• Welcome to all New Sikh Philosophy Network Forums!
    Explore Sikh Sikhi Sikhism...
    Sign up Log in

Reply to thread

ਕਾਲਾ ਸੰਨ ਸੰਤਾਲੀ

Dr Dalvinder Singh Grewal


ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ

ਜ਼ਖਮ ਭਰੇ ਨਾ ਹਾਲੀ, ਜਦ ਅਸੀਂ ਉਜੜੇ ਸੀ

ਸਾਰਾ ਸੀ ਘਰ ਘਾਟ ਲੁਟਾਇਆ, ਤਨ ਦਾ ਲੀੜਾ ਮਸਾਂ ਬਚਾਇਆ

ਬਾਪੂ ਨੇ ਚੁੱਕ ਗੱਡ ਬਹਾਇਆ. ਛੋਟਾ ਸਾਂ ਕੁਝ ਸਮਝ ਨਾ ਆਇਆ

ਭੱਜਣ ਦੀ ਕੀ ਕਾਹਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ.

ਕਹਿੰਦੇ ਪਾਕਿਸਤਾਨ ਬਣ ਗਿਆ, ਪਿੰਡ ਸਾਡਾ ਸ਼ਮਸ਼ਾਨ ਬਣ ਗਿਆ

ਮਾਰੋ ਮਾਰੋ ਚਾਰੇ ਪਾਸੇ, ਬਣੇ ਗੁਆਂਢੀ ਖੂਨ ਦੇ ਪਿਆਸੇ

ਲੁੱਟ ਘਰ ਕੀਤੇ ਖਾਲੀ, ਜਦ ਅਸੀਂ ਉਜੜੇ ਸਾਂ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸਾਂ

ਮੇਰਾ ਕਾਇਦਾ ਕਲਮਾਂ ਰਹੀਆਂ, ਬੇਬੇ ਦੀਆਂ ਟੂੰਮਾਂ ਵੀ ਗਈਆਂ

ਪਿਛੇ ਛੱਡੀਆਂ ਮੱਝਾਂ ਗਾਵਾਂ, ਟੱਬਰ ਦਾ ਖੋਇਆ ਸਿਰਨਾਵਾਂ

ਬਾਗ ਨੂੰ ਲੁਟਣ ਮਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ

ਚੱਲੇ ਜਦੋਂ ਕਾਫਲਾ ਬਣਕੇ, ਲੀਗੀ ਫਿਰਦੇ, ਮੱਥਾ ਠਣਕੇ

ਰਾਹ ਵਿਚ ਗੋਲੀ ਉਨਾਂ ਚਲਾਈ, ਰਾਮ ਲਾਲ ਦੀ ਮੌਤ ਸੀ ਆਈ

ਮਿਲੀ ਨਾ ਲੱਕੜ ਭਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ

ਨਾ ਖਾਣਾ ਨਾ ਮਿਲਦਾ ਪਾਣੀ, ਭੁੱਖ ਚ ਜਾਨ ਨਿਕਲਦੀ ਜਾਣੀ

ਬੱਲੋ ਕੀ ਹੈਡ ਨਹਿਰ ਤੇ ਪੁੱਜੇ, ਪਾਣੀ ਲੈਣ ਜੋ ਵੱਡੇ ਭੱਜੇ

ਲਾਸ਼ਾਂ ਤਰਨ ਬਤਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ ਲਾਸ਼ਾਂ ਵਾਲਾ ਪੀਕੇ ਪਾਣੀ, ਹੈਜ਼ੇ ਦੀ ਚੱਲ ਪਈ ਕਹਾਣੀ

ਪਹਿਲਾਂ ਭੂਆ ਦਾ ਪੁੱਤ ਮੋਇਆ, ਫਿਰ ਚਾਚੇ ਦਾ ਪੁੱਤਰ ਖੋਇਆ

ਕਈ ਘਰ ਹੋਏ ਖਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ

ਅੱਗੇ ਲੰਘੇ ਘਿਰਿਆ ਕਾਫਲਾ, ਗੋਲੀ ਚੱਲੀ ਘੋਰ ਮੁਕਾਬਲਾ

ਕੁਝ ਸਾਡੇ ਕੁਝ ਲੀਗੀ ਮੋਏ, ਕਿਸ ਕੋਲ ਵਕਤ ਜੋ ਲਾਸ਼ ਤੇ ਰੋਏ

ਅੱਗ ਚੁੱਲੇ ਕਿਸ ਬਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ. ਜਦ ਅਸੀਂ ਉਜੜੇ ਸੀ

ਦਸ ਤੋਂ ਉਪਰ ਜੋ ਸੀ ਕੁੜੀਆਂ, ਵਿਆਹ ਬੰਧਨ ਵਿਚ ਸਭੇ ਜੁੜੀਆਂ,


 ਜਾਤ ਗੋਤ ਨੂੰ ਪਾਸੇ ਰੱਖਿਆ, ਵਿਆਹ ਸਾਮੂਹਿਕ ਸਭ ਦਾ ਕੀਤਾ

ਇਜ਼ਤ ਇੰਜ ਸੰਭਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ.

ਅੱਗੇ ਹੋਰ ਬੜਾ ਕੁਝ ਹੋਇਆ, ਸ਼ਬਦੋਂ ਬਾਹਰ ਜੋ ਹਿੱਕ ਲੁਕੋਇਆ

ਖੇਮਕਰਨ ਜਦ ਪਹੁੰਚੇ ਗੱਡੇ, ਨਵੇਂ ਦੇਸ਼ ਵਿਚ ਨਵੇਂ ਸੀ ਅੱਡੇ

ਜਿੰਦ ਨਵੇਂ ਰਾਹ ਢਾਲੀ, ਜਦ ਅਸੀਂ ਉਜੜੇ ਸੀ

ਕਾਲਾ ਸੰਨ ਸੰਤਾਲੀ, ਜਦ ਅਸੀਂ ਉਜੜੇ ਸੀ.


Top