• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punajbi ਗੁਰੂ ਸਾਹਿਬਾਨ ਦੀ ਯਾਦ ਨੂੰ ਸਮਰਪਿਤ ਅਨੂਠੇ ਅਨੁਭਵ

dalvinder45

SPNer
Jul 22, 2023
763
37
79
ਗੁਰੂ ਸਾਹਿਬਾਨ ਦੀ ਯਾਦ ਨੂੰ ਸਮਰਪਿਤ ਅਨੂਠੇ ਅਨੁਭਵ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ


ਕਲ੍ਹ 3-6-2023 ਸ਼ਨੀਵਾਰ ਦਾ ਦਿਨ ਸਾਡੇ ਲਈ ਬੜਾ ਸੁਭਾਗਾ ਸੀ ਜਦ ਸਾਨੂੰ ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰ ਜੀ ਦਾ ਸੁਰਜੀਤ ਪਾਤਰ ਅਤੇ ਦਾਸ ਨੂੰ ਬੁਲਾਵਾ ਆਇਆ ਤੇ ਅਸੀਂ ਸਵਾ ਕੁ ਪੰਜ ਵਜੇ ਸ਼ਾਮੀਂ ਬਾਬਾ ਜੀ ਦੀ ਕੁਟੀਆ ਪਹੁੰਚੇ ਜੋ ਉਨਾਂ ਦੀ ਸਾਦਗੀ ਦੀ ਮਿਸਾਲ ਸੀ।ਚਾਹ ਪਾਣੀ ਪਿੱਛੋਂ ਅਸੀਂ ਨਵੀਂ ਬਣ ਰਹੀ ਯੂਨੀਵਰਸਿਟੀ ਵੱਲ ਵਧੇ।
1730043136905.png

ਬੁਲੰਦਪੁਰ ਦਰਬਾਰ

1730043164354.png

ਸਭ ਤੋਂ ਉੱਚੇ ਨਿਸ਼ਾਨ ਸਾਹਿਬ

ਇਕ ਵਿਸ਼ਾਲ ਭਵਨਾਂ ਦੀ ਅਦਭੁਤ ਲੜੀ ਨੂੰ ਨਿਹਾਰਦਿਆਂ ਤੇ ਦੁਨੀਆਂ ਦਾ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਨੂੰ ਅੰਬਰੀਂ ਝੂਲਦਾ ਵੇਖ ਸਿੱਖੀ ਦੀਆਂ ਸ਼ਾਨਾਂ ਦਾ ਅੰਬਰੀ ਫਹਿਰਾਉਣ ਦਾ ਅਨੂਠਾ ਅਨੁਭਵ ਮਾਣਦੇ ਅਸੀਂ ਯੂਨੀਵਰਸਿਟੀ ਦੇ ਵਿਸ਼ਾਲ ਵਿਹੜੇ ਵਿੱਚ ਪਹੁੰਚੇ [

1730043191094.png


ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰ

ਬਾਬਾ ਬਲਦੇਵ ਸਿੰਘ ਜੀ ਨੇ ਜਾਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਾਰੇ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹਨ। ਜ਼ਿਕਰਯੋਗ ਹੈ ਕਿ ਬਾਬਾ ਬਲਦੇਵ ਸਿੰਘ ਜੀ ਨੇ 1990 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ ਅਤੇ ਮਲੇਸ਼ੀਆ ਆਦਿ ਦੇਸ਼ਾਂ ਵਿੱਚ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ। ਇਨ੍ਹਾਂ ਸ਼ਾਖਾਵਾਂ ਵਿੱਚ ਗੋਬਿੰਦ ਸਰਵਰ ਖਾਲਸਾ ਸਕੂਲ ਵੀ ਚਲਾਏ ਜਾ ਰਹੇ ਹਨ ਜਿੱਥੇ ਹਜ਼ਾਰਾਂ ਬੱਚੇ ਗੁਰਮਤਿ ਦੀ ਰੌਸ਼ਨੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਹੁਣ ਇੱਕ ਨਵੀਂ ਯੂਨੀਵਰਸਿਟੀ ਦੇ ਭਵਨ ਤਿਆਰੀ ਅਧੀਨ ਹਨ । ਇਹ ਯੂਨੀਵਰਸਿਟੀ ਆਮ ਯੂਨੀਵਰਸਿਟੀਆਂ ਤੋਂ ਭਿੰਨ ਪ੍ਰਕਾਰ ਦੀ ਹੋਵੇਗੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਤਰਜਮੇਂ ਹੋਣਗੇ ਤੇ ਗੁਰਬਾਣੀ ਬਾਰੇ ਵਿਚਾਰ ਚਰਚਾਵਾਂ ਤੇ ਗੋਸ਼ਟੀਆਂ ਵੀ ਹੋਇਆ ਕਰਨਗੀਆਂ।

ਸੁੰਦਰ, ਸ਼ਾਲੀਨ, ਸੰਵਾਰੇ, ਸ਼ਿਗਾਰੇ ਘਾਹ ਦੇ ਲਾਨਾਂ ਦੇ ਕਿਨਾਰੇ ਅਤਿਅੰਤ ਮਨਮੋਹਕ ਕੁਦਰਤੀ ਵਾਤਾਵਰਣ ਵਿਚ ਗੁਰਬਾਣੀ ਆਧਾਰਿਤ ਲੰਬੀ ਵਿਚਾਰ-ਗੋਸ਼ਟੀ ਸ਼ੁਰੂ ਹੋਈ। ਇਸ ਵਿਚਾਰ ਗੋਸ਼ਟੀ ਵਿੱਚ ਸੁਰਜੀਤ ਪਾਤਰ ਹੋਰਾਂ ਨਾਲ ਦਾਸ ਨੂੰ ਵੀ ਮਨ ਦੀਆਂ ਕਈ ਸ਼ੰਕਾਵਾਂ ਦੂਰ ਕਰਨ ਦਾ ਅਵਸਰ ਮਿਲਿਆ।ਚਾਰ ਜਣੇ ਬਾਬਾ ਜੀ, ਸੁਰਜੀਤ ਪਾਤਰ, ਦਾਸ ਅਤੇ ਸ: ਪਲਵਿੰਦਰ ਸਿੰਘ ਵਿਚਾਰ ਗੋਸ਼ਟੀ ਦੇ ਇਸ ਨਵੇਂ ਅਭਿਆਸ ਦੀ ਪ੍ਰਕਿਰਿਆ ਨੂੰ ਮਾਣਦੇ ਰਹੇ।ਗੁਰਬਾਣੀ ਪ੍ਰਤੀ ਕੁਝ ਸਾਂਝੀਆਂ, ਕੁੱਝ ਵਖਰੀਆਂ ਸ਼ੰਕਾਵਾਂ ਨੂੰ ਜਿਸ ਸਹਿਜ ਅਤੇ ਸ਼ਾਲੀਨਤਾ ਨਾਲ ਬਾਬਾ ਜੀ ਨੇ ਦੂਰ ਕਰਦਿਆਂ ਗੁਰਬਾਣੀ ਦੇ ਕਈ ਗੁੱਝੇ ਭੇਦ ਵੀ ਸਮਝਾਏ, ਉਹ ਅਦਭੁਤ ਸਨ।ਜਿਨ੍ਹਾਂ ਸ਼ੰਕਾਵਾਂ ਦਾ ਸ਼ਪਸ਼ਟੀ ਕਰਨ ਸਾਨੂੰ ਲੋੜੀਂਦਾ ਸੀ ਉਹ ਸਨ ਇੱਕ, ਓਅੰਕਾਰ, ਸਚੁ, ਹੁਕਮ, ਹਉਮੈ, ਕਰਤਾ-ਭੁਗਤਾ, ਪਵੁਣੁ ਗੁਰੂ, ਪਾਣੀ ਪਿਤਾ, ਮਤਾ ਧਰਤੁ ਮਹਤੁ, ਚੰਗਿਆਈਆਂ-ਬੁਰਿਆਈਆਂ ਆਦਿ ਜਿਨ੍ਹਾਂ ਬਾਰੇ ਬਾਬਾ ਜੀ ਨੇ ਬੜੇ ਹੀ ਸਰਲ ਤੇ ਸ਼ਪਸ਼ਟ ਸ਼ਬਦਾਂ ਵਿੱਚ ਉਦਾਹਰਣਾਂ ਸਮੇਤ ਵਿਆਖਿਆ ਕੀਤੀ।

ਸ਼ੁਰੂਆਤ ਪਾਤਰ ਜੀ ਦੇ 'ਹਉਮੈਂ ਦੀਰਘ ਰੋਗ ਹੈ, ਦਾਰੂ ਹੀ ਇਸ ਮਾਹਿ' ਬਾਰੇ ਜਾਨਣ ਦੀ ਇਛਾ ਤੋਂ ਹੋਈ ਕਿ ਹਉਮੈ ਦੀਰਘ ਰੋਗ ਕਿਵੇਂ ਹੈ ਤੇ ਇਸ ਦਾ ਇਲਾਜ ਵੀ ਹਉਮੈਂ ਵਿਚ ਹੀ ਕਿਵੇਂ ਹੈ?" ਬਾਬਾ ਜੀ ਨੇ ਉਦਾਹਰਣਾਂ ਸਮੇਤ ਸਮਝਾਉਂਦੇ ਦੱਸਿਆ ਕਿ ਹਉਮੈਂ ਨੂੰ ਸਿੱਧਾ ਹੰਕਾਰ ਨਾਲ ਜੋੜਣਾ ਠੀਕ ਨਹੀਂ। ਹਉਮੈ ਅਤੇ ਹੰਕਾਰ ਦੋ ਵੱਖ ਕਿਰਿਆਵਾਂ ਹਨ ਤੇ ਵੱਖ ਵੱਖ ਪ੍ਰਸਿਥਿਤੀਆਂ ਦਾ ਨਤੀਜਾ ਹਨ ਭਾਵੇਂ ਕਿ ਦੋਨੋਂ ਦੁਨਿਆਵੀ ਪ੍ਰਕਿਰਿਆਵਾਂ ਹਨ ਅਤੇ ਮਾਇਆ ਨਾਲ ਸਬੰਧਤ ਹਨ। ਹਉਮੈਂ ਹੰਕਾਰ ਦਾ ਕਾਰਣ ਹੋ ਸਕਦੀ ਹੈ ਪਰ ਹੰਕਾਰ ਹਉਮੈਂ ਦਾ ਕਾਰਣ ਨਹੀਂ ਹੁੰਦਾ।ਹੰਕਾਰ ਸ਼ਕਤੀ ਅਤੇ ਲਾਲਚ ਨਾਲ ਜੁੜਿਆ ਹੁੰਦਾ ਹੈ ਜਦ ਕਿ ਹਉਮੈਂ ਸਵੈ ਪੂਰਤੀ ਤੇ ਪ੍ਰਾਪਤੀਆਂ ਨਾਲ ਜੁੜੀ ਹੁੰਦੀ ਹੈ ਤੇ ਇਸ ਵਿੱਚ ਆਪਾ ਪ੍ਰਧਾਨ ਹੁੰਦਾ ਹੈ।ਹੋਰਾਂ ਬਾਰੇ ਸੋਚਣਾ ਹਉਂਮੈ ਦੇ ਘੇਰੇ ਤੋਂ ਬਾਹਰ ਹੈ ਜਦ ਕਿ ਹੰਕਾਰ ਦੂਜਿਆਂ ਨੂੰ ਅਪਣੀ ਉੱਚੀ ਸਥਿਤੀ ਦਿਖਉਣ ਨਾਲ ਸਬੰਧਤ ਹੈ।ਹਉਮੈਂ ਪਲ ਦੋ ਪਲ ਦੀ ਨਹੀਂ ਇੱਕ ਲੰਬੇ ਸਮੇਂ ਲਈ ਹੁੰਦੀ ਹੈ ।ਉਨ੍ਹਾਂ ਸਮਝਾਇਆ ਕਿ 'ਸਾਰੇ ਵਿਸ਼ਵ ਦਾ ਕਰਤਾ ਸਿਰਫ ਇੱਕ ਹੈ ਜੋ ਸਾਰੀ ਰਚਨਾ ਨੂੰ ਜੀਵਾਉਂਦਾ, ਪਾਲਦਾ, ਸੰਭਾਲਦਾ, ਵਧਾਉਂਦਾ-ਵਿਗਸਾਉਂਦਾ, ਬਦਲਦਾ ਤੇ ਨਵੇਂ ਰਾਹਾਂ ਤੇ ਪਾਉਂਦਾ ਅਤੇ ਚਲਾਉਂਦਾ ਹੈ।ਜੋ ਉਹ ਚਾਹੁੰਦਾ ਹੈ ਊਹੋ ਹੀ ਹੁੰਦਾ ਹੈ ਤੇ ਜੋ ਵੀ ਹੁੰਦਾ ਹੈ ਉਸ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਇਹੋ ਹੁਕਮ ਉਸ ਦੀ ਰਚਨਾ ਸਾਰੀ ਕੁਦਰਤ ਨੂੰ ਇਕ ਸਿਸਟਮ ਵਿੱਚ ਬੰਨ੍ਹ ਕੇ ਰਖਦਾ ਹੈ ਤੇ ਇਸ ਹੁਕਮ ਤੋਂ ਬਾਹਰ ਕੋਈ ਨਹੀਂ।ਕਰਨ ਕਰਾਵਣ ਉਹ ਇੱਕੋ ਹੈ ਪਰ ਜਦ ਕੋਈ ਇਨਸਾਨ ਇਹ ਸਮਝਦਾ ਹੈ ਕਿ "ਮੈਂ ਆਹ ਕੀਤਾ, ਮੈਂ ਅਹੁ ਕੀਤਾ", 'ਇਹ ਮੇਰਾ ਹੈ' ਤਾਂ ਮੇਰ-ਤੇਰ ਦਾ ਸਵਾਲ ਖੜਾ ਹੋ ਜਾਂਦਾ ਹੈ ਜੋ ਹਉਮੈਂ ਦੀ ਉਪਜ ਹੈ।ਇਹ ਮੇਰ-ਤੇਰ ਵਾਹਿਗੁਰੂ ਤੋਂ ਦੂਰ ਲੈ ਜਾਂਦੀ ਹੈ ਜਿਸ ਦੀ ਸਾਰੀ ਰਚਨਾ ਹੈ ਤੇ ਜਿਸ ਲਈ ਸਾਰੇ ਇਕੋ ਜਿਹੇ ਪਿਆਰੇ ਹਨ। ਮੇਰ-ਤੇਰ ਤੋਂ ਪੈਦਾ ਹੋਇਆ ਵਖਰੇਵਾਂ ਮਨ-ਚਿਤ ਦੀ ਸ਼ਾਂਤੀ ਖੋਂਹਦਾ ਹੈ ਤੇ ਅਮਰ ਵੇਲ ਵਾਂਗ ਇਕ ਭਿਆਨਕ ਰੋਗ ਬਣ ਕੇ ਚਿੰਮੜ ਜਾਂਦਾ ਹੈ ਜੋੇ ਰੱਤ ਪੀ ਕੇ ਹੀ ਪਿੱਛਾ ਛੱਡਦਾ ਹੈ ਇਸ ਲਈ ਇਸ ਨੂੰ ਲੰਬੇ ਸਮੇਂ ਦਾ ਰੋਗ ਕਿਹਾ ਹੈ। ਇਸ ਦਾ ਇਲਾਜ ਆਪੇ ਦੀ ਪਛਾਣ ਹੈ ਜਿਸ ਨੂੰ ਅਸੀ ਸੈਲਫ ਰੀਅਲਾਈਜੇਸ਼ਨ ਵੀ ਕਹਿੰਦੇ ਹਾਂ। ਜਦ ਬੰਦਾ ਅਪਣਾ ਅਸਲ ਅਤੇ ਅਪਣੇ ਜੀਵਨ ਦਾ ਮਕਸਦ ਸਮਝ ਜਾਂਦਾ ਹੈ ਜੋ ਵਾਹਿਗੁਰੂ ਨੂੰ ਪਾਉਣਾ ਅਤੇ ਸਮਾਉਣਾ ਹੈ ਤਾਂ ਇਸ ਹਉਮੈਂ ਵਿਚ ਕੀਤੇ ਕੁਫਕੜਿਆਂ ਤੇ ਉਸ ਨੂੰ ਪਛਤਾਵਾ ਹੁੰਦਾ ਹੈ ਤੇ ਉਹ ਨਾਮ ਦੇ ਲੜ ਲੱਗ ਕੇ ਆਪਾ ਸੰਵਾਰਦਾ ਹੈ।ਨਾਮ ਜਪਣ ਦਾ ਮਹੱਤਵ ਉਸ ਨੂੰ ਆਪੇ ਦੀ ਪਛਾਣ ਪਿਛੋਂ ਹੀ ਸਮਝ ਆਉਂਦਾ ਹੈ ਤੇ ਇਸ ਸਮਝ ਦੀ ਮਦਦ ਪੂਰਨ ਗੁਰੂ ਕੋਲੋਂ ਮਿਲਦੀ ਹੈ।ਸਾਡਾ ਪੂਰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਵਿੱਚ ਹਰ ਦੁਨਿਆਵੀ ਬਿਮਾਰੀ ਦਾ ਇਲਾਜ ਹੈ।

ਇਸੇ ਤਰ੍ਹਾਂ ਦਾਸ ਦੀ ਸ਼ੰਕਾ 'ਕ੍ਰਿਪਾ' ਬਾਰੇ ਸੀ ਕਿ "ਕ੍ਰਿਪਾ ਪ੍ਰਾਪਤੀ ਲਈ ਕੀ ਕੀ ਕਰਨਾ ਪੈਂਦਾ ਹੈ, ਇਹ ਕਦੋਂ, ਕਿੱਥੇ ਤੇ ਕਿਵੇਂ ਪ੍ਰਾਪਤ ਹੁੰਦੀ ਹੈ ਤੇ ਇਸ ਦਾ ਪਤਾ ਕਿਵੇਂ ਲਗਦਾ ਹੈ?" ਬਾਬਾ ਜੀ ਹੱਸ ਪਏ। ਆਖਣ ਲੱਗੇ, "ਕੀ ਇਹ ਕ੍ਰਿਪਾ ਨਹੀਂ ਜੋ ਅਸੀਂ ਕੁਦਰਤ ਦੀ ਗੋਦ ਵਿੱਚ ਇਸ ਸੁਹਾਣੇ ਵਾਤਾਵਰਨ ਦਾ ਅਨੰਦ ਲੈ ਰਹੇ ਹਾਂ?" "ਕੀ ਇਹ ਕ੍ਰਿਪਾ ਨਹੀ ਜੋ ਅਸੀਂ ਗੁਰਬਾਣੀ ਬਾਰੇ ਵਿਚਾਰ ਗੋਸ਼ਟੀ ਕਰ ਰਹੇ ਹਾਂ?" ਦਰਅਸਲ ਵਾਹਿਗੁਰੂ ਦੀ ਕ੍ਰਿਪਾ ਹਰ ਇਨਸਾਨ ਤੇ ਲਗਾਤਾਰ ਬਣੀ ਰਹਿੰਦੀ ਹੈ ਤੇ ਕੋਈ ਵੀ ਇਨਸਾਨ ਕ੍ਰਿਪਾ ਤੋਂ ਵਾਂਝਾ ਨਹੀਂ। ਸਾਡੇ ਤੇ ਹਰ ਵਕਤ ਉਸ ਦੀ ਕ੍ਰਿਪਾ ਦ੍ਰਿਸ਼ਟੀ ਰਹਿੰਦੀ ਹੈ, ਪਰ ਉਸ ਦਾ ਪਾਉਣਾ ਤੇ ਅਨੰਦ ਭੋਗਣਾ ਸਾਡੇ ਅਪਣੇ ਆਪੇ ਦੇ ਸੁਭਾ ਤੇ ਨਿਰਭਰ ਹੈ। ਹੋ ਰਹੀ ਕ੍ਰਿਪਾ ਨੂੰ ਸਮਝਣ ਲਈ ਸਾਨੂੰ ਸੇਧ ਗੁਰਬਾਣੀ ਤੋਂ ਮਿਲਦੀ ਹੈ ਤੇ ਗੁਰਬਾਣੀ ਨਾਲ ਜੁੜਣਾ ਵੀ ਉਸੇ ਦੀ ਕ੍ਰਿਪਾ ਹੁੰਦੀ ਹੈ ਅੱਜ ਦੀ ਇਸ ਵਿਚਾਰ ਗੋਸ਼ਟੀ ਵਾਂਗ ਸਾਨੂੰ ਇਹ ਅਨੂਠੇ ਪਲ ਉਸ ਦੀ ਕ੍ਰਿਪਾ ਸਦਕਾ ਹੀ ਮਿਲੇ ਹਨ। ਕੁਟੀਆ ਤੋਂ ਏਥੇ ਤਕ ਆਉਂਦਿਆਂ ਸਾਨੂੰ ਗੁਰਬਾਣੀ ਸੁਣਨ ਦਾ ਸਮਾਂ ਵੀ ਉਸ ਦੀ ਕ੍ਰਿਪਾ ਕਰਕੇ ਹੀ ਪ੍ਰਾਪਤ ਹੋਇਆ ਹੈ ।ਸਾਡੇ ਮਨ ਵਿੱਚ ਗੁਰਬਾਣੀ ਵਿਚਾਰ ਦੀ ਮਨਸ਼ਾ ਵੀ ਉਸ ਦੀ ਕ੍ਰਿਪਾ ਅਨੁਸਾਰ ਹੀ ਜਾਗੀ ਹੈ। ਸੋ ਵਾਹਿਗੁਰੂ ਦੀ ਕ੍ਰਿਪਾ ਹਰ ਪਲ ਹਰ ਥਾਂ ਸਾਡੇ ਉਤੇ ਰਹਿੰਦੀ ਹੈ ਪਰ ਮੁਸ਼ਕਲ ਸਾਡੀ ਸਮਝ ਦੀ ਹੈ ਜੋ ਸਾਨੂੰ ਇਹ ਗਿਆਨ ਨਹੀਂ ਦਿੰਦੀ। ਸਾਨੂੰ ਸਹੀ ਗਿਆਨ ਤਾਂ ਵਾਹਿਗੁਰੂ ਦੀ ਕ੍ਰਿਪਾ ਨਾਲ ਸਾਡੇ ਜੁਗੋ ਜੁਗ ਅਟੱਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦਾ ਹੈ ਤੇ ਕ੍ਰਿਪਾ ਪ੍ਰਤੀ ਸਾਰੀਆਂ ਸ਼ੰਕਾਵਾਂ ਦੂਰ ਹੁੰਦੀਆਂ ਹਨ।ਇਸੇ ਤਰ੍ਹ੍ਰਾਂ ਇੱਕ, ਓਅੰਕਾਰ, ਸਚੁ, ਹੁਕਮ, ਹਉਮੈ, ਕਰਤਾ-ਭੁਗਤਾ, ਪਵੁਣੁ ਗੁਰੂ, ਪਾਣੀ ਪਿਤਾ, ਮਤਾ ਧਰਤੁ ਮਹਤੁ, ਚੰਗਿਆਈਆਂ-ਬੁਰਿਆਈਆਂ ਆਦਿ ਤੁਹਾਡੇ ਸ਼ੰਕੇ ਗੁਰਬਾਣੀ ਦੇ ਗਿਆਨ ਰਾਹੀਂ ਬਖੂਬੀ ਦੂਰ ਕੀਤੇ ਜਾ ਸਕਦੇ ਹਨ ਜਿਥੇ ਇਸ ਸਭ ਦੀ ਵਿਆਖਿਆ ਵੀ ਕੀਤੀ ਮਿਲਦੀ ਹੈ । ਇਸ ਪਿੱਛੋਂ ਉਨ੍ਹਾਂ ਨੇ ਉਪਰੋਕਤ ਸਾਰੀਆਂ ਸ਼ੰਕਾ ਦਾ ਸਮਾਧਾਨ ਗੁਰਬਾਣੀ ਰਾਹੀਂ ਕੀਤਾ ਜੋ ਇਹ ਲੇਖ ਲੰਬੇਰਾ ਹੋਣ ਦੇ ਡਰੋਂ ਵਿਸਥਾਰ ਨਾਲ ਨਹੀਂ ਦਿੱਤੇ ਜਾ ਰਹੇ। ਜੇ ਬਾਬਾ ਜੀ ਸਾਨੂੰ ਇਤਨਾ ਕੁਝ ਨਾ ਸਮਝਾਉਂਦੇ ਤਾਂ ਇਨ੍ਹਾਂ ਉਲਝਣਾਂ ਦੀ ਵਿਪਤਾ ਪਤਾ ਨਹੀਂ ਕਦ ਤਕ ਸਹਿੰਦੇ ਰਹਿਣਾ ਸੀ।

ਗੁਰਬਾਣੀ ਬਾਰੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਤੇ ਇਸ ਵਿਚਲੀ ਬਾਣੀ ਦੇ ਰਚਿਤਾਵਾਂ ਬਾਰੇ ਵੀ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਮਹਾਨਤਾ ਤੋਂ ਸ਼ੁਰੂ ਕਰਦਿਆਂ ਉਨ੍ਹਾਂ ਨੇ ਗੁਰੂ ਜੀ ਦੀ ਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਦਾਈਆ ਚੁੱਕਿਆ ਤੇ ਦੱਸਿਆ ਕਿ ਨਵੰਬਰ ਵਿੱਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤਕ ਉਹ ਉਨ੍ਹਾਂ ਦੀ ਜੀਵਨੀ ਅਤੇ ਸ਼ਬਦਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗ੍ਰਿਤ ਕਰਨਾਂ ਲੋਚਦੇ ਹਨ ਜਿਸ ਲਈ ਸਾਡੇ ਕੋਲੋਂ ਸੁਝਾ ਮੰਗੇ ਗਏ ਤੇ ਸ: ਪਲਵਿੰਦਰ ਸਿੰਘ ਨੂੰ ਸਾਰੇ ਸਾਰੇ ਸੁਝਾ ਨੋਟ ਕਰਨ ਲਈ ਕਿਹਾ। ਜੋ ਸੁਝਾ ਸਾਡੇ ਸਾਰਿਆਂ ਵਲੋਂ ਆਏ ਉਹ ਇਹ ਸਨ:

1. ਗੁਰੂ ਨਾਨਕ ਦੇਵ ਜੀ ਦਾ ਸ਼ਬਦ-ਸੁਨੇਹਾ ਘਰ ਘਰ ਤਕ ਪਹੁੰਚਾਉਣ ਲਈ ਸਾਨੂੰ ਸਭ ਨੂੰ ਸੰਗਠਿਤ ਹੋ ਕੇ ਇੱਕ ਯੋਜਨਾ ਬਨਾਣੀ ਪਵੇਗੀ ਜਿਸ਼ ਤਹਿਤ ਸਿਲਸਿਲੇ ਵਾਰ ਕਾਰਜ ਅਰੰਭੇ ਜਾਣ।

2. ਸ਼ਬਦ ਪ੍ਰਚਾਰ ਲਈ ਗੁਰਬਾਣੀ ਗਿਆਨੀਆਂ ਦਾ ਇੱਕ ਸੰਗਠਨ ਬਣਾਇਆ ਜਾਵੇ ਜਿਸ ਵਿੱਚ ਗੁਰਬਾਣੀ ਵਿਆਖਿਆਕਾਰ, ਕੀਰਤਨੀਏ, ਗ੍ਰੰਥੀ ਸਿੰਘ, ਪ੍ਰਚਾਰਕ ਅਤੇ ਢਾਡੀ ਵੀ ਸ਼ਾਮਿਲ ਕੀਤੇ ਜਾਣ।

3. ਪ੍ਰਚਾਰ ਲਈ ਸ਼ਹਿਰ ਸ਼ਹਿਰ, ਪਿੰਡ ਪਿੰਡ ਹਰ ਗਲੀ ਗਲੀ ਪੋਸਟਰ, ਲਿਖਿਤ ਤੇ ਡਿਜੀਟਲ ਮੀਡੀਆ, ਸ਼ੋਸ਼ਲ ਮੀਡੀਆ, ਯੂ ਟਿਊਬ ਆਦਿ ਰਾਹੀਂ ਚਰਚਾਵਾਂ, ਸ਼ਬਦ ਸੰਗੀਤ, ਗੁਰੂ ਜੀ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਕਰਦੇ ਸੈਮੀਨਾਰਾਂ ਰਾਹੀਂ ਗੁਰਬਾਣੀ ਦਾ ਪ੍ਰਸਾਰ ਹੋਵੇ।

4. ਪਿੰਡ ਪਿੰਡ ਵਿੱਚ ਪ੍ਰਭਾਤ ਫੇਰੀਆਂ, ਪ੍ਰਚਾਰਕਾਂ ਦੇ ਵਿਚਾਰ, ਕੀਰਤਨੀਆਂ ਰਾਹੀਂ ਸ਼ਬਦ ਮਹਿਮਾਂ ਇਸ ਮਹਤਵ ਪੂਰਨ ਦਿਹਾੜੇ ਨੂੰ ਉਜਾਗਰ ਕਰਨ।

5. ਗੀਤਕਾਰਾਂ ਰਾਹੀਂ ਗੁਰੂ ਜੀ ਦੀ ਮਹਿਮਾਂ ਵਿਚ ਗੀਤ ਲਿਖਵਾਉਣੇ ਅਤੇ ਗਵਾਉਣੇ ਜੋ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਜਾਣ।

6. ਧਾਰਮਿਕ ਸਭਾਵਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੁਣਾਉਣਾ, ਗੁਰਦੁਆਰਿਆਂ ਦੇ ਗ੍ਰੰਥੀ ਅਤੇ ਕਰਿਤਨੀਆਂ ਨੂੰ ਇਸ ਸਬੰਧੀ ਜਾਗ੍ਰਿਤ ਕਰਨਾ ਤੇ ਹਰ ਪਿੰਡ ਵਿਚ ਗੁਰਬਾਣੀ ਲਹਿਰ ਚਲਾਉਣਾ।

7. ਗੁਰੂ ਜੀ ਤੇ ਉਨ੍ਹਾਂ ਦੀਆ ਰਚਨਾਵਾਂ ਬਾਰੇ ਲਿਟਰੇਚਰ ਤਿਆਰ ਕਰਨਾ, ਪੈਂਫਲੈਟ ਵੰਡਣੇ, ਪੁਸਤਕਾ ਛਪਵਾਉਣੀਆਂ ।

8. ਹਲਕਾ ਤੇ ਤਹਿਸੀਲ ਪੱਧਰ ਉਤੇ ਕਮੇਟੀਆਂ ਬਣਾਉਣੀਆਂ ਜਿਨ੍ਹਾਂ ਨੂੰ ਇਸ ਮੁਹਿੰਮ ਨੂੰ ਕੋਆਰਡੀਨੇਟ ਕਰਕੇ ਸਹਿਜੇ ਸਹਿਜੇ ਇਸ ਮੁਹਿੰਮ ਨੂੰ ਵਧਾਉਂਦੇ ਜਾਣਾ ਤੇ ਵਿਸ਼ਵ ਪੱਧਰ ਦੀ ਲਹਿਰ ਬਣਾ ਦੇਣਾ।

ਸੁਝਾ ਤਾਂ ਹੋਰ ਵੀ ਬਹੁਤ ਸਨ ਜੋ ਸ: ਪਲਵਿੰਦਰ ਸਿੰਘ ਕਾਨੀ ਬੰਦ ਕਰਦੇ ਰਹੇ।

ਉਪਰਾਂਤ ਬਾਬਾ ਜੀ ਦੇ ਆਦੇਸ਼ ਸਦਕਾ ਰਾਤ ਦਾ ਭੋਜਨ ਵੀ ਖੁਲ੍ਹੇ ਅਸਮਾਨ ਵਿੱਚ ਹੀ ਹੋਇਆ ਜੋ ਸਾਡੇ ਲਈ ਬੜਾ ਨਵਾਂ ਅਨੁਭਵ ਸੀ।ਚੰਦ ਪੂਰੇ ਜਲੌ ਵਿੱਚ ਸੀ ਤੇ ਅਸਮਾਨ ਤੋਨ ਅਪਣੀਆਂ ਕਿਰਨਾਂ ਰਾਹੀਂ ਕ੍ਰਿਪਾ ਕਰੀ ਜਾ ਰਿਹਾ ਸੀ ਤੇ ਹਰਿਆਵਲ ਵਿਚਕਾਰ ਗੁਜ਼ਾਰੇ ਇਨ੍ਹਾਂ ਪਲਾਂ ਨੂੰ ਯਾਦਗਾਰੀ ਬਣਾ ਰਿਹਾ ਸੀ ।

ਪਤਾ ਹੀ ਨਾ ਚੱਲਿਆ ਕਿ ਪੰਜ ਘੰਟੇ ਤੋ ਵੀ ਵੱਧ ਦਾ ਸਮਾਂ ਕਿਸ ਤਰ੍ਹਾਂ ਲੰਘਿਆ । ਬਾਬਾ ਜੀ ਦੇ ਦਰਬਾਰ ਵਿੱਚ ਗੁਜ਼ਾਰਿਆ ਇਹ ਸਮਾਂ ਸਾਡੇ ਲਈ ਯਾਦਗਾਰੀ ਹੋ ਨਿਬੜਿਆ ਤੇ ਅਸੀ ਵਾਪਸੀ ਵੇਲੇ ਵੀ ਉਨ੍ਹਾਂ ਪਲਾਂ ਦੀ ਸੁਗੰਧੀ ਮਾਣਦੇ ਰਹੇ ਤੇ ਪਤਾ ਹੀ ਨਹੀਂ ਲੱਗਿਆ ਕਿ ਰਾਤ ਦੇ ਬਾਰਾਂ ਵਜੇ ਪਿਛੋਂ ਨਵਾਂ ਦਿਨ ਚੜ੍ਹ ਆਇਆ ਹੈ ਜਦ ਅਸੀਂ ਘਰ ਦਾ ਬੂਹਾ ਖੜਕਾਇਆ।
 
Top