- Jan 3, 2010
- 1,254
- 422
- 79
ਸਤਿਯੁਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਹ ਬਾਈਵੀਂ ਸਦੀ ਦੇ ਅਖੀਰ ਦੀ ਗੱਲ ਹੈ। ਮਹਾਂਮਾਰੀ ਆਈ ਤੇ ਫਿਰ ਪਰਲੋ ਜਿਸ ਪਿਛੋਂ ਬਹੁਤੇ ਲੋਕ ਨਾ ਰਹੇ ਤੇ ਨਾ ਹੀ ਵਡੀਆਂ ਇਮਾਰਤਾਂ ਤੇ ਆਵਾਜਾਈ ਦੇ ਸਾਧਨ। ਸੌ ਸੌ ਮੀਲ ਤੇ ਦੀਵੇ ਜਗਣ ਲੱਗ ਪਏ।ਨਰਮ-ਹੱਡੀਆਂ ਵਾਲੇ, ਕਾਰਾਂ ਵਿੱਚ ਚੱਲਣ ਵਾਲੇ, ਏ ਸੀ ਆਂ ਵਿੱਚ ਰਹਿਣ ਵਾਲੇ, ਲੀਡਰੀਆਂ ਘੋਟਣ ਵਾਲੇ, ਦੂਜਿਆਂ ਦੇ ਮਾਲ ਤੇ ਪਲਣ ਵਾਲੇ, ਵੱਡੀ ਖੋਰ, ਹਰਾਮਖੋਰ ਸਭ ਚਲ ਵਸੇ।ਸਖਤ ਹੱਡਾਂ ਵਾਲੇ ਮਿਹਨਤੀ ਕਾਮੇ, ਕਿਰਤੀ, ਕਿਸਾਨ ਬਚ ਗਏ।
ਜੰਗਲੀ ਜਾਨਵਰ ਘਰਾਂ ਤਕ ਪਹੁੰਚਣ ਲੱਗੇ ਤਾਂ ਸਭ ਨੇ ਸੁਰਖਿਅਤ ਹੋਣ ਲਈ ਇਕੱਠ ਕੀਤਾ।ਸਰਕਾਰ ਨਾਂ ਦੀ ਤਾਂ ਕੋਈ ਚੀਜ਼ ਨਹੀਂ ਰਹੀ ਸੀ ਸੋ ਸੱਭ ਨੇ ਇਕ ਭਲੇ ਪੁਰਸ਼ ਨੂੰ ਮੁਖੀ ਚੁਣ ਲਿਆ ਤੇ ਰਾਜੇ ਦਾ ਖਿਤਾਬ ਦੇ ਦਿਤਾ। ਉਸ ਅਧੀਨ ਕਾਰਵਾਈ ਸ਼ੁਰੂ ਹੋਈ ਤਾਂ ਸਭ ਨੇ ਮੰਨ ਲਿਆ ਕਿ ਹੁਣ ਲੋਕ ਸਮੂਹਾਂ ਵਿਚ ਇਕੱਠੇ ਹੋ ਕੇ ਅਪਣੇ ਨਵੇਂ ਪਿੰਡ ਬਣਾਉਣਗੇ । ਹਰ ਇਕ ਪਿੰਡ ਦਾ ਇੱਕ ਮੁਖੀ ਹੋਵੇਗਾ ਜੋ ਪਿੰਡ ਵਾਲੇ ਸਿਆਣੇ ਬਜ਼ੁਰਗਾਂ ਵਿੱਚੋਂ ਆਪ ਚੁਣਨਗੇ।ਹਰ ਪਿੰਡ ਦਾ ਮੁਖੀਆ ਅਪਣੇ ਪਿੰਡ ਦੇ ਲੋਕਾਂ ਦੀ ਸੁਰੱਖਿਆ, ਰਹਿਣ, ਖਾਣ ਪਹਿਨਣ ਤੇ ਸੁੱਖ ਸੁਵਿਧਾ ਦਾ ਜ਼ਿਮੇਵਾਰ ਹੋਵੇਗਾ। ਸਾਰੀਆਂ ਜ਼ਮੀਨਾਂ ਸਾਂਝੀਆਂ ਹੋਣਗੀਆਂ ਤੇ ਸਾਰੇ ਮਿਲਕੇ ਵਿੱਤ ਮੁਤਾਬਕ ਕੰਮ ਕਰਨਗੇ। ਸਾਰੀ ਕਮਾਈ ਇਕਠੀ ਹੀ ਰਹੇਗੀ, ਸਾਰੇ ਮਿਲਕੇ ਇਕਠੇ ਹੀ ਖਾਣਾ ਖਾਣਗੇ ਤੇ ਪਹਿਨਣ ਤੇ ਰਹਿਣ ਲਈ ਯੋਗ ਪ੍ਰਬੰਧ ਕੀਤਾ ਜਾਵੇਗਾ। ਰਹਿਣ, ਖਾਣ, ਪੀਣ ਵਿਚ ਕੋਈ ਵੀ ਵਿਤਕਰਾ ਨਹੀਂ ਹੋਵੇਗਾ ਸਭ ਨੂੰ ਲੋੜ ਅਨੁਸਾਰ ਬਰਾਬਰ ਮਿਲੇਗਾ।ਖੇਤ ਵਾਹੁਣੇ, ਬੀਜਣੇ, ਸਿੰਜਾਈ, ਕਟਾਈ ਸਭ ਮਿਲ ਕੇ ਕਰਨਗੇ। ਲੋੜ ਅਨੁਸਾਰ ਘਰ ਬਣਾਉਣੇ, ਕਪੜੇ ਬੁਣਨੇ, ਖੇਤੀ ਦੇ ਸੰਦ ਬਣਾਉਣੇ ਆਦਿ ਸਾਰੇ ਹੀ ਸਾਂਝੇ ਤੌਰ ਤੇ ਕੀਤੇ ਜਾਣਗੇ।
ਕਿਸ ਨੇ ਕੀ, ਕਿਵੇਂ ਤੇ ਕਿਥੇ ਕਰਨਾ ਹੈ, ਸਭ ਦੀ ਸੁਰਖਿਆ ਕਿਵੇਂ ਕਰਨੀ ਹੈ ਆਦਿ ਸਭ ਮੁਖੀ ਹੀ ਦਸੇਗਾ ਤੇ ਸਮਝਾਏਗਾ ਤੇ ਲੋੜ ਪੈਣ ਤੇ ਸਭ ਦੀ ਰਾਇ ਲਈ ਜਾਏਗੀ।ਸਾਰੇ ਸੂਬੇ ਦੀ ਇਕੋ ਭਾਸ਼ਾ ਹੋਵੇਗੀ ਜਿਸ ਦੀ ਸਿਖਿਆ ਘਰਾਂ ਵਿਚ ਹੀ ਹੋਵੇਗੀ।ਮੁਖੀ ਅਪਣੇ ਇਲਾਕੇ ਬਾਰੇ ਖਬਰ ਸਾਰ ਹਰ ਮਹੀਨੇ ਰਾਜੇ ਨੂੰ ਦੇਵੇਗਾ ਜੋ ਸਾਰੇ ਸੂਬੇ ਦੇ ਕੰਮਾਂ ਕਾਰਾਂ ਤੇ ਸਹੂਲਤਾਂ ਦਾ ਖਿਆਲ ਰੱਖੇਗਾ।ਖੁਦ ਰਾਜਾ ਤੇ ਪਿੰਡ ਮੁਖੀ ਕੰਮ ਵਿਚ ਆਪ ਵੀ ਲੋੜੀਂਦਾ ਹਿਸਾ ਪਾਉਣਗੇ ਤੇ ਸਾਂਝੀ ਕਮਾਈ ਰਾਹੀਂ ਸਭ ਨਾਲ ਮਿਲਕੇ ਖਾਣਗੇ।
ਸਾਰਿਆਂ ਨੇ ਇਕ ਅਵਾਜ਼ ਹਾਮੀ ਭਰੀ ਪਰ ਕੁਝ ਕੁ ਆਦਮੀਆਂ ਨੇ ਆਉਂਦੀਆਂ ਦਿਕਤਾਂ ਬਾਰੇ ਦੱਸਿਆ ਜੋ ਸਭ ਦੀ ਰਾਇ ਅਨੁਸਾਰ ਸੁਲਝਾ ਲਈਆਂ ਗਈਆ। ਇਨ੍ਹਾਂ ਵਿਚੋਂ ਇੱਕ ਦਿੱਕਤ ਕੁਝ ਬਚੇ ਹੋਏ ਮੰਦਰਾਂ, ਗੁਰਦਵਾਰਿਆਂ ਦੇ ਪੁਜਾਰੀ ਤੇ ਮਸਜਿਦਾਂ ਦੇ ਮੁਲਾਂ ਦੀ ਸੀ, ਜਿਨ੍ਹਾ ਦਾ ਸਵਾਲ ਸੀ ਕਿ ਉਹ ਅੱਡ ਅੱਡ ਧਰਮ ਨਾਲ ਸਬੰਧ ਰਖਦੇ ਹਨ ਤੇ ਅੱਡ ਅੱਡ ਇਸ਼ਟ ਨੂੰ ਮੰਨਦੇ ਹਨ ਉਹ ਇੱਕ ਕਿਵੇਂ ਰਹਿ ਸਕਦੇ ਹਨ।ਰਾਜੇ ਨੇ ਕਿਹਾ, “ਇਹ ਕੁਝ ਕੁ ਲੋਕਾਂ ਦਾ ਮਾਮਲਾ ਹੈ। ਇਸ ਨੂੰ ਵਖਰਾ ਵਿਚਾਰਾਂਗੇ ਸਾਰੇ ਧਾਰਮਿਕ ਆਗੂ ਰੁਕ ਜਾਣ, ਬਾਕੀ ਦੇ ਜਾ ਸਕਦੇ ਹਨ”।
ਬਾਕੀ ਦੇ ਚਲੇ ਜਾਣ ਪਿਛੋਂ ਰਾਜੇ ਨੇ ਧਾਰਮਿਕ ਆਗੂਆਂ ਤੋਂ ਪੁੱਛਿਆ, “ਅਛਾ ਦਸੋ ਤੁਹਾਡਾ ਸਭਤੋਂ ਵੱਡਾ ਇਸ਼ਟ ਕੌਣ ਹੈ ਤੇ ਤੁਸੀਂ ਉਸ ਨੂੰ ਕਿਵੇਂ ਪੁਕਾਰਦੇ ਹੋ?” ਸਭ ਤੋਂ ਪਹਿਲਾਂ ਹਿੰਦੂ ਪੁਜਾਰੀ ਆਏ, “ਅਸੀਂ ਇਕ ਜਗਦੀਸ਼ ਨੂੰ ਮੰਨਦੇ ਹਾਂ ਤੇ ਗਾਉਂਦੇ ਹਾਂ “ਓਮ ਜੈ ਜਗਦੀਸ਼ ਹਰੇ।ਸਵਾਮੀ ਜੈ ਜਗਦੀਸ਼ ਹਰੇ”। ਮੁਲਾਂ ਆਖਣ ਲੱਗਾ, “ਅਸੀਂ ਇੱਕ ਅੱਲਾ ਨੂੰ ਮੰਨਦੇ ਹਾਂ ਤੇ ਅਲਾ ਹੂ ਅਕਬਰ, ਅਲਾ ਹੂ ਅਕਬਰ, ਅੱਲਾ ਹੂ ਅਕਬਰ! ਅਸਾਹੂ ਅਨ ਲਾ ਇਲਾਹਾ ਇਲਾ ਅਲਾ ਦੀ ਬਾਂਗ ਦਿੰਦੇ ਹਾਂ”। ਸਿੱਖਾਂ ਆਖਿਆ, ‘ਅਸੀਂ ਵਾਹਿਗੁਰੂ ਨੂੰ ਮੰਨਦੇ ਹਾਂ ਤੇ 1ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ, ਗੁਰਪ੍ਰਸਾਦਿ ਪੜ੍ਹਦੇ ਹਾਂ”।
ਰਾਜੇ ਨੇ ਕਿਹਾ, “ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਹੈ ਕਿ ਸਾਰੇ ਅਪਣੀ ਬੋਲੀ ਵਿਚ ਹੀ ਗਲ ਬਾਤ ਕਰਨਗੇ। ਸਾਡੀ ਸਾਰਿਆਂ ਦੀ ਬੋਲੀ ਪੰਜਾਬੀ ਹੈ ਸੋ ਸਾਰੇ ਪਹਿਲਾਂ ਪੰਜਾਬੀ ਵਿੱਚ ਅਪਣਾ ਇਸ਼ਟ ਦੱਸਣ। ਪਹਿਲਾਂ ਮੁਸਲਮਾਨਾਂ ਕਿਹਾ ਰੱਬ, ਫਿਰ ਸਿਖਾਂ ਕਿਹਾ ਰੱਬ ਤੇ ਆਖਰ ਹਿੰਦੂਆਂ ਨੇ ਵੀ ਰੱਬ ਆਖ ਦਿਤਾ। ਫੇਰ ਜੇ ਰੱਬ ਸਭ ਦਾ ਇਕੋ ਹੈ ਤਾਂ ਝਗੜਾ ਕਾਹਦਾ।ਹੁਣ ਇਹ ਵੀ ਦੱਸ ਦਿਉ ਪੰਜਾਬੀ ਵਿਚ ਉਸਦੇ ਗੁਣ ਗਾਉਗੇ ਕਿਵੇਂ?” ਹਿੰਦੂਆਂ ਕਿਹਾ, “ਰੱਬ ਜਿਤੇਗਾ ਮਾਲਕ ਸਾਰੇ ਜੱਗ ਦਾ। ਮਾਲਕ ਜਿਤੇਗਾ ਸਵਾਮੀ ਸਾਰ ਜੱਗ ਦਾ”।ਮੁਸਲਮਾਨਾਂ ਕਿਹਾ, “ਰੱਬ ਵੱਡਾ! ਰੱਬ ਵੱਡਾ! ਰੱਬ ਹੈ ਸਭ ਤੋਂ ਵੱਡਾ।ਨਹੀਂ ਦੇਵਤਾ ਹੋਰ ਹੈ ਸਭ ਤੋਂ ਇਕ ਰੱਬ ਵੱਡਾ!” ਸਿੱਖਾਂ ਕਿਹਾ, “ਇਕੋ ਰੱਬ, ਨਾਉਂ ਸੱਚਾ ਜਿਸਦਾ।ਜਗ ਰਚਿਤਾ, ਬੇਡਰ,ਬਿਨ ਵੈਰੋਂ, ਸਮਿਓਂ, ਜੂਨੋਂ ਰਹਿਤ ਖੁਦ ਰਚਿਆ”।
ਫਿਰ ਤਾਂ ਤੁਸੀਂ ਸਾਰੇ ਇਕੋ ਹੀ ਗੱਲ ਕਰਦੇ ਹੋ। ਜਾਓ ਤਿੰਨੇ ਜਾ ਕੇ ਰੱਬ ਦੇ ਗੁਣਾਂ ਦੀ ਪ੍ਰਸ਼ੰਸ਼ਾ ਦਾ ਪੰਜਾਬੀ ਵਿਚ ਇੱਕ ਸਾਂਝਾ ਗੀਤ ਬਣਾ ਲਓ ਜੋ ਸਾਰੇ ਲੋਕੀ ਗਾਉਣ। ਇਸਤਰ੍ਹਾਂ ਸਭ ਧਰਮਾਂ ਦੇ ਫਰਕ ਵੀ ਖਤਮ ਹੋ ਗਏ ਤੇ ਸਾਰੇ ਮਿਲਕੇ ਰਹਿਣ ਲੱਗੇ।
ਸਾਂਝੀ ਜ਼ਮੀਨ, ਸਾਂਝੀ ਬੋਲੀ, ਸਾਂਝੇ ਕੰਮ, ਸਾਂਝੇ ਹੱਕ, ਸਾਂਝੀ ਕਮਾਈ, ਸਾਂਝਾਂ ਖਾਣ ਪਹਿਨਣ ਤੇ ਸਾਂਝਾ ਰੱਬ ਜਦ ਹਰ ਇਕ ਪਿੰਡ ਵਿੱਚ ਹੋ ਗਿਆ ਤਾਂ ਇਹ ਰਾਜ ਵਧਣ ਫੁੱਲਣ ਲੱਗਾ ।ਵਧਦਾ ਪਿਆਰ, ਸਾਝੀਵਾਲਤਾ, ਅਮਨ, ਚੈਨ ਤੇ ਖੁਸ਼ਹਾਲੀ ਵੇਖ ਕੇ ਇਸ ਰਾਜ ਤੋਂ ਟੁੱਟੇ ਇਸ ਦੀ ਬੋਲੀ ਦੇ ਦੂਜੇ ਲੋਕ ਵੀ ਫਿਰ ਇਸ ਨਾਲ ਆ ਜੁੜੇ।ਪੰਜਾਬ ਵਿਚ ਜਿਵੇਂ ਮੁੜ ਸਤਿਯੁਗ ਆ ਗਿਆ।