਹੋਇਆ। ਹਜ਼ਾਰਾਂ ਆਦਮੀ ਅਤੇ ਔਰਤਾਂ ਇਸ ਵਰਤਾਰੇ ਨੂੰ ਦੇਖਣ ਲਈ ਸੜਕਾਂ ਤੇ ਮੌਜੂਦ ਸਨ। ਸਾਰੇ ਧਰਮਾਂ ਦੇ ਲੋਕ, ਇੱਥੋਂ ਤਕ ਕਿ ਈਸਾਈ ਵੀ ਇਸ ਘਟਨਾ ਕ੍ਰਮ ਨੂੰ ਦੇਖ ਰਹੇ ਸਨ। ਫੜੇ ਗਏ ਸਿੱਖਾਂ ਵਿਚੋਂ ਕੋਈ ਵੀ ਸਿੱਖ ਨਿਰਾਸ਼ ਨਜ਼ਰ ਨਹੀਂ ਸੀ ਆ ਰਿਹਾ, ਨਾ ਹੀ ਕੋਈ ਰਹਿਮ ਦੀ ਮੰਗ ਕਰਨ ਲਈ ਤਿਆਰ ਸੀ। ਇਸ ਨੂੰ ਪਰਮਾਤਮਾ ਦੀ ਰਜ਼ਾ ਵਜੋਂ ਸਵੀਕਾਰ ਕਰਦਿਆਂ ਉਹ ਖੁਸ਼ੀ ਨਾਲ ਗੁਰਬਾਣੀ ਗਾਇਨ ਕਰ ਰਹੇ ਸਨ।

ਸਿੱਖਾਂ ਨੂੰ ਦਿੱਲੀ ਦੇ ਕਿਲ੍ਹੇ ਵਿਚ ਕੈਦ ਕਰ ਕੇ ਦਬਾਅ ਪਾਇਆ ਗਿਆ ਕਿ ਉਹ ਆਪਣਾ ਅਕੀਦਾ ਛੱਡ ਕੇ ਮੁਸਲਮਾਨ ਬਣ ਜਾਣ। ਉਨ੍ਹਾਂ ਦੇ ਪੱਕਾ ਇਨਕਾਰ ਕਰਨ ਉੱਤੇ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਆਦੇਸ਼ ਦਿੱਤੇ ਗਏ। ਬੰਦਾ ਸਿੰਘ ਅਤੇ ਉਸਦੇ ਕੁਝ ਹੋਰ ਸਾਥੀਆਂ ਨੂੰ ਪੁੱਛ-ਗਿੱਛ ਲਈ ਛੱਡ ਕੇ, ਬਾਕੀ ਸਿੱਖਾਂ ਦਾ ਦਿੱਲੀ ਗੇਟ ਦੇ ਸਾਹਮਣੇ ਖੂਨੀ ਦਰਵਾਜਾ ਵਿਖੇ ਸਿਰ ਕਲਮ ਕਰ ਦਿੱਤਾ ਗਿਆ। ਹਰ ਰੋਜ਼ 100 ਸਿੱਖਾਂ ਨੂੰ ਜਨਤਕ ਮੌਤ ਦਿੱਤੀ ਜਾਂਦੀ ਸੀ ਅਤੇ ਇਹ ਸਿਲਸਿਲਾ ਸੱਤ ਦਿਨ ਤਕ ਚਲਦਾ ਰਿਹਾ। ਇਹ ਕਤਲੇਆਮ ਮਾਰਚ 1716 ਵਿਚ ਕੀਤਾ ਗਿਆ।

ਬਹੁਤ ਸਾਰੇ ਲੋਕਾਂ ਨੇ ਸਿੱਖਾਂ ਦੇ ਇਸ ਭਿਆਨਕ ਕਤਲੇਆਮ ਨੂੰ ਵੇਖਿਆ ਅਤੇ ਇਸ ਦਾ ਵਰਨਣ ਵੀ ਅੰਕਿਤ ਕੀਤਾ। ਬਹਾਦਰ ਸਿੱਖਾਂ ਨੇ ਕੋਈ ਕਮਜ਼ੋਰੀ ਜਾਂ ਨਿਰਾਸ਼ਾ ਜ਼ਾਹਿਰ ਨਹੀਂ ਕੀਤੀ। ਸਗੋਂ ਉਨ੍ਹਾਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਦਿਆਂ ਹੱਸਦੇ ਹੋਏ ਮੌਤ ਨੂੰ ਗਲੇ ਲਗਾਇਆ ਅਤੇ ਆਪਣਾ ਅਕੀਦੇ ਉੱਤੇ ਡਟੇ ਰਹੇ। ਦਿੱਲੀ ਵਿਖੇ ਸਥਿਤ ਬ੍ਰਿਟਿਸ਼ ਅੰਬੈਸੀ ਨੇ ਰਿਕਾਰਡ ਕੀਤਾ, "ਇਹ ਬੜੇ ਹੀ ਕਮਾਲ ਦੀ ਗੱਲ ਸੀ ਕਿ ਉਹ ਸਾਰੇ ਹੀ ਬਹੁਤ ਸਬਰ ਨਾਲ ਆਪਣੀ ਕਿਸਮਤ ਭੋਗ ਰਹੇ ਸਨ। ਅਤੇ ਅੰਤ ਤਕ ਕਿਸੇ ਨੇ ਇਸ ਨਵੇਂ ਬਣੇ ਧਰਮ ਤੋਂ ਆਪਣਾ ਮੁੱਖ ਨਹੀਂ ਮੋੜਿਆ।"

ਬੰਦਾ ਸਿੰਘ ਅਤੇ ਉਸਦੇ ਬਾਕੀ ਆਦਮੀਆਂ ਕੋਲੋਂ ਉਨ੍ਹਾਂ ਦੀਆਂ ਜੰਗੀ ਰਣਨੀਤੀਆਂ, ਦੌਲਤ ਅਤੇ ਅਸਲੇ ਬਾਰੇ ਪਤਾ ਕਰਨ ਲਈ 3 ਮਹੀਨੇ ਪੁੱਛ-ਗਿੱਛ ਕੀਤੀ ਗਈ। ਦਰਅਸਲ, ਬੰਦਾ ਸਿੰਘ ਨੇ ਧਨ-ਦੌਲਤ ਜਾਂ ਮੌਹਰਾਂ ਨੂੰ ਕਦੇ ਦਫਨਾਇਆ ਨਹੀਂ ਸੀ। ਜਿੱਤਾਂ ਵਿਚ ਉਸਨੂੰ ਜੋ ਕੁਛ ਵੀ ਮਿਲਦਾ ਸੀ, ਉਹ ਆਪਣੇ ਸਿਪਾਹੀਆਂ ਅਤੇ ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਉਸ ਦੇ ਹਥਿਆਰ ਸਿਰਫ਼ ਤਲਵਾਰਾਂ, ਬਰਛੀਆਂ, ਕਮਾਨਾਂ, ਤੀਰ, ਤੇ ਖੰਜਰ ਆਦਿ ਸਨ। ਉਸਦੀ ਸੈਨਾ ਪੈਦਲ ਅਤੇ ਘੋੜ ਸਵਾਰਾਂ ਦੀ ਹੀ ਸੀ। ਉਸ ਕੋਲ ਕੋਈ ਹਾਥੀ, ਤੋਪਾਂ ਜਾਂ ਕੋਈ ਹੋਰ ਵਧੀਆ ਹਥਿਆਰ ਨਹੀਂ ਸਨ।

ਜੂਨ 1716 ਵਿਚ, ਬੰਦਾ ਸਿੰਘ ਅਤੇ ਉਸ ਦੇ 26 ਸਾਥੀ ਇਕ ਜਲੂਸ ਦੇ ਰੂਪ ਵਿਚ ਪੁਰਾਣੀ ਦਿੱਲੀ ਦੀਆਂ ਗਲੀਆਂ ਵਿਚੋਂ ਲੰਘਾਏੇ ਗਏ ਅਤੇ ਫਿਰ ਕੁਤੁਬ ਮੀਨਾਰ ਨੇੜੇ ਖਵਾਜਾ ਕੁਤੁਬ-ਉਦ-ਦੀਨ ਬਖਤੀਯਾਰ ਕਾਕੀ ਦੇ ਮਕਬਰੇ (ਕਬਰ) ਕੋਲ ਲਿਆਂਦੇ ਗਏ। ਬੰਦਾ ਸਿੰਘ ਦੀਆਂ ਅੱਖਾਂ ਸਾਹਮਣੇ 26 ਸਿੱਖਾਂ ਦਾ ਸਿਰ ਕਲਮ ਕਰ ਦਿੱਤਾ ਗਿਆ। ਮੁਗਲ ਹਾਕਮਾਂ ਨੂੰ ਆਸ ਸੀ ਕਿ ਅਜਿਹੀ ਕੂਕਰਤਾ ਦੇਖ ਕੇ ਬੰਦਾ ਸਿੰਘ ਰਹਿਮ ਦੀ ਮੰਗ ਕਰੇਗਾ। ਪਰ ਅਜਿਹਾ ਨਹੀਂ ਹੋਇਆ। ਤਦ ਬੰਦਾ ਸਿੰਘ ਦੀ ਵਾਰੀ ਆਈ, ਉਸਨੂੰ ਇਸਲਾਮ ਕਬੂਲ ਕਰਨ ਜਾਂ ਮੌਤ ਦਾ ਸਾਹਮਣਾ ਕਰਨ ਲਈ ਕਿਹਾ ਗਿਆ। ਉਸ ਨੇ ਮੌਤ ਨੂੰ ਸਵੀਕਾਰ ਕੀਤਾ।

ਸਿਯਾਰੂਲ-ਮੁਤਾਖੇਰੀਨ ਦੇ ਲੇਖਕ ਮੁਹੰਮਦ ਅਮੀਨ ਖਾਨ, ਜੋ ਕਿ ਇੱਕ ਮੁਸਲਮਾਨ ਇਤਿਹਾਸਕਾਰ ਸੀ, ਅਨੁਸਾਰ, ਇੱਕ ਦਾਨਸ਼ਵਰ ਨੂੰ ਬੰਦਾ ਸਿੰਘ ਬਹਾਦਰ ਨੂੰ ਫਾਂਸੀ ਤੋਂ ਪਹਿਲਾਂ ਮਿਲਣ ਦੀ ਇਜਾਜ਼ਤ ਮਿਲ ਗਈ। ਉਸ ਨੇ ਬੰਦਾ ਸਿੰਘ ਨੂੰ ਪੁੱਛਿਆ,"ਇਹ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਵਿਅਕਤੀ ਜੋ ਆਪਣੀਆਂ ਖੂਬੀਆਂ ਵਿਚ ਇੰਨੀ ਕੁ ਨਿਪੁੰਨਤਾ, ਅਤੇ ਆਪਣੇ ਚਰਿੱਤਰ ਵਿਚ ਇੰਨ੍ਹੀ ਪਾਕੀਜ਼ਗੀ ਦਰਸਾਉਂਦਾ ਹੈ, ਉਸ ਨੂੰ ਅਜਿਹੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਹੈ।" ਬੜੇ ਹੀ ਸੰਜੀਦਾ ਢੰਗ ਨਾਲ ਬੰਦਾ ਬਹਾਦਰ ਨੇ ਉੱਤਰ ਦਿੱਤਾ, "ਹਰੇਕ ਧਰਮ ਅਤੇ ਹਰੇਕ ਦੇਸ਼ ਵਿੱਚ, ਜਦੋਂ ਵੀ ਆਦਮੀ ਭ੍ਰਿਸ਼ਟ, ਤਾਨਾਸ਼ਾਹ ਅਤੇ ਜ਼ਾਲਮ ਬਣ ਜਾਂਦੇ ਹਨ, ਪਰਮਾਤਮਾ ਮੇਰੇ ਵਰਗੀ ਮੁਸੀਬਤ ਉਨ੍ਹਾਂ ਨੂੰ ਸਬਕ ਸਿਖਾਉਣ ਤੇ ਸਜ਼ਾ ਦੇਣ ਲਈ ਭੇਜਦਾ ਹੈ।" ਇਸ ਤਰ੍ਹਾਂ ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਆਖ਼ਰ ਤਕ ਮਾਨਸਿਕ ਤੌਰ ਉੱਤੇ ਅਡੋਲ ਰਿਹਾ ਅਤੇ ਉਸ ਨੂੰ ਆਪਣੇ ਮਿਸ਼ਨ ਦੀ ਪਾਕੀਜ਼ਗੀ ਉੱਤੇ ਪੂਰੀ ਨਿਸ਼ਠਾ ਸੀ।

ਬੰਦਾ ਸਿੰਘ ਬਹਾਦਰ ਦੀ ਸ਼ਹੀਦੀ
1601088789835.png

ਬੰਦਾ ਸਿੰਘ ਦਾ 4 ਸਾਲ ਦਾ ਬੇਟਾ ਉਸਦੀ ਗੋਦ ਵਿਚ ਬੈਠਾਇਆ ਗਿਆ। ਬੰਦਾ ਸਿੰਘ ਨੂੰ ਇੱਕ ਖੰਜਰ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਹੀ ਪੁੱਤਰ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ ਗਿਆ। ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਫਾਂਸੀ ਦੇਣ ਵਾਲੇ ਨੇ ਉਸ ਦੇ ਪੁੱਤਰ ਦੀ ਛਾਤੀ ਨੂੰ ਚੀਰ ਕੇ, ਬੱਚੇ ਦੇ ਤੜਫ਼ ਰਹੇ ਦਿਲ ਨੂੰ ਕੱਢ ਬੰਦਾ ਸਿੰਘ ਦੇ ਮੂੰਹ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਹਾਲਾਂ ਕਿ ਬੰਦਾ ਸਿੰਘ ਸੰਗਲਾਂ ਨਾਲ ਜਕੜਿਆਂ ਹੌਇਆ ਸੀ ਪਰ ਉਸ ਨੇ ਪੂਰੇ ਗੁੱਸੇ ਨਾਲ ਜਲਾਦ ਦੇ ਹੱਥ ਨੂੰ ਝਟਕ ਦਿੱਤਾ। ਇਸ ਤੋਂ ਬਾਅਦ, ਜੰਬੂਰਾਂ ਨਾਲ ਉਸ ਦਾ ਮਾਸ ਨੋਚਿਆ ਗਿਆ। ਗਰਮ ਤਿੱਖੀਆਂ ਸਲਾਖਾਂ ਨਾਲ ਉਸ ਦਾ ਸਰੀਰ ਸਾੜਿਆ ਗਿਆ ਤੇ ਛੱਲਣੀ ਛੱਲਣੀ ਕਰ ਦਿੱਤਾ ਗਿਆ। ਉਸਦੀਆਂ ਅੱਖਾਂ ਨੋਚ ਲਈਆਂ ਗਈਆ ਅਤੇ ਉਸ ਦੇ ਹੱਥ ਤੇ ਪੈਰ ਕੱਟ ਦਿਤੇ ਗਏ। ਇਸ ਤਰ੍ਹਾਂ ਜਦੋਂ ਉਹ ਬੇਹੋਸ਼ ਹੋ ਗਿਆ, ਤਾਂ ਉਸਦਾ ਸਿਰ ਵੱਢ ਦਿੱਤਾ ਗਿਆ। ਇਹ 9 ਜੂਨ 1716 ਦਾ ਮਨਹੂਸ ਦਿਨ ਸੀ।

ਅੰਗ੍ਰੇਜ਼ ਇਤਿਹਾਸਕਾਰ ਕਨਿੰਘਮ ਨੇ ਲਿਖਿਆ ਕਿ ਮੁਗਲਾਂ ਦੀਆਂ ਅਣਮਨੁੱਖੀ ਗਤੀਵਿਧੀਆਂ ਇੰਨੀਆਂ ਜ਼ਾਲਮਾਨਾ ਸਨ ਕਿ ਉਨ੍ਹਾਂ ਤੋਂ ਇਲਾਵਾ ਕੋਈ ਵੀ ਮਨੁੱਖ ਅਜਿਹੇ ਅਣਮਨੁੱਖੀ ਵਰਤਾਰੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਵਰਨਣਯੋਗ ਹੈ ਕਿ ਫਰੁਖਸੀਅਰ, ਜਿਸ ਨੇ ਬੰਦਾ ਸਿੰਘ ਅਤੇ ਉਸਦੇ ਆਦਮੀਆਂ ਨੂੰ ਜੂਨ 1716 ਵਿਚ ਤਸੀਹੇ ਦਿੱਤੇ ਅਤੇ ਕਤਲ ਕਰ ਦਿੱਤਾ, ਸਿਰਫ ਤਿੰਨ ਸਾਲਾਂ ਬਾਅਦ, ਆਪਣੇ ਬੰਦਿਆਂ ਦੇ ਹੱਥੋਂ, ਅਜਿਹੀ ਹੀ ਦੁਰਦਸ਼ਾ ਦਾ ਭਾਗੀ ਬਣਿਆ। ਉਸ ਵਿਰੁੱਧ ਬਗਾਵਤ ਹੋ ਗਈ ਸੀ ਅਤੇ ਬਾਗੀਆਂ ਤੋਂ ਡਰਦਾ ਮਾਰਿਆਂ ਉਹ ਲਾਲ ਕਿਲ੍ਹੇ ਦੇ ਹਨੇਰੇ ਕਮਰਿਆਂ ਵਿੱਚ ਛੁਪ ਗਿਆ। ਬਾਗੀਆਂ ਨੇ ਉਸਦਾ ਪਿੱਛਾ ਕੀਤਾ, ਠੀਕ ਬੰਦਾ ਸਿੰਘ ਨਾਲ ਬੀਤੇ ਹਾਲਾਤਾਂ ਵਾਂਗ ਹੀ, ਬਾਗੀਆਂ ਨੇ ਫਾਰੁਖਸੀਅਰ ਦੀਆਂ ਅੱਖਾਂ ਵੀ ਉਸੇ ਤਰ੍ਹਾਂ ਨੋਚ ਲਈਆਂ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।

ਬੰਦਾ ਸਿੰਘ ਬਹਾਦਰ ਦੀ ਦੇਣ
ਬੰਦਾ ਸਿੰਘ ਬਹਾਦਰ ਨੇ ਲਗਭਗ ਛੇ-ਸੱਤ ਸਾਲ ਰਾਜ ਕੀਤਾ। ਉਸ ਨੇ ਅਰਬ ਦੇਸ਼ਾਂ ਤੋਂ ਆਏ ਹਮਲਾਵਰ ਫੌਜਾਂ ਦੇ 700 ਸਾਲਾਂ ਦੇ ਰਾਜ ਨੂੰ ਤੋੜਿਆ । ਮੁਗਲ ਸਲਤਨਤ ਦੀ ਅਜਿੱਤ ਸ਼ਕਤੀ ਦੀ ਮਿੱਥ ਉਸ ਨੇ ਤੋੜ ਦਿੱਤੀ। ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਕੁਰਬਾਨੀਆਂ ਨੇ ਸਿੱਖਾਂ ਨੂੰ ਨਿਰਾਸ਼ ਨਹੀਂ ਕੀਤਾ ਬਲਕਿ ਭਵਿੱਖ ਦੀਆਂ ਲੜਾਈਆਂ ਲਈ ਤਿਆਰ ਬਰ ਤਿਆਰ ਕਰ ਦਿੱਤਾ। ਅਗਲੇ 40 ਸਾਲਾਂ ਦੌਰਾਨ ਬਹੁਤ ਹੀ ਮੁਸ਼ਕਲ ਭਰੇ ਹਾਲਾਤਾਂ ਦਾ ਟਾਕਰਾ ਕਰਦੇ ਹੋਏ, ਸੰਨ 1756 ਵਿਚ, ਸਿੱਖਾਂ ਨੇ ਨਵਾਬ ਕਪੂਰ ਸਿੰਘ ਅਤੇ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਾਹੌਰ ਵਿਖੇ ਰਾਜ ਕੀਤਾ। ਬਾਅਦ ਵਿਚ ਉਹਨਾਂ ਨੇ 12 ਸਿੱਖ ਮਿਸਲਾਂ ਦੇ ਰੂਪ ਵਿਚ ਪੂਰੇ ਪੰਜਾਬ ਵਿਚ ਰਾਜ ਕੀਤਾ। ਇਸ ਦੇ ਫਲਸਰੂਪ 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਖ਼ਾਲਸਾ ਰਾਜ ਦੀ ਸਥਾਪਨਾ ਹੋਈ।

ਇੰਝ ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਸ਼ਹੀਦ ਹੋਇਆ ਹੈ। ਜੋ ਇਕ ਬੈਰਾਗੀ ਤੋਂ ਇਕ ਅੰਮ੍ਰਿਤਧਾਰੀ ਸਿੱਖ ਬਣ, ਲੋਕਾਂ ਦੇ ਅਧਿਕਾਰਾਂ ਦਾ ਰਖਵਾਲਾ ਬਣਿਆ। ਉਸ ਨੇ ਮੁਗਲ ਸਾਮਰਾਜ ਦੇ ਜ਼ੁਲਮ ਦਾ ਟਾਕਰਾ ਕਰਦਿਆਂ ਆਪਣੀ ਜਾਨ ਵਾਰ ਦਿੱਤੀ। ਬੇਸ਼ਕ ਉਸ ਦਾ ਰਾਜ ਥੋੜ੍ਹੇ ਸਮੇਂ ਲਈ ਹੀ ਸੀ, ਪਰ ਉਸ ਦੁਆਰਾ ਲਿਆਂਦੇ ਗਏ ਸੁਧਾਰ ਅੱਜ ਵੀ ਮੌਜੂਦ ਹਨ। ਬੰਦਾ ਸਿੰਘ ਨੇ ਸਿੱਧ ਕਰ ਦਿੱਤਾ ਕਿ ਲੋਕਾਂ ਅੰਦਰ ਜ਼ਾਲਮ ਹਾਕਮਾਂ ਨੂੰ ਢਾਹੁਣ ਦੀ ਤਾਕਤ ਹੁੰਦੀ ਹੈ। ਬੰਦਾ ਸਿੰਘ ਬਹਾਦਰ ਦੇ ਪੂਰਨਿਆਂ ਉੱਤੇ ਚਲਦੇ ਹੋਏ ਪੰਜਾਬ ਦੇ ਲੋਕਾਂ ਨੇ, ਖ਼ਾਲਸੇ ਦੀ ਅਗੁਵਾਈ ਹੇਠ, ਜ਼ਾਲਮ ਹਾਕਮਾਂ ਦਾ ਨਾਸ਼ ਕਰ ਦਿੱਤਾ ਅਤੇ ਖੁੱਦ ਰਾਜਭਾਗ ਦੇ ਮਾਲਕ ਬਣ ਗਏ।

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਮਾਰਕ
ਬਾ
1601089007771.png
ਬਾ ਜੀ ਦੀ ਮਹਾਨ ਦੇਣ ਦੀ ਯਾਦ ਵਿਚ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਕੁਤਬ ਮੀਨਾਰ ਨੇੜੇ ਦਿੱਲੀ ਦੇ ਮੇਹਰੌਲੀ ਖੇਤਰ ਵਿੱਚ ਸਥਿਤ ਹੈ। ਇਥੇ ਬਾਬਾ ਬੰਦਾ ਸਿੰਘ ਬਹਾਦਰ ਜੀ, ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਅਤੇ ਚਾਲੀ ਸਿੱਖਾਂ ਨੂੰ ਮੁਗਲਾਂ ਨੇ ਸ਼ਹੀਦ ਕੀਤਾ ਸੀ। ਗੁਰਦੁਆਰਾ ਬੰਦਾ ਬਹਾਦਰ ਸਾਹਿਬ ਕੁਤਬ ਮੀਨਾਰ ਤੋਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ 'ਤੇ ਹੈ। ਚਪੜਚਿੜ੍ਹੀ ਦੇ ਸਥਾਨ ਵਿਖੇ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਦੀ ਯਾਦ ਵਿਚ ਇਕ ਸਮਾਰਕ ਬਣਾਇਆ ਗਿਆ ਅਤੇ ਬਾਬਾ ਬੰਦਾ ਸਿੰਘ ਤੇ ਉਸ ਦੇ ਸਾਥੀ ਜਰਨੈਲਾਂ ਦੇ ਬੁੱਤ ਵੀ ਸਥਾਪਿਤ ਕੀਤੇ ਗਏ ਹਨ। ਹਰਿਆਣਾ ਦੇ ਰੋਹੜੀ ਖਾਂਡਾ ਖੇਤਰ ਵਿਖੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਯਾਦਗਾਰੀ ਸਮਾਰਕ ਸਥਾਪਿਤ ਕੀਤਾ ਗਿਆ ਹੈ।

----------------------------------------------------------------------------------------------------------------------------------
 
Last edited:
Top