ਤੈਨੂੰ ਕਰੀਦਾ ਹੈ ਯਾਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।
ਤੇਰੇ ਹੁੰਦੇ ਸਾਨੂੰ ਦੇਊ ਕੌਣ ਮਾਤ ਦਾਤਿਆ।
ਅਸੀਂ ਭੱਜਦੇ ਹਮੇਸ਼ਾ ਰਹੇ ਤੇਰੇ ਹੀ ਸਹਾਰੇ ।
ਤੇਰੀ ਊਰਜਾ ਦੇ ਸਦਕੇ ਨਾ ਅਸੀਂ ਕਦੇ ਹਾਰੇ ।
ਸੋਹਣਾ ਜੀਵਨ ਜੋ ਦਿੱਤਾ ਇਹ ਤੂੰ ਦਾਤ ਦਾਤਿਆ
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।
ਨਾ ਕੋਈ ਲਾਲਚ ਨਾ ਮੋਹ, ਨਾ ਕੋਈ ਦੁਨਿਆਵੀ ਖਿੱਚ।
ਬਸ ਰੱਖਦੇ ਧਿਆਨ ਅਸੀਂ ਸਦਾ ਤੇਰੇ ਵਿੱਚ।
ਦਿਲ ਖੋਲ ਕੇ ਮਾਣੀਦੀ ਕਾਇਨਾਤ ਦਾਤਿਆ ।
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ ।
ਤੇਰਾ ਕਿੱਡਾ ਇਹ ਪਸਾਰਾ, ਤੱਕ ਮਾਣੀਏ ਨਜ਼ਾਰਾ,
ਸਾਰਾ ਵਿਸ਼ਵ ਨਿਆਰਾ, ਬੜਾ ਲੱਗਦਾ ਪਿਆਰਾ ।
ਚਾਰ ਪਾਸੇ ਲੱਗੀ ਚਾਵਾਂ ਦੀ ਬਰਾਤ ਦਾਤਿਆ ।
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।
ਤੇਰਾ ਖੁੱਲਾ ਏ ਭੰਡਾਰਾ, ਤੈਥੋਂ ਮੰਗਣਾ ਕੀ ਹੋਰ ।
ਹੱਥ ਤੇਰੇ ਵਿੱਚ ਛੱਡੀ ਹੋਈ ਅਪਣੀ ਤਾਂ ਡੋਰ।
ਤੇਰੀ ਕ੍ਰਿਪਾ ਤੇ ਦੁੱਖਾਂ ਤੋਂ ਨਜਾਤ ਦਾਤਿਆ ।
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।
ਹੁਣ ਮਿਲ ਕੇ ਮਿਟਾ ਦੇ, ਮੇਰੀ ਮੈਂ ਨੂੰ ਤੂੰ ਬਣਾ ਦੇ,
ਸੁੰਨੋ ਸੁੰਨ ਹੀ ਹੋ ਜਾਵੇ, ਮਨ ਚਿਤ ਨੂੰ ਸੁਲਾ ਦੇ।
ਪਾ ਦੇ ਕ੍ਰਿਪਾ ਦੀ ਝੋਲੀ ਚ ਖੈਰਾਤ ਦਾਤਿਆ ।
ਤੈਨੂੰ ਕਰੀਦਾ ਹੈ ਯਾਦ ਦਿਨ ਰਾਤ ਦਾਤਿਆ।