ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਣਾ ਸਿੱਖੋ ਖੁਲ੍ਹ ਕੇ, ਵਧਾਓ ਨਾ ਪਾਬੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ।
ਵੰਡੋ ਪ੍ਰੇਮ, ਕਰੋ ਭਲਾ, ਯਾਦ ਰੱਖੋ ਰੱਬ ਨੂੰ,
ਛੱਡੋ, ਨਸ਼ਾ, ਵੱਢੀ, ਠੱਗੀ, ਮਿੱਠਾ ਬੋਲੋ ਸੱਭ ਨੂੰ॥
ਹੋਰਾਂ ਨੂੰ ਦਿਖਾਉਣਾ ਨੀਵਾਂ ਆਦਤਾਂ ਨੇ ਗੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਹਿੰਮਤ ਤੇ ਹੌਸਲੇ ਦੇ ਨਾਲ ਵਧੀ ਜਾਣਾ ਜੀ,
ਵੱਢੀ, ਠੱਗੀ, ਚੋਰੀ, ਬਦੀ, ਕੁਝ ਨਾ ਵਧਾਣਾ ਜੀ।
ਨਸ਼ਿਆਂ ਸਹਾਰੇ ਜੀਣਾ ਸੋਚਾਂ ਸਿਰੋਂ ਮੰੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਚੰਗੇ ਚੁਣੋ ਬੇਲੀ ਤੇ ਨਿਭਾਓ ਸਿਰੇ ਯਾਰੀਆਂ,
ਚੁਗਲੀ ਤੇ ਨਿੰਦਾ ਤਾਂ ਨੇ ਬੁਰੀਆਂ ਬਿਮਾਰੀਆਂ।
ਨਿਗਾਹ ਹੱਕ ਹੋਰ ਦੇ ਤੇ ਨੀਤਾਂ ਦੱਸੇ ਮੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਗੁੱਸਾ ਗਿੱਲਾ ਭੁਲੋ ਸਿੱਖੋ ਪਿਆਰ ਦੀ ਮੁਹਾਰਨੀ,
ਰਿਸ਼ਤਿਆਂ ਦਾ ਮਾਣ ਦਿੰਦਾ ਟੁੱਟਣ ਪਰਿਵਾਰ ਨੀ,
ਭਲੇ ਘਰੀਂ ਤਾਹਨੇ ਮਿਹਣੇ ਗਾਲਾਂ ਨਾ ਸੁਹੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਪੈਸਿਆਂ ਦੀ ਠਾਠ ਵਿੱਚ ਖੋਵੋ ਨਾ ਇਮਾਨ ਜੀ।
ਵੱਡਾ ਉਹ ਹੀ ਜਿਹੜਾ ਹੋਵੇ ਚੰਗਾ ਇਨਸਾਨ ਜੀ।
ਏਕਤਾ ਬਣਾਵੇ, ਨਾ ਵਧਾਵੇ ਕਦੇ ਵੰਡੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਚੰਗੀ ਰੂਹ ਤਾਂ ਭਲਾ ਸਰਬਤ ਦਾ ਏ ਮੰਗਦੀ।
ਕਰਨੀ ਸਹਾਇਤਾ ਚਾਹੀਏ ਸਦਾ ਲੋੜਵੰਦ ਦੀ,
ਦੇਖ ਕੇ ਅਪਾਹਜ ਨਾ ਕੱਢੋ ਐਵੇਂ ਦੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
ਆਪੇ ਨੂੰ ਪਛਾਣੋ, ਮੂਲ ਅਪਣੇ ਨੂੰ ਜਾਣ ਲਓ।
ਆਏ ਜੋ ਕਰਨ ਸੋ ਇਰਾਦਾ ਪੱਕਾ ਠਾਣ ਲਓ।
ਤਾਰਾਂ ਬਾਹਰ ਅੰਦਰ ਜਾਣ ਸੇਧ ਚ ਨਿਗੰਦੀਆਂ।
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।