Perspectives
ਠਸ਼ਗਨੂ
ਵਿਆਹ-ਸਮਾਗਮ ਦੇ ਪੰਡਾਲ ’ਚ ਦਾਖਲ ਹੁੰਦਿਆਂ ਉਸਨੇ ਇਕ ਵਾਰ ਫਿਰ ਮਾਪਿਆਂ ਵੱਲੋਂ ਦਿੱਤੇ ਸ਼ਗਨ ਦੇ 1100 ਰੁਪੈ ਵਾਲੇ ਲਿਫਾਫੇ ਨੂੰ ਜੇਬ ’ਚ ਹੱਥ ਪਾ ਕੇ ਟੋਹਿਆ। ਵਿਆਹ ’ਚ ਅੰਗਰੇਜ਼ੀ ਗਾਣਿਆਂ ਦੀ ਤਰਜ਼ ’ਤੇ ਨੱਚਦੀਆਂ ਮੁਟਿਆਰਾਂ ਉੱਤੋਂ ਜੋ ਲੋਕ ਨੋਟ ਵਾਰ ਕੇ ਸੁੱਟ ਰਹੇ ਸਨ, ਉਨਾਂ ਵਿਚ ਲਾੜਾ ਖੁਦ, ਉਸਦੇ ਭਰਾ, ਪਿਤਾ, ਚਾਚੇ ਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨ। ਉਸਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਨਸ਼ੇ ਦੀ ਲੋਰ ’ਚ ਲਾੜਾ ਜਾਂ ਉਸਦਾ ਪਿਓ ਸ਼ਗਨ ਵਾਲੇ ਲਿਫਾਫਿਆਂ ’ਚੋਂ ਵੀ ਨੋਟ ਕੱਢ ਕੇ ਲੁਟਾ ਰਹੇ ਸਨ।
ਉਹ ਕਾਫੀ ਸਮਾਂ ਟਿਕ-ਟਿਕੀ ਲਾ ਕੇ ਇਹ ਨਜ਼ਾਰਾ ਤੱਕਦਾ ਰਿਹਾ ਤੇ ਉਸਨੇ ਆਪਣੀ ਜੇਬ ’ਚ ਪਾਏ ਲਿਫਾਫੇ ’ਚੋਂ 1100 ਰੁਪੈ ਕੱਢੇ ਤੇ ਖਾਲੀ ਲਿਫਾਫਾ ਲਾੜੇ ਵੱਲੋਂ ਸੁੱਟੇ ਜਾ ਰਹੇ ਲਿਫਾਫਿਆਂ ’ਚ ਸੁੱਟ ਦਿੱਤਾ। ਉਸਨੇ ਸ਼ਗਨ ਦੀ ਰਕਮ ਲਾੜੇ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਬਜਾਇ, ਬਰਾਤੀਆਂ ਦੀ ਜੂਠ ਚੁੱਕ ਰਹੇ ਮਾਸੂਮ ਉਮਰ ਦੇ ਬੱਚਿਆਂ ’ਚ ਵੰਡਣੀ ਮੁਨਾਸਿਬ ਸਮਝੀ, ਤੇ ਸਮਾਗਮ ਖਤਮ ਹੋਣ ਤੋਂ ਬਾਅਦ ਘਰ ਜਾਂਦਿਆਂ ਉਹ ਖੁਦ ਨੂੰ ਹਲਕਾ-ਹਲਕਾ ਮਹਿਸੂਸ ਕਰ ਰਿਹਾ ਸੀ।
ਅਸ਼ਲੀਲਤਾ
ਸਾਥੀਓ, ਜੇਕਰ ਸਮਾਜ ’ਚ ਔਰਤਾਂ ਤੇ ਲੜਕੀਆਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ ਅਤੇ ਸਨਮਾਨ ’ਚ ਵਾਧਾ ਕਰਨਾ ਹੈ ਤਾਂ ਅਸ਼ਲੀਲਤਾ ਪਰੋਸਣ ਵਾਲੀਆਂ ਫਿਲਮਾਂ, ਨਾਟਕਾਂ, ਗੀਤਾਂ ਅਤੇ ਗਾਇਕਾਂ ਦਾ ਬਾਈਕਾਟ ਕਰਨਾ ਪਵੇਗਾ। ਮੁਹੱਲਾ ਵਾਸੀਆਂ ਵੱਲੋਂ ਕੀਤੇ ਜਾ ਰਹੇ ਸਮਾਗਮ ’ਚ ਬਿਨਾਂ ਬੁਲਾਏ ਪੁੱਜੇ ਸਿਆਸੀ ਲੀਡਰ ਦਾ ਭਾਸ਼ਨ ਸੁਣ ਕੇ ਸਾਰੇ ਹੈਰਾਨ ਹੋ ਰਹੇ ਸਨ, ਪਰ ਕੋਈ ਬੋਲਣ ਦੀ ਜ਼ੁਰਅੱਤ ਨਹੀਂ ਸੀ ਕਰ ਰਿਹਾ।
ਅਖੀਰ ਪਿੰਡ ਦੇ ਕੇਹਰ ਅਮਲੀ ਨੇ ਹੋਂਸਲਾ ਕਰਕੇ ਮਾਈਕ ਫੜਿਆ ਤੇ ਬੋਲਣਾ ਸ਼ੁਰੂ ਕਰ ਦਿਤਾ ਕਿ ਜੇਕਰ ਸਿਆਸੀ ਲੋਕ ਆਪਣੇ ਸਮਾਗਮਾਂ ’ਚ ‘ਓ ਦੇਖੋ ਸੜਕਾਂ ’ਤੇ ਅੱਗ ਤੁਰੀ ਜਾਂਦੀ ਹੈ. . . .’ ਆਦਿਕ ਗਾਉਣ ਵਾਲੇ ਗਾਇਕਾਂ ਨੂੰ ਬਹੁਤੀ ਮਹੱਤਤਾ ਨਾ ਦੇਣ ਤਾਂ ਅਸ਼ਲੀਲ ਗਾਉਣ ਵਾਲੇ ਗਾਇਕਾਂ ਨੂੰ ਆਪਣੇ ਆਪ ਸਬਕ ਮਿਲ ਜਾਵੇਗਾ, ਤੁਸੀਂ ਫਿਲਮਾਂ ਤੇ ਨਾਟਕਾਂ ਤੋਂ ਪਹਿਲਾਂ ਅਸ਼ਲੀਲਤਾ ਪਰੋਸਣ ਵਾਲੇ ਗਾਇਕਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਚੰਗਾ ਗਾਉਣ ਵਾਲਿਆਂ ਨੂੰ ਬਣਦਾ ਸਨਮਾਨ ਦੇਣ ਦਾ ਪ੍ਰਣ ਕਰੋ, ਫਿਰ ਦੇਖੋ ਕਿਵੇਂ ਇਨਕਲਾਬ ਆਉਂਦਾ ਹੈ। ਭਾਂਵੇ ਲੀਡਰ ਤਾਂ ਉਥੋਂ ਹੋਲੀ ਜਿਹੀ ਖਿਸਕਦਾ ਬਣਿਆ ਪਰ ਅਮਲੀ ਦੀਆਂ ਖਰੀਆਂ-ਖਰੀਆਂ ਸੁਣ ਕੇ ਪਿੰਡ ਵਾਸੀ ਹੈਰਾਨ ਰਹਿ ਗਏ।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ: 98728-10153