ਪੁਸਤਕ ਦਾ ਨਾਮ: ਧਰਮ ਹੇਤ ਸਾਕਾ ਜਿਨਿ ਕੀਆ (ਨਾਟਕ ਸੰਗ੍ਰਹਿ)
ਲੇਖਕ: ਪ੍ਰੋ. ਦੇਵਿੰਦਰ ਸਿੰਘ ਸੇਖੋਂ
ਪ੍ਰਕਾਸ਼ਕ : ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ, ਪੰਜਾਬ, ਇੰਡੀਆ ।
ਪ੍ਰਕਾਸ਼ ਸਾਲ : ਸਤੰਬਰ 2020, ਕੀਮਤ: 200 ਰੁਪਏ; ਪੰਨੇ: 168
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।
"ਧਰਮ ਹੇਤ ਸਾਕਾ ਜਿਨਿ ਕੀਆ" ਨਾਟਕ ਸੰਗ੍ਰਹਿ ਦੇ ਲੇਖਕ ਪ੍ਰੋ. ਦੇਵਿੰਦਰ ਸਿੰਘ ਸੇਖੋਂ, ਕੈਨੇਡਾ ਦੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸ਼ਤਰੀ ਹਨ। ਅਜੋਕੇ ਸਮੇਂ ਵਿਚ ਹਮਿਲਟਨ ਨਗਰ ਦੇ ਵਾਸੀ, ਪ੍ਰੋ. ਸੇਖੋਂ ਜਿਥੇ ਵਿਗਿਆਨ ਦੇ ਵਿਦਿਅਰਥੀ ਤੇ ਅਧਿਆਪਕ ਰਹੇ ਹਨ, ਉਥੇ ਉਨ੍ਹਾਂ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਯੂ. ਐੱਸ. ਏ. ਤੋਂ ਰਸਾਇਣ ਵਿਗਿਆਨ ਵਿਚ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕਰ ਕੇ ਇਸ ਖੇਤਰ ਵਿਚ ਆਪਣੀ ਮੁਹਾਰਿਤ ਦਾ ਸਿੱਕਾ ਮਨਵਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲ ਪੁਰ ਤੋਂ ਆਪਣੇ ਅਧਿਆਪਨ ਕਾਰਜਾਂ ਦਾ ਆਰੰਭ ਕਰਨ ਪਿਛੋਂ ਆਪ ਨੇ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਵਿਖੇ ਅਧਿਆਪਨ ਕਾਰਜ ਕੀਤੇ ਹਨ। ਵਿੱਦਿਆ ਪ੍ਰਾਪਤੀ ਦੀ ਲਲਕ ਕਾਰਣ ਆਪ, ਕੈਨੇਡਾ ਵਿਖੇ "ਸਿੱਖਿਆ ਪ੍ਰਸ਼ਾਸ਼ਨ" ਦੇ ਖੇਤਰ ਵਿਚ ਵੀ ਯੂਨੀਵਰਸਿਟੀ ਆਫ ਐਲਬਰਟਾ, ਕੈਨੇਡਾ ਤੋਂ ਪੀਐਚ. ਡੀ. ਦੀ ਡਿਗਰੀ ਹਾਸਿਲ ਕਰ ਚੁੱਕੇ ਹਨ।
ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਪ੍ਰੋ. ਸੇਖੋਂ ਨੂੰ ਸਿੱਖ ਧਰਮ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੁਆਰਾ ਰਚਿਤ ਅਨੇਕ ਲੇਖ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜ਼ੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਉਨ੍ਹਾਂ ਦੀਆਂ ਅਨੇਕ ਰਚਨਾਵਾਂ ਝਾਂਜਰ ਟੈਲੀਵਿਯਨ, ਕੈਨੇਡਾ ਤੋਂ ਵੀ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਜੋ ਇੰਟਰਨੈੱਟ ਉੱਤੇ ਯੂਟਿਊਬ ਦੇ ਤੌਰ ਉੱਤੇ ਉਪਲਬਧ ਹਨ। ਪਿਛਲੇ ਲਗਭਗ ਸੱਤ ਸਾਲਾਂ ਤੋਂ ਉਹ "ਗੁਰਬਾਣੀ ਸੰਦੇਸ਼" ਨਾਮੀ ਇਕ ਵੈੱਬਸਾਇਟ ਵੀ ਚਲਾ ਰਹੇ ਹਨ ਜੋ ਗੁਰਮਤਿ ਸੰਦੇਸ਼ਾਂ ਨੂੰ ਆਮ ਜਗਿਆਸੂਆਂ ਤਕ ਪਹੁੰਚਾਣ ਲਈ ਪੂਰਨ ਤੌਰ ਉੱਤੇ ਸਮਰਪਿਤ ਹੈ। ਹੁਣ ਤਕ ਲਗਭਗ ਚਾਰ ਲੱਖ ਪਾਠਕ ਇਸ ਵੈੱਬਸਾਇਟ ਵਿਖੇ ਉਪਲਬਧ ਜਾਣਕਾਰੀ ਦਾ ਲਾਭ ਉਠਾ ਚੁੱਕੇ ਹਨ। ਅੱਜ ਕਲ ਪ੍ਰੋ. ਸੇਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੇ ਅਹਿਮ ਕਾਰਜ ਵਿਚ ਜੁੱਟੇ ਹੋਏ ਹਨ। ਪ੍ਰੋ. ਦੇਵਿੰਦਰ ਸਿੰਘ ਸੇਖੋਂ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਵਿੱਦਿਆ ਪ੍ਰਸਾਰ, ਸਮਾਜ ਭਲਾਈ ਤੇ ਗੁਰਮਤਿ ਪ੍ਰਚਾਰ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
"ਧਰਮ ਹੇਤ ਸਾਕਾ ਜਿਨਿ ਕੀਆ" ਨਾਟਕ ਸੰਗ੍ਰਹਿ ਧਾਰਮਿਕ ਵਿਸਿ਼ਆਂ ਸੰਬੰਧਤ ਪ੍ਰੋ. ਦੇਵਿੰਦਰ ਸਿੰਘ ਸੇਖੋਂ ਦੀ ਅੱਠਵੀਂ ਪੁਸਤਕ ਹੈ। ਲੇਖਕ ਅਨੁਸਾਰ ਇਸ ਪੁਸਤਕ ਦਾ ਆਸ਼ਾ ਸਿੱਖ ਸਮੁਦਾਇ ਦੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖੀ ਦੀ ਨਿਰਾਲੀ ਸ਼ਾਨ ਤੇ ਪਛਾਣ ਬਾਰੇ ਸੁਚੇਤ ਕਰਨਾ ਹੈ। ਇਸ ਕਿਤਾਬ ਵਿਚ ਵਿਭਿੰਨ ਵਿਸਿ਼ਆਂ ਸੰਬੰਧਤ ਛੇ ਨਾਟਕ ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਨਾਟਕੀ ਸ਼ੈਲੀ ਦੀ ਵਰਤੋਂ ਰਾਹੀਂ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਲੇਖਕ ਨੇ ਕਿਤਾਬ ਦੇ ਪਹਿਲੇ ਨਾਟਕ "ਸ਼ਹੀਦੀ ਭਾਈ ਤਾਰੂ ਸਿੰਘ ਜੀ" ਵਿਚ ਭਾਈ ਤਾਰੂ ਸਿੰਘ ਦੀ ਕੁਰਬਾਨੀ ਦੀ ਘਟਨਾ ਦੇ ਰੋਚਕਮਈ ਬਿਰਤਾਂਤ ਦੇ ਨਾਲ ਨਾਲ ਕਈ ਹੋਰ ਸੂਰਬੀਰ ਤੇ ਸਿਦਕੀ ਸਿੱਖਾਂ ਦੇ ਧਰਮ ਪ੍ਰਤਿ ਲਗਾਉ ਕਾਰਣ ਜੀਵਨ ਬਲੀਦਾਨ ਦੀਆਂ ਘਟਨਾਵਾਂ ਦਾ ਵਰਨਣ ਕੀਤਾ ਹੈ। ਪੁਸਤਕ ਦੇ ਦੂਜੇ ਨਾਟਕ ਦਾ ਵਿਸ਼ਾ ਹੈ: "ਜਨੇਊ ਦੀ ਰਸਮ"। ਇਸ ਨਾਟਕ ਵਿਚ ਲੇਖਕ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਦੌਰਾਨ ਜਨੇਊ ਦੀ ਰਸਮ ਸੰਬੰਧਤ ਵਾਪਰੇ ਘਟਨਾਕ੍ਰਮ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਬਿਆਨਿਆ ਹੈ।
"ਗੁਰੂ ਨਾਨਕ ਸਾਹਿਬ ਅਤੇ ਵਲੀ ਕੰਧਾਰੀ" ਨਾਟਕ ਵਿਚ ਪ੍ਰੋ. ਸੇਖੋਂ ਨੇ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਵਲੀ ਕੰਧਾਰੀ ਦੇ ਹਉਮੈ ਰਚਿਤ ਮਨ ਦਾ, ਗੁਰੂ ਸਾਹਿਬ ਦੇ ਕੌਤਕ ਰਾਹੀਂ ਨਵਾਂ ਰੂਪ ਧਾਰਨ ਕਰ, ਖ਼ਾਲਕ ਤੇ ਖ਼ਲਕ ਦੇ ਪਿਆਰ ਵਿਚ ਗੜੁਚ ਹੋ ਜਾਣ ਦਾ ਬਾਖੂਬੀ ਜ਼ਿਕਰ ਕੀਤਾ ਹੈ। ਪੁਸਤਕ ਦਾ ਚੌਥਾ ਵਿਸ਼ਾ "ਛੋਟੇ ਸਾਹਿਬਜ਼ਾਦੇ : ਅਦੁੱਤੀ ਸ਼ਹੀਦੀ" ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹੀਦੀ ਦਾ ਨਾਟਕੀ ਰੂਪਾਂਤਰਣ ਪੇਸ਼ ਕਰਦਾ ਹੈ। ਲੇਖਕ ਨੇ "ਖਿਮਾ ਦਾ ਸੋਮਾ ਦਸਮੇਸ਼ ਗੁਰੂ" ਨਾਟਕ ਵਿਚ ਸੋਹਿਨਾ ਤੇ ਮੋਹਿਨਾ ਪਾਤਰਾਂ ਦੀ ਸਿਰਜਣਾ ਰਾਹੀਂ ਗੁਰੂ ਪ੍ਰਤੀ ਸਿੱਖਾਂ ਦੀ ਪਿਆਰ ਰੱਤੀ ਲਗਨ ਅਤੇ ਦਸਮ ਗੁਰੂ ਸਾਹਿਬ ਦੇ ਬਖ਼ਸਿ਼ੰਦ ਸੁਭਾਅ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਖੁਲਾਸਾ ਕੀਤਾ ਹੈ। ਇਸ ਕਿਤਾਬ ਦਾ ਆਖ਼ਰੀ ਨਾਟਕ ਹੈ "ਕਲਗੀਧਰ ਤੇ ਭਾਈ ਦਿਲਬਾਗ ਸਿੰਘ"। ਇਸ ਨਾਟਕ ਵਿਚ ਲੇਖਕ ਨੇ ਗੁਰੂ ਸਾਹਿਬ ਦੇ ਸਮਕਾਲੀ ਸਮਾਜ ਵਿਚ ਫੈਲੀ ਅੰਧੇਰ-ਗਰਦੀ ਤੋਂ ਪਰਦਾ ਚੁੱਕਦਿਆ ਗੁਰੂ ਸਾਹਿਬ ਦੀ ਦੂਰ-ਅੰਦੇਸ਼ੀ ਅਤੇ ਗੁਰੂ ਜੀ ਤੇ ਗੁਰੂ ਦੇ ਸਿੱਖਾਂ ਦੇ ਪਾਵਨ ਕਿਰਦਾਰਾਂ ਨੂੰ ਬਾਖੂਬੀ ਸਚਿੱਤ੍ਰਰਿਤ ਕੀਤਾ ਹੈ।
ਇਨ੍ਹਾਂ ਨਾਟਕਾਂ ਰਾਹੀਂ ਲੇਖਕ ਨੇ ਸਿੱਖ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਦਾ ਸਹੀ ਉਲੇਖ ਦੇਣ ਦੇ ਨਾਲ ਨਾਲ ਗੁਰਮਤਿ ਸਿਧਾਤਾਂ ਦਾ ਵਿਖਿਆਨ ਵੀ ਕੀਤਾ ਹੈ। ਉਸ ਨੇ ਆਮ ਪ੍ਰਚਲਿਤ ਧਾਰਨਾਵਾਂ ਤੋਂ ਹਟ ਕੇ ਗੁਰਮਤਿ ਦੀ ਰੌਸ਼ਨੀ ਵਿਚ ਇਨ੍ਹਾਂ ਘਟਨਾਵਾਂ ਦਾ ਉਚਿੱਤ ਵਰਨਣ ਪੇਸ਼ ਕੀਤਾ ਹੈ। ਇਨ੍ਹਾਂ ਨਾਟਕਾਂ ਵਿਚ ਸਿੱਖ ਇਤਹਾਸ, ਗੁਰਮਤਿ ਅਤੇ ਆਦਰਸ਼ ਜੀਵਨ ਚਲਣ ਦੇ ਵਿਭਿੰਨ ਪੱਖਾਂ ਬਾਰੇ, ਗੁਰਬਾਣੀ ਦੇ ਯਥਾਯੁਕਤ ਹਵਾਲਿਆ ਨਾਲ, ਲੇਖਕ ਨੇ ਆਪਣੀ ਰਾਏ ਵੀ ਪੇਸ਼ ਕੀਤੀ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਵਿਆਖਿਆ ਸਹਿਤ ਪੇਸ਼ ਕੀਤੇ ਹਨ। ਪ੍ਰੋ. ਸੇਖੋਂ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ। ਇਨ੍ਹਾਂ ਨਾਟਕਾਂ ਵਿਚ ਗੁਰੂ ਸਾਹਿਬ ਨੂੰ ਪਾਤਰ ਦੇ ਰੂਪ ਵਿਚ ਨਾ ਪੇਸ਼ ਕਰਦੇ ਹੋਏ, ਹੋਰ ਪਾਤਰਾਂ ਦੇ ਮੂੰਹੋਂ ਗੁਰੂ ਸਾਹਿਬਾਨ ਦੇ ਕੌਤਕਾਂ ਬਾਰੇ ਗੱਲਬਾਤ ਰਾਹੀਂ ਵਿਸ਼ੇ ਦੀ ਸਪਸ਼ਟਤਾ ਕਾਇਮ ਰੱਖੀ ਗਈ ਹੈ ਅਤੇ ਲੇਖਕ ਦਾ ਇਹ ਤਰੀਕਾ ਪਾਠਕਾਂ ਵਲੋਂ ਇਨ੍ਹਾਂ ਨਾਟਕਾਂ ਨੂੰ ਸਟੇਜੀ ਰੂਪ ਵਿਚ ਪੇਸ਼ ਕਰਨ ਵਿਚ ਬਹੁਤ ਕਾਰਗਰ ਹੋਣ ਦੀ ਸਮਰਥਾ ਰੱਖਦਾ ਹੈ। ਆਸ ਹੈ ਭਵਿੱਖ ਵਿਚ ਸਕੂਲੀ ਵਿਦਿਆਰਥੀ ਇਨ੍ਹਾਂ ਨਾਟਕਾਂ ਦਾ ਮੰਚਣ ਕਰ ਕੇ ਲੇਖਕ ਦੇ ਆਸ਼ੇ ਦੀ ਪੂਰਤੀ ਵਿਚ ਸਫਲ ਯੋਗਦਾਨ ਪਾਉਣਗੇ।
ਇਹ ਇਕ ਵਧੀਆ ਕਿਤਾਬ ਹੈ ਜੋ ਸਿੱਖ ਇਤਹਾਸ ਅਤੇ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਮਹੱਤਵਪੂਰਣ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਪ੍ਰੋ. ਸੇਖੋਂ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਉੱਤਮ ਗੁਣਵੱਤਾ ਵਾਲੇ ਕਾਗਜ਼, ਵਧੀਆ ਛਪਾਈ ਤੇ ਪ੍ਰਿਟਿੰਗ ਦੀਆਂ ਗਲਤੀਆਂ ਤੋਂ ਮੁਕਤ, ਚੁਹਰੰਗੇ ਸਰਵਰਕ ਵਾਲੀ ਇਸ ਕਿਤਾਬ ਦੀ ਕੀਮਤ ਬਹੁਤ ਹੀ ਵਾਜਿਬ ਹੈ।
ਪ੍ਰੋ. ਸੇਖੋਂ ਇਕ ਸਿੱਖਿਆ-ਸ਼ਾਸਤਰੀ ਵਜੋਂ, ਧਾਰਮਿਕ ਖੋਜ, ਸਾਹਿਤਕ ਸਰਗਰਮੀਆਂ ਤੇ ਸਮਾਜ-ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਵਲੋਂ ਆਪਣੀ ਨੇਕ ਕਮਾਈ ਦੀ ਦਸਵੰਧ ਵਿਚੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਸਿੱਖ ਧਰਮ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉੰਦਾ ਹੈ। ਆਸ ਹੈ ਹੋਰ ਲੇਖਕ ਅਤੇ ਸਿੰਘ ਸਭਾਵਾਂ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੀਆ। "ਧਰਮ ਹੇਤ ਸਾਕਾ ਜਿਨਿ ਕੀਆ" ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
Last edited: