- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਦੀ ਆਸਾਮ ਯਾਤਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰਵੀ ਸ਼ਤਾਬਦੀ ਤੋਂ ਪਹਿਲਾਂ ਪੱਛਮ ਅਸਾਮ ਕਾਮਰੂਪ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਪੂਰਬ ਅਸਾਮ ਨੂੰ ਹੀ ਅਸਾਮ ਕਿਹਾ ਜਾਂਦਾ ਸੀ। ਜਨਮ ਸਾਖੀਆਂ ਵਿਚ ਕਾਮਰੂਪ ਅਤੇ ਅਸਾਮ ਬਾਰੇ ਕਾਫੀ ਚਰਚਾ ਹੈ ।ਭਾਈ ਵੀਰ ਸਿੰਘ ਦੁਆਰਾ ਸੰਪਾਦਤ ਜਨਮਸਾਖੀ ਵਿਚ 'ਤਬ ਕਾਉਰੂ ਦੇਸ ਆਇ ਨਿਕਲੇ, ਪੰਨਾ ੭੪-੭੯) ਅਤੇ ਭਾਈ ਬਾਲਾ ਵਾਲੇ ਜਨਮਸਾਖੀ ' ਅਗੇ ਕਾਰੂ ਦੇਸ ਜਾਇ ਪਏ' ਕਾਮਰੂਪ ਨਾਲ ਸਬੰਧਿਤ ਹਨ।ਕਾਮਰੂਪ ਬਾਰੇ 'ਏਥੋਂ ਦੀਆਂ ਜਾਦੂਗਰ ਇਸਤਰੀਆਂ', 'ਕੀੜ ਨਗਰ' 'ਵਸਦੇ ਰਹੋ' ਅਤੇ 'ਉਜੜ ਜਾਉ' ਦੀਆਂ ਸਾਖੀਆਂ ਹਨ। ਆਸਾ ਦੇਸ਼ ਬਾਰੇ 'ਸੇਖ ਫਰੀਦ ਸਾਨੀ ਨੂੰ ਮਿਲਣਾ' 'ਆਸਾਮ ਦਾ ਨਵਾਂ ਰਾਜਾ ਬਿਠਾਉਣਾ', 'ਮਰਦਾਨੇ ਨੂੰ ਅ੍ਰੰਮਿਤ ਦੀ ਦਾਤ' ਅਤੇ ਝੰਡਾ ਬਾਢੀ ਨੂੰ ਮਿਲਣਾ' ਆਦਿ ਸਾਖੀਆਂ ਹਨ ।ਉਸ ਸਮੇ ਕਾਮਰੂਪ ਰਾਜ ਉਤੇ ਕੋਚ ਰਾਜੇ ਰਾਜ ਕਰਦੇ ਸਨ ਤੇ ਉਨ੍ਹਾਂ ਦੇ ਅਧੀਨ ਢੁਬਰੀ, ਗੁਆਲਪਾੜਾ, ਕੋਕਰਝਾਰ, ਬਾਰਪੇਟਾ, ਨਲਬਾਰੀ ਅਤੇ ਆਧੁਨਿਕ ਅਸਾਮ ਦਾ ਕਾਮਰੂਪ ਜਿਲ੍ਹਾ, ਉਤਰ ਬੰਗਾਲ ਦਾ ਕੁਝ ਹਿੱਸਾ ਅਤੇ ਬੰਗਲਾ ਦੇਸ਼ ਦਾ ਮੈਮਨਸਿੰਘ ਤੇ ਸਿਲਹਟ ਦਾ ਇਲਾਕਾ ਆਉਂਦਾ ਸੀ।
ਢਾਕਾ ਤੋਂ ਗੁਰੂ ਨਾਨਕ ਦੇਵ ਜੀ ਬ੍ਰਹਮਪੁਤਰ ਦੇ ਰਸਤੇ ਸਮੁੰਦਰੀ ਜਹਾਜ਼ ਰਾਹੀਂ ਮੈਮਨਸਿੰਘ ਪਹੁੰਚੇ ਤੇ ਫਿਰ ਕਿਸ਼ਤੀ ਲੈ ਕੇ ਢੁਬਰੀ ਪਹੁੰਚੇ ਜੋ ਕਿ ਗੋਪਾਲਪੁਰ ਜ਼ਿਲ੍ਹੇ ਵਿਚ ਪੈਂਦਾ ਹੈ । ਢੁਬਰੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਈ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਵਿਚ ਸ੍ਰੀ ਸੰਕਰਦੇਬ ਵੀ ਸਨ।ਏਥੇ ਹੀ ਨੂਰ ਸ਼ਾਹ ਜਾਦੂਗਰਨੀ ਦਾ ਨਿਸਤਾਰਾ ਕੀਤਾ।
ਭਾਈ ਵੀਰ ਸਿੰਘ ਸੰਪਾਦਿਤ ਪੁਰਾਤਨ ਜਨਮਸਾਖੀ ਵਿਚ 'ਨੂਰ ਸ਼ਾਹ ਨਿਸਤਾਰਾ' ਬਾਰੇ ਲਿਖਿਆ ਹੈ: "ਮਰਦਾਨੇ ਨੂੰ ਭੁੱਖ ਲੱਗੀ ਅਤੇ ਉਸਨੇ ਗੁਰੂ ਸਾਹਿਬ ਤੋ ਸ਼ਹਿਰ ਜਾ ਕੇ ਕੁਝ ਖਾਣ ਲਈ ਲਿਆਉਣ ਦੀ ਆਗਿਆ ਲਈ । ਗੁਰੂ ਸਾਹਿਬ ਨੇ ਉਸਨੂੰ ਸਾਵਧਾਨ ਕੀਤਾ ਕਿ 'ਉਸ ਸ਼ਹਿਰ ਉਤੇ ਇਸਤਰੀਆਂ ਦਾ ਰਾਜ ਹੈ ਜੋ ਬੰਦੇ ਨੂੰ ਜਾਦੂ ਨਾਲ ਕਾਬੂ ਵਿਚ ਕਰ ਲੈਂਦੀਆਂ ਹਨ'। ਮਰਦਾਨਾ ਜਦ ਇਕ ਘਰ ਵਿੱਚ ਗਿਆ ਅਤੇ ਕੁਝ ਖਾਣਾ ਦੇਣ ਲਈ ਕਿਹਾ ਤਾਂ ਉਸ ਘਰ ਦੀ ਔਰਤ ਨੇ ਉਸਨੂੰ ਅੰਦਰ ਆਕੇ ਖਾਣਾ ਲੈ ਜਾਣ ਲਈ ਕਿਹਾ । ਜਦ ਮਰਦਾਨਾ ਅੰਦਰ ਗਿਆ ਤਾਂ ਔਰਤ ਨੇ ਜਾਦੂ ਨਾਲ ਉਸ ਨੂੰ ਕਾਬੂ ਕਰ ਲਿਆ ।ਮਰਦਾਨੇ ਨੂੰ ਬਿਠਾ ਕੇ ਆਪ ਬਾਹਰੋਂ ਪਾਣੀ ਲੈਣ ਚਲੀ ਗਈ । ਜਦ ਕਾਫੀ ਦੇਰ ਮਰਦਾਨਾ ਨਾ ਆਇਆ ਤਾਂ ਗੁਰੂ ਸਾਹਿਬ ਉਸਦੀ ਤਲਾਸ਼ ਲਈ ਨਿਕਲੇ। ਲੱਭਦੇ ਲੱਭਦੇ ਉਸ ਘਰ ਪਹੁੰਚੇ ਜਿਥੇ ਮਰਦਾਨਾ ਲੇਲੇ ਵਾਂਗ ਨਿਮਾਣਾ ਹੋਇਆ ਬੈਠਾ ਸੀ। ਜਦ ਮਰਦਾਨੇ ਦੀ ਨਿਗਾਹ ਗੁਰੂ ਨਾਨਕ ਤੇ ਪਈ ਤਾਂ ਮਰਦਾਨੇ ਨੇ ਰੋਣਾਂ ਸ਼ੁਰੂ ਕਰ ਦਿਤਾ । ਏਨੇ ਨੂੰ ਉਹ ਔਰਤ ਪਾਣੀ ਲੈ ਕੇ ਵਾਪਿਸ ਆ ਗਈ । ਗੁਰੂ ਨਾਨਕ ਸਾਹਿਬ ਨੇ ਪੁਛਿਆ ਕਿ 'ਸਾਡਾ ਬੰਦਾ ਇਥੇ ਆਇਆ ਸੀ' । ਉਸਨੇ ਕਿਹਾ, ' ਨਹੀਂ, ਇਥੇ ਕੋਈ ਨਹੀਂ ਆਇਆ ਅਪਣੇ ਆਪ ਨੂੰ ਵੇਖ ਲੈ । ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ, "ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ। ਜੇ ਗੁਣਵੰਤੀ ਥੀ ਰਹੇ ਤਾ ਭੀ ਸਹੁ ਰਾਵਣ ਜਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਵਡਹੰਸੁ ਮ: ੧, ਅੰਗ ੫੫੭) "ਬਾਬਾ ਜੀ ਨੂੰ ਮਰਦਾਨਾ ਨਜ਼ਰ ਪਿਆ ਤਾਂ ਉਨ੍ਹਾਂ ਨੇ ਮਰਦਾਨੇ ਉਤੇ ਪਿਆ ਜਾਦੂ ਤੋੜਿਆ ਤੇ ਉਸ ਨੂੰ ਉਥੋਂ ਛੁਡਾਇਆ । ਏਨੇ ਨੂੰ ਬਾਕੀ ਦੀਆਂ ਜਾਦੂਗਰਨੀਆਂ ਵੀ ਆ ਇਕਠੀਆਂ ਹੋਈਆਂ ਜਿਨ੍ਹਾਂ ਵਿਚ ਉਨ੍ਹਾਂ ਦੀ ਮੁਖੀ ਨੂਰ ਸ਼ਾਹ ਵੀ ਸੀ। ਉਨ੍ਹਾਂ ਨੇ ਗੁਰੂ ਜੀ ਉਪਰ ਜਾਦੂ ਚਲਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਾਕਾਮਯਾਬ ਰਹੀਆਂ।ਆਖਰ ਨੂਰ ਸ਼ਾਹ ਨੇ ਗੁਰੂ ਜੀ ਨੂੰ ਕੀਮਤੀ ਹੀਰੇ ਜਵਾਹਰਾਤ ਭੇਟ ਕੀਤੇ ਅਤੇ ਬੇਨਤੀ ਕੀਤੀ, "ਇਨ੍ਹਾਂ ਵਿੱਚੋਂ ਜੋ ਵੀ ਚਾਹੋ ਲੈ ਲਵੋ"। ਗੁਰੂ ਜੀ ਨੇ ਸ਼ਬਦ ਉਚਾਰਿਆ, "ਇਆਨੜੀਏ ਮਾਨੜਾ ਕਾਇ ਕਰੇਹਿ॥ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ॥ (ਤਿਲੰਗ, ਪੰਨਾ ੭੨੨) ਨੂਰ ਸ਼ਾਹ ਤੇ ਉਸਦੀਆਂ ਸਾਥਣਾਂ ਗੁਰੂ ਜੀ ਦੇ ਚਰਨੀ ਆ ਪਈਆਂ ਤੇ ਮੁਕਤੀ ਦੇਣ ਲਈ ਬਿਨੈ ਕਰਨ ਲੱਗੀਆਂ। ਗੁਰੂ ਜੀ ਨੇ ਸਮਝਾਇਆ, "ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ॥ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ"॥ (ਤਿਲੰਗ, ਅੰਗ ੭੨੧) ਗੁਰੂ ਜੀ ਨੇ ਕਿਹਾ, "ਪ੍ਰਮਾਤਮਾਂ ਆਪ ਹੀ ਸਭ ਕਰਨ ਕਰਾਵਣ ਹਾਰਾ ਹੈ। ਇਹ ਜੋ ਜਾਦੂ ਆਦਿ ਦੇ ਝੰਝਟ ਵਿੱਚ ਪਈਆਂ ਹੋ ਇਸ ਸਭ ਨੂੰ ਛੱਡ ਕੇ ਸੁੱਚੇ ਮਨ ਉਸ ਨੂੰ ਧਿਆਉ, ਉਹ ਸਭ ਦੀ ਸੁਣਦਾ ਹੈ, ਸੱਚੇ ਮਨ ਨਾਲ ਜੁੜੇ ਨੂੰ ਉਹ ਆਪ ਹੀ ਤਾਰ ਦਿੰਦਾ ਹੇ"। ਇਹ ਸੁਣ ਕੇ ਨੂਰ ਸ਼ਾਹ ਸਮੇਤ ਸਾਰੀਆਂ ਜਾਦੂਗਰਨੀਆਂ ਗੁਰੂ ਜੀ ਦੀ ਚਰਨੀਂ ਲੱਗੀਆਂ ਤੇ ਗੁਰੂ ਜੀ ਦੀਆਂ ਦਿਤੀਆਂ ਸਿਖਿਆਂਵਾਂ ਤੇ ਚੱਲਣ ਦਾ ਵਾਅਦਾ ਕੀਤਾ।
ਇਹ ਇਲਾਕੇ ਉਨ੍ਹੀ ਦਿਨੀਂ ਗਾਰੋ ਕਬੀਲੇ ਦੇ ਅਧੀਨ ਸਨ। ਗਾਰੋ ਕਬੀਲੇ ਵਿਚ ਇਸਤਰੀਆਂ ਹੀ ਘਰ ਦੀਆਂ ਪ੍ਰਧਾਨ ਹੁੰਦੀਆਂ ਹਨ ਤੇ ਰਾਜ ਕਾਜ ਵੀ ਸੰਭਾਲ ਦੀਆਂ ਹਨ। ਨੂਰ ਸ਼ਾਹ ਤੇ ਉਹ ਸਭ ਇਸਤਰੀਆਂ ਗਾਰੋ ਕਬੀਲੇ ਦੀਆਂ ਸਨ।ਢੁਬਰੀ ਵਿਚੇ ਬ੍ਰਹਮਪੁਤਰ ਨਦੀ ਦੇ ਕੰਢੇ ਤੇ ਕਈ ਟਿੱਲੇ ਹਨ ਇਕ ਟਿੱਲੇ ਤੇ ਜਿਥੇ ਗੁਰੂ ਜੀ ਧਿਆਨ ਲਾ ਕੇ ਟਿਕੇ ਏਸ ਥਾਂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ, ਗਾਰੋ ਹਿਲਜ਼, ਢੁੱਬਰੀ ਬਣਾਇਆ ਗਿਆ।
ਬ੍ਰਹਮਪੁਤਰ ਨਦੀ ਦੇ ਕੰਢੇ ਤੇ ਹੀ ਗੁਰੂ ਜੀ ਦੀ ਆਸਾਮ ਦੇ ਪ੍ਰਸਿੱਧ ਸੰਤ ਸ੍ਰੀਮੰਤ ਸੰਕਰ ਦੇਬ ਨਾਲ ਵਿਚਾਰ ਗੋਸ਼ਟੀ ਹੋਈ।ਸ੍ਰੀਮੰਤ ਸੰਕਰ ਦੇਬ ਅਸਾਮ ਵਿਚ ਇਕ ਜਾਣਿਆ ਪਹਿਚਾਣਿਆ ਨਾਮ ਹੈ । ਉਹਨਾਂ ਦਾ ਜਨਮ ਨਉਗਾਉਂ ਜ਼ਿਲੇ ਦੇ ਪਿੰਡ ਬਰਦੋਆ ਵਿੱਚ ਹੋਇਆ ਅਤੇ ਉਨ੍ਹਾਂ ਦਾ ਪਾਲਣ ਪੋਸਣ ਹਿੰਦੂ ਧਰਮ ਦੀਆ ਰੀਤੀ-ਰਿਵਾਜ ਅਨੁਸਾਰ ਹੋਇਆ। ਉਹ ਇਕ ਧਾਰਮਿਕ ਸਥਾਨ ਤੇ ਸੰਤਾਂ ਦੇ ਸੰਗ ਵਿਚ ਆਏ ਤੇ ਉਨ੍ਹਾਂ ਦਾ ਧਿਆਨ ਸੱਚ ਦੀ ਖੋਜ ਵਿਚ ਲੱਗ ਗਿਆ । ਉਹਨਾਂ ਦੇ ਜੀਵਨ ਇਤਿਹਾਸ ਅਤੇ ਵਿਚਾਰ ਵੀ ਗੁਰੂ ਸਾਹਿਬ ਨਾਲ ਮਿਲਦੇ ਜੁਲਦੇ ਹਨ । ਸੁਰਿੰਦਰ ਸਿੰਘ ਕੋਹਲੀ ਅਨੁਸਾਰ ਗੁਰੂ ਨਾਨਕ ਦੇਵ ਜੀ ਸ੍ਰੀ ਸੰਕਰ ਦੇਵ ਨੂੰ ਢੁਬਰੀ ਵਿੱਚ ਮਿਲੇ ਜਿਥੇ ਉਹ ਬਾਰਪੇਟਾ ਤਂੋ ਆਏ ਸਨ। ਦੋਨਾ ਨੇ ਵਿਚਾਰ ਗੋਸ਼ਟੀਆਂ ਕੀਤੀਆਂ । ਸੰਕਰ ਦੇਬ ਦਾ ਧਰਮ ਇਕਸਰਨਾ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਮਤ ਦਾ ਨਾਮ ਮਹਾਪੁਰਸ਼ ਮਤ ਕਿਹਾ ਜਾਂਦਾ ਹੈ । ਇਕਸਰਨਾ ਧਰਮ ਪ੍ਰਮਾਤਮਾ ਦੀ ਭਗਤੀ ਉਪਰ ਜ਼ੋਰ ਦਿੰਦੀ ਹੈ । ਸੰਕਰ ਦੇਵ ਇਲਾਕੇ ਵਿਚ ਸ਼ਾਂਤੀ ਲਿਆਉਣ ਅਤੇ ਇਲਾਕੇ ਨੂੰ ਇਕਠੇ ਕਰਨ ਲਈ ਮੰਨੇ ਜਾਂਦੇ ਹਨ ਜਿਸ ਲਈ ਉਨ੍ਹਾਂ ਨੇ ਇਕਸਰਨਾ ਨਾਮ ਦੀ ਧਾਰਮਿਕ ਮੁਹਿੰਮ ਚਲਾਈ ਤੇ ਧਰਮ ਅਤੇ ਸਮਾਜ, ਨੂੰ ਆਉਣ ਵਾਲੇ ਸਮੇਂ ਲਈ ਇਕ ਨਵਾਂ ਰਾਹ ਦਿਤਾ। ਸੰਕਰ ਦੇਵ ਦੇ ਅਨੁਯਾਈ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਭਾਈ ਮੰਨਦੇ ਹਨ ਤੇ ਖਾਸ ਤਿੱਥ ਤਿਉਹਾਰਾਂ ਤੇ ਗੁਰਦੁਆਰਾ ਸਾਹਿਬ ਜਾਂਦੇ ਹਨ । ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਜਦ ਉਹ ਮੈਨੁੰ ਤਿਨਸੁਖੀਆ ਗੁਰਦੁਆਰਾ ਸਾਹਿਬ ਮਿਲੇ ਤਾਂ ਉਨ੍ਹਾਂ ਤੋ ਗੁਰਦੁਆਰਾ ਸਾਹਿਬ ਆਉਣ ਦਾ ਕਾਰਨ ਪੁਛਿਆ । ਉਹਨਾਂ ਦਸਿਆ ਕਿ 'ਅਸੀਂ ਗੁਰੂ ਭਾਈ ਦਾ ਜਨਮ ਦਿਹਾੜਾ ਮਨਾਉਣ ਲਈ ਹਰ ਪੁਰਬ ਤੇ ਆਉਂਦੇ ਹਾਂ । ਗੁਰੂ ਨਾਨਕ ਦੇਵ ਜੀ ਤੇ ਸ੍ਰੀਮੰਤ ਸੰਕਰ ਦੇਬ ਜੀ ਗੁਰੂ ਭਾਈ ਸਨ” । ਗੋਆਲਪਾੜਾ ਗਜ਼ਟ ਵਿੱਚ ਦਰਜ ਹੈ ਕਿ ਮੁਸਲਿਮ ਸਿਪਾਹੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣੇ ਸਥਾਨ ਦਮਦਮਾ ਸਾਹਿਬ ਵਿਚ ਗੁਰੂ ਤੇਗ ਬਹਾਦਰ ਦੀ ਮਦਦ ਕੀਤੀ ਤੇ ਢਾਲਾਂ ਵਿਚ ਮਿੱਟੀ ਢੋ ਕੇ ਉੱਚਾ ਟਿੱਲਾ ਬਣਾਇਆ ਜਿਸ ਤੇ ਹੁਣ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ ਕਾਇਮ ਹੈ ।
ਢੁਬਰੀ ਤੋ ਗੁਰੂ ਨਾਨਕ ਦੇਵ ਸਾਹਿਬ ਗੋਹਾਟੀ ਵੱਲ ਰਵਾਨਾ ਹੋ ਗਏ । ਇਸ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਨੇ ਭੁਮੀਆ ਚੋਰ ਨੂੰ ਸੱਚ ਤੇ ਧਰਮ ਨਾਲ ਜੋੜਿਆ । ਭਾਈ ਬਾਲਾ ਜਨਮ ਸਾਖੀ ਵਿੱਚ ਭੁਮੀਆ ਦੀ ਕਥਾ ਦਾ ਜ਼ਿਕਰ ਮਿਲਦਾ ਹੈ । ਗੁਰੂ ਨਾਨਕ ਦੇਵ ਜੀ ਇਕ ਅਜਿਹੇ ਇਲਾਕੇ ਵਿੱਚ ਗਏ ਜਿਸਦਾ ਸਬੰਧ ਚੋਰਾਂ ਨਾਲ ਸੀ । ਚੋਰਾਂ ਦੇ ਮੁੱਖੀਆ ਕੋਲ ੫੦੦ ਘੋੜੇ ਅਤੇ ਕਈ ਹੋਰ ਜਾਨਵਰ ਸਨ । ਸਾਰੇ ਚੋਰ ਉਸ ਤੋ ਡਰਦੇ ਸੀ । ਗੁਰੂ ਨਾਨਕ ਦੇਵ ਸਾਹਿਬ ਨੇ ਉਸਨੂੰ ਸਚਾਈ ਅਤੇ ਇਨਸਾਨੀਅਤ ਦਾ ਰਸਤਾ ਦਿਖਾਇਆ । ਉਸਦੀ ਬੇਨਤੀ ਤੇ ਗੁਰੂ ਸਾਹਿਬ ਰਾਜੇ ਨੂੰ ਵੀ ਮਿਲੇ। ਉਥੋਂ ਦੇ ਰਾਜੇ ਨੇ ਭੂਮੀਆਂ ਨੂੰ ਕਈ ਤੋਹਫਿਆਂ ਨਾਲ ਸਨਮਾਨ ਵੀ ਕੀਤਾ ਅਤੇ ਉਸ ਨੂੰ ਅਪਣਾ ਮੰਤਰੀ ਵੀ ਬਣਾ ਦਿਤਾ। ਭੂਮੀਆ ਭਾਵ ਭੁਇਆਂ ਅਸਲ ਵਿਚ ਇਕ ਬਹਾਦੁਰ ਕੌਮ ਹੈ ਜੇ ਬੰਗਾਲ ਅਤੇ ਅਸਾਮ ਦੇ ਜ਼ਿਮੀਦਾਰ ਅਖਵਾਉਂਦੇ ਸਨ । ਸ੍ਰੀਮੰਤ ਸੰਕਰ ਦੇਬ ਵੀ ਇਕ ਭੁਇਆਂ ਸੀ । ੧੨ ਭੁਇਆਂ ਦਾ ਇਹ ਇਲਾਕਾ ਅਸਲ ਵਿਚ ੧੨ ਚੰਗੇ ਜ਼ਮੀਦਾਰਾਂ ਦਾ ਇਲਾਕਾ ਸੀ ਜਿਸਦਾ ਇਕ ਗਰੂਪ ਸੀ । ਹਰ ਭੁਇਆਨ ਦੇ ਅਧੀਨ ਕਈ ਪਿੰਡਾਂ ਦੇ ਸਮੂਹ ਸਨ ਜਿਸਨੂੰ ਚਕਲਾ ਕਿਹਾ ਜਾਂਦਾ ਸੀ।ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਤਾਕਤਵਾਰ ਨੂੰ ਰਾਜਾ ਕਿਹਾ ਜਾਂਦਾ ਸੀ । ੧੨ ਭੁਇਆਂ ਅਸਲ ਵਿਚ ਕਮਰੂਪ ਦੇ ਇਕ ਖਾਸ ਕਿਸਮ ਦੇ ਰਾਜ ਦੀ ਬਣਤਰ ਸੀ ਜਿਸਨੇ ਸਾਰੇ ਅਸਾਮ, ਉਤਰ ਬੰਗਾਲ ਅਤੇ ਬੰਗਲਾਦੇਸ਼ ਦੀ ਕਾਫੀ ਵੱਡੇ ਹਿੱਸੇ ਤੇ ਕਬਜ਼ਾ ਕੀਤਾ ਹੋਇਆ ਸੀ ।
ਰਾਜੇ ਅਤੇ ਰਾਣੀ ਦਾ ਸੰਤ ਨਾਲ ਵਾਰਤਾਲਾਪ
ਭੂਮੀਆ ਦੀ ਮਦਦ ਨਾਲ ਕੋਚ ਰਾਜਾ ਅਤੇ ਰਾਣੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਆਏ । ਗੋਰਜਾਂ ਰਾਣੀ ਨੂੰ ਗੁਰੂ ਜੀ ਦੀ ਬਾਣੀ ਅਤੇ ਪ੍ਰਮਾਤਮਾਂ ਦੇ ਨਾਮ ਦਾ ਸਿਮਰਨ ਕਰਨਾ ਬੜਾ ਚੰਗਾ ਲਗਦਾ ਸੀ । ਰਾਜੇ ਅਤੇ ਰਾਣੀ ਨੇ ਗੁਰੂ ਜੀ ਤੋਂ ਇਕ ਔਲਾਦ ਦੀ ਦਾਤ ਲਈ ਬੇਨਤੀ ਕੀਤੀ । ਜੋ ਕ੍ਰਿਪਾ ਸਦਕਾ ਉਨ੍ਹਾ ਨੂੰ ਪੁਤਰ ਦੀ ਬਖਸ਼ ਪ੍ਰਾਪਤ ਹੋਈ। ਪਿੱਛੋਂ ਉਹਨਾਂ ਦਾ ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਸਜਿਆ ਅਤੇ ਨੌਵੇਂ ਪਾਤਿਸਾਹ ਦੇ ਆਸ਼ੀਰਵਾਦ ਸਦਕਾ ਉਸਨੂੰ ਵੀ ਇਕ ਬੱਚੇ ਦੀ ਦਾਤ ਮਿਲੀ । ਬੱਚੇ ਦਾ ਨਾਮ ਰਤਨ ਰਾਏ ਰੱਖਿਆ ਗਿਆ । ਰਤਨ ਰਾਏ ਨੇ ਇਕ ਸਫੇਦ ਹਾਥੀ ਅਤੇ ਇਕ ਪੰਚਕਲਾ ਹਥਿਆਰ ਦਸਵੇਂ ਗੁਰੂ ਸਾਹਿਬ ਦੀ ਭੇਟ ਕੀਤਾ ਜੋ ਹੁਣ ਵੀ ਦੱਖਣ ਗੁਜਰਾਤ ਦੇ ਬੜੋਦਾ ਗੁਰਦੁਆਰਾ ਸਾਹਿਬ ਵਿਖੇ ਸੰਭਾਲ ਕੇ ਰਖਿਆ ਗਿਆ ਹੈ ।
ਗੁਰੂ ਨਾਨਕ ਦੇਵ ਜੀ ਗੋਹਾਟੀ ਅਤੇ ਹਜੋ ਦੇ ਮੰਦਿਰਾਂ ਵਿਚ ਵੀ ਗਏ । ਉੱਥੇ ਯੋਨੀ ਤੇ ਸ਼ਕਤੀ ਦੀ ਪੂਜਾ ਹੁੰਦੀ ਸੀ ਜਿੱਥੇ ਬਲੀ ਚੜ੍ਹਾਈ ਜਾਂਦੀ ਸੀ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਪੱਥਰ ਪੂਜਾ ਤੇ ਬਲੀ ਚੜ੍ਹਾਉਣ ਤੋਂ ਵਰਜਿਆ ਅਤੇ ਸੱਚ ਤੇ ਇਕ ਪ੍ਰਮਾਤਮਾਂ ਦੇ ਧਿਆਨ ਦਾ ਸਹੀ ਰਸਤਾ ਦਿਖਾਇਆ । ਗੁਹਾਟੀ ਦੇ ਕਾਮੱਖਿਆ ਮੰਦਿਰ ਤੇ ਸਾਗਰ ਸੈਨ ਅਤੇ ਦੂਸਰਿਆਂ ਨੂੰ ਕਾਮਖਿਆ ਦੇਵੀ ਦੀ ਪੂਜਾ ਕਰਨਾ ਦੀ ਥਾਂ ਪ੍ਰਮਾਤਮਾਂ ਦੇ ਨਾਮ ਵਲ ਮੋੜਿਆ। ਪੰਜਾਬੀ ਪਾਂਡੇ ਅਨੁਸਾਰ ਉਸ ਦੀਆਂ ਪੁਰਾਣੀਆਂ ਵਹੀਆਂ ਵਿੱਚ ਗੁਰੂ ਜੀ ਦਾ ਏਥੇ ਆਉਣਾ ਦਰਜ ਸੀ ਜੋ ਘਰ ਵਿਚ ਅੱਗ ਲੱਗਣ ਕਰਕੇ ਸੜ ਗਈ । ਬਲੀ ਤੋਂ ਵਰਜਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਪੰਡਿਤਾਂ ਨੂੰ ਸਮਝਾਇਆ ਕਿ ਸਾਰੇ ਜੀਵ ਉਸ ਇਕ ਪ੍ਰਮਾਤਮਾਂ ਦੇ ਹੀ ਬਣਾਏ ਹਨ ਜੋ ਸਭ ਉਸ ਨੂੰ ਪਿਆਰੇ ਹਨ ।ਉਨ੍ਹਾਂ ਦੀ ਬਲੀ ਦੇਣ ਨਾਲ ਉਹ ਖੁਸ਼ ਨਹੀਂ ਸਗੋਂ ਦੁਖੀ ਹੁੰਦਾ ਹੈ ਕਿਉਂਕਿ ਜੀਵ ਹਤਿਆ ਉਸ ਦੇ ਅਪਣੀ ਹੀ ਰਚਨਾ ਦਾ ਸੰਘਾਰ ਹੈ ਜੋ ਉਸ ਨੂੰ ਮੰਜ਼ੂਰ ਨਹੀਂ। ਮੌਤ ਸਿਰਫ ਉਸਨੂੰ ਛਡਦੀ ਹੈ ਜੋ ਹਮੇਸ਼ਾ ਪ੍ਰਮਾਤਮਾਂ ਦੀ ਭਗਤੀ ਵਿਚ ਲੀਨ ਰਹਿੰਦੇ ਹਨ । ਉਹਨਾ ਅੱਗੇ ਕਿਹਾ ਕਿ ਜੇ ਤੁਸੀ ਪੱਥਰ ਦੇ ਦੇਵਤੇ ਅਤੇ ਦੇਵੀਆਂ ਦੀ ਪੂਜਾ ਕਰੋਗੇ ਤਾਂ ਤੁਸੀਂ ਉਹਨਾਂ ਤੋ ਕੀ ਮੰਗੋਗੇ ਕਿਉਂਕਿ ਉਹ ਤੁਹਾਨੂੰ ਕੁਝ ਨਹੀ ਦੇ ਸਕਦੇ । ਇਹ ਸੁਣਕੇ ਪਡਿੰਤਾਂ ਦੀ ਅਗਿਆਨਤਾ ਦੂਰ ਹੋਈ ਅਤੇ ਉਹ ਪ੍ਰਮਾਤਮਾਂ ਦੇ ਸੱਚੇ ਭਗਤ ਬਣ ਗਏ ।
ਗੋਹਾਟੀ ਤੋ ਗੁਰੂ ਨਾਨਕ ਦੇਵ ਜੀ ਡਿਬਰੂਗੜ੍ਹ ਦੇ ਨੇੜੇ ਗਿਰਗਾਉਂ ਪਹੁੰਚੇ ਜੋ ਉਸ ਸਮੇਂ ਅਸਾਮ ਦੀ ਰਾਜਧਾਨੀ ਸੀ । ਪਿਛੋਂ ਇਹ ਨਾਜ਼ਿਰਾ ਦੇ ਨਾਮ ਨਾਲ ਮਸ਼ਹੂਰ ਹੋਇਆ । ਨਾਜ਼ਿਰਾ ਵਿੱਚ ਗੁਰੂ ਨਾਨਕ ਦੇਵ ਜੀ ਤੇ ਸ੍ਰੀਮੰਤ ਸੰਕਰ ਦੇਬ ਦੀ ਅਹੋਮ ਰਾਜੇ ਸੁਹੰਗਮੰਗ ਨਾਲ ਵਿਚਾਰ ਚਰਚਾ ਹੋਈ ਜਿਸਤੇ ਰਾਜਾ ਬੜਾ ਪ੍ਰਭਾਵਿਤ ਹੋਇਆ । ਗੁਰੂ ਨਾਨਕ ਦੇਵ ਜੀ ਨੇ ਉਥੋਂ ਦੇ ਨੇੜੇ ਦੇ ਪਿੰਡਾਂ ਗਨਕ, ਨਜੀਰਾਹਾਟ ਆਦਿ ਵਿਚ ਵੀ ਗਏ ਅਤੇ ਉਨ੍ਹਾਂ ਨੂੰ ਸੱਚੇ ਪ੍ਰਮਾਤਮਾਂ ਦੀ ਭਗਤੀ ਵਲ ਲਾਇਆ। ਪਿਛੋਂ ਏਥੇ ਲੂਣੀਆ ਸਿੱਧ ਨੇ ਜੋ ਗੁਰੂ ਨਾਨਕ ਦੇਵ ਜੀ ਨੂੰ ਢਾਕਾ ਵਿਚ ਮਿਲਿਆ ਸੀ ਏਥੇ ਗੁਰੂ ਜੀ ਦੀ ਯਾਦ ਵਿਚ ਧਰਮਸਾਲ ਬਣਾਈ ਜੋ ਮੰਦਿਰ ਦੇ ਨਾਲ ਲਗਦੀ ਸੀ ।ਹੁਣ ਇਸ ਸਥਾਨ ਤੇ ਗੁਰੂ ਸਾਹਿਬ ਦੀ ਫੇਰੀ ਦੀ ਵਿਚ ਨਾ ਕਈ ਧਰਮਸਾਲਾ ਹੈ ਨਾ ਗੁਰੁਦਆਰਾ ਸਾਹਿਬ, ਪਰ ਲੂਣੀਏ ਸਿੱਧ ਦੀ ਧਰਮਸਾਲ ਕਾਇਮ ਹੈ ।
ਪਰ ਲੂਣੀਏ ਸਿੱਧ ਦੀ ਧਰਮਸਾਲ
ਇਸ ਸਥਾਨ ਤੇ ਇਕ ਗੁਰਦੁਆਰਾ ਸਾਹਿਬ ਬਣਾਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ । ਗਿਰਗਾਉਂ ਨਾਜ਼ਿਰਾ ਤੋ ਪਿੱਛੋਂ ਗੁਰੂ ਜੀ ਸ਼ੰਕਰ ਦੇਵ ਨਾਲ ਮੰਝੂਲੀ ਗਏ ਜੋ ਸੰਕਰ ਦੇਵ ਦੀ ਕਰਮ ਭੂਮੀ ਸੀ। ਮੰਝੂਲੀ ਟਾਪੂ ਬ੍ਰਹਮਪੁਤਰ ਅਤੇ ਬਰਨਾਦੀ ਨਦੀ ਦੇ ਵਿਚਕਾਰ ਪੈਂਦਾ ਹੈ ।
ਗੁਰੁਦਆਰਾ ਸਾਹਿਬ, ਗੋਲਾਘਾਟ
ਏਥੋਂ ਗੁਰੂ ਨਾਨਕ ਦੇਵ ਜੀ ਗੋਲਾਘਾਟ ਗਏ ਜਿਥੇ ਗੁਰਦੁਆਰਾ ਸਾਹਿਬ ਇਥੋ ਦੀ ਫੇਰੀ ਦੀ ਯਾਦ ਕਰਵਾਉਂਦਾ ਹੈ । ਗੁਰੂ ਸਾਹਿਬ ਇਸ ਤੋ ਅੱਗੇ ਬਾਅਦ ਬ੍ਰਹਮਕੁੰਡ ਗਏ ।ਪਰਸੂ ਰਾਮ ਕੁੰਡ ਅਰੁਨਾਚਲ ਪ੍ਰਦੇਸ਼ ਦੇ ਪੰਡਿਤ ਰਾਮ ਸਰਨ ਦਾਸ ਨੇ ਇਸ ਲੇਖਕ ਨੂੰ ਦੱਸਿਆ ਏਥੇ ਸਾਰੇ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਸ੍ਰੀਮੰਤ ਸੰਕਰ ਦੇਬ ਦੇ ਨਾਲ ਪਰਸੂ ਰਾਮ ਕੁੰਡ ਤੇ ਮਕਰ ਸਕਰਾਂਤੀ ਦੇ ਮੇਲੇ ਵਾਲੇ ਦਿਨ ਆਏ । ਏਥੋਂ ਅੱਗੇ ਗੁਰੂ ਜੀ ਨਾਗਾਲੈਂਡ, ਮੇਘਾਲੇ (ਸ਼ਿਲੌਂਗ) ਰਾਹੀਂ ਸਿਲਹਟ, ਕਰੀਮਗੰਜ, ਲੁਸ਼ਾਈ ਹਿਲਜ਼ ਅਤੇ ਅਗਰਤਲਾ (ਤ੍ਰੀਪੁਰਾ) ਰਾਹੀਂ ਚਿਟਾਗਾਉਂ ਪਹੁੰਚੇ ।
ਕਛਾਰ ਵਿੱਚ ਗੁਰੂ ਨਾਨਕ ਦੇਵ ਜੀ ਭੁਵਨ ਚੋਟੀ ਤੇ ਬੋਧੀਸਥਲ ਸੰਗਾਰਾਮ ਵੀ ਫੇਰੀ ਪਾਈ ਜੋ ਸਿਲਚਰ (ਕਛਾਰ ਜਿਲ੍ਹੇ ਦਾ ਕੇਂਦਰੀ ਸਥਾਨ) ਕਸਬੇ ਤੋ ੩੨ ਕਿਲਮੀਟਰ ਦੀ ਦੂਰੀ ਤੇ ਹੈ । ਉਸ ਮੰਦਿਰ ਦੇ ਮੁੱਖ ਪੁਜਾਰੀ ਨੇ ਜਦੋ ਗੁਰੂ ਸਾਹਿਬ ਦੇ ਪ੍ਰਭਾਵ ਬਾਰੇ ਸੁਣਿਆ ਤਾਂ ਈਰਖਾ ਨਾਲ ਭਰ ਗਿਆ ਤੇ ਗੁਰੂ ਸਾਹਿਬ ਨੂੰ ਮਾਰਣ ਲਈ ਅਪਣੇ ਹੱਥ ਵਿਖੇ ਤਲਵਾਰ ਲੈ ਕੇ ਆਇਆ। ਗੁਰੂ ਜੀ ਨੇ ਬਾਣੀ ਦੀ ਪੰਗਤੀ ਰਾਹੀਂ ਸਮਝਾਇਆ ਕਿ ਜੋ ਪ੍ਰਮਾਤਮਾਂ ਦੇ ਪੁਜਾਰੀ ਹਨ ਅਤੇ ਜਿਨ੍ਹਾਂ ਦੇ ਦਿਲ ਵਿਚ ਉਸ ਲਈ ਪਿਆਰ ਹੈ ਉਨ੍ਹਾਂ ਦੀ ਪ੍ਰਮਾਤਮਾ ਹਰ ਥਾਂ ਰੱਖਿਆ ਕਰਦਾ ਹੈ । ਇਹ ਸੁਣ ਕੇ ਮੁੱਖ ਪੁਜਾਰੀ ਹਮਲਾ ਨਹੀ ਕਰ ਸਕਿਆ ਅਤੇ ਉਸ ਦੀ ਸੋਚ ਬਦਲ ਗਈ । ਉਸ ਨੇ ਗੁਰੂ ਜੀ ਨੂੰ ਮਾਫੀ ਲਈ ਬੇਨਤੀ ਕੀਤੀ ਜਿਸ ਤੇ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿਤਾ । ਉਸਦਾ ਅੰਦਰਲਾ ਹੁਣ ਬਦਲ ਗਿਆ ਅਤੇ ਉਹ ਗੁਰੂ ਸਾਹਿਬ ਦਾ ਅਨੁਯਾਈ ਬਣ ਗਿਆ । ਉਥੇ ਇਕ ਛੋਟੀ ਜਿਹੀ ਜਗ੍ਹਾ ਸੀ ਜਿਸਨੂੰ ਨਾਨਕ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਉਸ ਸਥਾਨ ਤੇ ਕੋਈ ਗੁਰਦੁਆਰਾ ਨਹੀਂ ਬਣਿਆ। ਕੇਵਲ ਇਕ ਦਰਖਤਾਂ ਦਾ ਝੁੰਡ ਸੀ ।ਇਕ ਮਹਾਤਮਾ ਉਸ ਜਗ੍ਹਾ ਦੀ ਦੇਖਭਾਲ ਕਰਦਾ ਸੀ । ਇਸ ਤੋ ਅੱਗੇ ਗੁਰੂ ਜੀ ਸਿਲਹਟ ਪਹੁੰਚੇ ।