ਜੋ ਤੂੰ ਕਰਦਾ ਸੋਈ ਚੰਗਾ ਜੀਕੂੰ ਤੈਨੂੰ ਭਾਵੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਚੰਗਾ ਕੀ ਮਾੜਾ ਦਾਤਾ ਮੈਨੂੰ ਸਮਝ ਨਾ ਆਵੇ।
ਜੋ ਤੂੰ ਕਰਦਾ ਸੋਈ ਚੰਗਾ ਜੀਕੂੰ ਤੈਨੂੰ ਭਾਵੇ।
ਤੇਰਾ ਕੀਤਾ ਸਭ ਕੁਝ ਹੋਵੇ ਚਿੰਤਾ ਫਿਰ ਕਿਉਂ ਕਰੀਏ
ਸਾਹ ਵੀ ਤੇਰੇ ਰਾਹ ਵੀ ਤੇਰੇ ਮੈਂ ਮੇਰੀ ਕਿਉਂ ਮਰੀਏ’
ਇਹ ਜਿੰਦੜੀ ਵੀ ਤੇਰੀ ਜੋ ਕਰਨਾ
ਰੱਬ ਨੂੰ ਚਿੱਤ ਰੱਖ ਕੇ ਹੁਕਮ ਜੋ ਮਨ ਵਿੱਚ ਆਵੇ
ਸੱਚਾ ਸੁੱਚਾ ਚੰਗਾ ਸੋਚੇ ਦਿਲ ਨਾ ਭਟਕੀਂ ਲਾਵੇ।
ਜਦ ਮਨ ਅੰਦਰ ਮੈਲ ਹੈ ਕੋਈ ਦਿਸ ਦਾ ਸਭ ਕੁਝ ਝੌਲਾ।
ਸੋਚ ਵੀ ਪੁੱਠੀ ਹੋਸ਼ ਵੀ ਪੁੱਠੀ ਪੈਂਦਾ ਰੌਲ ਘਚੌਲਾਙ
ਸੇਧ ਸਹੀ ਨਾ ਮਿਲਦੀ ਮਨ ਨੂੰ ਪੁੱਠੀਆਂ ਕਰਦਾ ਜਾਵੇ।
ਮਨਮੁਖ ਮਨ ਦੀਆਂ ਕਰਦਾ ਹੈ ਫਿਰ ਵਿਛੜ ਚੋਟਾਂ ਖਾਵੇ ।
ਗੁਰਮੁਖ ਉਹ ਜੋ ਗੁਰੂ ਦੇ ਕਹੇ ਨਾਮ ਨਾਲ ਜੁੜ ਜਾਂਦਾ।
ਮਾਇਆ ਮੋਹ ਤੋਂ ਪਾਸੇ ਹੁੰਦਾ ਦੁਨੀਆਂ ਤiਂ ਮੁੜ ਜਾਂਦਾ ।
ਇੱਕ ਓਕਾਰ ਫੈਲਾਰਾ ਸਾਰਾ ਜਿਸ ਨੂੰ ਸਮਝ ਇਹ ਆਈ ।
ਉਹ ਫਿਰ ਕਦੇ ਨਾ ਥਕਦਾ ਕਰਦਾ ਨਾਮੇ ਦੀ ਵਡਿਆਈ ।
ਜੁੜੋ ਨਾਮ ਸੰਗ ਸਭ ਕੁਝ ਚੰਗਾ ਗਲਤ ਕਦੇ ਨਾ ਹੋਵੇ।
ਫਿਰ ਹੋਵੇ ਹਰ ਇੱਛਾ ਪੂਰੀ ਸੁੱਖ ਦੀ ਨੀਂਦਰ ਸੋਵੇ ।
ਕੀ ਕਰਨਾ ਕੀ ਹੋਣਾ ਇਸਦੀ ਚਿੰਤਾ ਰਹੇ ਨ ਕੋਈ ।
ਜੀਕਣ ਉਸ ਦਾ ਹੁਕਮ ਮਿਲੇ ਤਾਂ ਕਰਦਾ ਜਾਵੇ ਸੋਈ ।
ਉਸਦੀ ਰਜ਼ਾ ਚ ਚੱਲਣ ਵਾਲਾ ਮਿਹਰਾਂ ਉਸਦੀਆਂ ਪਾਉਂਦਾ।
ਉਸਦੀ ਮਿਹਰ ਪਵੇ ਤਾਂ ਬੰਦਾ ਜੀਵਨ ਸੁੱਖ ਦਾ ਜਿਉਂਦਾ।
ਸੱਚਾ ਸੁੱਚਾ ਜੀਵਨ ਜੀਣਾ ਨਾਮ ਨਾਲ ਚਿਤ ਲਾਣਾ ।
ਸਾਨੂੰ ਇਹੋ ਸਿਖਾਇਆ ਗੁਰੂਆਂ ਚਿੱਤ ਨਹੀ ਭਟਕਾਣਾ ।
ਫਿਰ ਸਾਰਾ ਕੁਝ ਚੰਗਾ ਹੋਊ ਮਾੜਾ ਕੁਝ ਨਹੀਂ ਹੋਣਾ।
ਉਹ ਸੋਹਣੇ ਦਾ ਸਭ ਕੁਝ ਸੋਹਣਾ ਕੀਤਾ ਵੀ ਸਭ ਸੋਹਣਾ।