• Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) ਦਾਸਤਨ-ਏ-ਖ਼ੁਦ (ਲੇਖਕ: ਗਿਆਨੀ ਰਘਬੀਰ ਸਿੰਘ ਹੁੱਡਿਆਰਾ, ਸੰਪਾਦਕ: ਸ. ਰਾਬਿੰਦਰ ਸਿੰਘ ਬਾਠ) ਰਿਵਿਊ ਕਰਤਾ: ਡਾ. ਡੀ. ਪੀ. ਸਿੰਘ, ਕੈਨੇਡਾ

Dr. D. P. Singh

Writer
SPNer
Apr 7, 2006
132
64
Nangal, India
ਦਾਸਤਨ-ਏ-ਖ਼ੁਦ

ਰਿਵਿਊ ਕਰਤਾ: ਡਾ. ਡੀ. ਪੀ. ਸਿੰਘ


1719366024530.png
1719366032235.png

1719366132906.png

(ਰਿਵਿਊ ਕਰਤਾ- ਡਾ. ਡੀ. ਪੀ. ਸਿੰਘ, ਅਤੇ ਸੰਪਾਦਕ - ਰਾਬਿੰਦਰ ਸਿੰਘ ਬਾਠ)

ਪੁਸਤਕ ਦਾ ਨਾਮ: ਦਾਸਤਨ-ਏ-ਖ਼ੁਦ
ਲੇਖਕ: ਗਿਆਨੀ ਰਘਬੀਰ ਸਿੰਘ ਹੁੱਡਿਆਰਾ
ਸੰਪਾਦਕ: ਸ. ਰਾਬਿੰਦਰ ਸਿੰਘ ਬਾਠ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਇੰਡੀਆ।
ਪ੍ਰਕਾਸ਼ ਸਾਲ : 2024, ਕੀਮਤ: ਅੰਕਿਤ ਨਹੀਂ। ਪੰਨੇ: 136
ਰਿਵਿਊ ਕਰਤਾ: ਡਾ. ਡੀ. ਪੀ. ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।

ਸੁਤੰਤਰਤਾ ਸੰਗ੍ਰਾਮੀ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਇਕ ਬਹੁਪੱਖੀ ਸ਼ਖਸ਼ੀਅਤ ਦਾ ਨਾਂ ਹੈ। ਜਿਨ੍ਹਾਂ ਨੇ ਆਪਣੀ ਵਿਲੱਖਣ ਜੀਵਨ ਯਾਤਰਾ ਦੌਰਾਨ, ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਪਾਣ ਦੇ ਨਾਲ ਨਾਲ, ਸੁਦ੍ਰਿੜ ਸਿੱਖ ਮਿਸ਼ਨਰੀ, ਪ੍ਰਮਾਣਿਤ ਪੰਥ ਪ੍ਰਚਾਰਕ, ਨਾਮਵਰ ਕਥਾਵਾਚਕ ਅਤੇ ਮਾਂ-ਬੋਲੀ ਪੰਜਾਬੀ ਦੇ ਸੁਹਿਰਦ ਅਧਿਆਪਕ ਵਜੋਂ ਬਾਖੂਬੀ ਸੇਵਾ ਨਿਭਾਈ ਹੈ। ਉਨ੍ਹਾਂ ਦੀਆਂ ਦੇਸ਼ ਪ੍ਰੇਮ ਵਿਚ ਲਬਰੇਜ਼ ਕਾਵਿਕ ਰਚਨਾਵਾਂ ਤੇ ਮਨਮੋਹਕ ਭਾਸ਼ਣ ਸ਼ੈਲੀ ਲੋਕਾਂ ਵਿਚ ਬਹੁਤ ਹੀ ਮਕਬੂਲ ਰਹੀ ਹੈ। "ਦਾਸਤਨ-ਏ-ਖ਼ੁਦ" ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੀ ਸਵੈਜੀਵਨੀ ਹੈ ਜੋ ਨਾ ਸਿਰਫ਼ ਸਾਂਝੇ ਪੰਜਾਬ ਵਿਖੇ ਲਗਭਗ ਇਕ ਸਦੀ ਦੇ ਅਰਸੇ ਦੌਰਾਨ ਮੌਜੂਦ ਹਾਲਾਤਾਂ ਦੀ ਹੀ ਦੱਸ ਪਾਉਂਦੀ ਹੈ ਸਗੋਂ ਬਹੁਤ ਸਾਰੀਆਂ ਅੱਖੀ ਦੇਖੀਆਂ ਇਤਿਹਾਸਿਕ ਘਟਨਾਵਾਂ ਦਾ ਅਹਿਮ ਦਸਤਾਵੇਜ਼ ਵੀ ਹੈ।

‘ਦਾਸਤਨ-ਏ-ਖ਼ੁਦ’ ਕਿਤਾਬ ਦਾ ਸੰਪਾਦਨ ਗਿਆਨੀ ਰਘਬੀਰ ਸਿੰਘ ਹੁਡਿਆਰਾ ਦੇ ਸਪੁੱਤਰ ਸ. ਰਵਿੰਦਰ ਸਿੰਘ ਬਾਠ ਨੇ ਕੀਤਾ ਹੈ। ਸ. ਰਾਬਿੰਦਰ ਸਿੰਘ ਬਾਠ ਇਕ ਅਜਿਹੀ ਸਖ਼ਸੀਅਤ ਰਹੀ ਹੈ ਜਿਸ ਨੇ ਵਿਭਿੰਨ ਭਾਸ਼ਾਵਾਂ ਦੇ ਨਾਮਵਰ ਲਿਖਾਰੀਆਂ ਦੀਆ ਰਚਨਾਵਾਂ (ਨਾਵਲ ਤੇ ਕਹਾਣੀ ਸੰਗ੍ਰਹਿਾਂ) ਦਾ ਸੰਪਾਦਨ ਅਤੇ ਪੰਜਾਬੀ ਅਨੁਵਾਦ ਕਰਦੇ ਹੋਏ ਹੁਣ ਤਕ ਲਭਭਗ ਡੇਢ ਦਰਜਨ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ ਹਨ। ਕਿੱਤੇ ਵਜੋਂ ਪ੍ਰਸ਼ਾਸ਼ਨੀ ਵਿਭਾਗ ਦੇ ਕਾਰਕੁੰਨ ਵਜੋਂ ਬੇਸ਼ਕ ਉਸ ਦਾ ਸਾਹਿਤ ਨਾਲ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਪਰ ਕਾਲਜੀ ਦਿਨ੍ਹਾਂ ਵਿਚ ਮਨ ਨੂੰ ਲੱਗੀ ਸਾਹਿਤਕ ਚੇਟਕ ਨੇ ਉਸ ਦੇ ਜੀਵਨ ਵਿਚ ਪੰਜਾਬੀ ਸਾਹਿਤ ਨਾਲ ਉਸ ਦਾ ਬਹੁਤ ਹੀ ਕਰੀਬੀ ਰਿਸ਼ਤਾ ਕਾਇਮ ਕਰੀ ਰੱਖਿਆ। ਇਸੇ ਚੇਟਕ ਕਾਰਣ ਉਸ ਨੇ ਵਿਭਿੰਨ ਭਾਸ਼ਾਵਾਂ (ਜਿਵੇਂ ਕਿ ਉਰਦੂ, ਅਸਾਮੀ, ਬੰਗਾਲੀ ਤੇ ਹਿੰਦੀ) ਦੇ ਮਾਨਵਰ ਲੇਖਕਾਂ (ਜਿਵੇਂ ਕਿ ਮਹਰਉੱਦੀਨ ਖਾਂ, ਤਹਿਮੀਨਾ ਦੁੱਰਾਨੀ, ਜ਼ਾਹਿਦਾ ਹਿਨਾ ਆਬਦ ਸੁਰਤੀ, ਇੰਦਰਾ ਗੋਸਵਾਮੀ, ਦੂਧਨਾਥ ਸਿੰਘ, ਸੁਚਿੱਤਰਾ ਭੱਟਾਚਾਰੀਆ, ਮੋਹਨ ਚੋਪੜਾ, ਉਦੈ ਪ੍ਰਕਾਸ਼, ਤੇ ਮੰਨੂੰ ਭੰਡਾਰੀ ਆਦਿ) ਦੇ ਨਾਵਲਾਂ/ਕਹਾਣੀ ਸੰਗ੍ਰਹਿਾਂ ਦਾ ਸਫਲ਼ਤਾਪੂਰਣ ਸੰਪਾਦਨ ਅਤੇ ਪੰਜਾਬੀ ਅਨੁਵਾਦ ਕੀਤਾ। ਰਾਬਿੰਦਰ ਸਿੰਘ ਬਾਠ ਇਕ ਅਜਿਹੀ ਨਿਆਰੀ ਸ਼ਖਸ਼ੀਅਤ ਰਹੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਵਿਭਿੰਨ ਭਾਸ਼ਾਵਾਂ ਦੇ ਸ੍ਰੇਸ਼ਟ ਸਾਹਿਤ ਦੇ ਪਠਨ ਕਾਰਜਾਂ ਲਈ ਅਤੇ ਅਜਿਹੇ ਉੱਚ ਪਾਏ ਦੇ ਸਾਹਿਤ ਦੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਾਰਜਾਂ ਲਈ ਅਰਪਣ ਕੀਤਾ ਹੋਇਆ ਸੀ।

ਦਾਸਤਨ-ਏ-ਖ਼ੁਦ ਦੇ ਮੁੱਖਬੰਧ ਦਾ ਲੇਖਕ ਡਾ. ਡੀ. ਪੀ. ਸਿੰਘ, ਗਿਆਨੀ ਰਘਬੀਰ ਸਿੰਘ ਹੁੱਡਿਆਰਾ ਨੂੰ ਬਿਖੜ੍ਹੇ ਰਾਹਾਂ ਦਾ ਪਾਂਧੀ ਵਜੋਂ ਬਿਆਨ ਕਰਦੇ ਹੋਏ ਉਸ ਦੇ ਜੀਵਨ ਉੱਤੇ ਪੰਛੀ ਝਾਤ ਪੁਆਂਦਾ ਹੈ। ਵਰਨਣਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੁਆਰਾ ਰਚਿਤ "ਦਾਸਤਨ-ਏ-ਖ਼ੁਦ" ਤਿੰਨ ਮਹਾਂਦੀਪਾਂ ਅਤੇ ਪੰਜ ਪੁਸ਼ਤਾਂ ਤਕ ਫੈਲੀ ਪਰਿਵਾਰਕ ਗਾਥਾ ਹੈ, ਜੋ ਆਪਣੇ ਅੰਦਰ ਸੋ ਸਾਲਾਂ ਤੋਂ ਵੀ ਵਧੇਰੇ ਅਰਸੇ ਦਾ ਇਤਿਹਾਸ ਸਮੋਈ ਬੈਠੀ ਹੈ। ਬ੍ਰਿਟਿਸ਼ ਇੰਡੀਆਂ ਦੇ ਪਿੰਡ ਹੁੱਡਿਆਰਾ, ਤਹਿਸੀਲ ਲਾਹੌਰ (ਹੁਣ ਪਾਕਿਸਤਾਨ), ਤੋਂ ਸ਼ੁਰੂ ਹੋ ਕੇ ਇਹ ਗਾਥਾ, ਭਾਰਤ, ਇੰਗਲੈਂਡ ਅਤੇ ਕੈਨੇਡਾ ਦੇ ਸਰਸ਼ਬਜ਼ ਕਿੱਸਿਆ ਨਾਲ ਭਰਪੂਰ ਤਾਂ ਹੈ ਹੀ, ਪਰ ਇਹ ਭਾਰਤ-ਪਾਕਿਸਤਾਨ ਵੰਡ ਦੇ ਦਰਦਨਾਕ ਹਾਲਾਤਾਂ ਦਾ ਅੱਖੀ ਦੇਖਿਆ ਹਾਲ ਵੀ ਬੇਬਾਕੀ ਨਾਲ ਪੇਸ਼ ਕਰਦੀ ਹੈ।

ਇਸ ਕਿਤਾਬ ਦਾ ਪਹਿਲਾ ਕਾਂਡ ਲੇਖਕ ਦੇ ਪਿੰਡ ਦੇ ਬਿਰਤਾਂਤ ਦੇ ਨਾਲ ਨਾਲ ਉਸ ਦੇ ਪੂਰਵਜਾਂ ਦਾ ਦਿਲਚਸਪ ਵਰਨਣ ਕਰਦਾ ਹੈ। ਲੇਖਕ ਦਾ ਪਿਛੋਕੜ ਵੱਡ-ਵਡੇਰੇ ਬਾਬਾ ਰਾ ਸਿੰਘ ਨਾਲ ਜੁੜਦਾ ਹੈ ਜਿਸ ਦੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਕੋਲੋਂ ਅਮ੍ਰਿੰਤ ਛੱਕਿਆ ਸੀ ਤੇ ਪੰਜਾਬ ਦੇ ਇਤਿਹਾਸ ਵਿਚ ਮਿਸਲਾਂ ਦੇ ਯੁੱਗ ਅੰਦਰ ਅਹਿਮ ਭੂਮਿਕਾ ਨਿਭਾਈ ਸੀ। ਗੁਰਮੁਖ ਸਰੂਪ ਬਾਬਾ ਭਾਈ ਚੂਹੜ ਸਿੰਘ, ਉਨ੍ਹਾਂ ਦੇ ਵੱਡੇ ਭਰਾ ਫ਼ੌਜੀ ਬਾਬਾ ਠਾਕਰ ਸਿੰਘ, ਸੰਜਮ ਤੇ ਸਲੀਕੇ ਦੀ ਮੂਰਤ ਦਾਦੀ ਰਾਮ ਕੌਰ ਅਤੇ ਸਿਦਕਵਾਨ ਲਾਲਾ ਮੰਗਲ ਦਾਸ ਦੇ ਕਿਰਦਾਰਾਂ ਦਾ ਚਿੱਤਰਣ ਲੇਖਕ ਨੇ ਬਾਖੂਬੀ ਕੀਤਾ ਹੈ।

ਪੁਰਾਣੇ ਸਮਿਆਂ ਦਾ ਪੰਜਾਬੀ ਜੀਵਨ ਚਲਣ, ਰੋਜ਼ਾਨਾ ਪ੍ਰਕ੍ਰਿਆ, ਸਮਾਜਿਕ ਰੀਤੀ ਰਿਵਾਜਾਂ, ਤੇ ਖੇਤੀਬਾੜੀ ਕਾਰਜਾਂ ਦਾ ਬਿਰਤਾਂਤ ਤਾਂ ਪਾਠਕ ਨੂੰ ਉਨ੍ਹਾਂ ਸਮਿਆਂ ਦੇ ਰੂਬਰੂ ਕਰਵਾਉਣ ਦਾ ਦਮ ਰੱਖਦਾ ਹੈ। ਪਿਤਾ ਸ. ਹਰਨਾਮ ਸਿੰਘ ਦਾ ਗੁਰੂ ਕਾ ਬਾਗ ਦੇ ਮੋਰਚੇ ਵਿਚ ਭਾਗ ਲੈਣਾ, ਸ਼ਰੀਕਾਬਾਜ਼ੀ ਕਾਰਣ ਸਰਕਾਰੀ ਨੌਕਰੀ ਤੋਂ ਖੁੰਝਣਾ, ਪੰਥਕ-ਕਾਰਜਾਂ ਵਿਚ ਸ਼ਮੂਲੀਅਤ, ਸ਼ਾਇਰੀ, ਕਵੀਸ਼ਰੀ ਤੇ ਹਕੀਮੀ ਵਿਚ ਨਿਪੁੰਨਤਾ ਪ੍ਰਾਪਤੀ, ਅਚਾਨਕ ਮੌਤ ਉਪ੍ਰਾਂਤ ਘਰੇਲੂ ਸੰਕਟ ਤੇ ਜਦੋਜਹਿਦ ਦਾ ਵਰਨਣ ਜਾਣਕਾਰੀ ਭਰਪੂਰ ਹੈ।

ਲੇਖਕ ਨੇ ਸੰਨ 1920 ਵਿਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਰਚਨਾ, ਸ਼੍ਰੋਮਣੀ ਅਕਾਲੀ ਦਲ ਦਾ ਜਨਮ, ਗੁਰਦੁਆਰਾ ਸੁਧਾਰ ਲਹਿਰ, ਸਿੱਖ ਜਗਤ ਵਲੋਂ ਦੁਸ਼ਟ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮੋਰਚੇ ਲਗਾਉਣਾ, ਸ੍ਰੀ ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ, ਅਤੇ ਗੁਰੂ ਕੇ ਬਾਗ ਦਾ ਮੋਰਚਾ, ਆਦਿ ਘਟਨਾਵਾਂ ਦਾ ਚਸ਼ਮਦੀਦ ਗਵਾਹਾਂ ਦੁਆਰਾ ਸੁਣਾਇਆ ਹਾਲ ਵੀ ਦਰਜ਼ ਕੀਤਾ ਹੈ। ਪਿਤਾ ਪੁਰਖੀ ਮਿਲੇ ਸੰਸਕਾਰਾਂ ਕਾਰਣ ਬਾਲਕ ਰਘਬੀਰ ਵਿਚ ਧਾਰਮਿਕ ਤੇ ਰਾਜਸੀ ਕਾਰਜਾਂ ਪ੍ਰਤਿ ਲਗਾਉ ਸਹਿਜੇ ਹੀ ਪੁੰਗਰ ਪਿਆ। ਵਿਦਿਆਰਥੀ ਦਿਨ੍ਹਾਂ ਵਿਚ ਕਾਂਗਰਸ ਦੁਆਰਾ ਦੇਸ਼ ਦੀ ਆਜ਼ਾਦੀ ਲਈ ਚਲਾਈ ਨਾ-ਮਿਲਵਰਤਣ ਲਹਿਰ ਵਿਚ ਸ਼ਮੂਲੀਅਤ ਕਾਰਣ ਜੇਲ ਯਾਤਰਾ ਵੀ ਕੀਤੀ। ਰਾਜਸੀ ਤੇ ਧਾਰਮਿਕ ਸਮਾਗਮਾਂ ਵਿਚ ਦੇਸ਼ ਪ੍ਰੇਮ ਤੇ ਧਰਮ ਸੰਬੰਧਤ ਕਵਿਤਾਵਾਂ ਪੜ੍ਹਣਾ ਉਸ ਦਾ ਜੀਵਨ ਅਮਲ ਬਣ ਗਿਆ।

ਸੰਨ 1935 ਵਿਚ ਗੁਰਦੁਆਰਾ ਸ਼ਹੀਦ-ਗੰਜ ਸਿੰਘਣੀਆਂ ਦੀ ਦੁਸ਼ਕਰਮੀ ਮਹੰਤਾਂ ਤੋਂ ਆਜ਼ਾਦੀ ਲਈ ਲਗਾਏ ਅਕਾਲੀ ਦਲ ਦੇ ਮੋਰਚੇ ਵਿਚ ਸ਼ਮੂਲੀਅਤ ਲਈ ਦੁਬਾਰਾ ਜੇਲ ਯਾਤਰਾ ਕੀਤੀ। ਦਸੰਬਰ 1937 ਵਿਚ ਪੰਡਿਤ ਜਵਾਹਰ ਲਾਲ ਦੇ ਲਾਹੌਰ ਜਲਸੇ ਵਿਚ ਕ੍ਰਾਂਤੀਕਾਰੀ ਨਜ਼ਮ ਪੜ੍ਹਣ ਕਾਰਣ ਫਿਰ ਦੋ ਮਹੀਨੇ ਕੈਦ ਕੱਟੀ। ਪੰਜਾਬ ਕਿਸਾਨ ਲਹਿਰ ਦੀ ਪੰਜਾਬ ਵਿਚ ਚੜ੍ਹਤ, ਨੋਜੁਆਨ ਰਘਬੀਰ ਵਲੋਂ ਕਿਸਾਨ ਲਹਿਰ ਦੇ ਸਮਾਗਮਾਂ ਵਿਚ ਸਰਗਰਮ ਸ਼ਮੂਲੀਅਤ, 23 ਮਾਰਚ 1939 ਨੂੰ ਕਿਸਾਨ ਸਤਿਆਗ੍ਰਹਿ ਦੇ ਪਹਿਲੇ ਜਥੇ ਨਾਲ ਲੇਖਕ ਦੀ ਗ੍ਰਿਫਤਾਰੀ, ਦੂਜੀ ਵਿਸ਼ਵ ਜੰਗ ਸਮੇਂ ਦੇ ਹਾਲਾਤ, ਤੇ ਜੇਲਾਂ ਦੇ ਨਿਜ਼ਾਮ ਬਾਰੇ ਭਾਵਪੂਰਣ ਬਿਰਤਾਂਤ ਇਸੇ ਕਾਂਡ ਵਿਚ ਮੌਜੂਦ ਹੈ। ਜਨਵਰੀ 1940 ਵਿਚ ਜੇਲ ਤੋਂ ਰਿਹਾ ਹੋਣ ਪਿਛੋਂ ਰਾਜਸੀ ਕਾਰਗੁਜ਼ਾਰੀ ਦਸੰਬਰ 1940 ਤਕ ਚਲਦੀ ਰਹੀ। ਉਪਰੰਤ ਘਰੇਲੂ ਹਾਲਤਾਂ ਕਾਰਣ ਘਰ ਸੰਭਾਲਣ ਦੀ ਜੁੰਮੇਵਾਰੀ ਸਿਰ ਆ ਪਈ।

ਤਦ ਹੀ ਨੋਜੁਆਨ ਰਘਬੀਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ। ਇੰਝ ਉਹ ਕਾਮਰੇਡ ਤੋਂ ਢਾਡੀ ਬਣ ਗੁਪਾਲ ਸਿੰਘ ਮੈਦੀਪੁਰ ਦੇ ਢਾਡੀ ਜੱਥੇ ਨਾਲ ਜਾ ਮਿਲਿਆ ਤੇ ਅਕਾਲੀ ਕਾਨਫਰੰਸਾਂ/ਸਮਾਗਮਾਂ ਦਾ ਅਨਿੱਖੜਵਾਂ ਅੰਗ ਬਣ ਗਿਆ। ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਆਨਰੇਰੀ ਪ੍ਰਚਾਰਕ ਦੀ ਨੌਕਰੀ ਮਿਲ ਗਈ। ਅਗਸਤ 1942 ਤੋਂ ਮਾਰਚ 1943 ਤਕ ਇਹ ਸੇਵਾ ਨਿਭਾਉਂਦਿਆਂ ਸਿੱਖੀ ਪ੍ਰੇਮ ਦੀ ਅਜਿਹੀ ਲਗਨ ਲਗੀ ਕਿ ਅਪ੍ਰੈਲ 1943 ਦੌਰਾਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਦੋ ਸਾਲਾ ਪ੍ਰਚਾਰਕ ਤੇ ਗ੍ਰੰਥੀ ਕਲਾਸ ਵਿਚ ਦਾਖ਼ਲਾ ਲੈ ਲਿਆ। ਸੰਨ 1945 ਵਿਚ ਸ਼ਾਦੀ ਦੀ ਦਿਲਚਸਪ ਘਟਨਾ, ਅਤੇ ਗਿਆਨੀ ਹੁੱਡਿਆਰਾ ਦੀ ਪ੍ਰੇਰਨਾ ਸਦਕਾ ਮਿਸ਼ਨਰੀ ਕਾਲਜ ਦੇ ਕੋਰਸ ਦੇ ਨਾਲ ਹੀ ਗਿਆਨੀ ਦਾ ਇਮਤਿਹਾਨ ਪਾਸ ਕਰਨ ਦਾ ਬਿਰਤਾਂਤ ਵੀ ਕਾਫ਼ੀ ਰੌਚਕ ਤੇ ਉਤਸ਼ਾਹਮਈ ਹੈ। ਸੰਨ 1946 ਵਿਚ ਕੋਰਸ ਪੂਰਾ ਹੁੰਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸਿੱਖ ਪ੍ਰਚਾਰਕ ਦੀ ਨੌਕਰੀ ਦੁਬਾਰਾ ਮਿਲ ਗਈ। ਪ੍ਰਚਾਰਕ ਵਜੋਂ ਫ਼ਿਲੌਰ ਤਹਿਸੀਲ, ਤੇ ਪਾਕਪਟਨ ਤਹਿਸੀਲ ਵਿਖੇ ਸੇਵਾ ਨਿਭਾਉਣ ਪਿਛੋਂ, ਜਲਦੀ ਹੀ ਖਾਲਸਾ ਹਾਈ ਸਕੂਲ, ਖਾਲੜਾ ਮੰਡੀ ਵਿਖੇ ਪੰਜਾਬੀ ਅਧਿਆਪਕ ਵਜੋਂ ਕਾਰਜ ਭਾਰ ਆ ਸੰਭਾਲਿਆ।

ਇਸੇ ਕਿਤਾਬ ਵਿਚ, ਪਾਕਿਸਤਾਨ ਦੀ ਮੰਗ ਦਾ ਮਸਲਾ, ਸੰਨ 1940 ਤੋਂ ਦੇਸ਼ ਦੇ ਆਜ਼ਾਦ ਹੋਣ ਤਕ ਦੇ ਹਾਲਾਤ, ਦੂਜੀ ਵਿਸ਼ਵ ਜੰਗ ਦਾ ਖ਼ਾਤਮਾ, ਪੰਜਾਬ ਦਾ ਬਟਵਾਰਾ ਅਤੇ ਆਬਾਦੀ ਦਾ ਤਬਾਦਲਾ ਆਦਿ ਦਾ ਬਿਰਤਾਂਤ ਇਤਿਹਾਸਕ ਪੱਖੋਂ ਕਾਫ਼ੀ ਜਰਖੇਜ਼ ਹੈ। ਜੋ ਦੇਸ਼ ਦੀ ਵੰਡ ਕਾਰਣ ਪੰਜਾਬ ਦੇ ਲੋਕਾਂ ਦੇ ਉਜਾੜੇ ਦੀ ਦਰਦਨਾਕ ਹਾਲਾਤ ਨੂੰ ਬੇਬਾਕੀ ਨਾਲ ਬਿਆਨ ਕਰਦਾ ਹੈ। ਉੜਮੁੜ ਵਿਖੇ ਵਾਸਾ ਤੇ ਜੀਵਨ ਦੇ ਨਵੇਂ ਦੌਰ ਦਾ ਆਰੰਭ, ਡੀ. ਏ.ਵੀ. ਹਾਈ ਸਕੂਲ ਵਿਖੇ ਪੰਜਾਬੀ ਅਧਿਆਪਨ ਕਾਰਜ, ਸਰਕਾਰ ਵਲੋਂ ਸੁੰਤਤਰਤਾ ਸੰਗ੍ਰਾਮੀਆਂ ਦਾ ਸਨਮਾਨ ਮੁਹਿੰਮ ਹੇਠ ਮਾਨ ਪੱਤਰ ਪ੍ਰਾਪਤੀ, ਬੱਚਿਆਂ ਲਈ ਵਜੀਫੇ ਦੀ ਮਨਜ਼ੂਰੀ, ਤਾਮਰ ਪੱਤਰ ਮਿਲਣਾ, ਸਰਕਾਰੀ ਮਿਡਲ ਸਕੂਲ, ਬੱਢਲਾਂ ਵਿਖੇ ਤਾਇਨਤੀ ਤੇ ਅਧਿਆਪਨ ਕਾਰਜ, ਫਰੀਡਮ ਫਾਇਟਰ ਦੀ ਪੈਨਸ਼ਨ ਲੱਗਣਾ, ਅਤੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਦਾ ਖੁਲਾਸਾ ਵੀ ਕਾਫ਼ੀ ਰੌਚਕਮਈ ਹੈ। ਕੁਝ ਖਾਸ ਯਾਦਾਂ ਦੇ ਨਾਮ ਹੇਠ ਵਰਨਿਤ ਡਾ. ਅੰਬੇਦਕਰ ਦੇ ਧਰਮ ਪਰਿਵਰਤਨ ਦਾ ਕਿੱਸਾ ਇਤਿਹਾਸਿਕ ਮਹੱਤਤਾ ਵਾਲਾ ਹੈ।

ਲੰਡਨ ਦੀ ਯਾਤਰਾ ਕਾਂਡ ਵਿਚ ਲੇਖਕ ਨੇ 1994-95 ਦੌਰਾਨ ਆਪਣੀ ਲੰਡਨ ਯਾਤਰਾ ਦਾ ਬਿਰਤਾਂਤ ਬਹੁਤ ਹੀ ਵਿਸਥਾਰਪੂਰਣ ਲਿਖਿਆ ਹੈ। ਇਸ ਬਿਰਤਾਂਤ ਵਿਚ ਲੇਖਕ ਨੇ ਇੰਡੀਆ ਵਿਖੇ ਆਪਣੇ ਮੁਕਾਮ ਤੋਂ ਚੱਲਣ ਤੋਂ ਲੈ ਕੇ ਮਾਸਕੋ ਰਾਹੀਂ ਇੰਗਲੈਂਡ ਪੁੱਜਣ, ਉੱਥੇ ਰਿਹਾਇਸ਼ ਤੇ ਕਾਰਗੁਜ਼ਾਰੀ ਉਪਰੰਤ ਵਾਪਸੀ ਦਾ ਵਰਨਣ ਕੀਤਾ ਹੈ। ਲੇਖਕ ਦੀ ਪੈਨੀ ਦ੍ਰਿਸ਼ਟੀ "ਗੋਰੇ ਲੋਕਾਂ ਦੀ ਕਾਲੀ ਧਰਤੀ" ਕਾਂਡ ਵਿਚ ਇੰਗਲੈਂਡ ਦੇਸ਼ ਦੀਆਂ ਚੰਗੀਆਂ ਮੰਦੀਆਂ ਗੱਲਾਂ ਦਾ ਜ਼ਿਕਰ ਬਣ ਜਾਂਦੀ ਹੈ। ਜੋ ਉਥੋਂ ਦੇ ਨਿਜ਼ਾਮ, ਰਹਿਣ-ਸਹਿਣ, ਰਸਮੋਂ-ਰਿਵਾਜ, ਖਾਣ-ਪੀਣ, ਸਮਾਜਿਕ ਤੇ ਕੁਦਰਤੀ ਵਾਤਾਵਰਣ, ਫ਼ਸਲ-ਬਾੜੀ, ਕੰਮਾ-ਕਾਰਾਂ, ਸਹੂਲਤਾਂ, ਮਾਨਵੀ ਵਿਵਸਥਾਵਾਂ ਅਤੇ ਵਿਭਿੰਨ ਭਾਈਚਾਰਿਆਂ ਦੇ ਪ੍ਰਸਪਰ ਸੰਬੰਧਾਂ ਦਾ ਵਿਸਥਾਰ ਅਜਿਹੇ ਰੂਪ ਵਿਚ ਪ੍ਰਗਟ ਕਰਦੀ ਹੈ ਕਿ ਇੰਝ ਜਾਪਦਾ ਹੈ ਕਿ ਸਾਰਾ ਘਟਨਾਕ੍ਰਮ ਪਾਠਕ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ।

"ਦਾਸਤਨ-ਏ-ਖ਼ੁਦ" ਦਾ ਆਖ਼ਰੀ ਕਾਂਡ ਲੇਖਕ ਦੀ ਕੈਨੇਡਾ ਫ਼ੇਰੀ ਦਾ ਜ਼ਿਕਰ ਕਰਦਾ ਹੈ। ਜੋ ਉਸ ਦੁਆਰਾ ਸਤੰਬਰ 2003 ਤੋਂ ਮਾਰਚ 2004 ਦੇ ਅਰਸੇ ਦੌਰਾਨ ਕੀਤੀ ਗਈ। ਇਸ ਕਾਂਡ ਵਿਚ ਵੀ ਲੇਖਕ ਨੇ ਆਪਣੀ ਲੰਡਨ ਯਾਤਰਾ ਦੇ ਬਿਰਤਾਂਤ ਵਾਂਗ ਹੀ ਕੈਨੇਡਾ ਦੀ ਧਰਤੀ ਉੱਤੇ ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਕੈਨੇਡਾ ਦੇਸ਼ ਬਾਰੇ ਜਾਣਕਾਰੀ, ਇਥੋਂ ਦਾ ਨਿਜ਼ਾਮ, ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ, ਕੈਨੇਡਾ ਵਿਖੇ ਸਾਫ਼-ਸੁਥਰਾ ਵਾਤਾਵਰਣ, ਭਾਈਚਾਰਕ ਮਾਹੌਲ, ਲੋਕਾਂ ਦੀ ਗੁਰਬਾਣੀ ਤੇ ਗੁਰ-ਇਤਿਹਾਸ ਜਾਨਣ ਦੀ ਚਾਹਤ, ਅਤੇ ਪਰਿਵਾਰਕ ਮੇਲ-ਮਿਲਾਪ ਦੇ ਕਿੱਸੇ ਇਸ ਕਾਂਡ ਨੂੰ ਰੌਚਕਤਾ ਬਖ਼ਸ਼ਦੇ ਹਨ।

ਬੇਸ਼ਕ "ਦਾਸਤਨ-ਏ-ਖ਼ੁਦ" ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੀ ਪਲੇਠੀ ਦੀ ਰਚਨਾ ਹੈ ਜੋ ਉਨ੍ਹਾਂ ਦੇ ਸਪੁੱਤਰ ਸ. ਰਾਬਿੰਦਰ ਸਿੰਘ ਬਾਠ ਦੇ ਉੱਦਮ ਨਾਲ ਸਾਹਿਤਕ ਖੇਤਰ ਦਾ ਅੰਗ ਬਣੀ। ਪਰ ਇਸ ਨਿਵੇਕਲੀ ਸਵੈ-ਜੀਵਨੀ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ। ਆਸ ਹੈ ਪੰਜਾਬੀ ਪਾਠਕ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਜੀ ਦੀ ਇਸ ਭੇਂਟ ਨੂੰ ਜੀ ਆਇਆਂ ਆਖਦੇ ਹੋਏ, ਇਸ ਦੀ ਵਿਸ਼ਾ-ਵਸਤੂ ਨਾਲ ਇਕਸੁਰਤਾ ਮਹਿਸੂਸ ਕਰਣਗੇ ਤੇ ਅਮਨ-ਭਰਪੂਰ ਨਵ-ਮਾਨਵੀ ਸਮਾਜ ਸਿਰਜਣ ਲਈ ਸੇਧ ਪ੍ਰਾਪਤ ਕਰ ਸਕਣਗੇ।

(ਨੋਟ: ਸ. ਰਵਿੰਦਰ ਸਿੰਘ ਬਾਠ ਮਿਤੀ 16 ਜੂਨ 2024 ਨੂੰ ਅਕਾਲ ਚਲਾਣਾ ਕਰ ਗਏ। "ਦਾਸਤਨ-ਏ-ਖ਼ੁਦ" ਸਵੈਜੀਵਨੀ ਪੁਸਤਕ ਦਾ, ਮਿਤੀ 23 ਜੂਨ 2024 ਨੂੰ ਸ. ਰਵਿੰਦਰ ਸਿੰਘ ਬਾਠ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੱਛੋਂ ਸ. ਵਰਿਆਮ ਸਿੰਘ ਸੰਧੂ, ਬੀਬੀ ਨਿਰੰਜਨ ਕੌਰ ਬਾਠ (ਸੁਪਤਨੀ ਸ. ਰਵਿੰਦਰ ਸਿੰਘ ਬਾਠ), ਬੀਬੀ ਕੰਵਲਜੀਤ ਕੌਰ ਬੈਂਸ, ਸ. ਜਸਬੀਰ ਸਿਂਘ ਘੁੰਮਣ, ਸ. ਰਣਧੀਰ ਸਿੰਘ ਘੁੰਮਣ, ਸ. ਸੁਖਦੇਵ ਸਿੰਘ ਝੰਡ, ਸ. ਅਜਾਇਬ ਸਿੰਘ ਚੱਠਾ, ਡਾ. ਡੀ. ਪੀ. ਸਿੰਘ, ਸ. ਸ਼ਰਨਜੀਤ ਸਿੰਘ ਬਾਠ ਤੇ ਸ. ਕਿਰਨਜੀਤ ਸਿੰਘ ਬਾਠ ਦੁਆਰਾ ਲੋਕ-ਅਰਪਣ ਕੀਤਾ ਗਿਆ।)​
 
📌 For all latest updates, follow the Official Sikh Philosophy Network Whatsapp Channel:

Latest Activity

Top