ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ
ਡਾ: ਦਲਵਿੰਦਰ ਸਿੰਘ ਗਰੇਵਾਲ
ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ, ਇਹ ਇੱਛਾ ਹੈ ਮੇਰੀ।
ਪੂਰੀ ਕਰਦੇ ਚਾਹਤ ਇਕੋ ਕਿਰਪਾ ਹੋਵੇ ਤੇਰੀ।
ਨਾਮ ਲਵਾਂ ਤਾ ਚਿਤ ਠਰ ਜਾਵੇ, ਚਿਤ ਸ਼ਾਂਤ ਹੋ ਜਾਵੇ।
ਮਾਇਆ ਮੋਹ ਦੀ ਸਾਰ ਰਹੇ ਨਾ, ਹਰ ਅੰਗ ਨਾਮ ਸਮਾਵੇ ।
ਕਾਮ, ਕ੍ਰੋਧ, ਅਹੰਕਾਰ, ਲੋਭ, ਦੀ ਮੁੱਕ ਜਾਏ ਚੜੀ ਹਨੇਰੀ ।
ਚਿੱਤ ਵਿੱਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ ।
ਮਾਨਸ ਦੇਹੀ ਨਾਮ ਲੈਣ ਨੂੰ ਜੇ ਦਿੱਤੀ ਹੈ ਦਾਤਾ।
ਨਾ ਅੰਞਾਈ ਵੇਲਾ ਜਾਵੇ, ਜੁੜੇ ਤੁਧ ਸੰਗ ਨਾਤਾ।
ਮੇਲ ਲਉ ਕਰ ਕਿਰਪਾ ਆਪਣੀ, ਪਵੇ ਨ ਮੁੜ ਮੁੜ ਫੇਰੀ।
ਮਨ ਵਿਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ।
ਬੋਲ ਤੇਰੇ ਮੇਰੇ ਮਨ ਵਿੱਚ ਗੂੰਜਣ, ਧਨ ਭਾਗ ਹੋ ਜਾਵਣ।
ਤੁਧ ਮਿਲਿਆਂ ਤੇ ਸਫਲ ਹੋ ਸਕਦਾ, ਮੇਰਾ ਜਗ ਤੇ ਆਵਣ।
ਨਿਜ ਥਾਨ ਪਹੁੰਚਣ ਦੀ ਇੱਛਾ, ਦਾਸ ਦੀ ਆਸ ਘਨੇਰੀ।
ਮਨ ਵਿੱਚ ਨਾਮ ਹੀ ਗੂੰਜੇ ਹਰਦਮ, ਇਹ ਇੱਛਾ ਹੈ ਮੇਰੀ ।
ਮੈਂ ਕਿਣਕਾ, ਤੂੰ ਬ੍ਰਹਿਮੰਡ ਦਾ ਮਾਲਕ, ਵੱਸ ਵਿਸ਼ਵ ਸਭ ਤੇਰੇ।
ਇਸ ਅਣਦਿਸਦੇ ਜੀਵ ਲਈ ਤਾਂ ਮਿਹਰ ਦੇ ਦਈਂ ਸਵੇਰੇ ।
ਜੱਗ ਤੇ ਰੱਬ ਵਿੱਚ ਫਸੀ ਜੋ ਜਿੰਦੜੀ ਰਹੇ ਨਾ ਹੋਰ ਵਧੇਰੀ ।
ਮਨ ਵਿੱਚ ਨਾਮ ਹੀ ਗੂੰਜੇ ਹਰਦਮ ਇਹ ਇੱਛਾ ਹੈ ਮੇਰੀ।