• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਪੋਹ ਦਾ ਮਹੀਨਾ ਤੇ ਸਿੱਖ ਇਤਿਹਾਸ

dalvinder45

SPNer
Jul 22, 2023
900
37
79
ਪੋਹ ਦਾ ਮਹੀਨਾ ਤੇ ਸਿੱਖ ਇਤਿਹਾਸ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੋਹ (14 ਦਸੰਬਰ - 13 ਜਨਵਰੀ) ਸਿਖ ਸ਼ਹਾਦਤਾਂ ਦਾ ਮਹੀਨਾ ਹੈ।ਇਹ ਵਿਛੋੜੇ ਦਾ ਮਹੀਨਾ ਹੈ, ਇਹ ਮਹੀਨਾ ਸਿੱਖ ਪੰਥ ਲਈ ਕੁਰਬਾਨੀਆਂ ਦਾ ਸੱਭ ਤੋਂ ਵੱਧ ਦਿਲ ਹਿਲਾਉਣਾ ਵਾਲਾ ਮਹੀਨਾ ਹੈ । ਇਹ ਕੁਰਬਾਨੀਆਂ ਦਾ ਅਧਿਆਏ ਹੈ, ਇਹ ਵਿਸ਼ਵਾਸਘਾਤ ਦਾ ਬਿਰਤਾਂਤ ਹੈ, ਫਿਰ ਵੀ ਇਸ ਬਿਰਤਾਂਤ ਦੇ ਅੰਦਰ, ਬਹਾਦਰੀ ਦੇ ਬੀਜ ਬੀਜੇ ਗਏ ਹਨ। ਜਦ ਅਸੀਂ ਇਸ ਨੂੰ ਜ਼ਿਹਨ ਵਿੱਚ ਉਤਾਰਦੇ ਹਾਂ ਤਾਂ ਇਸ ਮਹੀਨੇ ਦਾ ਹਰ ਇੱਕ ਰੰਗ ਇੱਕ ਵਿਲੱਖਣ ਭਾਵਨਾ ਜਗਾਉਂਦਾ ਹੈ। ਇਹ ਮਹੀਨਾ ਸਿੱਖ ਇਤਿਹਾਸ ਦੀਆਂ ਨਵੀਆਂ ਗੂੰਜਾਂ ਹਨ ਜਿਨ੍ਹਾਂ ਵਿੱਚ ਮੁਗਲਾਂ ਦੀ ਜ਼ੋਰ ਜ਼ਬਰਦਸਤੀ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਨੀਤੀ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਤੇ ਫਿਰ ਗੁਰੁ ਤੇਗ ਬਹਾਦਰ ਸਾਹਿਬ ਨੇ ਤਸੀਹੇ ਸਹਿੰਦਿਆਂ ਸ਼ਹਾਦਤ ਦਾ ਜਾਮਾ ਪਾਉਣਾ, ਫਿਰ ਸ਼ਹਿਨਸ਼ਾਹ ਅਤੇ ਪਹਾੜੀ ਰਾਜਿਆਂ ਅਤੇ ਗੰਗੂ ਗ੍ਰਾਹਮਣ ਦਾ ਵਿਸ਼ਵਾਸ਼ਘਾਤ, ਪਰਿਵਾਰ ਦਾ ਦਰਦਨਾਕ ਵਿਛੋੜਾ, ਪ੍ਰਮਾਤਮਾ ਵਿੱਚ ਅਟੁੱਟ ਵਿਸ਼ਵਾਸ਼, ਬੇਮਿਸਾਲ ਬਹਾਦਰੀਆਂ ਤੇ ਲਾਸਾਨੀ ਕੁਰਬਾਨੀਆਂ ਜੋ ਸਮੇਂ ਦੇ ਤਾਣੇ-ਬਾਣੇ ਵਿੱਚ ਨਵਾਂ ਸਿੱਖ ਇਤਿਹਾਸ ਸਿਰਜਦੀਆਂ ਹਨ।

ਅਨੰਦਪੁਰ ਸਾਹਿਬ ਦੀ ਘੇਰਾਬੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦਪੁਰ ਦੇ ਕਿਲ੍ਹੇ ਵਿਚ ਹਰ ਰੋਜ਼ ਲੜਨ ਵਾਲੇ ਸਿੱਖਾਂ ਦੀ ਘਟਦੀ ਗਿਣਤੀ ਪਿੱਛੋਂ ਔਰੰਗਜ਼ੇਬ ਵਲੋਂ ਭੇਜੇ ਕੁਰਾਨ ਉੱਤੇ ਸਹੁੰ ਖਾ ਕੇ ਆਨੰਦਪੁਰ ਕਿਲ੍ਹੇ ਨੂੰ ਛੱਡਣ ਤੇ ਸੁਰੱਖਿਆ ਦੇ ਝੂਠੇ ਵਾਅਦੇ, ਆਨੰਦਪੁਰ ਕਿਲ੍ਹੇ ਨੂੰ ਛੱਡਣ ਤੇ ਧੋਖੇਬਾਜ਼ ਮੁਗਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀ ਵਾਅਦਾ-ਖਿਲਾਫੀ ਕਰਦਿਆਂ ਸਿਰਸਾ ਦਰਿਆ ਉਤੇ ਜਾਨਲੇਵਾ ਹਮਲਾ ਕਰਕੇ ਸ਼ਾਹੀ ਟਿੱਬੀ ਤੇ ਸਿੱਖ ਸ਼ਹੀਦ ਕਰਨੇ, ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ, ਗੁਰੂ ਘਰ ਦੇ ਰਸੋਈਏ ਕਸ਼ਮੀਰੀ ਬ੍ਰਾਹਮਣ ਗੰਗੂ ਦੁਆਰਾ ਮਾਤਾ ਗੁਜਰੀ ਦਾ ਵਿਸ਼ਵਾਸਘਾਤ ਕਰਕੇ ਮੁਗਲਾਂ ਨੂੰ ਫੜਾਉਣਾ ਅਤੇ ਸਾਹਿਬਜ਼ਾਦਿਆਂ ਉਤੇ ਤਸ਼ੱਦਦ ਕੀਤਾ ਜਾਣਾ ਅਤੇ ਫਿਰ ਨੀ੍ਹਾਂ ਵਿੱਚ ਚਿਣੇ ਜਾਣਾ, ਉਪਰੰਤ ਮਾਤਾ ਗੁਜਰੀ ਦੀ ਸ਼ਹਾਦਤ, ਓਧਰ ਚਮਕੌਰ ਦੀ ਲੜਾਈ ਵਿੱਚ ਚਾਲੀ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਲੜਾਈ ਵਿੱਚ ਹੋਈਆਂ ਸ਼ਹਾਦਤਾਂ ਅਤੇ ਫਿਰ ਮੁਕਤਸਰ ਦੀ ਜੰਗ ਵਿੱਚ ਭਾਈ ਮਹਾਂ ਸਿੰਘ ਸਮੇਤ ਚਾਲੀ ਸਿੰਘਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦਾ ਧੁਰਾ ਬਣ ਗਈਆਂ ਹਨ ਜਿਨ੍ਹਾਂ ਨੇ ਸਿੱਖ ਸ਼ਹਾਦਤ ਦਾ ਇਤਿਹਾਸ ਹੀ ਨਹੀਂ ਰੰਗ ਵੀ ਬਦਲ ਦਿਤਾ ਹੈ ਅਤੇ ਸ਼ਹਾਦਤ ਦੀ ਨਵੀਂ ਸ਼ਾਹਦੀ ਦਿਤੀ ਹੈ। ਇਹ ਸਿੱਖੀ ਪ੍ਰਤੀ ਲਗਨ ਦਾ ਤੋਹਫ਼ਾ ਹੈ ਜੋ ਇੱਕ ਅਡੋਲ ਸ਼ਕਤੀ ਬਣ ਕੇ ਸਾਨੂੰ ਅੱਗੇ ਵਧਣ ਲਈ ਪੁਕਾਰਦੀ ਹੈ ਅਤੇ ਅਨਿਆਂ ਅੱਗੇ ਡਟਣ, ਧਰਮਾਂ ਤੋਂ ਉਪਰ ਇਨਸਾਨੀਅਤ ਨੂੰ ਪਹਿਲ ਦੇਣ ਅਤੇ ਨੈਤਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਇੱਕ ਮਾਰਗਦਰਸ਼ਕ ਸਿਤਾਰਾ ਬਣ ਕੇ ਉਭਰਦੀ ਹੈ। ਸ਼ਹਾਦਤ ਦੇਣ ਵੇਲੇ ਵੀ ਤੋੜ ਨਿਭਣ ਦੀ ਪ੍ਰਮਾਤਮਾ ਅੱਗੇ ਸ਼ੁਕਰਗੁਜ਼ਾਰੀ ਇੱਕ ਅਨੂਠੇ ਤੋਹਫ਼ੇ ਦੇ ਰੂਪ ਵਿੱਚ ਖਿੜਦੀ ਹੈ ਜੋ ਇਨਸਾਨੀਅਤ ਦੀ ਭਰਪੂਰਤਾ ਦੇ ਬਾਗ ਨੂੰ ਪਾਲਦੀ ਹੈ।
 
Top