ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
1
ਜਿਸ ਅੰਦਰ ਹਉਮੈ ਵਸੇ, ਤਿਸ ਅੰਦਰ ਉਹ ਨਾਂਹ।
ਹਉਮੈਂ ਕਿੱਥੇ ਛੱਡਦੀ, ਰੱਬ ਆਉਣ ਦੀ ਥਾਂ।
ਜੇ ਬੰਦਾ ਸਿਮਰਨ ਕਰੇ, ਹਉਮੈ ਹੋਵੇ ਦੂਰ।
ਖਾਲੀ ਥਾਂ ਉਹ ਆ ਭਰੇ, ਜਿਸ ਦਾ ਜਪੀਏ ਨਾਂ।
2
ਜਿਸ ਦੇ ਅੰਦਰ ਉਹ ਵਸੇ, ਉਸ ਦੇ ਮਨ ਭਉ ਕੀ?
ਸਭ ਥਾਂ ਵਸਦਾ ਵੇਖਦਾ, ਸੁਣਦਾ ਹੈ ਸਭ ਦੀ।
ਉਸ ਦਾ ਜੇਕਰ ਸੰਗ ਹੈ, ਫੇਰ ਇਕਲਪਣ ਕੀ?
ਉਸਦਾ ਜੇ ਸਿਮਰਨ ਕਰੇਂ, ਫਿਰ ਕੀ ਲੋੜ ਰਹੀ?
3
ਨਾਮ ਮਹਾਂਰਸ ਅੰਮ੍ਰਿਤ ਹੁੰਦਾ, ਜਿਸ ਨੂੰ ਗੁਰ ਤੇ ਪਾਈਏ।
ਹੁੰਦਾ ਕਰਮ-ਧਰਮ ਸਭ ਸਫਲਾ, ਜੇਕਰ ਨਾਮ ਧਿਆਈਏ।
ਨਾਮ ਧਿਆਈਏ ਲਾਹਾ ਪਾਈਏ, ਆਵਣ ਜਾਣ ਮੁਕਾਈਏ।
ਮੁਕਤੀ ਇਛਾ ਜੇ ਰੱਖੀ ਹੈ, ਲੜ ਗੁਰ ਦੇ ਲੱਗ ਜਾਈਏ।
4
ਜੋ ਤਪ ਬਾਬੇ ਨਾਨਕ ਕੀਤਾ, ਉਹ ਕਿਸ ਤੋਂ ਬਣ ਆਇਆ।
ਆਪ ਵੀ ਜੁੜਿਆ ਈਸ਼ਵਰ ਦੇ ਸੰਗ, ਜੱਗ ਨੂੰ ਵੀ ਰਾਹ ਪਾਇਆ।
ਹਥੀਂ ਕਰ, ਵੰਡ ਛਕਕੇ ਦਸਿਆ, ਨਾਲੇ ਨਾਮ ਜਪਾਇਆ।
ਧੰਨ ਕਮਾਈ ਤੇਰੀ ਬਾਬਾ, ਕੁਲ ਜੱਗ ਪੰਥ ਫੈਲਾਇਆ।