• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi-ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-12

Dalvinder Singh Grewal

Writer
Historian
SPNer
Jan 3, 2010
1,254
422
79
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-12

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੇਹ
ਹੇਮਸ ਤੇ ਥਿਕਸੇ ਗੋਂਫਾ ਤੋਂ ਗੁਰੂ ਨਾਨਕ ਦੇਵ ਜੀ ਲੇਹ ਆ ਕੇ ਟਿਕੇ।ਲੇਹ ਵਿਚ ਨਵਾਂ ਬਣਿਆ ਗੁਰਦਵਾਰਾ ਦਾਤਣ ਸਾਹਿਬ ਹੈ ਤੇ ਇਕ ਗੁਰਦਵਾਰਾ ਨਿੰਮੂੰ ਵਿਚ ਪਥਰ ਸਾਹਿਬ ਹੈ ਜੋ ਲੇਹ ਤੋਂ ਚੌਵੀ ਕਿਲੋਮੀਟਰ ਦੂਰ ਕਾਰਗਿਲ ਸੜਕ ਤੇ ਹੈ। ਲੇਹ ਵਿਚ ਸਾਡਾ ਰਹਿਣ ਦਾ ਇੰਤਜ਼ਾਮ ਨਿੰਮੂ ਦੇ ਨੇੜੇ ਇਕ ਫੌਜੀ ਯੂਨਿਟ ਦੀ ਅਫਸਰ ਮੈਸ ਵਿਚ ਹੋ ਗਿਆ ਸੀ। ਕੁਝ ਵਿਦੇਸ਼ੀ ਯਾਤਰੂ ਵੀ ਸਾਨੂੰ ਰਾਹ ਵਿੱਚ ਨਾਲ ਲੈਣੇ ਪਏ ਸਨ ਕਿਉਂਕਿ ਉਨ੍ਹਾਂ ਦੀ ਭਾੜੇ ਦੀ ਕਾਰ ਖਰਾਬ ਹੋ ਗਈ ਸੀ ਤੇ ਸਾਡਾ ਇਨਸਾਨੀ ਫਰਜ਼ ਸੀ ਕਿ ਇਸ ਪਹਾੜੀ ਰੇਤਲੇ ਬੀਆਬਾਨ ਤੋਂ ਬਚਾ ਕੇ ਉਨ੍ਹਾਂ ਨੂੰ ਲੈ ਕੇ ਜਾਂਦੇ। ਇਨ੍ਹਾਂ ਯਾਤਰੂਆਂ ਨੂੰ ਲੇਹ ਛੱਡ ਕੇ ਅਸੀਂ ਰਾਤ ਦੇ 10 ਕੁ ਵਜੇ ਨਿੰਮੂ ਪਹੁੰਚੇ ਜਿਥੇ ਪੱਥਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਚਰਨ ਪਾਉਣ ਦੀ ਯਾਦ ਦਰਸਾਉਂਦਾ ਹੈ।

ਗੁਰਦਵਾਰਾ ਪੱਥਰ ਸਾਹਿਬ, ਨਿੰਮੂ, ਲੇਹ
ਲੇਹ ਤੋਂ 18 ਮੀਲ ਦੂਰ ਨਿੰਮੂ ਨਗਰ ਹੈ ਤੇ ਅੱਗੇ ਨਿੰਮੂ ਤੋਂ ਖਲਾਸੀ 32 ਮੀਲ। ਵਿਚ ਵਿਚਾਲੇ ਪਿੰਡ ਬਾਸਗੋ ਆਉਂਦਾ ਹੈ ਜੋ ਲੇਹ ਤੋਂ ੨੪ ਕਿਲੋਮੀਟਰ ਦੂਰ ਪੱਛਮ ਵੱਲ ਲੇਹ ਕਾਰਗਿਲ ਮਾਰਗ ਉਪਰ ਹੈ ।ਬਾਸਗੋ ਨਾਂ ਦੇ ਪਿੰਡ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਕ ਗੁਰਦਵਾਰਾ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ੧੫੧੭ ਈ ਵਿਚ ਆਏ ਦੱਸੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਲੇਹ ਯਾਤਰਾ ਦਾ ਵਿਸਥਾਰ ਪਹਿਲਾਂ ਪਹਿਲ ਲੈਫਟੀਨੈਂਟ ਕਿਰਪਾਲ ਸਿੰਘ ਹੋਰਾਂ ਨੇ ਲਿਖਿਆ ਜੋ ਸਿੱਖ ਰਿਵੀਊ ਦੇ ਅਗਸਤ 1966 ਅੰਕ ਵਿਚ ਛਪਿਆ, ਸੰਖੇਪ ਵਿਚ ਇਹ ਇਸ ਤਰ੍ਹਾਂ ਹੈ:-
‘‘ਏਥੇ ਲੇਹ ਵਿਚ ਇਹ ਯਕੀਨ ਨਾਲ ਆਖਿਆ ਜਾਂਦਾ ਹੈ ਕਿ ਗੁਰੂੂ ਨਾਨਕ ਦੇਵ ਜੀ ਲਦਾਖ ਵਿਚ ਆਏ। ਇਨ੍ਹਾਂ ਵਿਚੋਂ ਇਕ ਅਸਥਾਨ ਲੇਹ ਤੋਂ 24 ਕਿਲੋਮੀਟਰ ਦੂਰ ਲੇਹ-ਕਾਰਗਿਲ ਸੜਕ ਉਪਰ ਹੈ। ਸੜਕ ਕਿਨਾਰੇ ਇਕ 8 ਫੁੱਟ ਉੱਚੀ ਤੇ ਅੱਠ ਫੁੱਟ ਘੇਰੇ ਦੀ ਚੱਟਾਨ ਹੈ ਜਿਸ ਉੱਪਰ ਮਾਨਵੀ ਸਿਰ, ਮੋਢੇ, ਸਰੀਰ ਤੇ ਕਮਰ ਉੱਕਰੇ ਹੋਏ ਹਨ ਜਿਸ ਤਰ੍ਹਾਂ ਕਿਸੇ ਨੂੰ ਇਸ ਪੱਥਰ ਵਿਚ ਧਸਾ ਦਿੱਤਾ ਗਿਆ ਹੋਵੇ। ਇਸ ਪਿੱਛੇ ਜੋ ਗਾਥਾ ਏਥੇ ਪ੍ਰਚੱਲਤ ਹੈ ਉਹ ਇਸ ਤਰ੍ਹਾਂ ਹੈ: ‘‘ਗੁਰੂ ਨਾਨਕ ਬਾਲੇ ਤੇ ਮਰਦਾਨੇ ਨਾਲ ਲਦਾਖ ਦੀ ਯਾਤਰਾ ਤੇ ਆਏ ਤਾਂ ਇਕ ਰਾਖਸ਼ ਬਾਲੇ ਦਾ ਪਿੱਛਾ ਕਰਨ ਲੱਗਿਆ। ਬਾਲਾ ਰਾਖਸ਼ ਤੋਂ ਡਰਦਾ ਕੰਬਣ ਲੱਗਾ, ਲੱਗਾ ਗੁਰੂ ਜੀ ਨੂੰ ਪੁਕਾਰਾਂ ਕਰਨ ‘‘ਗੁਰੂ ਜੀ ਬਚਾਓ, ਗੁਰੂ ਜੀ ਬਚਾਓ।’’ ਗੁਰੂ ਜੀ ਨੇ ਰਾਕਸ਼ ਨੂੰ ਰੋਕਿਆ ਪਰ ਜਦ ਉਹ ਨਾ ਰੁਕਿਆ ਤਾਂ ਗੁਰੂ ਜੀ ਨੇ ਉਸ ਨੂੰ ਜ਼ੋਰ ਦੀ ਧੱਕਾ ਦਿੱਤਾ ਤੇ ਉਹ ਇਸ ਪੱਥਰ ਵਿਚ ਜਾ ਧਸਿਆ।’’ ਉਸੇ ਸਥਾਨ ਦੇ ਨਾਲ ਲੱਗਵਾਂ ਗੁਰਦੁਆਰਾ ਪੱਥਰ ਸਾਹਿਬ ਹੈ। ਲੇਹ ਜਾ ਕੇ ਗੁਰੂ ਜੀ ਇਕ ਦਰੱਖਤ ਥੱਲੇ ਆਰਾਮ ਕਰਨ ਲੱਗੇ। ਇਸ ਦਰੱਖਤ ਨੂੰ ਏਥੋਂ ਦੇ ਲੋਕੀ ਪਵਿੱਤਰ ਮੰਨਦੇ ਹਨ। ਪਹਿਲਾਂ ਇਨ੍ਹਾਂ ਥਾਵਾਂ ਦੀ ਸੁਰੱਖਿਆ ਸੰਭਾਲ ਤੇ ਪੂਜਾ ਲਾਮੇ ਕਰਦੇ ਸਨ ਪਰ ਹੁਣ ਗੁਰਦੁਆਰੇ ਉਸਾਰੇ ਗਏ ਹਨ ਤੇ ਤਿੱਥ ਤਿਉਹਾਰ ਤੇ ਬੜੇ ਭਾਰੀ ਇਕੱਠ ਹੁੰਦੇ ਹਨ।

ਇਕ ਹੋਰ ਪ੍ਰਚਲਤ ਲੋਕ ਗਾਥਾ ਅਨੁਸਾਰ ਇੱਕ ਦੁਸ਼ਟ ਦਾਨਵ ਏਥੋਂ ਦੇ ਲੋਕਾਂ ਨੂੰ ਬਹੁਤ ਤੰਗ ਕਰਦਾ ਰਹਿੰਦਾ ਸੀ ਤੇ ਲੋਕਾਂ ਨੂੰ ਅਪਣੇ ਪ੍ਰਭਾਵ ਥੱਲੇ ਰੱਖਣ ਲਈ ਦੁਸ਼ਟ ਚਾਲਾਂ ਚਲਦਾ ਰਹਿੰਦਾ ਸੀ। ਉਨ੍ਹਾਂ ਨੇ ਅਪਣੇ ਦੇਵਤਾਵਾਂ ਅੱਗੇ ਉਸ ਦੁਸ਼ਟ ਤੋਂ ਪਿੱਛਾ ਛੁਡਵਾਉਣ ਲਈ ਬਹੁਤ ਪ੍ਰਾਰਥਨਾਵਾਂ ਕੀਤੀਆਂ। ਆਖਿਰ ਇਕ ਦੇਵਤਾ ਰੂਪੀ ਮਹਾਂਪੁਰਸ਼ ਜਿਸ ਨੂੰ ਉਹ ਨਾਨਕ ਲਾਮਾ ਕਹਿੰਦੇ ਹਨ ਉਸ ਇਲਾਕੇ ਵਿੱਚ ਆਏ। ਦੁਸ਼ਟ ਨੂੰ ਅਪਣੇ ਇਲਾਕੇ ਵਿਚ ਹਰ ਆਏ ਗੈਰ ਨਾਲ ਨਫਰਤ ਸੀ। ਉਸ ਨੇ ਜਦ ਨਾਨਕ ਲਾਮਾ ਨੂੰ ਬੇਡਰ ਬੇਖੌਫ ਸਮਾਧੀ ਵਿਚ ਮਸਤ ਵੇਖਿਆ ਤਾਂ ਰੋਹ ਵਿਚ ਆਏ ਨੇ ਪਹਾੜੀ ਤੋਂ ਇਕ ਵਡਾ ਪੱਥਰ ਗੁਰੂ ਜੀ ਵਲ ਰੋੜ੍ਹਿਆ। ਪੱਥਰ ਆਇਆ ਤੇ ਗੁਰੂ ਜੀ ਦੀ ਪਿੱਠ ਨਾਲ ਲੱਗਕੇ ਮੋਮ ਵਰਗਾ ਹੋ ਗਿਆ ਤੇ ਗੁਰੂ ਜੀ ਨੂੰ ਕੋਈ ਨੁਕਸਾਨ ਨਾ ਪਹੁੰਚਿਆ। ਗੁਰੂ ਜੀ ਅਪਣੀ ਤਪੱਸਿਆ ਵਿਚ ਮਗਨ ਰਹੇ। ਦੁਸ਼ਟ ਨੇ ਸਮਝ ਲਿਆ ਕਿ ਉਸ ਪੱਥਰ ਥੱਲੇ ਆ ਕੇ ਅਜਨਬੀ ਜ਼ਰੂਰ ਮਰ ਗਿਆ ਹੋਣਾ ਹੈ। ਇਹ ਦੇਖਣ ਲਈ ਉਹ ਪਹਾੜੀ ਤੋਂ ਥੱਲੇ ਆਇਆ ਤਾਂ ਕੀ ਦੇਖਦਾ ਹੈ ਕਿ ਗੁਰੂ ਜੀ ਤਾਂ ਉਵੇਂ ਹੀ ਸਮਾਧੀ ਵਿਚ ਮਗਨ ਹਨ ਤੇ ਪੱਥਰ ਉਨ੍ਹਾਂ ਦੀ ਪਿੱਠ ਨਾਲ ਜੁੜਿਆ ਖੜ੍ਹਾ ਹੈ ਜਿਵੇਂ ਗੁਰੂ ਜੀ ਨੂੰ ਬੁੱਕਲ ਵਿਚ ਲਈ ਬੈਠਾ ਹੋਵੇ। ਗੁੱਸੇ ਵਿੱਚ ਆਪੇ ਤੋਂ ਬਾਹਰ ਹੋਏ ਨੇ ਪਿੱਛੋਂ ਉਸ ਪੱਥਰ ਨੂੰ ਪੈਰ ਨਾਲ ਧੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹੈਰਾਨ ਪ੍ਰੇਸ਼ਾਨ ਹੋ ਗਿਆ ਜਦੋਂ ਉਸ ਦਾ ਪੈਰ ਉਸ ਮੋਮ ਵਰਗੇ ਪੱਥਰ ਵਿਚ ਧੁਸ ਗਿਆ।

ਪੱਥਰ ਸਾਹਿਬ

ਦੁਸ਼ਟ ਨੂੰ ਅਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਹ ਇਸ ਮਹਾਨ ਹਸਤੀ ਅੱਗੇ ਬੇਬਸ ਹੈ। ਇਹ ਜ਼ਰੂਰ ਹੀ ਕੋਈ ਮਹਾਂ ਬਲੀ ਹੈ। ਉਹ ਗੁਰੂ ਜੀ ਅਗੇ ਖਲਾਸੀ ਲਈ ਬੇਨਤੀਆਂ ਕਰਨ ਲੱਗਾ। ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਤੇ ਅਗੋਂ ਤੋਂ ਲੋਕ ਸੇਵਾ ਵਿਚ ਚੰਗੇ ਕੰਮ ਕਰਨ ਲਈ ਕਿਹਾ। ਦੁਸ਼ਟ ਦਾ ਮਨ ਬਦਲ ਗਿਆ ਤੇ ਉਹ ਲੋਕ ਭਲਾਈ ਵਿਚ ਜੁਟ ਗਿਆ। ਏਥੇ ਗੁਰਦਵਾਰਾ ਪਥਰ ਸਾਹਿਬ ਵਿਚ ਲਿਖੀ ਗਾਥਾ ਅਨੁਸਾਰ ਗੁਰੂ ਨਾਨਕ ਕੋਲ ਸੰਗਤ ਇਕਠੀ ਹੁੰਦੀ ਵੇਖ ਕੇ ਇਕ ਰਾਕਸ਼ ਜੋ ਉਪਰ ਪਹਾੜੀ ਉਪਰ ਬੈਠਾ ਸੀ ਨੇ ਇਕ ਵੱਡਾ ਪੱਥਰ ਗੁਰੁ ਨਾਨਕ ਦੇਵ ਜੀ ਵਲ ਰੋੜ੍ਹਿਆ।ਪੱਥਰ ਗੁਰੂ ਜੀ ਦੀ ਪਿੱਠ ਤੇ ਆ ਲਗਿਆ ਤੇ ਮੋਮ ਵਾਂਗ ਗੁਰੁ ਜੀ ਦੀ ਪਿੱਠ ਤੇ ਇਸ ਪੱਥਰ ਦਾ ਛਾਪਾ ਪੈ ਗਿਆ। ਰਾਕਸ਼ ਨੇ ਸੋਚਿਆ ਕਿ ਪੱਥਰ ਨੇ ਜ਼ਰੂਰ ਅਪਣਾ ਅਸਰ ਕੀਤਾ ਹੋਣਾ ਹੈ ਤਾਂ ਪਹਾੜੀ ਤੋਂ ਥੱਲੇ ਆਇਆ ਪਰ ਹੈਰਾਨ ਰਹਿ ਗਿਆ ਜਦ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਖਰੋਚ ਵੀ ਨਾ ਆਈ ਵੇਖੀ। ਉਸ ਨੇ ਗੁੱਸੇ ਵਿਚ ਪੱਥਰ ਦੇ ਪੈਰ ਮਾਰਿਆ ਜਿਸ ਦਾ ਨਿਸ਼ਾਨ ਵੀ ਪੱਥਰ ਉਤੇ ਪੈ ਗਿਆ। ਹੁਣ ਪੱਥਰ ਸਾਹਿਬ ਤੇ ਗੁਰੂ ਜੀ ਦੀ ਪਿੱਠ ਦੇ ਨਿਸ਼ਾਨ ਤੇ ਰਾਕਸ਼ ਦੇ ਪੱਥਰ ਤੇ ਨਿਸ਼ਾਨ ਦੋਨੋਂ ਵਿਖਾਏ ਜਾਂਦੇ ਹਨ।
ਇਸ ਸਥਾਨ ਦਾ ਨਾਮ ਪੱਥਰ ਸਾਹਿਬ ਕਰਕੇ ਪ੍ਰਸਿੱਧ ਹੋਇਆ ਜਿੱਥੇ ਹੁਣ ਇੱਕ ਗੁਰਦਵਾਰਾ ਸਾਹਿਬ ਸ਼ੁਸ਼ੋਭਿਤ ਹੈ।
ਗੁਰਦੁਆਰਾ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ।ਸਵੇਰੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਸਵਖਤੇ ਹੀ ਅਸੀਂ ਗੁਰਦਵਾਰਾ ਪੱਥਰ ਸਾਹਿਬ ਪਹੁੰਚੇ।

ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ, ਵਿਡੀਓ ਬਣਾ ਅਸੀਂ ਲੇਹ ਵਲ ਚੱਲ ਪਏ ਜਿੱਥੇ ਵੀ ਗੁਰੂ ਜੀ ਨੇ ਚਰਨ ਪਾਏ ਸਨ ਤੇ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ।
 

Attachments

  • Gurdwara Nanak Lama, Nimu, Leh.jpg
    Gurdwara Nanak Lama, Nimu, Leh.jpg
    40.9 KB · Reads: 237
  • Pathar Sahib Nimu Basgo Leh.jpg
    Pathar Sahib Nimu Basgo Leh.jpg
    73.3 KB · Reads: 240
  • Preserved stone which were thrown on Gyru nanak Dev  in Leh.jpg
    Preserved stone which were thrown on Gyru nanak Dev in Leh.jpg
    101.3 KB · Reads: 237
  • Hemus Math to Leh.jpg
    Hemus Math to Leh.jpg
    23.9 KB · Reads: 240
📌 For all latest updates, follow the Official Sikh Philosophy Network Whatsapp Channel:

Latest Activity

Top