• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Surat(I)

Dalvinder Singh Grewal

Writer
Historian
SPNer
Jan 3, 2010
1,254
422
79
ਸੁਰਤਿ (Consciousness)

ਪਰਮ ਸਤਿ ਪ੍ਰਾਪਤੀ

ਗੁਰਬਾਣੀ ਵਿਚ ਪਰਮਸਤਿ ਦੇ ਪ੍ਰਕਾਸ਼ ਦੇ ਤਿੰਨ ਗੁਣ, ‘ਨਾਮ, ਧੁਨਿ ਅਤੇ ਬਾਣੀ (ਸ਼ਬਦ)’ ਦਸੇ ਗਏ ਹਨ:

ਗੁਣ ਗੋਬਿੰਦ ਨਾਮ ਧੁਨਿ ਬਾਣੀ ॥ (ਪੰਨਾ ੨੯੬)

ਪਰਮ ਸਤਿ ‘ਸੁਰਤਿ, ਸ਼ਬਦ ੳਤੇ ਧੁਨਿ’ ਤਿਨਾਂ ਵਿਚ ਹੀ ਵਿਦਮਾਨ ਹੈ। ਇਥੇ ਪਹੁੰਚ ਕੇ ਨਾਮ ਅਤੇ ਨਾਮੀ ਦਾ ਭੇਦ ਖਤਮ ਹੋ ਜਾਂਦਾ ਹੈ। ਇਹ ਪਰਮ ਸਤਿ ਪ੍ਰਾਪਤੀ ਹੈ:

ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਹਰਿ ਆਪੇ ਵੇਖੈ ਵਿਗਸੈ ਆਪੇ ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥ ੨ ॥ ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ ਹਰਿ ਆਪਿ ਕਰੇ ਆਪੇ ਨਿਸਤਾਰਾ ॥ ੩ ॥ (ਪੰਨਾ ੧੬੫)

ਨਾਮ ਜਗਿਆਸੂ ਦੇ ਹਿਰਦੇ ਅੰਦਰ ਹੁੰਦਾ ਹੈ ਤੇ ਜਦ ਉਜਾਗਰ ਹੁੰਦਾ ਹੈ ਤਾਂ ਧੁਨਿ ਪਰਗਟ ਹੁੰਦੀ ਹੈ। ਬਾਣੀ ਕੇਵਲ ਗੁਰੂ ਹਿਰਦੇ ਅੰਦਰ ਹੀ ਪ੍ਰਗਟ ਹੁੰਦੀ ਹੈ। ਧੁਨਿ ਨਿਰਮਲ ਹੁੰਦੀ ਹੈ;

ਸਤਿਗੁਰ ਤੇ ਪਾਏ ਵੀਚਾਰਾ ॥ ਸੁੰਨ ਸਮਾਧਿ ਸਚੇ ਘਰ ਬਾਰਾ ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥ ੧੭ ॥ ੫ ॥ (ਪੰਨਾ ੧੦੩੮)

ਨਾਮ ਜਪਣ ਦੀਆਂ ਚਾਰ ਵਿਧੀਆਂ ਦਸਦੇ ਹਨ : ਉਚਾ ਬੋਲ ਕੇ (ਵਾਚਿਕ ਜਪ), ਅਜਪਾ ਜਾਪ (ਉਪਾਂਸ਼ੂ ਜਪ), ਅਜਪਾ ਜਾਪ ਕਰਦਿਆਂ ਨਾਦ ਦੀ ਅਨੁਭੂਤੀ (ਬੰਸਰੀ ਜਪ) ਤੇ ਮਾਨਸਿਕ ਜਪ (ਮਨ ਤੇ ਸ਼ਬਦ ਦੇ ਮੇਲ ਨਾਲ ਕੀਤਾ ਜਪ)। (ਸਵਾਮੀ ਬੁਧਪੁਰੀ ਜੀ ‘ਚਿੰਗਾਰ ਤੋਂ ਬ੍ਰਹਮ ਜੋਤਿ’, ੨੦੦੧, ਪੰਨਾ ੫੨੯-੫੩੧)

ਮਾਨਸਿਕ ਜਪ ਵਿਚ ਸ਼ਬਦ-ਸੁਰਤ ਸੰਯੋਗ ਹੈ। ਜੇ ਪ੍ਰਾਣਾਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਜੜ੍ਹ ਤਮੋਗੁਣੀ ਹੋ ਜਾਂਦੀ ਹੈ। ਇੰਦਰੀਆਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਅਸੀਂ ਸ਼ਬਦ, ਰੂਪ, ਰਸ ਅਤੇ ਗੰਧ ਕਿਸੇ ਵੀ ਵਿਸ਼ੇ ਨੂੰ ਅਨੁਭਵ ਨਹੀਂ ਕਰ ਸਕਦੇ।

ਮਨ ਮੰਨਦਾ ਹੈ ਤਾਂ ਜੀਭ ਹਿਲਦੀ ਹੈ ਤੇ ਪਹਿਲੇ ਤਿੰਨ ਜਪ ਹੋ ਸਕਦੇ ਹਨ।ਮਾਨਸਿਕ ਜਪ ਤਾਂ ਹੀ ਸੰਭਵ ਹੈ ਜਦ ਸੁਰਤਿ ਪ੍ਰਾਣਮਈ ਕੋਸ਼ ਤੋਂ ਉਪਰ ਉਠ ਕੇ ਮਨੋਮਯ ਕੋਸ਼ ਵਿਚ ਦਾਖਿਲ ਹੁੰਦੀ ਹੈ ਭਾਵ ਦਸਾਂ ਇੰਦਰੀਆਂ ਨੂੰ ਬਾਹਰ ਦੇ ਵਿਸ਼ਿਆਂ ਵਿਕਾਰ ਤੋਂ ਰੋਕ ਕੇ, ਪ੍ਰਾਣਾਂ ਦੀ ਗਤੀ ਨੂੰ ਅੰਦਰ ਵਲ ਮੋੜ ਕੇ ਜੀਭ ਦੀ ਥਾਂ ਮਨ ਨਾਲ ਉਚਾਰਣ ਕਰਦੇ ਹਾਂ ਤਾਂ ਉਹ ਹੀ ਅਸਲੀ ਜਪ ਹੈ।

ਬਾਹਰ ਦੇ ਵਿਸ਼ੇ ਵਿਕਾਰ- ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ, ਲਾਲਚ

ਬਚੇ ਨੂੰ ਸਿਖਾਉਣ ਲਈ ਫਟੀ ਤੇ ਪੂਰਨੇ ਪਾਉਂਦੇ ਹਾਂ ਤੇ ਫਿਰ ਬਿਨਾ ਪੂਰਨਿਆਂ ਦੇ ਅਪਣੇ ਆਪ ਲਿਖਣ ਲਈ ਬਾਲ ਮਨ ਤਿਆਰ ਕਰਦੇ ਹਾਂ ਉਵੇਂ ਹੀ ਸੁਰਤ, ਸਥੂਲ ਸਰੀਰ ਤੇ ਦਸਾਂ ਇੰਦਰੀਆਂ ਸਦਕਾ ਵਿਸ਼ਿਆਂ ਵਿਚ ਬੰਨ੍ਹੀ ਹੋਈ ਸੁਰਤ ਨੂੰ ਪਹਿਲਾਂ ਪਾਠ, ਫਿਰ ਜਪ, ਫਿਰ ਅਜਪਾ ਜਪ ਤੇ ਫਿਰ ਸ਼ਬਦ ਸੁਰਤਿ ਸੁਮੇਲ ਨਾਲ ਜਪ ਕੀਤਾ ਜਾਂਦਾ ਹੈ।

ਸੁਰਤਿ ਪ੍ਰੀਭਾਸ਼ਾ

ਕਾਂਸ਼ਸਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਰੂਪ ਵਿਚ ਲਿਆ ਗਿਆ ਹੈ।(ਸ਼ਾਨ: ਗੁਰੂ ਨਾਨਕ ਬਚਨਾਵਲੀ, ਕਾਂਸ਼ਸਨੈਸ =ਸੁਰਤ, ਪੰਨਾ ੯੮) ਸੁਰਤਿ ਸ਼ਬਦ ਦੀ ਉਤਪਤੀ ਸਮ੍ਰਿਤੀ ਵਿਚ ਹੋਣ ਕਰਕੇ ਇਹ ‘ਯਾਦ’ ਵਜੋਂ ਵੀ ਲਿਆ ਗਿਆ ਹੈ। (ਪੀਤਾਂਬਰ ਦਤ ਭੜਥਵਾਲ (ਡਾ:)). ਸਰੁਤੀ ਭਾਵ ਵੇਦ ਵਜੋਂ ਵੀ । ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ। (ਪੰਨਾ ੭੮੫) ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ॥ (ਪੰਨਾ ੩੩੪) ਸੁਰਤਿ ਸ੍ਰੋਤ ਦਾ ਅਪਭ੍ਰੰਸ਼ੀ ਰੂਪ ਹੈ ਇਸ ਕਰਕੇ ‘ਚਿਤਬ੍ਰਿਤੀਆਂ ਦਾ ਪ੍ਰਵਾਹ ਹੈ’॥ (ਸੰਪੂਰਨਾ ਨੰਦ (ਡਾ:) । ਇਹ ‘ਅੰਤ੍ਰਮੁਖੀ ਬਿਰਤੀ’ ਹੈ।(ਅਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ) । ਇਹ ਪ੍ਰੇਮ ਹੈ (ਆਚਾਰੀਆ ਕਸ਼ਤੀ ਮੋਹਨ ਸੇਨ)

ਸਿਖ ਚਿੰਤਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਰਤਿ ਸ਼ਬਦ ੧੨੫ ਵਾਰ ਵਖ ਵਖ ਪ੍ਰਸੰਗਾਂ ਵਿਚ ਆਇਆ ਹੈ। (ਬਲਬੀਰ ਸਿਘ (ਡਾ:), ਪੰਨਾ ੧੨ (ਭੂਮਿਕਾ)) ਇਨ੍ਹਾਂ ਪ੍ਰਸੰਗਾਂ ਕਰਕੇ ਸੁਰਤਿ ਅਨੇਕਾਰਥੀ ਸ਼ਬਦ ਹੈ:

 ਸੁਰਤੀ, ਚੇਤੰਨਤਾ, ਸੁਚੇਤਪੁਣਾ: ਮੰਨੈ ਸੁਰਤਿ ਹੋਵੇ ਮਨਿ ਬੁਧਿ। (ਜਪੁ ਪੰਨਾ ੩) ਪਰਮਾਤਮਾ ਨੂੰ ਮੰਨਿਆਂ ਸੁਰਤੀ ਉਚੀ ਹੋ ਜਾਂਦੀ ਹੈ।
 ਮਾਟੀ ਅੰਧੀ ਸੁਰਤਿ ਸਮਾਈ॥ (ਮਾਝ ਮ:੫, ੧੦੦) (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ )
 ਮੂਈ ਸੁਰਤਿ ਬਾਦੁ ਅਹੰਕਾਰੁ॥ (ਗਉੜੀ ਮ: ੧, ਪੰਨਾ ੧੫੨)
 ਸਮਝ, ਸੋਝੀ, ਮਤ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। (ਜਪੁ ਮ:੧, ਪੰਨਾ ੫)
 ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ॥ (ਸਿਰੀ ਮ: ੧,ਪੰਨਾ ੧੮) ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ।
 ਧਿਆਨ: ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਆਸਾ ਮ:੧,ਪੰਨਾ ੯) (ਧਿਆਨ ਜੋੜਿਆ, ਸਮਾਧੀ ਲਾਈ) ਫਾਹੀ ਸੁਰਤਿ ਮਲੂਕੀ ਵੇਸੁ॥ (ਸਿਰੀ ਮ:੧, ਪੰਨਾ ੨੪)(ਧਿਆਨ ਫਸਾਉਣ ਵਿਚ ਵੇਸ ਸ਼ਰੀਫਾਂ ਵਾਲਾ ਕੀਤਾ ਹੈ।
 ਬ੍ਰਿਤੀ: ਜੋਤੀ ਜੋਤਿ ਮਿਲਾਈਐ ਸੁਰਤੀਸੁਰਤਿ ਸੰਜੋਗੁ॥ (ਬ੍ਰਿਤੀ ਨੂੰ ਉਚੀ ਬਿਰਤੀ ਨਾਲ ਮਿਲਾਈਏ) (ਸਿਰੀ ਮ:੧ ਪੰਨਾ ੨੧)
 ਹੋਸ਼: ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। (ਗਉੜੀ ਮ: ੫, ਪੰਨਾ ੧੬੯) ੧੨੧੭ ੧੧੭
 ਸ੍ਰੋਤ: ਨਾਮੈ ਸੁਰਤਿ ਸੁਨੀ ਮਨਿ ਭਾਈ { ਆਸਾ ਮ ੪, ਪੰਨਾ ੫੮ ੩੬੭
 ਖਬਰਗੀਰੀ, ਸੰਭਾਲ: ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ ॥ (ਬਿਲਾਵਲੁ ਕਬੀਰ, ਪੰਨਾ ੮੫੬)
 ਵਿਚਾਰ: ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ॥ (ਮ: ੪, ਪੰਨਾ ੧੩੧੯)
 ਸਿਮ੍ਰਿਤਿ: ਗਿਆਤ ਸੋਝੀ ਵਾਲੀ ਸ਼ਕਤੀ। ਏਕਾ ਸੁਰਤਿ ਜੇਤੇ ਹੈ ਜੀਅ॥ (ਪੰਨਾ ੨੪) ਜਿਤਨੇ ਜੀਵ ਹਨ ਸਭ ਇਕੋ ਹੀ ਗਿਆਨ ਪ੍ਰਾਪਤ ਹਨ।

ਏਥੇ ਕਾਂਸ਼ਸ਼ਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਚੇਤਾ-ਚੇਤੰਨਤਾ-ਸੂਝ-ਗਿਆਨ-ਧਿਆਨ ਰੂਪ ਵਿਚ ਲਿਆ ਗਿਆ ਹੈ।
ਪਰ ਸੰਕਲਪਾਤਮਕ ਰੂਪ ਵਿਚ ਸੁਰਤਿ ਦਾ ਸਬੰਧ ਅੰਤਰੀਵ ਨਾਲ ਹੋਣ ਕਰਕੇ ਇਹ ਅੰਤਹਕਰਣ ਦਾ ਹਿਸਾ ਹੈ। (ਕਾਂਗ, ੨੦੦੫: ੨੧੭) ਮਨ ਦੀਆਂ ਅਵਸਥਾਵਾਂ ਹਨ ਸੁਰਤਿ, ਚਿਤਿ, ਮਤਿ, ਬੁਧਿ, ਅੰਤਹਕਰਣ।
ਭਾਈ ਵੀਰ ਸਿੰਘ ਸ੍ਰੀ ਨੇ ਗੁਰੂ ਗ੍ਰੰਥ ਕੋਸ਼ ਵਿਚ ਸੁਰਤਿ ਨੂੰ ਗਯਾਤ, ਸੋਝੀ ਵਾਲੀ, ਸ਼ਕਤੀ ਵਜੋਂ ਵੀ ਲਿਆ ਹੈ।
ਏਕਾ ਸੁਰਤਿ ਜੇਤੇ ਹੈ ਜੀਅ, ਸੁਰਤਿ ਵਿਹੂਣਾ ਕੋਇ ਨ ਕੀਅ।(ਸਿਰੀ ਰਾਗ ਮ:੧, ਪੰਨਾ ੨੪)
ਜਿਤਨੇ ਵੀ ਜੀਵ ਪ੍ਰਮਾਤਮਾਂ ਨੇ ਪੈਦਾ ਕੀਤੇ ਹਨ ਸਭਨਾਂ ਵਿਚ ਇਕੋ ਹੀ ਗਯਾਤ ਭਾਵ ਸੁਰਤਿ ਪਾਈ ਹੋਈ ਹੈ। ਕੋਈ ਵੀ ਸੁਰਤ ਬਿਨਾ ਨਹੀਂ ਹੈ ਭਾਵ ਸੁਰਤ ਸਾਰਿਆਂ ਵਿਚ ਹੈ।
ਇਸ ਨੂੰ ਚਿਤਬ੍ਰਿਤੀ ਵਜੋਂ ਵੀ ਲਿਆ ਗਿਆ ਹੈ : ਸਬਦੁ ਗੁਰੂ ਸਰਤਿ ਧੁਨਿ ਚੇਲਾ। (ਪੰਨਾ ੯੪੩) ਤੇ ‘ਭਲੀ ਪ੍ਰੀਤੀ’ ਵਜੋਂ ਵੀ ਲਿਆ ਗਿਆ ਹੈ।
ਸੁਰਤਿ ਜਗਿਆਸੂ ਦੀ ਉਹ ਬਿਰਤੀ ਹੈ ਜੋ ਲਿਵ ਦੇ ਰੂਪ ਵਿਚ ਅੰਤਰ ਆਤਮੇ ਵਿਚ ਪਰਮਾਤਮ ਜੋਤਿ ਨਾਲ ਜੁੜੀ ਹੋਈ ਹੈ। (ਗੁਲਜ਼ਾਰ ਸਿੰਘ ਕਾਂਗ, ਪੰਨਾ ੨੧੭) ਇਸ ਇਕਗਰ ਸੁਰਤਿ ਨੂੰ ਲਿਵ ਵੀ ਕਿਹਾ ਜਾਂਦਾ ਹੈ। ਸੁਰਤਿ ਅੰਤਹਕਰਣ ਦਾ ਉਹ ਭੇਦ ਹੈ ਜਿਸ ਦਾ ਕੰਮ ਚੇਤਾ ਹੈ। (ਮਹਾਨਕੋਸ਼: ੧੯੩੦ ਸੁਰਤਿ, ੨੧੯)
ਘੜੀਐ ਸੁਰਤਿ ਮਤਿ ਮਨਿ ਬੁਧਿ। (ਜਪੁਜੀ, ਪੰਨਾ ੩) ਵਿਚ ਇਸ ਨੂੰ ਧਿਆਨ ਵਜੋਂ ਵੀ ਲਿਆ ਗਿਆ ਹੈ: ਫਾਹੀ ਸੁਰਤਿ ਮਲੂਕੀ ਵੇਸ (ਸਿਰੀ ਰਾਗ, ਮ: ੧, ਪੰਨਾ ੨੪) ਯਾਦ, ਚੇਤਾ, ਇਛਾ, ਸਮਝ ਆਦਿ ਲਈ ਵੀ ਸੁਰਤਿ ਨੂੰ ਵਰਤਿਆ ਗਿਆ ਹੈ।
ਗਿ ਗੁਰਚਰਨ ਸਿੰਘ ਜੀ ਨੇ ਸੁਰਤਿ ਨੂੰ ਚੇਤੰਨਤਾ, ਸੁਚੇਤਪੁਣਾ ਵਜੋਂ ਲਿਆ ਹੈ । ਮੰਨੈ ਸੁਰਤਿ ਹੋਵੈ ਮਨਿ ਬੁਧਿ॥ (ਜਪੁਜੀ ਪੰਨਾ ੩) ਭਾਵ ਪਰਮਾਤਮਾ ਨੂੰ ਮੰਨ ਕੇ ਸੁਰਤੀ ਜੋੜਣ ਨਾਲ ਮਨ ਬੁਧੀਮਾਨ ਹੋ ਜਾਂਦਾ ਹੈ। ਤੇ ਮਾਟੀ ਅੰਧੀ ਸੁਰਤਿ ਸਮਾਈ॥(ਮ: ੫, ਪੰਨਾ ੧੦੦) ਭਾਵ ਜੜ੍ਹ ਦੇਹੀ ਵਿਚ ਚੇਤੰਨਤਾ ਪਾ ਦਿਤੀ ਹੈ। ‘ਮੂਈ ਸੁਰਤਿ ਬਾਦੁ ਅਹੰਕਾਰ’ (ਗਉੜੀ ਮ: ੧,ਪੰਨਾ ੧੫੨) ਭਾਵ ਉਸ ਨਾਲ ਸੁਰਤ ਜੁੜੀ ਤਾਂ ਬੁਰੀ ਵਾਦੀ ਤੇ ਹੰਕਾਰ ਖਤਮ ਹੋ ਗਿਆ। ਸਮਝ, ਸੂਝ, ਮਤ ਵਜੋਂ ‘ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। (ਜਪੁਜੀ ਪੰਨਾ ੫) ਤੇ ਸੁਰਤਿ ਹੋਵੈ ਪਤਿ ਉਗਵੈ ਗਰਬਚਨੀ ਭਉ ਖਾਇ॥ (ਸਿਰੀ ਰਾਗ ਮ: ੧, ਪੰਨਾ ੧੮) (ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ) ਧਿਆਨ ਵਜੋਂ ‘ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਪੰਨਾ ੯) (ਧਿਆਨ ਜੋੜਿਆ, ਸਮਾਧੀ ਲਾਈ) ਪ੍ਰੋ ਪੂਰਨ ਸਿੰਘ ਸੁਰਤਿ ਨੂੰ ਧਾਗਾ ਦਸਦੇ ਹਨ ਜੋ ਜਗਿਆਸੂ ਨੂੰ ਰੂਹਾਨੀ ਮੰਡਲਾਂ ਨਾਲ ਜੋੜੀ ਰਖਦਾ ਹੈ।(ਪੂਰਨ ਸਿੰਘ (ਪ੍ਰੋ), ੧੯੭੦, ੧੦੩).
ਗੁਰਬਾਣੀ ਨੂੰ ਸਮਝਿਆ ਨਹੀਂ ਜਾ ਸਕਦਾ, ਗੁਰਬਾਣੀ ਨੂੰ ਜਾਣਿਆ ਜਾ ਸਕਦਾ ਹੈ।ਸਮਝਣਾ ਹੁੰਦਾ ਹੈ ਦਿਮਾਗ ਨਾਲ ਤੇ ਜਾਨਣਾ ਹੁੰਦਾ ਹੈ ਸੁਰਤਿ ਨਾਲ।ਸਵੇਰ ਦੀ ਰਿਵੀ ਦੀ ਠੰਢਕ ਦਾ ਅਨੰਦ ਤਾਂ ਮਹਿਸੂਸ ਕਰਨ ਨਾਲ ਹੀ ਮਿਲਦਾ ਹੈ, ਸੁਰਤੀ ਹੀ ਦਸਦੀ ਹੈ ਕਿ ਰਿਵੀ ਠੰਢੀ ਹੈ ਕਿ ਗਰਮ, ਚੁਭਦੀ ਹੈ ਕਿ ਅਨੰਦ ਦਿੰਦੀ ਹੈ।ਜਦ ਮਹਿਸੂਸ ਕਰਨ ਵਾਲੀ ਸੁਰਤੀ ਗੁਰਬਾਣੀ ਨੂੰ ਜਾਣਦੀ ਹੈ ਤਾਂ ਪਰਮਾਤਮਾ ਦੇ ਦਵਾਰੇ ਖੁਲ੍ਹਦੇ ਹਨ।
ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ। ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ ਪਵਿਤਰ ਕਰਦਾ ਹੈ । ‘ਜਤ ਪਾਹਾਰਾ ਧੀਰਜ ਸੁਨਿਆਰ’। ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।ਵਿਚਾਰ ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ ਲਈ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।

ਜਪੁਜੀ ਸਾਹਿਬ ਵਿਚ ਪ੍ਰਮਾਤਮਾਂ ਪ੍ਰਾਪਤੀ ਦੇ ਪੰਜ ਖੰਡਾਂ ਦਾ ਵਰਨਣ ਕੀਤਾ ਹੈ

ਮਨ ਦੀਆਂ ਅਵਸਥਾਵਾਂ :

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ (ਜਪੁਜੀ, ਪਉੜੀ ੩੬)

ਉਥੇ ਘੜੀਆਂ ਜਾਂਦੀਆਂ ਹਨ ਸੁਰਤ ਮੰਡਲ ਦੀਆਂ ਪੰਜ ਸਟੇਜਾਂ ਸੁਰਤਿ, ਮਤਿ, ਮਨਿ , ਬੁਧਿ ਤੇ ਸੁਧਿ।

ਸੁਰਤਿ ਆਤਮਿਕ ਮੰਡਲ ਵਿਚ ਪਹਿਲੀ ਸਟੇਜ ਹੈ। ਸਭ ਤੋਂ ਪਹਿਲਾਂ ਬੰਦੇ ਨੂੰ ਅਪਣੀ ਸੁਰਤਿ ਟਿਕਾਉਣੀ ਹੁੰਦੀ ਹੈ। ਦੁਨਿਆਵੀ ਕੰਮਾਂ ਧੰਦਿਆਂ ਵਿਚ ਫਸਿਆਂ ਦੀ ਸੁਰਤੀ ਅੰਤਰ ਆਤਮੇ ਵਿਚ ਘਟ ਹੀ ਟਿਕਦੀ ਹੈ। ਕਈ ਵਾਰੀ ਰੋਟੀ ਖਾ ਰਹੇ ਬੰਦੇ ਨੂੰ ਪੁਛੋ ਲੂਣ ਠੀਕ ਹੈ ਸਬਜ਼ੀ ਵਿਚ ?’ ਤਾਂ ਕਹਿੰਦਾ ਹੇ ਠਹਿਰੋ ਵੇਖ ਕੇ ਦਸਦਾ ਹਾਂ। ਤੇ ਫੇਰ ਬੁਰਕੀ ਖਾ ਕੇ ਕਹਿੰਦਾ ਹੈ "ਓਹੋ, ਲੂਣ ਤਾਂ ਪਾਇਆ ਹੀ ਨਹੀਂ"। ਸੁਰਤ ਕਿਸੇ ਹੋਰ ਪਾਸੇ ਹੋਣ ਕਰਕੇ ਅੱਧੀ ਰੋਟੀ ਬਿਨਾਂ ਲੂਣ ਦੇ ਹੀ ਖਾ ਗਿਆ।ਲੂਣ ਦਾ ਪਤਾ ਹੀ ਨਹੀ ਲੱਗਾ।ਸੁਰਤ ਜੁੜਨ ਤੋਂ ਬਿਨਾ ਕੋਈ ਕੰਮ ਸਹੀ ਨਹੀ ਹੋ ਸਕਦਾ।

ਮਤਿ ਉਸ ਅਵਸਥਾ ਨੂੰ ਕਹਿੰਦੇ ਹਨ ਜਦ ਸੁਰਤੀ ਟਿਕ ਜਾਵੇ, ਮੁੜ ਮੁੜ ਕੇ ਜਿਸ ਵਲ ਸੁਰਤੀ ਦਿਉ ਉਹ ਵਸਤੂ ਸੁਰਤ ਤੋਂ ਅੱਗੇ ਮੱਤ ਵਿਚ ਬੈਠ ਜਾਵੇਗੀ। ਜਦੋਂ ਬੰਦੇ ਨੂੰ ਸਮਝ ਪੈ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਸੁਰਤ ਆਈ ਹੈ।ਜਦੋਂ ਵਸਤੂ ਅੰਦਰ ਬੈਠ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਮੱਤ ਆਈ ਹੈ।ਸੁਰਤੀ ਦਿੰਦਿਆਂ ਦਿੰਦਿਆਂ ਜੋ ਵਸਤੂ ਅੰਦਰ ਬੈਠ ਜਾਵੇ ਉਹ ਮਤ ਵਿਚ ਚਲੀ ਜਾਂਦੀ ਹੈ। ਜਿਵੇਂ ਇਕ ਤੁਕ ਮੁੜ ਮੁੜ ਪੜ੍ਹੀ ਜਾਵੇ ਤਾਂ ਪੰਦਰਾਂ ਵੀਹ ਵਾਰ ਪੜ੍ਹਿਆਂ ਉਹ ਯਾਦ ਹੋ ਜਾਂਦੀ ਹੈ, ਅੰਦਰ ਬੈਠ ਜਾਂਦੀ ਹੈ।ਸੁਰਤ ਤੋਂ ਮੱਤ ਵਿਚ ਚਲੀ ਜਾਂਦੀ

ਮਨਿ ਜਾਂ ਮਨੀਖਾ ਨਿਰਣਾ ਸੁਰਤ ਮੰਡਲ ਦੀ ਤੀਸਰੀ ਸਟੇਜ ਹੈ। ਜਿੱਥੇ ਸੁਰਤੀ ਨਿਰਣਾ ਕਰਦੀ ਹੈ, ਇਹ ਕੌੜਾ ਹੈ ਇਹ ਮਿਠਾ ਹੈ ਇਹ ਨਫਾ ਹੈ ਇਹ ਘਾਟਾ ਹੈ। ਚੰਗੇ ਮਾੜੇ ਦੀ ਪਛਾਣ ਕਰਨ ਵਾਲੀ ਬੁਧੀ ਨੂੰ ਨਿਰਣਾ-ਬੁਧੀ ਕਿਹਾ ਜਾਂਦਾ ਹੈ। ਜੋ ਚੰਗਿਆਈਆਂ-ਬੁਰਿਆਈਆਂ ਦਾ ਨਿਰਣਾ ਕਰਦੀ ਹੈ, ਨਿਰਣਾ ਕਰਨ ਵਾਲੀ ਸੁਰਤ।

ਬੁਧਿ ਉਹ ਸਟੇਜ ਹੈ ਜਿਥੇ ਸੁਰਤ ਨਿਰਣਾ ਕਰਨ ਤੋਂ ਬਾਦ ਬੁਰਾਈ-ਭਲਾਈ ਦੀ ਪਛਾਣ ਕਰਕੇ ਬੁਰਾਈ ਦਾ ਤਿਆਗ ਕਰੇ ਅਤੇ ਚੰਗਿਆਈ ਗ੍ਰiਹਣ ਕਰੇ, ਬੁਰਾਈ ਨੂੰ ਬੁਰਾਈ ਸਮਝ ਕੇ ਅੰਦਰੋਂ ਤਿਆਗ ਦੇਵੇ, ਅਸੀਂ ਇਸ ਤੋਂ ਕੀ ਲੈਣਾ ਹੈ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਰਾਗ ਸੂਹੀ ਛੰਤ ਮ ੧, ਪੰਨਾ ੭੬੫)
ਗੁਣ ਗ੍ਰਹਣਕਾਰੀ ਇਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਲਈ ਅਰਦਾਸ ਹੁੰਦੀ ਹੈ, ਜਿਨ੍ਹਾਂ ਨੂੰ ਦੇਖ ਕੇ ਅਣਡਿਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਆਪਾ ਪਛਾਨਣਾ: ਚਾਰਿ ਪਦਾਰਥ ਜੇ ਕੋ ਮਾਗੈ। ਸਾਧ ਜਨਾ ਕੀ ਸੇਵਾ ਲਾਗੈ{ (ਪੰਨਾ ੨੬੬): ਧਰਮ, ਅਰਥ, ਕਾਮ, ਮੋਕਸ਼

ਆਪਾ ਪਛਾਨਣ ਵਿਚ ਮਾਨਵੀ ਸੰਤਾਪ:
ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ॥
ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੈ ਸੋਗ ਸੰਤਾਪ॥
ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ॥

ਮਨ ਦੀਆਂ ਸਥਿਤੀਆਂ: ਤਮੋਗੁਣ, ਰਜੋਗੁਣ, ਸਤੋਗੁਣ, ਬੁਧੀ, ਆਤਮ ਪਦ, ਤੁਰੀਆ ਪਦ, ਮਿਲਣ ਮਿਟਣ ਅਵਸਥਾ

ਚੰਗਿਆਈਆਂ: ਨਿਸ਼ਕਾਮ ਸੇਵਾ, ਨਿਰਵੈਰਤਾ, ਅਹੰਗਤਾ, ਨਿਰਮਲਤਾ, ਨਿਮਾਣਤਾ, ਬਖਸਣਾ, ਸਰਬਤ ਦਾ ਭਲਾ, ਸਬਰ, ਸੰਤੋਖ ਸ਼ਹਿਣਸ਼ੀਲਤਾ, ਉਪਰਾਮਤਾ, ਇਨਸਾਫ, ਧੀਰਜ, ਗੰਭੀਰਤਾ, ਸੂਰਬੀਰਤਾ, ਆਪਾ ਕੰਟ੍ਰੋਲ, ਹਿੰਮਤ, ਨਿਰਭੈਤਾ, ਕ੍ਰਿਤਘਣਤਾ

ਬਾਣੀ: ਵਰਣਾਤਮਕ- ਪਰਾ, ਪਸ਼ਯੰਤੀ, ਮਾਧਿਅਮਾ, ਬੈਖਰੀ- ਤ੍ਰੈਗੁਣੀ-ਪਉਣ ਦੀ ਬਾਣੀ ਜਾਂ ਤਤਾਂ ਦੀ ਬਾਣੀ (ਬ੍ਰਹਮ ਜੰਜਾਲ)
ਧੁਨਾਤਮਕ- ਚੌਥੇ ਪਦ ਦੀ ਬਾਣੀ-ਸਾਚੀ ਬਾਣੀ, ਬਾਣੀ ਨਿਰੰਕਾਰ, ਸਹਿਜ ਕਥਾ, ਸਬਦ ਸੋਹਿਲਾ, ਅੰਮ੍ਰਿਤ ਬਾਣੀ, ਅਨਹਦ ਬਾਣੀ- ਸਾਰ ਜਾਂ ਪਾਰਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ-ਗੁਰੂ ਜੋਤਿ ਸਰੂਪ ਹੋਣ ਕਰਕੇ ਤ੍ਰੈਗੁਣਾਂ ਤੋਂ ਉਪਰ ਚਉਥੇ ਪਦ ਵਿਚ ਵਿਚਰਦਾ ਹੈ। ਇਹ ਬਾਣੀ ਚਉਥੇ ਪਦ ਵਿਚੋਂ ਵਿਚਰਦੀ ਹੈ।

ਆਪਾ ਬਾਣੀ ਨਾਲ ਜੋੜਨਾ: ਬਾਣੀ ਸੁਣਨਾ, ਬਾਣੀ ਮਨਨ ਵਿਚਾਰਨ, ਭਉ, ਭਾਉ, ਨਿਸ਼ਚਾ, ਗਿਆਨ, ਕੁਰਬਾਨੀ, ਆਪਾ ਅਰਪਣ

ਨਾਮ ਜਪਣ ਨਾਲ ਪ੍ਰਾਪਤੀਆਂ: ਨਿਧਿ, ਰਿਧਿ, ਸਿਧਿ, ਸਹਜ ਅਵਸਥਾ, ਅਨਭਉ ਪ੍ਰਕਾਸ

ਮਨ- ਵਿਚਾਰਾਂ ਦਾ ਜਮਾ ਜੋੜ: ਵਿਚਾਰ- ਪ੍ਰਾਪਤੀ ਦੀਆ ਤਾਂਘਾਂ: ਤਾਂਘਾਂ-ਦੁਨਿਆਬੀ ਇਛਾਵਾਂ ਦੀਆਂ ਪ੍ਰਾਪਤੀਆਂ, ਆਦਤਾਂ, ਤ੍ਰਿਸ਼ਾਂਨਾਵਾਂ, ਮਾਇਆ ਦੀ ਉਲਝਾਹਟ: ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ॥ (ਪੰਨਾ ੩੨੧)

ਭਗਤੀ ਦੀਆ ਪਉੜੀਆਂ : ਭਉ, ਭਾਉ, ਵੈਰਾਗ, ਬ੍ਰਿਹਾ, ਵਿਵੇਕ, ਬੁਧੀ, ਸਹਿਜ ਅਵਸਥਾ. ਹਜ਼ੂਰੀ

ਸੁਰਤਿ ਸ਼ਬਦ ਸੰਯੋਗ

ਸਿਖ ਚਿੰਤਨ ਵਿਚ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ ਅਰਥਾਤ ਸ਼ਬਦ-ਸੁਰਤਿ ਜਾਂ ਸੁਰਤਿ-ਸ਼ਬਦ ਵਜੋਂ ਤੇ ਦੋਹਾਂ ਰੂਪਾਂ ਵਿਚ ਵਰਤਿਆ ਗਿਆ ਹੈ।
ਸੁਰਤਿ-ਸ਼ਬਦ ਵਧੇਰੇ ਕਰਕੇ ਜੋਗੀਆਂ ਦੇ ਸੰਦਰਭ ਵਿਚ ਆਇਆ ਹੈ ਜਿਥੇ ਜ਼ੋਰ ਸੁਰਤਿ ਨੂੰ ਸ਼ਬਦ ਰੂਪ ਵਿਚ ਬਦਲਣ ਉਤੇ ਹੈ ਜਾਂ ਅੰਤਰਿ ਧੁਨੀ ਜਗਾਉਣ ਉਪਰ:

ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ। (ਮ: ੧, ਪੰਨਾ ੧੩੨੨)
ਖਟੁ ਮਟੁ ਦੇਹੀ ਮਨੁ ਬੈਰਾਗੀ ਸੁਰਤਿ ਧੁਨਿ ਅੰਤਰਿ ਜਾਗੀ। (ਮ:੧, ਪੰਨਾ ੯੦੩)
ਜਿਥੇ ਅਵਰੁ ਕਿ ਕਰੀ ਵੀਚਾਰੁ॥ਸਬਦ-ਸੁਰਤਿ ਸੁਖੁ ਉਪਜੈ ਪ੍ਰਭੁ ਰਾਤਉ ਸੁਖ ਸਾਰੁ॥ (ਮ:੧, ਪੰਨਾ ੬੨)

ਗੁਰਮਤਿ ਵਿਚ ਗੁਰਮੁਖ ਸੁਰਤਿ ਸ਼ਬਦ ਨਾਲ ਜੋੜ ਕੇ ਹਿਰਦੇ ਦੀਆ ਭਾਵਨਾਵਾਂ ਤੋਂ ਅਪਣੇ ਆਪ ਨੂੰ ਨਿਰਾਲਾ ਅਤੇ ਪਾਕ-ਸਾਫ ਕਰ ਲੈਂਦਾ ਹੈ।ਇਹ ਪਧਰ ਨਿਰੋਲ ਰਹਸਮਈ ਹੈ।ਜਦ ਤਕ ਸੁਰਤਿ ਦਾ ਸਬੰਧ ਸਰੀਰ ਨਾਲ ਹੈ, ਤਦ ਤਕ ਇਛਾਵਾਂ ਰੁਕਾਵਟਾਂ ਪਾਉਂਦੀਆਂ ਹਨ। ਸਾਧਨਾ ਵਿਚ ਜਦੋਂ ਗੁਰੂ ਸ਼ਬਦ ਅਤੇ ਸਿਖ ਸੁਰਤਿ ਰੂਪ ਵਿਚ ਪਰਗਟ ਹੋ ਜਾਂਦੇ ਹਨ ਤਾਂ ਸ਼ਬਦ-ਸੁਰਤਿ ਦਾ ਮਾਰਗ ਖੁਲ੍ਹ ਜਾਦਾ ਹੈ। ਇਹ ਸਬੰਧ ਸੂਖਮ ਹੈ। ਇਥੇ ਸੁਰਤਿ ਦਾ ਸਬੰਧ ਬਾਹਰਮੁਖੀ ਇੰਦਰੀਆਂ ਨਾਲੋਂ ਟੁਟ ਜਾਦਾ ਹੈ ਅਤੇ ਇਹ ਨਿਰੋਲ ਅੰਤਰਮੁਖੀ ਹੋ ਜਾਂਦਾ ਹੈ। ਇਸੇ ਸੁਰਤਿ ਨੂੰ ਬਲਵਾਨ ਕਰਨਾ ਹੁੰਦਾ ਹੈ। ਬਲਵਾਨ ਸੁਰਤਿ ਦੇ ਸਨਮੁਖ, ਮਨ-ਇਛਾਵਾਂ ਦੀਆਂ ਚਿਤਬ੍ਰਿਤੀਆਂ ਹੀਣੀਆਂ ਅਤੇ ਨੀਵੀਆਂ ਹਨ। ਸਿਖੀ ਅਸਲ ਵਿਚ ਸੁਰਤਿ ਨੂੰ ਬਲਵਾਨ ਕਰਨ ਦੀ ਸਾਧਨਾ ਦਾ ਨਾਮ ਹੈ।

ਸਿਖੀ ਹੈ ਬਲਵਾਨ ਕਰਨਾ ਸੁਰਤਿ ਨੂੰ॥ ਚੜ੍ਹਦੀ ਕਲਾ ਨਿਵਾਸ ਸਦ ਹੀ ਰਖਣਾ॥ (ਭਾਈ ਵੀਰ ਸਿੰਘ, ਰਾਣਾ ਸੂਰਤ ਸਿੰਘ)

ਸੁਰਤਿ ਨੂੰ ਘੜਣ, ਸੰਵਾਰਨ ਅਤੇ ਬਲਵਾਨ ਕਰਨ ਵਿਚ ਭੂਮਿਕਾ ਗੁਰੂ ਦੀ ਹੁੰਦੀ ਹੈ। ਗੁਰੂ ਤੋਂ ਬਿਨਾ ਨਾ ਸੁਰਤਿ ਸਿਧਿ ਪ੍ਰਾਪਤ ਕਰ ਸਕਦੀ ਹੈ ਅਤੇ ਨਾ ਹੀ ਦੁਨਿਆਵੀ ਖਿਚਾਂ ਤੇ ਇਛਾਵਾਂ ਤੋਂ ਮੁਕਤ ਹੋ ਸਕਦੀ ਹੈ। ਗੁਰੂ ਹਰ ਤਰ੍ਹਾਂ ਦੀਆਂ ਤੁਛ ਬਿਰਤੀਆਂ ਤੋਂ ਬੰਦ ਖਲਾਸੀ ਕਰਵਾ ਕੇ ਸਵਛ ਬਿਰਤੀਆਂ ਨਾਲ ਸਿਖ ਨੁੰ ਜੋੜਦਾ ਹੈ।

ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥ ੨ ॥ (ਮ ੩, ਪੰਨਾ ੯੪)

ਸੁਰਤਿ ਦੀ ਇਸ ਸਾਂਝ ਨਾਲ ਹੀ ਜਗਿਆਸੂ ਗੁਰੂ ਨਾਲ ਜੁੜਦਾ ਹੈ। ਗੁਰੂ ਤਾਂ ਇਕੋ ਗਲ ਪੁਛਦਾ ਹੈ ਕਿ ਤੇਰੀ ਸੁਰਤਿ ਕਿਸ ਪਧਰ ਤੇ ਹੈ ਅਤੇ ਕਿਥੇ ਹੈ। (ਪੂਰਨ ਸਿੰਘ (ਪ੍ਰੋ), ਸਪਿਰਿਟ ਬਾਰਨ ਪੀਪਲ , ਪੰਨਾ ੧੦੧)

ਸੁਰਤਿ ਦਾ ਉਪਰੋਕਤ ਪਧਰ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਹੀ ਪ੍ਰਾਪਤ ਹੁੰਦਾ ਹੈ ਅਤੇ ਰਹਸਾਤਮਕ ਧਰਾਤਲ ਉਪਰ ਸ਼ਬਦ ਹੀ ਗੁਰੂ ਹੈ। ਹਰ ਜੀਵ ਦੇ ਅੰਦਰ ਸ਼ਬਦ ਵਿਦਵਾਨ ਹੈ। ਸੁਰਤਿ ਵੀ ਜੀਵ ਅੰਦਰ ਹੀ ਹੈ। ਸੁਰਤਿ ਵਿਹੂਣਾ ਕੋਈ ਵੀ ਜੀਵ ਨਹੀ ਹੋ ਸਕਦਾ । ਫਰਕ ਏਨਾ ਹੈ ਕਿ ਮਨਮੁਖਾਂ ਦੀ ਸੁਰਤਿ ਆਕਾਰਾਂ-ਵਕਾਰਾਂ-ਵਿਚਾਰਾਂ ਵਿਚ ਲਗੀ ਹੋਈ ਹੈ ਅਤੇ ਗੁਰਮੁਖ ਗੁਰੂ ਕਿਰਪਾ ਰਾਹੀਂ ਆਪਣੀ ਸੁਰਤਿ ਨੂੰ ਬਾਹਰਮੁਖਤਾ ਵਿਚੋਂ ਕਢ ਕੇ ਅੰਤਰਮੁਖਤਾ ਨਾਲ ਜੋੜ ਲੈਂਦੇ ਹਨ।

ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥ ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥ ੧ ॥ (ਸਿਰੀਰਾਗੁ ਮਹਲਾ ੧ ਪੰਨਾ ੨੪-੨੫)

ਸੁਰਤਿ ਦੇ ਇਸ ਪਧਰ ਕਰਕੇ ਮਨਮੁਖ ਮਨ ਦੇ ਪਿਛੇ ਲਗੇ ਹੋਏ ਹਨ ਅਤੇ ਉਨ੍ਹਾਂ ਦੇ ਅੰਦਰ ਹਉਮੈਂ ਦੀਆਂ ਲਹਿਰਾਂ ਨੇ ਸ਼ੋਰ ਮਚਾਇਆ ਹੋਇਆ ਹੈ।ਗੁਰਮੁਖ ਹਉਮੈਂ ਨੂੰ ਮਾਰ ਕੇ ਅੰਦਰ ਚੁਪ ਵਰਤਾ ਲੈਂਦੇ ਹਨ ਅਤੇ ਇਸ ਚੁਪ ਵਿਚ ਸੁਰਤਿ ਸ਼ਬਦ ਨਾਲ ਅਭੇਦ ਹੋ ਜਾਂਦੀ ਹੈ। ਗੁਰੁ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਿਹੋ ਜਿਹੀ ਸੁਰਤ ਹੁੰਦੀ ਹੈ ਤੇਹੋ ਜਿਹਾ ਉਹ ਰਾਹ ਫੜ ਲੈਂਦੇ ਹਨ:

ਜੇਹੀ ਸੁਰਤਿ ਤੇਹਾ ਤਿਨ ਰਾਹੁ। (ਸਿਰੀ ਰਾਗ ਮ: ੧, ਪੰਨਾ ੨੫)

ਜੋ ਦਿਨ ਰਾਤ ਸੁਰਤ ਤੋਂ ਬਾਝ ਰਹਿੰਦਾ ਹੈ ਉਸ ਲਈ ਘੁਪ ਹਨੇਰਾ ਤੇ ਚਾਨਣ ਇਕੋ ਜਿਹੇ ਹਨ ਭਾਵ ਗਿਆਨ ਵਿਹੂਣਾ ਹੈ ਜੋ ਇਨ੍ਹਾਂ ਦੋਹਾਂ ਵਿਚਕਾਰ ਭੇਦ ਨਹੀਂ ਕਰ ਸਕਦਾ।

ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅੰਧੇਰਾ ਘੁਪਾ॥

ਸੁਭਾਉ ਤੇ ਸੁਰਤੀ ਵਿਚ ਅੰਤਰ ਹੈ। ਸਾਨੂੰ ਬਚਪਨ ਤੋਂ ਜੋ ਸਿਖਾਇਆ ਜਾਂਦਾ ਹੈ ਉਹ ਸੁਭਾਉ ਬਦਲਣ ਵਿਚ ਮਦਦ ਕਰਦਾ ਹੈ।ਆਹ ਚੰਗਾ ਹੈ ਆਹ ਮਾੜਾ ਹੈ ਆਹ ਕਰਨਾ ਹੈ ਆਹ ਨਹੀਂ ਕਰਨਾ।ਦਿਮਾਗੀ ਸਮਝ ਭਰ ਕੇ ਸੁਭਾਉ ਬਣਾਇਆ ਜਾਂਦਾ ਹੈ।ਦੁਨੀਆਂ ਤੋਂ ਮਿਲੇ ਸੁਭਾ ਸਦਕਾ ਅਸੀਂ ਚੰਗਾ ਮੰਦਾ ਪਰਖਦੇ ਹਾਂ।ਪਰ ਸੁਭਾਉ ਬਦਲਣਦੀ ਨਹੀਂ ਗਲ ਸੁਰਤੀ ਬਦਲਣ ਦੀ ਹੈ। ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ। ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ ਪਵਿਤਰ ਕਰਦਾ ਹੈ ।

ਸ਼ਬਦ ਸੁਰਤਿ ਸੰਯੋਗ ਦੀ ਵਿਆਖਿਆ ‘ਸਿਧ ਗੋਸ਼ਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਨ-ਉਤਰ ਵਿਚ ਕੀਤੀ ਹੈ:

ਪ੍ਰਸ਼ਨ- ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥

ਉਤਰ-ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥ ੪੩ ॥ ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥ ੪੪ ॥ (ਪੰਨਾ ੯੪੨-੯੪੩)

ਮਨ ਹੀ ਮੂਲ ਲਗਨ ਹੈ ਜੋ ਪਵਨ ਤੋਂ ਸ਼ੁਰੂ ਹੋ ਕੇ ਸਤਿਗੁਰੂ ਦੀ ਦਿਤੀ ਮਤ ਅਨੁਸਾਰ ਗਤੀ ਫੜਦਾ ਹੈ। ਗੁਰੁ ਸ਼ਬਦ ਰੂਪ ਵਿਚ ਹੁੰਦਾ ਹੈ ਜਿਸ ਦਾ ਚੇਲਾ ਸੁਰਤਿ ਬਣਦੀ ਹੈ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸਿਧਿ ਗੋਸਟਿ, ਮ:੧, ਪੰਨਾ ੯੪੨)

ਇਹ ਸ਼ਬਦ ਨੂੰ ਬੁਝ ਕੇ ਅੰਤਰਿ ਮਨ ਵਿਚ ਪਰਮ ਜੋਤਿ ਦੇ ਦਿਗ ਦਰਸ਼ਨ ਕਰਨ ਦਾ ਨਾਮ ਹੈ। ਹਜ਼ਾਰੀ ਪ੍ਰਸਾਦਿ ਤ੍ਰਿਵੇਦੀ (ਡਾ: ) ਕਬੀਰ ਪੰਨਾ ੪੪) ਪੁਰਸ਼ (ਆਤਮਾ) ਪ੍ਰਕ੍ਰਿਤੀ (ਮਾਇਆ) ਦੇ ਸੰਯੋਗ ਦਾ ਸਕਾਰਾਤਮਕ ਰਵਈਆ ਹੈ ਜਿਸ ਵਿਚ ਹਉਮੈਂ ਤੇ ਭੌਤਿਕ ਤ੍ਰਿਸ਼ਨਾਵਾਂ ਦੀ ਕੰਧ ਢਾਹੁਣ ਦੀ ਲੋੜ ਹੈ। ਸ਼ਬਦ-ਸੁਰਤਿ-ਸੰਯੋਗ- ਵਿਚ ਸੁਰਤਿ ਨਾਲ ਜੋੜਣਾ ਹੈ।ਇਵੇਂ ਇਥੇ ਮਨ ਮਾਰਨ ਦੀ ਥਾਂ ਦਿਸ਼ਾ ਪਰਿਵਰਤਨ ਦੀ ਲੋੜ ਹੈ। ਮਨ ਦੀ ਟੇਕ ਜਾਂ ਢਾਰਸ ‘ਗੁਰ-ਸ਼ਬਦ ਹੈ ਜੋ ਇਸ ਨੂੰ ਡੋਲਣ ਤੋਂ ਬਚਾਉਂਦਾ ਹੈ। ਟਿਕਾਉ ਵਿਚ ਆਏ ਮਨ ਦੇ ਸਾਰੇ ਸੰਸੇ ਖਤਮ ਹੋ ਜਾਂਦੇ ਹਨ। ਇਹ ‘ਏਕਸ ਸਿਉ ਚਿਤਿ ਲਾਇ’ ਦਾ ਰਹਸ ਹੈ। ਨਾਮ ਸਿਮਰਨ ਤੇ ਗੁਰ-ਕ੍ਰਿਪਾ ਜ਼ਰੂਰੀ ਹਨ। ਯੋਗ ਦਾ ਸਥਲ ਸਤਿਸੰਗਤ ਹੈ ਜਿਥੇ ਸ਼ਬਦ ਨਾਲ ਜੁੜੀਦਾ ਹੈ, ਸ਼ਬਦ ਦੀ ਵੀਚਾਰ ਕਰੀਦੀ ਹੈ।ਇਥੇ ਹੀ ਗੁਰ-ਕ੍ਰਿਪਾ ਦੁਆਰਾ ਤ੍ਰੈਕੁਟੀ ਛੁਟਦੀ ਹੈ ਅਤੇ ਜਗਿਆਸੂ ਚਉਥੇ ਪਦ ਵਿਚ ਪ੍ਰਵੇਸ਼ ਹੁੰਦਾ ਹੈ।

ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥ ੧੪ ॥ ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥ ੧੫ ॥ ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥ ੧੬ ॥ ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥ ੧੭ ॥ ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥ ੧੮ ॥ ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥ ੧੯ ॥ ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥ ੨੦ ॥ ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥ ੨੧ ॥ ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥ ੨੨ ॥ ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥ ੨੩ ॥ ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥ ੨੪ ॥ ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥ ੨੫ ॥ ੯ ॥ (ਪੰਨਾ ੯੦੮)

ਸ਼ਬਦ ਸੁਰਤਿ ਸੰਜੋਗ ਉਹ ਕਾਰਗਰ ਸਾਧਨ ਹੈ ਜਿਸ ਵਿਚ ਪਰਮ ਸਤਿ ਦੀ ਅਭੇਦਤਾ ਦੀਆਂ ਸਾਰੀਆਂ ਸੰਭਾਵਨਾਵਾਂ ਹਨ। ਸ਼ਬਦ ਸੁਰਤਿ ਸੰਯੋਗ ਨਾਮ ਸਿਮਰਨ ਤੇ ਗੁਰੁ ਕਿਰਪਾ ਰਾਹੀਂ ਪੂਰਾ ਹੁੰਦਾ ਹੈ।ਇਸ ਦਾ ਰਹਸ਼ ‘ਬਿਨ ਸਤਿਗੁਰ ਸੇਵੇ ਜੋਗੁ ਨ ਹੋਈ॥’ ਅਤੇ ਬਿਨ ਸਤਿਗੁਰਿ ਭੇਟੇ ਮੁਕਤਿ ਨ ਕੋਈ॥’ ਵਿਚ ਲੁਪਿਤ ਹੈ। ਸ਼ਬਦ-ਸਰਤਿ ਸੰਯੋਗ ਕਾਇਆ ਨਗਰ ਦੀ ਖੋਜ ਰਾਹੀਂ ਅੰਤਰੀਵ ਨਾਲ ਕੇਂਦਰਿਤ ਹੋਣ ਦੀ ਸ਼ਬਦ ਜੁਗਤਿ ਹੈ। ਸਾਧਨਾ ਦੀਆਂ ਪਰਤਾਂ ਕਾਇਆ ਨਗਰੀ ਦੀ ਖੋਜ ਅਤੇ ਅੰਤਹਕਰਣ ਦੀ ਸ਼ੁਧੀ ਵਿਚ ਖੁਲ੍ਹਦੀਆਂ ਹਨ।( ਕੰਗ, ੨੦੦੫, ਪੰਨਾ ੧੯੮)

ਧੁਨਿ

ਸੁਰਤਿ ਸ਼ਬਦ ਦਾ ਜੁੜਣਾ ਨਾਮ ਅਭਿਆਸ ਦੀ ਸਫਲਤਾ ਹੈ ਇਸ ਨੂੰ ਧੁਨਿ ਵੀ ਕਿਹਾ ਜਾਂਦਾ ਹੈ, ਧੁਨਿ ਦਾ ਭਾਵ ਨਿਰੰਤਰਤਾ ਅਤੇ ਪਰਪਕਤਾ ਹੈ।ਇਕ ਸਿਮਰਨ ਦੂਜਾ ਧਿਆਨ ਇਸ ਦੇ ਦੋ ਪਹਿਲੂ ਹਨ।ਸਿਮਰਨ ਨਾਮ ਅਭਿਆਸ ਹੈ ਤੇ ਧਿਆਨ ਮਨ ਦੀ ਇਕਾਗਰਤਾ। ਸਿਮਰਨ ਤਦ ਮੁਕੰਮਲ ਹੁੰਦਾ ਹੈ ਜਦ ਧਿਆਨ ਕਾਇਮ ਹੋ ਜਾਵੇ ਤੇ ਫਿਰ ਧਿਆਨ ਪਰਪਕ ਹੁੰਦਾ ਹੈ ਜਦੋਂ ਹਿਰਦੇ ਅੰਦਰੋਂ ਧੁਨਿ ਪੈਦਾ ਹੁੰਦੀ ਹੈ, ਇਸ ਧੁਨਿ ਨੂੰ ਗੁਰਬਾਣੀ ਵਿਚ ਨਾਮ ਧੁਨਿ, ਸਹਿਜ ਧੁਨਿ, ਸ਼ਬਦ ਧੁਨਿ ਅਤੇ ਅਨਹਦ ਧੁਨਿ ਨਾਵਾਂ ਨਾਲ ਬਿਅਨਿਆਂ ਹੈ। (ਕੰਗ, ੨੦੦੫, ਪੰਨਾ ੨੧੩)

ਧੁਨਿ ਨਾਮ ਅਭਿਆਸ ਦਾ ਹੀ ਸੂਖਮ ਰੂਪ ਹੈ ਅਤੇ ਇਥੇ ਪਹੁੰਚ ਕੇ ਨਾਮ ਮੰਨੈ (ਜਪ, ਸਿਮਰਨ, ਚਿੰਤਨ, ਧਿਆਨ, ਅਰਾਧਨਾ) ਦਾ ਵਿਸ਼ਾ ਨਹੀਂ ਰਹਿ ਜਾਂਦਾ ਸਗੋਂ ਸੁਣਿਐ ਦਾ ਵਿਸ਼ਾ ਬਣ ਜਾਂਦਾ ਹੈ। (ਜਪੁਜੀ ਪਉਵੀ ੮-੧੧ ਵਿਚ ਇਸ ਦਾ ਵਿਸਥਾਰ ਹੈ)। ਇਸ ਅਵਸਥਾ ਵਿਚ ਨਾਮ ਸੁਰਤਿ ਵਿਚ ਵਸ ਜਾਦਾ ਹੈ ਅਤੇ ਜਗਿਆਸੂ ਦi ਸੁਰਤਿ ਜਾਗ੍ਰਿਤ ਹੋ ਕੇ ਅੰਤਰੀਵ ਸ਼ਬਦ ਨੂੰ ਸੁਣਨ ਲਗ ਪੈਂਦੀ ਹੈ।ਜਿਵੇਂਸਥੂਲ ਸਰੀਰ (ਅੰਨਮਈ ਕੋਸ਼) ਤੋਂ ਸੂਖਮ ਸਰੀਰ (ਅਨੰਦਮਈ ਕੋਸ਼) ਵਲ ਜਾਣਾ ਦੁਰਗਮ ਅਮਲ ਹੈ, ਇਵੇਂ ਬੈਖਰੀ ਨਾਮ ਦਾ ਪਰਾ ਨਾਮ ਵਿਚ ਪੁਜਣਾ ਅਜਿਹਾ ਹੀ ਅਮਲ ਹੈ।(ਕੋਹਲੀ, ਜੂਨ ੧੯੯੦, ਪੰਨਾ ੧੮) ਸੁਰਿੰਦਰ ਸਿੰਘ ਕੋਹਲੀ (ਡਾ) ‘ਨਾਮ ਕੀ, ਕਿਉਂ, ਕਿਵੇਂ ਤੇ ਕਿਹੜਾ’ ਨਾਨਕ ਪ੍ਰਕਾਸ਼ ਪਤ੍ਰਿਕਾ , ਜੂਨ ੧੯੯੯, ਪੰਨਾ ੧੮) ਜੋਗੀਆਂ ਦੀ ਸਾਦਨਾਪ੍ਰਾਣਮਈ ਕੋਸ਼ ਤਕ ਹੀ ਹੈ, ਸੁਰਤਿ ਸ਼ਬਦ ਸੰਯੋਗ ਦੀ ਅਵਸਥਾ ਇਸ ਤੋਂ ਅਗਲੇਰੀ ਹੈ।ਸ਼ਬਦ–ਧੁਨਿ ਦੇ ਪੈਦਾ ਹੋਣ ਨਾਲ ਪਵਨਪਤੀ ਮਨ ਦਾ ਵਾਸਾ ਉਨਮਨ (ਸਹਿਜ ਅਵਸਥਾ) ਵਿਚ ਹੋ ਜਾਂਦਾ ਹੈ।ਇਹ ਇਕਰਸ ਨਿਰੰਤਰਤਾ ਦੀ ਅਵਸਥਾ ਹੈ। ਇਥੇ ਨਾ ਮੌਤ, ਨਾ ਜਨਮ ਨਾ ਬੁਢੇਪਾ ਹੈ।ਇਹ ਸਾਧਨਾ ਦਾ ਨਿਰੋਲ ਸੂਖਮ ਪਖ ਹੈ।

ਪਵਨ ਪਤਿ ਉਨਮਨਿ ਰਹਨ ਖਰਾ॥ ਨਹੀ ਮਿਰਤੁ ਨ ਜਨਮ ਜਰਾ॥ ( ਰਾਮਕਲੀ ਕਬੀਰ, ਪੰਨਾ ੯੭੨)

ਕਿਉਂਕਿ ਸਬਦ ਧੁਨਿ ਉਦੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਗਿਆਨ ਅਤੇ ਧਿਆਨ ਧੁਨਿ ਵਿਚੋਂ ਹੀ ਪਾਇਆ ਜਾਂਦਾ ਹੈ ਜਿਸ ਦੀ ਪੁਸ਼ਟੀ ‘ਗਿਆਨ ਧਿਆਨ ਧੁਨਿ ਜਾਣੀਐ (ਸਿਰੀ ਰਾਗ ਮ:੧, ਪੰਨਾ ੫੯) ਰਾਹੀਂ ਹੁੰਦੀ ਹੈ। ਸੋ ਇਵੇਂ ਸਾਧਨਾ ਵਿਚ ਨਾਮ-ਧੁਨਿ ਸੁਰਤਿ ਸ਼ਬਦ ਦੇ ਮਿਲਾਪ ਵਿਚੋਂ ਪੈਦਾ ਹੋਣ ਵਾਲ ਅਨੁਭਵ ਹੈ। ਇਸ ਅਵਸਥਾ ਦਾ ਸਥਲ ਸਾਧਸੰਗਤ ਹੈ।

ਸ਼ਬਦ ਸੁਰਤਿ ਸੰਯੋਗ ਲਈ ਸ਼ਬਦ ਦੀ ਘਾੜਤ ਵੇਲੇ ਸੁਰਤਿ ਦਾ ਵਿਸ਼ੇਸ਼ ਮਹਤਵ ਹੈ ਜੋ ਜਪੁਜੀ ਦੀ ੩੮ਵੀਂ ਪਉੜੀ ਵਿਚ ਦਰਸਾਇਆ ਗਿਆ ਹੈ:

ਜਤ ਪਾਹਾਰਾ ਧੀਰਜ ਸੁਨਿਆਰ।

ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।iਵਿਚਾਰ ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ ਲਰੀ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।

ਅੰਤਰਗਤਿ ਤੀਰਥ ਮਲ ਨਾਉ॥

ਮਨ ਦੀ ਮੈਲ ਲਾਹੁਣੀ ਸਭ ਤੋਂ ਜ਼ਰੂਰੀ ਹੈ ਮਨ ਨੂੰ ਸੁਚਾ ਕਰਨ ਲਈ।ਇਹ ਮੈਲ ਤਾਂ ਸਿਮਰਨ ਨਾਲ ਹੀ ਉਤਰਦੀ ਹੈ। ਸਚ ਨਾਲ ਜੁੜ ਕੇ ਸੁਚ ਪ੍ਰਾਪਤ ਹੁੰਦੀ ਹੈ ਤੇ ਸਚ ਨਾਲ ਜੁੜਣ ਲਈ ਸ਼ਬਦ ਦਾ ਸਿਮਰਨ ਜ਼ਰੂਰੀ ਹੈ।

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ ਨਾਨਕ ਏਕੋ ਜਾਣੈ ॥ ੬੯ ॥ ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥ ੭੦ ॥ ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥ ੭੧ ॥ ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥ ੭੨ ॥

ਅਹਿਰਣ ਮਤਿ ਵੇਦ ਹਥਿਆਰ॥

ਅਪਣੀ ਮਤਿ ਨੂੰ ਅਹਿਰਣ ਬਣਾਉਣਾ ਹੈ ਤੇ ਉਸ ਉਪਰ ਸ਼ਬਦ ਦਾ ਹਥੌੜਾ ਵਰਤਣਾ ਹੈ। ‘ਵਾਹਿਗੁਰੂ, ਵਾਹਿਗੁਰੂ’ ਕਰਦੇ ਜਾਉ ਤਾਂ ਦੁਨੀਆਂ ਦੀ ਖਿਚ, ਕਾਮ ਕ੍ਰੋਧ, ਲੋਭ ਮੋਹ ਅਹੰਕਾਰ ਦੀ ਖਿਚ ਮਰ ਜਾਵੇਗੀ ਤੇ ਪਰਮਾਤਮਾਂ ਦੀ ਖਿਚ ਪੈਣ ਲਗ ਜਾਵੇਗੀ। ਇਸ ਖਿਚ ਨੂੰ ਹੋਰ ਪੀਡਾ ਕਰਨ ਲਈ ਖਰਾ ਕਰਨਾ ਹੈ ਜਿਸ ਲਈ ਤਪ ਜ਼ਰੂਰੀ ਹੈ। ਪਰਮਾਤਮਾ ਦਾ ਭਉ ਦੇ ਕੇ ਸੁਰਤੀ ਦੇ ਬਚੇ ਨੂੰ ਉਸ ਵਲ ਜੋੜੀ ਰਖਣਾ ਹੈ।

ਭਉ ਖਲਾ ਅਗਨ ਤਪ ਤਾਉ॥

ਸ਼ਬਦ ਦੇ ਹਥੌੜੇ ਨਾਲ ਨਾਮ ਜਪਦੇ ਜਪਦੇ ਪਖੇ ਦੀ ਹਵਾ ਨਾਲ ਉਸ ਨਾਲ ਜੁੜਣ ਦੀ ਅਗ ਨੂੰ ਤਪਾਈ ਜਾਣਾ ਹੈ, ਉਸ ਵਲ ਖਿਚ ਵਧਾਈ ਜਾਣਾ ਹੈ।ਉਸ ਸੁਰਤੀ ਜਿਸ ਵਿਚੋਂ ਤਪ ਨਾਲ ਮੈਲ ਨਿਕਲ ਗਈ ਉਹ ਸੁਚੀ ਹੋ ਗਈ। ਇਹੋ ਸੁਚੀ ਆਤਮਾ ਪਰਮਾਤਮਾ ਦੇ ਵਾਸੇ ਲਈ ਉਤਮ ਹੁੰਦੀ ਹੈ।

ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥

ਜਦ ਮਨ ਵਿਚ ਪ੍ਰਮਾਤਮਾ ਪ੍ਰਾਪਤੀ ਦੀ ਇਛਾ ਜਾਗਦੀ ਹੈ ਅਤੇ ਪਵਨ ਦੀ ਧਾਰਾ ਅੰਦਰ ਨੂੰ ਗਤੀ ਕਰਨ ਲਗ ਪੈਂਦੀ ਹੈ। ਇੰਦਰੀਆਂ ਅੰਦਰਮੁਖੀ ਹੋਣ ਲਗ ਪੈਂਦੀਆਂ ਹਨ ਉਸ ਵੇਲੇ ਸੁਖਮਨਾ ਧਾਰਾ ਵਿਚ ਅਪਣੇ ਅਰਥ ਵਿਚ ਜਾਗਿਆ ਹੋਇਆ ਸ਼ਬਦ ਸੁਰਤ ਨੂੰ ਅਪਣੇ ਪਿਛੇ ਖਿਚ ਲੈਂਦਾ ਹੈ। ਸ਼ਬਦ ਵਿਚ ਸੁਰਤਿ ਲੀਨ ਹੋਣ ਲਗ ਪੈਂਦੀ ਹੈ ਸ਼ਬਦ ਤੇ ਸੁਰਤਿ ਦੇ ਸੁਮੇਲ ਸਦਕਾ ਸਾਧਕ ਪਰਮ ਤਤ ਨੂੰ ਪ੍ਰਾਪਤ ਕਰਕੇ ਮੁਕਤ ਹੋ ਜਾਂਦਾ ਹੈ।

ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ। ਇਸੁ ਮਟਕੀ ਮਹਿ ਸਬਦੁ ਸੰਜੋਈ।
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ। ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ। (ਆਸਾ ਕਬੀਰ ਪੰਨਾ ੪੭੮)

ਸ਼ਬਦ ਸੁਰਤ ਦਾ ਸੰਗਮ ਆਸਾਨ ਕੰਮ ਨਹੀਂ ਕਿਉਂਕਿ ਸ਼ਬਦ ਦੀ ਰਚਨਾ ਪਰਮਾਤਮਾ ਦੀ ਭਾਵਨਾ ਤੇ ਧਿਆਨ ਤੋਂ ਬਿਨਾ ਸੰਭਵ ਨਹੀਂ ਦੂਜੇ ਮਨ ਵੀ ਇੰਦਰਿਆਂ ਨਾਲ ਬੰਨਿਆਂ ਹੋਣ ਕਰਕੇ ਖਾਸ ਕਰਕੇ ਜੀਭ ਨਾਲ ਜੁੜੇ ਹੋਣ ਕਰਕੇ ਪੂਰੀ ਗਤੀ ਨਹੀਂ ਫੜਦਾ। ਤੀਜੇ ਪ੍ਰਾਣਾਂ ਦੀ ਧਾਰਾ ਦਾ ਵੇਗ ਬਾਹਰ ਦੇ ਵਿਸ਼ਿਆਂ ਵਲ ਜ਼ਿਆਦਾ ਅਹੁਲਦਾ ਹੈ।ਇਸ ਲਈ ਮਨ ਨੂੰ ਇੰਦਰੀਆਂ ਤੋਂ ੳਪਰ ਉਠਣਾ ਹੈ ਤੇ ਬਾਹਰ ਦੇ ਵਿਸ਼ਿਆਂ ਵਲ ਜਾਣੋਂ ਪੂਰੀ ਤਰ੍ਹਾਂ ਕਾਬੂ ਕਰਨਾ ਹੈ।ਇਸ ਦਾ ਭਾਵ ਸੁਰਤ ਨੂੰ ਸਾਰੇ ਬੰਧਨਾਂ ਤੋਂ ਮੁਕਤ ਰਖਣਾ ਹੈ।ਬਾਹਰਮੁਖੀ ਪ੍ਰਭਾਵਾਂ ਤੋਂ ਦੂਰ ਅੰਤਰਮੁਖੀ ਕਰਨਾ ਹੈ, ਸਥੂਲ ਤੋਂ ਸੂਖਮ ਵਲ ਲਿਜਾਣਾ ਹੈ। ਜਦ ਸੁਰਤਿ ਸਥੂਲ ਤੋਂ ਸੂਖਮ ਵਿਚ ਦਾਖਲ ਹੁੰਦੀ ਹੈ ਤਾਂ ਬੁਧ ਤੇ ਪੂਰੇ ਮਾਨਸਿਕ ਜਾਪ ਦੀ ਸ਼ੁਰੂਆਤ ਹੋ ਜਾਂਦੀ ਹੈ।ਮਨ ਦਾ ਫੈਲਾਅ ਅਥਾਹ ਹੈ। ਜਿਸ ਵੇਲੇ ਸੁਰਤ ਮਨ ਦੇ ਖੇਤਰ ਵਿਚ ਦਾਖਿਲ ਹੋ ਕੇ ਨਾਮ ਉਚਾਰਣ ਦੀ ਸਮਰਥਾ ਪ੍ਰਾਪਤ ਕਰ ਲੈਂਦੀ ਹੈ ਉਸ ਵੇਲੇ ਨਾਮ ਦੇ ਅਰਥ ਦਾ ਕੁਝ ਭਾਵ ਵੀ ਮਨ ਵਿਚ ਕੇ ਝਲਕੀਆਂ ਪ੍ਰਗਟ ਕਰਨ ਲਗ ਪੈਂਦਾ ਹੈ।ਨਾਮ ਦੀਆਂ ਟਣਕਾਰਾਂ ਮਨ ਵਿਚ ੳਨੋਖੀ ਮਸਤੀ ਭਰ ਕੇ ਅਲੌਕਿਕ ਨਜ਼ਾਰਿਆ ਦ ਦਰਸ਼ਨ ਕਰਵਾਉਣ ਲਗ ਪੈਂਦੀਆ ਹਨ। ਮਨ ਨੂੰ ਇਕਗਰ ਤੇ ਸ਼ਾਂਤ ਰਖਣ ਦੀ ਅਵਸਥਾ ਆ ਜਾਵੇਗੀ।

ਸੁਣਿਐ ਲਾਗੈ ਸਹਜਿ ਧਿਆਨ।(ਜਪੁਜੀ) ਦੀ ਅਵਸਥਾ ਹੋ ਜਾਂਦੀ ਹੈ। ਵਿਕਾਰਾਂ ਨਾਲੋਂ ਨਾਤਾ ਟੁਟਣ ਦਾ ਅਨੁਭਵ ਵੀ ਹੋਵੇਗਾ।ਨਾਮ ਨਾਲ ਮਨੋਂ ਜੁੜਣ ਨਾਲ ਸਹਿਜ ਧਿਆਨ ਲਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਬਿਖਰੀ ਤੇ ਅੰਨ੍ਹੀ ਸੁਰਤ ਵਿਚ ਨਾਮ ਦੀ ਜੋਤ ਜਗ ਜਾਣ ਕਾਰਣ ਪਰਮਾਤਮਾ ਪ੍ਰਾਪਤੀ ਦਾ ਸੁਖਮਨਾ ਮਾਰਗ ਮਿਲ ਗਿਆ।ਨਾਮ ਦਾ ਰੰਗ ਚੜ੍ਹ ਗਿਆ ਪਾਪਾਂ ਦੇ ਸੰਸਕਾਰ ਸਭ ਧੋਤੇ ਗਏ:

ਭਰੀਐ ਮਤਿ ਪਾਪਾਂ ਕੈ ਸੰਗਿ। ਓਹੁ ਧੋਪੈ ਨਾਵੈ ਕੈ ਰੰਗਿ। (ਜਪੁ ਜੀ)

ਧਿਆਨ ਵੇਲੇ ਵਿਸ਼ੇ ਵਾਸ਼ਨਾਵਾਂ ਤੇ ਪੁਰਾਣੇ ਪਾਪੀ ਸੰਸਕਾਰ ਬਖੇੜਾ ਖੜਾ ਕਰ ਸਕਦੇ ਹਨ ਪਰ ਸੁਰਤਿ ਨੂੰ ਟਿਕਾਉਣ ਲਈ ਨਾਮ ਦੀ ਹੋਰ ਕਰੜੀ ਸਾਧਨਾ ਦੀ ਲੋੜ ਪੈਂਦੀ ਹੈ ਜਿਸ ਨਾਲ ਸੁਰਤਿ ਪਹਿਲਾਂ ਨਾਲੋਂ ਵੀ ਸ਼ਾਂਤ ਹੋ ਕੇ ਗਹਿਰੇ ਸੂਖਮ ਮੰਡਲਾਂ ਵਿਚ ਦਾਖਿਲ ਹੋ ਜਾਵੇ।ਸ਼ਬਦ-ਸੁਰਤਿ ਸੰਯੋਗ ਪ੍ਰਵਿਰਤੀ ਦਾ ਮਾਰਗ ਹੈ। ਗ੍ਰਹਿਸਥੀ ਨਹੀਂ ਵਿਕਾਰ ਤਿਆਗਣੇ ਹਨ, ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ ਲਾਲਚ ਤਿਆਗਣੇ ਹਨ (ਕੰਗ, ਸ਼ਬਦ ਦਾ ਸੰਕਲਪ, ਪੰਨਾ ੧੯੭)

ਇਸ ਤਰ੍ਹਾਂ ਜਪ ਸ਼ੁਰੂ ਹੋਣ ਪਿਛੋਂ ਸ਼ਬਦ ਗੁਰੂ ਅਤੇ ਸੁਰਤ ਚੇਲੇ ਦਾ ਆਪਸ ਵਿਚ ਮੇਲ ਹੋ ਜਾਂਦਾ ਹੈ। ਇਸ ਅਵਸਥਾ ਵਿਚ ਸ਼ਬਦ ਚੇਤੰਨ ਹੋ ਜਾਂਦਾ ਹੈ ਅਤੇ ਗੁਰੂ ਬਣ ਕੇ ਸੁਰਤ ਨੂੰ ਚੇਲਾ ਬਣਾਕੇ ਅਪਣੇ ਨਾਲ ਹੋਰ ਵੀ ਸੂਖਮ ਸਤਰਾਂ ਵਿਚ ਲੈ ਜਾਂਦਾ ਹੈ।

ਜਦ ਤਕ ਸੁਰਤ ਸਥੂਲ ਤੋਂ ਉਪਰ ਉਠ ਕੇ ਸੂਖਮ ਮਨ ਦੇ ਖੇਤਰ ਵਿਚ ਪ੍ਰਵੇਸ਼ ਨਹੀ ਹੋ ਜਾਂਦੀ ਤਦ ਤਕ ਸ਼ਬਦ ਦਾ ਸਹੀ ਅਰਥ ਪਰਗਟ ਹੋਣਾ ਸੰਭਵ ਨਹੀ ਹੈ। ਸਰੀਰਾਂ ਵਿਚ ਸੁਭਾਵਿਕ ਜੜ੍ਹ ਪਿਥਵੀ ਅਤੇ ਜਲ ਤਤਾਂ ਦੀ ਪ੍ਰਧਾਨਤਾ ਹੋਣ ਕਰਕੇ ਵਿਵੇਕ ਤੇ ਵੈਰਾਗ ਵਾਲੀ ਸੂਖਮ ਬੁਧ ਕਿਸੇ ਵਿਰਲੇ ਦੀ ਹੀ ਹੋਵੇਗੀ।

ਸ਼ੁਧ ਅਤੇ ਪੂਰੇ ਮਾਨਸਿਕ ਜਪ ਵਿਚ ਇਤਨੀ ਜ਼ਿਆਦਾ ਸ਼ਕਤੀ ਜਾਗ ਪੈਂਦੀ ਹੈ ਕਿ ਅੰਤਰਮੁਖੀ ਸੁਰਤ ਵਿਚ ਧਿਆਨ ਦੀ ਧਾਰਾ ਵਗਣ ਲਗ ਪੈਂਦੀ ਹੈ। ਸਾਰੇ ਵਿਘਨਾਂ ਤੋਂ ਮੁਕਤ ਹੋ ਸਾਨੂੰ ਨਾਮ ਧਾਰਾ ਸਮਾਧੀ ਮੰਡਲ ਵਿਚ ਸਹਿਜ ਹੀ ਪ੍ਰਵੇਸ਼ ਕਰਵਾ ਦਿੰਦੀ ਹੈ। (ਕੰਗ, ਸ਼ਬਦ ਦਾ ਸੰਕਲਪ, ਪੰਨਾ ੫੫੩-੫੩੫)

ਪਹਿਲਾਂ ਪਰਮਾਤਮਾ ਦਾ ਭਉ ਜਿਸ ਵਿਚੋਂ ਤਪ ਕੀਤਿਆ ਉਸ ਨਾਲ ਭਾਉ ਜਾਗਦਾ ਹੈ। ਜੋ ਸੁਰਤੀ ਸੁਚੀ ਹੋ ਜਾਦੀ ਹੈ, ਪਰਮਾਤਮਾ ਦੇ ਪਿਆਂਰ ਨਾਲ ਗੜੂੰਦੀ ਹੁੰਦੀ ਹੈ।ਇਸ ਪਿਆਰ ਸਦਕਾ ਉਸ ਦੇ ਅੰਦਰ ਦੇ ਅੰਮ੍ਰਿਤ ਦਾ ਫੁਹਾਰਾ ਫੁਟ ਪੈਂਦਾ ਹੈ। ਪਰਮਾਤਮਾ ਦੇ ਪਿਆਰ ਨਾਲ ਉਸ ਨੂੰ ਅਪਣੇ ਨਾਲ ਜੁੜੇ ਪਾਉਣਾ, ਅੰਦਰ ਸ਼ਾਂਤ ਹੋਇਆ ਮਹਿਸੂਸ ਕਰਨਾ, ਅਨੰਦ ਹi ਅਨੰਦ ਦੀ ਅਨੁਭੂਤੀ, ਇਸ ਤਰ੍ਹਾਂ ਇਹ ਸਭ ਉਸ ਨਾਲ ਜੁੜੀ ਸੁਰਤੀ ਸਦਕਾ ਹੋਇਆ।ਅਪਣਾ ਕੁਝ ਨਾ ਰਿਹਾ ਸਭ ਵਾਹਿਗੁਰੂ ਦਾ ਹੋ ਗਿਆ. ਆਤਮਾ ਪ੍ਰਮਾਤਮਾਂ ਨਾਲ ਜਾ ਜੁੜੀ।

ਜੋ ਜੋਗੀ ਗੁਰੁ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ॥(ਰਾਮਕਲੀ ਮ: ੩, ਪੰਨਾ ੯੦੯)

ਇਥੇ ਜੋਗੀ ਤੋਂ ਭਾਵ ਗੁਰਮੁਖ ਹੈ ਜੋ ਸ਼ਬਦ ਸੁਰਤਿ ਦਾ ਯੋਗ ਬਣਾਉਂਦਾ ਹੈ ।

ਗੁਰਪ੍ਰਸਾਦੀ ਤ੍ਰਿਕੁਟੀ ਛੂਟੇ ਚਉਥੇ ਪਦ ਲਿਵ ਲਾਈ।(ਰਾਮਕਲੀ ਮ:੩, ਪੰਨਾ ੯੦੯)

ਅਪਣੀ ਸੁਰਤੀ ਜਦੋਂ ਅਪਣੇ ਅੰਦਰ ਹੀ ਉਸਨੂੰ ਮਹਿਸੂਸ ਕਰੇ ਤੇ ਉਹਦੇ ਨਾਲ ਹੀ ਇਕ ਮਿਕ ਹੋ ਜਾਵੇ ਇਹੋ ਅਮਰ ਪਦ ਹੈ। ਪਰਮਾਤਮਾ ਨੇ ਆਤਮਾ ਨੂੰ ਮਨਜ਼ੂਰ ਕਰ ਲਿਆ ਜਿਸ ਲਈ ਜਪੁਜੀ ਸਲੋਕ ਵਿਚ ਫੁਰਮਾਇਆ ਹੈ

ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥(ਜਪੁਜੀ,ਪੰਨਾ ੮)

ਹਵਾਲੇ
੧. ਪੀਤਾਂਬਰ ਦਤ ਬੜਥਵਾਲ (ਡਾ:) ਹਿੰਦੀ ਕਾਵਯ ਮੇਂ ਨਿਰਗੁਣ ਸੰਪ੍ਰਦਾਯ (ਹਿੰਦੀ), ਲਖਨਊ, ਅਵਧ ਪਬਲਿਸ਼ਿੰਗ ਹਾਊਸ, ਪਹਿਲਾ ਸੰਸਕਰਣ, ਪੰਨਾ ੪੧੮.
੨. ਗੋਵਿੰਦ ਤ੍ਰਿਗੁਣਾਯਤ (ਡਾ:) ਹਿੰਦੀ ਕੀ ਨਿਰਗੁਣ ਕਾਵਯ ਧਾਰਾ ਔਰ ਉਸਕੀ ਦਾਰਸ਼ਨਿਕ ਪ੍ਰਿਸ਼ਠ ਭੂਮਿ’ (ਹਿੰਦੀ) ਪੰਨਾ ੫੩੩. ਗੁਰਸ਼ਬਦ ਰਤਨਾਕਰ ਮਹਾਨਕੋਸ਼, ਪਟਿਆਲਾ, ਭਾਸ਼ਾ ਵਿਭਾਗ ਪੰਜਾਬ, ੧੯੭੪, ਪੰਨਾ ੨੬੧
੫. ਰਾਮ ਚੰਦਰ ਤਿਵਾੜੀ, ਕਬੀਰ ਮੀਮਾਂਸਾ (ਹਿੰਦੀ) ਪੰਨਾ ੫
੬. ਬਲਕਾਰ ਸਿੰਘ (ਡਾ: ) ਸਿਖ ਰਹਸਵਾਦ, ਪਟਿਆਲਾ ਪੰਜਾਬੀ ਯੂਨੀਵਰਸਿਟੀ, ੧੯੮੭, ਪੰਨਾ ੧੩੪
੭. ਵੀਰ ਸਿੰਘ (ਭਾਈ) ਸ੍ਰੀ ਗੁਰੁ ਨਾਨਕ ਚਮਤਕਾਰ
੩. ਹਜ਼ਾਰੀ ਪ੍ਰਸਾਦ ਦਿਵੇਦੀ (ਡਾ:) ਕਬੀਰ (ਹਿੰਦੀ ), ਰਾਜ ਕਮਲ ਪ੍ਰਕਾਸ਼, ੧੯੭੧, ਪੰਨਾ ੨੪੩
੪. ਕਾਨ੍ਹ ਸਿੰਘ ਨਾਭਾ, ਉਤਰਾਰਧ, ਅੰਮ੍ਰਿਤਸਰ, ਖਾਲਸਾ ਸਮਾਚਾਰ, ੧੯੬੦, ਪੰਨਾ ੮੪
੮. ਬਲਬੀਰ ਸਿੰਘ (ਡਾ: ) ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ (ਪਹਿਲੀ ਜਿਲਦ) ਪਟਿਆਲਾ ਪੰਜਾਬੀ ਯੂਨੀਵਰਸਿਟੀ, ੧੯੭੨, ਪੰਨਾ ੧੨ (ਭੂਮਿਕਾ)
੯. ਪੂਰਨ ਸਿੰਘ (ਪ੍ਰੋ) ਸਪਿਰਿਟ ਬਾਰਨ ਪੀਪਲ (ਅੰਗ੍ਰੇਜ਼ੀ), ਭਾਸ਼ਾ ਵਿਭਾਗ ਪੰਜਾਬ, ੧੯੭੦, ਪੰਨਾ ੧੦੩
੧੦. ਗੁਲਜ਼ਾਰ ਸਿੰਘ ਕਾਂਗ, (ਡਾ:) ਸ਼ਬਦ ਦਾ ਸੰਕਲਪ, ਲਹੌਰ ਬੁਕ ਸ਼ਾਪ, ਲੁਧਿਆਣਾ, ੨੦੦੫
 
📌 For all latest updates, follow the Official Sikh Philosophy Network Whatsapp Channel:
Top