ਗੀਤ ਹਿਜਰ ਦੇ
ਮੇਰੇ ਮਨ ਅੰਦਰ ਤਲਬ ਲੱਗੀ, ਗੀਤ ਹਿਜਰ ਦੇ ਨਿੱਤ ਗਾਵਾਂ ਮੈਂ
ਮੇਰੇ ਨੈਣਾਂ ਕੂ ਤੂੰ ਦਿਸਦਾ ਨਹੀਂ, ਲੁਕੇ ਹੋਏ ਨੂੰ ਕਿਵੇਂ ਮਨਾਵਾਂ ਮੈਂ
ਪਾਣੀ ਵਗਿਆ ਮੁੜ ਨਹੀਂ ਆਉਂਦਾ, ਪਰ ਯਾਦਾਂ ਨਿੱਤ ਮੁੜ ਆਵਣ
ਚੇਤੇ ਕਰਦਾ ਮੈਂ ਬੇਤਾਬ ਹੋਇਆ,ਹਰ ਸਾਹ ਤੇਰਾ ਨਾਮ ਧਿਆਵਣ
ਸੁਣਨ ਵਾਲਾ ਨਹੀਂ ਜੱਗ ਵਿਚ ਕੋਈ, ਸਖੀ ਕਿਹਨੂੰ ਆਖ ਸੁਣਾਵਾਂ ਮੈਂ
ਲੱਗੀ ਇਸ਼ਕ ਦੀ ਮੇਰਾ ਦਿਲ ਸਾੜੇ, ਲੱਗੀ ਮੌਤ ਦੀ ਸਾੜੇ ਗੋਡੇ ਲੱਤਾਂ
ਸਾਰੀ ਦਨੀਆਂ ਦੂਜਿਆਂ ਮੱਤ ਦੇਵੇ, ਮੈਂ ਹਾਰਿਆ ਸੁਣਦਾ ਨਿੱਤ ਮੱਤਾਂ
ਰੋਗੀ ਜੋਗੀ ਪੰਡਤ ਮੁਲਾਣਿਆਂ ਨੂੰ, ਦਿਲ ਚੀਰ ਕੇ ਕਿਵੇਂ ਵਖਾਵਾਂ ਮੈਂ
ਤਨਹਾਈ ਵਿਚ ਜੱਗ ਸਾਜਿਆ ਤੂੰ, ਪਿਆਰ ਸਭ ਦੇ ਨਾਲ ਪਾ ਬੈਠਾ
ਸਭ ਦੇ ਦਿਲ ਵਿਚ ਵਸਦਾ ਤੂੰ, ਪਰ ਮੁਰਸ਼ਦ ਨੂੰ ਤੂੰ ਸਮਝਾ ਦਿੱਤਾ
ਮਿਲਣਾ ਨਹੀਂ ਗੁਰਦੇਵ ਘੱਲ ਦੇਵੀਂ, ਨਿੱਤ ਨੈਣਾਂ ਤੋਂ ਨੀਰ ਬਹਾਵਾਂ ਮੈਂ
ਤੂੰ ਸਭ ਦਾ ਸਾਰੀ ਦੁਨੀਆਂ ਤੇਰੀ, ਪਰ ਮੇਰਾ ਤੇ ਤੂੰ ਹੀ ਹੈਂ ਇਕੋ
ਬੇਸਮਝ ਪਰ ਮੈਂ ਬੇਵਫਾ ਨਹੀਂ, ਕਿਵੇਂ ਮਿਲਾਂ ਮੇਰੇ ਮਨ ਵਿਚ ਲਿਖੋ
ਹੋਰ ਸਾਰੀਆਂ ਤੇਰੀਆਂ ਸਖੀਆਂ ਨੇ, ਦੱਸ ਕਿਵੇਂ ਤੇਰੀ ਬਣ ਪਾਵਾਂ ਮੈਂ
ਤੇਰੀ ਸਖੀਆਂ ਤਿਨ੍ਹਾਂ ਸੁਹਾਗ ਡਾਢਾ, ਵਿਚ ਚਿੱਤ ਉਨ੍ਹਾਂ ਦੇ ਵਸਦਾ ਤੂੰ
ਮੈਂ ਮਨਮੁੱਖ ਤੂੰ ਮੇਰੇ ਚਿੱਤ ਨ ਚੇਤੇ, ਪਰ ਹਿਸਾਬ ਸਭ ਦਾ ਰੱਖਦਾ ਤੂੰ
ਸਈਓ ਰੁੱਸ ਗਿਆ ਯਾਰ ਨਿਮਾਣੀ ਦਾ, ਰੁੱਸੇ ਮਾਹੀ ਨੂੰ ਕਿਵੇਂ ਮਨਾਵਾਂ ਮੈਂ
ਇਸ਼ਕ ਸਭ ਤੋਂ ਉਚੀ ਮੰਜ਼ਿਲ, ਇਸ਼ਕ ਕਮਾਇਆ ਤਿਨ੍ਹਾਂ ਰੱਬ ਪਾਇਆ
ਇਸ਼ਕ ਆਸ਼ਿਕਾਂ ਗ੍ਹੁੜਤੀ ਏ, ਹਕੀਕੀ ਆਸ਼ਿਕਾਂ ਇਸ਼ਕ ਚੋਂ ਰੱਬ ਪਾਇਆ
ਮੇਰਾ ਯਾਰ ਏ ਮਹਿਬੂਬ ਮੇਰਾ, ਤੱਕ ਸੂਰਤ ਗਲਵੱਕੜੀ ਪਾਵਾਂ ਮੈਂ
ਹਰ ਸ਼ੈ ਤੋਂ ਨੇੜੇ ਵਸਦਾ ਤੂੰ , ਬੈਂਸ ਨੂੰ ਕੁਝ ਨਹੀਂ ਦੱਸਦਾ ਤੂੰ
ਜਾਪ ਤਾਪ ਨ ਸਜਦਾ ਕੋਈ, ਇਸ ਲਈ ਮੈਥੋਂ ਦੂਰ ਨੱਸਦਾ ਤੂੰ
ਮਨ ਅੰਦਰ ਛੁਪਿਆ ਬੈਠਾ ਏਂ, ਛੁਪੇ ਹੋਏ ਨੂੰ ਕਿਵੇਂ ਮਨਾਵਾਂ ਮੈਂ