ਅਰਦਾਸ-1
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸਾਂ ਕਰਦੇ॥
ਭਲਾ ਕਰੀਂ ਸਰਬਤ ਦਾ ਦਾਤਾ, ਸਭ ਦੇ ਵਿੱਚ ਭਰੋਸਾ ਭਰਦੇ।
ਜੰਗ ਕਰੋਨਾ ਨਾਲ ਲੜਣ ਦੀ, ਹਿੰਮਤ ਸਭ ਜੀਆਂ ਵਿਚ ਆਵੇ।
ਮਨ ਵਿਚ ਦਯਾ, ਹਲੀਮੀ ਹੋਵੇ, ਇਨਸਾਨੀ ਗੁਣ ਚਿੱਤ ਸਮਾਵੇ।
ਕੂੜ, ਕੁਸਤ ਤੇ ਕੁਫਰ, ਕੁਟਲਤਾ, ਮਾਣ ਮਹੱਤਵ ਹਉਮੈਂ ਮਰਦੇ।
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸਾਂ ਕਰਦੇ॥
ਚੜ੍ਹਦੀ ਕਲਾ ‘ਚ ਰਹਿਣ ਹਮੇਸ਼ਾ, ਜੋ ਨੇ ਵਾਇਰਸ ਕੀਤੇ ਕਾਬੂ।
ਰੱਖ ਹੌਸਲਾ, ਮੌਤ ਹਰਾਕੇ, ਜੀਵਨ ਗੱਡੀ ਰੱਖਣ ਦਾਬੂ।
ਜਿਤਦੇ ਨੇ ਆਖਰ ਨੂੰ ਉਹ ਹੀ, ਰੱਖ ਭਰੋਸੇ ਉਲਟਾ ਤਰਦੇ।
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸਾਂ ਕਰਦੇ॥
ਮਿਹਰਾਂ ਵਾਲੇ ਸਾਈਂ ਅੱਗੇ ਏਹੋ ਹੈ ਅਰਦਾਸ ਅਸਾਡੀ,
ਜਗ ਦੇ ਰਚਿਤਾ, ਜਗ ਦੇ ਰਖਿਅਕ. ਭੀੜ ਪਈ ਦੁਨੀਆਂ ਤੇ ਡਾਢੀ,
ਤੇਰੇ ਬਿਨ ਨਾ ਕੋਈ ਸਹਾਰਾ, ਸਿਰ ਤੇਰੇ ਚਰਨਾਂ ਵਿਚ ਧਰਦੇ।
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸ ਹਾਂ ਕਰਦੇ॥
ਰਹੇ ਹੌਸਲਾ ਭਲਾ ਕਰਨ ਦਾ ਖੁਦ ਦੇ ਵਿਚ ਵੀ ਰਹੇ ਭਰੋਸਾ ।
ਲੋੜਵੰਦ ਦੀ ਮਦਦ ਕਰਕੇ, ਚੈਨ ਪਵੇ ਚਿੱਤ ਕੋਸਾ ਕੋਸਾ।
ਸੱਚੇ ਨਾਲ ਜੁੜੇ ਮਨ ਮੇਰਾ, ਹਟ ਜਾਂਦੇ ਸਭ ਸ਼ਰਮਾਂ ਪਰਦੇ
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸ ਹਾਂ ਕਰਦੇ॥
ਵੈਰ ਭਾਵ ਤੇ ਛੂਆ ਛੂਤ ਦੀ, ਅਪਣੇ ਸਿਰ ਕੋਈ ਭਾਰ ਨਾ ਢੋਵੇ
ਹੋ ਜਾਵਾਂ ਇਨਸਾਨ ਮੈਂ ਉਤਮ ਦਿਲ ਵਿਚ ਸ਼ਰਧਾ ਵਸਦੀ ਹੋਵੇ।
ਆਪਸ ਵਿੱਚ ਪਿਆਰ ਵਧੇ ਸਾਰੇ ਲਗਣ ਅਪਣੇ ਘਰਦੇ।
ਹੱਥ ਜੋੜਕੇ ਧਿਆਨ ਲਗਾਕੇ, ਰੱਬ ਅੱਗੇ ਅਰਦਾਸਾਂ ਕਰਦੇ॥
ਅਰਦਾਸ-2
ਡਾ ਦਲਵਿੰਦਰ ਸਿੰਘ ਗ੍ਰੇਵਾਲ
ਸੁੱਖ-ਦੁੱਖ, ਸੰਕਟ-ਕਸ਼ਟ ਜੇ ਹੋਵੇ, ਖੁਸ਼ੀ-ਗਮੀ ਜਦ ਆਵੇ।
ਭੁੱਲ ਹੋਵੇ, ਅਪਰਾਧ ਜੇ ਹੋਵੇ, ਮਾਫੀ ਮੰਗਣੀ ਚਾਹਵੇ।
ਹਉਮੈਂ ਤਿਆਗ, ਹਲੀਮੀਂ ਚਿੱਤ ਵਿਚ, ਹੱਥ ਜੋੜ ਜੁੜ ਜਾਵੇ,
ਸੱਚੇ ਮਨ ਕਰ ਆਪ-ਸਮਰਪਣ, ਅਪਣਾ ਆਪ ਮਿਟਾਵੇ।
ਸੁੱਚੇ ਮਨ, ਸੱਚੇ ਨੂੰ ਪਾਵੇ, ਉਸ ਵਿਚ ਆਪ ਸਮਾਵੇ।
ਬੋਲਣ ਦੀ ਵੀ ਲੋੜ ਨਾ ਰਹਿੰਦੀ, ਆਪੇ ਸਭ ਹੋ ਜਾਵੇ