• Welcome to all New Sikh Philosophy Network Forums!
    Explore Sikh Sikhi Sikhism...
    Sign up Log in

Gurus ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ - ਸ੍ਰੀ ਗੁਰੂ ਤੇਗ ਬਹਾਦਰ ਜੀ

Dr. D. P. Singh

Writer
SPNer
Apr 7, 2006
136
64
Nangal, India

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ - ਸ੍ਰੀ ਗੁਰੂ ਤੇਗ ਬਹਾਦਰ ਜੀ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ, ਜੋ ਆਪਣੀ ਸਾਦਗੀ, ਧਾਰਮਿਕ ਸੁਭਾਅ, ਦ੍ਰਿੜ ਇਰਾਦੇ ਅਤੇ ਲਾਸਾਨੀ ਕੁਰਬਾਨੀ ਕਾਰਣ ਯਾਦ ਕੀਤੇ ਜਾਂਦੇ ਹਨ। ਮਨੁੱਖੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਕੀਤੇ ਗਏ
1613353548652.png
ਬਲੀਦਾਨ ਨੇ ਇਤਿਹਾਸ ਦਾ ਮੁੱਖ ਮੋੜ ਦਿੱਤਾ। ਸਮਕਾਲੀ ਬਾਦਸ਼ਾਹ ਔਰੰਗਜ਼ਬ ਦੁਆਰਾ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਵਿਰੁੱਧ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ।

ਬਾਲਕ ਤੇਗ ਬਹਾਦਰ ਦਾ ਜਨਮ 1 ਅਪ੍ਰੈਲ, 1621 ਈਸਵੀ ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਵਿਖੇ, ਪੰਜਾਬ (ਭਾਰਤ) ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਚ ਹੋਇਆ। ਉਹ ਗੁਰੂ ਹਰਗੋਬਿੰਦ ਜੀ ਦੇ ਪੰਜ ਪੁੱਤਰਾਂ ਵਿਚੋਂ ਸੱਭ ਤੋਂ ਛੋਟੇ ਸਨ। ਉਨ੍ਹਾਂ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟੱਲ ਰਾਏ ਜੀ ਅਤੇ ਇੱਕ ਭੈਣ ਬੀਬੀ ਵੀਰੋ ਜੀ ਸਨ। ਬਚਪਨ ਵਿਚ ਆਪ ਦਾ ਨਾਮ ਤਿਆਗ ਮੱਲ ਰੱਖਿਆ ਗਿਆ ।

ਬਾਲਕ ਤਿਆਗ ਮੱਲ ਨੂੰ ਸਿੱਖ ਸਿਧਾਂਤਾਂ ਅਤੇ ਗੁਰਮਤਿ ਅਨੁਸਾਰ ਸੁਯੋਗ ਸਿੱਖਿਆ ਦਿੱਤੀ ਗਈ। ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਦਾਸ ਤੋਂ ਉਸ ਨੂੰ ਭਾਸ਼ਾਵਾਂ, ਸਮਾਜਿਕ ਵਿਗਿਆਨ ਅਤੇ ਦਰਸ਼ਨ ਸਾਸ਼ਤਰ ਦਾ ਗਿਆਨ ਹਾਸਿਲ ਹੋਇਆ। ਤੀਰਅੰਦਾਜ਼ੀ ਅਤੇ ਘੋੜਸਵਾਰੀ ਦੀ ਸਿਖਲਾਈ ਉਸ ਨੇ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ। ਕਿਹਾ ਜਾਂਦਾ ਹੈ ਬਾਲਕ ਤਿਆਗ ਮੱਲ ਨੂੰ ਤਲਵਾਰਬਾਜ਼ੀ ਦਾ ਹੁਨਰ ਗੁਰੂ ਹਰਗੋਬਿੰਦ ਜੀ ਨੇ ਆਪ ਸਿਖਾਇਆ ਸੀ।

ਵਰਨਣਯੋਗ ਹੈ ਕਿ ਭਾਈ ਗੁਰਦਾਸ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੇ ਸਹਿਯੋਗੀ ਸਨ, ਜਿਸ ਨੇ ਗੁਰੂ ਜੀ ਦੇ ਹੁਕਮਾਂ ਅਨੁਸਾਰ, ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ - "ਆਦਿ ਗ੍ਰੰਥ" ਦਾ ਲੇਖਣ ਕਾਰਜ ਕੀਤਾ। ਉਹ ਆਪਣੇ ਸਮੇਂ ਦੀ ਬਹੁਤ ਹੀ ਵਿਦਵਾਨ ਸਖ਼ਸ਼ੀਅਤ ਸਨ। ਇੰਝ ਹੀ ਬਾਬਾ ਬੁੱਢਾ ਜੀ ਵੀ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਸਨ। ਉਸ ਨੂੰ ਪਹਿਲੇ ਛੇ ਸਿੱਖ ਗੁਰੂਆਂ ਦੀਆਂ ਗੱਦੀ ਨਸ਼ੀਨੀ ਰਸਮਾਂ ਨਿਭਾਉਣ ਦਾ ਮਾਣ ਵੀ ਹਾਸਿਲ ਰਿਹਾ।

ਬਚਪਨ ਤੋਂ ਹੀ ਬਾਲਕ ਤਿਆਗ ਮੱਲ ਸ਼ਾਂਤ ਸੁਭਾਅ ਦਾ ਸੀ। ਉਹ ਆਪਣੀ ਉਮਰ ਦੇ ਹੋਰ ਮੁੰਡਿਆਂ ਨਾਲ ਬਹੁਤ ਘੱਟ ਹੀ ਖੇਡਦਾ ਅਤੇ ਆਪਣਾ ਬਹੁਤਾ ਸਮਾਂ ਚਿੰਤਨ ਵਿਚ ਬਿਤਾਉਂਦਾ ਸੀ। ਘਰ ਵਿੱਚ ਮੌਜੂਦ ਧਾਰਮਿਕ ਮਾਹੌਲ ਨੇ ਉਸ ਦੀ ਰੁਚੀ ਦਰਸ਼ਨ ਸਾਸ਼ਤਰਾਂ ਦੇ ਅਧਿਐਨ ਵੱਲ ਪੈਦਾ ਕਰ ਦਿੱਤੀ। ਅਜਿਹੇ ਅਧਿਐਨ ਕਾਰਜਾਂ ਕਾਰਣ ਸੁਭਾਵਿਕ ਹੀ ਸੀ ਕਿ ਉਸ ਵਿਚ ਨਿਸ਼ਕਾਮ ਸੇਵਾ ਅਤੇ ਬਲੀਦਾਨ ਦੀ ਭਾਵਨਾ ਭਰਪੂਰ ਜੀਵਨ ਬਸਰ ਕਰਨ ਦਾ ਉੱਤਸ਼ਾਹ ਪੈਦਾ ਹੋ ਗਿਆ।

ਸੰਨ 1632 ਵਿਚ, ਬਾਲਕ ਤਿਆਗ ਮਲ ਅਜੇ ਗਿਆਰਾਂ ਕੁ ਸਾਲਾਂ ਦੇ ਹੋਏ ਸਨ ਕਿ ਉਸ ਦਾ ਦਾ ਵਿਆਹ ਬੀਬੀ ਗੁਜਰੀ ਜੀ ਨਾਲ ਕਰ ਦਿੱਤਾ ਗਿਆ। ਬੀਬੀ ਗੁਜਰੀ ਦੇ ਪਿਤਾ ਸ੍ਰੀ ਲਾਲ ਚੰਦ ਅਤੇ ਮਾਤਾ ਬੀਬੀ ਬਿਸ਼ਨ ਕੌਰ ਕਰਤਾਰਪੁਰ ਦੇ ਵਾਸੀ ਸਨ। ਬੀਬੀ ਗੁਜਰੀ ਵੀ ਬਹੁਤ ਹੀ ਸ਼ਾਂਤ ਸੁਭਾਅ ਤੇ ਧਾਰਮਿਕ ਬਿਰਤੀ ਦੀ ਮਾਲਿਕ ਸੀ।

ਗੁਰੂ ਪਰਿਵਾਰ ਵਿਚ ਵਧੀਆ ਪਾਲਣ-ਪੋਸ਼ਣ ਅਤੇ ਸਿੱਖਿਆ ਪ੍ਰਾਪਤੀ ਸਦਕਾ ਨੋਜਵਾਨ ਤਿਆਗ ਮੱਲ ਬਹਾਦਰ ਤੇ ਉਤਸ਼ਾਹਮਈ ਭਾਵਨਾ ਵਾਲੀ ਸਖ਼ਸ਼ੀਅਤ ਦਾ ਮਾਲਕ ਬਣ ਗਿਆ। ਅਜੇ ਉਹ ਸਿਰਫ਼ 13 ਸਾਲਾਂ ਦਾ ਹੀ ਸੀ ਜਦੋਂ ਉਸ ਨੂੰ ਆਪਣੀ ਸੈਨਿਕ ਸਿਖਲਾਈ ਦਾ ਹੁਨਰ ਜ਼ਾਹਿਰ ਕਰਨ ਦਾ ਮੌਕਾ ਮਿਲਿਆ। ਸੰਨ 1635 ਵਿਚ ਉਸ ਨੇ ਮੁਗਲ ਫੌਜਾਂ ਵਿਰੁੱਧ ਕਰਤਾਰ ਪੁਰ ਦੀ ਲੜਾਈ ਵਿਚ ਭਾਗ ਲਿਆ। ਇਸ ਲੜਾਈ ਵਿਚ ਪੈਂਦਾ ਖਾਨ ਦੀ ਅਗੁਵਾਈ ਵਿਚ ਲੜ ਰਹੀ ਮੁਗਲ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿਚ ਨੋਜਵਾਨ ਤਿਆਗ ਮੱਲ ਨੇ ਤਲਵਾਰਬਾਜ਼ੀ ਦੇ ਜੋ ਜੌਹਰ ਦਿਖਾਏ, ਉਸ ਦੀ ਮੱਦੇਨਜ਼ਰ ਬਾਲਕ ਤਿਆਗ ਮੱਲ ਨੂੰ ਤੇਗ ਬਹਾਦਰ ਦੇ ਨਾਮ ਨਾਲ ਬੁਲਾਇਆ ਜਾਣ ਲੱਗ ਪਿਆ।

ਸੰਨ 1644 ਵਿਚ, ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਤੁਰੰਤ ਬਾਅਦ, ਮਾਤਾ ਨਾਨਕੀ ਜੀ, ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ ਨੂੰ ਬਿਆਸ ਦਰਿਆ ਨੇੜੇ ਵਸੇ ਆਪਣੇ ਪੇਕੇ ਪਿੰਡ ਬਕਾਲਾ ਲੈ ਗਏ। ਕੁਝ ਇਤਹਾਸਕਾਰਾਂ ਅਨੁਸਾਰ ਭਾਈ ਮਹਿਰਾ, ਜੋ ਗੁਰੂ ਹਰਿਗੋਬਿੰਦ ਜੀ ਦੇ ਸ਼ਰਧਾਲੂ ਸਨ, ਨੇ ਤੇਗ ਬਹਾਦਰ ਜੀ ਲਈ ਇਕ ਘਰ ਬਣਵਾਇਆ। ਜਿੱਥੇ ਉਨ੍ਹਾਂ ਅਗਲੇ ਵੀਹ ਵਰ੍ਹੇ ਸ਼ਾਂਤੀ ਭਰਪੂਰ ਸਾਧਾਰਨ ਜੀਵਨ ਜੀਵਿਆ।

ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਤੇਗ ਬਹਾਦਰ ਜੀ ਨੇ ਬਕਾਲੇ ਵਿਖੇ ਆਪਣੇ ਘਰ ਵਿਚ ਭੋਰਾ ਬਣਵਾਇਆ ਹੋਇਆ ਸੀ ਜਿਸ ਵਿਚ ਉਹ ਅਕਸਰ ਇਕਾਂਤਮਈ ਹਾਲਾਤ ਵਿਚ ਪ੍ਰਭੂ ਸਿਮਰਨ ਕਰਦੇ ਸਨ। ਜੋ ਕਿ ਇਕ ਬਿਲਕੁਲ ਹੀ ਗ਼ਲਤ ਧਾਰਨਾ ਹੈ। ਦਰਅਸਲ ਤੇਗ ਬਹਾਦਰ ਜੀ ਦੀ ਪ੍ਰਭੂ-ਪਿਆਰ ਤੇ ਸਿਮਰਨ ਦੀ ਰੁਚੀ ਨੂੰ ਗਲਤ ਰੂਪ ਵਿਚ ਸਮਝਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਹੀ ਸਮੇਂ ਤੋਂ ਸਿੱਖ ਸਮੁਦਾਇ ਵਿਚ ਪ੍ਰਭੂ ਪਿਆਰ ਤੇ ਸਿਮਰਨ ਦੀ ਪਰੰਪਰਾ ਸਥਾਪਿਤ ਹੋ ਚੁੱਕੀ ਸੀ। ਇਸ ਪਰੰਪਰਾ ਅਨੁਸਾਰ ਅਧਿਆਤਮਕ ਵਿਕਾਸ ਦੇ ਨਾਲ ਨਾਲ ਨਿਸ਼ਕਾਮ ਮਾਨਵੀ ਸੇਵਾ ਦਾ ਵੀ ਬਹੁਤ ਮਹੱਤਵ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:

ਸਚਿ ਸਿਮਰਿਐ ਹੋਵੈ ਪਰਗਾਸੁ ॥ (ਮ. 1, ਸਗਗਸ, ਪੰਨਾ 661)
ਭਾਵ: ਪ੍ਰਭੂ ਨਾਲ ਪਿਆਰ ਤੇ ਨਾਮ ਸਿਮਰਨ ਰਾਹੀਂ ਆਤਮ-ਪ੍ਰਕਾਸ਼ (ਅਧਿਅਤਮਕ ਵਿਕਾਸ) ਹੁੰਦਾ ਹੈ।

ਸੁਖੁ ਹੋਵੈ ਸੇਵ ਕਮਾਣੀਆ ॥ (ਮ. 1, ਸਗਗਸ, ਪੰਨਾ 25)
ਭਾਵ: ਨਿਸ਼ਕਾਮ ਸੇਵਾ ਕਰਨ ਨਾਲ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ।​

ਤੇਗ ਬਹਾਦੁਰ ਜੀ ਨੇ ਆਪਣੇ ਇਕਾਂਤਵਾਸ ਦੇ ਲੰਮੇ ਅਰਸੇ ਦੌਰਾਨ ਪ੍ਰਭੂ-ਸਿਮਰਨ, ਨਿਸ਼ਕਾਮ ਸੇਵਾ ਅਤੇ ਸਵੈ-ਕੁਰਬਾਨੀ ਦੀਆਂ ਭਾਵਨਾਵਾਂ ਨੂੰ ਪ੍ਰਬਲ ਕਰਦੇ ਹੋਏ ਭਾਣਾ ਮੰਨਣ ਦੀ ਨੈਤਿਕ ਅਤੇ ਰੂਹਾਨੀ ਹਿੰਮਤ ਪ੍ਰਾਪਤ ਕਰ ਲਈ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਹਰ ਰਾਏ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰ ਰਾਏ ਜੀ ਨੂੰ ਮੱਥਾ ਟੇਕਿਆ। ਉਨ੍ਹਾਂ ਕਦੇ ਵੀ ਆਪਣੇ ਪਿਤਾ (ਗੁਰੂ) ਜੀ ਦੀ ਮਰਜ਼ੀ ਦੀ ਵਿਰੋਧਤਾ ਨਹੀਂ ਕੀਤੀ।

ਬਾਬਾ ਬਕਾਲਾ ਵਿਖੇ ਨਿਵਾਸ ਦੋਰਾਨ, ਤੇਗ ਬਹਾਦਰ ਜੀ ਕਈ ਪਵਿੱਤਰ ਅਤੇ ਇਤਿਹਾਸਕ ਸਥਾਨਾਂ ਜਿਵੇਂ ਕਿ ਗੋਇੰਦਵਾਲ, ਕੀਰਤਪੁਰ ਸਾਹਿਬ, ਹਰਿਦੁਆਰ, ਪ੍ਰਯਾਗ, ਮਥੁਰਾ, ਆਗਰਾ, ਕਾਸ਼ੀ (ਬਨਾਰਸ) ਅਤੇ ਗਯਾ ਵਿਖੇ ਧਾਰਮਿਕ ਪ੍ਰਚਾਰ ਲਈ ਗਏੇ। ਭਾਈ ਜੇਠਾ ਜੀ, ਜੋ ਗੁਰੂ ਘਰ ਦੇ ਵੱਡੇ ਸ਼ਰਧਾਲੂ ਸਨ, ਤੇਗ ਬਹਾਦਰ ਜੀ ਨੂੰ ਪਟਨਾ ਲੈ ਗਏ। ਇਥੇ ਉਨ੍ਹਾਂ ਨੇ ਸ੍ਰੀ ਗੁਰੂ ਹਰ ਰਾਏ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ, ਤਦ ਹੀ ਉਨ੍ਹਾਂ ਕੀਰਤਪੁਰ ਸਾਹਿਬ ਵਾਪਸ ਜਾਣ ਦਾ ਫੈਸਲਾ ਕੀਤਾ। ਵਾਪਸ ਪਰਤਦਿਆਂ ਉਹ 21 ਮਾਰਚ 1664 ਨੂੰ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੂੰ ਰਾਜਾ ਜੈ ਸਿੰਘ ਦੇ ਘਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਗਮਨ ਦਾ ਪਤਾ ਲਗਾ। ਦਿੱਲੀ ਵਿਖੇ ਉਨ੍ਹਾਂ, ਆਪਣੀ ਮਾਤਾ ਜੀ ਤੇ ਹੋਰ ਸ਼ਰਧਾਲੂ ਸਿੱਖਾਂ ਦੇ ਸਾਥ ਵਿਚ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਹਰ ਰਾਏ ਜੀ ਦੇ ਅਕਾਲ ਚਲਾਣੇ ਸੰਬੰਧੀ, ਗੁਰੂ ਸਾਹਿਬ ਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨ ਕੌਰ ਪ੍ਰਤੀ ਡੂੰਘੀ ਹਮਦਰਦੀ ਜ਼ਾਹਿਰ ਕੀਤੀ। ਇਸ ਪਿੱਛੋਂ ਉਹ ਬਕਾਲਾ (ਪੰਜਾਬ) ਲਈ ਰਵਾਨਾ ਹੋ ਗਏ।

ਤੇਗ ਬਹਾਦਰ ਜੀ ਦੇ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਨਿਯੁਕਤ ਹੋਣ ਪਿੱਛੇ ਇਕ ਬਹੁਤ ਹੀ ਦਿਲਚਸਪ ਕਹਾਣੀ ਹੈ। ਨੌਵੇਂ ਗੁਰੂ, ਗੁਰੂ ਹਰ ਕ੍ਰਿਸ਼ਨ ਜੀ ਨੇ ਅਕਾਲ ਚਲਾਣੇ ਤੋਂ ਪਹਿਲਾਂ ਅਗਲੇ ਗੁਰੂ ਬਾਰੇ ਬਸ ਦੋ ਸ਼ਬਦ "ਬਾਬਾ ਬਕਾਲਾ" ਹੀ ਉਚਾਰੇ। ਖ਼ਬਰ ਸੁਣਦਿਆਂ ਹੀ ਬਕਾਲੇ ਵਿਖੇ ਗੁਰਗੱਦੀ ਦੇ ਚਾਹਵਾਨ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਆਪ ਨੂੰ ਗੁਰੂ ਘੋਸਿ਼ਤ ਕਰ ਲਿਆ। ਉਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਧੀਰ ਮੱਲ ਸੀ, ਜੋ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦਾ ਇਕਲੌਤਾ ਸਿੱਧਾ ਵੰਸ਼ਜ ਸੀ। ਇਹ ਉਹ ਵਿਅਕਤੀ ਸੀ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ ਸੀ।

ਇਸ ਸਥਿਤੀ ਨੇ ਕਈ ਮਹੀਨਿਆਂ ਤਕ ਸਾਧਾਰਣ ਸਿੱਖ ਸ਼ਰਧਾਲੂਆਂ ਨੂੰ ਉਲਝਣ ਵਿਚ ਪਾਈ ਰੱਖਿਆ। ਅਗਸਤ 1664 ਦੇ ਮਹੀਨੇ, ਦਿੱਲੀ ਤੋਂ ਕੁਝ ਪ੍ਰਮੁੱਖ ਸਿੱਖਾਂ ਦੀ ਅਗਵਾਈ ਹੇਠ ਸਿੱਖ ਸੰਗਤ, ਪਿੰਡ ਬਕਾਲਾ ਵਿਖੇ ਪਹੁੰਚੀ ਅਤੇ ਉਨ੍ਹਾਂ ਤੇਗ ਬਹਾਦਰ ਜੀ ਨੂੰ ਨੌਵੇਂ ਸਿੱਖ ਗੁਰੂ ਵਜੋਂ ਮੰਨਿਆ। ਪਰ ਬਕਾਲੇ ਪਿੰਡ ਵਿਖੇ ਮਾਹੌਲ ਪਹਿਲਾਂ ਵਾਂਗ ਹੀ ਬਣਿਆ ਰਿਹਾ। (ਗੁਰੂ) ਤੇਗ ਬਹਾਦੁਰ ਜੀ ਨੇ ਸਿੱਖ ਗੁਰੂ ਪ੍ਰੰਪਰਾ ਦੇ ਅਧਿਆਤਮਿਕ ਉਤਰਾਧਿਕਾਰੀ ਦੀ ਪੱਦਵੀ ਨੂੰ ਸਵੀਕਾਰ ਤਾਂ ਕੀਤਾ ਪਰ ਉਨ੍ਹਾਂ ਗੁਰਗੱਦੀ ਦੇ ਹੋਰ ਦਾਅਵੇਕਾਰਾਂ ਨਾਲ ਵਿਵਾਦ ਵਿਚ ਪੈਣਾ ਪਸੰਦ ਨਾ ਕੀਤਾ। ਉਹ ਇਕਾਂਤਵਾਸ ਵਿਚ ਪ੍ਰਭੂ ਭਗਤੀ ਵਿਚ ਲੀਨ ਹੀ ਰਹੇ।

1613354328967.png
ਤਦ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਸ ਵਿਵਾਦ ਨੂੰ ਸਦਾ ਲਈ ਫ਼ੈਸਲਾਕੁੰਨ ਰੂਪ ਵਿਚ ਬਦਲ ਦਿੱਤਾ। ਇਕ ਦਿਨ, ਟਾਂਡਾ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ ਵਿੱਚ) ਦਾ ਇੱਕ ਅਮੀਰ ਵਪਾਰੀ ਮੱਖਣ ਸ਼ਾਹ ਲੁਬਾਣਾ, ਬਕਾਲਾ ਵਿਖੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਅਤੇ ਭੇਟ ਵਜੋਂ 500 ਸੋਨੇ ਦੀਆਂ ਮੁਹਰਾਂ ਲੈ ਕੇ ਆਇਆ। ਪ੍ਰਚਲਤ ਗਾਥਾ ਅਨੁਸਾਰ, ਇਸ ਤੋਂ ਪਹਿਲਾਂ ਉਸ ਦਾ ਮਾਲ ਨਾਲ ਭਰਿਆ ਸਮੁੰਦਰੀ ਜਹਾਜ਼ ਤੂਫਾਨ ਵਿਚ ਫਸ ਗਿਆ ਸੀ। ਉਸ ਨੇ ਜਹਾਜ਼ ਦੀ ਸਲਾਮਤੀ ਲਈ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਜਿਸ ਦੇ ਉਪਰੰਤ ਉਸਦਾ ਜਹਾਜ਼ ਸਮੁੰਦਰੀ ਤੂਫਾਨ ਵਿਚੋਂ ਸਹੀ ਸਲਾਮਤ ਬਾਹਰ ਨਿਕਲ ਆਇਆ। ਉਸਨੇ ਗੁਰੂ ਪ੍ਰਤਿ ਸ਼ਰਧਾ ਤੇ ਧੰਨਵਾਦ ਦੀ ਭਾਵਨਾ ਵਜੋਂ 500 ਸੋਨੇ ਦੀਆਂ ਮੋਹਰਾਂ ਪੇਸ਼ ਕਰਨ ਦਾ ਮਨ ਬਣਾਇਆ। ਜਦੋਂ ਮੱਖਣ ਸ਼ਾਹ ਲੁਬਾਣਾ ਆਪਣੀ ਸ਼ਰਧਾ ਭਾਵਨਾ ਦੀ ਪੂਰਤੀ ਲਈ ਰਵਾਨਾ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਅਗਲੇ ਗੁਰੂ ਬਾਰੇ "ਬਾਬਾ ਬਕਾਲਾ" ਕਹਿ ਕੇ ਅਕਾਲ ਚਲਾਣਾ ਕਰ ਗਏ ਸਨ । ਤਾਂ ਉਹ ਪਿੰਡ (ਬਾਬਾ) ਬਕਾਲਾ ਲਈ ਤੁਰ ਪਿਆ। ਬਕਾਲੇ ਪਿੰਡ ਵਿਖੇ ਪਹੁੰਚ ਕੇ ਉਸ ਨੂੰ ਗੁਰੂ ਪਦ ਦੇ ਬਹੁਤ ਸਾਰੇ ਦਾਅਵੇਦਾਰਾਂ ਦਾ ਪਤਾ ਲੱਗਾ। ਸਾਰਿਆਂ ਨੇ ਅਸਲ ‘ਗੁਰੂ’ ਹੋਣ ਦਾ ਦਾਅਵਾ ਕੀਤਾ। ਉਸ ਨੇ ਉਨ੍ਹਾਂ ਸਾਰੇ ਦਾਅਵੇਦਾਰ ਗੁਰੂਆਂ ਨੂੰ ਸਿਰਫ ਦੋ ਮੋਹਰਾਂ ਪ੍ਰਤੀ ਗੁਰੂ ਭੇਂਟ ਕੀਤੀਆਂ ਜੋ ਉਨ੍ਹਾਂ ਸਾਰਿਆਂ ਨੇ ਖੁਸ਼ੀ ਖੁਸ਼ੀ ਸਵੀਕਾਰ ਕਰ ਲਈਆਂ। ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਕੋਈ ਵੀ ਗੁਰੂ ਉਸ ਦੇ ਮਨ ਦੀ ਗੱਲ ਨੂੰ ਬੁਝ ਨਹੀਂ ਸੀ ਸਕਿਆ।

ਜਦ ਉਹ ਵਾਪਸ ਜਾ ਰਿਹਾ ਸੀ ਤਾਂ ਕੁਝ ਪਿੰਡ ਵਾਸੀਆਂ ਤੋਂ ਉਸ ਨੂੰ ਪਤਾ ਲਗਾ ਕਿ ਤੇਗ ਬਹਾਦਰ ਨਾਮ ਦਾ ਇਕ ਹੋਰ ਗੁਰੂ ਵੀ ਹੈ। ਉਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਗਿਆ ਜੋ ਉਸ ਸਮੇਂ ਇਕਾਂਤਵਾਸ ਵਿਚ ਬੈਠੇ ਸਿਮਰਨ ਕਰ ਰਹੇ ਸਨ। ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਦੋ ਮੋਹਰਾਂ ਭੇਟ ਕੀਤੀਆਂ ਤਾ ਗੁਰੂ ਜੀ ਨੇ ਉਸ ਨੂੰ ਪ੍ਰਸ਼ਨ ਕੀਤਾ ਕਿ ਮੱਖਣ ਸ਼ਾਹ ਪੰਜ ਸੌ ਮੋਹਰਾਂ ਦੀ ਬਜਾਏ ਸਿਰਫ਼ ਦੋ ਮੋਹਰਾਂ ਭੇਟ ਕਰਕੇ ਆਪਣਾ ਵਾਅਦਾ ਕਿਉਂ ਤੋੜ ਰਿਹਾ ਹੈ। ਇਸ ਸਮੇਂ ਮੱਖਣ ਸ਼ਾਹ ਖ਼ੁਸ਼ੀ ਨਾਲ ਬਾਗੋ ਬਾਗ ਹੋ ਗਿਆ। ਉਹ ਤੁਰੰਤ ਘਰ ਦੀ ਛੱਤ ਉੱਤੇ ਚੜ੍ਹ ਗਿਆ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ, "ਗੁਰੂ ਲਾਧੋ ਰੇ… ਗੁਰੂ ਲਾਧੋ ਰੇ…"। ਇਹ ਸੁਣਦਿਆਂ ਹੀ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸੱਚੇ ਗੁਰੂ ਜੀ ਨੂੰ ਮੱਥਾ ਟੇਕਿਆ।

ਇਸ ਘਟਨਾ ਨੇ ਧੀਰ ਮੱਲ ਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ। ਉਸਨੇ ਭਾੜੇ ਦੇ ਗੁੰਡਿਆਂ ਨਾਲ ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ ਕਰ ਦਿੱਤਾ। ਇੱਕ ਗੋਲੀ ਗੁਰੂ ਸਾਹਿਬ ਦੇ ਵੀ ਲੱਗੀ। ਜਦੋਂ ਸਿੱਖਾਂ ਨੂੰ ਇਸ ਹਮਲੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਧੀਰ ਮੱਲ ਕੋਲ ਮੌਜੂਦ ਆਦਿ ਗ੍ਰੰਥ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪਰ ਗੁਰੂ ਸਾਹਿਬ ਨੇ ਧੀਰ ਮੱਲ ਨੂੰ ਮੁਆਫ ਕਰਦੇ ਹੋਏ ਆਦਿ ਗ੍ਰੰਥ ਉਸ ਨੂੰ ਵਾਪਸ ਕਰ ਦਿੱਤਾ।

ਨਵੰਬਰ 1664 ਦੌਰਾਨ ਗੁਰੂ ਤੇਗ ਬਹਾਦੁਰ ਜੀ ਆਪਣੇ ਪੂਰੇ ਪਰਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਪਹੁੰਚੇ। ਪਰ ਇਸ ਪਵਿੱਤਰ ਅਸਥਾਨ ਉੱਤੇ ਕਾਬਜ਼ ਸੌਢੀ ਵੰਸ਼ ਅਤੇ ਬਾਬਾ ਪ੍ਰਿਥੀ ਚੰਦ ਦੇ ਵੰਸ਼ਜਾਂ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਖਲ ਹੋਣ ਤੋਂ ਮਨਾਹੀ ਕਰ ਦਿੱਤੀ ਗਈ। ਗੁਰੂ ਜੀ ਨੇ ਨੇੜਲੇ ਸਥਾਨ ਵਿਖੇ ਦਰਸ਼ਨਾਂ ਲਈ ਆਗਿਆ ਦਾ ਇੰਤਜ਼ਾਰ ਕੀਤਾ। ਪਰ ਰੁਕਾਵਟ ਹੱਲ ਨਾ ਹੋਈ। ਗੁਰੂ ਤੇਗ ਬਹਾਦੁਰ ਜੀ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਪਣੇ ਦਾਖਲੇ ਵਾਸਤੇ ਕੋਈ ਦਬਾਉ ਨਾ ਪਾਇਆ, ਸਗੋਂ ਸ਼ਾਂਤੀ ਨਾਲ ਵਾਪਸ ਚਲੇ ਗਏ। ਸਮੇਂ ਨਾਲ ਉਹ ਸਥਾਨ, ਜਿਥੇ ਗੁਰੂ ਜੀ ਠਹਿਰੇ ਸਨ, ਦਾ ਨਾਮ ਥੜਾ ਸਾਹਿਬ (ਸਬਰ ਦਾ ਥੰਮ) ਮਸ਼ਹੂਰ ਹੋ ਗਿਆ। ਅੰਮ੍ਰਿਤਸਰ ਤੋਂ ਉਹ ਵੱਲਾਹ, ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਖੇਮਕਰਨ ਦੀ ਯਾਤਰਾ ਕਰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਤਲਵੰਡੀ ਸਾਬੋਕੇ, ਬਾਂਗਰ ਅਤੇ ਧੰਡੌਰ ਵੀ ਗਏ। ਗੁਰੂ ਸਾਹਿਬ ਜਿੱਥੇ ਵੀ ਗਏ, ਉਥੇ ਉਨ੍ਹਾਂ ਸਿੱਖ ਧਰਮ ਦੇ ਨਵੇਂ ਪ੍ਰਚਾਰ ਕੇਂਦਰ (ਮੰਜੀਆਂ) ਸਥਾਪਿਤ ਕੀਤੇ। ਗੁਰੂ ਜੀ 1665 ਵਿਚ ਕੀਰਤਪੁਰ ਸਾਹਿਬ ਪਹੁੰਚੇ।

ਜੂਨ 1665 ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਦੇ ਕਿਨਾਰੇ ਮਖੋਵਾਲ ਪਿੰਡ ਨੇੜੇ ਬਿਲਾਸਪੁਰ ਦੇ ਰਾਜੇ ਤੋਂ ਕੁਝ ਜ਼ਮੀਨ ਖਰੀਦੀ। ਉਨ੍ਹਾਂ ਆਪਣੀ ਸਤਿਕਾਰਤ ਮਾਤਾ ਨਾਨਕੀ ਦੇ ਨਾਮ ਉੱਤੇ ਇੱਕ ਨਵਾਂ ਨਗਰ ਚੱਕ-ਨਾਨਕੀ ਸਥਾਪਿਤ ਕੀਤਾ। ਬਾਅਦ ਵਿਚ ਇਸ ਕਸਬੇ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖ ਦਿੱਤਾ ਗਿਆ। ਚੱਕ-ਨਾਨਕੀ ਵਿਖੇ ਥੋੜੇ ਜਿਹੇ ਸਮੇਂ ਲਈ ਠਹਿਰਨ ਤੋਂ ਬਾਅਦ, ਗੁਰੂ ਤੇਗ ਬਹਾਦਰ ਜੀ, ਨਵੇਂ ਪ੍ਰਚਾਰ ਕੇਂਦਰ ਸਥਾਪਤ ਕਰਣ ਲਈ ਤੇ ਪੁਰਾਣੇ ਪ੍ਰਚਾਰ ਕੇਂਦਰਾਂ ਨੂੰ ਮੁੜ-ਮਜ਼ਬੂਤ ਕਰਨ ਲਈ ਪੂਰਬ ਵੱਲ ਦੀ ਲੰਮੀ ਯਾਤਰਾ ਕਰਨ ਦਾ ਫੈਸਲਾ ਕੀਤਾ। ਅਗਸਤ 1665 ਵਿੱਚ ਉਹ ਅਨੰਦਪੁਰ ਸਾਹਿਬ ਤੋਂ ਯਾਤਰਾ ਲਈ ਚਲ ਪਏ। ਇਹ ਉਨ੍ਹਾਂ ਦਾ ਦੂਜਾ ਮਿਸ਼ਨਰੀ ਦੌਰਾ ਸੀ। ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਸ਼ਰਧਾਲੂ ਸਿੱਖ ਜਿਵੇਂ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਸੰਗਤੀਆ ਜੀ, ਭਾਈ ਦਿਆਲ ਦਾਸ ਜੀ ਅਤੇ ਭਾਈ ਜੇਠਾ ਜੀ ਵੀ ਮੌਜੂਦ ਸਨ।

ਇਹ ਮਨੁੱਖਤਾ ਦਾ ਦਰਦ ਸਮਝਣ ਲਈ ਕੀਤੀ ਗਈ ਇਕ ਲੰਮੀ ਯਾਤਰਾ ਸੀ। ਇਸ ਯਾਤਰਾ ਦੌਰਾਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਤੇ ਗੁਰਮਤਿ ਵਿਚਾਰਾਂ ਨੂੰ ਸੁਨਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ, ਜਿਸ ਦੇ ਫਲਸਰੂਪ ਮੁਗਲਾਂ ਦੇ ਕੱਟੜਵਾਦੀ ਵਰਗ ਵਿਚ ਵੱਡੀ ਚਿੰਤਾ ਪੈਦਾ ਹੋ ਗਈ। ਦਸੰਬਰ 1665 ਵਿਚ ਜਦੋਂ ਗੁਰੂ ਤੇਗ ਬਹਾਦੁਰ ਜੀ ਬੰਗੜ ਖੇਤਰ ਦੇ ਧਮਧਾਨ ਨਗਰ ਵਿਖੇ ਪਹੁੰਚੇ ਤਾਂ ਇਕ ਮੁਗਲ ਅਧਿਕਾਰੀ ਆਲਮ ਖਾਨ ਰੋਹਿਲਾ ਨੇ ਸ਼ਾਹੀ ਹੁਕਮਾਂ ਹੇਠ ਉਨ੍ਹਾਂ ਨੂੰ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ ਅਤੇ ਕੁਝ ਹੋਰ ਸਿੱਖ ਪੈਰੋਕਾਰਾਂ ਦੇ ਨਾਲ ਚਿੰਤਾ ਗ੍ਰਿਫਤਾਰ ਕਰ ਲਿਆ। ਇਨ੍ਹਾਂ ਸਾਰਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਨ੍ਹਾਂ ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਪੁੱਤਰ ਕੰਵਰ ਰਾਮ ਸਿੰਘ ਕਛਵਾਹਾ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ। ਰਾਜਾ ਜੈ ਸਿੰਘ ਦਾ ਪੂਰਾ ਪਰਿਵਾਰ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਸੀ। ਇਸ ਲਈ ਉਨ੍ਹਾਂ ਨੇ ਗੁਰੂ ਜੀ ਤੇ ਸਾਥੀ ਸਿੱਖਾਂ ਨਾਲ ਕੈਦੀਆਂ ਵਰਗਾ ਵਰਤਾਓ ਦੀ ਥਾਂ ਬਹੁਤ ਹੀ ਸਤਿਕਾਰ ਕੀਤਾ ਅਤੇ ਸ਼ਾਹੀ ਦਰਬਾਰ ਤੋਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਵੀ ਪ੍ਰਾਪਤ ਕਰ ਲਏ। ਇਸ ਕਾਰਜ ਵਿਚ ਲਗਭਗ ਦੋ ਮਹੀਨਿਆਂ ਦਾ ਸਮਾਂ ਲੱਗਾ। ਤਦ ਆਪਣੇ ਮਿਸ਼ਨ ਨੂੰ ਜਾਰੀ ਰੱਖਦਿਆਂ ਗੁਰੂ ਸਾਹਿਬ ਪਹਿਲਾਂ ਮਥੁਰਾ ਅਤੇ ਫਿਰ ਆਗਰਾ ਪਹੁੰਚੇ। ਇਥੋਂ ਉਹ ਇਟਾਵਾ, ਕਾਨਪੁਰ ਅਤੇ ਫਤਿਹਪੁਰ ਹੁੰਦੇ ਹੋਏ ਇਲਾਹਾਬਾਦ ਪੁੱਜ ਗਏ॥ ਉਹ ਬਨਾਰਸ ਅਤੇ ਸਾਸਾਰਾਮ ਵੀ ਗਏ ਅਤੇ ਮਈ 1666 ਈਸਵੀ ਨੂੰ ਪਟਨਾ ਵਿਖੇ ਪਹੁੰਚ ਗਏ।

ਆਪਣੀ ਯਾਤਰਾ ਦੇ ਅਗਲੇ ਪੜਾਅ ਵੱਲ ਵੱਧਣ ਤੋਂ ਪਹਿਲਾਂ, ਗੁਰੂ ਜੀ ਨੇ ਅਗਾਮੀ ਬਰਸਾਤ ਦੇ ਮੌਸਮ ਦੌਰਾਨ, ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਤੇ ਰਿਹਾਇਸ਼ ਲਈ, ਇਕ ਬਹੁਤ ਹੀ ਸ਼ਰਧਾਲੂ ਸਿੱਖ ਔਰਤ ਮਾਤਾ ਪੈਂਦਾ ਦੀ ਦੇਖ ਰੇਖ ਵਿਚ ਸੁਯੋਗ ਪ੍ਰਬੰਧ ਕੀਤੇ। ਤਦ ਗੁਰੁ ਜੀ ਦੇ ਮਹਿਲ ਬੀਬੀ ਗੁਜਰੀ ਜੀ ਗਰਭਵਤੀ ਸਨ। ਅਕਤੂਬਰ 1666 ਵਿਚ ਗੁਰੂ ਜੀ ਮੁੰਗੇਰ, ਕਾਲੀਕਟ (ਹੁਣ ਕੋਲਕਾਤਾ), ਸਾਹਿਬ ਗੰਜ ਅਤੇ ਕੰਤ ਨਗਰ ਹੁੰਦੇ ਹੋਏ ਢਾਕਾ ਸ਼ਹਿਰ ਵੱਲ ਚਲ ਪਏੇ। ਜਿਨ੍ਹਾਂ ਵੀ ਥਾਵਾਂ ਉੱਤੇ ਗੁਰੂ ਜੀ ਰੁਕੇ, ਉਥੇ ਰੋਜ਼ਾਨਾ ਦੀਵਾਨ ਸਜਾਏ ਜਾਂਦੇ ਸਨ। ਸਤਿਸੰਗਤ ਦਾ ਇਕੱਠ ਹੁੰਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਸੀ। ਧਾਰਮਿਕ ਵਿਚਾਰ ਵਟਾਂਦਰੇ ਕੀਤੇ ਜਾਂਦੇ ਸਨ। ਅਨੇਕ ਸਿੱਖਾਂ ਜਿਵੇਂ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਅਤੇ ਬਾਬਾ ਗੁਰਦਿੱਤਾ ਜੀ ਨੇ ਇਨ੍ਹਾਂ ਦੀਵਾਨਾਂ ਦੋਰਾਨ ਗੁਰਬਾਣੀ ਦੀ ਵਿਆਖਿਆ ਤੇ ਪ੍ਰਸਾਰ ਕਾਰਜਾਂ ਵਿਚ ਭਾਗ ਲਿਆ।

ਢਾਕਾ ਵਿਖੇ ਗੁਰੂ ਜੀ ਨੇ ਅਲਮਸਤ ਜੀ ਅਤੇ ਨੱਥਾ ਜੀ ਵਰਗੇ ਉੱਘੇ ਪੈਰੋਕਾਰਾਂ ਦੀ ਮਦਦ ਨਾਲ ਇਕ ਵੱਡੀ ਸੰਗਤ (ਹਜ਼ੂਰੀ ਸੰਗਤ) ਦੀ ਸਥਾਪਨਾ ਕੀਤੀ। ਜਿਸ ਸਥਾਨ ਵਿਖੇ ਆਸਣ ਗ੍ਰਹਿਣ ਕਰਕੇ ਗੁਰੂ ਜੀ ਸਰੋਤਿਆਂ ਨੂੰ ਪਵਿੱਤਰ ਬਚਨ ਸੁਣਾਂਦੇ ਸਨ, ਉਸ ਸਥਾਨ ਵਿਖੇ ਅੱਜ ਕਲ ਗੁਰਦੁਆਰਾ ਸੰਗਤ ਟੋਲਾ ਸੁਸ਼ੋਭਿਤ ਹੈ। ਇਥੇ ਹੀ ਗੁਰੂ ਜੀ ਨੂੰ ਆਪਣੇ ਸਪੁੱਤਰ (ਬਾਲ ਗੋਬਿੰਦ ਰਾਏ) ਦੇ ਜਨਮ ਦੀ ਖ਼ਬਰ ਪੁੱਜੀ। ਬਾਲ ਗੋਬਿੰਦ ਰਾਏ ਦਾ ਜਨਮ ਪੋਹ ਸੁਦੀ ਸਪਤਮੀ (23 ਪੋਹ) ਬਿਕਰਮੀ ਸੰਮਤ 1723 (22 ਦਸੰਬਰ 1666) ਨੂੰ ਪਟਨਾ ਵਿਖੇ ਹੋਇਆ ਸੀ। ਹੁਣ ਗੁਰੂ ਜੀ ਜੈਂਤੀਆ ਪਹਾੜੀਆਂ ਅਤੇ ਸਿਲਹਟ ਵੱਲ ਚਲ ਪਏੇ ਜਿਥੇ ਉਨ੍ਹਾਂ ਨੇ ਇੱਕ ਪ੍ਰਚਾਰ ਕੇਂਦਰ ਸਥਾਪਤ ਕੀਤਾ ਅਤੇ ਫਿਰ ਅਗਰਤਲਾ ਹੁੰਦੇ ਹੋਏ ਚਿਟਾਗਾਂਗ ਪਹੁੰਚੇ।

ਸੰਨ 1668 ਵਿਚ ਗੁਰੂ ਜੀ ਢਾਕਾ ਵਾਪਸ ਆ ਗਏੇ। ਇਸ ਸਮੇਂ ਰਾਜਾ ਰਾਮ ਸਿੰਘ ਪੁੱਤਰ ਸਵਰਗਵਾਸੀ ਰਾਜਾ ਜੈ ਸਿੰਘ, ਪਹਿਲਾਂ ਹੀ ਢਾਕਾ ਵਿਖੇ ਮੌਜੂਦ ਸੀ ਤੇ ਆਪਣੀ ਅਸਾਮ ਦੀ ਮੁਹਿੰਮ ਦੇ ਪ੍ਰਬੰਧਾਂ ਵਿਚ ਮਸ਼ਰੂਫ ਸੀ। ਰਾਜਾ ਰਾਮ ਸਿੰਘ, ਗੁਰੂ ਜੀ ਨੂੰ ਮਿਲਿਆ ਅਤੇ ਆਪਣੀ ਮੁਹਿੰਮ ਦੀ ਸਫ਼ਲਤਾ ਲਈ ਗੁਰੂ ਜੀ ਦੇ ਆਸ਼ੀਰਵਾਦ ਦੀ ਮੰਗ ਕੀਤੀ। (ਕੁਝ ਇਤਹਾਸਕਾਰਾਂ ਦਾ ਕਹਿਣਾ ਹੈ ਕਿ ਰਾਜਾ ਰਾਮ ਸਿੰਘ, ਗੁਰੂ ਜੀ ਨੂੰ ਗਯਾ ਵਿਖੇ ਮਿਲਿਆ ਸੀ)। ਜਦੋਂ ਕਿ ਗੁਰੂ ਜੀ ਪਹਿਲਾਂ ਹੀ ਦੂਰ-ਪੂਰਬੀ ਥਾਵਾਂ ਦਾ ਦੌਰਾ ਕਰ ਰਹੇ ਸਨ, ਰਾਜਾ ਰਾਮ ਸਿੰਘ ਨੇ ਮੁਹਿੰਮ ਦੌਰਾਨ ਗੁਰੂ ਸਾਹਿਬ ਨੂੰ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ । ਗੁਰੂ ਜੀ ਨੇ ਰਾਜਾ ਰਾਮ ਸਿੰਘ ਦੀ ਬੇਨਤੀ ਸਵੀਕਾਰ ਕਰ ਲਈ। ਇਸ ਦੌਰੇ ਦੌਰਾਨ ਗੁਰੂ ਜੀ ਨੇ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਸਥਿਤ ਅਸਾਮ ਦੇ ਨਗਰ ਧੁਬੜੀ ਵਿਖੇ ਦੀਵਾਨ ਲਗਾਇਆਂ। ਜਿਥੇ ਅੱਜ ਕਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ਵਿਖੇ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਸਨ। ਪ੍ਰਚਲਿਤ ਗਾਥਾ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਮਾਧਿਅਮ ਰਾਹੀਂ, ਕਾਮਰੂਪ ਦੇ ਸ਼ਾਸਕ ਅਤੇ ਰਾਜਾ ਰਾਮ ਸਿੰਘ ਵਿਚਕਾਰ ਖੂਨੀ ਲੜਾਈ ਟਲ ਗਈ ਤੇ ਦੋਹਾਂ ਧਿਰਾਂ ਵਿਚ ਸ਼ਾਂਤਮਈ ਸਮਝੌਤਾ ਹੋ ਗਿਆ। ਅਪ੍ਰੈਲ-ਮਈ 1670 ਵਿਚ ਗੁਰੂ ਜੀ ਅਸਾਮ ਤੋਂ ਪਟਨਾ ਵਾਪਸ ਆ ਗਏੇ।
1613354160655.png


ਗੁਰੂ ਜੀ ਨੇ ਇਸ ਸਫ਼ਰ ਦੌਰਾਨ ਮਹਿਸੂਸ ਕੀਤਾ ਕਿ ਇਸਲਾਮ ਦੇ ਪੈਰੋਕਾਰ ਸ਼ਾਸ਼ਕਾਂ ਦੁਆਰਾ ਭਾਰਤਵਾਸੀ ਹਿੰਦੂਆਂ ਉੱਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਸੀ। ਹਰ ਪਾਸੇ ਦਹਿਸ਼ਤ ਦਾ ਰਾਜ ਛਾਇਆ ਹੋਇਆ ਸੀ। ਹਿੰਦੂਆਂ ਨਾਲ ਅਨਿਆਂ ਕਰਨਾ ਇਸ ਰਾਜ ਦਾ ਸਭ ਤੋਂ ਭੈੜਾ ਚਲਣ ਸੀ। ਔਰੰਗਜੇ਼ਬ ਨੇ ਹਿੰਦੂ ਧਰਮ ਨੂੰ ਸਿੱਧੇ ਤੇ ਅਸਿੱਧੇ ਦੋਨੋਂ ਢੰਗਾਂ ਨਾਲ ਖ਼ਤਮ ਕਰਨ ਦਾ ਮਨ ਬਣਾਇਆ ਹੋਇਆ ਸੀ। ਉਸ ਨੇ ਬਹੁਤ ਸਾਰੇ ਇਸਲਾਮੀ ਕੱਟੜਪੰਥੀ ਕਾਰਜ ਆਰੰਭ ਲਏ ਸਨ। ਜਿਵੇਂ ਕਿ ਹਿੰਦੂ ਵਪਾਰੀਆਂ ਲਈ ਵਿਸ਼ੇਸ਼ ਟੈਕਸ, ਗ਼ੈਰ-ਮੁਸਲਮਾਨਾਂ ਲਈ ਧਾਰਮਿਕ ਟੈਕਸ (ਜ਼ਜ਼ੀਆ)। ਦੀਵਾਲੀ ਅਤੇ ਹੋਲੀ ਦੇ ਤਿਉਹਾਰ ਮਨਾਹੀ ਸੀ । ਉਸ ਨੇ ਬਹੁਤ ਸਾਰੇ ਅਹਿਮ ਅਤੇ ਪਵਿੱਤਰ ਹਿੰਦੂ ਮੰਦਰਾਂ ਨੂੰ ਢਾਹ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਤੇ ਮਸਜਿਦਾਂ ਸਥਾਪਤ ਕਰਵਾ ਦਿੱਤੀਆਂ ਸਨ। ਇਤਹਾਸ ਵਿਚ ਵਰਨਣ ਮਿਲਦਾ ਹੈ ਕਿ ਉਸ ਨੇ ਸਿੱਖਾਂ ਦੇ ਕਈ ਗੁਰੂਦੁਆਰੇ ਵੀ ਢਾਹ ਦਿੱਤੇ ਸਨ।

ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਬਾਰੇ ਸੁਣਿਆ ਅਤੇ ਉਹ ਪੰਜਾਬ ਵੱਲ ਵਧਦੇ ਗਏ। ਰਸਤੇ ਵਿਚ, ਜੂਨ 1670 ਵਿਚ, ਗੁਰੂ ਜੀ ਨੂੰ ਉਨ੍ਹਾਂ ਦੇ ਕਈ ਪ੍ਰਮੁੱਖ ਸਿੱਖਾਂ ਦੇ ਨਾਲ ਆਗਰਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਿੱਲੀ ਵਿਖੇ ਸ਼ਾਹੀ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਜਲਦੀ ਹੀ ਰਿਹਾ ਕਰ ਦਿੱਤਾ ਗਿਆ। ਫਰਵਰੀ 1671 ਵਿਚ ਗੁਰੂ ਜੀ ਅਨੰਦਪੁਰ ਸਾਹਿਬ ਪਹੁੰਚ ਗਏੇ। ਇਥੇ ਉਹਨਾਂ ਨੇ ਅਗਲੇ ਲਗਭਗ ਦੋ ਸਾਲ ਸ਼ਾਂਤੀਪੂਰਨ ਸਿੱਖ ਧਰਮ ਦੇ ਪ੍ਰਚਾਰ ਵਿਚ ਬਿਤਾਏ। ਇਸ ਸਮੇਂ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਦੇ ਦੁੱਖਾਂ ਨਾਲ ਗਹਿਰੀ ਸਾਂਝ ਬਣਾ ਲਈ।

ਸੰਨ 1672 ਵਿਚ, ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵੱਲ ਧਾਰਮਿਕ ਯਾਤਰਾ ਲਈ ਚਲ ਪਏੇ। ਇਹ ਇਲਾਕਾ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਪੱਛੜਿਆ ਹੋਇਆ ਖੇਤਰ ਸੀ। ਬੇਸ਼ਕ ਇਥੋਂ ਦੇ ਲੋਕ ਸਖਤ ਮਿਹਨਤੀ ਸਨ ਪਰ ਉਹ ਕਾਫ਼ੀ ਗਰੀਬ ਸਨ। ਉਹ ਮੁੱਢਲੀਆਂ ਸਹੂਲਤਾਂ ਜਿਵੇਂ ਤਾਜ਼ਾ ਪੀਣ ਵਾਲਾ ਪਾਣੀ, ਦੁੱਧ ਅਤੇ ਸਧਾਰਣ ਭੋਜਨ ਤੋਂ ਵੀ ਵਾਂਝੇ ਸਨ। ਗੁਰੂ ਜੀ ਨੇ ਲਗਭਗ ਡੇਢ ਸਾਲ ਤਕ ਇਸ ਖੇਤਰ ਦਾ ਦੌਰਾ ਕੀਤਾ।

ਉਨ੍ਹਾਂ ਨੇ ਕਈ ਢੰਗਾਂ ਨਾਲ ਪਿੰਡ ਵਾਸੀਆਂ ਦੀ ਸਹਾਇਤਾ ਕੀਤੀ। ਗੁਰੂ ਜੀ ਤੇ ਉਨ੍ਹਾਂ ਦੀ ਸਾਥੀ ਸਿੱਖ ਸੰਗਤ ਨੇ ਇਥੋਂ ਦੀ ਬੰਜਰ ਜ਼ਮੀਨ ਵਿਚ ਰੁੱਖ ਲਗਾਉਣ ਵਿੱਚ ਮਦਦ ਕੀਤੀ। ਸਥਾਨਕ ਲੋਕਾਂ ਨੂੰ ਡੇਅਰੀ ਫਾਰਮਿੰਗ ਸ਼ੁਰੂ ਕਰਨ ਦੀ ਸਲਾਹ ਦਿੱਤੀ ਅਤੇ ਕਈ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬਹੁਤ ਸਾਰੇ ਪਸ਼ੂ ਵੀ ਮੁਫਤ ਵਿਚ ਵੰਡੇ। ਪਾਣੀ ਦੀ ਘਾਟ ਨੂੰ ਹੱਲ ਕਰਨ ਲਈ, ਗੁਰੂ ਜੀ ਨੇ ਕਾਰ ਸੇਵਾ (ਮੁਫਤ ਸੇਵਾ) ਰਾਹੀਂ ਬਹੁਤ ਸਾਰੇ ਜਨਤਕ ਖੂਹ ਲੁਆਏ। ਲੋਕ ਭਲਾਈ ਦੇ ਇਨ੍ਹਾਂ ਕਾਰਜਾਂ ਕਾਰਣ ਗੁਰੂ ਜੀ ਆਮ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ। ਇਸ ਖੇਤਰ ਵਿਖੇ ਸਖੀ ਸਰਵਰ (ਇਕ ਮੁਸਲਮਾਨ ਸੰਗਠਨ) ਦੇ ਅਨੇਕ ਪੈਰੋਕਾਰ ਸਿੱਖ ਧਰਮ ਵਿਚ ਪ੍ਰਵੇਸ਼ ਕਰ ਗਏ। ਗੁਰੂ ਜੀ ਨੇ ਇਸ ਖੇਤਰ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਸਾਰੇ ਨਵੇਂ ਪ੍ਰਚਾਰ ਕੇਂਦਰ ਵੀ ਸਥਾਪਤ ਕੀਤ। ਗੁਰੂ ਜੀ ਪਟਿਆਲਾ (ਦੂਖਨਿਵਾਰਨ ਸਾਹਿਬ), ਸਮਾਣਾ, ਭੀਖੀ, ਟਾਹਲਾ ਸਾਹਿਬ, ਬਠਿੰਡਾ ਵਿਖੇ ਤਲਵੰਡੀ, ਗੋਬਿੰਦਪੁਰਾ, ਮਕਰੋੜਾ, ਬੰਗੜ ਅਤੇ ਧਮਧਾਨ ਨਗਰਾਂ ਵਿਖੇ ਵੀ ਰੁਕੇ। ਇਨ੍ਹਾਂ ਇਲਾਕਿਆਂ ਦੀ ਲਗਭਗ ਡੇਢ ਸਾਲ ਦੀ ਲੰਮੀ ਯਾਤਰਾ ਪਿਛੋਂ ਗੁਰੂ ਜੀ ਸੰਨ 1675 ਵਿਚ ਅਨੰਦਪੁਰ ਸਾਹਿਬ ਵਾਪਸ ਆ ਗਏ।

ਇਨ੍ਹਾਂ ਧਰਮ ਪ੍ਰਚਾਰ ਦੌਰਿਆਂ ਅਤੇ ਸਮਾਜ ਸੇਵੀ ਕਾਰਜਾਂ ਨੇ ਮੁਸਲਿਮ ਕੱਟੜਪੰਥੀਆਂ ਨੂੰ ਗੁੱਸੇ ਨਾਲ ਭਰ ਦਿੱਤਾ। ਮੁਸਲਿਮ ਉੱਚ ਅਧਿਕਾਰੀਆਂ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ। ਮੁਗਲ ਸਾਮਰਾਜ ਦੇ ਗੁਪਤਚਰਾਂ ਨੇ ਵੀ ਗੁਰੂ ਜੀ ਦੀਆਂ ਧਾਰਮਿਕ ਗਤੀਵਿਧੀਆਂ ਬਾਰੇ ਮਨਆਈਆਂ ਰਿਪੋਰਟਾਂ ਵਧਾਅ-ਚੜ੍ਹਾਅ ਕੇ ਦਿੱਲੀ ਨੂੰ ਭੇਜੀਆਂ।

ਕਿਉਂ ਕਿ ਦੇਸ਼ ਵਿਚ ਕੱਟੜਵਾਦੀ ਇਸਲਾਮਿਕ ਸ਼ਾਸਨ ਸੀ। ਮੁਗਲ ਬਾਦਸ਼ਾਹ ਭਾਰਤ ਨੂੰ ਜਲਦ ਤੋਂ ਜਲਦ ਦਰ-ਉਲ-ਇਸਲਾਮ ਬਣਾਉਣ ਲਈ ਤਤਪਰ ਸੀ। ਇਸ ਟੀਚੇ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਲਈ ਉਸ ਨੇ ਕਾਸ਼ੀ, ਪ੍ਰਯਾਗ, ਕੁਰੂਕਸ਼ੇਤਰ ਹਰਿਦੁਆਰ ਅਤੇ ਕਸ਼ਮੀਰ ਦੇ ਬ੍ਰਾਹਮਣਾਂ ਤੇ ਹਿੰਦੂ ਪੰਡਤਾਂ ਦਾ ਧਰਮ ਪਰਿਵਰਤਨ ਕਰਨ ਦਾ ਟੀਚਾ ਬੰਨ ਲਿਆ। ਉਨ੍ਹਾਂ 'ਤੇ ਹਰ ਤਰ੍ਹਾਂ ਦੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਜਾਂ ਤਾਂ ਇਸਲਾਮ ਅਪਣਾਉਣ ਜਾਂ ਮੌਤ ਲਈ ਤਿਆਰ ਰਹਿਣ ਦਾ ਅਲਟੀਮੇਟਮ ਦੇ ਦਿੱਤਾ ਗਿਆ। ਇਹ ਬੜੇ ਹੀ ਅਫ਼ਸੋਸ ਵਾਲੀ ਗੱਲ ਸੀ ਕਿ ਇਹ ਸਭ ਕੁਝ ਬਹੁਤ ਸਾਰੇ ਅਖੌਤੀ ਬਹਾਦਰ ਹਿੰਦੂ ਅਤੇ ਰਾਜਪੂਤ ਰਾਜਿਆਂ ਅਤੇ ਮੁੱਖੀਆਂ, ਜੋ ਕਿ ਮੁਗਲ ਬਾਦਸ਼ਾਹ ਦੇ ਅਧੀਨ ਸਨ, ਦੀਆਂ ਨਜ਼ਰਾਂ ਦੇ ਸਾਹਮਣੇ ਹੀ ਵਾਪਰ ਰਿਹਾ ਸੀ। ਉਹ ਤਾਂ ਸਿਰਫ ਆਪਣੇ ਅਹੁਦਿਆਂ ਦੇ ਲਾਲਚ ਵਿਚ ਫਸੇ ਚੁੱਪਚਾਪ ਇਹ ਸੱਭ ਕੁਝ ਦੇਖ ਰਹੇ ਸਨ। ਇਥੋਂ ਤਕ ਕਿ ਉਨ੍ਹਾਂ ਨੇ ਔਰੰਗਜ਼ੇਬ ਦੀਆਂ ਅਨਿਆਂਪੂਰਨ ਵਧੀਕੀਆਂ ਦੇ ਵਿਰੋਧ ਵਿੱਚ ਮਾਮੂਲੀ ਆਵਾਜ਼ ਵੀ ਨਹੀਂ ਉਠਾਈ। ਭਾਰਤ ਵਿੱਚ ਧਰਮ ਪਰਿਵਰਤਨ ਦੀ ਲਹਿਰ ਵੱਡੇ ਪੱਧਰ ਉੱਤੇ ਜਾਰੀ ਸੀ। ਕਸ਼ਮੀਰ ਦੇ ਮੁਗਲ ਗਵਰਨਰ ਸ਼ੇਰ ਅਫਗਾਨ ਖਾਨ ਨੇ ਸੱਭ ਤੋਂ ਪਹਿਲਾਂ ਕਸ਼ਮੀਰ ਵਿੱਖੇ ਧਰਮ ਪਰਿਵਰਤਨ ਲਹਿਰ ਚਲਾਈ। ਹਜ਼ਾਰਾਂ ਕਸ਼ਮੀਰੀ ਪੰਡਤਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ ਗਈ।

1613353789514.png
ਅਜਿਹੇ ਹਾਲਾਤਾਂ ਵਿਚ ਕਸ਼ਮੀਰੀ ਪੰਡਤਾਂ ਦਾ ਇਕ ਗਰੁੱਪ, ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਮਈ 1675 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦੁਰ ਜੀ ਕੋਲ ਪਹੁੰਚਿਆ। ਉਨ੍ਹਾਂ ਨੇ ਆਪਣੀ ਮੁਸੀਬਤ ਭਰੇ ਹਾਲਾਤ ਗੁਰੂ ਜੀ ਨਾਲ ਸਾਂਝੇ ਕੀਤੇ ਅਤੇ ਗੁਰੂ ਜੀ ਨੂੰ ਹਿੰਦੂ ਧਰਮ ਰੱਖਿਆ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਦੇ ਹਾਲਾਤ ਤੇ ਬੇਨਤੀ ਸੁਨਣ ਪਿੱਛੋਂ ਗੁਰੂ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਘਿਨਾਉਣੇ ਕੰਮ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕਰਨ ਲਈ ਸਹਿਮਤ ਹੋ ਗਏ। ਗੁਰੂ ਤੇਗ ਬਹਾਦਰ ਜੀ ਨੇ ਪ੍ਰਮੁੱਖ ਸਿੱਖਾਂ ਅਤੇ ਕਸ਼ਮੀਰੀ ਪੰਡਤਾਂ ਨਾਲ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ, ਕਸ਼ਮੀਰ ਦੇ ਪੰਡਿਤਾਂ ਦੇ ਕੇਸ ਨੂੰ ਨਵੀਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਪੇਸ਼ ਕਰਨ ਦਾ ਫੈਸਲਾ ਕੀਤਾ। ਜਾਪਦਾ ਸੀ ਕਿ ਗੁਰੂ ਜੀ ਨੇ ਨੈਤਿਕਤਾ ਅਤੇ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਦਾ ਮਨ ਬਣਾ ਲਿਆ ਸੀ।

ਗੁਰੂ ਜੀ ਦੀ ਸਲਾਹ ਅਨੁਸਾਰ ਕਸ਼ਮੀਰੀ ਪੰਡਤਾਂ ਨੇ ਬਾਦਸ਼ਾਹ ਨੂੰ ਇੱਕ ਬੇਨਤੀ ਪੱਤਰ ਭੇਜਿਆ ਜਿਸ ਵਿਚ ਸੂਚਿਤ ਕੀਤਾ ਗਿਆ ਸੀ ਕਿ ਜੇ ਗੁਰੂ ਤੇਗ ਬਹਾਦਰ ਇਸਲਾਮ ਧਰਮ ਧਾਰਨ ਕਰ ਲੈਣਗੇ ਤਾਂ ਉਹ ਸਾਰੇ ਵੀ ਅਜਿਹਾ ਕਰਨਗੇ। ਔਰੰਗਜ਼ੇਬ ਪਹਿਲਾਂ ਹੀ ਗੁਰੂ ਜੀ ਦੇ ਵਿਰੁੱਧ ਕਾਫ਼ੀ ਤਪਿਆ ਹੋਇਆ ਸੀ। ਉਹ ਗੁਰੂ ਦੀ ਮੀਰੀ ਵਾਲੀ ਰਵਾਇਤ ਤੋਂ ਚਿੜ੍ਹਿਆ ਬੈਠਾ ਸੀ ਤੇ ਉਨ੍ਹਾਂ ਵਲੋਂ ਆਪਣੇ ਨਾਮ ਨਾਲ "ਬਹਾਦਰ" ਸ਼ਬਦ ਦੀ ਵਰਤੋਂ ਨੂੰ ਨਾਪਸੰਦ ਕਰਦਾ ਸੀ। ਉਸਨੇ ਗੁਰੂ ਜੀ ਦੁਆਰਾ ਕਸ਼ਮੀਰ ਦੇ ਪੰਡਿਤਾਂ ਦੇ ਸਮਰਥਨ ਨੂੰ ਆਪਣੇ ਸ਼ਾਹੀ ਅਧਿਕਾਰ ਉੱਤੇ ਸਿੱਧਾ ਹਮਲਾ ਸਮਝਿਆ। ਉਸਨੇ ਤੁਰੰਤ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦੇ ਦਿੱਤਾ। ਪਰ ਅਜੇ, ਸ਼ਾਹੀ ਸੰਮਨ ਅਨੰਦਪੁਰ ਸਾਹਿਬ ਨਹੀਂ ਸਨ ਪਹੁੰਚੇ, ਜਦੋਂ ਗੁਰੂ ਜੀ ਨੇ ਜੁਲਾਈ 1675 ਵਿਚ ਆਪਣੇ ਸਪੁੱਤਰ ਬਾਲ ਗੋਬਿੰਦ ਰਾਏ ਨੂੰ ਸਿੱਖਾਂ ਦਾ ਦਸਵਾਂ ਗੁਰੂ ਥਾਪ, ਦਿੱਲੀ ਵੱਲ ਚੱਲ ਪਏ। ਇਸ ਸਫ਼ਰ ਵਿਚ ਭਾਈ ਦਿਆਲ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਸਿੱਖ ਗੁਰੂ ਜੀ ਨਾਲ ਸਨ। ਜਦੋਂ ਗੁਰੂ ਜੀ ਰੋਪੜ ਦੇ ਨਜ਼ਦੀਕ ਪਿੰਡ ਮਲਿਕਪੁਰ ਰੰਘੜਾਂ ਨੇੜੇ ਪਹੁੰਚੇ ਤਾਂ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਅਗਵਾਈ ਵਾਲੀ ਇੱਕ ਸ਼ਾਹੀ ਹਥਿਆਰਬੰਦ ਟੁਕੜੀ ਨੇ ਗੁਰੂ ਜੀ ਅਤੇ ਉਨ੍ਹਾਂ ਦੇ ਕੁਝ ਪ੍ਰਮੁੱਖ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਉਨ੍ਹਾਂ ਨੂੰ ਬੱਸੀ ਪਠਾਣਾਂ ਦੀ ਇੱਕ ਜੇਲ੍ਹ ਵਿੱਚ ਰੱਖਿਆ ਅਤੇ ਹਰ ਰੋਜ਼ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਅਜਿਹੇ ਹਾਲਾਤਾਂ ਵਿਚ ਵੀ ਗੁਰੁ ਜੀ ਅਡੋਲ ਤੇ ਸ਼ਾਂਤ ਚਿੱਤ ਰਹੇ। ਗੁਰੂ ਜੀ ਨੂੰ ਧਮਕਾਉਣ ਦੀਆਂ ਅਨੇਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕੋਈ ਵੀ ਕੋਸ਼ਿਸ਼ ਸਫਲ ਨਾ ਹੋ ਸਕੀ। ਸਰਹਿੰਦ ਵਿਚ ਚਾਰ ਮਹੀਨਿਆਂ ਲਈ ਨਜ਼ਰਬੰਦ ਕਰਨ ਤੋਂ ਬਾਅਦ, ਨਵੰਬਰ 1975 ਵਿਚ ਆਪ ਅਤੇ ਆਪ ਦੇ ਸਾਥੀਆਂ ਨੂੰ ਦਿੱਲੀ ਲਿਜਾਇਆ ਗਿਆ। ਦਿੱਲੀ ਵਿਖੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਨੂੰ ਤਿੰਨ ਵਿਕਲਪ ਪੇਸ਼ ਕੀਤੇ: (1) ਚਮਤਕਾਰ ਦਿਖਾਓ , ਜਾਂ (2) ਇਸਲਾਮ ਨੂੰ ਕਬੂਲ ਕਰ ਲਓ (3) ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਅੰਤਲਾ ਵਿਕਲਪ ਸਵੀਕਾਰ ਕੀਤਾ।

ਜਿਸ ਤਰੀਕੇ ਨਾਲ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਇਹ ਮੁਗ਼ਲ ਢੰਗਾਂ ਅਨੁਸਾਰ ਵੀ ਬਹੁਤ ਹੀ ਜ਼ਾਲਮਾਨਾ ਸੀ। ਪਹਿਲਾਂ ਗੁਰੂ ਜੀ ਦੇ ਤਿੰਨ ਸਾਥੀ ਸਿੱਖ ਉਨ੍ਹਾਂ ਦੀ ਹਾਜ਼ਰੀ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ ਗਏ। ਭਾਈ ਮਤੀ ਦਾਸ ਨੂੰ ਸਿੱਧਿਆਂ ਖੜ੍ਹੇ ਕਰ ਕੇ ਉਸ ਦੇ ਸਿਰ ਉੱਤੇ ਆਰਾ ਚਲਾ ਉਸ ਨੂੰ ਦੋਫਾੜ ਕਰ ਦਿੱਤਾ ਗਿਆ। ਭਾਈ ਦਿਆਲ ਦਾਸ ਨੂੰ ਉਬਲਦੇ ਤੇਲ ਦੇ ਕੜਾਹੇ ਵਿਚ ਸੁੱਟ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਇੱਕ ਖੰਭੇ ਨਾਲ ਬੰਨ ਕੇ ਰੂੰ ਵਿੱਚ ਲਪੇਟ ਦਿੱਤਾ ਗਿਆ ਤੇ ਫਿਰ ਅੱਗ ਲਗਾ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਸਾਰੇ ਜ਼ਾਲਮਾਨਾ ਵਰਤਾਰੇ ਵਿਚ ਵੀ ਗੁਰੂ ਜੀ ਅਡੋਲ ਰਹੇ। ਉਨ੍ਹਾਂ ਨੇ ਆਪਣਾ ਦ੍ਰਿੜ ਨਿਸ਼ਚਾ ਕਾਇਮ ਰੱਖਿਆ।
1613353691746.png

ਗੁਰੂ ਜੀ ਨੂੰ ਆਪਣੇ ਇਰਾਦੇ ਉੱਤੇ ਅਟੱਲ ਵੇਖਦਿਆਂ, ਅਗਲੀ ਸਵੇਰ, 11 ਨਵੰਬਰ, 1675 ਨੂੰ, ਮੁਗਲ ਅਧਿਕਾਰੀਆਂ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਹੁਕਮਾਂ ਅਨੁਸਾਰ ਗੁਰੂ ਜੀ ਦਾ ਸਿਰ ਉਨ੍ਹਾਂ ਦੇ ਧੜ ਨਾਲੋਂ ਅਲੱਗ ਕਰ ਦੇਵੇ। ਤਦ ਜਲਾਲ-ਉਦ-ਦੀਨ ਨਾਮੀ ਜੱਲਾਦ ਨੇ ਗੁਰੂ ਜੀ ਦਾ ਸਿਰ ਕਲਮ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰਦੁਆਰਾ ਸੀਸ ਗੰਜ ਉਸੇ ਜਗ੍ਹਾ ਉੱਤੇ ਸੁਸ਼ੋਭਿਤ ਹੈ ਜਿਥੇ ਗੁਰੂ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪ੍ਰਚਲਿਤ ਗਾਥਾ ਅਨੁਸਾਰ ਇਸ ਬੇਰਹਿਮ ਕਾਰਵਾਈ ਪਿੱਛੋਂ ਇਕ ਤੂਫਾਨ ਆਇਆ। ਇਹ ਸਥਾਨਕ ਖੇਤਰ ਵਿਖੇ ਕਾਫ਼ੀ ਗੜਬੜੀ ਤੇ ਤਬਾਹੀ ਦਾ ਕਾਰਨ ਬਣਿਆ। ਅਜਿਹੇ ਹਫੜਾ-ਦਫੜੀ ਵਾਲੇ ਹਾਲਾਤਾਂ ਵਿੱਚ ਭਾਈ ਜੈਤਾ ਜੀ, ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਉਠਾ ਕੇ ਬਹੁਤ ਹੀ ਸਾਵਧਾਨੀ ਨਾਲ ਅਨੰਦਪੁਰ ਸਾਹਿਬ ਲਈ ਚੱਲ ਪਏ। ਉਹ 15 ਨਵੰਬਰ ਨੂੰ ਅਨੰਦਪੁਰ ਸਾਹਿਬ ਨੇੜੇ ਸਥਿਤ ਕੀਰਤਪੁਰ ਸਾਹਿਬ ਪਹੁੰਚੇ। ਜਿਥੇ ਬਾਲ ਗੁਰੂ ਗੋਬਿੰਦ ਰਾਏ ਤੇ ਸਿੱਖ ਸੰਗਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਈ ਜੈਤਾ ਨੂੰ ਬਾਲ ਗੁਰੂ ਗੋਬਿੰਦ ਰਾਏ ਨੇ "ਰੰਗਰੇਟਾ ਗੁਰੂ ਕਾ ਬੇਟਾ" ਵਜੋਂ ਸਨਮਾਨਿਆ। ਗੁਰੂ ਜੀ ਦੇ ਸੀਸ ਦਾ ਸਸਕਾਰ ਅਗਲੇ ਦਿਨ ਪੂਰੇ ਸਨਮਾਨ ਅਤੇ ਰਸਮਾਂ ਅਨੁਸਾਰ ਕੀਤਾ ਗਿਆ। (ਅਨੰਦਪੁਰ ਸਾਹਿਬ ਵਿਖੇ, ਜਿਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ, ਉੱਥੇ ਅੱਜ ਕਲ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।)

ਗੁਰੂ ਜੀ ਦੀ ਸ਼ਹਾਦਤ ਪਿੱਛੋਂ ਆਏ ਤੂਫਾਨੀ ਹਾਲਾਤਾਂ ਦਾ ਲਾਭ ਲੈਂਦਿਆਂ ਗੁਰੂ ਦਾ ਧੜ, ਮਸ਼ਹੂਰ ਵਪਾਰੀ ਅਤੇ ਠੇਕੇਦਾਰ ਸਿੱਖ ਲੱਖੀ ਸ਼ਾਹ ਲੁਬਾਣਾ ਨੇ ਉਠਵਾ ਲਿਆ। ਤੁਰੰਤ ਹੀ ਉਸ ਨੇ ਆਪਣੇ ਘਰ ਦੇ ਅੰਦਰ ਇਕ ਚਿਖਾ ਤਿਆਰ ਕੀਤੀ ਅਤੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਉਸ ਨੇ ਗੁਰੂ ਜੀ ਦੀ ਦੇਹ ਦਾ ਸੰਸਕਾਰ ਆਪਣਾ ਘਰ ਜਲਾ ਕੇ ਕੀਤਾ। (ਨਵੀਂ ਦਿੱਲੀ ਵਿਖੇ ਗੁਰਦੁਆਰਾ ਰਕਾਬ ਗੰਜ ਸਾਹਿਬ ਇਸੇ ਸਥਾਨ ਵਿਖੇ ਸੁਸ਼ੋਭਿਤ ਹੈ।)

ਗੁਰੂ ਸਾਹਿਬ ਦੀ ਸ਼ਹਾਦਤ ਦੇ ਨਤੀਜੇ ਬਹੁਤ ਹੀ ਪ੍ਰਭਾਵਸ਼ਾਲੀ ਸਨ। ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਉੱਤੇ ਗਹਿਰਾ ਪ੍ਰਭਾਵ ਪਾਇਆ। ਗੁਰੂ ਜੀ ਦੀ ਸ਼ਹਾਦਤ ਨੇ ਮੁਗਲ ਰਾਜ ਦੇ ਇਸਲਾਮੀ ਕੱਟੜਵਾਦ ਦਾ ਪਰਦਾਫਾਸ਼ ਕੀਤਾ। ਸਮਕਾਲੀ ਰਾਜਸੱਤਾ ਦੇ ਜ਼ੁਲਮ ਅਤੇ ਬੇਇਨਸਾਫੀ ਨੂੰ ਉਜਾਗਰ ਕੀਤਾ। ਇਸ ਨਾਲ ਭਾਰਤ ਦੇ ਲੋਕਾਂ ਵਿਚ ਔਰੰਗਜ਼ੇਬ ਤੇ ਉਸਦੀ ਸਰਕਾਰ ਵਿਰੁੱਧ ਨਫ਼ਰਤ ਦੀ ਲਹਿਰ ਪੈਦਾ ਹੋ ਗਈ। ਮਨੁੱਖਤਾ ਨਾਲ ਹੋ ਰਹੇ ਅਨਿਆਂ ਦੇ ਵਿਰੋਧ ਵਿੱਚ ਆਪਣੀ ਜਾਨ ਕੁਰਬਾਨ ਕਰਕੇ, ਗੁਰੂ ਜੀ ਨੇ ਸਚਾਈ ਅਤੇ ਧਾਰਮਿਕਤਾ ਦੀ ਸਥਾਈ ਮਿਸਾਲ ਕਾਇਮ ਕੀਤੀ। ਇਸ ਉਦਾਹਰਣ ਤੋਂ ਹੀ ਸਿੱਖ ਕੌਮ ਨੇ ਕਮਜ਼ੋਰ ਅਤੇ ਦੱਬੇ-ਕੁਚਲੇ ਲੋਕਾਂ ਲਈ ਖੜੇ ਹੋਣਾ ਸਿੱਖਿਆ। ਇਸ ਸ਼ਹਾਦਤ ਨੇ ਸਿੱਖ ਕੌਮ ਵਿਚ ਅਜਿਹੀ ਸੋਚ ਨੂੰ ਜਨਮ ਦਿੱਤਾ ਕਿ ਉਹ ਆਪਣੇ ਧਰਮ ਦੀ ਰਾਖੀ ਸਿਰਫ਼ ਹਥਿਆਰਬੰਦ ਹੋ ਕੇ ਹੀ ਕਰ ਸਕਦੇ ਹਨ। ਇਹ ਸੋਚ ਸਮੇਂ ਨਾਲ ਖ਼ਾਲਸੇ ਦੀ ਸਿਰਜਣਾ ਦੇ ਰੂਪ ਵਿਚ ਸਾਹਮਣੇ ਆਈ। ਜਿਸ ਨੇ ਅੱਗੇ ਚਲ ਕੇ ਭਾਰਤ ਦੇ ਇਤਹਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ।

ਗੁਰੂ ਸਾਹਿਬ ਇਕ ਮਹਾਨ ਕਵੀ ਅਤੇ ਚਿੰਤਕ ਵੀ ਸਨ। ਗੁਰੂ ਸਾਹਿਬ ਨੇ 57 ਸਲੋਕਾਂ ਤੋਂ ਇਲਾਵਾ ਪੰਦਰਾਂ ਰਾਗਾਂ ਵਿੱਚ ਗੁਰਬਾਣੀ ਲਿਖੀ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸੇ ਗਰੰਥ ਨੂੰ ਸਮੇਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਪ੍ਰਾਪਤ ਹੋਇਆ। ਗੁਰੂ ਜੀ ਦੀ ਬਾਣੀ ਸਾਨੂੰ ਹਰ ਜ਼ੋਖਮਮਈ ਹਾਲਤ ਵਿਚ ਵੀ ਨਿਡਰ ਹੋਣ ਦਾ ਸਬਕ ਸਿਖਾਉਂਦੀ ਹੈ। ਆਪ ਦਾ ਕਥਨ ਹੈ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ (ਮ. 9, ਸਗਗਸ, ਪੰਨਾ 1427)
ਭਾਵ: ਨਾ ਕਿਸੇ ਨੂੰ ਡਰਾਓ ਤੇ ਨਾ ਹੀ ਕਿਸੇ ਤੋਂ ਡਰੋ। (ਗੁਰੂ) ਨਾਨਕ ਦਾ ਕਥਨ ਹੈ ਕਿ ਅਜਿਹਾ ਹੀ ਵਿਅਕਤੀ ਅਸਲ ਵਿਚ ਸਿਆਣਾ ਹੈ ਜੋ ਇਸ ਤੱਥ ਨੂੰ ਜਾਣ ਲੈਂਦਾ ਹੈ।​

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੰਦੂ ਧਰਮ ਦੀ ਰੱਖਿਆ ਲਈ ਬਲੀਦਾਨ ਕਾਰਣ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਵਰਨਣਯੋਗ ਹੈ ਕਿ ਗੁਰੂ ਜੀ ਨੇ ਸਮੁੱਚੀ ਮਨੁੱਖ਼ਤਾ ਦੇ ਮਾਨਵੀ ਹੱਕਾਂ (ਜਿਵੇਂ ਕਿ ਧਰਮਿਕ ਆਜ਼ਾਦੀ, ਨਿਆਂ, ਸੱਚ ਅਤੇ ਸਮਾਨਤਾ) ਦੀ ਪ੍ਰਾਪਤੀ ਲਈ ਆਪਣਾ ਜੀਵਨ ਕੁਰਬਾਨ ਕੀਤਾ।
 
Top