• Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਐਨਕ (ਕਹਾਣੀ ਸੰਗ੍ਰਿਹ) ਦਾ ਰਿਵਿਊ (ਕਿਤਾਬ ਦਾ ਲੇਖਕ: ਮਖ਼ਦੂਮ ਟੀਪੂ ਸਲਮਾਨ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ)

Dr. D. P. Singh

Writer
SPNer
Apr 7, 2006
133
64
Nangal, India



ਐਨਕ (ਕਹਾਣੀ ਸੰਗ੍ਰਿਹ)
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

1637172404795.png
ਕਿਤਾਬ ਦਾ ਨਾਮ: ਐਨਕ (ਕਹਾਣੀ ਸੰਗ੍ਰਿਹ)
ਲੇਖਕ: ਮਖ਼ਦੂਮ ਟੀਪੂ ਸਲਮਾਨ
ਪ੍ਰਕਾਸ਼ਕ: ਟੂਸਮ ਈ-ਪਬਲੀਕੇਸ਼ਨਜ਼, ਲਾਹੌਰ, ਪਾਕਿਸਤਾਨ।
ਪਰਕਾਸ਼ ਸਾਲ: 2021, ਕੀਮਤ: ਅੰਕਿਤ ਨਹੀਂ; ਪੰਨੇ: 97
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ।


ਮਖ਼ਦੂਮ ਟੀਪੂ ਸਲਮਾਨ ਲਹਿੰਦੇ ਪੰਜਾਬ ਦਾ ਇਕ ਨਾਮਵਰ ਪੰਜਾਬੀ ਲੇਖਕ ਹੈ ਜਿਸ ਨੇ “ਹੁੱਕਾਂ” (ਕਹਾਣੀ ਸੰਗ੍ਰਹਿ), ਤੇ “ਅੱਧੀ ਮੌਤ” (ਨਾਵਲਿਟ) ਪੰਜਾਬੀ ਭਾਸ਼ਾ (ਸ਼ਾਹਮੁਖੀ ਲਿੱਪੀ) ਵਿਚ ਰਚ ਕੇ ਵਾਹਵਾ ਨਾਮਣਾ ਖੱਟਿਆ ਹੈ। ਬੇਸ਼ਕ ਕਿੱਤੇ ਵਜੋਂ ਉਹ ਵਕੀਲ ਹੈ ਪਰ ਉਸ ਦੇ ਸਾਹਿਤ ਪ੍ਰਤੀ ਲਗਾਉ ਨੇ ਉਸ ਨੂੰ ਪੰਜਾਬ ਦੇ ਇਤਿਹਾਸ, ਸਭਿਆਚਾਰ, ਧਰਮ, ਰਾਜਨੀਤੀ, ਤੇ ਕਾਨੂੰਨ ਬਾਰੇ ਅਨੇਕ ਲੇਖ, ਕਹਾਣੀਆਂ ਤੇ ਕਿਤਾਬਾਂ ਰਚਣ ਲਈ ਪ੍ਰੇਰਿਤ ਕੀਤਾ ਜੋ ਵਿਭਿੰਨ ਪ੍ਰਕਾਸ਼ਨ ਅਦਾਰਿਆਂ ਵਲੋਂ ਬਹੁਤ ਹੀ ਚਾਅ ਨਾਲ ਛਾਪੀਆਂ ਜਾਦੀਆਂ ਰਹੀਆਂ ਹਨ। ਹੁਣ ਤਕ ਉਹ, ਰਿਵਿਊ ਅਧੀਨ ਕਿਤਾਬ ਤੋਂ ਇਲਾਵਾ, ਉਰਦੂ ਤੇ ਅੰਗਰੇਜ਼ੀ ਭਾਸ਼ਾ ਵਿਚ ਸੱਤ ਕਿਤਾਬਾਂ ਛਾਪ ਚੁੱਕਾ ਹੈ। ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਦਾ ਉਹ ਨਵ-ਹਸਤਾਖ਼ਰ ਹੈ। ਜਿਸ ਨੇ ਆਪਣੀ ਪਲੇਠੀ ਪੁਸਤਕ "ਐਨਕ (ਕਹਾਣੀ ਸੰਗ੍ਰਿਹ)" ਨਾਲ ਗੁਰਮੁਖੀ ਲਿੱਪੀ ਵਾਲੇ ਸਾਹਿਤਕ ਜਗਤ ਵਿਚ ਆਗਮਨ ਕੀਤਾ ਹੈ। ਐਨਕ (ਕਹਾਣੀ ਸੰਗ੍ਰਿਹ) ਦੀ ਛਪਾਈ ਤੋਂ ਪਹਿਲਾਂ ਉਸ ਨੇ ਆਪਣੇ ਹੁੱਕਾਂ (ਉਰਦੂ ਕਹਾਣੀ ਸੰਗ੍ਰਹਿ) ਵਿਚ ਵੀ ਤਿੰਨ ਕਹਾਣੀਆਂ: “ਸਬਜ਼ੀਆਂ”, “ਪਿਓ”, ਤੇ “ਰੋਟੀ” ਗੁਰਮੁਖੀ ਵਿਚ ਛਾਪ ਕੇ ਲਹਿਦੇ ਤੇ ਚੜ੍ਹਦੇ ਪੰਜਾਬ ਦੀ ਭਾਸ਼ਾਈ ਤੇ ਸਭਿਆਚਾਰਕ ਸਾਂਝ ਨੂੰ ਨਵਾਂ ਹੁਲਾਰਾ ਦੇਣ ਦਾ ਸਫ਼ਲ ਯਤਨ ਕੀਤਾ ਹੈ।

ਪਿਛਲੇ ਲਗਭਗ ਢਾਈ ਦਹਾਕਿਆਂ ਤੋਂ ਮਖ਼ਦੂਮ ਟੀਪੂ ਸਲਮਾਨ ਨੇ ਪੰਜਾਬੀ ਸਾਹਿਤ ਨਾਲ ਆਪਣੀ ਸਾਂਝ ਬਣਾਈ ਹੋਈ ਹੈ। ਬਚਪਨ ਤੋਂ ਹੀ ਸਾਹਿਤ ਪੜ੍ਹਣ ਤੇ ਪੜਚੋਲ ਕਰਨ ਦੇ ਲਗਾਉ ਨੇ ਉਸ ਨੂੰ ਵਿਲੱਖਣ ਪਾਰਖੂ ਦ੍ਰਿਸ਼ਟੀਕੋਣ ਦਾ ਧਾਰਣੀ ਬਣਾ ਦਿੱਤਾ। ਇਸੇ ਨਜ਼ਰੀਏ ਕਾਰਣ, ਮਨੋਵਿਗਿਆਨ ਤੇ ਸਮਾਜ ਵਿਗਿਆਨ ਦੇ ਵਿਭਿੰਨ ਪੱਖਾਂ ਅਤੇ ਆਪਣੇ ਆਲੇ ਦੁਆਲੇ ਵਾਪਰ ਰਹੇ ਵਰਤਾਰਿਆਂ ਨੂੰ ਜਾਨਣਾ, ਸਮਝਣਾ ਤੇ ਘੋਖਣਾ ਉਸ ਦੇ ਜੀਵਨ ਦਾ ਅਹਿਮ ਅੰਗ ਬਣ ਗਏ। ਪਿਛਲੇ ਡੇਢ ਕੁ ਦਹਾਕੇ ਦੌਰਾਨ ਉਸ ਨੇ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ, ਤੰਗੀਆਂ-ਤੁਰਸ਼ੀਆਂ, ਦੁਸ਼ਵਾਰੀਆਂ ਤੇ ਬੇਤਰਤੀਬੀਆਂ ਨੂੰ ਕਲਮਬੰਧ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਸ਼ਿਆਂ ਨੇ ਅਨੇਕ ਕਹਾਣੀਆਂ ਦਾ ਰੂਪ ਧਾਰ ਲਿਆ ਜੋ ਸਮੇਂ ਸਮੇਂ ਉਰਦੂ, ਅੰਗਰੇਜ਼ੀ ਤੇ ਪੰਜਾਬੀ ਦੇ ਪ੍ਰਸਿੱਧ ਰਸਾਲਿਆਂ, ਅਖ਼ਬਾਰਾਂ ਤੇ ਡਿਜ਼ੀਟਲ ਮੀਡੀਆ ਦਾ ਸ਼ਿੰਗਾਰ ਬਣੀਆਂ।

ਆਪਣੀ ਸਿਰਜਣ ਪ੍ਰਕ੍ਰਿਆ ਦੀ ਗੱਲ ਕਰਦਿਆਂ ਮਖ਼ਦੂਮ ਦਾ ਕਹਿਣਾ ਹੈ ਕਿ "ਅੱਜ ਲੋੜ ਹੈ ਕਿ ਪੰਜਾਬੀ ਕਹਾਣੀ ਵਿਚ ਅਜੋਕੇ ਸਮੇਂ ਦੀ ਬਾਤ ਪਾਈ ਜਾਵੇ। ਅੱਜ ਅਸੀਂ ਗਲੋਬਲ ਭਾਈਚਾਰੇ ਦਾ ਰੂਪ ਧਾਰ ਚੁੱਕੇ ਹਨ। ਵਿਸ਼ਵ ਭਰ ਦੇ ਮਨੁੱਖਾਂ ਦੀਆਂ ਖ਼ਾਹਸ਼ਾਂ, ਮੁਸ਼ਕਲਾਂ ਤੇ ਦੁਸ਼ਵਾਰੀਆਂ ਵੀ ਇਕੋ ਜਿਹੀਆਂ ਹਨ। ………ਤੇ ਮੈਂ ਜੋ ਕੁਝ ਵੀ ਜਾਣਿਆ ਜਾਂ ਸਿੱਖਿਆ, ਮੇਰਾ ਦਿਲ ਕਰਦਾ ਹੈ ਮੈਂ ਉਹ ਸਭ ਕੁਝ ਆਪਣੇ ਲੋਕਾਂ ਨਾਲ ਵੀ ਸਾਂਝਾ ਕਰਾਂ। ਆਪਣੀਆਂ ਕਹਾਣੀਆਂ ਰਾਹੀਂ ਮੈਂ ਇਸੇ ਅਹਿਸਾਸ ਨੂੰ ਸਾਕਾਰਤਾ ਦੇਣ ਦਾ ਉਪਰਾਲਾ ਕੀਤਾ ਹੈ।" ਆਪਣੀਆਂ ਲਿਖਤਾਂ ਰਾਹੀਂ ਉਹ ਆਪਣੇ ਇਸ ਆਸ਼ੇ ਵਿਚ ਕਾਫ਼ੀ ਹੱਦ ਤਕ ਸਫ਼ਲ ਵੀ ਰਿਹਾ ਹੈ। ਵਿਲੱਖਣ ਰਚਨਾ-ਸ਼ੈਲੀ ਨਾਲ ਸ਼ਿੰਗਾਰੀਆਂ ਅਤੇ ਮਖ਼ਦੂਮ ਦੀ ਪੈਨੀ ਦ੍ਰਿਸ਼ਟੀ ਨਾਲ ਮਨੁੱਖੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਚਰਚਾ ਕਰਦੀਆਂ ਉਸ ਦੀਆਂ ਕਹਾਣੀਆਂ ਹੁਣ ਐਨਕ (ਕਹਾਣੀ ਸੰਗ੍ਰਹਿ) ਦੇ ਰੂਪ ਵਿਚ ਪੰਜਾਬੀ ਪਾਠਕਾਂ ਦੇ ਰੂਬਰੂ ਹਨ।

ਮਖ਼ਦੂਮ ਨੇ "ਐਨਕ" ਕਿਤਾਬ ਵਿਚ ਵਿਭਿੰਨ ਵਿਸਿ਼ਆਂ ਸੰਬੰਧਤ 20 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜਿਨ੍ਹਾਂ ਵਿਚੋਂ ਅੱਠ ਕਹਾਣੀਆਂ: “ਗੰਢਾਂ, ਸੁਫਣਾ, ਹਨੇਰੀ ਛਾਂ, ਗੱਲਾਬਾਤਾਂ, ਜਾਦੂਗਰਨੀ, ਪਲਾਸਟਿਕ ਦੀ ਟੁੱਟੀ ਗੱਡੀ, ਬੂਟਾ ਤੇ ਜੋਗਰਜ਼ ਪਾਰਕ”ਮਿੰਨੀ ਕਹਾਣੀ ਵਰਗ ਨਾਲ ਸੰਬੰਧਤ ਹਨ। ਇਹ ਮਿੰਨੀ ਕਹਾਣੀਆਂ ਆਪਣੀ ਸੰਖੇਪਤਾ ਦੇ ਬਾਵਜੂਦ ਲੇਖਕ ਦੇ ਭਾਵ ਨੂੰ ਵਿਅਕਤ ਕਰਨ ਵਿਚ ਸਫ਼ਲ ਰਹੀਆਂ ਹਨ। ਹਰ ਮਿੰਨੀ ਕਹਾਣੀ ਦੇ ਕੇਂਦਰੀ ਭਾਵ ਨੂੰ ਖਾਸ ਚਿੱਤਰ ਦੇ ਰੂਪ ਵਿਚ ਪ੍ਰਗਟ ਕਰਕੇ, ਲੇਖਕ ਨੇ ਕਿਤਾਬ ਨੂੰ ਸੱਚਿਤਰਤਾ ਬਖ਼ਸ਼ਣ ਦੀ ਸਫਲ਼ ਕੋਸਿ਼ਸ਼ ਕੀਤੀ ਹੈ। ਇਸ ਕਿਤਾਬ ਦੀਆਂ ਬਾਕੀ ਬਾਰ੍ਹਾਂ ਰਚਨਾਵਾਂ ਦੀ ਵੰਨਗੀ - ਲੰਮੀ ਕਹਾਣੀ ਹੈ।

ਅੱਬੇ ਦਾ ਘਰ”ਪਹਿਲੀ ਲੰਮੀ ਕਹਾਣੀ ਹੈ ਜਿਸ ਵਿਚ ਲੇਖਕ ਨੇ ਮੱਧ ਵਰਗ ਦੇ ਲੋਕਾਂ ਦੀਆਂ ਲੋੜ੍ਹਾਂ ਤੇ ਥੋੜ੍ਹਾਂ, ਖ਼ਾਹਸ਼ਾਂ ਤੇ ਆਸ਼ਾਵਾਂ, ਅਤੇ ਜਿੱਤਾਂ ਤੇ ਅਸਫਲਤਾਵਾਂ ਦਾ ਰੌਚਕਮਈ ਵਰਨਣ ਕੀਤਾ ਹੈ। ਇਸੇ ਵੰਨਗੀ ਦੀ ਦੂਸਰੀ ਕਹਾਣੀ “ਸ਼ਾਹਕਾਰ”, ਮੁਸਲਿਮ ਸਮਾਜ ਵਿਚ ਮੌਜੂਦ ਬੁੱਤਸ਼ਾਜ਼ੀ ਬਾਰੇ ਦਵੰਦਾਂ ਦਾ ਬਿਆਨ ਬਹੁਤ ਹੀ ਦਿਲਚਸਪ ਰੂਪ ਵਿਚ ਕਰਦੀ ਹੈ। “ਸਵੇਰ” ਕਹਾਣੀ ਰੋਜ਼ਾਨਾ ਜ਼ਿੰਦਗੀ ਦੇ ਮਸਲਿਆ ਨਾਲ ਜੂਝਦੇ ਪਰਿਵਾਰ ਦੀ ਖਿੱਚੋਤਾਣ ਬਿਆਨ ਕਰਦੀ ਹੈ। “ਪੱਖਾ”ਕਹਾਣੀ ਵਿਚ ਲੇਖਕ, ਪੱਖੇ ਦੇ ਇਤਹਾਸ ਤੇ ਵਿਕਾਸ ਦੀ ਗੱਲ ਕਰਦੇ ਕਰਦੇ ਇਸ ਨੂੰ ਜਿ਼ੰਦਗੀ ਦੀ ਤੇਜ਼ ਰਫ਼ਤਾਰ ਵਿਚ ਸਵੈਹੌਂਦ ਬਣਾਈ ਰੱਖਣ ਦੀ ਦੌੜ੍ਹ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਹੈ। “ਅੰਨ੍ਹੀ” ਕਹਾਣੀ ਨੇਤਰਹੀਣ ਨਾਇਕਾ ਦੇ ਅਹਿਸਾਸਾਂ ਦਾ ਬਾਕਮਾਲ ਵਰਨਣ ਕਰਦੀ ਹੈ। “ਫ਼ਰਿੱਜ ਵਿਚ ਪਿਆ ਟਮਾਟਰ”ਕਹਾਣੀ ਮਾਨਸਿਕ ਤੌਰ ਉੱਤੇ ਕਮਜ਼ੋਰ ਵਿਅਕਤੀ ਦੀ ਅਵਸਥਾ ਦਾ ਬਿਆਨ ਕਰਦੇ ਹੋਏ ਉਸ ਦੇ ਮਨ ਵਿਚ ਚਲ ਰਹੇ ਵਿਚਾਰਾਂ ਦੇ ਉਤਾਰ-ਚੜ੍ਹਾਅ ਦਾ ਉਚਿਤ ਬਿਰਤਾਂਤ ਪੇਸ਼ ਕਰਦੀ ਹੈ।

“ਮਸ਼ੀਨੀ ਅੱਥਰੂ”ਵਿਗਿਆਨ ਗਲਪ ਰਚਨਾ ਹੈ ਜੋ ਭਵਿੱਖ ਵਿਚ ਰੋਬੋਟਾਂ ਦੁਆਰਾ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਪ੍ਰਾਪਤੀ ਦੀ ਦੱਸ ਪਾਉਂਦੀ ਹੈ। ਇਹ ਕਹਾਣੀ ਭਵਿੱਖਮਈ ਮਨੁੱਖੀ ਸੁਖ-ਸੁਵਿਧਾਵਾਂ ਪ੍ਰਾਪਤੀ ਲਈ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਦਾ ਜ਼ਿਕਰ ਵੀ ਕਰਦੀ ਹੈ। ਇਹੋ ਕਹਾਣੀ ਆਖ਼ਰ ਵਿਚ ਰੋਬੋਟ ਬਾਰਬੀ ਦੇ ਮਨ ਅੰਦਰ ਮਨੁੱਖੀ ਪਿਆਰ ਵਰਗੇ ਜ਼ਜਬਿਆਂ ਦੇ ਪੈਦਾ ਹੋਣ ਦੀ ਦੱਸ ਵੀ ਪਾਉਂਦੀ ਹੈ। ਕਿਤਾਬ ਦੀਆਂ ਆਖ਼ਰੀ ਚਾਰ ਕਹਾਣੀਆਂ ਹਨ: “ਲਾਸ਼,”“ਬਾਲ,”“ਬੱਦਲ ਪਾਟ ਗਿਆ”ਅਤੇ “ਪਵਿੱਤਰ”। ਲਾਸ਼ ਕਹਾਣੀ ਦਾ ਨਾਇਕ ਲਾਸ਼ ਦੇ ਸੰਗ ਰਾਤ ਬਿਤਾਉਂਂਦਾ ਹੋਇਆ ਅਜੀਬ ਮਾਨਸਿਕ ਉਧੇੜਬੁਣ ਵਿਚੋਂ ਗੁਜ਼ਰਦਾ ਹੈ। ਲੇਖਕ ਦੀ ਇਹ ਰਚਨਾ ਇਸ ਕਹਾਣੀ ਦੇ ਕੇਂਦਰੀ ਪਾਤਰ ਦੀ ਮਨੋਵਿਗਿਆਨਕ ਸਥਿਤੀ ਦਾ ਬਾਖੂਬੀ ਵਰਨਣ ਕਰਦੀ ਹੈ। ‘ਬਾਲ’ਕਹਾਣੀ ਮਨੁੱਖੀ ਕਮਜ਼ੋਰੀਆਂ ਤੇ ਖੁਦਗਰਜ਼ੀਆਂ ਦਾ ਅਹਿਸਾਸ ਦਿਵਾਉਂਦੀ ਹੈ। “ਬੱਦਲ ਪਾਟ ਗਿਆ”ਕਹਾਣੀ ਨਾਇਕ ਦੇ ਚਾਚੇ ਦੇ ਜਨਾਜ਼ੇ ਦੀ ਪ੍ਰਕ੍ਰਿਆ ਤੇ ਸੰਬੰਧਤ ਮਾਨਸਿਕ ਸਥਿਤੀਆਂ ਦਾ ਵਿਸਤਾਰਿਤ ਵਰਨਣ ਕਰਦੀ ਹੈ। ਵਿਭਿੰਨ ਪਾਤਰਾਂ ਦੁਆਰਾ ਸਦਮੇ ਦੀ ਹਾਲਤ ਦਾ ਅੱਡੋ-ਅੱਡਰੇ ਰੂਪ ਵਿਚ ਮੁਕਾਬਲਾ ਕਰਨ ਦਾ ਬਿਆਨ ਵਿਸਥਾਰਪੂਰਵਕ ਚਿੱਤਰਿਆ ਗਿਆ ਹੈ। ਸਦਮੇ ਤੋਂ ਦੁੱਖਦ ਅਹਿਸਾਸਾਂ ਦੇ ਇਜ਼ਹਾਰ ਦੀ ਘਟਨਾ “ਬੱਦਲ ਪਾਟ ਗਿਆ”ਦੇ ਪ੍ਰਤੀਕ ਨਾਲ ਦਰਸਾਉਣਾ ਪ੍ਰਭਾਵਮਈ ਹੈ। “ਪਵਿੱਤਰ”ਇਸ ਕਿਤਾਬ ਦੀ ਆਖ਼ਰੀ ਕਹਾਣੀ ਹੈ ਜੋ ਏਡਜ਼ ਦੀ ਲਾਗ ਦੇ ਬੁਰੇ ਨਤੀਜਿਆਂ ਤੇ ਅਧੂਰੀਆਂ ਖ਼ਾਹਸ਼ਾਂ ਦਾ ਰੌਚਕਮਈ ਵਰਨਣ ਕਰਦੀ ਹੈ।

ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਸਮਕਾਲੀ ਮਨੋਵਿਗਿਆਨਕ ਤੇ ਸਮਾਜੀ ਹਾਲਾਤਾਂ ਅਤੇ ਉਨ੍ਹਾਂ ਦੇ ਚੰਗੇ-ਮਾੜੇ ਪ੍ਰਭਾਵਾਂ ਦਾ ਬਿਰਤਾਂਤ ਬੜੇ ਸਰਲ ਤੇ ਸਹਿਜਤਾ ਭਰੇ ਢੰਗ ਨਾਲ ਕੀਤਾ ਹੈ।ਅਜੋਕੇ ਮਨੁੱਖੀ ਜੀਵਨ ਵਿਚ ਪ੍ਰਬਲ ਮਾਨਸਿਕ, ਸਮਾਜਿਕ ਤੇ ਸਭਿਆਚਾਰਕ ਹਾਲਾਤਾਂ ਤੇ ਮਸਲਿਆਂ ਦੀ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਮਖ਼ਦੂਮ ਟੀਪੂ ਸਲਮਾਨ ਵਲੋਂ ਰਚਿਤ ਕਿਤਾਬ "ਐਨਕ" ਇਕ ਸ਼ਲਾਘਾ ਯੋਗ ਉੱਦਮ ਹੈ। ਇਹ ਸਮੁੱਚਾ ਕਹਾਣੀ ਸੰਗ੍ਰਹਿ ਅਜੋਕੇ ਮਨੁੱਖ ਦੇ ਮਾਨਸਿਕ ਦਵੰਦਾਂ, ਸਮਾਜਿਕ ਤੇ ਸਭਿਆਚਾਰਕ ਸਰੋਕਾਰਾਂ ਦੀ ਪੇਸ਼ਕਾਰੀ ਕਰਦਾ ਹੈ। ਲੇਖਕ ਸਮਾਜ ਵਿੱਚ ਦੁਖਾਂਤਕ ਦਸ਼ਾ 'ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜ਼ੁੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦਾ ਨਜ਼ਰ ਆਉਂਦਾ ਹੈ।

ਲੇਖਕ ਵਲੋਂ ਆਪਣੀਆਂ ਕਹਾਣੀਆਂ ਦੀ ਪੇਸ਼ਕਾਰੀ ਲਈ ਕਈ ਢੰਗਾਂ ਜਿਵੇਂ ਫ਼ਲੈਸ਼-ਬੈਕ, ਵਾਰਤਾਲਾਪੀ ਸੰਵਾਦ, ਗਲਪੀ ਕਥਾ ਬਿਰਤਾਂਤ, ਸੰਕੇਤਕ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ।ਪਰ ਕਿਤਾਬ ਵਿਚ ਕਈ ਜਗ੍ਹਾ ਸ਼ਬਦ ਜੋੜਾਂ ਦੀਆਂ ਗਲਤੀਆਂ ਅੱਖਰਦੀਆਂ ਹਨ। ਕਹਾਣੀਆਂ ਦੇ ਬਿਰਤਾਂਤ ਵਿਚ ਅੰਗਰੇਜੀ ਸ਼ਬਦਾਂ ਦੀ ਭਰਮਾਰ ਤੇ ਵਿਭਿੰਨ ਸਾਇਜ਼ ਤੇ ਰੰਗਾਂ ਦੀਆਂ ਫ਼ੌਂਟਸ ਦੀ ਵਰਤੋਂ ਕਹਾਣੀਆਂ ਦੀ ਇਕਸਾਰਤਾ ਵਿਚ ਖ਼ਲਲ ਪੈਦਾ ਕਰਦੇ ਹਨ। “ਪੱਖਾ”ਤੇ “ਪਵਿੱਤਰ” ਕਹਾਣੀਆਂ ਵਿਚ ਮਿਆਰੀ ਸ਼ਬਦਾਵਲੀ ਦੀ ਘਾਟ ਤੇ ਸ਼ਾਬਦਿਕ ਨੰਗੇਜ਼ ਕਹਾਣੀਆਂ ਦੇ ਪੱਧਰ ਨੂੰ ਬੌਣਾ ਕਰਦਾ ਹੈ। “ਜੌਗਰਜ਼ ਪਾਰਕ”ਮਿੰਨੀ ਕਹਾਣੀ ਦਾ ਪ੍ਰਤੀਕ ਚਿੱਤਰ ਕਹਾਣੀ ਦੇ ਕੇਂਦਰੀ ਭਾਵ ਦੀ ਤਰਜਮਾਨੀ ਕਰਣ ਤੋਂ ਅਸਮਰਥ ਨਜ਼ਰ ਆਉਂਦਾ ਹੈ।ਇਨ੍ਹਾਂ ਤਰੁੱਟੀਆਂ ਦੇ ਸਬੰਧ ਵਿਚ ਲੇਖਕ ਨੂੰ ਕਿਤਾਬ ਦੀ ਐਡਟਿੰਗ ਵੱਲ ਵਧੇਰੇ ਧਿਆਨ ਦੇਣ ਦਾ ਸੁਝਾਅ ਹੈ।

ਮਖ਼ਦੂਮ ਟੀਪੂ ਸਲਮਾਨ ਅਜਿਹੀ ਸ਼ਖ਼ਸੀਅਤ ਹੈ ਜਿਸ ਨੇ ਆਪਣਾ ਜੀਵਨ ਸਮਾਜ-ਸੇਵਾ ਅਤੇ ਸਾਹਿਤਕ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਉਹ ਮਨੋਵਿਗਿਆਨਕ, ਸਮਾਜਿਕ ਅਤੇ ਸਭਿਆਚਾਰਕ ਹਾਲਾਤਾਂ ਦੇ ਸੰਚਾਰਕ/ਕਹਾਣੀਕਾਰ ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦੀ ਇਹ ਕਿਤਾਬ ਮਨੁੱਖੀ ਜੀਵਨ ਦੀਆਂ ਜਟਿਲ ਹਾਲਾਤਾਂ ਤੇ ਸੰਭਾਵੀ ਹੱਲਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਕਹਾਣੀ ਵਿਧਾ ਦੀ ਵਰਤੋਂ ਨਾਲ, ਸਮਕਾਲੀ ਮਾਨਵੀ ਹਾਲਾਤਾਂ ਬਾਰੇ ਗਲੋਬਲ ਪੱਧਰ ਦੇ ਪੁਖਤਾ ਸਾਹਿਤ ਦੀ ਉਪਲਬਧੀ ਲਈ ਦਿਸ਼ਾ ਨਿਰਧਾਰਣ ਕਰਦਾ ਨਜ਼ਰ ਆਉਂਦਾ ਹੈ।
 
Last edited:
📌 For all latest updates, follow the Official Sikh Philosophy Network Whatsapp Channel:

Latest Activity

Top