bscheema
SPNer
- Jan 4, 2010
- 122
- 132
- 38
i am really sorry this article is only in Punjabi . i request admins please don't delete this thread it may serve its purpose to many
ਗੁਰਭਗਤ ਸਿੰਘ
ਅੱਜ ਦੇ ਵਿਸ਼ਵ ਵਿਚ ਸਾਰਥਿਕ ਰਹਿਣ ਲਈ ਹਰ ਕੌਮ ਜਾਂ ਸੱਭਿਆਚਾਰ ਆਪਣੇ ਸ਼ਾਹਕਾਰਾਂ ਨੂੰ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣ ਲਈ ਤਤਪਰ ਹੈ। ਇਸ ਨਾਲ ਸੱਭਿਆਚਾਰ ਦੇ ਮੈਂਬਰਾਂ ਨੂੰ ਮਾਣ ਮਿਲਦਾ ਹੈ। ਅੰਤਰਰਾਸ਼ਟਰੀ ਭਾਈਚਾਰਿਆਂ ਵਿਚ ਆਉਣ-ਜਾਣ ਦੀ ਸਹੂਲਤ ਮਿਲਦੀ ਹੈ। ਆਰਥਿਕ ਅਤੇ ਰਾਜਨੀਤਕ ਸੁਵਿਧਾਵਾਂ ਵੀ ਕਿਸੇ ਦੇਸ਼ ਦੀ ਸਾਰਥਿਕਤਾ ਅਨੁਸਾਰ ਹੀ ਮਿਲਦੀਆਂ ਹਨ। ਪਰ ਅਨੁਵਾਦਾਂ ਰਾਹੀਂ ਸਾਰਥਿਕ ਹੋਣ ਦਾ ਰਾਹ ਏਡਾ ਸੌਖਾ ਨਹੀਂ। ਅਨੁਵਾਦ ਦਾ ਵਿਸ਼ਵ ਜਾਂ ਅਨੁਸ਼ਾਸਨ ਭੋਲੇਪਣ ਨਾਲ ਨਹੀਂ ਚੱਲਦਾ। ਉਸ ਵਿਚ ਵੀ ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਚੱਲਦੀ ਰਹਿੰਦੀ ਹੈ। ਬਲਵਾਨ ਸਭਿਆਚਾਰਾਂ ਦੀਆਂ ਭਾਸ਼ਾਵਾਂ ਸ਼ਕਤੀ ਹਥਿਆਉਣ ਦੇ ਸਾਧਨ ਹਨ। ਇਨ੍ਹਾਂ ਭਾਸ਼ਾਵਾਂ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਸਬੰਧਤ ਸਭਿਆਚਾਰਾਂ ਦੀਆਂ ਰਾਜਨੀਤਕ ਇਛਾਵਾਂ ਅਤੇ ਮੁੱਦਿਆਂ ਨਾਲ ਜੁੜੇ ਹੋਏ ਹਨ। ਅਨੁਵਾਦ ਜਗਤ ਵਿਚ ਪ੍ਰਭੁਤਾ ਅਤੇ ਨਿਮਰਤਾ ਦੀ ਜੰਗ ਬੜੀ ਤੀਖਣ ਹੈ। ਇਹ ਪ੍ਰਤੱਖ ਨਹੀਂ ਦਿਸਦੀ। ਉਂਜ ਤਾਂ ਸਿਧਾਂਤਕ ਤੌਰ ’ਤੇ ਸਭ ਭਾਸ਼ਾਵਾਂ ਕਿਸੇ ਮੂਲ ਭਾਸ਼ਾ ਦੇ ਹੀ ਵਿਸਥਾਰ ਹਨ। ਇਹ ਵੱਖਰੀ ਗੱਲ ਹੈ ਕਿ ਉਹ ਮੂਲ ਭਾਸ਼ਾ ਅਜੇ ਸਾਨੂੰ ਪ੍ਰਾਪਤ ਨਹੀਂ। ਜਰਮਨ ਲੇਖਕ ਅਤੇ ਵਿਗਿਆਨ ਦੇ ਜਾਣਕਾਰ ਗੇਟੇ ਨੇ ਜਿਵੇਂ ਇਕ ਮੂਲ ਪੌਦਾ ਲੱਭ ਲਿਆ ਸੀ ਜਿਸ ਤੋਂ ਸਾਰੇ ਪੌਦਿਆਂ ਦਾ ਜਨਮ ਹੋਇਆ। ਅਜਿਹੇ ਉਰ-ਪਲਾਂਟ ਨਾਲ ਬਹੁਤ ਪਿਛਾਂਹ ਤਕ ਦੇਖਿਆ ਜਾ ਸਕਦਾ ਹੈ ਅਤੇ ਬਨਸਪਤੀ ਦੇ ਰਿਸ਼ਤੇ ਨਾਤੇ ਜਾਂਚੇ ਜਾ ਸਕਦੇ ਹਨ। ਇਵੇਂ ਹੀ ਉਰ-ਭਾਸ਼ਾ ਲੱਭਣ ਨਾਲ ਬਹੁਤ ਸਾਰੇ ਮਾਨਵੀ ਰਿਸ਼ਤੇ ਅਤੇ ਵਿਕਾਸ ਦੇ ਮਸਲੇ ਸਮਝੇ ਜਾ ਸਕਦੇ ਹਨ। ਉਰ-ਭਾਸ਼ਾ ਜੇ ਲੱਭ ਵੀ ਜਾਵੇ ਤਾਂ ਉਸ ਨਾਲ ਸਾਰੇ ਸਭਿਆਚਾਰਕ, ਭਾਸ਼ਾਈ, ਚਿੰਨ੍ਹ-ਸ਼ਾਸਤਰੀ ਮਸਲਿਆਂ ਦਾ ਹੱਲ ਨਹੀਂ ਲੱਭ ਸਕਦਾ।
ਵੀਹਵੀਂ ਸਦੀ ਦੇ ਜਰਮਨ-ਯਹੂਦੀ ਚਿੰਤਕ ਵਾਲਟਰ ਬੈਂਜਾਮਨ ਨੇ ਇਹ ਧਾਰਨਾ ਦਿੱਤੀ ਹੈ ਕਿ ਭਾਸ਼ਾਵਾਂ ਦੇ ਉਪਰ ਇਤਿਹਾਸਕ ਰਿਸ਼ਤੇ ਵੀ ਹਨ। ਸੌਖੇ ਸ਼ਬਦਾਂ ਵਿਚ ਇਹ ਕਹਿ ਲਈਏ ਕਿ ਭਾਸ਼ਾਵਾਂ ਦੇ ਹੇਠ ਇਕ ਅਜਿਹਾ ਸਤੱਰ ਹੈ ਜਿੱਥੇ ਭਾਸ਼ਾਵਾਂ ਦਾ ਅੰਤਰ ਸਬੰਧ ਮੌਜੂਦ ਹੈ। ਇਸ ਲਈ ਇਕ ਭਾਸ਼ਾ ਤੋਂ ਦੂਜੀ ਵਿਚ ਅਨੁਵਾਦ ਸੰਭਵ ਹੈ। ਬੈਂਜਾਮਨ ਦੀ ਇਹ ਧਾਰਨਾ, ਹੁਣ ਮੰਨਿਆ ਜਾਂਦਾ ਹੈ, ਭਾਸ਼ਾ ਦੇ ਰੱਬ-ਸਰੋਤ ਨਾਲ ਜੁੜੀ ਹੋਈ ਹੈ ਅਤੇ ਰਹੱਸਵਾਦ ਨਾਲ ਛੂੰਹਦੀ ਹੈ। ਪਰ ਬੈਂਜਾਮਨ ਭਾਸ਼ਾ ਨੂੰ ਇਤਿਹਾਸ ਨਾਲੋਂ ਵੀ ਵੱਖ ਕਰਕੇ ਨਹੀਂ ਦੇਖਦਾ। ਹਰ ਭਾਸ਼ਾ ਦਾ ਇਤਿਹਾਸ ਅਤੇ ਆਪਣੀ ਇਤਿਹਾਸਕ ਯਾਤਰਾ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਲੈ ਆਉਂਦੇ ਹਨ ਜਿਨ੍ਹਾਂ ਨਾਲ ਉਸ ਦੇ ਪ੍ਰਮੁੱਖ ਚਿੰਨ੍ਹ ਅਤੇ ਮੁਹਾਵਰੇ ਦੂਜੀ ਭਾਸ਼ਾ ਵਿਚ ਨਹੀਂ ਉਲਥਾਏ ਜਾ ਸਕਦੇ।
ਮਨੁੱਖੀ ਸੱਭਿਆਚਾਰਾਂ ਦਾ ਬਹੁਤਾ ਇਤਿਹਾਸ ਸਾਮਰਾਜਵਾਦ ਅਤੇ ਬਸਤੀਵਾਦ ਨਾਲ ਜੁੜਿਆ ਹੋਇਆ ਹੈ। ਅਜੇ ਅਸੀਂ ਇਸ ਦੌਰ ਦੀਆਂ ਪ੍ਰਭੁਤਵੀ ਸੰਰਚਨਾਵਾਂ ਤੋਂ ਮੁਕਤ ਨਹੀਂ ਹੋਏ। ਇਸ ਦਾ ਅਰਥ ਇਹ ਹੈ ਕਿ ਪ੍ਰਭੁਤਾ ਵਿਚ ਰਹਿਣ ਵਾਲੇ ਸਾਮਰਾਜੀ ਸਭਿਆਚਾਰਾਂ ਨੇ ਜੋ ਭਾਸ਼ਾਈ ਜਾਂ ਦਾਰਸ਼ਨਿਕ ਸੰਰਚਨਾਵਾਂ ਬਣਾਈਆਂ, ਅਸੀਂ ਉਨ੍ਹਾਂ ਤੋਂ ਮੁਕਤ ਨਹੀਂ ਹੋਏ। ਉਨ੍ਹਾਂ ਬਸਤੀਆਂ ਬਣਾਉਣ ਵਾਲੀਆਂ ਸੰਰਚਨਾਵਾਂ ਜਾਂ ਬਣਤਰਾਂ ਅਜੇ ਸਭ ਅਧੀਨ ਰਹਿ ਚੁੱਕੇ ਸਭਿਆਚਾਰਾਂ ਵਿਚ ਦਖਲ ਦੇ ਰਹੀਆਂ ਹਨ। ਇਸ ਦਖਲ ਨਾਲ ਭਾਵੇਂ ਅਧੀਨ ਸਭਿਆਚਾਰਾਂ ਦੇ ਜਮੂਦ ਟੁੱਟੇ ਹਨ, ਨਵੇਂ ਵਿਚਾਰ ਆਏ ਹਨ, ਪਰ ਨਾਲ ਹੀ ਉਹ ਬਸਤੀ ਬਣਾਉਣ ਅਤੇ ਬਸਤੀ ਬਣਨ ਨਾਲ ਸਬੰਧਤ ਚੇਤਨਤਾ ਤੋਂ ਹੀ ਪ੍ਰਭਾਵਿਤ ਹੋਏ ਹਨ।
ਬਸਤੀ ਬਣਾਉਣ ਅਤੇ ਬਣਨ ਦੀ ਪ੍ਰਕਿਰਿਆ ਬਹੁਤ ਡੂੰਘੀ ਹੈ। ਇਹ ਭਾਵਾਂ ਅਤੇ ਅਨੁਭੂਤੀਆਂ ਤਕ ਅੱਪੜਦੀ ਹੈ। ਜਦੋਂ ਕਿਸੇ ਸੱਭਿਆਚਾਰ ਦੇ ਮੈਂਬਰ ਆਪਣੇ ਭਾਵ-ਜਗਤ ਵਿਚ ਬਸਤੀ ਬਣ ਜਾਣ, ਉਦੋਂ ਸਾਮਰਾਜ ਦੀ ਵੱਡੀ ਜਿੱਤ ਹੁੰਦੀ ਹੈ। ਰਿਸ਼ਤੇ-ਨਾਤੇ ਅਤੇ ਨਿੱਤਾਪ੍ਰਤੀ ਕਾਰਜ ਵੀ ਬਸਤੀਵਾਦੀ ਹੋ ਜਾਂਦੇ ਹਨ। ਸਾਮਰਾਜ ਦੀ ਵੱਡੀ ਜਿੱਤ ਇਸ ਵਿਚ ਸੀ ਕਿ ਉਸ ਨੇ ਬਸਤੀ ਬਣਾਉਣ ਅਤੇ ਬਸਤੀ ਬਣਨ ਨਾਲ ਸਬੰਧਤ ਮਾਨਸਿਕਤਾਵਾਂ ਨੂੰ ਜਨਮ ਦਿੱਤਾ। ਭਾਸ਼ਾਵਾਂ ਵੀ ਇਸੇ ਕੈਦ ਵਿਚ ਘੁੰਮਣ ਲੱਗ ਪਈਆਂ। ਚਿੰਨ੍ਹ ਸ਼ਾਸਤਰ ਵੀ ਇਨ੍ਹਾਂ ਮਾਨਸਿਕਤਾਵਾਂ ਵਿਚ ਤਾੜੇ ਗਏ।
ਅਜਿਹੀਆਂ ਮਾਨਸਿਕਤਾਵਾਂ, ਪੂੰਜੀਵਾਦ ਦੇ ਆਉਣ ਨਾਲ ਜੋ ਸਾਮਰਾਜ ਉਸਰਿਆ, ਕੇਵਲ ਉਸੇ ਦੀ ਉਪਜ ਹੀ ਨਹੀਂ ਹਨ, ਸਗੋਂ ਇਸ ਤੋਂ ਪਹਿਲਾਂ ਵੀ ਇਸ ਨਾਲ ਮਿਲਦੀ-ਜੁਲਦੀ ਕੋਸ਼ਿਸ਼ ਹੋ ਚੁੱਕੀ ਸੀ। ਉਹ ਕੋਸ਼ਿਸ਼ ਵੀ ਸਫਲ ਸੀ। ਉਹ ਬਾਦਸ਼ਾਹੀ, ਸੁਲਤਾਨਸ਼ਾਹੀ ਜਾਂ ਰਾਜਸ਼ਾਹੀ ਨੇ ਕੀਤੀ ਸੀ। ਬਾਦਸ਼ਾਹੀ ਨੂੰ ਪੱਕਿਆਂ ਕਰਨ ਲਈ ਉਸ ਦੇ ਚਿੰਤਕਾਂ ਨੇ ਵੀ ਹੇਠਾਂ ਤਕ ਜਾਣ ਵਾਲੀਆਂ ਜੋ ਸੰਰਚਨਾਵਾਂ ਬਣਾਈਆਂ, ਉਹ ਵੀ ਵਿਅਕਤੀ ਨੂੰ ਭਾਵਾਂ ਤਕ ਕੈਦ ਕਰਨ ਵਾਲੀਆਂ ਸਨ। ਉਨ੍ਹਾਂ ਸੰਰਚਨਾਵਾਂ ਤੋਂ ਬਾਹਰ ਨਿਕਲ ਕੇ ਦੇਖਣਾ ਜਾਂ ਮਹਿਸੂਸ ਕਰਨਾ ਅਤਿਅੰਤ ਕਠਿਨ ਸੀ। ਮਨੁੱਖਾਂ ਦੇ ਰਿਸ਼ਤੇ-ਨਾਤੇ ਵੀ ਪਿੰਜਰੇ ਵਿਚ ਪਾਏ ਹੋਏ ਸਨ। ਮੁਕਤ-ਭਾਵੀ ਹੋਣਾ ਲਗਪਗ ਅਸੰਭਵ ਸੀ।
ਮੁਕਤ-ਭਾਵੀ ਹੋਣ ਲਈ ਬਾਦਸ਼ਾਹੀ ਸੰਰਚਨਾਵਾਂ ਤੋਂ ਨਿਕਲ ਕੇ ਭਗਤਾਂ ਵਾਂਗ ਹੋਰ ਇਸ਼ਟ ਦੀ ਜੁਸਤਜੂ ਕਰਨੀ ਪੈਂਦੀ ਸੀ। ਕੋਈ ਰਾਮ, ਕੋਈ ਕ੍ਰਿਸ਼ਨ, ਕੋਈ ਅੱਲਾਹ, ਕੋਈ ਵਾਹਿਗੁਰੂ ਲੱਭਣਾ ਪੈਂਦਾ ਸੀ, ਜੋ ਬਾਦਸ਼ਾਹੀ ਪੈਰਾਡਾਈਮ ਅਤੇ ਸੰਰਚਨਾਵਾਂ ਤੋਂ ਕੱਢਣ ਲਈ ਸੈਨਤਾਂ ਕਰੇ। ਸਗੋਂ ਉਸ ਨਵੇਂ ਇਸ਼ਟ ਵਿਚ ਏਨੀ ਸ਼ਕਤੀ ਹੋਵੇ ਕਿ ਧੂਹ ਕੇ ਬਾਹਰ ਲੈ ਆਵੇ। ਉਸ ਨਵੇਂ ਇਸ਼ਟ ਨੂੰ ਪ੍ਰਕਾਸ਼ਮਾਨ ਕਰਨ ਲਈ ਸੰਜਮ ਅਤੇ ਭਿਅੰਕਰ ਸ਼ਿੱਦਤ ਦੋਨਾਂ ਦੀ ਲੋੜ ਸੀ। ਗੁਰੂ ਨਾਨਕ ਦੇਵ ਵੀ ਜ਼ਰੂਰੀ ਸੀ ਅਤੇ ਮੀਰਾਂ ਅਤੇ ਬੁੱਲ੍ਹੇਸ਼ਾਹ ਵੀ।
ਉਤਰ ਪੂੰਜੀਵਾਦੀ ਸਾਮਰਾਜ ਅਤੇ ਬਾਦਸ਼ਾਹੀ ਸਾਮਰਾਜ ਭਾਵੇਂ ਇਤਿਹਾਸ ਦੇ ਦੋ ਵੱਖੋ-ਵੱਖਰੇ ਪੜਾਵਾਂ ਦੀ ਉਪਜ ਹਨ ਪਰ ਇਨ੍ਹਾਂ ਵਿਚ ਇਕ ਵੱਡੀ ਸਾਂਝ ਹੈ। ਉਹ ਸਾਂਝ ਇਹ ਹੈ ਕਿ ਇਨ੍ਹਾਂ ਨੇ ਸਮਾਜ ਅਤੇ ਰਾਜਨੀਤੀ ਨੂੰ ਚਲਾਉਣ ਲਈ ਉਪਰ ਤੋਂ ਹੇਠਾਂ ਤਕ ਜਾਣ ਵਾਲੀਆਂ ਸੰਰਚਨਾਵਾਂ ਉਸਾਰੀਆਂ, ਜਿਨ੍ਹਾਂ ਨੇ ਵਿਅਕਤੀ ਨੂੰ ਪੂਰੀ ਤਰ੍ਹਾਂ ਕੈਦ ਕਰ ਲਿਆ। ਇਸ ਦ੍ਰਿਸ਼ਟੀ ਤੋਂ ਇਹ ਦੋਵੇਂ ਸਾਮਰਾਜ, ਅੱਜ ਦੇ ਮੁਹਾਵਰੇ ਵਿਚ, ਮਹਾਂ-ਇਡੀਪਲ ਆਖੇ ਜਾ ਸਕਦੇ ਹਨ। ਇਨ੍ਹਾਂ ਮਹਾਂ-ਇਡੀਪਲਾਂ ਨੇ ਜੋ ਵੀ ਉਸਾਰਿਆ, ਉਸ ਪਿੱਛੇ ਇੱਛਾ ਆਪਣੀ ਪ੍ਰਭੁੱਤਾ ਨੂੰ ਕਾਇਮ ਕਰਨਾ ਅਤੇ ਬਚਾਉਣਾ ਸੀ। ਇਸ ਲਈ ਇਨ੍ਹਾਂ ਦੀਆਂ ਸੰਰਚਨਾਵਾਂ ਵਿਚ ਜੇ ਕੋਈ ਮਨੁੱਖੀ ਹਿੱਤ ਜਾਂ ਕਰੁਣਾ ਨਜ਼ਰ ਆਉਂਦੀ ਸੀ ਤਾਂ ਉਸ ਦੇ ਪਿੱਛੇ ਬੇਕਿਰਕ ਜ਼ੁਲਮ ਵੀ ਲੁਕਿਆ ਹੋਇਆ ਸੀ।
ਆਪਣੀ ਪ੍ਰਭੁਤਾ ਦੇ ਵੱਸ ਵਿਚ ਕਰਨ ਵਾਲੇ ਵਰਗਾਂ ਦੇ ਪ੍ਰਯੋਗ ਵਿਚ ਆਉਣ ਵਾਲੀ ਭਾਸ਼ਾ ਸਹਿਜੇ ਹੀ ਕੈਦਕਾਨਾ ਜਾਂ ‘ਪਰਿਜ਼ਨ-ਹਾਊਸ’ ਬਣ ਜਾਂਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਜ਼ਬਾਨ ਵਿਚ ਕੈਦ-ਵਿਰੋਧੀ ਜਾਂ ਮੁਕਤ-ਭਾਵੀ ਹੋਣ ਦੀ ਸੰਭਾਵਨਾ ਮੁੱਕ ਜਾਂਦੀ ਹੈ। ਉਹ ਸੰਭਾਵਨਾ ਵੀ ਕਾਇਮ ਰਹਿੰਦੀ ਹੈ। ਜ਼ਬਾਨ ਇਕ ਵੱਡਮੁੱਲਾ ਤੋਹਫਾ ਹੈ ਜਿਸ ਦੀਆਂ ਸੰਭਾਵਨਾਵਾਂ ਕੋਈ ਵੀ ਇਡੀਪਲ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦਾ। ਇਹ ਲੁਕੀਆਂ ਹੋਈਆਂ ਮੁਕਤ-ਭਾਵੀ ਸੰਭਾਵਨਾਵਾਂ ਉਵੇਂ ਹੀ ਅਟੱਲ ਅਤੇ ਸਦੀਵੀ ਹਨ ਜਿਵੇਂ ਮਨੁੱਖ ਦੀ ਪ੍ਰੇਮ-ਸ਼ਕਤੀ ਜਾਂ ਲਿਬਿਡੋ ਜੋ ਹਰ ਕੈਦ ਦਾ ਵਿਰੋਧੀ ਹੋ ਕੇ ਕਦੇ ਵੀ ਭੜਕ ਸਕਦੀ ਹੈ। ਜੇਲ੍ਹਾਂ ਦੇ ਬੂਹੇ-ਬਾਰੀਆਂ ਭੰਨ ਸਕਦੀ ਹੈ।
ਪਰ ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਸਮਾਜ ਵਿਚ, ਹਰ ਦੌਰ ਵਿਚ, ਭਾਸ਼ਾ ਦਾ ਕੈਦ ਕਰਨ ਵਾਲਾ ਜਾਂ ਇਡੀਪਲੀ ਪ੍ਰਯੋਗ ਅਤੇ ਮੁਕਤ-ਭਾਵੀ ਪ੍ਰਯੋਗ ਦੋਹਾਂ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਕਿਸੇ ਵੀ ਮੁਕਤ-ਭਾਵੀ ਪਾਠ ਜਾਂ ਕ੍ਰਾਂਤੀਕਾਰੀ ਪ੍ਰਯੋਗ ਨਾਲ ਬਲਣ ਵਾਲੀ ਰਚਨਾ ਨੂੰ ਇਡੀਪਲੀ ਪ੍ਰਯੋਗ ਨਾਲ ਭਰਪੂਰ ਭਾਸ਼ਾ ਵਿਚ ਨਹੀਂ ਉਲਥਾਇਆ ਜਾ ਸਕਦਾ। ਅਨੁਵਾਦ ਕੇਵਲ ਇਕ ਚਿੰਨ੍ਹ-ਪ੍ਰਬੰਧ ਨੂੰ ਦੂਜੇ ਚਿੰਨ੍ਹ ਪ੍ਰਬੰਧ ਵਿਚ ਬਦਲਣਾ ਨਹੀਂ, ਇਹ ਮੂਲ ਟੈਖਟ ਦੀ ਕ੍ਰਾਂਤੀਕਾਰੀ ਜਾਂ ਨਿਵੇਕਲੀ ਪਛਾਣ ਨੂੰ ਕਾਇਮ ਰੱਖਣਾ ਵੀ ਹੈ। ਅਨੁਵਾਦਕ ਨੂੰ ਅਨੁਵਾਦ ਦੀ ਭਾਸ਼ਾ ਦੇ ਇਡੀਪਲੀ ਲੱਛਣਾਂ ਤੋਂ ਮੁਕਤ ਰਹਿਣ ਦੀ ਲੋੜ ਹੁੰਦੀ ਹੈ। ਇਹ ਬਹੁਤ ਔਖਾ ਕੰਮ ਹੈ। ਇਕ ਵਚਿੱਤਰ ਜਾਂ ਨਿਵੇਕਲੀ ਟੈਖਟ ਨੂੰ ਉਸ ਦੀ ਮੌਲਿਕਤਾ ਖੋਹ ਕੇ ਇਕ ਇਡੀਪਲ ਦਾ ਗੁਲਾਮ ਬਣਾਉਣਾ ਬਹੁਤ ਵੱਡੀ ਸਭਿਆਚਾਰਕ ਅਵੱਗਿਆ ਹੈ ਜੋ ਸਾਹਿਤ ਅਤੇ ਸਭਿਆਚਾਰ ਦੇ ਇਤਿਹਾਸਾਂ ਵਿਚ ਬਾਰ-ਬਾਰ ਹੁੰਦੀ ਆਈ ਹੈ। ਕਿਸੇ ਵਚਿੱਤਰ ਜਾਂ ਸਭਿਆਚਾਰਕ ਤੌਰ ’ਤੇ ਵਿਲੱਖਣ ਟੈਖਟ ਨੂੰ ਪਰਾਧੀਨ ਕਰਨਾ ਬੜੀ ਵੱਡੀ ਗੁਸਤਾਖੀ ਹੈ। ਇਸ ਨਾਲ ਟੈਖਟ ਅਤੇ ਉਸ ਦੇ ਲੇਖਕ ਦਾ ਅਣਕੌਮੀਕਰਨ ਹੋ ਜਾਂਦਾ ਹੈ। ਭਿੜਨ ਦੀ ਥਾਂ ਦੋ ਵਿਰੋਧੀ ਸਭਿਆਚਾਰਾਂ ਨੂੰ ਨੇੜੇ ਲਿਆਉਣ ਲਈ ਵੀ ਅਨੁਵਾਦ ਇਕ ਮਾਧਿਅਮ ਹੈ ਪਰ ਇਸ ਇੱਛਾ ਨੂੰ ਸਿਰੇ ਚੜ੍ਹਾਉਣ ਲਈ ਅਨੁਵਾਦ ਦੀ ਭਾਸ਼ਾ ਵਿਚ ਵੀ ਲੋੜੀਂਦਾ ਪਰਿਵਰਤਨ ਲਿਆਉਣਾ ਪੈਂਦਾ ਹੈ।
ਕਿਉਂਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਤੀਕ ਰਾਹੀਂ ਇਕ ਵੱਡੀ ਰਾਜਨੀਤਕ ਹਕੀਕਤ ਸੀ, ਪ੍ਰੇਰਣਾ ਦਾ ਸ੍ਰੋਤ ਸੀ, ਪੱਛਮੀ ਸਾਮਰਾਜ ਦੇ ਆਉਣ ਨਾਲ ਵਿਰੋਧ ਦਾ ਵੱਡਾ ਮੁੱਦਾ ਬਣ ਗਿਆ। ਖਾਲਸਾ ਪੈਰਾਡਾਈਮ ਨੂੰ ਤੋੜਨਾ, ਇਸ ਦੀ ਮੌਲਿਕਤਾ ਨੂੰ ਨਸ਼ਟ ਕਰਨਾ, ਸਾਮਰਾਜ ਦੇ ਹਥਿਆਰਾਂ ਵਿਚੋਂ ਇਕ ਵੱਡਾ ਹਥਿਆਰ ਸੀ। ਸਾਮਰਾਜ ਨੇ ਡਾ. ਟਰੰਪ ਦੀ ਜ਼ਿੰਮੇਵਾਰੀ ਲਾਈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰੇ। ਉਸ ਨੇ 1877 ਵਿਚ ਆਪਣਾ ਅਨੁਵਾਦ ਪ੍ਰਕਾਸ਼ਿਤ ਕੀਤਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਗਏ ਮੂਲ ਮੰਤਰ ਦੇ ‘‘ੴ’ ਦਾ ਅਨੁਵਾਦ ‘ਓਮ’’ ਵਜੋਂ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ੴ ਵਿਲੱਖਣ ਹੈ। ਇਹ ‘‘ਵਾਹਿਗੁਰੂ’’ ਹੈ। ਵਾਹਿਗੁਰੂ ਦੇ ਅਰਥ ਅਸ਼ਚਰਜਤਾ ਦਾ ਗੁਰੂ ਹਨ। ਅਸ਼ਚਰਜਤਾ ਜੋ ਏਕਤਾ ਅਤੇ ਅਨੇਕਤਾ ਦੇ ‘ਵਿਸਮਾਦ’ ਵਿਚੋਂ ਆਉਂਦੀ ਹੈ। ਇਸ ਦੇ ਵਿਸਥਾਰ ‘‘ਆਸਾ ਦੀ ਵਾਰ’’ ਵਿਚ ਵਿਸਮਾਦ ਦੀ ਪਾਉੜੀ ਵਿਚ ਦਿੱਤੇ ਹੋਏ ਹਨ। ‘‘ਓਮ’’ ਬ੍ਰਹਮ-ਧੁੰਨੀ ਹੈ। ਇਸ ਦਾ ਬਲ, ਸ਼ੰਕਰ ਅਨੁਸਾਰ, ਕੇਵਲ ‘ਏਕਤਾ’ ਉਤੇ ਹੈ। ਸ਼ੰਕਰਾਚਾਰੀਆ ਦੇ ‘‘ਬ੍ਰਹਮ ਸੂਤਰ ਭਾਸ਼ਯ’’ ਅਨੁਸਾਰ ਬ੍ਰਹਮ ਦੇ ਵਿਲੱਖਣ ਅਨੁਭਵ ਨਹੀਂ ਹੋ ਸਕਦੇ, ਨਾ ਹੀ ਵਿਲੱਖਣ ਵਿਆਖਿਆਵਾਂ ਹੋ ਸਕਦੀਆਂ ਹਨ। ਵਾਹਿਗੁਰੂ ਏਕਤਾ ਅਤੇ ਅਨੇਕਤਾ ਦੇ ਆਪਣੇ ਸਮਵਰਤਕ ਕਾਰਨ ‘‘ਸਮਦ੍ਰਿਸ਼ਟਾ’’ ਹੈ। ਇਸ ਲਈ ਉਸ ਦਾ ਅਨੁਵਾਦ ਅੰਗਰੇਜ਼ੀ ਦੇ ਸ਼ਬਦ ‘ਗੌਡ’ ਵਿਚ ਵੀ ਨਹੀਂ ਹੋ ਸਕਦਾ। ਟਰੰਪ ਤੋਂ ਪਿੱਛੋਂ ਆਉਣ ਵਾਲੇ ਅਨੁਵਾਦਕਾਂ ਨੇ ਵੀ ‘‘ਵਾਹਿਗੁਰੂ’’ ਨੂੰ ‘‘ਗੌਡ’’ ਵਜੋਂ ਹੀ ਉਲਥਾਇਆ ਹੈ। ਇਸ ਨਾਲ ਈਸਾਈਅਤ ਦਾ ਰੱਬ ਅਤੇ ਟਰਿਨਿਟੀ (ਪਿਤਾ, ਪੁੱਤਰ, ਸਪਿਰਿਟ) ਚੇਤੇ ਵਿਚ ਆਉਂਦੇ ਹਨ। ਜਾਂ ਯਹੂਦੀਅਤ ਦਾ ਰੱਬ ਜੋ ਬੜੀ ਸਖਤੀ ਨਾਲ ਵਫਾਦਾਰੀ ਮੰਗਦਾ ਹੈ। ਵਾਹਿਗੁਰੂ ਦੀ ਸਮਦ੍ਰਿਸ਼ਟੀ, ਏਕਤਾ ਅਨੇਕਤਾ, ਵਿਸਮਾਦੀ ਗੁਣ ਚੇਤੇ ਵਿਚ ਨਹੀਂ ਆਉਂਦੇ।
‘‘ਵਾਹਿਗੁਰੂ’’ ਦੀ ਮੌਲਿਕਤਾ ਨਿਸ਼ਚੇ ਹੀ ਟਰੰਪ ਅਤੇ ਅਗਲੇ ਅਨੁਵਾਦਕਾਂ ਦੇ ਵਰਤੇ ਗੌਡ ਚਿੰਨ੍ਹ ਵਿਚ ਗੁਆਚ ਜਾਂਦੀ ਹੈ। ‘‘ਵਾਹਿਗੁਰੂ’’ ਚਿੰਨ੍ਹ ਏਕਤਾ ਅਤੇ ਅਨੇਕਤਾ ਦੋਹਾਂ ਦੀ ਰੱਖਿਆ ਕਰਦਾ ਹੈ। ‘‘ਵਾਹਿਗੁਰੂ’’ ਮੁਕਤ-ਭਾਵੀ ਹੈ। ਇਸ ਦਾ ਵਿਸਮਾਦੀ ਅਤੇ ਪ੍ਰੇਮਾਤਮਕ ਗੁਰ ਹਰ ਕਿਸਮ ਦੀ ਕੈਦ ਤੋਂ ਆਜ਼ਾਦ ਕਰਦਾ ਹੈ। ਸਾਰੀ ਸ੍ਰਿਸ਼ਟੀ ਨੂੰ ਆਪਣੀਆਂ ਵਿਲੱਖਣਤਾਵਾਂ ਸਮੇਤ ਇਕ ਭਾਈਚਾਰੇ ਵਜੋਂ ਸਥਾਪਤ ਕਰਦਾ ਹੈ। ਇਹ ਭਾਈਚਾਰਾ ਕੇਵਲ ਮਨੁੱਖੀ ਸਮਾਜਾਂ ਤੱਕ ਸੀਮਿਤ ਨਹੀਂ। ਇਸ ਵਿਚ ਅੰਡਜ, ਜੇਰਜ, ਸੇਤਜ, ਉਤਭੁਜ, ਸਾਰੀਆਂ ਖਾਣੀਆਂ ਜਾਂ ਕਿਸਮਾਂ ਸ਼ਾਮਲ ਹਨ।
ਇਸ ਵਾਹਿਗੁਰੂ ਨਾਲ ਉੱਤਮ ਰਿਸ਼ਤਾ ਪ੍ਰੇਮ-ਭਗਤੀ ਹੈ। ਇਕ ਪ੍ਰੇਮ ਭਗਤ ਆਪਣੀ ਵਿਲੱਖਣਤਾ, ਭਰਪੂਰਤਾ ਨਾਲ ਮਿਲਦਾ ਹੈ ਅਤੇ ਰਿਸ਼ਤੇ ਨਾਲ ਉਸ ਗੁਣ ਨੂੰ ਹੋਰ ਬਲਵਾਨ ਅਤੇ ਸ਼ਿੱਦਤੀ ਬਣਾਉਂਦਾ ਹੈ। ਹਰ ਕਿਸਮ ਦੀ ਸੁਲਤਾਨੀ, ਸਾਮਰਾਜੀ ਦਾਸਤਾ ਨੂੰ ਇਹ ਰਿਸ਼ਤਾ ਜ਼ੋਰ ਨਾਲ ਭੰਗ ਕਰਦਾ ਹੈ। ਇਸ ਗੁਣ ਨੂੰ ਮੂਰਤੀਮਾਨ ਕਰਨ ਲਈ ਅਤੇ ਇਸ ਦੀ ਸਮੁੱਚਤਾ ਨੂੰ ਪ੍ਰਕਾਸ਼ਮਾਨ ਕਰਨ ਲਈ, ਮੁਹਾਵਰਾ ਬਣ ਚੁੱਕਿਆ ਸ਼ਬਦ ‘‘ਦਾਸ’’ ਵੀ ਵਰਤਿਆ ਹੈ। ਇਸ ਦਾ ਮੁਹਾਵਰੇ ਨਾਲ ਸਬੰਧਤ ਚਰਿੱਤਰ ਨਾ ਸਮਝਦਿਆਂ, ਅੰਗਰੇਜ਼ੀ ਦੇ ਅਨੁਵਾਦਕਾਂ ਨੇ ਦਾਸ ਸ਼ਬਦ ਦਾ ਅਨੁਵਾਦ ‘ਸਲੇਵ’ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਬਲ ਮਨੁੱਖ ਨੂੰ ਸਰਬ-ਪੱਖੀ ਅਤੇ ਮੁਕਤ-ਭਾਵੀ ਬਣਾਉਣਾ ਹੈ, ਸਾਰੀਆਂ ਕੈਦਾਂ ਨੂੰ ਤੋੜਨਾ ਹੈ। ਉਥੇ ‘‘ਦਾਸ’’ ਦਾ ਅਨੁਵਾਦ ‘‘ਸਲੇਵ’’ ਜਾਂ ਗੁਲਾਮ ਵਜੋਂ ਕਰਨਾ ਭਾਰੀ ਅਵੱਗਿਆ ਹੈ। ਇਹ ਗ੍ਰੰਥ ਦੀ ਕੁੱਲ ਪੈਰਾਡਾਈਮ ਬਾਰੇ ਅਗਿਆਨੀ ਹੋਣਾ ਹੈ।
ਇਵੇਂ ਹੀ ਅਨੁਵਾਦਕਾਂ ਨੇ ‘‘ਗੁਰੂ’’ ਸ਼ਬਦ/ਚਿੰਨ੍ਹ ਦਾ ਅਨੁਵਾਦ ‘ਮਾਸਟਰ’ ਜਾਂ ‘‘ਪਰਿਸੈਪਟਰ’’ ਕੀਤਾ ਹੈ ਜਦ ਕਿ ਹੁਣ ਅੰਗਰੇਜ਼ੀ ਦੀ ਡਿਕਸ਼ਨਰੀ ਵਿਚ ‘‘ਗੁਰੂ’’ ਸ਼ਬਦ ਵੀ ਮੌਜੂਦ ਹੈ। ਮਾਸਟਰ ਸ਼ਬਦ ਦੀ ਵਰਤੋਂ ਨਾਲ ਪੱਛਮੀ ਚਿੰਤਕ ਹੇਗਲ ਅਤੇ ਨੀਟਸ਼ੇ ਦਾ ਸਭਿਅਤਾ ਦੇ ਵਿਕਾਸ ਬਾਰੇ ਮਾਸਟਰ-ਸਲੇਵ (ਮਾਲਕ-ਗੁਲਾਮ) ਸਿਧਾਂਤ ਚੇਤੇ ਵਿਚ ਆਉਂਦਾ ਹੈ। ਇਨ੍ਹਾਂ ਚਿੰਤਕਾਂ ਅਨੁਸਾਰ ਇਹ ਬੇ-ਪਤੀ ਦਾ ਰਿਸ਼ਤਾ ਹੈ ਜਿਸ ਦਾ ਨਤੀਜਾ ਵਿਦਰੋਹ ਵਿਚ ਬਦਲਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਹ ਮਾਸਟਰ-ਸਲੇਵ ਰਿਸ਼ਤਾ ਅਤੇ ਇਸ ਨਾਲ ਸਬੰਧਤ ਸਿਗਨੀਫਾਈਡ ਜੁੜੇ ਹੋਏ ਹਨ। ਗੁਰਬਾਣੀ ਦਾ ਗੁਰੂ ‘ਮਾਸਟਰ’ ਰਾਹੀਂ ਆਪਣੇ ਗੌਰਵ ਅਤੇ ਮੁਕਤ-ਭਾਵ ਪ੍ਰਦਾਨਕ ਹੋਣ ਵਜੋਂ ਨਹੀਂ ਉਲਥਾਇਆ ਜਾ ਸਕਦਾ। ਜਿਨ੍ਹਾਂ ਅਨੁਵਾਦਕਾਂ ਨੇ ਇਹ ਸ਼ਬਦ ਵਰਤਿਆ ਹੈ, ਉਹ ਅਚੇਤ ਤੌਰ ’ਤੇ ਅੰਗਰੇਜ਼ੀ ਦੇ ਨਿਸ਼ੇਧਾਤਮਕ (ਨਾਂਹ-ਪੱਖੀ)Ð ਸਬੰਧਾਂ ਨਾਲ ਜੁੜੇ ਹੋਏ ਹਨ। ਅੰਗਰੇਜ਼ੀ ਵਿਚੋਂ ਅਜਿਹੇ ਦਖਲ ਨਾਲ ਸਬੰਧਤ ਨਿਗਨੀਫਾਈਡਾਂ ਨੂੰ ਕੱਢ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁਕਤ-ਭਾਵੀ ਪੈਰਾਡਾਈਮ ਦਾ ਠੀਕ ਅਨੁਵਾਦ ਹੋ ਸਕਦਾ ਹੈ। ਅੰਗਰੇਜ਼ੀ ਭਾਸ਼ਾ, ਆਪਣੀ ਸਭਿਅਤਾ ਦੇ ਵਿਕਾਸ-ਪੜਾਵਾਂ ਨਾਲ ਪੂਰੀ ਤਰ੍ਹਾਂ ਸਬੰਧਤ ਅਤੇ ਪ੍ਰਭਾਵਿਤ ਹੈ। ਰਾਜਨੀਤਕ ਲੋੜਾਂ ਅਨੁਸਾਰ ਉਸ ਦੇ ਚਿੰਨ੍ਹ ਉੱਸਰਦੇ ਰਹੇ ਹਨ। ਉਨ੍ਹਾਂ ਚਿੰਨ੍ਹਾਂ ਨੂੰ ਖਾਲੀ ਕਰਕੇ ਜਾਂ ਮੁਕਤ ਕਰਕੇ ਹੀ ਦੂਜੇ ਸਭਿਆਚਾਰ ਆਪਣੇ ਸਭਿਆਚਾਰਕ ਅਤੇ ਸਾਹਿਤਕ ਸ਼ਾਹਕਾਰਾਂ ਨੂੰ ਉਲਥਾ ਸਕਦੇ ਹਾਂ। ਨਹੀਂ ਤਾਂ ਅਨੁਵਾਦ ਵਿਚ ਆਈ ਸਥਾਨ ਅਤੇ ਇਤਿਹਾਸ ਨਾਲ ਜੁੜੀ ਵਿਲੱਖਣਤਾ ਗੁਆਚ ਜਾਵੇਗੀ। ਛੋਟੇ ਸਭਿਆਚਾਰ, ਅੰਗਰੇਜ਼ੀ ਦੇ ਸਾਮਰਾਜੀ ਪੱਖ ਅਤੇ ਇਸ ਨਾਲ ਸਬੰਧਤ ਰੂਪਕ-ਸੰਸਾਰ ਦੇ ਪਰਾਧੀਨ ਹੋ ਕੇ ਹੀ ਰਹਿ ਜਾਣਗੇ।

Last edited: