• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗਦਰ ਲਹਿਰ ਦੀ ਜੁਝਾਰੂ ਸਿੰਘਣੀ ਗੁਲਾਬ ਕੌਰ

dalvinder45

SPNer
Jul 22, 2023
721
37
79
ਗਦਰ ਲਹਿਰ ਦੀ ਜੁਝਾਰੂ ਸਿੰਘਣੀ ਗੁਲਾਬ ਕੌਰ

ਡਾ
: ਦਲਵਿੰਦਰ ਸਿੰਘ ਗ੍ਰੇਵਾਲ੍

ਕਿਸੇ ਵੀ ਆਜ਼ਾਦੀ ਜੰਗ ਲੜਣ ਵਾਲਿਆਂ ਦੇ ਦੋ ਗ੍ਰੁਪ ਹੁੰਦੇ ਹਨ ਇਕ ਖੁਲ੍ਹੇ ਤੌਰ ਤੇ ਲੜਣ ਵਾਲੇ (ਓਵਰ ਗ੍ਰਾਊਂਡ) ਅਤੇ ਇੱਕ ਛੁਪ ਕੇ ਲੜਣ ਵਾਲੇ ਭਾਵ (ਅੰਡਰ ਗ੍ਰਾਊਂਡ)। ਗੁਲਾਬ ਕੌਰ ਗਦਰ ਲਹਿਰ ਦੀ ਅੰਡਰ ਗ੍ਰਾਊਂਡ ਵੀਰਾਂਗਣਾ ਸੀ ਜਿਸ ਨੇ ਗਦਰ ਲਹਿਰ ਵਿੱਚ ਭਰਪੂਰ ਯੋਗਦਾਨ ਪਾਇਆ. ਜੋ ਇਤਿਹਾਸ ਵਿੱਚ ਅਣਗੌਲਿਆ ਹੀ ਰਿਹਾ। ਹੁਣੇ ਛਪੀ ਮਿਲਖਾ ਸਿੰਘ ਸਨੇਹੀ ਦੀ ਪੁਸਤਕ ‘ਗੁਲਾਬ ਕੌਰ’” ਵਿੱਚ ਜੋ ਗੁਲਾਬ ਕੌਰ ਬਾਰੇ ਜਾਣਕਾਰੀ ਮਿਲਦੀ ਹੈ । ਗੁਲਾਬ ਕੌਰ ਦਾ ਜਨਮ 1890 ਈ: ਵਿੱਚ ਜੱਟਾਂ ਦੇ ਘਰ ਬਖਸ਼ੀਵਾਲਾ ਜ਼ਿਲਾ ਸੰਗਰੂਰ ਵਿੱਚ ਹੋਇਆ । ਉਹ ਮਾਪਿਆਂ ਦੀ ਇਕਲੋਤੀ ਔਲਾਦ ਸੀ।ਉਨ੍ਹਾਂ ਦਾ ਜੱਦੀ ਪਿੰਡ ਗੱਗੜਪੁਰ ਸੀ। ਸ ਨੇ ਬਾਬਾ ਸੰਤ ਸਰਨ ਦਾਸ ਦੇ ਡੇਰੇ ਵਿੱਚ ਪੰਜਾਬੀ ਅਤੇ ਉਰਦੂ ਦੀ ਸਿਖਿਆ ਪ੍ਰਾਪਤ ਕੀਤੀ।ਉਸ ਦਾ ਵਿਆਹ ਸਰਦਾਰ ਮਾਨ ਸਿੰਘ ਜਖੇਪਲ ਨਾਲ ਹੋਇਆ ਜੋ ਫਿਲਪੀਨ ਤੋਂ ਵਾਪਿਸ ਆਇਆ ਸੀ।ਵਿਆਹ ਪਿੱਛੋਂ ਉਹ ਅਪਣੇ ਪਤੀ ਨਾਲ ਮਨੀਲਾ ਚਲੀ ਗਈ ਅਤੇ ਕੁਝ ਚਿਰ ਉਥੇ ਰਹਿ ਕੇ ਅਮਰੀਕਾ ਲਈ ਚਾਲੇ ਪਾਏ। ਉਹ ਆਜ਼ਾਦੀ ਘੁਲਾਟੀ ਵੀਰਾਂਗਣਾ ਵਿੱਚੋਂ ਪਹਿਲੀ ਸੀ ਜਿਸ ਨੇ ਗਦਰ ਅੰਦੋਲਨ ਲਈ ਆਜ਼ਾਦੀ ਦੀ ਜੰਗ ਵਿੱਚ ਯੋਗਦਾਨ ਪਾਇਆ । ਉਸ ਦੀ ਇਕ ਪੁਰਾਤਨ ਫੋਟੋ ਕਿਸਾਨ ਸਭਾ 1973 ਵਿੱਚ ਵੀ ਵਿਖਾਈ ਗਈ ਸੀ। ਅਗਸਤ 11, 1914 ਵਿੱਚ ਗਦਰ ਪਾਰਟੀ ਦੇ ਹਫਤਾਵਾਰੀ ਅਖਬਾਰ ਨੇ ਇੱਕ ਇਸ਼ਤਿਹਾਰ ਰਾਹੀਂ “ਨਿਡਰ, ਜੰਗਜੂ ਸਿਰਲੱਥ ਆਜ਼ਾਦੀ ਘੁਲਾਟੀਆਂ ਦੀ ਭਰਤੀ ਦਾ ਐਲਾਨ ਕੀਤਾ ਜਿਨ੍ਹਾਂ ਦੀ ਪੈਨਸ਼ਨ ਆਜ਼ਾਦੀ ਸੀ ਅਤੇ ਯੁੱਧ ਮੈਦਾਨ ਹਿੰਦੁਸਤਾਨ ਸੀ’।

ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲੈਣ ਲਈ ਗਦਰੀ ਅਮਰੀਕਾ ਤੇ ਕਨੇਡਾ ਤੋਂ ਭਾਰਤ ਵੱਲ ਵਾਪਸ ਹੋਣਾ ਸ਼ੁਰੂ ਹੋ ਗਏ।ਕਰਤਾਰ ਸਿੰਘ ਸਰਾਭਾ ਆਪਣੇ ਹੋਰ ਸਾਥੀਆਂ ਦੇ ਨਾਲ ਪਹਿਲੇ ਬੈਚ ਵਿੱਚ ਸਤੰਬਰ 15 ਸੰਨ 1914 ਨੂੰ ਹਿੰਦੁਸਤਾਨ ਪਹੁੰਚ ਗਏ । ਤੀਜੇ ਬੈਚ ਲਈ ਹਿੰਦੁਸਤਾਨੀ ਮਨੀਲਾ ਤੋਂ ਵੀ ਜਾਣਾ ਸ਼ੁਰੂ ਹੋਏ। ਗੁਰਦੁਆਰਾ ਮਨੀਲਾ ਦੇ ਵਿੱਚ ਫਿਲਪੀਨ ਦੇ ਰਾਸ਼ਟਰਪਤੀ ਹਾਫਿਜ਼ ਅਬਦੁੱਲਾ ਨੇ ਇੱਕ ਭਾਵ ਪੂਰਤ ਲੈਕਚਰ ਦਿੱਤਾ ਜੋ ਭਾਰਤੀਆਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜ ਮਰਨ ਲਈ ਇੱਕ ਦਿਲ ਖਿਚਵਾਂ ਭਾਸ਼ਣ ਸੀ । ਗੁਲਾਬ ਕੌਰ ਤੇ ਉਸਦੇ ਪਤੀ ਮਾਨ ਸਿੰਘ ਨੇ ਉਸ ਗੁਰਦੁਆਰਾ ਸਾਹਿਬ ਦੇ ਰਜਿਸਟਰ ਵਿੱਚ ਆਪਣੇ ਨਾਮ ਦਰਜ ਕੀਤੇ ਤੇ ਹਿੰਦੁਸਤਾਨ ਜਾਣ ਲਈ ਤਿਆਰ ਹੋ ਗਏ। ਉਨ੍ਹਾਂ ਨਾਲ ਆਜ਼ਾਦੀ ਘੁਲਾਟੀਏ ਰਹਿਮਤ ਅਲੀ ਵਜ਼ੀਦ ਕੇ, ਲਾਲ ਸਿੰਘ, ਬਖਸ਼ੀ ਸਿੰਘ, ਜਗਜੀਤ ਸਿੰਘ, ਚੰਦਾ ਸਿੰਘ ਵੜੈਚ ਤੇ ਹੋਰ ਸਿਰ ਲੱਥ ਯੋਧੇ ਸਨ। ਗਦਰ ਲਹਿਰ ਦੀ ਦਲੇਰ ਵੀਰਾਂਗਣਾ ਗੁਲਾਬ ਕੌਰ ਬਾਰੇ ਲਿਖਦਿਆਂ ਸੁਨਾਮ ਦੇ ਰਕੇਸ਼ ਕੁਮਾਰ ਨੇ ਲਿਖਿਆ, “ਇਸ ਜੱਥੇ ਨੇ ਪਹਿਲਾਂ ਸਮੁੰਦਰੀ ਜਹਾਜ ਐਸ ਐਸ ਕੋਰੀਆ ਤੇ ਫਿਰ ਤੋਸਾ ਮਾਰੂ ਵਿੱਚ ਸਵਾਰ ਹੋ ਕੇ ਭਾਰਤ ਵੱਲ ਚਾਲੇ ਪਾਏ।

ਉਹ ਰਾਹ ਵਿੱਚ ਹਰ ਦੇਸ਼ ਦੇ ਗੁਰਦੁਆਰੇ ਵਿੱਚ ਉਤਰਦੇ ਤੇ ਲੋਕਾਂ ਨੂੰ ਭਾਰਤ ਦੀ ਆਜ਼ਾਦੀ ਦੇ ਲਈ ਭਾਵਪੂਰਤ ਅਸਰਦਾਰ ਬਿਆਨ ਦੇ ਕੇ ਆਜ਼ਾਦੀ ਦੀ ਜੰਗ ਨਾਲ ਜੁੜਨ ਲਈ ਪੁਕਾਰਦੇ। ਇਨ੍ਹਾਂ ਹੀ ਭਾਸ਼ਣਾਂ ਦੇ ਵਿੱਚ ਗੁਲਾਬ ਕੌਰ ਨੇ ਗੁਰਦੁਆਰੇ ਸਾਹਮਣੇ ਇੱਕ ਨਿੰਮ ਦੇ ਦਰਖਤ ਥੱਲੇ ਜੋ ਭਾਸ਼ਣ ਦਿੱਤਾ ਉਹ ਬਹੁਤ ਹੀ ਅਸਰਦਾਰ ਸੀ ਜਿਸ ਨੂੰ ਸੁਣਕੇ ਬਹੁਤ ਲੋਕ ਆਜ਼ਾਦੀ ਘੁਲਾਟੀਆਂ ਦਾ ਸਾਥ ਦੇਣ ਲਈ ਤਿਆਰ ਹੋ ਗਏ। ਉਸ ਨੇ ਅਪਣੀਆਂ ਚੂੜੀਆ ਲਾਹੀਆਂ ਤੇ ਕਿਹਾ ਕਿ ਜੋ ਵੀ ਜੋ ਵੀ ਵਾਪਸ ਜਾਣਾ ਚਾਹੁੰਦਾ ਹੈ ਉਹ ਮੇਰੀਆਂ ਆਹ ਚੂੜੀਆਂ ਪਾ ਲਵੇ। ਜੇ ਮਰਦ ਜੰਗ ਨਹੀਂ ਲੜ ਸਕਦੇ ਤਾਂ ਉਹਨਾਂ ਨੂੰ ਘਰੇ ਹੀ ਬੈਠ ਜਾਣਾ ਚਾਹੀਦਾ ਹੈ । ਸਾਡੇ ਲਈ ਦੇਸ਼ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ ਤੇ ਸਾਨੂੰ ਆਪਣੀ ਜਾਨਾਂ ਤੱਕ ਵਾਰਨ ਤੋਂ ਵੀ ਨਹੀਂ ਪਿੱਛੇ ਹਟਣਾ ਚਾਹੀਦਾ। ਅਸੀਂ ਜਨਾਨੀਆਂ ਵੀ ਮਰਦਾਂ ਦੇ ਨਾਲ ਮੋਢਾ ਲਾ ਕੇ ਇਸ ਆਜ਼ਾਦੀ ਜੰਗ ਵਿੱਚ ਪੂਰਾ ਭਾਗ ਲਵਾਂਗੀਆਂ “। ਉਸ ਦੇ ਇਸ ਭਾਸ਼ਣ ਦੀ ਖਬਰ ਜਦ ਭਾਰਤ ਵਿੱਚ ਪਹੁੰਚੀ ਤਾਂ ਭਾਰਤ ਦੀ ਖੁਫੀਆ ਤੰਤਰ ਨੂੰ ਗੁਲਾਬ ਕੌਰ ਤੋਂ ਵੱਡਾ ਖਤਰਾ ਮਹਿਸੂਸ ਹੋਇਆ ਤੇ ਉਹ ੜੀ ਚੁਕੰਨੀ ਹੋ ਗਈ ।

ਗੁਲਾਬ ਕੌਰ ਨੂੰ ਜਦ ਪਤਾ ਲੱਗਿਆ ਕਿ ਉਸ ਦੀ ਖੁਫੀਆ ਫੌਜ ਪਿੱਛਾ ਕਰ ਰਹੀ ਹੈ ਤਾਂ ਉਸਨੇ ਆਪਣੇ ਨਾਂ ਬਦਲੇ । ਉਸਨੇ ਕਦੇ ਆਪਣਾ ਨਾਮ ਗੁਲਾਬ ਦੇਵੀ, ਕਦੇ ਬਸੰਤ ਕੌਰ ਤੇ ਕਦੇ ਕਿਰਪੋ ਰੱiਖਆ। ਸੀ ਆਈ ਡੀ ਨੇ ਜਦੋਂ ਗੁਲਾਬ ਕੌਰ ਬਾਰੇ ਹੋਰ ਗਦਰੀਆਂ ਤੋਂ ਪੁੱਛਿਆ ਤਾਂ ਕਿਸੇ ਨੇ ਕੋਈ ਵੀ ਸਹੀ ਸੂਹ ਨਹੀਂ ਦਿੱਤੀ। ਸੀਆਈਡੀ ਦੇ ਡੀ ਐਸਪੀ ਨੇ ਜਿਸ ਤਰ੍ਹਾਂ ਗਦਰੀ ਬਾਬੇ ਜਵਾਲਾ ਸਿੰਘ ਤੋਂ ਗੁਲਾਬ ਕੌਰ ਬਾਰੇ ਸਵਾਲ ਪੁੱਛੇ ਉਸ ਦਾ ਮਤਲਬ ਸਾਫ ਸੀ ਕਿ ਉਹ ਗੁਲਾਬ ਕੌਰ ਦੇ ਭਾਰਤ ਆਉਣ ਤੇ ਬੜੇ ਚਿੰਤਿਤ ਸਨ। ਗੁਲਾਬ ਕੌਰ ਬਾਰੇ ਉਸਨੇ ਬਾਬੇ ਨੂੰ ਪੁੱਛਿਆ ਕਿ ਜਿਸ ਬੀਬੀ ਨੇ ਸਿੰਘਾਪੁਰ ਦੇ ਗੁਰਦੁਆਰੇ ਲੈਕਚਰ ਦਿੱਤਾ ਸੀ ਉਸ ਦਾ ਨਾਂ ਕੀ ਏ? ਕਿਸ ਜਨਾਨੀ ਨੇ ਕਿਹਾ ਕਿ ਜੇ ਮਰਦ ਜੰਗ ਨਹੀਂ ਲੜ ਸਕਦੇ ਤਾਂ ਉਹਨਾਂ ਨੂੰ ਘਰੇ ਹੀ ਬੈਠ ਜਾਣਾ ਚਾਹੀਦਾ ਹੈ ? ਉਹ ਕਿਹੜੀ ਸਿੰਘਣੀ ਸੀ ਜਿਸ ਨੇ ਲੋਕਾਂ ਨੂੰ ਗਦਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ? 1915 ਦੇ ਗਦਰੀਆਂ ਦੇ ਮੁਕਦਮੇ ਵਿੱਚ ਵੀ ਗੁਲਾਬ ਕੌਰ ਦਾ ਨਾਮ ਖਾਸ ਕਰਕੇ ਆਇਆ।

ਭਾਰਤ ਪਹੁੰਚਦਿਆਂ ਹੀ ਗੁਲਾਬ ਕੌਰ ਰੂਹ-ਪੋਸ਼ ਹੋ ਗਈ ਤੇ ਵੱਖ-ਵੱਖ ਨਾਵਾਂ ਨਾਲ ਵਿਚਰਨ ਲੱਗੀ । ਉਹ ਮਰਦਾਂ ਤੇ ਜਨਾਨੀਆਂ ਨੂੰ ਜੰਗੇ ਆਜ਼ਾਦੀ ਲਈ ਤਿਆਰ ਕਰਦੀ ਤੇ ਇੱਕ ਬਹੁਤ ਅਸਰਦਾਰ ਬਣ ਗਈ ਜਿਸਨੇ ਕਈ ਆਜ਼ਾਦੀ ਘੁਲਾਟੀਆਂ ਨੂੰ ਆਜ਼ਾਦੀ ਜੰਗ ਵਿੱਚ ਸ਼ਾਮਿਲ ਕਰਵਾਇਆ।ਉਸ ਉੱਤੇ ਛਾਪੇ ਮਾਰੇ ਗਏ ਲੇਕਿਨ ਫਿਰ ਵੀ ਉਹ ਬਚ ਕੇ ਨਿਕਲਦੀ ਰਹੀ । ਗਦਰੀਆਂ ਉੱਤੇ ਇੱਕ ਛਾਪੇ ਵਿੱਚ ਉਹ ਕੋਟਲਾ ਨੌਧ ਸਿੰਘ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਕਾਮਰੇਡ ਜੀਵਨ ਸਿੰਘ ਦੀ ਪਤਨੀ ਬਣ ਕੇ ਘੇਰੇ ਵਿੱਚੋਂ ਨਿਕਲ ਗਈ । ਉਸ ਨੇ ਆਪਣੀ ਲੜਾਈ ਦਾ ਅੱਡਾ ਅੰਮ੍ਰਿਤਸਰ ਬਣਾਇਆ । ਉਨ੍ਹਾਂ ਦਿਨਾਂ ਵਿੱਚ ਗਦਰ ਪਾਰਟੀ ਦੇ ਡੇਰੇ ਗੁਲਾਬ ਸਿੰਘ ਦਾ ਡੇਰਾ ਤੇ ਬਰਪਾਲੀ ਧਰਮਸ਼ਾਲਾ ਸਨ। ਇਹਨਾਂ ਡੇਰਿਆਂ ਵਿੱਚ ਗਦਰੀ ਆਪਣੀ ਕਾਰਵਾਈਆਂ ਕਰਨ ਤੋਂ ਬਾਅਦ ਰੁਕਦੇ ਤੇ ਖਾਣ-ਸੌਣ ਕਰਦੇ ।

ਗੁਲਾਬ ਕੌਰ ਦੀ ਜਿੰਮੇਵਾਰੀ ਹਰ ਆਉਂਦੇ ਜਾਂਦੇ ਤੇ ਖਾਸ ਕਰਕੇ ਕਿਸੇ ਸ਼ਕੀ ਜਾਂ ਸੂਹੀਏ ਉਤੇ ਨਿਗਾਹ ਰੱਖਣੀ ਸੀ ਤਾਂ ਕਿ ਉਹ ਗਦਰੀਆਂ ਲਈ ਖਤਰਾ ਨਾ ਬਣ ਸਕਣ। ਉਹ ਡੇਰੇ ਦੇ ਮੁੱਖ ਦਰਵਾਜ਼ੇ ਕੋਲ ਆਪਣਾ ਚਰਖਾ ਡਾਹ ਕੇ ਬੈਠ ਜਾਂਦੀ ਤੇ ਸਾਰਿਆਂ ਉੱਤੇ ਇੱਕ ਪੇਂਡੂ ਔਰਤ ਦੀ ਤਰ੍ਹਾਂ ਲਗਾਤਾਰ ਨਿਗਾਹ ਰੱਖਦੀ ਤੇ ਲੋਕ ਉਸ ਤੇ ਕੋਈ ਸ਼ੱਕ ਨਹੀਂ ਸੀ ਕਰਦੇ। ਗਦਰੀ ਹਰਨਾਮ ਸਿੰਘ ਕੂਤਾ ਦੇ ਕਹਿਣ ਮੁਤਾਬਕ ਜੋ ਵੀ ਗਦਰੀ ਆਉਂਦੇ ਸਭ ਤੋਂ ਪਹਿਲਾਂ ਬੀਬੀ ਗੁਲਾਬ ਕੌਰ ਕੋਲ ਹੀ ਪਹੁੰਚਦੇ ਸਨ ਤੇ ਉਹ ਕੋਈ ਵੀ ਆਉਣ ਵਾਲੇ ਨੂੰ ਉਸ ਤੋਂ ਪਹਿਲਾਂ ਹੀ ਪਰਖ ਲੈਂਦੀ ਸੀ ਤਾਂ ਕਿ ਕੋਈ ਵੀ ਜਾਸੂਸ ਉਥੇ ਨਾ ਪਹੁੰਚ ਸਕੇ । ਉਹ ਵੱਡੇ ਦਰਵਾਜੇ ਦੇ ਕੋਲ ਚਰਖਾ ਡਾਹ ਕੇ ਬੈਠ ਜਾਂਦੀ ਤੇ ਹਮੇਸ਼ਾ ਕੁਝ ਗੁਣਗੁਣਾਉਂਦੀ ਰਹਿੰਦੀ ਤੇ ਆਉਣ ਜਾਣ ਵਾਲੇ ਤੇ ਨਿਗਾਹ ਰੱਖਦੀ। ਇਥੋਂ ਹੀ ਉਹ ਅੱਗੇ ਛੁਪਣ ਵਾਲੀਆਂ ਥਾਵਾਂ ਤੇ ਗਦਰੀਆਂ ਨੂੰ ਭੇਜਦੀ। ਇਸ ਛੁਪਣ ਵਾਲੀ ਥਾਂ ਤੇ ਰਾਸ ਬਿਹਾਰੀ ਬੋਸ ਆਮ ਕਰਕੇ ਆਉਂਦੇ ਸਨ। ਜਦ ਉਹਨਾਂ ਨੂੰ ਲੱਗਿਆ ਕਿ ਇਹ ਛੁਪਣ ਵਾਲੀ ਥਾਂ ਹੁਣ ਸੁਰਖਿਅਤ ਨਹੀਂ ਹੈ ਤਾਂ ਉਥੋਂ ਉਹਨਾਂ ਨੇ ਆਪਣੇ ਆਪ ਨੂੰ ਲਾਹੌਰ ਵਿੱਚ ਇੱਕ ਨਵਾਂ ਛੁਪਣ ਘਰ ਬਣਾ ਲਿਆ।

ਗੁਲਾਬ ਕੌਰ ਉੱਤੇ ਸ਼ੱਕ ਹੋਣ ਕਰਕੇ ਪੁਲਿਸ ਨੇ ਇਹ ਸਭ ਨੂੰ ਇਤਲਾਹ ਦੇ ਦਿੱਤੀ ਸੀ ਕਿ ਕੋਈ ਵੀ ਕਿਰਾਏ ਦਾ ਘਰ ਇਕੱਲੀ ਜਨਾਨੀ ਨੂੰ ਜਾਂ ਇਕੱਲੇ ਮਰਦ ਨੂੰ ਨਾ ਦੇਵੇ । ਜੋ ਘਰ ਦੇਣੇ ਹਨ ਉਹ ਵਿਆਹੇ ਜੋੜੇ ਨੂੰ ਹੀ ਦਿੱਤੇ ਜਾਣ। ਗੁਲਾਬ ਕੌਰ ਨੇ ਇੱਕ ਛੁਪਣ ਸਥਾਨ ਮੂਲ ਚੰਦ ਸਰਾਏ ਵਿੱਚ ਲੈ ਲਿਆ ਜਿੱਥੇ ਉਹ ਇੰਦਰ ਸਿੰਘ ਭਸੀਨ ਦੀ ਪਤਨੀ ਬਣ ਕੇ ਰਹੀ। ਇਸ ਥਾਂ ਦਾ ਪਤਾ ਸਿਰਫ ਤਿੰਨ ਬੰਦਿਆਂ ਨੂੰ ਹੀ ਸੀ ਜਿਨਾਂ ਵਿੱਚ ਕਰਤਾਰ ਸਿੰਘ ਸਰਾਭਾ, ਅਮਰ ਸਿੰਘ ਅਤੇ ਹਰਨਾਮ ਸਿੰਘ ਟੁੰਡੀ ਲਾਟ ਸਨ। ‘ਗਦਰੀ ਵੀਰਾਂਗਣਾਂ ਬੀਬੀ ਗੁਲਾਬ ਕੌਰ’ ਦੇ ਲੇਖਕ ਚਰਨਜੀਤ ਲਾਲ ਲਿਖਦੇ ਹਨ, “ਉਹ ਆਪਣੀਆਂ ਜਿੰਮੇਵਾਰੀਆਂ ਦਾ ਖੇਤਰ ਵਧਾਉਂਦੀ ਗਈ ਤੇ ਉਸ ਨੇ ਗਦਰ ਪਾਰਟੀ ਦੇ ਝੰਡੇ ਸਿਉਣੇ ਸ਼ੁਰੂ ਕਰ ਦਿੱਤੇ ਜਿਸ ਲਈ ਉਸ ਨੇ ਇੱਕ ਸਿਲਾਈ ਮਸ਼ੀਨ ਖਰੀਦ ਲਈ । ਉਸੇ ਬਿਲਡਿੰਗ ਵਿੱਚ ਹੀ ਇੱਕ ਪ੍ਰੈਸ ਵੀ ਲਾਇਆ ਗਿਆ, ਜਿੱਥੇ ਛੇ ਸਾਈਕਲੋ ਸਟਾਈਲ ਮਸ਼ੀਨਾਂ ਚੱਲਦੀਆਂ ਸਨ । ਕਰਤਾਰ ਸਿੰਘ ਸਰਾਭਾ ਇਸ ਸਭ ਦਾ ਇੰਚਾਰਜ ਸੀ । ਉਸ ਦੀ ਗੈਰ ਹਾਜ਼ਰੀ ਵਿੱਚ ਗੁਲਾਬ ਕੌਰ ਸਾਰਾ ਪ੍ਰਬੰਧ ਸੰਭਾਲ ਦੀ ਸੀ । ਉਸ ਵੇਲੇ ਲਾਹੌਰ ਤੋਂ ਦੋ ਅਖਬਾਰ ਗਦਰ ਸੰਦੇਸ਼ ਤੇ ਐਲਾਨੇ ਜੰਗ ਛਪਦੇ ਸਨ । ਗੁਲਾਬ ਕੌਰ ਦੀ ਡਿਊਟੀ ਸੀ ਕਿ ਉਹ ਇਹਨਾਂ ਅਖਬਾਰਾਂ ਨੂੰ ਹਰ ਪਾਸੇ ਵੰਡ ਕੇ ਆਉਂਦੀ । ਨਾ ਉਹ ਥੱਕਦੀ ਸੀ, ਨਾ ਅੱਕਦੀ ਸੀ, ਨਾ ਹੀ ਕਿਸੇ ਤੋਂ ਡਰਦੀ ਸੀ।

ਗੁਲਾਬ ਕੌਰ ਨੇ ਦੋ ਤਹਿਆਂ ਵਾਲੀ ਟੋਕਰੀ ਰੱਖੀ ਹੋਈ ਸੀ। ਟੋਕਰੀ ਦੀ ਉੱਪਰ ਵਾਲੀ ਤਹਿ ਵਿੱਚ ਉਹ ਆਪਣੇ ਵੇਚਣ ਵਾਲੀਆਂ ਵਸਤਾਂ ਰੱਖਦੀ ਲੇਕਿਨ ਟੋਕਰੀ ਦੀ ਥੱਲੇ ਵਾਲੀ ਤਹਿ ਦੇ ਵਿੱਚ ਜੋ ਗਦਰ ਪਾਰਟੀ ਦੇ ਅਖਬਾਰ ਵੰਡਣੇ ਹੁੰਦੇ ਸਨ ਤੇ ਨਾਲ ਸੁਰਖਿਆ ਲਈ ਇੱਕ ਪਿਸਤੌਲ ਰੱਖਦੀ ਸੀ। ਜੋ ਚੀਜ਼ਾਂ ਉਸਨੇ ਗਦਰੀ ਅੱਡਿਆਂ ਤੇ ਦੇਣੀਆਂ ਹੁੰਦੀਆਂ ਸਨ ਇਸੇ ਤਰੀਕੇ ਬੜੀ ਚਲਾਕੀ ਦੇ ਨਾਲ ਪਹੁੰਚਾਉਂਦੀ ਸੀ। ਸ਼ਹਿਰੀ ਇਲਾਕੇ ਵਿੱਚ ਵਿਚਰਨ ਦਾ ਇਹ ਉਸ ਦਾ ਅਨੋਖਾ ਢੰਗ ਸੀ। ਇਸ ਦੀ iਭਣਕ ਪੁਲਿਸ ਨੂੰ ਵੀ ਲੱਗ ਗਈ । ਰਕੇਸ਼ ਕੁਮਾਰ ਦੇ ਕਹਿਣ ਮੁਤਾਬਿਕ ਖਾਸ ਕਰਕੇ ਜਦ ਗਦਰੀਆਂ ਦੀ ਮੀਟਿੰਗ ਸੰਗਵਾਲ ਵਿੱਚ ਹੋ ਰਹੀ ਸੀ ਤਾਂ ਗੁਲਾਬ ਕੌਰ ਗਦਰੀ ਅਖਬਾਰ ਵੰਡਣ ਗਈ ਤਾਂ ਪੁਲਿਸ ਨੇ ਉਸ ਉਤੇ ਰੇਡ ਮਾਰੀ। ਜਲੰਧਰ ਛਾਉਣੀ ਤੋਂ ਇੱਕ ਟੁਕੜੀ ਪੁਲਿਸ ਦੀ ਭੇਜੀ ਗਈ ਜੋ ਗੁਲਾਬ ਕੌਰ ਨੂੰ ਫੜਨ ਲਈ ਹੀ ਭੇਜੀ ਗਈ ਸੀ ਤੇ ਗਦਰੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣ ਦਾ ਉਹਨਾਂ ਦਾ ਇਰਾਦਾ ਸੀ। ਗਦਰੀ ਸਮੇਂ ਸਿਰ ਉੱਥੋਂ ਨਿਕਲ ਗਏ ਪਰ ਹੜਬੜੀ ਵਿੱਚ ਕੁਝ ਹਥਿਆਰ ਪਿੱਛੇ ਛੁੱਟ ਗਏ। ਗੁਲਾਬ ਕੌਰ ਨੇ ਜਲਦੀ ਦੇ ਨਾਲ ਇਹ ਸਾਰੇ ਹਥਿਆਰ ਇਕੱਠੇ ਕੀਤੇ ਤੇ ਆਪਣੀ ਟੋਕਰੀ ਦੀ ਥੱਲੇ ਵਾਲੀ ਤਹਿ ਦੇ ਵਿੱਚ ਪਾ ਕੇ ਉਥੋਂ ਪੁਲਿਸ ਦੇ ਕੋਲ ਦੀ ਨਿਕਲ ਗਈ। ਗਦਰੀ ਬਾਬਾ ਭਗਤ ਸਿੰਘ ਬਿਲਗਾ ਨੇ ਆਪਣੀ ਪੁਸਤਕ ਦੇ ਵਿੱਚ ‘ਗਦਰ ਲਹਿਰ ਦੇ ਅਣਫੋਲੇ ਵਰਕੇ’ ਵਿੱਚ ਲਿਖਿਆ ਕਿ ਗੁਲਾਬ ਕੌਰਨੂੰ ਮਾਰਚ 1915 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਉਤੇ ਇੰਤਹਾ ਤਸ਼ਦਦ ਕੀਤਾ ਗਿਆ ਤੇ ਉਸ ਨੂੰ ਇਹ ਕਹਿ ਕੇ ਡਰਾਇਆ ਗਿਆ ਕਿ ਉਸ ਨੂੰ ਵੀ ਕਰਤਾਰ ਸਿੰਘ ਸਰਾਭਾ ਵਾਂਗ ਫਾਂਸੀ ਦੇ ਫੰਦੇ ਤੇ ਲਟਕਾਇਆ ਜਾਏਗਾ ਅਤੇ ਬਾਕੀ ਗਦਰੀਆਂ ਵਾਂਗ ਹੀ ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਏਗਾ। ਪਰ ਗੁਲਾਬ ਕੌਰ ਨਾ ਝੁਕੀ, ਨਾ ਡਰੀ ਅਤੇ ਨਾਂ ਹੀ ਪੁਲਿਸ ਤਸ਼ਦਦ ਤੇ ਟੁੱਟੀ। ਉਸ ਨੇ ਇਤਨੇ ਤਸ਼ਦਦ ਪਿੱਛੋਂ ਵੀ ਗਦਰੀਆਂ ਦਾ ਕੋਈ ਭੇਦ ਪੁਲਿਸ ਨੂੰ ਨਹੀਂ ਦਿਤਾ।ਦੋ ਸਾਲ ਬਾਅਦ ਲਗਾਤਾਰ ਤਸ਼ਦਦ ਸਹਿਣ ਤੋਂ ਬਾਅਦ ਉਸ ਨੂੰ ਜੇਲ ਚੋਂ ਰਿਹਾ ਕਰ ਦਿਤਾ ਗਿਆ ਪਰ ਉਸ ਕੋਲ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੀ ਜਿੱਥੇ ਉਹ ਜਾ ਸਕਦੀ। ਉਹ ਕੋਟਲਾ ਨੌਧ ਸਿੰਘ ਵਿੱਚ ਅਮਰ ਸਿੰਘ ਦੇ ਘਰ ਚਲੀ ਗਈ। ਇਤਨੇ ਤਸ਼ੱਦਦ ਕਰਕੇ ਉਸ ਦੀ ਸਿਹਤ ਉੱਤੇ ਬਹੁਤ ਬੁਰਾ ਅਸਰ ਹੋਇਆ ਜੋ ਛਾਤੀ ਦੇ ਕੈਂਸਰ ਦੇ ਰੂਪ ਵਿੱਚ ਬਦਲ ਗਿਆ। ਵੈਦ ਪੁਲਿਸ ਦੇ ਡਰੋਂ ਉਸ ਦਾ ਇਲਾਜ ਕਰਨੋਂ ਡਰਦੇ ਸਨ । ਆਖਰ ਇੰਤਹਾ ਕਸ਼ਟ ਸਹਾਰਦੀ ਹੋਈ ਗੁਲਾਬ ਕੌਰ 1925 ਵਿੱਚ ਸੁਰਗਵਾਸ ਹੋਈ ।

ਉਸ ਬਾਰੇ ਜ਼ਿਆਦਾ ਗਿਆਨ ਆਮ ਪ੍ਰਚਲਿਤ ਨਾ ਹੋਣ ਕਰਕੇ ਉਹ ਲੋਕਾਂ ਦੇ ਵਿੱਚ ਪ੍ਰਸਿੱਧ ਨਹੀਂ ਹੋਈ। ਬਖਸ਼ੀਵਾਲਾ ਦੀ ਕiਮਊਨਿਸਟ ਲੀਡਰ ਸੱਤਪਾਲ ਕੌਰ ਖੀਵਾ ਅਨੁਸਾਰ ਉਸ ਨੇ ਉਨ੍ਹੀ ਦਿਨੀ ਬਾਹਰ ਨਿਕਲ ਕੇ ਗਦਰੀਆਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਦ ਕੋਈ ਵੀ ਔਰਤ ਘਰੋਂ ਬਾਹਰ ਨਿਕਲਣ ਦਾ ਹੌਸਲਾ ਨਹੀਂ ਕਰ ਸਕਦੀ ਸੀ । ਹੋਰ ਤਾਂ ਹੋਰ ਉਹ ਆਪਣੇ ਪਤੀ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਰਹਿਣ ਜਾਂਦੀ ਤੇ ਆਪਣੇ ਦੇਸ਼ ਲਈ ਲੜਣ ਲਈ ਗੈਰ ਮਰਦਾਂ ਨੂੰ ਪਤੀ ਕਹਿ ਦਿੰਦੀ ।

ਜਦ 2020 ਦੇ ਵਿੱਚ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਤਾਂ ਉਸ ਪਿੰਡ ਨੁਮਾ ਕੈਂਪ ਦਾ ਨਾਂ ਉਨਾਂ ਨੇ ਗਦਰੀ ਗੁਲਾਬ ਕੌਰ ਨਗਰ ਰੱਖਿਆ।ਅੱਜ ਕੱਲ ਬਖਸ਼ੀਵਾਲਾ ਦੇ ਹਰ ਘਰ ਵਿੱਚ ਗਦਰੀ ਗੁਲਾਬ ਕੌਰ ਦੀ ਤਸਵੀਰ ਲੱਗੀ ਹੋਈ ਹੈ ਤੇ ਪਿੰਡ ਵਾਸੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਗੁਲਾਬ ਕੌਰ ਸਾਡੇ ਪਿੰਡ ਦੀ ਧੀ ਸੀ। ਜਿਸ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਹੁਣ ਸੌ ਸਾਲ ਪਿਛੋਂ ਇਥੋਂ ਦਾ ਸਭ ਤੋਂ ਚਰਚਿਤ ਚਿਹਰਾ ਹੈ। ਇਹੀ ਇਕ ਸ਼ਹੀਦ ਦਾ ਅਸਲ ਮਾਣ ਹੈ । ਸੱਚ ਹੀ ਕਹਿੰਦੇ ਨੇ “ਸ਼ਹੀਦੋਂ ਕੀ ਕਬਰ ਪਰ ਲਗੇਂਗੇ ਹਰ ਵਕਤ ਮੇਲੇ, ਵਤਨ ਪੇ ਮਰਨ ਵਾਲੋਂ ਕਾ ਯਹੀ ਨਿਸਾਨ ਹੋਗਾ।​
 
📌 For all latest updates, follow the Official Sikh Philosophy Network Whatsapp Channel:

Latest Activity

Top