- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਪਹਿਲੀ ਵਿਸ਼ਵ ਯਾਤਰਾ-ਹਰਿਆਣਾ, ਪੱਛਮੀ ਯੂਪੀ ਤੇ ਦਿੱਲੀ ਵਿਚ
ਨਕਸ਼ਾ ਗੁਰੂ ਨਾਨਕ ਦੇਵ ਜੀ ਹਰਿਆਣਾ ਤੇ ਦਿੱਲੀ ਵਿਚ
ਪਹੋਵਾ
ਗੁਰਦੁਆਰਾ ਬਾਉਲੀ ਸਾਹਿਬ ਪਿਹੋਵਾ
ਪੰਜਾਬ ਦੇ ਪੂਰਬੀ ਮਾਲਵੇ ਦੀ ਫੇਰੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਹੋਵਾ ਪਹੁੰਚੇ ਅਤੇ ਸਰਸਵਤੀ ਨਦੀ ਦੇ ਕਿਨਾਰੇ ਤੇ ਬੈਠ ਗਏ।ਪਹੋਵਾ ਕੁਰਖੇਤਰ ਤੋਂ ਕੈਥਲ ਰੋਡ ਉਤੇ ਪੱਛਮ ਵਲ 27 ਕਿਲੋਮੀਟਰ ਦੀ ਦੂਰੀ ਤੇ ਹਿੰਦੂ ਧਰਮ ਦਾ ਇਕ ਪ੍ਰਸਿੱਧ ਧਾਰਮਿਕ ਸਥਾਨ ਹੈ ।ਇਥੇ ਮ੍ਰਿਤਕਾਂ ਦੇ ਕੁਝ ਆਖਰੀ ਸੰਸਕਾਰ ਕੀਤੇ ਜਾਂਦੇ ਹਨ ਅਤੇ ਮ੍ਰਿਤਕਾਂ ਦਾ ਰਿਕਾਰਡ ਵੀ ਇਥੇ ਸਬੰਧਤ ਪੰਡਤ ਯਾ ਪਰਵਾਰਿਕ ਪੰਡਿਤ ਪਾਸ ਰਜਿਸਟਰਾਂ ਵਿਚ ਦਰਜ ਕਰਵਾਇਆ ਜਾਂਦਾ ਹੈ । ਇਹ ਪਰਿਵਾਰਕ ਪੰਡਿਤ ਉਨ੍ਹਾਂ ਦੇ ਪਰਿਵਾਰਾਂ ਦੇ ਕਈ ਸ਼ਤਾਬਦੀਆਂ ਦਾ ਰਿਕਾਰਡ ਵੀ ਰਖਦੇ ਹਨ । ਚੇਤ ਚਉਦਸ ਅਤੇ ਪੂਰਨਮਾਸ਼ੀ ਨੂੰ ਇਥੇ ਮੇਲੇ ਵੀ ਲਗਾਏ ਜਾਂਦੇ ਹਨ ।
ਗੁਰਦੁਆਰਾ ਸ਼ੀਸ਼ ਮਹਿਲ, ਪਿਹੋਵਾ
ਗੁਰੂ ਨਾਨਕ ਦੇਵ ਜੀ ਪਿਹੋਵਾ ਚੇਤ-ਚਉਦਸ (ਚੇਤ ਦੇ 14 ਵੇਂ ਦਿਨ) ਨੂੰ ਆਏ । ਪੰਡਿਤ ਲੋਕਾˆ ਨੂੰ ਮ੍ਰਿਤਕ ਪਿਤਰਾਂ ਦੀ ਮੁਕਤੀ ਲਈ ਪਿੰਡ ਭਰਾਈ ਦੀ ਰਸਮ ਕਰਵਾਉਣ ਲਈ ਕਹਿ ਰਹੇ ਸਨ । ਗੁਰੂ ਨਾਨਕ ਦੇਵ ਜੀ ਨੂੰ ਵੀ ਪਿੰਡ ਭਰਾਈ ਲਈ ਕਿਹਾ ਗਿਆ ਜਿਸ ਲਈ ਵੱਡੀ ਰਕਮ ਦਛਣਾਂ ਦੇ ਤੌਰ ਤੇ ਮੰਗੀ ।ਪੰਡਿਤਾਂ ਨੇ ਇਕ ਟਾਇਰ ਦੇ ਆਕਾਰ ਦੀ ਲਕੜੀ ਨੂੰ ਸਰਸਵਤੀ ਨਦੀ ਵਿਚ ਸੁੱਟਿਆ ਹੋਇਆ ਸੀ ਤੇ ਲੋਕਾਂ ਨੂੰ ਭਰਮਾ ਰਹੇ ਸਨ ਕਿ ਜੇ ਔਰਤਾਂ ਅਪਣੀਆਂ ਵਾਲੀਆਂ ਜਾਂ ਹੋਰ ਗਹਿਣੇ ਦੱਛਣਾਂ ਵਿਚ ਭੇਟ ਕਰਦੀਆਂ ਹਨ ਤਾਂ ਉਨ੍ਹਾਂ ਦੀ ਵਾਲੀ ਜਾਂ ਹੋਰ ਗਹਿਣੇ ਅਗਲੇ ਜਨਮ ਵਿਚ ਕਈ ਗੁਣਾ ਹੋ ਕੇ ਮਿਲਣਗੇ।ਅਗਲੇ ਜਨਮ ਵਿਚ ਸੋਨੇ ਦੇ ਕਈ ਗੁਣਾ ਹੋ ਜਾਣ ਦੇ ਲਾਲਚ ਵਿਚ ਲੋਕ ਵੱਧ ਚੜ੍ਹ ਕੇ ਅਪਣੇ ਗਹਿਣੇ ਪਾਂਡਿਆਂ ਨੂੰ ਦਾਨ ਕਰ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਜੇ ਦਾਨ ਇਤਨਾ ਵੱਧ ਸਕਦਾ ਹੈ ਤਾਂ ਇਹ ਲਾਲਚ ਤੇ ਬੁਰਾਈਆਂ ਵੀ ਇਸੇ ਤਰ੍ਹਾਂ ਵਧਣਗੀਆਂ ਕਿਉਂਕਿ ਪਾਂਡਿਆਂ ਨੇ ਤਾਂ ਲੋਕਾਂ ਨੂੰ ਬੁਧੂ ਬਣਾ ਕੇ ਇਹ ਸੋਨਾ ਹੜਪ ਜਾਣਾ ਹੈ।ਕੋਈ ਵੀ ਬੰਦਾ ਜੱਗ ਤੇ ਨਾਂ ਨਾਲ ਕੁਝ ਲਿਆਇਆ ਹੈ ਤੇ ਨਾਂ ਹੀ ਲੈ ਕੇ ਜਾ ਸਕਦਾ ਹੈ।ਜੋ ਪੰਡੇ ਅਪਣੇ ਨਾਲ ਅਪਣਾ ਹੀ ਕੁਝ ਨਹੀਂ ਲਿਜਾ ਸਕਦੇ ਹੋਰ ਲੋਕਾਂ ਦਾ ਕਿਵੇਂ ਲੈ ਜਾਣਗੇ। ਜੇ ਲੈ ਵੀ ਗਏ ਤਾਂ ਤੁਹਾਡੇ ਪਿਤਰਾਂ ਨੂੰ ਕਿਥੋਂ ਭਾਲਣਗੇ ਤੇ ਕਿਵੇਂ ਪਛਾਨਣਗੇ? ਇਹ ਸਭ ਤਾਂ ਪਾਂਡਿਆਂ ਨੇ ਲੋਕਾਂ ਨੂੰ ਲੁੱਟਣ ਦਾ ਢੌਂਗ ਰਚਾਇਆ ਹੈ।ਇਸ ਤਰ੍ਹਾਂ ਹੁਰੂ ਜੀ ਨੇ ਲੋਕਾਂ ਨੂੰ ਪਿਤਰੀ-ਪੂਜਾ ਤੋਂ ਵਰਜਿਆ ਤੇ ਅੰਗੂਠੀਆਂ, ਵਾਲੀਆਂ ਜਾਂ ਹੋਰ ਗਹਿਣੇ ਪਾਂਡਿਆਂ ਨੂੰ ਦਾਨ ਦੇਣ ਤੋਂ ਰੋਕ ਦਿਤਾ।ੳਨ੍ਹਾਂ ਦੇ ਦੱਸਿਆ ਕਿ ਮਰਣ ਤੋ ਬਾਅਦ ਉਨ੍ਹਾਂ ਦਾ ਦਿਤਾ ਦਾਨ ਉਨ੍ਹਾਂ ਪਿਤਰਾ ਨੂੰ ਨਹੀਂ ਬਲਕਿ ਪਾਂਡਿਆਂ ਦਾ ਘਰ ਭਰਦਾ ਹੈ। ਅੱਗੇ ਤਾਂ ਇਨਸਾਨ ਦੇ ਕੀਤੇ ਚੰਗੇ ਕਰਮ ਹੀ ਜਾਂਦੇ ਹਨ ਹੋਰ ਕੁਝ ਨਹੀਂ ਪਹੁੰਚਦਾ ‘ਨਾਨਕ ਅੱਗੇ ਸੋ ਮਿਲੇ ਜੇ ਖਟੇ ਘਾਲੇ ਦੇ’ ।ਗੁਰੂ ਜੀ ਨੇ ਸ਼ਬਦ ਉਚਾਰਣ ਕਰਕੇ ਪਿੰਡ ਭਰਾਈ ਦੇ ਨਾਮ ਤੇ ਪੰਡਿਤਾਂ ਨੂੰ ਲੋਕਾਂ ਤੋ ਵੱਡੀਆਂ ਵੱਡੀਆਂ ਰਕਮਾˆ ਦੀ ਇਸ ਲੁੱਟ ਅਤੇ ਮਹਿੰਗੇ ਗਹਿਣੇ ਆਦਿ ਭੇਟ ਕਰਨ ਦੇ ਭਰਮ-ਜਾਲਾਂ ਬਾਰੇ ਸਮਝਾਇਆ ।ਗੁਰੂ ਜੀ ਨੇ ਪੰਡਿਤਾਂ ਨੂੰ ਕਿਸੇ ਪਿੱਤਰ ਨਾਲ ਮਿਲਾਉਣ ਲਈ ਕਿਹਾ ।ਪਾਂਡੇ ਇਸ ਤੋਂ ਅਸਮਰਥ ਰਹੇ ਤਾਂ ਲੋਕ ਗੁਰੂ ਜੀ ਦੀ ਗੱਲ ਸਮਝ ਗਏ ਅਤੇ ਪੰਡਿਤਾਂ ਦੀਆਂ ਚਾਲਾਂ ਤੋਂ ਕਿਨਾਰਾ ਕਰਨ ਲੱਗੇ ।ਪਾਂਡਿਆਂ ਨੂੰ ਅਪਣੇ ਇਸ ਲੁੱਟ ਦੇ ਧੰਦੇ ਤੋਂ ਬਹੁਤ ਸ਼ਰਮ ਮਹਸੂਸ ਹੋਈ ਅਤੇ ਉਨ੍ਹਾਂ ਨੇ ਵੀ ਇਹ ਚਾਲਾਂ ਛੱਡ ਦਿਤੀਆਂ।ਗੁਰੂ ਜੀ ਦੇ ਏਥੇ ਚਰਨ ਪਾਉਣ ਦੀ ਯਾਦ ਵਿਚ ਗੁਰਦੁਆਰਾ ਬਾਉਲੀ ਸਾਹਿਬ ਪਹਿਲੀ ਪਾਤਿਸਾਹੀ ਪਹੋਵਾ ਸ਼ਹਿਰ ਦੇ ਬਾਹਰਵਾਰ ਬਸ ਸਟੈਂਡ ਦੇ ਨੇੜੇ ਹੀ ਹੈ।ਬਾਉਲੀ ਹੁਣ ਸਰੋਵਰ ਵਿਚ ਬਦਲ ਦਿਤੀ ਗਈ ਹੈ ।ਗੁਰੂ ਜੀ ਇਥੇ ਕੁਝ ਸਮੇਂ ਲਈ ਰੁਕੇ ਅਤੇ ਭਗਤੀ ਵਿਚ ਲੀਨ ਰਹੇ ।ਜਿਥੇ ਗੁਰੂ ਸਾਹਿਬ ਭਗਤੀ ਕਰਦੇ ਸਨ ਉਸ ਥਾਂ ਭੋਰਾ ਸਾਹਿਬ ਹੈ ।ਗੁਰੂ ਦੀ ਯਾਦ ਵਿਚ ਇਕ ਹੋਰ ਗੁਰਦੁਆਰਾ ਸ਼ੀਸ ਮਹਲ ਪਿਹੋਵਾ ਸ਼ਹਿਰ ਵਿਚਕਾਰ ਸਥਿਤ ਹੈ ਜਿਥੇ ਤੀਜੇ, ਛੇਵਂੇ ਅਤੇ ਨੌਵੇਂ ਗੁਰੂ ਸਾਹਿਬ ਨੇ ਵੀ ਫੇਰੀ ਪਾਈ ।
ਕਰ੍ਹਾ
ਗੁਰਦੁਆਰਾ ਸ੍ਰੀ ਕਰ੍ਹਾ ਸਾਹਿਬ
ਪਿਹੋਵਾ-ਗੂਹਲਾ ਰੋਡ ਤੇ ਪਿਹੋਵਾ ਤੋ 11 ਕਿਲਮੀਟਰ ਦੇ ਦੂਰੀ ਤੇ ਕਰ੍ਹਾ ਸਥਿਤ ਹੈ । ਗੁਰੂ ਸਾਹਿਬ ਪਿਹੋਵਾ ਤੋ ਇਥੇ ਆਏ ਅਤੇ ਇਕ ਪੰਡਿਤ ਦੇ ਪਹਿਮਾਨ ਵਜੋਂ ਰਹੇ । ਗੁਰੂ ਸਾਹਿਬ ਨੇ ਉਸਨੂੰ ਕਿਤਾਬਾˆ ਵਿਚੋਂ ਪ੍ਰਮਾਤਮਾਂ ਭਾਲਣ ਦੀ ਬਜਾਏ ਨਾਮ ਜਪ ਦੇ ਸਹਾਰੇ ਪ੍ਰਮਾਤਮਾਂ ਦੀ ਭਗਤੀ ਦਾ ਸਹੀ ਮਾਰਗ ਸਮਝਾਇਆ ।
ਚੀਕਾ
ਗੁਰਦੁਆਰਾ ਚੀਕਾ ਸਾਹਿਬ
ਗੁਰੂ ਜੀ ਕਰ੍ਹਾ ਤੋਂ ਚੀਕਾ ਪਹੁੰਚੇ। ਜਿਥੇ ਗੁਰੂ ਸਾਹਿਬ ਨੇ ਫੇਰੀ ਪਾਈ ਉਥੇ ਗੁੰਬਦ ਨੁਮਾ ਦੋ ਮੰਜ਼ਿਲ ਇਮਾਰਤ ਗੁਰਦੁਆਰਾ ਪਹਿਲੀ ਪਤਾਸ਼ਾਹੀ ਹੈ ਜੋ ਪਟਿਆਲਾ ਅਤੇ ਕੈਥਲ ਵਿੱਚਕਾਰ ਸਥਿਤ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਪਿਹੋਵਾ ਵਾਲੇ ਸੰਤਾਂ ਨੇ ਕਾਰ ਸੇਵਾ ਰਾਹੀਂ ਕਰਵਾਈ ਹੈ । ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ ਤੇ 80 ਫੁੱਟ ਦਾ ਹਾਲ ਹੈ ਅਤੇ ਸੇਵਾਦਾਰਾਂ ਦੇ ਰਹਿਣ ਲਈ ਕਮਰੇ ਅਤੇ ਯਾਤਰੀਆˆ ਦੇ ਰਹਿਣ ਲਈ 150 ਗਜ਼ ਵਿਚ ਅਲਗ ਇਮਾਰਤ ਹੈ ਜੋ ਗੁਰਦੁਆਰਾ ਸਾਹਿਬ ਤੋ ਵਖਰੀ ਹੈ । ਏਸੇ ਥਾ ਤੇ ਛੇਵਂੇ ਅਤੇ ਨੌਂਵੇ ਗੁਰੂ ਜੀ ਵੀ ਆਏ ਸਨ ।
ਥਾਨੇਸਰ (ਕੁਰਖੇਤਰ)
ਗੁਰਦੁਆਰਾ ਸਿੱਧਬਟੀ ਸਾਹਿਬ
ਗੁਰਦੁਆਰਾ ਸ੍ਰੀ ਗੁਰੁ ਨਾਨਕ ਦੇਵ ਜੀ, ਕੁਰਖੇਤਰ
ਗੁਰੂ ਨਾਨਕ ਦੇਵ ਜੀ ਦਾ ਅਗਲਾ ਪੜਾ ਥਾਨੇਸਰ ਸੀ ਜੋ ਕੁਰਖੇਤਰ ਕਰਕੇ ਵੀ ਪ੍ਰਸਿਧ ਹੈ। ਏਥੇ ਸੂਰਜ ਗ੍ਰਹਿਣ ਵੇਲੇ ਇਕ ਭਾਰੀ ਮੇਲਾ ਲਗਦਾ ਹੈ ਜਿਥੇ ਸਾਰੇ ਭਾਰਤ ਤੋਂ ਸੰਤ ਮਹਾਤਮਾਂ ਤੇ ਸਾਧੂ ਆਉˆਦੇ ਹਨ । ਸੂਰਜ ਛਿਪਣ ਤੋ ਬਾਅਦ ਲੋਕ ਸਰੋਵਰ ਵਿਚ ਇਸ਼ਨਾਨ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਏਥੇ ਸਿਧਾਂ ਨਾਲ ਸੰਵਾਦ ਰਚਾਇਆ ਜਿਥੇ ਹੁਣ ਗੁਰਦੁਆਰਾ ਸਿੱਧ ਬਟੀ ਸਾਹਿਬ ਪਾਤਿਸਾਹੀ ਪਹਿਲੀ ਹੈ। ਇਹ ਕੁਰਖੇਤਰ ਸਹਿਰ ਦੇ ਬਾਹਰ ਸਰੋਵਰ ਦੇ ਦਖਣੀ ਕਿਨਾਰੇ ਤੇ ਸਥਿਤ ਹੈ।ਏਥੇ ਪਾਂਡਿਆ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਸੂਰਜ ਗ੍ਰਹਿਣ ਦਾ ਕਾਰਨ ਸੂਰਜ ਦਾ ਰਾਕਸ਼ਾਂ ਦੇ ਜਕੜ ਵਿਚ ਹੋਣਾ ਹੈ ਜਿਸ ਤੋਂ ਛੁਟਕਾਰਾ ਯੱਗ ਕਰਕੇ ਹੀ ਕਰਵਾਇਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਸੂਰਜ ਗ੍ਰਹਿਣ ਤਾਂ ਇਕ ਕੁਦਰਤੀ ਕਿਰਿਆ ਹੈ ਜਿਸ ਦਾ ਰਾਕਸ਼ਾਂ ਨਾਲ ਕੋਈ ਸਬੰਧ ਨਹੀਂ ।ਨੇੜੇ ਹੀ ਇੱਕ ਭੁਖਾ ਸ਼ਿਕਾਰੀ ਅਪਣਾ ਸ਼ਿਕਾਰ ਪੱਕਾ ਰਿਹਾ ਸੀ ਜਿਸ ਦਾ ਪੰਡਿਤਾਂ ਨੇ ਭਾਰੀ ਇਤਰਾਜ ਕੀਤਾ।ਗੁਰੂ ਸਾਹਿਬ ਇਸ ਬਾਰੇ ਵਾਰ ਮਲਹਾਰ ਕੀ’ ‘ਬਾਣੀ ਦਾ ਉਚਾਰਨ ਕੀਤਾ ਜਿਸ ਰਾਹੀਂ ਸਮਝਾਇਆ ਕਿ ਸ਼ਾਕਾਰਾਹੀ ਅਤੇ ਮਾਸਾਹਾਰੀ ਦੀ ਬਹਿਸ ਫਜ਼ੂਲ ਹੈ ।ਵੱਖ ਵੱਖ ਲੋਕਾਂ ਤੇ ਜੀਵਾਂ ਦਾ ਖਾਜਾ ਵੱਖ ਵੱਖ ਹੈ ਜੋ ਪ੍ਰਮਾਤਮਾਂ ਵਲੋਂ ਹੀ ਨਿਸ਼ਚਿਤ ਹੈ।ਮਿਸਾਲ ਦੇ ਤੌਰ ਤੇ ਸ਼ੇਰ ਤੇ ਮਗਰਮੱਛ ਮਾਸਾਹਾਰੀ ਹਨ ਤੇ ਗਊ, ਭੇਡ-ਬਕਰੀਆਂ ਸ਼ਾਕਾਹਾਰੀ ਹਨ।ਇਸ ਲਈ ਸਭ ਦਾ ਸ਼ਾਕਾਹਾਰੀ ਹੋਣਾ ਜ਼ਰੂਰੀ ਨਹੀਂ ਤੇ ਇਸ ਕੁਦਰਤੀ ਪ੍ਰਕਿਰਿਆ ਤੇ ਬਹਿਸ ਵੀ ਨਹੀਂ ਕਰਨੀ ਚਾਹੀਦੀ।
ਕਰਨਾਲ
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕਰਨਾਲ
ਥਾਨੇਸਰ ਤੋ ਅੱਗੇ ਗੁਰੂ ਜੀ ਕਰਨਾਲ ਦੇ ਇਕ ਬਾਗ ਵਿੱਚ ਪਿਪਲ ਦੇ ਦਰਖਤ ਥੱਲੇ ਇਕ ਟਿੱਲੇ ਤੇ ਜਾ ਬੈਠੇ ਤੇ ਸ਼ਬਦ ਉਚਾਰਨ ਲੱਗੇ।ਰਬਾਬ ਦਾ ਦਿਲ ਖਿਚਵਾਂ ਸੰਗੀਤ ਤੇ ਸ਼ਬਦ ਦੇ ਬੜੇ ਪ੍ਰਭਾਵੀ ਬੋਲਾਂ ਨੇ ਆਸੇ ਪਾਸੇ ਦੇ ਲੋਕਾਂ ਨੂੰ ਖਿੱਚ ਪਾਈ ।ਉਥੋਂ ਦੇ ਮੁਸਲਮਾਨਾਂ ਨੂੰ ਸ਼ਬਦ-ਸੰਗੀਤ ਅਪਣੇ ਧਰਮ ਦੇ ਉਲਟ ਲੱਗਿਆ ਤਾਂ ਉਨ੍ਹਾਂ ਨੇ ਅਪਣੇ ਪੀਰ ਕੋਲ ਸ਼ਿਕਾਇਤ ਜਾ ਕੀਤੀ ।ਇਕ ਮਿੱਥ-ਗਾਥਾ ਅਨੁਸਾਰ ਸ਼ਿਕਾਇਤਕਾਰਾਂ ਤੋਂ ਸਾਰਾ ਬਿਆਨ ਸੁਣ ਕੇ ਪੀਰ ਗੁੱਸੇ ਵਿਚ ਅੱਗ ਬਬੂਲਾ ਹੋ ਗਿਆ ਅਤੇ ਗੁਰੂ ਜੀ ਨੂੰ ਮਿਲਣ ਅਤੇ ਅਪਣੇ ਚਮਤਕਾਰਾਂ ਨਾਲ ਪ੍ਰਭਾਵਿਤ ਕਰਨ ਲਈ ਕੰਧ ਦੀ ਸਵਾਰੀ ਕਰਕੇ ਨਿਕਲ ਪਿਆ।ਪਰ ਉਸ ਨੂੰ ਬੜੀ ਹੈਰਾਨੀ ਹੋਈ ਜਦ ਉਸ ਦੀ ਕੰਧ ਅਗੇ ਨਾ ਤੁਰੀ। ਉਸਦੇ ਹੋਰ ਸਾਰੇ ਚਮਤਕਾਰ ਵੀ ਅਸਫਲ ਹੋ ਗਏ।ਉਹ ਸਮਝ ਗਿਆ ਕਿ ‘ਇਹ ਜ਼ਰੂਰ ਕੋਈ ਕਾਮਿਲ ਫਕੀਰ ਹੈ’। ਸਚਾਈ ਨੂੰ ਸਮਝ ਕੇ ਉਹ ਗੁਰੂ ਜੀ ਦੇ ਕਦਮਾਂ ਤੇ ਜਾ ਡਿਗਿਆ । ਗੁਰੂ ਜੀ ਨੇ ਉਸ ਨੂੰ ਇਸ ਤਰ੍ਹਾਂ ਦੇ ਚਮਤਕਾਰਾਂ ਨੂੰ ਛਡ ਕੇ ਇਕ ਪ੍ਰਮਾਤਮਾਂ ਦੀ ਭਗਤੀ ਕਰਨ ਲਈ ਕਿਹਾ।ਇਕੱਠੇ ਹੋਏ ਲੋਕਾਂ ਨੂੰ ਚਮਤਕਾਰ ਵਿਚ ਯਕੀਨ ਕਰਨ ਦੀ ਥਾਂ ਇਕ ਈਸ਼ਵਰ ਨਾਲ ਜੁੜਣ ਲਈ ਕਿਹਾ ਜੋ ਸਭ ਕੁਝ ਕਰਨ-ਕਰਾਵਣ ਵਾਲਾ ਹੈ। ਉਸ ਦੇ ਕੀਤੇ ਕਰਾਏ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ’। ਗੁਰੂ ਜੀ ਨੇ ਸਮਝਾਇਆ ਕਿ ਕਬਰਾਂ, ਮੜੀ ਮਸਾਣਾਂ ਦੀ ਪੂਜਾ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੋ ਪ੍ਰਮਾਤਮਾਂ ਦੇ ਹੁਕਮ ਅਨੁਸਾਰ ਇਸ ਦੁਨੀਆਂ ਤੋਂ ਤੁਰ ਗਏ ਹਨ ਉਹ ਇਸ ਦੁਨੀਆਂ ਤੇ ਨਾ ਕੁਝ ਕਰ ਸਕਦੇ ਹਨ ਨਾ ਕੁਝ ਲੈ-ਦੇ ਸਕਦੇ ਹਨ।ਇਸ ਥਾਂ ਹੁਣ ਗੁਰਦੁਆਰਾ ਮੰਜੀ ਸਾਹਿਬ ਹੈ ਜੋ ਕਰਨਾਲ ਦੇ ਸਰਾਫਾ ਬਜ਼ਾਰ ਵਿਚ ਸਥਿਤ ਹੈ।ਪਿੱਛੋਂ ਏਥੇ ਛੇਵੇਂ, ਅੱਠਵੇ ਅਤੇ ਨੌਵੇ ਗੁਰੂ ਸਾਹਿਬ ਵੀ ਆਏ ।
ਕਪਾਲ ਮੋਚਨ
ਗੁਰਦੁਆਰਾ ਸ੍ਰੀ ਕਪਾਲ ਮੋਚਨ
ਹਿੰਦੂਆਂ ਤੇ ਸਿੱਖਾਂ ਲਈ ਕਪਾਲ ਮੋਚਨ ਇਕ ਪੁਰਾਤਨ ਤੀਰਥ ਹੈ ਜੋ ਕੁਰਖੇਤਰ ਤੋਂ 70 ਕਿਲੋਮੀਟਰ ਜਗਾਧਰੀ ਦੇ ਉੱਤਰ-ਪੂਰਬ ਵਿਚ 17 ਕਿਲੋਮੀਟਰ ਦੂਰ ਯਮੁਨਾਨਗਰ ਜ਼ਿਲੇ ਦੀ ਬਿਲਾਸਪੁਰ ਸੜਕ ਤੇ ਸਥਿਤ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦੇ ਲੋਹਗੜ੍ਹ ਦੇ ਕਿਲੇ ਦੇ ਥੱਲੇ ਮੰਦਿਰਾਂ ਦੀ ਲੜੀ ਵਿਚ ਸੂਰਜ ਕੁੰਡ ਹੈ ਜਿਸਦਾ ਮਹੱਤਵ ਰਾਜਾ ਰਾਮ ਦੇ ਰਾਵਣ ਨੂੰ ਮਾਰਨ ਪਿਛੋਂ ਪੁਸ਼ਪਕ ਵਿਮਾਨ ਰਾਹੀਂ ਏਥੇ ਆਕੇ ਇਸ ਕੁੰਡ ਵਿਚ ਇਸ਼ਨਾਨ ਕਰਨ ਨਾਲ ਹੳੇ। ਹਿੰਦੂ ਮਿੱਥ ਅਨੁਸਾਰ ਏਸ ਪਵਿਤਰ ਤਲਾਬ ਸੂਰਜ ਕੁੰਡ ਵਿਚ ਸ੍ਰੀ ਰਾਮ ਵਾਂਗ ਏਥੇ ਇਸ਼ਨਾਨ ਕਰਨ ਪਿਛੋਂ ਬ੍ਰਾਹਮਣ ਹਤਿਆ ਦੇ ਦੋਸ਼ੀ ਦਾ ਪਾਪ ਧੋਤਾ ਜਾਂਦਾ ਹੈ। ਏਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਤਰਾ ਦੀ ਯਾਦਗਾਰ ਗੁਰਦੁਆਰਾ ਪਹਿਲੀ ਤੇ ਦਸਵੀਂ ਪਾਤਸ਼ਾਹੀ ਹੈ।ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਕੁਰਖੇਤਰ ਤੋਂ ਕਰਨਾਲ ਤੇ ਫਿਰ ਹਰਦਵਾਰ ਨੂੰ ਜਾਂਦੇ ਹੋਏ ਗੁਰੂ ਜੀ ਕੱਤਕ ਦੀ ਪੂਰਨਮਾਸ਼ੀ ਨੂੰ ਕਪਾਲ ਮੋਚਨ ਪਹੁੰਚੇ ਜਿਥੇ ਸੰਗਤਾਂ ਨੂੰ ਇੱਕੋ-ਇੱਕ ਪ੍ਰਮਾਤਮਾਂ ਦਾ ਸੰਦੇਸ਼ ਦਿਤਾ ਤੇ ਸੁੱਚ-ਭਿੱਟ ਦਾ ਅਰਥ ਸਮਝਾਇਆ।ਗੁਰੂ ਨਾਨਕ ਦੇਵ ਜੀ ਨੇ ਏਥੇ ਵੀ ਬਾਲ ਜਨਮ ਸਮੇਂ ਘਰ ਤੇ ਘਰ ਦੇ ਵਾਸੀਆਂ ਨੂੰ ਅਪਵਿਤਰ ਕਹਿਣ ਵਾਲੇ ਪੰਡਿਤਾਂ ਨੂੰ ਸਮਝਾਇਆ ਕਿ ਪ੍ਰਮਾਤਮਾਂ ਦੀ ਕੀਤੀ ਕੋਈ ਵੀ ਕਿਰਿਆ ਅਪਵਿੱਤਰ ਜਾਂ ਸੂਤਕ ਨਹੀਂ ਹੈ । ਉਨ੍ਹਾਂ ਨੇ ਸ਼ਬਦ ਰਾਹੀਂ ਸੂਤਕ ਦਾ ਭਾਵ ਸਮਝਾਇਆ “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥ ਅਖੀਂ ਸੂਤਕੁ ਵੇਖਣਾ ਪਰ ਤ੍ਰਿਅ ਧਨ ਰੂਪੁ। ਕੰਨੀ ਸੂਤਕੁ ਕੰਨਿ ਲੈ ਲਾਇਤਬਾਰੀ ਖਾਹਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 472)
ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁੱਧ ਪਿਛੋਂ ਏਥੇ ਸੰਨ 1688 ਈ: ਵਿਚ ਆਏ ਤੇ ਉਨ੍ਹਾਂ ਜੁਝਾਰੂਆਂ ਨੁੰ ਸਿਰੋਪਾ ਦਿਤੇ ਜਿਨ੍ਹਾਂ ਨੇ ਪਹਾੜੀ ਰਾਜਿਆਂ ਵਿਰੁਧ ਭੰਗਾਣੀ ਯੁੱਧ ਵਿਚ ਯੋਗਦਾਨ ਪਾਇਆ।ਦੁਰਗਾ ਮੰਦਰ ਦੇ ਪੁਜਾਰੀਆਂ ਨਾਲ ਵੀ ਬਚਨ ਬਿਲਾਸ ਕੀਤੇ ਤੇ ਉਨ੍ਹਾਂ ਨੂੰ ਇਕ ਹੁਕਮਨਾਮਾ ਵੀ ਬਖਸ਼ਿਆ ਜੋ ਉਨ੍ਹਾਂ ਪੰਡਿਤਾਂ ਦੇ ਪਰਿਵਾਰ ਨੇ ਅੱਜ ਤਕ ਸਾਂਭ ਕੇ ਰੱਖਿਆ ਹੈ। ਉਨ੍ਹਾਂ ਦੁਸ਼ਟਾਂ ਨੂੰ ਸੋਧਿਆ ਜੋ ਸੂਰਜ ਕੁੰਡ ਦਾ ਜਲ ਅਪਣੇ ਮਲ ਸਾਫ ਕਰਨ ਲਈ ਵਰਤਦੇ ਸਨ । ਇਸ ਦਾ ਵਿਸਥਾਰ ਦਸਮ ਗ੍ਰੰਥ ਦੇ ਖਾਲਸਾ ਮਹਿਮਾ ਅਧਿਆਇ 71 ਵਿਚ ਦਰਜ ਹੈ।
ਹਰਦੁਆਰ
ਗੁਰੂ ਨਾਨਕ ਦੇਵ ਜੀ ਹਰਦੁਆਰ ਗੰਗਾ ਨਦੀ ਵਿਚ ਤਲਵੰਡੀ ਵਲ ਪਾਣੀ ਤਰਪਣ ਕਰਕੇ ਪਾਂਡਿਆਂ ਤੇ ਹਾਜ਼ਿਰ ਯਾਤਰੀਆਂ ਨੂੰ ਝੂਠੀਆਂ ਰਸਮਾਂ ਬਾਰੇ ਸਮਝਾਉਂਦੇ ਹੋਏ
ਕਰਨਾਲ ਤੋਂ ਗੁਰੂ ਜੀ ਹਰਦੁਆਰ ਹਰ ਕੀ ਪੌੜੀ ਪਹੰਚੇ ਜਿਥੇ ਬੜੀ ਵੱਡੀ ਗਿਣਤੀ ਵਿਚ ਪੰਡਿਤ ਲੋਕਾਂ ਤੋਂ ਜਲ ਰਾਹੀਂ ਪਿੱਤਰ ਪੂਜਾ ਕਰਵਾ ਰਹੇ ਸਨ ਤੇ ਅਪਣੇ ਸੱਜੇ ਹੱਥ ਵਿਚ ਗੰਗਾ ਜਲ ਲੈ ਕੇ ਪੂਰਬ ਵਲ ਸੂਰਜ ਦੀ ਤਰਫ ਮੂੰਹ ਕਰ ਕੇ ਜਲ ਤਰਪਣ ਕਰ ਰਹੇ ਸਨ । ਇਹ ਦੇਖ ਕੇ ਗੁਰੂ ਜੀ ਨੇ ਅਪਣੇ ਖੱਬੇ ਹੱਥ ਨਾਲ ਪੱਛਮ ਵੱਲ ਪਾਣੀ ਤਰਪਣ ਕਰਨਾ ਸ਼ੁਰੂ ਕਰ ਦਿਤਾ।ਇਸ ਉਲਟੀ ਕਿਰਿਆ ਨੇ ਸਭ ਦਾ ਧਿਆਨ ਗੁਰੂ ਜੀ ਵਲ ਖਿੱਚ ਲਿਆ। ਇਕ ਪੰਡਿਤ ਗੁਰੂ ਜੀ ਨੂੰ ਸੰਬੋਧਤ ਹੋ ਕੇ ਕਹਿਣ ਲੱਗਾ, “ਇਹ ਅਨਜਾਣ! ਤੂੰ ਕੀ ਕਰ ਰਿਹਾ ਹੈਂ? ਏਧਰ ਆ, ਮੈਂ ਤੈਨੂੰ ਸੂਰਜ ਨੂੰ ਜਲ ਤਰਪਣ ਦਾ ਸਹੀ ਤਰੀਕਾ ਦਸਦਾ ਹਾਂ”।
ਗੁਰੂ ਜੀ ਉਤਰ ਦਿਤਾ, “ਮੈਂ ਵੀ ਤਾਂ ਊੁਹੋ ਹੀ ਕਰ ਰਿਹਾ ਹਾਂ ਜੋ ਤੁਸੀਂ ਕਰ ਰਹੇ ਹੋ, ਫਿਰ ਇਹ ਗਲਤ ਕਿਵੇਂ ਹੋਇਆ?”
ਪੰਡਿਤ ਨੇ ਜਵਾਬ ਦਿਤਾ. “ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ ਜਿਥੇ ਪੁਰਖਿਆਂ ਨੂੰ ਪਾਣੀ ਪਹੁੰਚੇਗਾ ਤੇ ਉਨ੍ਹਾਂ ਦੀ ਪਿਆਸ ਮਿਟ ਸਕੇਗੀ”।
“ਮੈ ਵੀ ਤਾਂ ਅਪਣੀ ਪੰਜਾਬ ਵਿਚੇ ਮਰ ਰਹੀ ਖੇਤੀ ਨੂੰ ਪਾਣੀ ਦੇ ਰਿਹਾ ਹਾਂ!”, ਗੁਰੂ ਜੀ ਨੇ ਕਿਹਾ ।
ਪੰਡਿਤ ਹੱਸ ਕੇ ਕਹਿਣ ਲੱਗਾ, “ਇਹ ਕਿਸ ਤਰ੍ਹਾˆ ਹੋ ਸਕਦਾ ਹੈ?” ਗੁਰੂ ਜੀ ਚੁੱਪ ਹੋ ਗਏ। ਏਨੇ ਨੂੰ ਆਲੇ ਦੁਆਲੇ ਲੋਕ ਇਸ ਗੱਲ ਬਾਤ ਨੂੰ ਸੁਨਣ ਲਈ ਉਤਸੁਕਤਾ ਵਸ ਇਕਠੇ ਹੋ ਗਏ । ਤਦ ਗੁਰੂ ਜੀ ਨੇ ਪੁਛਿਆ, “ਤੁਹਾਡੇ ਪੂਰਵਜ ਏਥੋਂ ਕਿਤਨੀ ਦੂਰ ਹਨ ?”
ਪੰਡਿਤ ਨੇ ਜਵਾਬ ਦਿਤਾ, “49 ਕਰੋੜ ਕੋਹਾਂ ਦੂਰ”।
“ਮੇਰੇ ਖੇਤ ਤਾˆ ਇਥਂੋ ਕੇਵਲ 500 ਕੋਹਾਂ ਹੀ ਦੂਰ ਹਨ!” ਗੁਰੂ ਜੀ ਨੇ ਨਾਲ ਦੇ ਨਾਲ ਹੀ ਜਵਾਬ ਦਿਤਾ, “ਜੇ ਤੁਹਾਡਾ ਪਾਣੀ ਕਰੋੜਾਂ ਕੋਹਾਂ ਦੀ ਦੂਰੀ ਤੇ ਪਹੁੰਚ ਸਕਦਾ ਹੈ ਤਾਂ ਮੇਰੇ 500 ਕੋਹ ਤੇ ਖੇਤਾਂ ਨੂੰ ਕਿਉ ਨਹੀ?”
ਪੰਡਿਤ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ।
ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ, “ਤੁਸੀਂ ਊਨ੍ਹਾਂ ਨੂੰ ਪਾਣੀ ਭੇਜ ਰਹੇ ਹੋ ਜਿਨ੍ਹਾˆ ਨੂੰ ਇਸ ਦੀ ਕਈ ਲੋੜ ਨਹੀ । ਮੇਰੇ ਖੇਤਾˆ ਨੂੰ ਤਾਂ ਪਾਣੀ ਦੀ ਬੜੀ ਲੋੜ ਹੈ। ਨਾਲੇ ਉਹ ਤਾਂ ਹਨ ਵੀ ਬੜਾ ਨੇੜੇ”। ਲੋਕ ਉੱਚੀ ਉੱਚੀ ਹੱਸਣ ਲੱਗ ਪਏ ।
ਗੁਰੂ ਜੀ ਦੇ ਇਸ ਤਰਕ ਤੋਂ ਸਭ ਹਾਜ਼ਿਰ ਲੋਕ ਪੰਡਿਤਾਂ ਦੀਆਂ ਚਾਲਾਂ ਸਮਝ ਗਏ।ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਫੋਕਟ ਕਰਮਾਂ ਦੀ ਬੇਲੋੜਤਾ ਬਾਰੇ ਸਮਝਾਂਦਿਆਂ ਕਿਹਾ, “ਇਕ ਇਨਸਾਨ ਦਾਨ ਦੇ ਸਕਦਾ ਹੈ, ਬੋਲਾਂ ਰਾਹੀਂ ਹਮਦਰਦੀ ਕਰ ਸਕਦਾ ਹੈ ਤੇ ਚੰਗੇ ਕਰਮ ਤਾਂ ਕਰ ਸਕਦਾ ਹੈ ਪਰ ਇਹ ਸਭ ਬੇਫਾਇਦਾ ਹੈ ਜੇਕਰ ਉਸਦੇ ਦਿਲ ਵਿੱਚ ਪ੍ਰਮਾਤਮਾਂ ਦਾ ਨਾਮ ਨਹੀਂ”। ਗੁਰੂ ਜੀ ਨੇ ਦੇਵੀ ਦੇਵਤਿਆਂ ਤੇ ਪਿਤਰਾਂ ਦੇ ਨਾਮ ਤੇ ਫੋਕਟ ਕਰਮਾਂ ਤੇ ਪੱਥਰ ਪੂਜਾ ਤੋਂ ਵਰਜਦਿਆਂ ਲੋਕਾਂ ਨੂੰ ਸਮਝਾਇਆ ਕਿ ‘ਇਹ ਤਾਂ ਪੁਜਾਰੀਆਂ ਦੇ ਪੈਸੇ ਲੁੱਟਣ ਲਈ ਬਣਾਏ ਢੌਂਗ ਹਨ ਜਿਨ੍ਹਾਂ ਨਾਲ ਉਹ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਲੁੱਟਦੇ ਹਨ।ਅਸਲ ਪੂਜਾ ਤਾਂ ਉਸ ਇੱਕੋ ਇੱਕ ਪ੍ਰਮਾਤਮਾਂ ਦੀ ਹੈ ਜੋ ਸਾਰੀ ਦੁਨੀਆਂ ਨੂੰ ਰਚਣਵਾਲਾ, ਪਾਲਣਵਾਲਾ, ਸੰਭਾਲਣਵਾਲਾ ਰਖਿਅਕ ਹੈ।ਉਸ ਨੂੰ ਤੁਸੀਂ ਬਿਨਾਂ ਕਿਸੇ ਫੋਕਟ ਕਰਮ, ਰੀਤੀ ਰਿਵਾਜ ਦੇ ਅਪਣੇ ਘਰ ਬੈਠੇ ਹੀ ਅਪਣੇ ਮਨ ਵਿਚ ਉਸ ਦਾ ਧਿਆਨ ਧਰ ਕੇ ਵੀ ਯਾਦ ਕਰ ਸਕਦੇ ਹੋ।ਉਹ ਸਭ ਥਾਂ ਹਾਜ਼ਿਰ ਹੈ ਤੇ ਉਸ ਲਈ ਕੋਈ ਵੱਡਾ ਛੋਟਾ, ਉਤਮ-ਨੀਚ ਨਹੀਂ, ਸਭ ਬਰਾਬਰ ਹਨ।ਉਹ ਸਭ ਦੀ ਸੁਣਦਾ ਹੈ ਤੇ ਮਦਦ ਲਈ ਹਰ ਵੇਲੇ ਤਿਆਰ ਹੈ”। ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਸਭ ਲਈ ਚਾਨਣ ਮੁਨਾਰਾ ਸਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਸਚਾਈ ਦਾ ਗਿਆਨ ਹੋਇਆ।ਗੰਗਾ ਕਿਨਾਰੇ ਇਹ ਥਾਂ ਨਾਨਕ ਵਾੜੀ ਕਰਕੇ ਪ੍ਰਸਿੱਧ ਹੈ ਜਿਥੇ ਪਹਿਲਾਂ ਉਦਾਸੀਆਂ ਨੇ ਸਥਾਨ ਬਣਵਾਇਆ ਸੀ ਪਰ ਵਕਤ ਪੈਣ ਤੇ ਜ਼ਮੀਨ ਜਾਇਦਾਦਾਂ ਇਸ ਥਾਂ ਦੇ ਨਾਮ ਤੇ ਲੱਗੀਆਂ ਤਾਂ ਉਦਾਸੀ ਦੁਨੀਆਂਦਾਰੀ ਵਿਚ ਪੈ ਗਏ, ਕੁਝ ਕਮਰੇ ਬਣਾ ਕੇ ਕਿਰਾਏ ਤੇ ਦੇ ਦਿਤੇ ਤੇ ਆਖਿਰਕਾਰ ਇਸ ਥਾਂ ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਤੇ ਹੁਣ ਇਹ ਥਾਂ ਕਿਰਾਏਦਾਰਾਂ ਨੇ ਮੰਦਿਰ ਵਿਚ ਤਬਦੀਲ ਕਰ ਦਿਤਾ ਹੈ ਜਿਸ ਦਾ ਮੁੜਕੇ ਕਬਜ਼ਾ ਲੈਣਾ ਸਿੱ!ਖ ਕੌਮ ਲਈ ਚੁਨੌਤੀ ਹੈ। ਗੁਰੂ ਨਾਨਕ ਦੇਵ ਜੀ ਦੀ ਏਥੇ ਦੀ ਯਾਤਰਾ ਦੀ ਯਾਦ ਵਿਚ ਵੀਹਵੀਂ ਸਦੀ ਦੇ ਮੁੱਢ ਵਿਚ ਦਿੱਲੀ ਦੀ ਇਕ ਮਾਈ ਨੇ ਗੰਗਾ ਕਿਨਾਰੇ ਹਰ ਕੀ ਪਉੜੀ ਤੇ ‘ਗਿਆਨ ਗੋਦੜੀ’ ਨਾਂ ਦਾ ਇਕ ਗੁਰਦਵਾਰਾ ਬਣਵਾਇਆ ਸੀ । ਉਹ ਵੀ ਘਾਟ ਨੂੰ ਸੁੰਦਰ ਬਣਾਉਣ ਦੇ ਨਾਮ ਤੇ ਸਮੇਂ ਦੇ ਸਰਕਾਰ ਨੇ ਢਾਹ ਕੇ ਉਸ ਦੀ ਥਾਂ ਇਕ ਹੋਟਲ ਤੇ ਇਕ ਸਰਕਾਰੀ ਦਫਤਰ ਬਣਾ ਦਿਤੇ ਗਏ।ਉਸ ਸਥਾਨ ਨੂੰ ਦੁਆਰਾ ਬਣਾਉਣ ਦੇ ਯਤਨ ਜਾਰੀ ਹਨ ।ਹਰਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਦਿਲੀ ਵਲ ਜਾਂਦੇ ਹੋਏ ਗੇਂਦੀਖਾਤਾ ਪਹੁੰਚੇ।