• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-7

Dalvinder Singh Grewal

Writer
Historian
SPNer
Jan 3, 2010
1,254
424
79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-7

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ

9815366726


ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ, ਪਾਤਸ਼ਾਹੀ 10, ਨਾਹਨ


1688607870094.png

ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ, ਪਾਤਸ਼ਾਹੀ 10, ਨਾਹਨ

ਟੋਕਾ ਸਾਹਿਬ ਤੋਂ ਅਸੀਂ 23 ਜੂਨ 2023 ਨੂੰ ਤਕਰੀਬਨ 7 ਕੁ ਵਜੇ ਨਾਸ਼ਤਾ ਕਰਕੇ ਚੱਲੇ। ਸਾਰੀ ਰਾਤ ਮੀਂਹ ਪੈਂਦਾ ਰਿਹਾ ਸੀ ਤੇ ਮੌਸਮ ਠੰਢਾ ਹੋਣ ਕਰਕੇ ਸਾਡੀ ਰਾਤ ਬਹੁਤ ਵਧੀਆ ਨਿਕਲੀ ਸੀ। ਤਦ ਤਕ ਮੂਸਲੇਦਾਰ ਮੀਂਹ ਮਿੱਠੀ ਮਿੱਠੀ ਭੂਰ ਵਿੱਚ ਬਦਲ ਚੁੱਕਿਆ ਸੀ।ਕੁਝ ਫੋਟੋਆਂ ਰਹਿ ਗਈਆਂ ਸਨ ਜੋ ਮੈਂ ਸਵੇਰੇ ਸਵੇਰੇ ਲੈ ਲਈਆਂ।ਟੋਕਾ ਸਾਹਿਬ ਤੋਂ ਅਸੀਂ ਕਾਲਾ ਅੰਬ ਰਾਹੀਂ ਨਾਹਨ ਪਹੁੰਚਣਾ ਸੀ ।ਸਫਰ 22 ਕੁ ਕਿਲੋਮੀਟਰ ਦਾ ਸੀ ਜਿਸ ਲਈ ਪੌਣਾ ਘੰਟਾ ਲਗਣਾ ਸੀ। ਨਾਹਨ ਸਾਹਿਬ ਗੁਰਦਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਪਾਉਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਥਾਂਵਾਂ ਦੇ ਦਰਸ਼ਨ ਕਰਨੇ ਸਨ। ਸੜਕ ਚੰਗੀ ਲੁੱਕ ਵਾਲੀ ਸੀ ਪਰ ਕੁਝ ਕੁ ਥਾਵਾਂ ਤੇ ਚਲਣਾ ਮੁਸ਼ਕਲ ਸੀ ਜਿੱਥੇ ਸੜਕ ਬਣਾਉਣੀ ਰਹਿ ਗਈ ਸੀ।ਅਗਲਾ ਸਾਰਾ ਸਫਰ ਪਹਾੜੀ ਸੀ ਤੇ ਸੜਕ ਜ਼ਿਆਦਾ ਚੌੜੀ ਨਹੀਂ ਸੀ।ਕਾਲਾ ਅੰਬ ਵੜਣ ਲੱਗੇ ਤਾਂ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦ ਅਸੀਂ ਟਰੱਕਾਂ ਅਤੇ ਟਰਾਲਿਆਂ ਦੇ ਰੇਲੇ ਦੇਖੇ ਜੋ ਬੜੀ ਹੌਲੀ ਹੌਲੀ ਚੱਲ ਰਹੇ ਸਨ ਤੇ ਸੜਕ ਇਕ-ਰਾਹ ਦੀ ਹੋਣ ਕਰਕੇ ਅੱਗੇ ਨਹੀਂ ਸੀ ਲੰਘਿਆ ਜਾ ਸਕਦਾ। ਕਾਲਾ ਅੰਬ ਵਿੱਚ ਏਨੀਆਂ ਫੈਕਟਰੀਆਂ ਤੇ ਏਨੀ ਟਰਾਂਸਪੋਰਟ ਵੇਖ ਕੇ ਬਹੁਤ ਹੈਰਾਨੀ ਹੋਈ। ਜਿਸ ਤਰ੍ਹਾਂ ਕਾਮੇ ਮੋਟਰਸਾਈਕਲਾਂ ਉਤੇ ਅਤੇ ਪੈਦਲ ਜਾ ਰਹੇ ਸਨ ਇਤਨੇ ਤਾਂ ਮੈਨੂੰ ਲੁਧਿਆਣੇ ਸ਼ਹਿਰ ਵਿੱਚ ਵੀ ਨਹੀਂ ਵੇਖੇ। ਇੱਕ ਛੋਟਾ ਸ਼ਹਿਰ ਏਨੇ ਲੋਕਾਂ ਨੂੰ ਨੌਕਰੀ ਦੇ ਰਿਹਾ ਸੀ ਮੇਰੇ ਲਈ ਤਾਂ ਅਚੰਭਾ ਸੀ। ਮੇਰੀ ਜੀਵਣ ਸਾਥਣ ਕਹਿ ਰਹੀ ਸੀ ਕਿ ਪੰਜਾਬ ਨੂੰ ਇਸ ਸ਼ਹਿਰ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਛੋਟੀਆਂ ਫੈਕਟਰੀਆਂ ਦਾ ਜਾਲ ਵਿਛਾਕੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ।ਸਾਰਾ ਕਾਲਾ ਅੰਬ ਰੀਂਗਦੇ ਰੀਂਗਦੇ ਨਿਕਲਦੇ ਨਿਕਲਦੇ ਚਾਲੀ ਕੁ ਮਿੰਟ ਲੱਗ ਗਏ। ਅੱਗਲਾ ਸਾਰਾ ਸਫਰ ਵੀ ਪਹਾੜੀ ਸੀ ਤੇ ਥਲਿਓਂ ਅਤੇ ਉਪਰੋਂ ਕਾਰਾਂ ਦੀਆਂ ਲੰਬੀਆਂ ਕਤਾਰਾਂ ਸਨ ਸ਼ਾਇਦ ਇਸ ਵਕਤ ਨਾਹਨ ਤੋਂ ਕਾਲਾ ਅੰਬ ਫੈਕਟਰੀਆਂ ਦੇ ਅਫਸਰ ਅਤੇ ਕਾਲਾ ਅੰਬ ਤੋਂ ਨਾਹਨ ਵੱਲ ਸਰਕਾਰੀ ਅਫਸਰ ਦਫਤਰਾਂ ਨੂੰ ਜਾ ਰਹੇ ਸਨ। ਆਸੇ ਪਾਸੇ ਬੜਾ ਸੁੰਦਰ ਕੁਦਰਤੀ ਦ੍ਰਿਸ਼ ਸੀ ਜ ਗੁਰਚਰਨ ਤਾਂ ਮਾਣਦੀ ਰਹੀ ਪਰ ਕਾਰ ਚਲਾਉਣ ਲਈ ਵਾਧੂ ਧਿਆਨ ਦੇਣ ਕਰਕੇ ਮੈਂ ਇਹ ਨਜ਼ਾਰੇ ਚੰਗੀ ਤਰ੍ਹਾਂ ਨਾ ਮਾਣ ਸਕਿਆ। ਬਾਰਿਸ਼ ਸਾਰੇ ਰਸਤੇ ਪੈਂਦੀ ਰਹੀ ਸੀ। ਸਾਨੂੰ ਦਸ ਕੁ ਕਿਲੋਮੀਟਰ ਤੋਂ ਨਾਹਨ ਦਾ ਧੁੰਦਲਾ ਦ੍ਰਿਸ਼ ਨਜ਼ਰੀਂ ਆਇਆ ਤੇ ਲੱਗਣ ਲੱਗ ਪਿਆ ਕਿ ਹੁਣ ਅਸੀਂ ਨਾਹਨ ਜਲਦੀ ਪਹੁੰਚ ਜਾਵਾਂਗੇ।

1688607936796.png

ਨਾਹਨ ਦਾ ਧੁੰਦਲਾ ਦ੍ਰਿਸ਼

ਅਸੀਂ ਦਸ ਕੁ ਵਜੇ ਨਾਹਨ ਪਹੁੰਚ ਗਏ ਤੇ ਪੁੱਛ ਪੁਛਾ ਕੇ ਗੁਰਦੁਆਰਾ ਸਾਹਿਬ ਦੇ ਪਿੱਛੇ ਕਾਰ ਪਾਰਕ ਕੀਤੀ ਜਿਸ ਲਈ ਪੰਜਾਹ ਰੁਪਏ ਪਾਰਕਿੰਗ ਫੀਸ ਸਭ ਗੱਡੀਆਂ ਲਈ ਹਨ। ਗੁਰਦੁਆਰਾ ਸੜਕ ਦੇ ਨਾਲ ਹੀ ਲਗਦਾ ਸੀ ਭਾਵੇਂ ਸੜਕ ਦੇ ਦੂਜੇ ਪਾਸੇ ਇੱਕ ਬਹੁਤ ਵੱਡਾ ਮੈਦਾਨ ਸੀ। ਗੁਰਦੁਆਰਾ ਸਾਹਿਬ ਦਾ ਭਵਨ ਜ਼ਿਆਦਾ ਵੱਡਾ ਨਹੀਂ ਸੀ ਪਰ ਇਸ ਦੀ ਕਲਾਕ੍ਰਿਤ ਬਹੁਤ ਸੁੰਦਰ ਸੀ।ਬਾਹਰ ਲੱਗਿਆ ਬੋਰਡ ਪੜ੍ਹਿਆ ਜਿਸ ਉਪਰ ਗੁਰੂ ਸਾਹਿਬ ਦੇ ਏਥੇ ਆਉਣ ਦਾ ਇਤਿਹਾਸ ਦਰਜ ਸੀ।
1688608067816.png

ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਬੋਰਡ
ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਧਰਤੀ ਤੇ 17 ਵੈਸਾਖ ਸੰਮਤ 1742 (6 ਅਪ੍ਰੈਲ 1685 ਈ:) ਨੂੰ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬਿਨਤੀ ਤੇ ਚਰਨ ਪਾਏ।ਰਾਜਾ ਸ਼ਕਤੀਸ਼ਾਲੀ ਸਿੱਖ ਗੁਰੂ ਨਾਲ ਇੱਕ ਮਜ਼ਬੂਤ ਰਿਸ਼ਤਾ ਸਥਾਪਤ ਕਰਨ ਲਈ ਬਹੁਤ ਆਸਵੰਦ ਸੀ। ਸ੍ਰੀਨਗਰ ਗੜ੍ਹਵਾਲ ਦੇ ਰਾਜੇ, ਫਤਹਿਸ਼ਾਹ ਨੇ ਸਿਰਮੌਰ ਦੇ ਕੁਝ ਪਿੰਡਾਂ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੇ ਮੁਗਲ ਸਿਪਾਹੀਆਂ ਦੇ ਟੋਲੇ ਵੀ ਘੁੰਮਦੇ-ਫਿਰਦੇ ਰਹਿੰਦੇ ਸਨ।ਫਤਹਿ ਸ਼ਾਹ ਦੀ ਹਿਮਾਇਤ ਕਰਨ ਵਾਲਾ ਬਾਬਾ ਰਾਮਰਾਇ ਸੀ। ਪਰ ਜਦ ਬਾਬਾ ਰਾਮਰਾਇ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਰਾਜਾ ਮੇਦਨੀ ਪ੍ਰਕਾਸ਼ ਦੀ ਮਦਦ ਤੇ ਆ ਗਏ ਹਨ ਤਾਂ ਉਸਨੇ ਰਾਜਾ ਫਤਹਿ ਸ਼ਾਹ ਨੂੰ ਰਾਜਾ ਮੇਦਨੀ ਸ਼ਾਂਹ ਨਾਲ ਸੁਲਹ ਸਫਾਈ ਕਰ ਲੈਣ ਲਈ ਕਿਹਾ। ਬਾਬਾ ਰਾਮ ਰਾਇ ਦੀ ਨਸੀਹਤ ਅਨੁਸਾਰ ਰਾਜਾ ਫਤਹਿ ਸ਼ਾਹ ਨੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸੁਲਹ ਕਰ ਲਈ ਅਤੇ ਉਸ ਦੇ ਖੁੱਸੇ ਹੋਏ ਇਲਾਕੇ ਵਾਪਿਸ ਦੇ ਦਿਤੇ।

1688608255073.png

ਗੁਰਦੁਆਰਾ ਦਸਮੇਸ਼ ਅਸਥਾਨ
ਗੁਰੂ ਜੀ ਏਥੇ ਸਾਢੇ ਅੱਠ ਮਹੀਨੇ ਰਹੇ ਤੇ ਪਾਣੀ ਦੀ ਦਿੱਕਤ ਨੂੰ ਵੇਖਦੇ ਹੋਏ ਇੱਕ ਖੂਹ ਵੀ ਖੁਦਵਾਇਆ । ਏਥੇ ਹੁਣ ਗੁਰਦੁਆਰਾ ਸਾਹਿਬ ਗੁਰਦੁਆਰਾ ਦਸ਼ਮੇਸ਼ ਅਸਥਾਨ ਹੈ।ਇਸ ਗੁਰਦੁਆਰੇ ਦੀ ਜਗ੍ਹਾ, ਜਿਸ ਨੂੰ ਗੁਰਦੁਆਰਾ ਦਸਮੇਸ਼ ਅਸਥਾਨ ਵੀ ਕਿਹਾ ਜਾਂਦਾ ਹੈ, ਦੀ ਖੋਜ 20ਵੀਂ ਸਦੀ ਦੇ ਅੰਤ ਵਿੱਚ ਹੋਈ ਸੀ। ਗੁਰਦੁਆਰੇ ਵਿੱਚੋਂ ਕੁਝ ਇਤਿਹਾਸਕ ਵਸਤੂਆਂ, ਇੱਕ ਪੁਰਾਣਾ ਖੂਹ ਅਤੇ ਇੱਕ ਥੜਾ ਮਿਲਿਆ ਹੈ। ਜਿਥੇ ਗੁਰੂ ਜੀ ਨੇ ਡੇਰਾ ਲਾਇਆ ਸੀ ਉਸ ਥਾਂ ਹੁਣ ਗੁਰਦੁਆਰਾ ਦਸ਼ਮੇਸ਼ ਅਸਥਾਨ ਨਾਹਨ ਹੈ।

1688608324489.png

ਗੁਰਦੁਆਰਾ ਦਸ਼ਮੇਸ਼ ਅਸਥਾਨ ਨਾਹਨ
ਇਸ ਗੁਰਦੁਆਰੇ ਦੀ ਇਮਾਰਤ ਬਣਾਉਣ ਵੇਲੇ ਖੁਦਾਈ ਤੇ ਜੋ ਨਿਸ਼ਾਨੀਆਂ ਮਿਲੀਆਂ ਉਹ ਸਨ ਇਕ ਥੜਾ ਜਿਸ ਉਪਰ ਗੁਰੂ ਜੀ ਬਿਰਾਜਮਾਨ ਹੁੰਦੇ ਸਨ ਜਿਸ ਉਪਰ ਹੁਣ ਪਾਲਕੀ ਸਜੀ ਹੋਈ ਹੈ ਅਤੇ ਇੱਕ ਖੂਹ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਲਾਹ ਤੇ ਰਾਜੇ ਨੇ ਪਾਣੀ ਦੀ ਦਿੱਕਤ ਨੂੰ ਦੇਖਦੇ ਹੋਏ ਖੁਦਵਾਇਆ ਸੀ। ਨਾਹਨ ਸ਼ਹਿਰ ਵਿਚ ਗੁਰੂ ਜੀ ਦਾ ਠਹਿਰਨ ਸਥਾਨ ਰਾਜਾ ਮੇਦਿਨੀ ਪ੍ਰਕਾਸ਼ ਦੇ ਨਿਵਾਸ ਸਥਾਨ ਨਾਹਨ ਦੇ ਕਿਲ੍ਹੇ ਤੋਂ ਬਹੁਤ ਦੂਰ ਨਹੀਂ ਹੈ। ਉਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ ਪਾਤਸ਼ਾਹੀ 10, ਉਸਾਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸੇ ਅਸਥਾਨ 'ਤੇ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਆਪਣੀ ਗੱਦੀ 'ਤੇ ਬੈਠਦੇ ਸਨ। ਗੁਰੂ ਜੀ ਦੇ ਮਹਿਲ ਅਤੇ ਪਰਿਵਾਰ ਰਾਜਾ ਮੇਦਿਨੀ ਪ੍ਰਕਾਸ਼ ਦੇ ਕਿਲ੍ਹੇ ਵਿੱਚ ਠਹਿਰੇ ਸਨ ।
1688608409041.png


1688608452397.png

ਰਾਜਾ ਉਸਦੇ ਅਹਿਲਕਾਰਾਂ ਅਤੇ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਸੰਗਤ ਨੂੰ ਸਤਿਕਾਰ ਦੇ ਵਿਸ਼ੇਸ਼ ਸੰਕੇਤ ਵਜੋਂ, ਨਮਸਕਾਰ ਕਰਨ ਲਈ ਰਾਜ ਦੀ ਰਾਜਧਾਨੀ ਨਾਹਨ ਵਿੱਚ ਅਪਣਾ ਮਹਿਲ ਗੁਰੂ ਜੀ ਦੇ ਪੇਸ਼ ਕਰ ਦਿਤਾ। ਇਸ ਨਿੱਘੇ ਸੁਆਗਤ ਦਾ ਗੁਰੂ ਗੋਬਿੰਦ ਸਿੰਘ ੳਤੇ ਬਵਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਅਗਲੇ ਲਗਪਗ ਚਾਰ ਸਾਲ ਨਾਹਨ ਅਤੇ ਪਾਉਂਟਾ ਵਿਖੇ ਗੁਜ਼ਾਰੇ ਅਤੇ ਨਾਹਨ ਅਤੇ ਪਾਉਂਟਾ ਸਾਹਿਬ ਵਿਖੇ ਬਿਤਾਏ ਸਮੇਂ ਨੂੰ ਆਪਣੀ ਰਚਨਾ ਵਿੱਚ ਜੀਵਨ ਦੇ ਸਭ ਤੋਂ ਖੁਸ਼ਹਾਲ ਸਾਲਾਂ ਵਜੋਂ ਦਰਸਾਇਆ।

ਨਾਹਨ ਸ਼ਹਿਰ ਵਿਚ ਗੁਰੂ ਜੀ ਦਾ ਠਹਿਰਨ ਸਥਾਨ ਰਾਜਾ ਮੇਦਿਨੀ ਪ੍ਰਕਾਸ਼ ਦੇ ਨਿਵਾਸ ਸਥਾਨ ਨਾਹਨ ਦੇ ਕਿਲ੍ਹੇ ਤੋਂ ਬਹੁਤ ਦੂਰ ਨਹੀਂ ਹੈ। ਉਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ ਪਾਤਸ਼ਾਹੀ 10, ਉਸਾਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸੇ ਅਸਥਾਨ 'ਤੇ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਆਪਣੀ ਗੱਦੀ 'ਤੇ ਬੈਠਦੇ ਸਨ। ਗੁਰੂ ਜੀ ਦੇ ਪਰਿਵਾਰ ਦੀਆਂ ਮਹਿਲਾ ਰਾਜਾ ਮੇਦਿਨੀ ਪ੍ਰਕਾਸ਼ ਦੇ ਕਿਲ੍ਹੇ ਵਿੱਚ ਠਹਿਰੀਆਂ ਸਨ।ਪਹਾੜੀ ਉਪਰ ਏਨੇ ਲੋਕਾਂ ਦਾ ਪਾਣੀ ਦਾ ਪ੍ਰਬੰਧ ਵੱਡੀ ਮੁਸੀਬਤ ਸੀ । ਰਾਜੇ ਵਲੋਂ ਲਗਾਇਆ ਨਵਾਂ ਖੂਹ ਵੀ ਪਾਣੀ ਦੀ ਲੋੜ ਪੂਰੀ ਨਾ ਕਰ ਸਕਿਆਂ ਤਾਂ ਗੁਰੂ ਜੀ ਨੇ ਇਹੋ ਜਿਹੇ ਸਥਾਨ ਲਈ ਕਿਹਾ ਜਿੱਥੇ ਪਾਣੀ ਦਾ ਪ੍ਰਬੰਧ ਹੋਵੇ।ਇਤਿਹਾਸਕਾਰਾਂ ਅਨੁਸਾਰ ਨਾਹਨ ਦੇ ਸ਼ਾਸਕ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਰਾਜ ਵਿੱਚ ਪੱਕੇ ਤੌਰ 'ਤੇ ਵਸਣ ਲਈ ਕੋਈ ਥਾਂ ਚੁਣਨ ਲਈ ਕਿਹਾ ਸੀ। ਸਾਰੇ ਰਾਜ ਦਾ ਦੌਰਾ ਕਰਨ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਯਮੁਨਾ ਦੇ ਨਾਲ ਲੱਗਦੇ ਸਥਾਨ 'ਤੇ ਰੁਕਿਆ। ਇਸ ਸਥਾਨ ਦੀ ਮਨਮੋਹਕ ਸੁੰਦਰਤਾ ਨੇ ਵੀ ਗੁਰੂ ਜੀ ਨੂੰ ਇਸ ਸਥਾਨ ਦੀ ਚੋਣ ਕਰਨ ਲਈ ਖਿੱਚ ਪਾਈ ਹੋਵੇਗੀ। ਗੁਰੂ ਜੀ ਨੇ ਨਾਹਨ ਛਡਦੇ ਵਕਤ ਅਪਣੇ ਪੰਜ ਸਿਕਲੀਗਰ ਸਿੱਖ ਇਸ ਸਥਾਨ ਦੀ ਦੇਖਭਾਲ ਲਈ ਏਥੇ ਛੱਡੇ । ਇਨ੍ਹਾਂ ਪੰਜਾਂ ਸਿਕਲੀਗਰ ਸਿੱਖਾਂ ਦੇ ਪਰਿਵਾਰ ਸਮੇਂ ਨਾਲ ਵਧੇ ਜੋ ਹੁਣ ਤਕਰੀਬਨ ਦੋ ਹਜ਼ਾਰ ਦੇ ਬਰਾਬਰ ਏਥੇ ਹਨ ਜੋ ਗੁਰਦੁਆਰਾ ਸਾਹਿਬ ਦੀ ਦੇਖਭਾਲ ਬੜੀ ਬਖੂਬੀ ਕਰਦੇ ਹਨ। ਸਾਰੇ ਹੀ ਸਾਬਤ ਸੂਰਤ ਸਿੱਖ ਹਨ।ਗੁਰਦਵਾਰਾ ਸਾਹਿਬ ਦੀ ਸੇਵਾ ਸੰਭਾਲ ਵੀ ਇਹ ਸਿਕਲੀਗਰ ਸਿੱਖ ਹੀ ਕਰਦੇ ਹਨ।ਨਾਹਨ ਵਿੱਚ ਹੋਰ ਸਿੱਖ ਸੰਗਤ ਬੜੀ ਥੋੜੀ ਹੈ।

ਇੱਕ ਸਿਕਲੀਗਰ ਵੀਰ ਨੇ ਸਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਬੜੇ ਜੋਸ਼ੀਲੇ ਤੇ ਰਸੀਲੇ ਢੰਗ ਨਾਲ ਸੁਣਾਇਆ ਜੋ ਮੈਂ ਮੋਬਾਈਲ ਕੈਮਰੇ ਤਾ ਰਿਕਾਰਡ ਕਰ ਲਿਆ। ਉਸ ਨੇ ਉਹ ਪੁਰਾਤਨ ਤਸਵੀਰ ਵਿਖਾਈ ਜਿਸ ਵਿੱਚ ਜੋ ਪੰਜ ਸਿੱਖ ਬੈਠੇ ਦਿਖਾਈ ਦੇ ਰਹੇ ਹਨ ਇਹ ਉਹੀ ਪੰਜ ਸਿਕਲੀਗਰ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਹਨ ਦਾ ਪ੍ਰਬੰਧ ਸੰਭਾਲ ਕੇ ਗਏ ਸਨ।ਫਿਰ ਉਸ ਨੇ ਸਾਨੂੰ ਉਸ ਥਾਂ ਦੇ ਦਰਸ਼ਨ ਕਰਵਾਏ ਜਿੱਥੇ ਗੁਰੂ ਸਾਹਿਬ ਸ਼ੁਸ਼ੋਬਤ ਹੋਇਆ ਕਰਦੇ ਸਨ ਅਤੇ ਜਿਸ ਥਾਂ ਰਾਜੇ ਨੇ ਗੁਰੂ ਸਾਹਿਬ ਲਈ ਖੂਹ ਲਗਵਾਇਆ ਸੀ। ਉਸ ਨੇ ਸਾਨੂੰ ਉਸ ਸ਼ੇਰ ਦੀਆਂ ਸੁਰਖਿਅਤ ਹੱਡੀਆ ਦੇ ਵੀ ਦਰਸ਼ਨ ਕਰਵਾਏ ਜਿਸ ਦਾ ਗੁਰੂ ਜੀ ਨੇ ਕਲਿਆਣ ਕੀਤਾ ਸੀ।
1688608520740.png


1688608585320.png

ਹ ਪੱਥਰ ਜਿਸ ਉਪਰ ਗੁਰੂ ਜੀ ਬਿਰਾਜਮਾਨ ਹੁੰਦੇ ਸਨ

1688608649933.png

ਜਿਸ ਸ਼ੇਰ ਦਾ ਗੁਰੂ ਜੀ ਨੇ ਕਲਿਆਣ ਕੀਤਾ ਸੀ ਉਸ ਸ਼ੇਰ ਦੀਆਂ ਸੁਰਖਿਅਤ ਹੱਡੀਆਂ ਜੋ ਗੁਰਦੁਆਰਾ ਸਾਹਿਬ ਵਿੱਚ ਸੰਭਾਲੀਆਂ ਹੋਈਆਂ ਹਨ

ਗੁਰੂ ਸਾਹਿਬ ਦੇ ਸਿੱਖ ਅਤੇ ਰਾਜੇ ਦੇ ਵੱਡੇ ਅਹਿਲਕਾਰ ਉਸ ਸਥਾਨ ਦੀ ਖੋਜ ਲਈ ਨਿਕਲੇ ਤਾਂ ਜਮਨਾ ਕੰਢੇ ਪਾਉਂਟਾ ਸਾਹਿਬ ਵਾਲ ਇਲਾਕਾ ਸਭ ਨੂੰ ਪਸੰਦ ਆਇਆ।

ਗੁਰੂ ਗੋਬਿੰਦ ਸਿੰਘ ਜੀ ਨੇ ਚੁਣੇ ਹੋਏ ਸਥਾਨ 'ਤੇ ਆਪਣਾ ਕਿਲਾ ਸਥਾਪਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਛਾਉਣੀ ਵੀ ਕਾਇਮ ਕੀਤੀ ਜਿੱਥੇ ਉਹਨਾਂ ਦੀ "ਫੌਜ" ਠਹਿਰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਹਿਯੋਗ ਨਾਲ, ਨਾਹਨ ਦਾ ਸ਼ਾਸਕ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਦੁਆਰਾ ਆਪਣੇ ਇਲਾਕੇ ਨੂੰ ਖੋਹਣ ਤੋਂ ਬਚਾਉਣ ਦੇ ਯੋਗ ਹੋ ਗਿਆ ਸੀ।

ਨਾਹਨ ਛੱਡਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਨੂੰ ਆਪਣਾ 'ਸ੍ਰੀ ਸਾਹਿਬ' ਬਖਸ਼ਿਆ ਜੋ ਅੱਜ ਵੀ ਰਾਜੇ ਦੇ ਵੰਸ਼ਜਾਂ ਕੋਲ ਮੌਜੂਦ ਹੈ।

ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ ਪਾਤਸ਼ਾਹੀ 10 ਨਾਹਨ ਸ਼ਹਿਰ ਦਾ ਇੱਕੋ ਇੱਕ ਗੁਰਦੁਆਰਾ ਹੈ। ਸ਼ਹਿਰ ਵਿੱਚ ਸਿੱਖ ਆਬਾਦੀ ਬਹੁਤ ਘੱਟ ਹੈ, ਪਰ ਉਹ ਨਿਯਮਤ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਹਰ ਤਰ੍ਹਾਂ ਦੀ 'ਸੇਵਾ' ਕਰਦੇ ਹਨ। ਨਾਹਨ ਵਿੱਚ ਕੁਝ ਛੋਟੀਆਂ ਅਤੇ ਸਥਾਨਕ ਸਿੱਖ ਜਥੇਬੰਦੀਆਂ ਮੌਜੂਦ ਹਨ। ਸਾਰੇ ਪ੍ਰਮੁੱਖ ਗੁਰਪੁਰਬ ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ ਪਾਤਸ਼ਾਹੀ 10, ਨਾਹਨ ਵਿਖੇ ਪਿਆਰ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ।

ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਦਾ ਇੱਕ ਮਸ਼ਹੂਰ ਸ਼ਹਿਰ ਹੈ। ਇਹ ਪਾਉਂਟਾ ਸਾਹਿਬ ਅਤੇ ਕਾਲਾ ਅੰਬ ਨਾਲ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਬੱਸ ਸੇਵਾ ਆਸਾਨੀ ਨਾਲ ਉਪਲਬਧ ਹੈ। ਨਾਹਨ ਕਾਲਾ ਅੰਬ ਤੋਂ ਸਿਰਫ਼ 16 ਕਿਲੋਮੀਟਰ ਦੂਰ ਹੈ। ਪਾਉਂਟਾ ਸਾਹਿਬ ਤੋਂ ਨਾਹਨ ਦੀ ਦੂਰੀ 42 ਕਿਲੋਮੀਟਰ ਹੈ।

ਦੇਹਰਾਦੂਨ ਤੋਂ: ਦੇਹਰਾਦੂਨ ਪਾਉਂਟਾ ਸਾਹਿਬ ਨਾਹਨ

ਚੰਡੀਗੜ੍ਹ ਤੋਂ: ਚੰਡੀਗੜ੍ਹ ਨਰਾਇਣਗੜ੍ਹ ਕਾਲਾ ਅੰਬ ਨਾਹਨ।


 
Top