- Jan 3, 2010
- 1,254
- 424
- 79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-8
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਪਾਉਂਟਾ ਸਾਹਿਬ
ਪਾਉਂਟਾ ਸਾਹਿਬ ਤੇ ਭੰਗਾਣੀ (ਹਿਮਾਚਲ ਪ੍ਰਦੇਸ) ਗੁਰੂ ਘਰ ਦੇ ਯੋਧਿਆਂ ਤੇ ਕਵੀਆਂ ਦੀ ਕਰਮ-ਭੂਮੀ ਹੈ। ਪਾਉਂਟਾ ਸਾਹਿਬ ਤੇ ਭੰਗਾਣੀ (ਹਿਮਾਚਲ ਪ੍ਰਦੇਸ) ਦੀ ਯਾਤ੍ਰਾ ਦਾ ਇਹ ਮੇਰਾ ਦੂਸਰਾ ਅਵਸਰ ਸੀ।ਜਦ ਅਪਣੀ ਜੀਵਨ ਸਾਥਣ ਗੁਰਚਰਨ ਨੂੰ ਪਾਉਂਟਾ ਸਾਹਿਬ ਦੀ ਸਾਡੀ ਪਹਿਲੀ ਯਾਤਰਾ ਦਾ ਵਿਸਥਾਰ ਸੁਣਾਇਆ ਸੀ ਤਾਂ ਉਹ ਵੀ ਬੜੇ ਚਿਰਾਂ ਦੀ ਉਤਸੁਕ ਸੀ ਪਾਉਂਟਾ ਸਾਹਿਬ ਦੇ ਦਰਸ਼ਨਾਂ ਦੀ।ਇਸ ਵਾਰ ਅਸੀਂ ਲੁਧਿਆਣਾ (ਪੰਜਾਬ) ਤੋਂ ਅਪਣੀ ਨਵੀਂ ਕਾਰ ਬਰੇਜ਼ਾ ਤੇ ਆਏ ਸਾਂ ਜਿਸ ਲਈ ਅਸੀਂ ਗੁਰੂ ਸਾਹਿਬ ਦੀ ਅਸ਼ੀਰਵਾਦ ਲੈਣਾ ਚਾਹੁੰਦੇ ਸਾਂ। ਸਫਰ ਅਸੀਂ ਦੋ ਪੜਾਵਾਂ ਵਿੱਚ ਕਰਨ ਦੀ ਯੋਜਨਾ ਬਣਾਈ। ਪਹਿਲਾਂ ਲੁਧਿਆਣੇ ਤੋਂ ਟੋਕਾ ਸਾਹਿਬ ਜਿੱਥੇ ਰਾਤ ਰੁਕਣਾ ਸੀ ਤੇ ਫਿਰ ਟੋਕਾ ਸਾਹਿਬ ਤੋਂ ਪਾਉਂਟਾ ਸਾਹਿਬ ਜਿੱਥੇ ਦੋ ਰਾਤਾਂ ਰੁਕਣ ਦਾ ਪ੍ਰੋਗ੍ਰਾਮ ਬਣਾਇਆ। ਰਸਤੇ ਵਿੱਚ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਦੇ ਕਰਦੇ ਅਸੀਂ ਨਾਹਨ ਤੋਂ ਏਥੇ ਪਹੁੰਚੇ ਸਾਂ। ਨਾਹਨ ਤੋਂ ਆਉਂਦੇ ਵੇਲੇ ਸਾਨੂੰ ਪਹਿਲਾਂ ਤਾਂ ਕਾਫੀ ਉਤਰਾਈ ਤੇ ਆਉਣਾ ਪਿਆ ।ਫਿਰ ਜਮਨਾ ਵਾਦੀ ਦੇ ਨਾਲ ਨਾਲ ਸੜਕ ਇਕ ਦਮ ਸਾਂਵੀਂ ਸੀ ।ਇਸ ਲਈ ਅਸੀਂ ਗੁਰਦੁਆਰਾ ਪਾਉਂਟਾ ਸਾਹਿਬ ਸਮੇਂ ਸਿਰ ਪਹੁੰਚ ਗਏ ਸਾਂ।
ਅਸੀਂ 23 ਜੂਨ 2023 ਨੂੰ ਨਾਹਨ ਤੋਂ ਚੱਲ ਕੇ ਪਾਉਂਟਾ ਸਾਹਿਬ ਪਹੁੰਚੇ। ਪਾਉਂਟਾ ਸਾਹਿਬ ਵਿੱਚ ਕਾਫੀ ਵੱਡੇ ਜਾਮ ਨੇ ਸਾਨੂੰ ਗੁਰਦੁਆਰਾ ਸਾਹਿਬ ਤੱਕ ਜਾਣ ਵਿੱਚ ਕਾਫੀ ਚਿਰ ਲਗਵਾ ਦਿੱਤਾ। ਇਹ ਸਮਾਂ ਹੋਰ ਵੀ ਵਧ ਗਿਆ ਜਦੋਂ ਬੇਸ਼ੁਮਾਰ ਚਿੱਕੜ ਭਰੇ ਪਾਰਕਿੰਗ ਵਿੱਚ ਕਾਰਾਂ ਟਰੱਕਾਂ ਦੇ ਜਮਘਟੇ ਵਿੱਚੋਂ ਠੀਕ ਸਥਾਨ ਦੀ ਭਾਲ ਕਰਨ ਲੱਗੇ ਜਿਥੋਂ ਅਸੀਂ ਕਾਰ ਵਿੱਚੋਂ ਅਪਣਾ ਸਮਾਨ ਆਸਾਨੀ ਨਾਲ ਰਹਿਣ ਵਾਲੀ ਸਥਾਨ ਤੇ ਲੈ ਜਾ ਸਕਦੇ।ਇਸ ਤੋਂ ਪਹਿਲਾਂ ਮੈਂ ਅਪਰੈਲ, 1983 ਦੇ ਅਖੀਰਲੇ ਦਿਨੀਂ ਦਮਨਜੀਤ ਸਿੰਘ ਨਾਲ ਆਇਆ ਸੀ ਜਦੋਂ ਨਾ ਹੀ ਕੋਈ ਪਾਰਕਿੰਗ ਦੀ ਮੁਸ਼ਕਲ ਸੀ ਤੇ ਨਾ ਹੀ ਗੁਰਦੁਆਰਾ ਕੰਪਲੈਕਸ ਇਤਨਾ ਵਿਸ਼ਾਲ ਸੀ।ਚਾਲੀ ਵਰਿਆਂ ਵਿੱਚ ਗਰਦੁਆਰਾ ਸਾਹਿਬ ਦੇ ਏਨਾ ਵਧਾਰਾ ਤਕਨੀਕੀ ਯੁਗ ਹੁਣ ਮੇਰਾ ਸਾਥ ਮੇਰੀ ਉਮਰ-ਸਾਥਣ ਗੁਰਚਰਨ ਦੇ ਰਹੀ ਸੀ ਜਿਸ ਦੀ ਇੱਛਾ ਵੀ ਅਤੇ ਸ਼ਰਧਾਲੂਆਂ ਦੀ ਵਧਦੀ ਸ਼ਰਧਾ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ। ਕਾਰ ਪਾਰਕਿੰਗ ਦੇ ਮਸਲੇ ਨੂੰ ਹੱਲ ਕਰਦਿਆਂ ਅੱਧਾ ਕੁ ਘੰਟਾ ਲੱਗ ਗਿਆ ਤਾਂ ਅਸੀਂ ਹੱਥ ਪੈਰ ਧੋ ਕੇ ਦੇਗ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸਿਰ ਟਿਕਾਇਆ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।ਗੁਰਦੁਆਰਾ ਸਾਹਿਬ ਦੀ ਇਹ ਨਵੀਂ ਦਿੱਖ ਦੇਖਕੇ ਦਿਲ ਖਿਲ ਉਠਿਆ।
ਮੁੱਖ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਅਸੀਂ ਕਮਰੇ ਬੁੱਕ ਕਰਨ ਲਈ ਲਾਈਨ ਵਿੱਚ ਜਾ ਖੜੇ ਹੋਏ। ਲਾਈਨ ਲੰਬੀ ਸੀ ਪਰ ਜ਼ਿਆਦਾ ਯਾਤਰੀ ਸਾਦਾ ਕਮਰੇ ਮੰਗ ਰਹੇ ਸਨ ਜੋ ਖਾਲੀ ਨਹੀਂ ਸਨ ਬਸ ਏ ਸੀ ਕਮਰੇ ਸਨ ਜਿਨ੍ਹਾਂ ਦਾ ਇਕ ਰਾਤ ਦਾ ਕਿਰਾਇਆ ਹਜ਼ਾਰ ਰੁਪਏ ਸੀ। ਪੇਮੈਂਟ ਦੇ ਕੇ ਅਸੀਂ ਸਰਾਂ ਵਿੱਚ ਆ ਗਏ ਜਿੱਥੇ ਸਾਨੂੰ ਕਮਰਾ ਨੰਬਰ ਚਾਰ ਮਿਲ ਗਿਆ। ਇਸ ਕਮਰੇ ਵਿੱਚ ਵਾਈ ਫਾਈ ਦੀ ਸੁਵਿਧਾ ਸੀ ਜਿਸ ਸਦਕਾ ਮੈਂ ਅਪਣੀ ਈ ਮੇਲ ਖੋਲ੍ਹ ਸਕਦਾ ਸਾਂ ਤੇ ਸੁੱਖ ਸਨੇਹੇ ਭੇਜ ਸਕਦਾ ਸਾਂ।ਗੁਰਦੁਆਰਾ ਸਾਹਿਬ ਬਾਰੇ ਵੀ ਹੋਰ ਜਾਣਕਾਰੀ ਨੈਟ ਰਾਹੀਂ ਲੈਣੀ ਸੀ। ਕਮਰਾ ਦੋ ਬੈਡ, ਦੋ ਸੋਫਾ ਸੈਟ ਨਾਲ ਸੁਸਜਿਤ ਸੀ ਤੇ ਪਿਛੇ ਜਮਨਾ ਦਾ ਅਤੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਸੀ ਜਿਸ ਨੂੰ ਵੇਖ ਕੇ ਸਾਡੀ ਸਾਰੀ ਥਕਾਵਟ ਲਹਿ ਗਈ।
ਗੁਰਦੁਆਰਾ ਸਾਹਿਬ ਦੇ ਐਨ ਪੈਰਾਂ ਵਿਚੋਂ ਹੀ ਯਮੁਨਾ ਵਹਿ ਰਹੀ ਹੈ। ਨਜ਼ਾਰਾ ਵੇਖਣ ਵਾਲਾ ਹੈ। ਪਾਉਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਸ਼ਹਿਰ ਹੈ ਜਿਸਦੀ ਨੀਂਹ ਗੁਰੂ ਜੀ ਨੇ ਮੱਘਰ ਮਹੀਨੇ ਦੀ ਸੰਗਰਾਂਦ, ਸੰਮਤ 1742 ਨੂੰ ਰੱਖੀ। ਉਸ ਸਮੇਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਦਾ ਇਹ ਇਲਾਕਾ ਸੀ। ਰਾਜਾ ਮੇਦਨੀ ਪ੍ਰਕਾਸ਼ ਦਾ ਕੁੱਝ ਇਲਾਕਾ ਸ੍ਰੀ ਨਗਰ (ਗੜ੍ਹਵਾਲ) ਦੇ ਰਾਜਾ ਫਤਿਹ ਸ਼ਾਹ ਨੇ ਕਾਬੂ ਕਰ ਲਿਆ ਸੀ। ਇਸ ਲਈ ਇਨ੍ਹਾਂ ਦੋਨਾਂ ਰਾਜਿਆਂ ਦੀਆਂ ਆਪਸ ਵਿੱਚ ਝੜੱਪਾਂ ਹੁੰਦੀਆਂ ਰਹਿੰਦੀਆਂ ਸਨ। ਆਪਣੇ ਵਜ਼ੀਰ ਦੀ ਸਲਾਹ ਮੰਨ ਰਾਜਾ ਮੇਦਨੀ ਪ੍ਰਕਾਸ਼ ਨੇ ਦਸਮ ਗੁਰੂ, ਗੋਬਿੰਦ ਸਿੰਘ ਜੀ ਨੂੰ ਆਪਣੀ ਰਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਜਿੱਥੇ ਗੁਰੂ ਜੀ ਪਰਿਵਾਰ ਸਹਿਤ 17 ਵਿਸਾਖ 1742 ਨੂੰ ਪੁੱਜੇ। ਗੁਰੂ ਜੀ ਦੇ ਆਉਣ ਦੇ ਭੈਅ ਨਾਲ ਤੇ ਬਾਬਾ ਰਾਮ ਰਾਇ ਦੀ ਸਲਾਹ ਤੇ ਰਾਜਾ ਫਤਿਹ ਸ਼ਾਹ ਨੇ ਰਿਆਸਤ ਨਾਹਨ ਦਾ ਖੋਹਿਆ ਇਲਾਕਾ ਵਾਪਸ ਕਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਬੜਾ ਉਤਸਾਹਿਤ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਇਸ ਰਿਆਸਤ ਵਿੱਚ ਹੀ ਬਿਰਾਜਣ ਲਈ ਬੇਨਤੀ ਕੀਤੀ ਜਿਸ ਤੇ ਗੁਰੂ ਜੀ ਨੇ ਪਾਉਂਟਾ ਸਾਹਿਬ ਵਸਾਇਆ।
ਪਰਬਤਾਂ ਦੀ ਗੋਦ ਵਿਚ, ਜਮੁਨਾ ਕਿਨਾਰੇ, ਰੁੱਖਾਂ ਦੀ ਛਾਂ ਵਿੱਚ ਵਸਿਆ ਪਾਉਂਟਾ ਸਾਹਿਬ ਕੁਦਰਤਨ ਹੀ ਖਿੱਚ ਭਰਿਆ ਹੈ। ਗੁਰਦੁਆਰੇ ਦੀ ਇਮਾਰਤ ਫਿਰ ਦੁਬਾਰਾ ਨਵੀਂ ਬਣ ਰਹੀ ਸੀ। ਇਸ ਨਵੀਂ ਤਿੰਨ ਮੰਜ਼ਿਲਾਂ ਇਮਾਰਤ, ਦੀ ਜ਼ਰੂਰਤ ਵਧਦੀ ਸੰਗਤ ਦੀ ਲੋੜ ਪੂਰਤੀ ਲਈ ਜ਼ਰੂਰੀ ਹੈ। ਇਸ ਤੇ ਕੰਮ ਵੀ ਬੜੇ ਜੋਰ ਸ਼ੋਰ ਨਾਲ ਚਲ ਰਿਹਾ ਸੀ। ਗੁਰੂ ਜੀ ਨੇ ਪਾਉਂਟਾ ਸਾਹਿਬ ਵਸਾਇਆ ਤਾਂ ਸੰਗਤਾਂ ਦੂਰ ਦੂਰ ਤੋਂ ਦਰਸ਼ਨਾਂ ਨੂੰ ਆਉਣ ਲਗ ਪਈਆਂ। ਭਾਰੀ ਗਿਣਤੀ ਵਿੱਚ ਕਵੀ ਤੇ ਜੋਧੇ ਇਕੱਤਰ ਹੋਣ ਲਗ ਪਏ। ਕਵੀ ਦਰਬਾਰ ਦੀ ਥਾਂ ਵਿਕਸਤ ਹੋ ਰਹੀ ਹੈ। ਏਥੋਂ ਹੀ ਗੁਰੂ ਜੀ ਨੇ ਮੇਦਨੀ ਅਤੇ ਫਤਹਿ ਸ਼ਾਹ ਦੇ ਨਾਲ ਸ਼ਿਕਾਰ ਖੇਡਣ ਵੇਲੇ ਇੱਕਲਿਆਂ ਸ਼ੇਰ ਦਾ ਸ਼ਿਕਾਰ ਕੀਤਾ ਸੀ ਜਿਥੇ ਹੁਣ ਗੁਰਦੁਆਰਾ ਸ਼ੇਰਗੜ੍ਹ ਬਣਿਆ ਹੋਇਆ ਹੈ।ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਏਥੇ ਲਿਖਾਰੀ ਭਵਨ ਬਣਵਾਇਆ ਹੈ ਜਿਥੇ ਕਵੀ ਸਮੇਲਨ ਆਦਿ ਦਾ ਵੀ ਪ੍ਰਬੰਧ ਹੋ ਸਕਿਆ ਕਰੇਗਾ। ਗੁਰੂ ਜੀ ਦੇ ਕਵੀ ਮਨ ਨੂੰ ਇਹ ਇਕ, ਬੇਸ਼ਕ ਵੱਡੀ ਸ਼ਰਧਾਂਜਲੀ ਹੋਵੇਗੀ ਤੇ ਇਕਠੇ ਹੋ ਬਹਿਣ ਦਾ ਇੱਕ ਸੁਨਹਿਰੀ ਮੌਕਾ। ਜਿਸ ਥਾਂ ਕੁਦਰਤ ਵਿੱਚ ਘੁਲ ਮਿਲਕੇ ਸ਼ਾਂਤ ਵਾਤਾਵਰਨ ਵਿੱਚ ਕਵਿਤਾ ਕਰਨ ਵਿੱਚ ਆਪਣਾ ਹੀ ਅਨੰਦ ਹੋਵੇਗਾ। ਕੁਦਰਤ ਤਾਂ ਇਥੇ ਖੁਦ ਕਵਿਤਾ ਜਾਪਦੀ ਹੈ।
ਗੁਰੂ ਜੀ ਦਾ ਸਾਹਿਤ ਲਈ ਪਿਆਰ ਅਦੁਤੀ ਸੀ। ਇਸਦਾ ਸਬੂਤ ਉਨ੍ਹਾਂ ਦੀਆਂ ਰਚਨਾਵਾਂ ਹਨ ਤੇ ਉਨ੍ਹਾਂ 52 ਕਵੀਆਂ ਦਾ ਸਾਹਿਤ ਸਿਰਜਣ ਵਿੱਚ ਰੁਝਾਣ ਹੈ, ਜੋ ਗੁਰੂ ਜੀ ਦੇ ਦਰਬਾਰ ਵਿੱਚ ਇਕੱਤਰ ਹੋਏ ਸਨ। ਗੁਰੂ ਜੀ ਆਪ ਵੀ ਰਚਨਾ ਕਰਦੇ ਤੇ ਉਨ੍ਹਾਂ ਦੇ ਸੰਗ ਚੋਟੀ ਦੇ ਬਵੰਜਾ ਕਵੀ ਵੀ। ਹਿੰਦੀ ਤੇ ਫਾਰਸੀ ਵਿੱਚ ਵੀ ਏਥੇ ਬੇਅੰਤ ਰਚਨਾ ਹੋਈ। ਕਵੀ ਦਰਬਾਰ ਹੁੰਦੇ ਰਹਿੰਦੇ। ਏਥੇ ਹੀ ਚੰਦਨ ਵਰਗੇ ਮਹਾਨ ਕਵੀ ਦਾ ਹੰਕਾਰ ਗੁਰੂ ਜੀ ਦੇ ਸੇਵਕ ਭਾਈ ਧੰਨਾ ਸਿੰਘ ਨੇ ਤੋੜਿਆ। ਗੁਰੂ ਜੀ ਨੂੰ ਵਿੱਦਿਆ ਨਾਲ ਵੀ ਘੱਟ ਪਿਆਰ ਨਹੀਂ ਸੀ। ਆਪਣੇ ਸਿੰਘਾਂ ਵਿੱਚ ਸਿੱਖਿਆ ਪ੍ਰਚਾਰ ਦੇ ਇਰਾਦੇ ਨਾਲ ਉਨ੍ਹਾਂ ਨੇ ਭਾਈ ਰਾਮ ਸਿੰਘ, ਵੀਰ ਸਿੰਘ, ਗੰਡਾ ਸਿੰਘ, ਕਰਮ ਸਿੰਘ ਤੇ ਸੋਨਾ ਸਿੰਘ ਨੂੰ ਸੰਸਕ੍ਰਿਤ ਸਿੱਖਣ ਲਈ ਕਾਂਸ਼ੀ ਭੇਜਿਆ। ਰਚਨਾ ਦੇ ਨਾਲ ਨਾਲ-ਫੌਜੀ ਸਿਖਲਾਈ ਵੀ ਚਲਦੀ ਸੀ। ਏਥੋਂ ਹੀ ਗੁਰੂ ਸਾਹਿਬ ਨੇ ਭੀਮ ਚੰਦ ਦੇ ਨਾਲ ਲਾਉ ਲਸ਼ਕਰ ਨੂੰ ਦੇਹਰਾਦੂਨ ਜਾਣ ਤੋਂ ਰੋਕ ਕੇ ਸਿਰਫ ਲਾੜੇ ਨੂੰ ਹੀ ਜਾਣ ਦਿਤਾ ਸੀ ਤੇ ਜਦ ਭੀਮ ਚੰਦ ਨੇ ਬੁਰੂ ਜੀ ਦੀਆਂ ਭੇਜੀਆਂ ਸੁਗਾਤਾਂ ਨੂੰ ਲੈਣ ਤੋਂ ਫਤਹਿ ਸ਼ਾਹ ਨੂੰ ਰੋਕ ਦਿਤਾ ਸੀ ਤੇ ਵਾਪਿਸ ਆਉਂਦਿਆ ਗੁ੍ਰੁ ਜੀ ਦੇ ਸਿੱਖਾਂ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ ਤਾਂ ਗੁਰੂ ਜੀ ਨੇ ਯੁੱਧ ਲੜਣਾ ਜ਼ਰੂਰੀ ਸਮਝ ਕੇ ਭੰਗਾਣੀ ਦਾ ਯੁੱਧ ਮੈਦਾਨ ਚੁਣਿਆ ਸੀ ਅਤੇ ਅਪਣੇ ਸਿੱਖਾਂ ਦੀ ਯੁੱਧ ਕਲਾ ਦੀ ਸਿਖਲਾਈ ਸ਼ੁਰੂ ਕੀਤੀ ਸੀ।
ਦਸਤਾਰ ਅਸਥਾਨ
ਗੁਰਦੁਆਰਾ ਮੰਜੀ ਸਾਹਿਬ ਵਿੱਚ ਮਨਮੋਹਕ ਕੀਰਤਨ ਦਾ ਰਸ ਮਾਣ ਕੇ ਅਸੀਂ ਲੰਗਰ ਵੱਲ ਤੁਰ ਪਏ ਜੋ ਨਾਲ ਲਗਦੇ ਅਜੀਤ ਭਵਨ ਵਿੱਚ ਸੀ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਪਾਉਂਟਾ ਸਾਹਿਬ ਵਿਖੇ ਹੀ ਹੋਇਆ ਸੀ ਜਿਸ ਕਰਕੇ ੳਨ੍ਹਾਂ ਦੇ ਨਾਮ ਤੇ ਇਹ ਵਿਸ਼ਾਲ ਭਵਨ ਗਿਆ। ਲੰਗਰ ਛਕਣ ਤੋਂ ਬਾਦ ਅਸੀਂ ਕਵੀ ਦਰਬਾਰ ਆਥਾਨ ਅਤੇ ਦਸਤਾਰ ਅਸਥਾਨ ਤੇ ਗਏ ਜਿਥੇ ਗੁਰੂ ਜੀ ਸਿੱਖਾਂ ਨੂੰ ਦਸਤਾਰ ਬੰਨਣੀ ਸਿਖਾਉਂਦੇ ਤੇ ਦਸਤਾਰ ਬੰਨ੍ਹਣ ਦੇ ਮੁਕਾਬਲੇ ਵੀ ਕਰਵਾਉਂਦੇ।ਨਾਲ ਹੀ ਸ਼ੀਸ਼ ਮਹਿਲ ਵੀ ਸੀ। ਇਹ ਵਾਰੇ ਭਵਨ ਸਿੱਖ ਆਰਕੀਟੈਕ ਦਾ ਕਮਾਲ ਸਨ। ਦਸਤਾਰ ਸਾਹਿਬ ਅਤੇ ਸ਼ਸ਼ਿ ਮਹਿਲ ਵਿਚਕਾਰ ਕਾਫੀ ਥਾਂ ਸੀ ਜਿਥੋਂ ਸ਼ਰਧਾਲੂ ਜਮੁਨਾ, ਜਮਨਾ ਦਾ ਪੁਲ ਅਤੇ ਪਰਬਤੀ ਨਜ਼ਾਰੇ ਮਾਣ ਰਹੇ ਸਨ।ਦਸਤਾਰ ਸਾਹਿਬ ਦੇ ਸਾਹਮਣਿਓਂ ਪੌੜੀਆਂ ਜਮਨਾ ਘਾਟ ਵੱਲ ਉਤਰਦੀਆਂ ਸਨ ਜਿਨ੍ਹਾਂ ਰਾਹੀਂ ਸ਼ਰਧਾਲੂ ਘਾਟ ਤੇ ਜਾ ਕੇ ਕਿਸ਼ਤੀ ਦਾ ਅਨੰਦ ਵੀ ਮਾਣ ਰਹੇ ਸਨ। ਰਸਤੇ ਵਿੱਚ ਇੱਕ ਸਿੰੰਧੀ ਜੱਥੇ ਨੇ ਪਕੌੜਿਆ ਦਾ ਲੰਗਰ ਲਾਇਆ ਹੋਇਆ ਸੀ ਤੇ ਨਾਲ ਭਜਨ ਕੀਰਤਨ ਵੀ ਚੱਲ ਰਿਹਾ ਸੀ।
ਦਸਤਾਰ ਅਸਥਾਨ ਤੋਂ ਅਸੀਂ ਦੁਬਾਰਾ ਮੰਜੀ ਸਾਹਿਬ ਆਏ ਤੇ ਕੀਰਤਨ ਦਾ ਅਨੰਦ ਮਾਣਿਆ।ਬਾਹਰ ਨਿਕਲ ਕੇ ਅਸੀਂ ਕਾਲਖੀ ਰਿਸ਼ੀ ਦੀ ਯਾਦਗਾਰ ਵਿੱਚ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ।ਕਾਲਪੀ ਰਿਸ਼ੀ ਦੇ ਕਹਿਣ ਤੇ ਹੀ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਗੋਬਿੰਦ ਰਾਇ ਨੂੰ ਨਾਹਨ ਵਿੱਚ ਬੁਲਾਉਣ ਦਾ ਸੁਝਾ ਦਿਤਾ ਤੇ ਉਸੇ ਰਿਸ਼ੀ ਦੇ ਸੁਝਾ ਤੇ ਹੀ ਗੁਰੂ ਜੀ ਨੇ ਪਾਉਂਟਾ ਸਾਹਿਬ ਦਾ ਸਥਾਨ ਚੁਣਿਆ।ਗੁਰੂ ਜੀ ਕਾਲਪੀ ਰਿਸ਼ੀ ਨੂੰ ਮਿਲਣ ਕਾਲਸੀ ਗਏ ।
ਕਾਲਪੀ ਰਿਸ਼ੀ ਗੁਰੂ ਜੀ ਨੂੰ ਮਿਲਕੇ ਧੰਨ ਧੰਨ ਹੋਏ।ਕਾਲਸੀ ਵਿੱਚ ਗੁਰੂ ਗੋਬਿੰਦ ਜੀ ਦੇ ਜਾਣ ਦੀ ਯਾਦ ਵਿੱਚ ਮੰਜੀ ਸਾਹਿਬ ਸਥਾਪਤ ਕੀਤਾ ਗਿਆ ਸੀ। ਕੁਝ ਚਿਰ ਬਾਅਦ ਕਾਲਖੀ ਰਿਸ਼ੀ ਕਾਲਵਸ ਹੋਏ ਤਾਂ ਉਨ੍ਹਾਂ ਦਾ ਸਸਕਾਰ ਗੁਰੂ ਜੀ ਨੇ ਆਪ ਕੀਤਾ ਤੇ ਪਾਉਂਟਾ ਸਾਹਿਬ ਵਿੱਚ ਉਨ੍ਹਾਂ ਦੇ ਨਾਮ ਦਾ ਸਥਾਨ ਸਥਾਪਤ ਕੀਤਾ।
ਕਾਲਪੀ ਰਿਸ਼ੀ ਦੇ ਸਥਾਨ ਦੇ ਦਰਸ਼ਨ ਕਰਕੇ ਅਸੀਂ ਅਪਣੇ ਕਮਰੇ ਵਿੱਚ ਆ ਗਏ ਜੋ ਸਾਡੇ ਇਸ ਖਾਸ ਦਿਨ (ਸਾਡੀ ਸ਼ਾਦੀ ਦੀ ਪੰਜਾਹਵੀ ਵਰਹਿ ਗੰਢ) ਲਈ ਬਹੁਤ ਹੀ ਵਧੀਆ ਸਥਾਨ ਸੀ । ਸੁੰਦਰ ਪਹਾੜ ਤੇ ਵਿੱਚ ਵਹਿੰਦੀ ਜਮੁਨਾ ਅਨੂਠਾ ਰੱਬੀ ਨਜ਼ਾਰਾ ਪੇਸ਼ ਕਰ ਰਹੇ ਸਨ। ਵਾਈ ਫਾਈ ਦਾ ਲਾਭ ਲੈਂਦੇ ਹੋਏ ਮੈਂ ਅਪਣੀ ਮੇਲ ਚੈਕ ਕੀਤੀ ਅਤੇ ਅਗਲੇ ਥਾਵਾਂ ਬਾਰੇ ਜਾਣਕਾਰੀ ਇਕਤਰਤ ਕੀਤੀ ਜਿਸ ਲਈ ਮੈਂ ਭੰਗਾਣੀ ਸਾਹਿਬ, ਕਾਲਸੀ, ਅਤਲੇਓ, ਕਪਾਲਮੋਚਨ, ਸਢੌਰਾ, ਬਿਲਾਸਪੁਰ ਆਦਿ ਜਾਣਕਾਰੀ ਇਕੱਤਰ ਕੀਤੀ। । ਇਹ ਜ਼ਰੂਰੀ ਹੈ ਕਿ ਜੇ ਤੁਸੀਂ ਸਫਰ ਤੇ ਜਾਣਾ ਹੈ ਤਾਂ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਲਵੋ ਜੋ ਪਿੱਛੋਂ ਤੁਹਾਡੇ ਕੰਮ ਆਵੇਗੀ ਤੇ ਤੁਹਾਡੀਆ ਸਫਰ ਦੀਆਂ ਮੁਸ਼ਕਲਾਂ ਵੀ ਦੂਰ ਕਰੇਗੀ।