dalvinder45
SPNer
- Jul 22, 2023
- 1,008
- 39
- 79
ਬ੍ਰਹਿਮੰਡੀ ਏਕਤਾ ਦਾ ਧੁਰਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ
ਦੇਸ਼ ਭਗਤ ਯੂਨੀਵਰਸਿਟੀ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ
ਦੇਸ਼ ਭਗਤ ਯੂਨੀਵਰਸਿਟੀ
ਸਾਰੇ ਬ੍ਰਹਿਮੰਡ ਦਾ ਉਪਜਣ, ਪਸਾਰ, ਰਖਿਆ, ਸੰਭਾਲ, ਕੰਟ੍ਰੋਲ ਤੇ ਅੰਤ ਦਾ ਕੇਂਦਰੀ ਧੁਰਾ ਇਕੋ ਇਕ ਪ੍ਰਮਾਤਮਾ ਹੈ।ਇਕ ਓਅੰਕਾਰ (1ਓ) ਹੀ ਸਾਰੇ ਵਿਸ਼ਵ ਦਾ ‘ਕਰਤਾ ਪੁਰਖੁ’ ਹੈ।(ਅੰਕ 1) ਸਾਰਾ ਬ੍ਰਹਿਮੰਡ ਇਕੋ-ਇਕ ਸਿਰਜਣਹਾਰ ਦਾ ਰਚਿਆ ਹੋਇਆ ਹੈ। (ਏੇਕਸ ਤੇ ਸਭ ਓਪਤਿ ਹੋਈ (ਅੰਕ 223)। ਸਿਰਜਣਹਾਰ ਨੇ ਹੀ ਸਾਰੇ ਜੀਅ ਪੈਦਾ ਕੀਤੇ। ਉਸ ਨੇ ਇਕੋ ਹੁਕਮ ਨਾਲ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ।(ਏਕ ਕਵਾਵੈ ਤੇ ਸਭਿ ਹੋਆ : ਅੰਕ 1003) ਉਸ ਨੇ ਸਾਰਾ ਵਿਸ਼ਵ ਵੱਖ ਵੱਖ ਰੰਗਾਂ ਤੇ ਤਰੀਕਿਆਂ ਨਾਲ ਬਣਾਇਆ ਹੈ ਉਹ ਅਪਣੀ ਹਰ ਕਿਰਤ ਨੂੰ ਬੜੇ ਪਿਆਰ ਨਾਲ ਵੇਖ ਮਾਣ ਰਿਹਾ ਹੈ(ਰੰਗੀ ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉੋਪਾਈ। ਕਰਿ ਕਰਿ ਵੇਖੈ ਕੀਤਾ ਅਪਣਾ ਜਿਵ ਤਿਸ ਦੀ ਵਡਿਆਈ। (ਅੰਕ 6, 9) ਚਾਹੇ ਕੋਈ ਜੀਵ ਚਾਰੇ ਖਾਣੀਆਂ ਵਿਚੋਂ ਕਿਸੇ ਰਾਹੀਂ ਵੀ ਪੈਦਾ ਹੋਇਆ ਹੈ ਉਹ ਸਭ ਉਸ ਪ੍ਰਮਾਤਮਾ ਦਾ ਹੀ ਰੂਪ ਹਨ।ਬ੍ਰਹਿਮੰਡ ਦੇ ਹਰ ਹਿਸੇ ਵਿਚ ਹਰ ਰੋਸ਼ਨੀ ਵਿਚ ਊਹੋ ਪ੍ਰਮਾਤਮਾ ਹੀ ਹੈ।(ਤਿਸ ਦੈ ਚਾਨਣ ਸਭ ਮਹਿ ਚਾਨਣ ਹੋਇ, ਅੰਕ 13) ਉਸਨੇ ਸਾਰੇ ਜਗਤ ਦੇ ਜੀਵਾਂ ਰੂਪੀ ਮਣੀਆਂ ਨੂੰ ਇਕ ਲੜੀ ਵਿਚ ਨੂਰ ਦੀ ਸ਼ਕਤੀ ਰਾਹੀਂ ਪਰੋਇਆ ਹੋਇਆ ਹੈ।ਇਸ ਲੜੀ ਨੂੰ ਉਸ ਨੇ ਇਸ ਤਰ੍ਹਾਂ ਜੋੜਿਆ ਹੈ ਕਿ ਇਕ ਕੰਨੀ ਤੋਂ ਸੂਤ ਖਿਚੇ ਤਾਂ ਸਾਰੀ ਵਿਸ਼ਵ ਬਣਤਰ ਢਹਿ ਢੇਰੀ ਹੋ ਜਾਂਦੀ ਹੈ। (ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥(ਅੰਕ 605)
ਸਾਰੀਆਂ ਜਗ-ਜੋਤਾਂ ਉਸ ਕਰਤੇ ਦੀ ਜੋਤ ਦਾ ਹੀ ਹਿਸਾ ਹਨ ਜੋ ਉਸ ਸੱਚੇ ਸਤਿਗੁਰੂ ਦਾ ਹੀ ਪਸਾਰਾ ਹਨ। (ਸਭਿ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੂ ਤੇਰਾ ਪਾਸਾਰਾ। (ਅੰਕ 1314) ਸਾਰਾ ਬ੍ਰਹਿਮੰਡ ਉਸ ਨੇ ਇਕੋ ਜੋਤ ਤੋਂ, ਇਕੋ ਸ਼ਕਤੀ ਤੋਂ ਪੈਦਾ ਕੀਤਾ।(ਏਕੋ ਪਵਣੁ ਮਾਟੀ ਸਭੁ ਏਕਾ ਸਭਿ ਏਕਾ ਜੋਤਿ ਸਬਾਈਆ। (ਅੰਕ 96)) ਸਾਰਾ ਵਿਸ਼ਵ ਉਸ ਦੇ ਨੂਰ ਤੋਂ ਹੀ ਪੈਦਾ ਹੋਇਆ ਹੈ ਇਸ ਲਈ ਕੋਈ ਵੀ ਚੰਗਾ ਜਾਂ ਬੁਰਾ ਨਹੀਂ।(ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ (ਕਬੀਰ ਪੰਨਾ 1349)) ਪਰਮਾਤਮਾ ਸਭ ਨੂੰ ਇਕੋ ਦ੍ਰਿਸਟੀ ਨਾਲ ਵੇਖਦਾ ਹੈ ਕਿਸੇ ਨੂੰ ਚੰਗਾ ਬੁਰਾ ਨਹੀਂ ਸਮਝਦਾ ।(ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ। (ਅੰਕ 1325) ਜੇ ਕਿਸੇ ਨੇ ਉਸ ਨੂੰ ਜਾਨਣਾ ਹੈ ਤਾਂ ਸਾਰੇ ਵਿਸ਼ਵ ਨੂੰ ਇਕ ਜੋਤ ਹੀ ਸਮਝਣਾ ਚਾਹੀਦਾ ਹੈ। (ਸਭੇ ਏਕਾ ਜੋਤਿ ਜਾਣੈ ਜੇ ਕੋਈ॥ (ਅੰਕ 120)) ਉਹ ਹਰ ਸਰੀਰ ਵਿਚ ਜੋਤ ਬਣ ਕੇ, ਆਤਮਾ ਬਣ ਕੇ ਸਮਾਇਆ ਹੋਇਆ ਹੈ।(ਸਭਿ ਮਹਿ ਜੋਤਿ ਜੋਤਿ ਹੈ ਸੋਇ। (ਪੰਨਾ ਅੰਕ 13)) ਹਰ ਸਰੀਰ ਉਸ ਦੀ ਜੋਤ ਨਾਲ ਜਗਦਾ ਹੈ (ਅੰਕ 597) ਉਹ ਹੀ ਸਾਰੇ ਜੀਆਂ ਵਿਚ ਜੋਤ ਦੇ ਰੂਪ ਵਿਚ ਵਸ ਰਿਹਾ ਹੈ। ਪਰਮਾਤਮਾ ਨੇ ਸਭ ਨੂੰ ਇਕੋ ਜਿਹੀ ਜੋਤ ਆਤਮਾ ਦਿਤੀ ਹੈ ਤੇ ਇਹੋ ਜੋਤ ਸਾਰੇ ਤ੍ਰਿਭਵਣ ਵਿਚ ਫੈਲ ਰਹੀ ਹੈ। (ਅੰਕ 62) ਉਹ ਆਪ ਹੀ ਧਰਤੀ ਹੈ ਆਪ ਹੀ ਜਲ ਤੇ ਜੋ ਜਲ ਥਲ ਤੇ ਹੋ ਰਿਹਾ ਹੈ ਸਾਰਾ ਉਸ ਦਾ ਹੀ ਕੀਤਾ ਹੋਇਆ ਹੈ। ਉਸ ਦਾ ਹੁਕਮ ਹੀ ਹਰ ਥਾਂ ਚਲਦਾ ਹੈ। ਉਸ ਨੇ ਆਪੇ ਸਾਰੇ ਵਿਸ਼ਵ ਦੀ ਰਚਨਾ ਪਾਣੀ ਤੇ ਮਿਟੀ ਨੂੰ ਗੁੰਨ ਕੇ ਬਣਾਈ ਹੈ। (ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥( ਅੰਕ 606))
ਉਸ ਨੇ ਸਾਰੀ ਸ਼੍ਰਿਸਟੀ ਸਹਜ ਨਾਲ ਰਚੀ ਹੈ (ਬਿਗ ਬੈਂਗ ਨਾਲ ਨਹੀਂ) (ਹੁਕਮੀ ਸਹਜੇ ਸਿi੍ਰਸਟਿ ਉਪਾਈ। (ਅੰਕ 1043) ਸਭਨਾਂ ਨੂੰ ਅਪਣੇ ਹੁਕਮ ਅਨੁਸਾਰ ਸਾਜਦਾ ਹੈ ਤੇ ਫਿਰ ਹੁਕਮ ਵਿਚ ਰਖਦਾ ਹੈ ਤੇ ਹੁਕਮ ਅੰਦਰ ਚਲਦਿਆਂ ਵੇਖਦਾ ਹੈ।(ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ। (ਅੰਕ 1243)) ਇਕੋ ਹੁਕਮ ਵਿਚ ਉਪਜਿਆ ਇਹ ਵਿਸ਼ਵ ਸਿਰਫ ਉਸ ਇਕੋ ਦੇ ਹੁਕਮ ਵਿਚ ਹੀ ਚਲਦਾ ਹੈ।(ਏਕੋ ਹੁਕਮੁ ਵਰਤੈ ਸਭੁ ਲੋਈ (ਅੰਕ 223)) ਉਸ ਨੇ ਹੀ ਸਾਰੇ ਜੀਆਂ ਨੂੰ ਧੰਧੇ ਲਾਇਆ ਹੈ।(ਸਿਰਿ ਸਿਰਿ ਧੰਧੇ ਆਪੇ ਲਾਏ।(ਅੰਕ 1051) ਹਰ ਜੀਵ ਲਈ ਢੁਕਦਾ ਕਾਰਜ ਚੁਣਿਆ ਤੇ ਲਿਖ ਦਿਤਾ ਗਿਆ ਹੈ। (ਜੇਤੇ ਜੀਅ ਲਿਖੀ ਸਿਰ ਕਾਰਿ।(ਅੰਕ 1169))
ਉਸਨੇ ਹੀ ਸਾਰੇ ਵਿਸ਼ਵ ਨੂੰ ਵਧਾਇਆ (ਆਪਿ ਇਕੰਤੀ ਆਪਿ ਪਸਾਰਾ।) (ਅੰਕ 556) ਕਿਸ ਨੂੰ ਕਿਸ ਤਰ੍ਹਾਂ ਵਧਾਉਣਾ ਹੈ ਉਹ ਹੀ ਜਾਣਦਾ ਹੈ ਤੇ ਅਪਣੇ ਆਪ ਹੀ ਸਭ ਦਾ ਵਿਗਾਸ ਕਰਦਾ ਹੈ।(ਸਭਿ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ। (ਅੰਕ 510)।ਸਾਰੀ ਰਚਨਾ ਉਹ ਆਪ ਹੀ ਹੈ, ਜੋ ਰਚਿਆ ਜਾਂ ਢਾਇਆ ਹੈ ਉਹ ਉਸਦਾ ਅਪਣਾ ਹਿਸਾ ਹੀ ਹੈ। ਅਪਣੇ ਹਿਸਿਆਂ ਨੂੰ ਵਧਦਾ ਫੁਲਦਾ ਦੇਖਕੇ ਉਹ ਅਨੰਦਿਤ ਹੁੰਦਾ ਹੈ।ਉਸ ਦੇ ਇਹ ਚੋਜ ਨਿਰਾਲੇ ਹਨ ਜਿਨ੍ਹਾਂ ਨੂੰ ਉਹ ਕਰਦਾ ਵੀ ਆਪ ਹੀਹੈ ਤੇ ਮਾਣਦਾ ਵੀ ਆਪ ਹੀ ਹੈ।ਸਾਰੀ ਕੁਦਰਤ ਸਾਰੀ ਬਨਸਪਤਿ ਉਹ ਆਪ ਹੀ ਹੈ, ਹਰ ਗੁਰਮੁਖ ਉਸ ਦਾ ਹੀ ਰੂਪ ਹੁੰਦਾ ਹੈ।(ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥ ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥ ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥ (ਅੰਕ 606)) ਸਾਰਾ ਜਲ ਥਲ ਉਹ ਆਪ ਹੀ ਹੈ ਜੋ ਉਹ ਆਪ ਕਰਦਾ ਹੈ ਸੋ ਪੂਰਨ ਹੁੰਦਾ ਹੈ।ਉਹ ਹੀ ਸਭਨਾ ਨੂੰ ਰਿਜ਼ਕ ਰੋਟੀ ਦਿੰਦਾ ਹੈ ਹੋਰ ਕੋਈ ਨਹੀਂ ।ਉਹ ਇਹ ਸਾਰੀ ਖੇਡ ਖੇਡ ਰਿਹਾ ਹੇ ਤੇ ਸਭ ਕੁਜ ਅਪਣੇ ਆਪ ਹੀ ਕਰਦਾ ਜਾ ਰਿਹਾ ਹੈ (ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥ ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥ ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥ (ਅੰਕ 605))
ਉਹ ਸਭ ਨੂੰ ਪੈਦਾ ਤਾਂ ਕਰਦਾ ਹੀ ਹੈ ਸਭ ਨੂੰ ਆਪੁ ਅਪਣੇ ਧੰਧੇ ਵੀ ਲਾਉਂਦਾ ਹੈ। (ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥( ਅੰਕ 604)) ਸਾਰੇ ਜੀਆਂ ਨੂੰ ਉਹ ਹੀ ਪਾਲਦਾ ਹੈ ਤੇ ਜਿਥੇ ਵੀ ਕੋਈ ਹੈ ਖਾਣ ਪੀਣ ਦਾ ਬੰਦੋਬਸਤ ਕਰਦਾ ਹੈ।(ਸਿਰਿ ਸਿਰਿ ਰਿਜਕ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ। (ਅੰਕ 495)) ਉਹ ਸਾਰਿਆਂ ਦਾ ਧਿਆਨ ਵੀ ਖੁਦ ਹੀ ਰਖਦਾ ਹੈ (ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ।(ਅੰਕ 951)) ਸਭ ਦੀ ਰਖਿਆ ਕਰਦਾ ਹੈ: ਡੁਬਦੇ ਤਾਰਦਾ ਹੈ।(ਰਖੇ ਰਖਣਹਾਰੁ ਆਪਿ ਉਬਾਰਿਅਨੁ।(ਅੰਕ 517) ਸਭਨਾ ਦੀ ਸਾਰ ਰਖਦਾ ਹੈ, ਸਭ ਨੂੰ ਸੁਖ ਪਹੁਚਾਉਂਦਾ ਹੈ ਅਤੇ ਰਿਜ਼ਕ ਦਿੰਦਾ ਹੈ।(ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁਚਾਇਦਾ। (ਅੰਕ 1060)) ਸਭ ਨੂੰ ਜੋ ਲੋੜੀਂਦਾ ਹੈ ਦਿੰਦਾ ਹੈ।ਲੋੜ ਪਏ ਤੇ ਉਸਨੂੰ ਜੋਤ ਸ਼ਕਤੀ ਬਣਾ ਅਪਣੇ ਵਿਚ ਮਿਲਾ ਲੈਂਦਾ ਹੈ। (ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ। (ਅੰਕ 68)) ਜਿਸ ਜਿਸ ਦਾ ਜਦ ਕਾਰਜ ਪੂਰਨ ਹੋ ਜਾਂਦਾ ਹੈ ਉਸ ਨੂੰ ਅਪਣੇ ਵਿਚ ਮਿਲਾ ਲੈਂਦਾ ਹੈ।(ਆਪਿ ਉਪਾਏ ਆਪਿ ਖਪਾਏ। (ਅੰਕ 349))
ਸਾਰਾ ਵਿਸ਼ਵ ਤਾਂ ਮਾਇਆ ਹੈ ਜੋ ਲਗਾਤਾਰ ਬਦਲਣਹਾਰ ਹੈ ਜਲ ਉਪਰ ਬੁਲਬੁਲੇ ਵਾਂਗ ਹੈ, ਜੋ ਰੋਜ਼ ਉਠਦਾ ਮਿਟਦਾ ਰਹਿੰਦਾ ਹੈ; ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ। (ਅੰਕ 1427) ਉਹ ਜਦ ਜੀ ਚਾਹੁੰਦਾ ਹੈ ਸਭ ਕੁਝ ਸਮਾਪਤ ਕਰਕੇ ਇਕ ਹੋ ਜਾਂਦਾ ਹੈ ਤੇ ਜਦ ਜੀ ਚਾਹੇ ਅਪਣਾ ਵਿਸਥਾਰ ਕਰ ਲੈਂਦਾ ਹੈ।(ਆਪਹਿ ਏਕ ਆਪਹਿ ਬਿਸਥਾਰੂ (ਅੰਕ:279)) ਸਾਰਾ ਵਿਸ਼ਵ ਉਸ ਵਿਚੋਂ ਪੈਦਾ ਹੋਇਆ ਹੈ ਤੇ ਆਖਰ ਉਸ ਵਿਚ ਹੀ ਜਾ ਸਮਾਉਂਦਾ ਹੈ।ਇਸ ਤਰ੍ਹਾਂ ਸਾਰਾ ਵਿਸ਼ਵ ਉਸ ਵਿਚ ਹੈ ਤੇ ਉਹ ਸਭਨਾਂ ਵਿਚ ਹੈ।(ਖਾਲਿਕੁ ਖਲਕ ਖਲਕ ਮਹਿ ਖਾਲਿਕੁ (ਅੰਕ 1350)
ਉਹ ਪਰਮਾਤਮਾ ਹੀ ਸਾਰਾ ਵਿਸ਼ਵ ਹੈ ਤੇ ਘਟ ਘਟ ਵਿਚ ਵਸ ਰਿਹਾ ਹੈ ਉਸ ਬਿਨਾ ਹੋਰ ਕੋਈ ਨਹੀਂ।(ਅੰਕ: 907). (ਏਕ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ। (ਅੰਕ 432)) ਉਹ ਆਪ ਤਾਂ ਇਕੋ ਹੈ ਪਰ ਉਸ ਦੇ ਰੂਪ ਅਨੇਕ ਹਨ।ਆਪਹਿ ਏਕ ਆਪਹਿ ਅਨੇਕ (ਅੰਕ:279) ਸਾਰੀ ਰਚਨਾ ਕਰਤਾ ਵਿਚ ਹੀ ਹੈ ਤੇ ਸਾਰੀ ਰਚਨਾ ਵਿਚ ਕਰਤਾ ਹੀ ਹੈ ।(ਸਭਿ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੂ ਤੇਰਾ ਪਾਤਸਾਹਾ। (ਅੰਕ 1314) (ਪੰਨਾ 1350) ਸਾਰਿਆ ਵਿਚ ਉਹ ਇਕੋ ਹੀ ਹੈ। (ਏਕ ਮਹਿ ਸਰਬ ਸਰਬ ਮਹਿ ਏਕਾ (ਅੰਕ 907) ਜਿਸ ਦਾ ਇਹ ਸਾਰਾ ਵਿਸ਼ਵ ਹੀ ਪਸਾਰਾ ਹੈ (ਏਕੰਕਾਰੁ ਏਕੁ ਪਸਾਰਾ ਏਕੈ ਅਪਰ ਅਪਾਰਾ। (ਅੰਕ 821) ਉਹੋ ਹੀ ਸਾਰੇ ਜਗਤ ਵਿਚ ਵਿਦਮਾਨ ਹੈ। (ਏਕਸ ਮਹਿ ਸਭ ਜਗਤੋ ਵਰਤੈ (ਅੰਕ 1234)
ਇਸ ਲਈ ਸਾਰੇ, ਸਾਰੀ ਬ੍ਰਹਿਮੰਡ, ਸਾਰੀ ਰਚਨਾ ਸਾਰੇ ਜੀਵਾਂ ਨੂੰ ਉਸ ਤੋਂ ਭਿੰਨ ਨਹੀਂ ਸਮਝਣਾ ਚਾਹੀਦਾ। ਪਰਮਾਤਮਾ ਸਾਰੇ ਵਿਸ਼ਵ ਦਾ ਧੁਰਾ ਹੈ ਭਾਵੇਂ ਕਿ ਆਕਾਰਾਂ ਦੇ ਰੂਪ ਵੱਖ ਵੱਖ ਹਨ ਪਰ ਇਹਨਾਂ ਦਾ ਜਮਾਂ ਜੋੜ ਇਕੋ ਇਕ ਪਰਮਾਤਮਾ ਹੈ।ਸਾਰੇ ਸਰੀਰਾਂ ਦੀ ਜੋਤ ਤਾਂ ਇਕੋ ਹੀ ਹੈ। (ਏਕਾ ਜੋਤਿ ਹੈ ਸਰੀਰਾ ਅੰਕ 125) ਉਸਨੇ ਸਾਰਾ ਵਿਸ਼ਵ ਸ਼ਕਤੀ ਤੋਂ ਪੈਦਾ ਕੀਤਾ ਤੇ ਇਹੋ ਸ਼ਕਤੀ ਵੱਖ ਵੱਖ ਰੂਪਾਂ ਵਿਚ ਸਾਰੇ ਵਿਸ਼ਵ ਵਿਚ ਫੈਲ ਰਹੀ ਹੈ।(ਸਭੇ ਏਕਾ ਜੋਤਿ ਜਾਣੈ ਜੇ ਕੋਈ॥ (ਅੰਕ 120)) ਸਾਰੇ ਜੀਅ ਭਿੰਨ ਭਿੰਨ ਰੂਪ ਨਾਲ ਉਪਜਾਏ ਹਨ ਕੋਈ ਵੀ ਕਿਸੇ ਵਰਗਾ ਨਹੀਂ।(ਕੋਇ ਨ ਕਿਸ ਹੀ ਜੇਹਾ ਉਪਾਇਆ। (ਅੰਕ 1056) ਸਾਰਾ ਵਿਸ਼ਵ ਬਦਲਣਹਾਰ ਹੈ (ਸਭੁ ਜਗੁ ਚਲਣਹਾਰੁ; ਅੰਕ 468) ਸਾਰਿਆ ਨੇ ਤੁਰ ਜਾਣਾ ਹੈ ਪਰ ਆਖਰ ਨੂੰ ਉਸੇ ਨੇ ਹੀ ਰਹਿਣਾ ਹੈ।(ਸਭਿ ਕਿਛੁ ਆਪੇ ਆਪਿ।(ਅੰਕ 475)
ਪਹਿਲਾਂ ਵੀ ਉਹ ਹੀ ਸੀ, ਹੁਣ ਵੀ ਊਹੋ ਹੀ ਹੈ ਤੇ ਅਗੇ ਨੂੰ ਵੀ ਉਹ ਹੀ ਹੋਵੇਗਾ। ਮੁੱਢ, ਮਧ ਤੇ ਅੰਤ ਵੀ ਉਹ ਹੀ ਹੈ। (ਆਦਿ ਅੰੰਤਿ ਮਧਿ ਪ੍ਰਭ ਸੋਈ (ਅੰਕ 1085)) ਧਰਤੀ, ਪਾਣੀ ਤੇ ਵਾਤਾਵਰਨ ਵਿਚ ਵੀ ਉਹ ਹੀ ਹੈ।(ਆਦਿ ਅੰੰਤਿ ਮਧਿ ਪ੍ਰਭ ਰਵਿਆ ਜਲਿ ਥਲਿ ਮਹੀਅਲ ਸੋਈ (ਅੰਕ 784) ਸਾਰੀ ਸ੍ਰਿਸਟੀ ਵਿਚ ਉਹ ਆਪ ਹੀ ਸਮਾਇਆ ਹੋਇਆ ਹੈ। (ਸਭਿ ਤੇਰੀ ਸ੍ਰਿਸਿਟ ਤੂੰ ਆਪਿ ਰਹਿਆ ਸਮਾਈ।(ਅੰਕ 164) ਕਰਤਾ ਵੀ ਉਹ ਹੀ ਹੈ ਤੇ ਭੁਗਤਾ ਵੀ; ਅਪਣੀਆਂ ਪ੍ਰਾਪਤੀਆਂ ਦੀ ਕੀਮਤ ਵੀ ਉਹ ਆਪ ਹੀ ਲਾਉਂਦਾ ਹੈ।(ਆਪਿ ਕਰਤਾ ਆਪਿ ਭੁਗਤਾ ਆਪੇ ਕੀਮਤਿ ਪਾਇਦਾ। (ਅੰਕ 1035) ਸਾਰਾ ਸੰਸਾਰ ਪ੍ਰਮਾਤਮਾ ਦੇ ਅੰਦਰ ਹੀ ਹੈ। (ਸਭਿ ਤੁਝ ਹੀ ਅੰਤਰਿ ਸਗਲ ਸੰਸਾਰੈ ।(ਅੰਕ 1139) ਸਾਰੇ ਜੀੳ ਵੀ ਉਸਦੇ ਹਨ ਤੇ ਉਹ ਵੀ ਸਭ ਦਾ ਅਪਣਾ ਹੈ। ਸਾਰੇ ਉਸ ਵਿਚ ਹੀ ਸਮਾਏ ਹੋਏ ਹਨ। (ਸਭ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੂੀ ਮਾਹਿ ਸਮਾਹਿ। (ਅੰਕ 670)।ਉਸ ਬਿਨਾ ਹੋਰ ਦੂਸਰਾ ਕੋਈ ਨਹੀਂ (ਏਕਸ ਤੇ ਦੂਜਾ ਨਹੀਂ ਕੋਇ (ਅੰਕ 842)