• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਪਾਣੀਆਂ 'ਤੇ ਵਹਿੰਦੀ ਪਨਾਹ (ਲੇਖਿਕਾ: ਜ਼ਾਹਿਦਾ ਹਿਨਾ; ਸੰਪਾਦਨ ਅਤੇ ਪੰਜਾਬੀ ਅਨੁਵਾਦ: ਸ. ਰਾਬਿੰਦਰ ਸਿੰਘ ਬਾਠ) ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
132
64
Nangal, India
ਪਾਣੀਆਂ 'ਤੇ ਵਹਿੰਦੀ ਪਨਾਹ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


1719330221127.png1719330232077.png
1719330276981.png
(ਰਿਵਿਊ ਕਰਤਾ- ਡਾ. ਦੇਵਿੰਦਰ ਪਾਲ ਸਿੰਘ, ਸੰਪਾਦਨ ਅਤੇ ਅਨੁਵਾਦ ਕਰਤਾ- ਰਾਬਿੰਦਰ ਸਿੰਘ ਬਾਠ)

ਪੁਸਤਕ ਦਾ ਨਾਮ: ਪਾਣੀਆਂ 'ਤੇ ਵਹਿੰਦੀ ਪਨਾਹ
ਲੇਖਿਕਾ: ਜ਼ਾਹਿਦਾ ਹਿਨਾ
ਸੰਪਾਦਨ ਅਤੇ ਪੰਜਾਬੀ ਅਨੁਵਾਦ: ਸ. ਰਾਬਿੰਦਰ ਸਿੰਘ ਬਾਠ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਮੁਹਾਲੀ- ਚੰਡੀਗੜ੍ਹ, ਇੰਡੀਆ।
ਪ੍ਰਕਾਸ਼ ਸਾਲ : 2024, ਕੀਮਤ: 295 ਰੁਪਏ ; ਪੰਨੇ: 108
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।

"ਪਾਣੀਆਂ 'ਤੇ ਵਹਿੰਦੀ ਪਨਾਹ " ਕਹਾਣੀ ਸੰਗ੍ਰਹਿ ਦੀ ਲੇਖਿਕਾ ਜ਼ਾਹਿਦਾ ਹਿਨਾ, ਭਾਰਤੀ ਸੂਬੇ ਬਿਹਾਰ ਦੇ ਨਗਰ ਸਸਾਰਾਮ ਵਿਖੇ ਜਨਮੀ ਪਰ ਹੁਣ ਕਰਾਚੀ, ਪਾਕਿਸਤਾਨ ਦੀ ਵਸਨੀਕ ਹੈ। ਉਹ, ਜਿਥੇ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਉਰਦੂ ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣ ਕਾਲਮਨਵੀਸ ਹੈ, ਉੱਥੇ ਉਹ ਉਰਦੂ ਸਾਹਿਤ ਰਚਨਾ ਕਾਰਜਾਂ ਨੂੰ ਸਮਰਪਿਤ ਨਾਮਵਰ ਸਖ਼ਸ਼ੀਅਤ ਵਜੋਂ ਵੀ ਉਨ੍ਹਾਂ ਹੀ ਮਕਬੂਲ ਹੈ। ਸੰਨ 2001 ਵਿਚ ਉਸ ਦੇ ਵਿਲੱਖਣ ਸਾਹਿਤਕ ਕਾਰਜਾਂ ਕਾਰਣ, ਉਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਰਕ ਲਿਟਰੇਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਹੁਣ ਤਕ, ਪੱਤਰਕਾਰੀ ਸੰਬੰਧਤ ਉਸ ਦੇ 2000 ਤੋਂ ਵੀ ਵਧੇਰੇ ਲੇਖ, ਲਗਭਗ ਦਰਜਨ ਦੇ ਕਰੀਬ ਕਹਾਣੀ ਸੰਗ੍ਰਹਿ ਅਤੇ ਨਾਵਲ ਛਪ ਚੁੱਕੇ ਹਨ। ਉਸ ਦੀਆਂ ਅਨੇਕ ਰਚਨਾਵਾਂ ਦਾ ਅਨੁਵਾਦ ਅੰਗਰੇਜੀ, ਹਿੰਦੀ, ਬੰਗਾਲੀ ਤੇ ਮਰਾਠੀ ਵਿਚ ਵੀ ਹੋ ਚੁੱਕਾ ਹੈ। ਹੁਣ ਸੰਨ 2024 ਦੌਰਾਨ, ਸ. ਰਾਬਿੰਦਰ ਸਿੰਘ ਬਾਠ, ਉਸ ਦੇ ਕਹਾਣੀ ਸੰਗ੍ਰਹਿ "ਪਾਣੀਆਂ 'ਤੇ ਵਹਿੰਦੀ ਪਨਾਹ" ਦਾ ਪੰਜਾਬੀ ਅਨੁਵਾਦ ਲੈ ਕੇ ਪੰਜਾਬੀ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੋਇਆ ਹੈ।

ਸ. ਰਾਬਿੰਦਰ ਸਿੰਘ ਬਾਠ ਇਕ ਅਜਿਹੀ ਸਖ਼ਸੀਅਤ ਰਹੀ ਹੈ ਜਿਸ ਨੇ ਵਿਭਿੰਨ ਭਾਸ਼ਾਵਾਂ ਦੇ ਨਾਮਵਰ ਲਿਖਾਰੀਆਂ ਦੀਆ ਰਚਨਾਵਾਂ (ਨਾਵਲ ਤੇ ਕਹਾਣੀ ਸੰਗ੍ਰਹਿਾਂ) ਦਾ ਪੰਜਾਬੀ ਅਨੁਵਾਦ ਕਰਦੇ ਹੋਏ ਹੁਣ ਤਕ ਲਭਭਗ ਡੇਢ ਦਰਜਨ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ ਹਨ। ਕਿੱਤੇ ਵਜੋਂ ਪ੍ਰਸ਼ਾਸ਼ਨੀ ਵਿਭਾਗ ਦੇ ਕਾਰਕੁੰਨ ਵਜੋਂ ਬੇਸ਼ਕ ਉਸ ਦਾ ਸਾਹਿਤ ਨਾਲ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਪਰ ਕਾਲਜੀ ਦਿਨ੍ਹਾਂ ਵਿਚ ਮਨ ਨੂੰ ਲੱਗੀ ਸਾਹਿਤਕ ਚੇਟਕ ਨੇ ਉਸ ਦੇ ਜੀਵਨ ਵਿਚ ਪੰਜਾਬੀ ਸਾਹਿਤ ਨਾਲ ਉਸ ਦਾ ਬਹੁਤ ਹੀ ਕਰੀਬੀ ਰਿਸ਼ਤਾ ਕਾਇਮ ਕਰੀ ਰੱਖਿਆ। ਇਸੇ ਚੇਟਕ ਕਾਰਣ ਉਸ ਨੇ ਵਿਭਿੰਨ ਭਾਸ਼ਾਵਾਂ (ਜਿਵੇਂ ਕਿ ਉਰਦੂ, ਅਸਾਮੀ, ਬੰਗਾਲੀ ਤੇ ਹਿੰਦੀ) ਦੇ ਮਾਨਵਰ ਲੇਖਕਾਂ (ਜਿਵੇਂ ਕਿ ਮਹਰਉੱਦੀਨ ਖਾਂ, ਤਹਿਮੀਨਾ ਦੁੱਰਾਨੀ, ਆਬਦ ਸੁਰਤੀ, ਇੰਦਰਾ ਗੋਸਵਾਮੀ, ਦੂਧਨਾਥ ਸਿੰਘ, ਸੁਚਿੱਤਰਾ ਭੱਟਾਚਾਰੀਆ, ਮੋਹਨ ਚੋਪੜਾ, ਉਦੈ ਪ੍ਰਕਾਸ਼, ਤੇ ਮੰਨੂੰ ਭੰਡਾਰੀ ਆਦਿ) ਦੇ ਨਾਵਲਾਂ/ਕਹਾਣੀ ਸੰਗ੍ਰਹਿਾਂ ਦਾ ਸਫਲ਼ਤਾਪੂਰਣ ਪੰਜਾਬੀ ਅਨੁਵਾਦ ਕੀਤਾ। ਰਾਬਿੰਦਰ ਸਿੰਘ ਬਾਠ ਇਕ ਅਜਿਹੀ ਨਿਆਰੀ ਸ਼ਖਸ਼ੀਅਤ ਰਹੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਵਿਭਿੰਨ ਭਾਸ਼ਾਵਾਂ ਦੇ ਸ੍ਰੇਸ਼ਟ ਸਾਹਿਤ ਦੇ ਪਠਨ ਕਾਰਜਾਂ ਲਈ ਅਤੇ ਅਜਿਹੇ ਉੱਚ ਪਾਏ ਦੇ ਸਾਹਿਤ ਦੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਾਰਜਾਂ ਲਈ ਅਰਪਣ ਕੀਤਾ ਹੋਇਆ ਸੀ।

"ਪਾਣੀਆਂ 'ਤੇ ਵਹਿੰਦੀ ਪਨਾਹ" ਦੇ ਮੁੱਖਬੰਧ ਦਾ ਲੇਖਕ ਡਾ. ਦੇਵਿੰਦਰ ਪਾਲ ਸਿੰਘ ਇਸ ਕਹਾਣੀ ਸੰਗ੍ਰਹਿ ਨੂੰ ਮਾਨਵੀ ਸੰਵੇਦਨਾਵਾਂ ਦਾ ਮਾਰਮਿਕ ਪ੍ਰਗਟਾ ਬਿਆਨ ਕਰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ ਛੇ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਕੁਮਕੁਮ ਬਹੁਤ ਆਰਾਮ ਨਾਲ ਹੈ।’ ਰਾਬਿੰਦਰ ਨਾਥ ਟੈਗੋਰ ਦੀ ਬਹੁਚਰਚਿਤ ਕਹਾਣੀ ‘ਕਾਬਲੀ ਵਾਲਾ’ ਵਿਚਲੇ ਮੁੱਖ ਕਿਰਦਾਰ ਰਹਿਮਤ ਕਾਬਲੀ ਵਾਲਾ ਦੇ ਦਰਦ ਦਾ ਅਜੋਕੇ ਸਦਰੰਭ ਵਿਚ ਚਰਚਾ ਕਰਦੀ ਹੈ। ਕੁਮਕੁਮ, ਜੋ ‘ਕਾਬਲੀ ਵਾਲਾ’ ਕਹਾਣੀ ਦੀ ਨਾਇਕਾ ਮਿੰਨੀ ਦੀ ਪੋਤਰੀ ਹੈ, ਪੱਤਰ ਕਥਾ ਵਿਧਾ ਰਾਹੀਂ ਕਾਬਲ ਦੇ ਅਜੋਕੇ ਦੁਖਦ ਹਾਲਾਤਾਂ ਦਾ ਮਾਰਮਿਕ ਵਰਨਣ ਕਰਦੀ ਹੈ।

ਕਹਾਣੀ ਸੰਗ੍ਰਹਿ ਦੀ ਦੂਸਰੀ ਕਹਾਣੀ ‘ਜਲ ਹੈ ਸਾਰਾ ਜਾਲ’ ਜੋ ਕਹਾਣੀ ਦੀ ਮੁੱਖ ਪਾਤਰਾ ਤਮਕਨਤ ਅਸਦ ਦੇ ਜੀਵਨ ਵਿਚ ਦਰ-ਪੇਸ਼ ਅਨੇਕ ਖੱਟੇ-ਮਿੱਠੇ ਤਜ਼ਰਬਿਆਂ, ਉਤਰਾਅ-ਚੜਾਅ, ਬਣਦੇ-ਵਿਗੜਦੇ ਹਾਲਾਤਾਂ, ਅਤੀਤ ਤੇ ਭਵਿੱਖ ਦੇ ਅੰਤਰਾਲ ਵਿਚ ਲਟਕਦੇ ਅਹਿਸਾਸਾਂ, ਔਖੇ ਪਲਾਂ ਦਾ ਸੁੰਨਤਾ ਭਰਿਆ ਸੰਨਾਟਾ, ਤੇ ਅਧੂਰੇ ਸੁਪਨਿਆ ਦੇ ਮੰਜ਼ਿਰ ਦੀ ਦਾਸਤਾਂ ਦਾ ਜ਼ਿਕਰ ਕਰਦੀ ਹੈ। ਜਿ਼ੰਦਗੀ ਦੀਆਂ ਤਲਖ਼ ਹਕੀਤਤਾਂ ਦਾ ਸ਼ਿਕਾਰ ਤਮਕਨਤ ਦੇ ਬੇਬਾਕ ਬੋਲ ਮਾਨਵੀ ਜਿ਼ੰਦਗੀ ਦੀ ਅਟੱਲ ਸੱਚਾਈ ਨੂੰ ਇੰਝ ਬਿਆਨਦੇ ਹਨ: ‘…ਬਰਬਾਦੀ ਤੇ ਆਬਾਦੀ ਵਿਚ ਬੜਾ ਵਿਰੋਧਾਭਾਸ ਹੈ। ਇਕ ਦੀ ਆਬਾਦੀ ਦੁਜੇ ਦੀ ਬਰਬਾਦੀ ਹੋ ਨਿਬੜਦੀ ਹੈ। ਇਕ ਦੀ ਜਾਨ ਜਾਂਦੀ ਹੈ ਤਾਂ ਦੂਸਰੇ ਦੀ ਭੁੱਖ ਮਿਟਦੀ ਹੈ…… ਜਿ਼ੰਦਗੀ ਤੋਂ ਬਿਹਤਰ ਤਾਂ ਇਕੁਏਰੀਅਮ ਹੈ। ਉਸ ਵਿਚ ਪਲਣ ਵਾਲੀਆਂ ਮੱਛੀਆਂ ਟੁਕੜ੍ਹਿਆਂ ਵਿਚ ਵੰਡ ਦਿੱਤੀਆਂ ਜਾਦੀਆਂ ਹਨ। ਛੋਟੀਆਂ ਤੇ ਵੱਡੀਆਂ ਮੱਛੀਆਂ ਅੱਡ ਅੱਡ ਰੱਖੀਆਂ ਜਾਂਦੀਆਂ ਹਨ। ਸਿਰਫ਼ ਇਕੁਏਰੀਅਮ ਹੀ ਇਕ ਐਸੀ ਜਗ੍ਹਾ ਹੈ ਜਿਥੇ ਕੋਈ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲ ਨਹੀਂ ਸਕਦੀ।’

‘ਹੋਇਆ ਫਿਰ ਤੋਂ ਹੁਕਮ ਲਾਗੂ’ ਕਹਾਣੀ ਸੰਨ 1971 ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਪਰੇ ਜੰਗੀ ਹਾਲਾਤਾਂ ਦੌਰਾਨ, ਸਰਹੱਦਾਂ ਦੇ ਆਰ ਪਾਰ ਵਸਦੇ ਪਰਿਵਾਰਾਂ ਦੇ ਦਰਦ ਦਾ ਬਾਖੂਬੀ ਬਿਆਨ ਕਰਦੀ ਹੈ। ਕਹਾਣੀ ਦੀ ਕੇਂਦਰੀ ਪਾਤਰ ਨਾਦਿਰਾ, ਜੋ ਪਾਕਿਸਤਾਨ ਦੀ ਵਸਨੀਕ ਹੈ, ਭਾਰਤ ਵਿਖੇ ਆਪਣੇ ਬੀਮਾਰ ਬਾਪ, ਜੋ ਆਪਣੇ ਜੀਵਨ ਦੇ ਆਖ਼ਰੀ ਪਲਾਂ ਨਾਲ ਜੂਝ ਰਿਹਾ ਹੈ, ਨੂੰ ਮਿਲਣ ਦੇ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਮੁਲਾਕਾਤ ਤੋਂ ਵੰਚਿਤ ਰਹਿ ਜਾਂਦੀ ਹੈ। ਇਸ ਕਹਾਣੀ ਵਿਚ ਰਾਜਨੀਤਕ ਹੱਦਬੰਦੀ ਅਤੇ ਤਲਖ਼ ਹਾਲਾਤਾਂ ਦੇ ਸ਼ਿਕਾਰ ਮਨੁੱਖਾਂ ਦੀ ਬੇਵਸੀ ਦਾ ਵਰਨਣ ਬਹੁਤ ਹੀ ਉਦਾਸ ਕਰਨ ਵਾਲਾ ਹੈ।

‘ਨੀਂਦ ਦਾ ਜ਼ਰਦ ਲਿਬਾਸ’ ਕਹਾਣੀ ਆਪਣੇ ਹੀ ਦੇਸ਼ ਅੰਦਰ ਖ਼ਾਨਾਬਦੋਸ਼ ਹੋਈਆਂ ਬੇਦੋਸ਼ੀਆਂ ਰੂਹਾਂ ਦਾ ਦਰਦ ਸਮੋਈ ਬੈਠੀ ਹੈ। ਦੇਸ਼ ਵਿਦੇਸ਼ ਦੀਆਂ ਰਾਜਨੀਤਕ ਲੂੰਬੜ ਚਾਲ੍ਹਾਂ ਦਾ ਸ਼ਿਕਾਰ ਬੱਚਿਆਂ, ਔਰਤਾਂ ਤੇ ਮਰਦਾਂ ਦੀਆਂ ਦੁਸ਼ਵਾਰੀਆਂ, ਮਰਦ ਪ੍ਰਧਾਨ ਸਮਾਜ ਵਿਚ ਔਰਤ ਦਾ ਸਥਾਨ, ਦਮ-ਘੁੱਟਦੀਆਂ ਖ਼ਾਹਸ਼ਾਂ ਤੇ ਬੰਬਾਂ ਦੀ ਬਾਰਸ਼ ਵਿਚ ਵਕਤੋਂ ਪਹਿਲਾਂ ਮੁੱਕਿਆ ਬਚਪਨ ਆਦਿ ਅਨੇਕ ਵਿਸ਼ੇ ਇਹ ਕਹਾਣੀ ਦੀ ਬੁੱਕਲ ਵਿਚ ਛੁੱਪੇ ਹੋਏ ਹਨ। ਲੇਖਿਕਾ ਨੇ ਮਨੁੱਖੀ ਭਾਵਨਾਵਾਂ ਦਾ ਬਿਰਤਾਂਤ ਬਹੁਤ ਹੀ ਭਾਵਮਈ ਕੀਤਾ ਹੈ।

‘ਪਾਣੀਆਂ ‘ਤੇ ਵਹਿੰਦੀ ਪਨਾਹ’ ਕਹਾਣੀ, ਜਿਸ ਉੱਤੇ ਕਿਤਾਬ ਦਾ ਨਾਮ ਰੱਖਿਆ ਗਿਆ ਹੈ, ਇਕ ਲਾਸਾਨੀ ਕਹਾਣੀ ਹੋ ਨਿਬੜਦੀ ਹੈ ਜਦ ਰਹਿਮਤ ਚਾਚਾ ਆਪਣੇ ਬੇਵਸੀ ਭਰੇ ਹਾਲਤਾਂ ਦੇ ਅੰਧੇਰੇ ਵਿਚੋਂ ਨਿਕਲ, ਮੌਜੂਦਾ ਸਾਮਰਾਜੀ ਤਾਕਤਾਂ ਦੀ ਵਿਰੋਧੀ ਤੇ ਜਨ ਹਿਤੇਸ਼ੀ ਲੇਖਿਕਾ ਕੁੰਦਨ ਹੁਸੈਨ ਦੇ ਜੀਵਨ ਦੀ ਰਾਖੀ ਲਈ ਆਪਣੇ ਜੀਵਨ ਦੀ ਬਾਜ਼ੀ ਤਕ ਲਾਉਣ ਲਈ ਤਤਪਰ ਹੋ ਜਾਂਦਾ ਹੈ।

‘ਤਿੱਤਲੀਆਂ ਫੜਣ ਵਾਲੀ’ ਕਹਾਣੀ ਆਦਰਸ਼ਵਾਦੀ ਨਰਗਿਸ ਦੇ ਫਾਂਸੀ ਵੱਲ ਅਡੋਲਤਾ ਨਾਲ ਵਧਦੇ ਕਦਮਾਂ ਦੀ ਦਾਸਤਾਂ ਹੈ। ਮਮਤਾ ਭਰੀ ਸੰਵੇਦਨਾ, ਤੇ ਆਦਰਸ਼ ਪ੍ਰਤੀ ਸੁਦ੍ਰਿੜਤਾ ਦੀ ਕਸ਼ਮਕਸ਼ ਵਿਚ ਨਰਗਿਸ ਆਪਣੇ ਆਦਰਸ਼ ਉੱਤੇ ਫ਼ਿਦਾ ਹੋ ਜਾਂਦੀ ਹੈ। ਲੇਖਿਕਾ ਨੇ ਨਰਗਿਸ ਦੇ ਕਿਰਦਾਰ ਨੂੰ ਬਹੁਤ ਹੀ ਸੰਵੇਦਨਾ ਤੇ ਖੂਬਸੂਰਤੀ ਨਾਲ ਸਿਰਜਿਆ ਹੈ।

ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਹੀ ਮੌਜੂਦਾ ਸਮੇਂ ਦੇ ਹਕੀਕੀ ਹਾਲਾਤਾਂ ਨੂੰ ਬੇਬਾਕੀ ਨਾਲ ਪੇਸ਼ ਕਰਨ ਕਾਰਨ ਪਾਠਕ ਦਾ ਮਨ ਮੋਹ ਲੈਣ ਦੇ ਸਮਰਥ ਹਨ। ਮਨੁੱਖੀ ਦੁਸ਼ਵਾਰੀਆਂ ਦੇ ਬਿਰਤਾਂਤ ਨਾਲ ਅੋਤਪ੍ਰੋਤ, ਅਹਿਸਾਸਾਂ ਤੇ ਮਾਨਵੀ ਮੁੱਲਾਂ ਨਾਲ ਲਥ-ਪਥ, ਬਣਦੇ-ਵਿਗੜਦੇ ਹਾਲਾਤਾਂ ਨਾਲ ਲਬਰੇਜ਼, ਇਹ ਕਹਾਣੀਆਂ ਪਾਠਕ ਨੂੰ ਇਕ ਗਹਿਰੀ ਉਦਾਸੀ ਦੇ ਰੂਬਰੂ ਪਹੁੰਚਾ ਦਿੰਦੀਆ ਹਨ।

ਸਮਾਜਿਕ ਵਰਤਾਰਿਆਂ ਦੀ ਪੜਚੋਲ ਤੇ ਮੁਲਾਂਕਣ ਦੇ ਨਜ਼ਰੀਏ ਤੋਂ ਇਹ ਇਕ ਵਧੀਆ ਕਹਾਣੀ ਸੰਗ੍ਰਹਿ ਹੈ ਜੋ ਵਿਸ਼ਵਵਿਆਪੀ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਹਾਲਾਤਾਂ ਬਾਰੇ ਬਹੁਪੱਖੀ ਜਾਣਕਾਰੀ ਪੇਸ਼ ਕਰਦਾ ਹੈ। ਮਾਨਵੀ ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਰਾਬਿੰਦਰ ਸਿੰਘ ਬਾਠ ਵਲੋਂ ਇਸ ਕਹਾਣੀ ਸੰਗ੍ਰਹਿ ਦੇ ਪੰਜਾਬੀ ਵਿਚ ਅਨੁਵਾਦ ਦੀ ਚੋਣ ਪ੍ਰਸ਼ੰਸਾਯੋਗ ਹੈ। ‘ਪਾਣੀਆਂ ‘ਤੇ ਵਹਿੰਦੀ ਪਨਾਹ’ (ਪੰਜਾਬੀ ਸੰਸਕਰਣ) ਨੂੰ ਪੜ੍ਹ ਕੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਸੰਗ੍ਰਹਿ ਮੂਲ ਰੂਪ ਵਿਚ ਪੰਜਾਬੀ ਹੀ ਲਿਖਿਆ ਗਿਆ ਹੈ। ਜੋ ਅਨੁਵਾਦਕਰਤਾ ਦੀ ਮੁਹਾਰਤ ਦਾ ਪ੍ਰਤੱਖ ਸਬੂਤ ਹੈ।

ਸ. ਰਾਬਿੰਦਰ ਸਿੰਘ ਬਾਠ ਸਾਹਿਤਕ ਵਿਸ਼ਿਆਂ ਦੇ ਨਿਸ਼ਠਾਵਾਨ ਸੰਪਾਦਕ, ਅਨੁਵਾਦਕਾਰ ਅਤੇ ਸਾਹਿਤਕ ਸਰਗਰਮੀਆਂ ਦੇ ਆਦਰਸ਼ ਕਾਰਜ-ਕਰਤਾ ਵਜੋਂ ਅਨੁਸਰਣ ਯੋਗ ਮਾਡਲ ਹੈ। ਉਸ ਦੁਆਰਾ ਨਾਮਵਰ ਲੇਖਕਾਂ ਦੀਆਂ ਰਚਨਾਵਾਂ ਦੇ ਪੰਜਾਬੀ ਅਨੁਵਾਦ-ਕਾਰਜ, ਵਿਭਿੰਨ ਸਮੁਦਾਇ ਦੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ, ਰੀਤੀ ਰਿਵਾਜਾਂ ਅਤੇ ਸੱਭਿਆਚਾਰਾਂ ਸੰਬੰਧਤ ਗਿਆਨ ਨੂੰ ਸਹਿਜ ਰੂਪ ਵਿਚ ਪ੍ਰਗਟਾਉਣ ਕਾਰਣ, ਪੰਜਾਬੀ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹਨ। ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਮੁਹਾਲੀ- ਚੰਡੀਗੜ੍ਹ, ਚੰਡੀਗੜ੍ਹ ਵਲੋਂ, ਸ. ਰਾਬਿੰਦਰ ਸਿੰਘ ਬਾਠ ਦੀ ਇਸ ਨਵੀਂ ਪੇਸ਼ਕਸ਼ (ਕਿਤਾਬ) ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ, ਜੋ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਪੰਜਾਬੀ ਭਾਸ਼ਾ ਵਿਚ ਉਪਲਬਧੀ ਲਈ ਅਹਿਮ ਯੋਗਦਾਨ ਦਾ ਵਾਜਿਬ ਯਤਨ ਹੈ। "ਪਾਣੀਆਂ 'ਤੇ ਵਹਿੰਦੀ ਪਨਾਹ" ਇਕ ਵਧੀਆ ਕਹਾਣੀ ਸੰਗ੍ਰਹਿ ਹੈ ਜਿਸ ਦੇ ਪੰਜਾਬੀ ਪਾਠਕ ਜਗਤ ਵਿਚ ਸ਼ੁੱਭ ਆਗਮਨ ਲਈ ਜੀ ਆਇਆ ਹੈ।

(ਨੋਟ: ਸ. ਰਵਿੰਦਰ ਸਿੰਘ ਬਾਠ ਮਿਤੀ 16 ਜੂਨ 2024 ਨੂੰ ਅਕਾਲ ਚਲਾਣਾ ਕਰ ਗਏ। ਮਿਤੀ 23 ਜੂਨ 2024 ਨੂੰ ਸ. ਰਵਿੰਦਰ ਸਿੰਘ ਬਾਠ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੱਛੋਂ, ਉਨ੍ਹਾਂ ਦੀ ਮਿੱਠੜ੍ਹੀ ਯਾਦ ਨੂੰ ਸਮਰਪਿਤ, "ਪਾਣੀਆ 'ਤੇ ਵਹਿੰਦੀ ਪਨਾਹ" ਕਹਾਣੀ ਸੰਗ੍ਰਹਿ ਦਾ ਪੰਜਾਬੀ ਅਨੁਵਾਦ ਸ. ਵਰਿਆਮ ਸਿੰਘ ਸੰਧੂ, ਬੀਬੀ ਨਿਰੰਜਨ ਕੌਰ ਬਾਠ (ਸੁਪਤਨੀ ਸ. ਰਵਿੰਦਰ ਸਿੰਘ ਬਾਠ), ਬੀਬੀ ਕੰਵਲਜੀਤ ਕੌਰ ਬੈਂਸ, ਸ. ਜਸਬੀਰ ਸਿਂਘ ਘੁੰਮਣ, ਸ. ਰਣਧੀਰ ਸਿੰਘ ਘੁੰਮਣ, ਸ. ਸੁਖਦੇਵ ਸਿੰਘ ਝੰਡ, ਸ. ਅਜਾਇਬ ਸਿੰਘ ਚੱਠਾ, ਡਾ. ਦੇਵਿੰਦਰ ਪਾਲ ਸਿੰਘ, ਸ. ਸ਼ਰਨਜੀਤ ਸਿੰਘ ਬਾਠ ਤੇ ਸ. ਕਿਰਨਜੀਤ ਸਿੰਘ ਬਾਠ ਦੁਆਰਾ ਲੋਕ-ਅਰਪਣ ਕੀਤਾ ਗਿਆ।)​
 
Last edited:
📌 For all latest updates, follow the Official Sikh Philosophy Network Whatsapp Channel:

Latest Activity

Top