ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਸ ਵਿੱਚ ਰਿਹਾ ਉਲਝਿਆ ਤੂੰ ਉਹ ਤਾਂ ਰੱਬ ਦੀ ਮਾਇਆ ਸੀ।
ਪੈਸਾ ਪੈਸਾ ਕਰਦਾ ਹੈਂ, ਹੱਡ ਤੁੜਾਉਂਦਾ ਰਹਿੰਦਾ ਹੈਂ।
ਹੱਥਾਂ ਦੀ ਇਸ ਮੈਲ ਲਈ, ਚਿੱਤ ਖਪਾਉਂਦਾ ਰਹਿੰਦਾ ਹੈਂ।
ਤੈਨੂੰ ਇਸ ਨੇ ਚੱਟ ਲਿਆ ਹਉਮੈ ਰੋਗ ਜੋ ਲਾਇਆ ਸੀ।
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਸ ਢਿਡ ਖਾਤਰ ਲੜਦਾ ਹੈਂ ਉਹ ਨਾਂ ਕਦੇ ਵੀ ਭਰਿਆ ਏ।
ਨਾਲ ਸਵਾਦਾਂ ਖਾਂਦਾ ਜੋ, ਰੋਜ਼ ਉਹ ਖਾਲੀ ਕਰਿਆ ਏ।
ਇਹ ਤਾਂ ਢੇਰੀ ਮਿੱਟੀ ਦੀ ਜਿਸ ਤਨ ਮੋਹ ਵਧਾਇਆ ਸੀ,
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਜਿਹੜੇ ਦਫਤਰ-ਅਹੁਦੇ ਲਈ, ਅਪਣੀ ਜਾਨ ਲਗਾਉਂਦਾ ਏਂ।
ਹੋਇਆ ਜਦੋਂ ਰਿਟਾਇਰ ਕੋਈ ਪੁੱਛਣ ਵੀ ਨਾ ਆਉਂਦਾ ਏ।
ਦੋ ਕੁ ਪਲਾਂ ਦੀ ਠਾਠ ਨੇ ਜੋ ਤੈਨੂੰ ਇਉਂ ਏਨਾ ਭਰਮਾਇਆ ਸੀ।
ਕੀ ਤੂੰ ਲੈ ਕੇ ਜਾਣਾ ਹੈ ਜੋ ਤੂੰ ਲੈ ਕੇ ਆਇਆ ਸੀ।
ਉਹੀਓ ਲੇਖੇ ਲਗੂ ਜਿਹੜਾ ਹੋਰਾਂ ਖਾਤਰ ਕੀਤਾ ਏ।
ਦਰਦ ਕਿਸੇ ਦਾ ਵੰਡਿਆ ਏ ਜ਼ਖਮ ਕਿਸੇ ਦਾ ਸੀਤਾ ਏ।
ਸਭ ਨੂੰ ਅਪਣਾ ਸਮਝਿਆ ਸੀ ਨਾ ਕੋਈ ਦਿਸੇ ਪਰਾਇਆ ਸੀ।