• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰਸਿਖ ਮੀਤ ਚਲਹੁ ਗੁਰ ਚਾਲੀ

dalvinder45

SPNer
Jul 22, 2023
893
37
79
ਗੁਰਸਿਖ ਮੀਤ ਚਲਹੁ ਗੁਰ ਚਾਲੀ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726


ਗੁਰਸਿੱਖ : - ਗੁਰਸਿੱਖ ਦੋ ਸ਼ਬਦਾਂ ਗੁਰ ਤੇ ਸਿਖ ਦਾ ਜੋੜ ਹੈ । ਸਿੱਖ ਦੀ ਤਰੀਫ ਸਿਖ ਰਹਿਤ ਮਰਯਾਦਾ ਵਿਚ ਇਸ ਤਰ੍ਹਾਂ ਦਿੱਤੀ ਹੈ, ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ।’ ਗੁਰਸਿਖ ਸ਼ਬਦ ਏਸੇ ਤਾਰੀਫ ਨੂੰ ਹੋਰ ਸਾਫ ਕਰਦਾ ਹੈ ਤੇ ਦੁਹਰਾਂਦਾ ਹੈ ਕਿ ਸਿਖ ਉਹ ਜੋ ਗੁਰੂ ਸਾਹਿਬਾਨ ਦਾ ਸਿੱਖ ਹੈ । ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ । ੲਹਿ ਤਾਰੀਫ ਆਮ ਸਿੱਖ ਤੋਂ ਗੁਰਸਿੱਖ ਨੂੰ ਨਿਖੇੜਦੀ ਹੈ ।
ਗੁਰੂ ਸਾਹਿਬਾਨ ਦਾ ਸਿੱਖ ਭਾਵ ਗੁਰਸਿਖ । ਸਿਖੀ ਸਿਖਿਆ ਗੁਰ ਵੀਚਾਰਿ (ਵਾਰ ਆਸਾ ਮਹਲਾ 1 (5) ‘ਗੁਰਸਿਖਿ ਲੈ ਗੁਰਸਿਖੁ ਸਦਾਇਆਂ’ (ਭਾਈ ਗੁਰਦਾਸ ਵਾਰ 11 ਪਉੜੀ 3) ਭਾਵ ਗੁਰੂ ਸਾਹਿਬਾਨ ਦੀ ਸਿਖਿਆ ਪ੍ਰਾਪਤ ਕਰਕੇ ਹੀ ਸਿੱਖ ਸਦਾਇਆ ਗਿਆ । ਗੁਰਸਿਖ ਇਕੋ ਹੋਇ ਜੋਂ ਗੁਰ ਭਾਇਆਂ (3) (ਭਾਈ, ਗੁਰਦਾਸ ਵਾਰ 3 ਪਉੜੀ 211) ਗੁਰੂ ਨੂੰ ਜੋ ਭਾਵੇ ਗੁਰੂ ਉਸੇ ਨੂੰ ਹੀ ਦੀਖਿਆ ਦੇ ਕੇ ਸਿਖ ਬਣਾਉਂਦਾ ਹੈ । (4) (ਭਾਈ ਗੁਰਦਸ ਵਾਰ 3 ਪਉੜੀ 11) ਗੁਰਸਿਖ-ਮੀਤ, ਮੀਤ ਭਾਵ ਪਿਆਰਾ, ਗੁਰਸਿਖ-ਮੀਤ ਭਾਵ ਗੁਰਸਿਖ-ਪਿਆਰਾ । ਸੋ ਗੁਰਸਿਖ ਗੁਰੂ ਮਨਿ ਭਾਵੇਂ (ਮਹਲਾ 4, ਵਾਰ ਗਉੜੀ 1 (11) । ਜਿਨਾ ਗੁਰੂ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੁ ਦੇਵਾਈਆ (ਵਾਰ ਸੋਰਠਿ ਮਹਲਾ 4 (14) ਪੰਨਾ 648)) । ਪਾਲਾ ਕਕਰੁ ਵਰਫ ਵਰਸੇ, ਗੁਰਸਿਖ ਗੁਰ ਦੇਖਣ ਜਾਈ (ਸੂਹੀ ਮਹਲਾ 4, ਅਸਟਪਦੀ ਪੰਨਾ 757))

ਸਤਗੁਰੁ ਦਇਆ ਕਰੇ ਸੁਖਦਾਤਾ ਲਾਵੈ ਅਪਨੀ ਪਾਲੀ ।ਗੁਰਸਿਖ ਮੀਤ ਚਲਹੁ ਗੁਰ ਚਾਲੀ ।
ਜੋਂ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ । (ਧਨਾਸਰੀ ਮਹਲਾ 4(4) ਪੰਨਾ 667)

ਜੇ ਸਤਿਗੁਰ ਦਇਆ ਕਰੇ ਤਾਂ ਸਿਖ ਗੁਰੂ ਦੇ ਲੜ ਲੱਗ ਸਕਦਾ ਹੈ । ਗੁਰੂ ਤਾਂ ਹੀ ਲੜ ਲਾਏਗਾ ਜੇਂ ਸਿਖ ਗੁਰੂ ਦੀ ਦਸੀ ਚਾਲ ਅਨੁਸਾਰ ਚਲੇ । ਇਸ ਲਈ ਜੋਂ ਜੋਂ ਵੀ ਗੁਰੂ ਕਹੇ ਸਿਖ ਨੂੰ ਭਲਾ ਜਾਣ ਕੇ ਕਰਨਾ ਚਾਹੀਦਾ ਹੈ । ਵਾਹਿਗੁਰੂ ਦੀ ਮਹਿਮਾ ਵਿਚ ਜੁਟ ਜਾਣਾ ਚਾਹੀਦਾ ਹੈ । ਚਾਲਹਿ ਗੁਰਮੁਖਿ ਹੁਕਮਿ ਰਜਾਈ (ਗਉੜੀ ਮਹਲਾ 1, ਅਸਟਪਦੀ (15) ਪੰਨਾ 227)) ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਗਾਡੀ ਰਾਹ ਚਲਾਇਆ । (ਵਾਰ 5)
ਗੁਰਸਿਖ ਦੇ ਦੋ ਮੁਖ ਪਖ ਹਨ ਅਧਿਆਤਮਕ ਤੇ ਦੁਨਿਆਬੀ ।ਦੁਨਿਆਬੀ ਪਖ ਦੁਨੀਆਂ ਨਾਲ ਜੁੜ ਜਾਣ ਜਾਂ ਦੁਨੀਆਂ ਦਾ ਹੀ ਹੋ ਕੇ ਰਹਿ ਜਾਣ ਦਾ ਨਹੀਂ ਸਗੋਂ ਦੁਨੀਅ.ਾਂ ਵਿਚ ਜਲ ਮਹਿ ਕਮਲ ਸਮਾਨ ਜੀਵਣ ਦਾ ਤੇ ਪ੍ਰਮਾਤਮਾ ਨਾਲਸਦਾ ਸੁਰਤੀ ਲਾਈ ਰਖਣ ਦਾ ਹੈ ।ਗੁਰ ਸਤਿਗੁਰ ਦਾ ਜੋ ਸਿਖ ਅਖਵਾਉਂਦਾ ਹੈ ਉਹ ਤੜਕੇ ਉਠ ਕੇ ਹਰਿ ਨਾਮ ਧਿਆਉਂਦਾ ਹੈ । ਸਵੇਰੇ ਇਸਨਾਨ ਕਰਕੇ ਨਾਮ ਦੇ ਅੰਮ੍ਰਿਤ ਸਰੋਵਰ ਵਿਚ ਤਾਰੀਆਂ ਲਾਉਂਦਾ ਹੈ ਤੇ ਗੁਰੂ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦਾ ਨਾਮ ਜਪਦਾ ਹੈ (ਮਹਲਾ 4, ਵਾਰ ਗਉੜੀ 1 (11) ਪੰਨਾ 305)ਅਜਿਹੇ ਸਿਖ ਤੋਂ ਕੁਰਬਾਨ ਕਿਓਂ ਨਾ ਜਾਈਏ ਜੋਂ ਪਿਛਲੀ ਰਾਤੀਂ ਉਠਕੇ ਅੰਮ੍ਰਿਤ ਵੇਲੇ ਸਿਰ ਨਾਉਂਦਾ ਹੈ ਤੇ ਇਕ ਮਨ ਹੋ ਕੇ ਜਾਪ ਜਪਦਾ ਹੈ ਤੇ ਤੜਕੇ ਸਾਧ ਸੰਗਤਿ ਵਿਚ ਜਾ ਕੇ ਜੁੜ ਬੈਠਦਾ ਤੇ ਗੁਰਬਾਣੀ ਗਾ ਕੇ ਸੁਣਾਉਂਦਾ ਹੈ । ਉਹ ਅਪਣਾ ਮਨ ਤਾਂ ਵਾਹਿਗੁਰੂ ਨਾਲ ਜੋੜਦਾ ਹੀ ਹੈ ਹੋਰਾਂ ਦਾ ਵੀ ਜੋੜ ਦਿੰਦਾ ਹੈ । ਗੁਰੂ ਦੇ ਦਿਹਾੜੇ ਬੜੇ ਪ੍ਰੇਮ ਚਾਅ ਨਾਲ ਭਗਤੀ ਕਰਦਿਆਂ ਮਨਾਉਂਦਾ ਹੈ ਤੇ ਗੁਰੂ ਦੀ ਸੇਵਾ ਦਾ ਫਲ ਪ੍ਰਾਪਤ ਕਰ ਜੀਵਨ ਸੁਫਲਾ ਬਣਾਉਂਦਾ ਹੈ । (ਵਾਰ 12 ਪਉੜੀ 2)
ਉਪਦੇਸੁ ਜਿ ਦਿਤਾ ਸਤਿਗੁਰੂ, ਸੋ ਸੁਣਿਆ ਸਿਖੀ ਕੰਨੇ ।
ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣਿ ਵੰਨੇ ।
ਇਹ ਚਾਲ ਨਿਰਾਲੀ ਗੁਰਮੁਖੀ ਸੁਣਿ ਮਨੁ ਭਿੰਨੇ ।
(ਮਹਲਾ 4, ਵਾਰ ਗਉੜੀ । ਪਉੜੀ ਪੰਨਾ 314)
ਗੁਰੁ ਦੇ ਦਿਤੇ ਉਪਦੇਸ਼ ਨੂੰ ਧਿਆਨ ਨਾਲ ਸੁਣ ਕੇ, ਗੁਰੁ ਦਾ ਹੁਕਮ ਮੰਨ ਕੇ ਪ੍ਰਮਾਤਮਾ ਦੇ ਨਾਮ ਦ ਨੰਮ੍ਰਿਤ ਪੀ ਉਹ ਅਨੂਠੇ ਨਸ਼ੇ ਵਿਚ ਗੜੂੰਦਿਆ ਰਹਿੰਦਾ ਹੈ .ਮਿਲੇ ਹੁਕਮ ਅਨੁਸਾਰ ਗੁਰੂ ਵਾਹਿਗੁਰੂ ਦੀ ਰਜ਼ਾ ਵਿਚ ਚਲਦਾ ਹੈ । ਭਰਮੀ ਭੇਖੀਆਂ ਦੇ ਸੰਗ ਤੋਂ ਕਿਨਾਰੇ ਤੇ ਪ੍ਰਪੰਚ ਦੇ ਅਸਰ ਤੋਂ ਨਿਰਲੇਪ ਉਹ ਸਚੇ ਗੁਰੂ ਦੀ ਸ਼ਰਣ ਲੈਂਦਾ ਹੈ ਉਹ ਸਚਾ ਗੁਰੂ ਦੇਖ ਪਰਖ ਕੇ ਹੀ ਦੀਖਿਆ ਪ੍ਰਾਪਤ ਕਰਦਾ ਹੈ ਤੇ ਫਿਰ ਅਪਣਾ ਮਨ-ਤਨ ਗੁਰੂ ਅਗੇ ਭੇਟ ਕਰ ਦਿੰਦਾ ਹੈ ਤੇ ਅੰਤਰਮੁਖੀ ਬ੍ਰਿਤੀ ਲਾਉਂਦਾ ਹੈ ।ਗੁਰਸਿਖ ਸਦਾ ਸਚ ਬੋਲਦਾ ਹੈ ਰਾਈ ਵੀ ਝੂਠ ਨਹੀਂ ਬੋਲਦਾ । ਉਸ ਸਚੇ ਦੇ ਮਹਲ ਜਾ ਅਲਖ ਜਗਾਉਂਦਾ ਹੈ ਤੇ ਸਚੇ ਦੇ ਨਾਮ ਦਾ ਸੰਤੋਖ ਪ੍ਰਾਪਤ ਕਰ ਅਪਣੇ ਸਾਰੇ ਭਰਮ ਮਿਟਾ ਲੈਂਦਾ ਹੈ । (ਗਉੜੀ ਮਹਲਾ 1, ਅਸਟਪਦੀ (15) ਪੰਨਾ 227)) ਗੁਰਸਿਖ ਗੁਰੂ ਤੋਂ ਸਿਖਿਆ ਲੈ ਕੇ ਵਾਹਿਗੁਰੂ-ਭਗਤੀ ਦਾ ਗਿਆਨ ਪ੍ਰਾਪਤ ਕਰਦਾ ਹੈ । ਉਹ ਗੁਰੂ ਦੀ ਸਿਖਿਆ ਨੂੰ ਚੰਗੀ ਤਰ੍ਹਾਂ ਸਮਝ ਕੇ ਮਾਣ ਵਡਿਆਈ ਪ੍ਰਾਪਤ ਹੁੰਦਿਆ ਹੋਇਆਂ ਭੀ ਨਿਮਾਣਾ ਹੋ ਕੇ ਰਹਿੰਦਾ ਹੈ ਤੇ ਸੱਚੇ ਮਾਰਗ ਦੀ ਤਲਾਸ਼ ਵਿਚ ਰਹਿੰਦਾ ਹੈ । ਉਸ ਨੂੰ ਇਹ ਕਦੇ ਨਹੀਂ ਭੁਲਦਾ ਕਿ ਉਹ ਤਾਂ ਇਸ ਜਗ ਦਾ ਮਹਿਮਾਨ ਹੈ ਤੇ ਕਦੇ ਵੀ ਚਲਣ ਹਾਰ ਹੈ । ਉਹ ਹਮੇਸ਼ਾ ਮਿਠ-ਬੋਲੜਾ ਹੈ, ਨਿਉਂ ਕੇ ਰਹਿੰਦਾ ਹੈ । ਉਹ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ ਤੇ ਜੋਂ ਮਿਲਦਾ ਹੈ ਵੰਡ ਕੇ ਖਾਂਦਾ ਹੈ । (ਵਾਰ 32 ਪਉੜੀ 1) ਉਸਦੀ ਨਜ਼ਰ ਵਾਹਿਗੁਰੂ ਦਰਸ਼ਨ ਦੀ ਪ੍ਰੀਤ ਵਿਚ ਸਾਵਧਾਨ ਹੁੰਦੀ ਹੈ ਤੇ ਗੁਰੂ ਦਾ ਦਿਤਾ ਸ਼ਬਦ (ਵਾਹਿਗੁਰੂ) ਅਪਣੀ ਸੁਰਤ ਵਿਚ ਵਸਾ ਚੇਤੰਨ ਹੋ ਜਾਂਦਾ ਹੈ । ਨਾਮ ਦਾਨ ਇਸਨਾਨ ਦੀ ਕਿਰਿਆ ਲਗਾਤਾਰ ਨਿਭਾਉਂਦਾ ਅਪਣਾ ਮਨ ਵਾਹਿਗੁਰੂ ਸੰਗ ਮਿਲਾਣ ਤੇ ਹੋਰਾਂ ਨੂੰ ਵੀ ਮਿਲਵਾਣ ਦਾ ਉਸ ਦਾ ਇਰਾਦਾ ਦ੍ਰਿੜ ਹੁੰਦਾ ਹੈ । (ਵਾਰ 32 ਪਉੜੀ 2) ‘ਆਪਿ ਜਪੈ ਅਵਰਹ ਨਾਮੁ ਜਪਾਵੈ ।’ (ਮਹਲਾ 4, ਵਾਰ ਗਉੜੀ 1 (11) ਪੰਨਾ 305))
ਗੁਰਸਿਖ ਸਤਿਗੁਰ ਦੀ ਸ਼ਰਣੀ ਜਾ ਕੇ ਸਿਰ ਨਿਵਾਉਂਦਾ ਹੈ ਤੇ ਗੁਰ ਚਰਨੀ ਚਿਤ ਲਾਉਂਦਾ ਹੈ । ਉਹ ਗੁਰੂ ਦੀ ਦਿਤੀ ਸਿਖਿਆ (ਗੁਰਮਤਿ) ਨੂੰ ਹਿਰਦੇ ਵਿਚ ਵਸਾਉਂਦਾ ਹੈ ਤੇ ਆਪਾ ਗਵਾ ਕੇ ਅਪਣੀ ਅਹੰ ਨੂੰ ਮਾਰ ਕੇ ਗੁਰੂ ਦਾ ਭਾਣਾ ਮੰਨਦਾ ਸਹਿਜ ਅਵਸਥਾ ਵਿਚ ਵਿਚਰਦਾ ਹੈ । ਅਪਣਾ ਤਜਰਬਾ ਤੇ ਵਿਚਾਰ ਭਲੇ ਪੁਰਸ਼ਾਂ ਦੀ ਸੰਗਤ ਵਿਚ ਸਾਂਝਾ ਕਰਦਾ ਹੈ ਗੁਰੂ ਦੇ ਹੁਕਮ ਅਨੁਸਾਰ ਦਿਤੇ ਸ਼ਬਦ ਦਾ ਸਿਮਰਨ ਕਰ ਉਸ ਅਕਾਲ ਪੁਰਖ ਨਾਲ ਲਿਵ ਲਾਉਂਦਾ ਹੈ ਤੇ ਉਸ ਵਾਹਿਗੁਰੂ ਦੇ ਘਰ ਜਾ ਵਾਸਾ ਕਰਦਾ ਹੈ । ਉਸ ਵਾਹਿਗੁਰੂ ਦੇ ਚਰਨ ਕਮਲਾਂ ਵਿਚ ਅਪਣਾ ਦਿਲ ਲਾ ਕੇ ਪਰਮ ਆਨੰਦ ਦੀ ਸਥਿਤੀ ਨੂੰ ਪਹੁੰਚਦਾ ਤੇ ਅਸਲੀ ਅਮ੍ਰਿੰਤ ਦਾ ਰਸ ਚਖਦਾ ਹੈ । (ਵਾਰ 3 ਪਉੜੀ 20)
ਇਹ ਗੁਰਸਿਖੀ ਕਹਿਣ ਨੂੰ ਤਾਂ ਭਾਵੇਂ ਸੋਖੀ ਜਾਪਦੀ ਹੈ ਪਰ ਹੈ ਇਹ ਖੰਡੇ ਦੀ ਧਾਰ ਉਤੇ ਚਲਣ ਵਾਂਗ ਜਾਂ ਅਤਿ ਭੀੜੀ ਗਲੀ ਵਿਚੋਂ ਲੰਘਣ ਵਾਂਗ । ਇਸ ਨੂੰ ਵਾਲਹੁੰ ਨਿਕੀ ਆਖਿਆ ਜਾ ਸਕਦਾ ਹੈ ਜਾਂ ਕੋਹਲੂ ਵਿਚ ਇਕ ਤਿਲ ਪੀੜ ਕੇ ਤੇਲ ਕੱਢਣ ਵਾਂਗ (ਵਾਰ 11 ਪਉੜੀ 5) ਗੁਰੂ ਦੇ ਦਰ ਤੇ ਭਟਕਣ ਤੋਂ ਲੈ ਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਇਕ ਬਹੁਤ ਵਡੀ ਘਾਲਣਾ ਹੈ ਜਿਸ ਨੂੰ ਬਹੁਤ ਭਾਰੀ ਸਿਰੜ ਤੇ ਸਿਦਕ ਵਾਲਾ ਹੀ ਕਮਾ ਸਕਦਾ ਹੈ । ਗੁਰੂ ਸੇਵਾ ਗੁਰੂ ਪਿਆਰ ਪ੍ਰਾਪਤੀ ਲਈ ਇਕ ਵਿਸ਼ੇਸ਼ ਪ੍ਰਾਪਤੀ ਹੈ ਜੋ ਗੁਰੂ ਤਕ ਪਹੁੰਚਣ ਦੀ ਅਸਮਰਥਤਾ ਦੀ ਹਾਲਤ ਵਿਚ ਸਾਧ ਸੰਗਤ ਦੀ ਸੇਵਾ ਰਾਹੀਂ ਵੀ ਪਾਈ ਜਾ ਸਕਦੀ ਹੈ ।
ਭਾਈ ਗੁਰਦਾਸ ਜੀ ਨੇ 12 ਵੀਂ ਵਾਰ ਵਿਚ ਗੁਰਸਿਖ ਦੇ ਹੋਰ ਲਛਣਾਂ ਦਾ ਵੀ ਬਖੂਬੀ ਵਰਨਣ ਕੀਤਾ ਹੈ । ‘ਗੁਰਸਿਖ ਨਿਤਾਣਿਆਂ ਦਾ ਤਾਣ, ਨਿਮਾਣਿਆਂ ਦਾ ਮਣ, ਭਾਣਾ ਮੰਨਣ ਵਾਲਾ, (ਪਉੜੀ 3) ਪਰ ਨਾਰੀ ਦੇ ਨੇੜੇ ਨਾ ਜਾਣ ਵਾਲਾ, ਪਰਾਏ ਧਨ ਨੂੰ ਹੱਥ ਨਾ ਲਾਉਣ ਵਾਲਾ, ਪਰਨਿੰਦਾ ਨਾ ਸੁਨਣ ਵਾਲਾ, ਥੋੜਾ ਸੋੌਣ ਤੇ ਖਾਣ ਵਾਲਾ, ਸਤਿਗੁਰ ਦਾ ਉਪਦੇਸ਼ ਮੰਨਣ ਵਾਲਾ (ਪਉੜੀ 4) ਗੁਰੂ ਨੂੰ ਪ੍ਰਮੇਸ਼ਵਰ ਜਾਨਣ ਵਾਲਾ ਤੇ ਗੁਰੂ ਤੇ ਪ੍ਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਸੰਗ ਪ੍ਰੇਮ ਨਾਂ ਰੱਖਣ ਵਾਲਾ ਬਿਆਨਿਆਂ ਹੈ । ਉਹ ਕਿਸੇ ਨੂੰ ਮੰਦਾ ਨਹੀਂ ਬੋਲਦਾ । ਲੋਕਾਂ ਦਾ ਹਮੇਸ਼ਾ ਉਪਕਾਰ ਕਰਦਾ ਹੈ ਤੇ ਹੋਰਾਂ ਖਾਤਰ ਅਪਣਾ ਆਪਾ ਤਕ ਵਾਰ ਦਿੰਦਾ ਹੈ । ਉਹ ਗੁਰੂ ਦੇ ਦਿਤੇ ਸ਼ਬਦ ਨੂੰ ਪੂਰਾ ਜਾਣ ਕੇ ਸਿਮਰਨ ਕਰਦਾ ਹੈ (ਪਉੜੀ 5) ਗੁਰਸਿਖ ਸਤਿਗੁਰੂ ਦੇ ਹੁਕਮ ਨੂੰ ਪੁਗਾਉਂਦਾ ਹੈ ਤੇ ਮਾਇਆ ਵਿਚ ਵਿਚਰਦਾ ਵੀ ਮਾਇਆ ਨਾਲ ਲਿਪਤ ਨਹੀਂ ਹੁੰਦਾ । ਗੁਰਸਿਖਿਆ ਅਨੁਸਾਰ ਚਲ ਕੇ ਆਪ ਹੀ ਇਕਲਾ ਮੁਕਤੀ ਪ੍ਰਾਪਤ ਨਹੀਂ ਕਰਦਾ ਸਗੋਂ ਉਹ ਹੋਰਾਂ ਤਕ ਵੀ ਗੁਰਸਿਖਿਆ ਪਹੁੰਚਾਉਦਾ ਹੈ ਤੇ ਗੁਰੂ ਦੇ ਲੜ ਲਾਉਂਦਾ ਹੈ ਜੋ ਗੁਰਸਿੱਖੀ ਤੋਂ ਨਿਖੜਣ ਲਗਦੇ ਹਨ ਉਨ੍ਹਾਂ ਨੂੰ ਵੀ ਵਰਜ ਕੇ ਸਿੱਖੀ ਵਿਚ ਮਿਲਾਈ ਰਖਦਾ ਹੈ ਤੇ ਸਤਿਗੁਰ ਦਾ ਉਪਦੇਸ਼ ਦ੍ਰਿੜਾਉਂਦਾ ਹੈ । (ਪਉੜੀ 6)
ਸ਼ੀਲ, ਸੰਤੋਖ, ਦਯਾ, ਸੁਕ੍ਰਿਤ, ਭਲਾ, ਪਰੁੳਪਕਾਰ, ਧਰਮ, ਸਾਧ-ਸੰਗ ਕਮਾਉਣ ਵਾਲਾ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਅਸਾਧ ਤੋਂ ਦੂਰ ਰਹਿਣ ਵਾਲਾ ਹੀ ਅਸਲੀ ਗੁਰਸਿਖ ਹੈ (ਵਾਰ 21 ਪਉੜੀ 13) ਅਜਿਹੇ ਗੁਰਸਿਖ ਨੂੰ ਵਿਕਾਰ ਪੋਹਦੇ ਨਹੀਂ । ਖੁਦੀ ਤੋਂ ਖਾਲੀ, ਮਨ-ਬੁਧੀ ਦੇ ਸੁਖਾਂ ਤੋਂ ਉਪਰ, ਜਤੀ-ਸਤੀ ਹੈ ਗੁਰਸਿਖ ਜੋ ਖਿਮਾਂ, ਧੀਰਜ ਤੇ ਸ਼ਾਂਤੀ ਦੀ ਘਾਲ ਕਮਾਉਂਦਾ ਪਿਰਮ ਰਸ ਪ੍ਰਾਪਤੀ ਦਾ ਅਭਿਲਾਸ਼ੀ, ਹਉਮੈ-ਤਿਆਗ ਗੁਰੂ, ਸਤਿਸੰਗ ਤੇ ਨਾਮ ਨੂੰ ਵਸੀਲਾ ਬਣਾਕੇ ਵਾਹਿਗੁਰੂ ਦੀ ਰਜ਼ਾ ਵਿਚ ਰਹਿ ਕੇ ਸਹਿਜ ਅਵਸਥਾ ਵਿਚ ਪਹੁੰਚ ਜਾਂਦਾ ਹੈ । ਇਸ ਤਰ੍ਹਾਂ ਪਾਉਂਦਾ ਹੈ ਮੁਕਤ ਪਦ ਇਹ ਗੁਰਸਿੱਖ ।
ਦਸ ਗੁਰੂ ਸਾਹਿਬਾਨ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਗ੍ਰੰਥ-ਪੰਥ ਗੁਰੂ ਦੀ ਰੀਤ ਚਲਾਈ ਤਾਂ ਤਹਿ ਕੀਤਾ ਕਿ ਅਗੇ ਤੋਂ ਗੁਰੂ ਦੇ ਸਿਖਾਂ ਦੇ ਪਥ-ਪ੍ਰਦਰਸ਼ਕ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੋਣਗੇ । ਖਾਲਸਾ ਪੰਥ ਸਜਾਉਂਦਿਆਂ ਗੁਰੂ ਜੀ ਨੇ ਗੁਰਸਿੱਖਾਂ ਨੂੰ ਪਹਿਲਾਂ ਤਾਂ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਖੰਡੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ ਤੇ ਫਿਰ ਸੰਗਤ ਨੂੰ ਖਾਲਸਾ ਤੇ ਗੰਥ-ਪੰਥ ਨੂੰ ਗੁਰੂ ਰੂਪ ਸਿਰਜਿਆ । ਖਾਲਸੇ ਨੂੰ ਅਪਣਾ ਰੂਪ ਸਵੀਕਾਰ ਕੀਤਾ ‘ਖਾਲਸਾ ਮੇਰੋ ਰੂਪ ਹੈ ਖਾਸ ।‘ ਖਾਲਸੇ ਨੂੰ ਨਿਆਰਾ ਰੂਪ ਦੇਣ ਲਈ ਕੁਝ ਖਾਸ ਰਹਿਤਾਂ ਵੀ ਸ਼ੁਰੂ ਕੀਤੀਆਂ ਜਿਨ੍ਹਾਂ ਬਾਰੇ ਸੰਕੇਤ ਗੁਰੂ ਜੀ ਨੇ ਕਾਬੁਲ ਦੀ ਸੰਗਤ ਦੇ ਨਾਮ ਇਕ ਹੁਕਮ ਨਾਮੇ ਵਿਚ ਦਿਤਾ :-
ੴ ਸਤਿਗੁਰ ਜੀ ਸਹਾਇ ।
ਸਰਬਤ ਸੰਗਤਿ ਕਾਬਲ ਗੁਰੂ ਰਖੈਗਾ । ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋ ਲੈਣਾ । ਕੇਸ ਰਖਣੇ ਇਹ ਅਸਾਡੀ ਮੋਹਰ ਹੈ । ਕੱਛ ਕਿਰਪਾਨ ਦਾ ਵਿਸਾਹ ਕਰਨਾ ਨਹੀਂ । ਸਰਬ ਲੋਹ ਕਾ ਕੜਾ ਹਥ ਰਖਣਾ । ਦੋ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਓਂ ਕਰਨੀ । (ਪਾਤਸ਼ਾਹੀ 10 ਜੇਠ 26 ਸੰਮਤ 1756- (25 ਮਈ 1699))
ਗੁਰੂ ਘਰ ਦੇ ਭੱਟ ਜੋਂ ਹਰ ਮਹੱਤਵਪੂਰਨ ਘਟਨਾਵਾਂ ਅਪਣੀਆ ਵਹੀਆਂ ਵਿਚ ਲਿਖਦੇ ਸਨ, ਨੇ 1699 ਦੀ ਵਿਸਾਖੀ ਦੀ ਘਟਨਾਂ ਨੂੰ ਇਓ ਦਰਜ ਕੀਤਾ, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਜੀ ਕਾ, ਸਾਲ ਸਤ੍ਰਾਂ ਸੈ ਪਚਾਵਨ ਮੰਗਲਵਾਰ ਕੇ ਦਿਹੁ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ।.......... ਸਭ ਕੋ ਨੀਲੰਬਰ ਪਹਿਨਾਇਆ ਵਹੀ ਵੇਸ ਅਪਨਾ ਕੀਆ । ਹੁੱਕਾ ਹਲਾਲ, ਹਜ਼ਾਮਤ, ਹਰਾਮ, ਟਿੱਕਾ, ਜੰਞੂ, ਧੋਤੀ ਕਾ ਤਿਆਗ ਕਰਾਇਆ । ਮੀਣੇ, ਧੀਰਮਲੀਏ, ਰਾਮਰਾਈਏ, ਸਿਰਗੁੰਮੋਂ, ਮਸੰਦੋਂ ਕੀ ਵਰਤਣ ਬੰਦ ਕੀ । ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ-ਸਭ ਕੋ ਦੀਆ, ਸਭ ਕੇਸਾਧਾਰੀ ਹੂਏ । ਸਭ ਕਾ ਜਨਮ ਪਟਨਾ, ਵਾਸੀ ਅਨੰਦਪੁਰ ਬਤਾਈ ।-- (ਭੱਟ ਵਹੀ ਪਰਗਣਾ ਥਾਨੇਸਰ) । ਇਸ ਦਾ ਹੋਰ ਵਿਸਥਾਰ ਗੁਰੂ ਕੀਆਂ ਸਾਖੀਆਂ ਕ੍ਰਿਤ ਸੇਵਾ ਸਿੰਘ ਕੋਸ਼ਿਸ਼ ਵਿਚ ਦਿਤਾ ਗਿਆ ਹੈ ।
ਅੰਮ੍ਰਿਤ ਛੱਕ ਕੇ ਗੁਰਸਿੱਖ ਖਾਲਸ, ਸਚਾ ਤੇ ਸੁਧ ਬਣ ਜਾਂਦਾ ਹੈ । ਉਸ ਵਿਚ ਸਵੈਮਾਨ, ਸਵੈਵਿਸ਼ਵਾਸ਼, ਸਵੈਸੰਜਮ, ਸਵੈਅਰਪਣ, ਸੁਭਆਚਰਣ, ਮਾਨਵ ਸੇਵਾ ਵਰਗੇ ਕਈ ਗੁਣ ਸਮਾਂ ਜਾਂਦੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਗੁਣਾ ਨਾਲ ਖਾਲਸੇ ਨੂੰ ਸਜਾਇਆ ਅਤੇ ਅਪਣਾ ਰੂਪ ਬਖਸ਼ਿਆ । ਗੁਰੂ ਜੀ ਨੇ ਸਮੇਂ ਸਮੇਂ ਜੋ ਹੋਰ ਰਹਿਤਾਂ ਸਿਖਾਂ ਲਈ ਨਿਯੁਕਤ ਕੀਤੀਆਂ ਉਨ੍ਹਾਂ ਨੂੰ ਰਹਿਤਨਾਮਿਆਂ ਦੇ ਰੂਪ ਵਿਚ ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ, ਭਾਈ ਦਯਾ ਸਿੰਘ, ਭਾਈ ਚਉਪਾ ਸਿੰਘ ਛਿਬਰ, ਭਾਈ ਦੇਸਾ ਸਿੰਘ, ਭਾਈ ਸਾਹਿਬ ਸਿੰਘ ਆਦਿ ਗੁਰਸਿਖਾਂ ਨੇ ਕਲਮਬੰਦ ਕੀਤਾ । ਇਨ੍ਹਾਂ ਤੋਂ ਬਿਨਾ ਤਨਖਾਹਨਾਮਾ ਤੇ ਸਾਖੀਆਂ ਭਾਈ ਨੰਦ ਲਾਲ, ਮੁਕਤਿਨਾਮਾ ਭਾਈ ਸਾਹਿਬ ਸਿੰਘ, ਰਹਿਤਨਾਮਾ ਸਹਿਜਧਾਰੀਆਂ ਕਾ ਵੀ ਖਾਲਸੇ ਦੀ ਰਹਿਨੁਮਾਈ ਕਰਦੇ ਰਹੇ । ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ ਵੱਖ ਰਹਿਤਨਾਮਿਆਂ ਦੀ ਬਿਨਾ ਤੇ ਅਤੇ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਇਕ ਕਮੇਟੀ ਰਾਹੀਂ ਸਾਰੇ ਪੰਥ ਚਿ ਲੰਬੀ ਵਿਚਾਰ ਤੋ ਬਾਦ ‘ਸਿਖ ਰਹਿਤ ਮਰਯਾਦਾ’ ਨਾ ਦੀ ਪੁਸਤਿਕਾ ਤਿਆਰ ਕੀਤੀ ਜਿਸ ਦੇ ਮੁਖ ਅੰਸ ਇਹ ਹਨ :-
ਸਿਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ ਸਖਸ਼ੀ ਤੇ ਪੰਥਕ । ਸ਼ਖਸ਼ੀ ਰਹਿਣੀ ਵਿਚ 1) ਨਾਮ ਬਾਣੀ ਦਾ ਅਭਿਆਸ 2) ਗੁਰਮਤਿ ਦੀ ਰਹਿਣੀ ਅਤੇ 3) ਸੇਵਾ ਮੁਖ ਅੰਗ ਹਨ । ਨਾਮ ਬਾਣੀ ਦੇ ਅਭਿਆਸ ਵਿਚ ਅੰਮ੍ਰਿਤ ਵੇਲੇ ਉਠਣਾ, ਇਸਨਾਨ, ਵਾਹਿਗੁਰੂ ਨਾਮ ਜਪਦਿਆਂ ਅਕਾਲ ਪੁਰਖ ਨਾਲ ਧਿਆਨ ਤੇ ਪੰਜ ਬਾਣੀਆਂ ਦੇ ਪਾਠ ਤੋਂ ਬਿਨਾਂ ਅਰਦਾਸ ਸ਼ਾਮਿਲ ਹੈ । ਗੁਰਦਵਾਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਾਧਸੰਗਤ ਦਾ ਜੁੜਕੇ ਗੁਰਬਾਣੀ ਦੇ ਕੀਰਤਨ, ਬਾਣੀ ਦੇ ਪਾਠ ਅਤੇ ਕਥਾ ਰਾਹੀਂ ਅਭਿਆਸ ਵੀ ਇਸੇ ਹਿਸੇ ਵਿਚ ਹਨ । ਗੁਰਮਤਿ ਦੀ ਰਹਿਣੀ ਵਿਚ ਇਕ ਅਕਾਲ ਪੁਰਖ (ਵਾਹਿਗੁਰੂ), ਦਸ ਗੁਰੂ ਸਾਹਿਬਾਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ਼ਟ ਮੰਨੇ ਗਏ ਹਨ । ਬ੍ਰਾਹਮਣੀ ਰੀਤਾਂ ਰਿਵਾਜਾਂ ਤੋ, ਨਸ਼ਿਆਂ ਤੋਂ, ਕੰਨਿਆ ਮਾਰਨੋਂ, ਘੁੰਡ ਕਢਣੋਂ, ਨਕ ਛੇਕਣੋਂ, ਪਰਾਈ ਇਸਤ੍ਰੀ ਦੇ ਸੰਗ ਤੇ ਚੋਰੀ, ਯਾਰੀ ਜੂਏ ਤੋਂ ਵਰਜਿਆਂ ਗਿਆ ਹੈ ਤੇ ਗੁਰਮਤਿ ਰਹਿਣੀ, ਸਿਖਲਾਈ, ਪੜ੍ਹਾਈ, ਜ਼ਰੂਰੀ ਕੀਤੀ ਗਈ ਹੈ । ਕਕਾਰਾਂ ਦਾ ਇਸਤੇਮਾਲ-ਸੰਭਾਲ ਜ਼ਰੂਰੀ ਹੈ । ਕੇਸਾਂ ਨੂੰ ਸਿਖੀ ਵਿਚ ਪ੍ਰਮੁਖ ਸਥਾਨ ਹੈ । ਜਨਮ, ਨਾਮ, ਵਿਆਹ ਤੇ ਮਿਰਤਕ ਸੰਸਕਾਰ ਵਿਸਥਾਰ ਨਾਲ ਦਿਤੇ ਗਏ ਹਨ । ਸੇਵਾ ਨੂੰ ਸਿਖ ਧਰਮ ਦਾ ਉਚਾ ਅੰਗ ਮੰਨਿਆ ਗਿਆ ਹੈ ਤੇ ਗੁਰੂ ਕੇ ਲੰਗਰ ਦੀ ਸੇਵਾ ਤੇ ਬਰਾਬਰੀ ਦਾ ਖਾਸ ਮਹੱਤਵ ਹੈ ।
ਪੰਥਕ ਰਹਿਣੀ ਵਿਚ, 1) ਗੁਰੂ ਪੰਥ, 2) ਅੰਮ੍ਰਿਤ ਸੰਸਕਾਰ, 3) ਤਨਖਾਹ ਲਾਉਣ ਦੀ ਵਿਧੀ, 4) ਗੁਰਮਤਾ ਕਰਨ ਦੀਵਿਧੀ ਤੇ 5) ਸਥਾਨਿਕ ਫੈਸਲਿਆਂ ਦੀ ਅਪੀਲ ਪੰਜ ਅੰਸ਼ ਹਨ । ਗੁਰੂ ਪੰਥ ਦੀ ਤਰੀਫ:- ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ । ਅੰਮ੍ਰਿਤ ਸੰਸਕਾਰ ਬੜੇ ਵਿਸਥਾਰ ਨਾਲ ਦਸਿਆ ਗਿਆ ਹੈ । ਤਨਖਾਹ ਲਾਉਣ ਦੀ ਵਿਧੀ ਵਿਚ ਗੁਰਸੰਗਤ ਵਿਚ ਪੰਜ ਪਿਆਰੇ ਚੁਣੇ ਜਾਣ ਦਾ ਪ੍ਰਾਵਧਾਨ ਹੈ ਤੇ ਸੇਵਾ ਦੀ ਤਨਖਾਹ ਨੂੰ ਪਹਿਲ ਦਿਤੀ ਗਈ ਹੈ । ਗੁਰਮਤਾ ਕੇਵਲ ਮੁਢਲੇ ਅਸੂਲਾਂ ਬਾਰੇ ਹੀ ਮੰਨਿਆ ਗਿਆ ਹੈ ਜਿਸ ਨੂੰ ਸ੍ਰੌਮਣੀ ਜੱਥਾ ਹੀ ਕਰ ਸਕਦਾ ਹੈ । ਸਥਾਨਕ ਗੁਰਸੰਗਤਾਂ ਦੇ ਫੈਸਲਿਆਂ ਦੀ ਅਪੀਲ ਅਕਾਲ ਤਖਤ ਹੀ ਕਰ ਸਕਦਾ ਹੈ ਭਾਵ ਅਕਾਲ ਤਖਤ ਨੂੰ ਸਰਵਉਚ ਮੰਨਿਆ ਗਿਆ ਹੈ ।
ਇਹ ਰਹਿਤ ਮਰਯਾਦਾ ਤਕਰੀਬਨ ਸਾਰੇ ਹੀ ਰਹਿਤਨਾਮਿਆਂ ਦਾ ਨਿਚੋੜ ਹੈ ਜਿਸ ਵਿਚ ਗੁਰੂ ਸਾਹਿਬਾਨ ਵਲੋ ਰਚੀ ਬਾਣੀ ਨੂੰ ਸਰਵੋਤਮ ਸਥਾਨ ਦਿੱਤਾ ਗਿਆ ਹੈ । ਇਸ ਰਹਿਤਨਾਮੇ ਦੇ ਘੜਣਹਾਰਿਆਂ ਨੇ ਸ਼ਕ ਦੀ ਗੁੰਜ਼ਾਇਸ਼ ਕਿਧਰੇ ਨਹੀਂ ਛੱਡੀ । ਇਸ ਲਈ ਹਰ ਗੁਰਸਿਖ, ਸਿੰਘ ਤੇ ਸਮੁਚੇ ਖਾਲਸੇ ਨੂੰ ਇਸ ਰਹਿਤਨਾਮੇ ਨੂੰ ਗੁਰੂ ਦੀ ਚਾਲੀ ਸਮਝ ਕੇ ਮਨੋਂ ਤਨੌਂ ਅਪਣਾਉਣਾ ਚਾਹੀਦਾ ਹੈ । ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਹਰ ਗੁਰਸਿਖ ਤਕ ਇਸ ਦੀ ਕਾਪੀ ਪੁਚਾਵੇ ਤੇ ਪਰ ਅੰਮ੍ਰਿਤ ਛਕਦੇ ਸਿਖ ਹੱਥ ਇਸ ਦੀ ਕਾਪੀ ਦੇਵੇ ।
 
Top