- Jan 3, 2010
- 1,254
- 424
- 79
ਗੁਰੂ ਨਾਨਕ ਦੇਵ ਜੀ ਜੰਮੂ ਕਸ਼ਮੀਰ ਵਿਚ
ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ, ਜਸਰੋਟਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੰਮੂ ਤੋਂ ਗੁਰੂ ਨਾਨਕ ਦੇਵ ਜੀ ਜਸਰੋਟਾ ਪਹੁੰਚੇ। ਜਸਰੋਟਾ ਦੇ ਨੇੜੇ ਹੀ ਉਹ ਪਿੰਡ ਬਾਖਤਾ ਗਏ ਜਿਥੇ ਉਨ੍ਹਾ ਦੀ ਯਾਦ ਵਿਚ ਸੰਨ 1988 ਵਿਚ ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ ਬਣਾਇਆ ਗਿਆ।ਊਂਜ ਡੈਮ ਵਲ ਜੰਮੂ ਮੁਖ ਮਾਰਗ ਨਾਲ ਪੱਕੀ ਸੜਕ ਨਾਲ ਜੁੜਿਆ ਹੋਇਆ 9 ਕਿਲੋਮੀਟਰ ਦੂਰ ਕਠੂਆ ਜ਼ਿਲੇ ਦਾ ਇਹ ਪਿੰਡ ਰਮਣੀਕ ਪਹਾੜੀਆਂ ਵਿਚ ਵਸਿਆ ਹੋਇਆ ਹੈ।ਗੁਰੂ ਜੀ ਏਥੇ ਇੱਕ ਪਿਪਲ ਹੇਠਾਂ ਬੈਠੇ ਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਲੋਕਾਂ ਨੂੰ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਉਪਦੇਸ਼ ਦਿਤਾ ਤੇ ਮੂਰਤੀ ਪੂਜਾ ਤੋਂ ਵਰਜਕੇ ਇਕ ਪਰਮਾਤਮਾ ਦੀ ਬੰਦਗੀ ਨਾਲ ਜੋੜਿਆ। ਇਥੋਂ ਦੇ ਵਾਸੀ ਠਾਕੁਰ ਰਾਜਪੂਤ ਹਨ ਜਿਨ੍ਹਾਂ ਵਿਚੋਂ ਠਾਕੁਰ ਹੁਰਮਤ ਸਿੰਘ ਦਾ ਪਰਿਵਾਰ ਪੀੜ੍ਹੀਆਂ ਤੋਂ ਇਸ ਸਥਾਨ ਦੀ ਤੇ ਪਿਪਲ ਦੀ ਦੇਖ ਭਾਲ ਕਰਦਾ ਆ ਰਿਹਾ ਹੈ।ਪਿਪਲ ਦੇ ਰੁੱਖ ਤੋਂ ਉਪਰ 15-16 ਫੁੱਟ ਉਚੀ ਇਕ ਵੱਡੇ ਟਾਹਣ ਉਤੇ ਸੰਕੇਤਕ ‘1 ਪ’ (ਭਾਵ ਪਹਿਲੀ ਪਾਤਸ਼ਾਹੀ) ਉਕਰਿਆ ਹੋਇਆ ਹੈ ਜੋ ਇਥੋਂ ਦੇ ਵਾਸੀਆਂ ਅਨੁਸਾਰ ਸਦੀਆਂ ਤੋਂ ਹੈ।ਇਸ ਪਿੱਪਲ ਦੇ ਨਾਲ ਇੱਕ ਪੱਥਰ ਦੀ ਸਿੱਲ ਵੀ ਪਈ ਹੈ ਜਿਸ ਉਪਰ ਗੁਰੂ ਜੀ ਚਾਰ ਦਿਨ ਟਿਕੇ ਦੱਸੇ ਜਾਂਦੇ ਹਨ।ਠਾਕੁਰ ਹੁਰਮਤ ਸਿੰਘ ਨੇ ਅਪਣੇ ਬੇਟੇ ਕੁੰਵਰ ਨਰੇਂਦਰ ਸਿੰਘ ਚੰਬਿਆਲ ਦੀ ਯਾਦ ਵਿਚ ਇਕ ਕਨਾਲ ਜ਼ਮੀਨ ਇਸ ਸਥਾਨ ਦੇ ਨਾਮ ਗੁਰਦਵਾਰਾ ਸਾਹਿਬ ਉਸਾਰਨ ਲਈ ਅਰਦਾਸ ਕਰਵਾਈ ਜਿਥੇ ਪਿੱਪਲ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਉਸਾਰ ਦਿਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਹੁਣ ਕਾਰ ਸੁਵਾ ਵਾਲੇ ਬਾਬਾ ਬੀਰਾ ਸਿੰਘ ਨੇ ਗੁਰਦਵਾਰਾ ਸਾਹਿਬ ਦੀ ਇੱਕ ਵੱਡੀ ਇਮਾਰਤ ਉਸਾਰ ਦਿਤੀ ਹੈ।ਅਕਤੂਬਰ ਵਿਚ ਗੁਰੂ ਜੀ ਏਥੇ ਆਏ ਦੱਸੇ ਜਾਂਦੇ ਹਨ ਜਦ ਗੁਰੂ ਜੀ ਦੀ ਏਥੇ ਆਉਣ ਦੀ ਯਾਦ ਵਿਚ ਗੁਰਮਤਿ ਸਮਾਗਮ ਹੁੰਦੇ ਹਨ ਜਿਨ੍ਹਾਂ ਵਿਚ ਦੂਰੋਂ ਨੇੜਿਓਂ ਸੰਗਤ ਹੁਮ ਹੁਮਾ ਕੇ ਪਹੁੰਚਦੀ ਹੈ।ਗੁਰੂ ਕਾ ਲੰਗਰ ਖੁਲ੍ਹਾ ਵਰਤਦਾ ਹੈ ।ਹੁਣ ਪ੍ਰਧਾਨ ਸ: ਬਲਵੰਤ ਸਿੰਘ ਜੀ ਹਨ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਬੜੀ ਸ਼ਰਧਾ-ਸਤਿਕਾਰ ਤੇ ਉਦਮ ਨਾਲ ਚੱਲ ਰਿਹਾ ਹੈ।
Havale
ਜਸਬੀਰ ਸਿੰਘ ਸਰਨਾ, ਫਰਵਰੀ, 2020, ਗੁਰਦੁਆਰਾ ਚਰਨ ਕਮਲ,ਪਾਤਸ਼ਾਹੀ ਪਹਿਲੀ, ਬਾਖਤਾ (ਜਸਰੋਟਾ), ਗੁਰਮਤਿ ਪ੍ਰਕਾਸ਼, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਨਾ 46, 73)