• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਭਾਈ ਬਾਲੇ (ਬਾਲਾ ਸੰਧੂ (1466-1544) ਦੀ ਹੋਂਦ ਦਾ ਸੱਚ

dalvinder45

SPNer
Jul 22, 2023
600
36
79
ਭਾਈ ਬਾਲੇ (ਬਾਲਾ ਸੰਧੂ (1466-1544) ਦੀ ਹੋਂਦ ਦਾ ਸੱਚ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰੁ ਨਾਨਕ ਦੇਵ ਜੀ ਦਾ ਸਾਥੀ ਭਾਈ ਬਾਲਾ ਭਾਈ ਬਾਲਾ ਜਨਮਸਾਖੀ ਕਰਕੇ ਤਾਂ ਪ੍ਰਸਿੱਧ ਤਾਂ ਹੈ ਹੀ ਪਰ ਉੁਸ ਦੀਆਂ ਯਾਦਗਾਰਾਂ ਨੂੰ ਵੇਖਿਆ ਜਾਵੇ ਤਾਂ ਉਸ ਦਾ ਸਿੱਖ ਇਤਿਹਾਸ ਵਿੱਚ ਭਾਈ ਮਰਦਾਨੇ ਵਾਂਗ ਵੱਖਰਾ ਸਥਾਨ ਹੈ [
1713315409860.png

ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ

ਪ੍ਰਚਲਿਤ ਮਾਨਤਾ ਦੇ ਅਨੁਸਾਰ, ਭਾਈ ਬਾਲਾ, ਗੁਰੂ ਨਾਨਕ ਦੇਵ ਜੀ ਦਾ ਜੀਵਨ ਭਰ ਦਾ ਸਾਥੀ ਸੀ ਜੋ ਚੰਦਰ ਭਾਨ ਦਾ ਪੁੱਤਰ ਸੀ, ਜੋ ਤਲਵੰਡੀ ਰਾਏ ਭੋਇ ਦੇ ਹਿੰਦੂ ਜੱਟ ਵਜੋਂ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਹੁਣ ਪਾਕਿਸਤਾਨ ਪੰਜਾਬ ਵਿੱਚੋਂ ਖਿੱਚੀ ਗਈ ਲਕੀਰ ਦੇ ਕਿਨਾਰੇ ਡਿੱਗਿਆ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਧਾਰਮਿਕ ਲੀਹਾਂ 'ਤੇ ਦੋ ਦੇਸ਼ਾਂ ਵਿੱਚ ਵੰਡ ਦਿੱਤਾ।

ਭਾਈ ਬਾਲਾ ਗੁਰੂ ਨਾਨਕ ਦੇਵ ਜੀ ਤੋਂ ਤਿੰਨ ਸਾਲ ਵੱਡੇ ਸਨ ਤੇ, ਦੋਵੇਂ ਤਲਵੰਡੀ ਵਿੱਚ ਬਚਪਨ ਵਿੱਚ ਇਕੱਠੇ ਖੇਡੇ ਸਨ। ਤਲਵੰਡੀ ਤੋਂ ਉਹ ਗੁਰੂ ਜੀ ਦੇ ਨਾਲ ਸੁਲਤਾਨਪੁਰ ਆਏ ਜਿੱਥੇ ਉਹ ਆਪਣੇ ਪਿੰਡ ਪਰਤਣ ਤੋਂ ਪਹਿਲਾਂ ਕਾਫ਼ੀ ਸਮਾਂ ਗੁਰੂ ਜੀ ਦੇ ਨਾਲ ਰਿਹਾ। (1)

ਬਾਲਾ ਜਨਮ ਸਾਖੀ ਦੇ ਅਨੁਸਾਰ, ਭਾਈ ਬਾਲਾ ਰਾਏ ਬੁਲਾਰ ਦੇ ਕਹਿਣ 'ਤੇ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਨਾਲ ਰਵਾਨਾ ਹੋਇਆ । ਸੁਲਤਾਨਪੁਰ ਛੱਡ ਕੇ ਸੈਦਪੁਰ ਵਿਖੇ ਭਾਈ ਲਾਲੋ ਦੇ ਘਰ ਤੇ ਵਿਦੇਸ਼ ਯਾਤਰਾਵਾਂ 'ਤੇ ਗੁਰੂ ਜੀ ਦੇ ਨਾਲ ਰਿਹਾ। । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਨੂੰ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਖਡੂਰ ਆਉਣ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਸੁਣਾਉਣ ਲਈ ਸੱਦਾ ਦਿੱਤਾ। ਮਹਿਮਾ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਹੈ। ਹਵਾਲਾ ਵਜੋਂ: "ਗੁਰੂ ਅੰਗਦ ਦੇਵ ਜੀ ਨੇ ਇੱਕ ਦਿਨ ਭਾਈ ਬੁੱਢਾ ਨਾਲ ਗੱਲ ਕੀਤੀ, 'ਗੁਰੂ ਨਾਨਕ ਦੇਵ ਜੀ ਦੇ ਨਾਲ ਦੂਰ-ਦੂਰ ਦੀਆਂ ਯਾਤਰਾਵਾਂ 'ਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਸਿੱਖਾਂ ਨੂੰ ਲੱਭੋ, ਜਿਨ੍ਹਾਂ ਨੇ ਉਨ੍ਹਾਂ ਦਾ ਉਪਦੇਸ਼ ਸੁਣਿਆ ਅਤੇ ਇਸ 'ਤੇ ਵਿਚਾਰ ਕੀਤਾ, ਅਤੇ ਜੋ ਵਾਪਰੀਆਂ ਬਹੁਤ ਸਾਰੀਆਂ ਅਜੀਬ ਘਟਨਾਵਾਂ ਦੇ ਗਵਾਹ ਸਨ, ਉਨ੍ਹਾਂ ਤੋਂ ਸਾਰੀਆਂ ਸਥਿਤੀਆਂ ਬਾਰੇ ਜਾਣਕਾਰੀ ਲਵੋ ਤੇ ਸੁਰੱਖਿਅਤ ਕਰੋ ਅਤੇ ਇੱਕ ਸੰਗ੍ਰਹਿ ਤਿਆਰ ਕਰੋ ।' (2)

ਬਾਲਾ ਦੁਆਰਾ ਸੁਣਾਏ ਗਏ ਕਿੱਸੇ ਗੁਰਮੁਖੀ ਅੱਖਰਾਂ ਵਿੱਚ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਇੱਕ ਹੋਰ ਸਿੱਖ, ਪਿਆਰਾ ਮੋਖਾ ਦੁਆਰਾ ਦਰਜ ਕੀਤੇ ਗਏ ਸਨ। ਨਤੀਜਾ ਇਹ ਨਿਕਲਿਆ ਜੋ ਭਾਈ ਬਾਲੇ ਵਾਲੀ ਜਨਮ ਸਾਖੀ ਵਜੋਂ ਜਾਣਿਆ ਜਾਂਦਾ ਹੈ,(3) (ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਜੀਵਨ ਬਿਰਤਾਂਤ)।

ਭਾਈ ਬਾਲਾ ਦੀ ਮੌਤ 1544 ਵਿੱਚ ਖਡੂਰ ਸਾਹਿਬ ਵਿਖੇ ਹੋਈ। ਗੁਰਦੁਆਰਾ ਤਪਿਆਣਾ ਸਾਹਿਬ ਦੇ ਅਹਾਤੇ ਦੇ ਅੰਦਰ ਇੱਕ ਯਾਦਗਾਰੀ ਥੜਾ, ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਸੀ।(4)

ਇਨ੍ਹਾਂ ਇਕੱਤਰ ਕੀਤੇ ਗਏ ਪਰਮੁੱਖ ਸਿੱਖਾਂ ਵਿੱਚ ਭਾਈ ਬਾਲਾ ਮੁੱਖ ਸਨ ਕਿਉਂਕਿ ਭਾਈ ਮਰਦਾਨਾ ਅਤੇ ਭਾਈ ਮੂਲਾ ਇਸ ਤੋਂ ਪਹਿਲਾਂ ਸੁਰਗਵਾਸ ਹੋ ਚੁੱਕੇ ਸਨ, ਤੇ ਸ਼ੀਹਾਂ ਛੀਂਬਾ ਤੇ ਹਸੂ ਲੁਹਾਰ ਦੇ ਮਿਲਣ ਦਾ ਜ਼ਿਕਰ ਨਹੀਂ ।

ਡਾ: ਤ੍ਰਿਲੋਚਨ ਸਿੰਘ ਨੇ ਉਠਾਏ ਗਏ ਕੁਝ ਨੁਕਤਿਆਂ ਨੂੰ ਇਹ ਕਹਿ ਕੇ ਗਿਣਿਆ ਹੈ ਕਿ ਮਹਿਮਾ ਪ੍ਰਕਾਸ਼ ਅਤੇ ਮਨੀ ਸਿੰਘ ਜਨਮਸਾਖੀ ਦੋਵੇਂ ਭਾਈ ਬਾਲਾ ਦਾ ਜ਼ਿਕਰ ਕਰਦੇ ਹਨ।(5) ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਭਾਈ ਬਹਿਲੋ ਦੁਆਰਾ ਲਿਖੇ ਗਏ ਸੂਚਕ ਪ੍ਰਸੰਗ ਵਿੱਚ ਭਾਈ ਬਾਲਾ ਦਾ ਹੋਰ ਜ਼ਿਕਰ ਹੈ। ਭਾਈ ਬਹਿਲੋ ਕਹਿੰਦੇ ਹਨ, " ਪਵਿੱਤਰ ਨਗਰੀ ਖਡੂਰ ਵਿਖੇ, ਬਾਲਾ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਗੁਰੂ ਅੰਗਦ, ਨੇ, ਆਪਣੇ ਹੱਥਾਂ ਨਾਲ, ਸੰਸਕਾਰ ਕੀਤਾ।" (6) ਉਹ ਇਹ ਨੁਕਤਾ ਵੀ ਉਠਾਉਂਦਾ ਹੈ ਕਿ ਭਾਈ ਬਾਲਾ ਦਾ ਪਰਿਵਾਰ ਅਜੇ ਵੀ ਨਨਕਾਣਾ ਸਾਹਿਬ ਵਿੱਚ ਰਹਿ ਰਿਹਾ ਹੈ ਅਤੇ ਬਾਲਾ ਦੀ ਸਮਾਧ ਖਡੂਰ ਸਾਹਿਬ ਵਿੱਚ ਮੌਜੂਦ ਹੈ। ਐਚ.ਐਸ. ਸਿੰਘਾ, ਅਨੁਸਾਰ ਕੁਝ ਵਿਦਵਾਨਾਂ ਦਾ ਦਲੀਲ ਹੈ ਕਿ ਭਾਈ ਬਾਲਾ ਇੱਕ ਸੱਚਾ ਵਿਅਕਤੀ ਸੀ, ਹਾਲਾਂਕਿ ਜਨਮਸਾਖੀ ਭਾਈ ਬਾਲਾ ਨੂੰ ਹੰਦਾਲੀਆਂ ਅਤੇ ਹੋਰਾਂ ਵਰਗੇ ਪਾਖੰਡੀ ਸੰਪਰਦਾਵਾਂ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ।(7) ਜਨਮਸਾਖੀਆਂ ਦਾ ਸਭ ਤੋਂ ਪੁਰਾਣਾ ਮੌਜੂਦਾ ਬਾਲਾ ਸੰਸਕਰਣ 1525 ਦਾ ਹੈ ਪਰ ਡਬਲਯੂ.ਐਚ. ਮੈਕਲਿਓਡ ਇਸਦਾ ਖੰਡਨ ਕਰਦਾ ਹੈ। (8)

ਭਾਈ ਬਾਲਾ ਬਚਪਨ ਵਿੱਚ ਤਾਂ ਸਾਥ ਰਹੇ ਪਰ ਪਹਿਲੀਆਂ ਦੋ ਉਦਾਸੀਆਂ ਵੇਲੇ ਨਾਲ ਨਹੀਂ ਸਨ ਜਿਸ ਬਾਰੇ ਜਨਮ ਸਾਖੀ ਭਾਈ ਮਨੀ ਸਿੰਘ ਵਿੱਚ ਦਰਜ ਹੈ । ਬਾਬੇ ਕਹਿਆ, “…. ਦੁਇ ਦਿਸਾ ਦੀ ਉਦਾਸੀ ਕਰ ਆਏ ਹਾਂ ਅਤੇ ਦੁਇ ਦਿਸਾ ਦੀ ਰਹਿੰਦੀ ਹੈ”। ਤਾਂ ਕਾਲੂ ਨੇ ਮੱਥਾ ਟੇਕਿਆ ਅਰ ਕਹਿਆ ‘ਕਿ ਜੋ ਕੁਝ ਉਹ ਕਰਨਗੇ ਸੋ ਹਮਰੇ ਭਲੇ ਦੀ ਗੱਲ ਹੀ ਕਰਨਗੇ” ਤਾਂ ਕਾਲੂ ਵਿਦਾ ਹੋਇਆ ਅਰ ਬਾਲਾ ਅਤੇ ਮਰਦਾਨਾ ਉਥੋਂ ਨਾਲ ਤੁਰੇ ਅਰ ਬਾਬੇ ਨੂੰ ਦੋਹਾਂ ਆਣ ਮੱਥਾ ਟੇਕਿਆ ਤਾਂ ਬਚਨ ਹੋਇਆ, “ਬਾਲਿਆ ਤੂੰ ਸਾਡੇ ਨਾਲ ਚਲੇਂਗਾ ਕਿ ਘਰ ਜਾਵੇਂਗਾ।“ਤਾਂ ਬਾਬੇ ਨੂੰ ਬਾਲੇ ਕਹਿਆ , “ਜੀ ਮੈ ਅੱਗੇ ਹੀ ਭੁੱਲਾ ਹਾਂ ਜੋ ਮੈਂ ਤੁਹਾਡੇ ਨਾਲ ਨਹੀਂ ਗਿਆ”। ਤਾਂ ਬਚਨ ਹੋਇਆ “ਬਾਲਿਆ ਚੱਲ ਉੱਤਰ ਦੀ ਉਦਾਸੀ ਕਰ ਆਈਏ”। ਤਾਂ ਬਾਲਾ ਤੇ ਮਰਦਾਨਾ ਨਾਲ ਦੋਵੇਂ ਚਲੇ।“ਡਾ: ਕਿਰਪਾਲ ਸਿੰਘ (ਸੰ) ਜਨਮ ਸਾਖੀ ਪਰੰਪਰਾ, ਅੰਤਿਕਾ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੰਨਾ 364) (9) ਜਦ ਕਰਤਾਰਪੁਰ ਵਸਾਇਆ ਤਦ ਭਾਈ ਬਾਲਾ ਅਤੇ ਮਰਦਾਨਾ ਕਰਤਾਰਪੁਰ ਵਿੱਚ ਗੁਰੂ ਜੀ ਨਾਲ ਸਨ। ਤਦ ਮਰਦਾਨੇ ਆਖਿਆ, “ਜੀ ਮਹਾਰਾਜ ਤੁਸੀਂ ਸ੍ਰੀ ਚੰਦ ਅਰ ਲਖਮੀ ਦਾਸ ਨੂੰ ਏਥੇ ਰੱਖੋ”। ਤਾਂ ਫਿਰ ਬਾਬੇ ਆਖਿਆ, ਹੇ ਬਾਲਾ ਤੂੰ ਜਾਇ ਕਰ ਸ੍ਰੀ ਚੰਦ ਅਰ ਲਖਮੀ ਦਾਸ ਨੂੰ ਏਥੇ ਲੈ ਆਉ ਅਤੇ ਮਰਦਾਨੇ ਨੂੰ ਆਖਿਆ, “ਅਪਣੇ ਟੱਬਰ ਨੂੰ ਏਥੇ ਲਿਆਓ” ਤਾਂ ਦੋਨੋ ਵਿਦਾ ਕੀਤੇ ।(9)

ਭਾਈ ਬਾਲਾ ਚੌਥੀ ਉਦਾਸੀ ਵੇਲੇ ਵੀ ਗੁਰੁ ਨਾਨਕ ਦੇਵ ਜੀ ਨਾਲ ਨਹੀਂ ਸਨ, ਮਰਦਾਨੇ ਆਖਿਆ, “ਬਾਬਾ ਜੀ ਤੁਸੀਂ ਸਾਰੀ ਪਰਿਥਮੀ ਡਿਠੀ ਪਰ ਮੱਕਾ ਮਦੀਨਾ ਨਾ ਡਿਠਾ”। ਤਾਂ ਬਾਬੇ ਆਖਿਆ ਕਿ “ਚਲ ਮਰਦਾਨਿਆ ਤੈਨੂੰ ਮੱਕਾ ਮਦੀਨਾ ਵਿਖਾਲ ਲਿਆਈਏ” ਅਤੇ ਬਾਲੇ ਨੂੰ ਆਖਿਆ ਕਿ ‘ਹੇ ਬਾਲੇ ਜੇਕਰ ਅਸੀਂ ਮਾਤਾ ਪਿਤਾ ਤੋਂ ਪੁਛਦੇ ਹਾਂ ਤਾਂ ਉਹ ਸਾਨੂੰ ਜਾਣ ਨਹੀਂ ਦੇਣਗੇ।ਤਾਂ ਤੇ ਤੂੰ ਉਨ੍ਹਾਂ ਨੂੰ ਪਿੱਛੋਂ ਦੱਸੀਂ ਅਤੇ ਸ਼ਬਦ ਦੀ ਚਰਚਾ ਕਰਕੇ ਉਨ੍ਹਾਂ ਨੂੰ ਪਰਚਾਈ ਰੱਖੀਂ”। ਸੋ ਇਹ ਕਹਿ ਕਰ ਬਾਬਾ ਜੀ ਅਤੇ ਮਰਦਾਨਾ ਉਥੋਂ ਤੁਰੇ। (ਡਾ: ਕਿਰਪਾਲ ਸਿੰਘ ਸੰ: ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੰਨਾ 376) (9) ਗੁਰੁ ਜੀ ਭਾਈ ਮੂਲੇ ਨੂੰ ਮੱਕੇ ਦੀ ਚੌਥੀ ਉਦਾਸੀ ਵੇਲੇ ਭਾਈ ਮੂਲੇ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਪਰ ਘਰ ਵਾਲਿਆਂ ਨੇ ਉਸ ਨੂੰ ਛੁਪਇਆ ਤਾਂ ਸੱਪ ਡੰਗਣ ਕਰਕੇ ਉਸ ਦੀ ਮੌਤ ਹੋਈ।(ਡਾ: ਕਿਰਪਾਲ ਸਿੰਘ ਸੰ: ਜਨਮ ਸਾਖੀ ਭਾਈ ਮਨੀ ਸਿੰਘ ਪੰਨਾ 376) (9)

ਸੋ ਇਕ ਤੀਜੀ ਉਦਾਸੀ ਹੀ ਸੀ ਜਿਸ ਬਾਰੇ ਭਾਈ ਬਾਲੇ ਦਾ ਗੁਰੁ ਜੀ ਨਾਲ ਜਾਣ ਦਾ ਉਲੇਖ ਮਿਲਦਾ ਹੈ ਜਿਸ ਬਾਰੇ ਪਹਿਲਾਂ ਦਿਤਾ ਗਿਆ ਹੈ।

ਆਧੁਨਿਕ ਖੋਜਕਰਤਾਵਾਂ ਨੇ ਭਾਈ ਬਾਲਾ ਦੀ ਹੋਂਦ ਦੀ ਪਛਾਣ ਵੀ ਓਤਨੀ ਹੀ ਸ਼ਕ ਦੇ ਦਾਇਰੇ ਵਿਚ ਲਿਆ ਖੜ੍ਹੀ ਕੀਤੀ ਹੈ ਜਿਤਨੀ ਭਾਈ ਬਾਲਾ ਜਨਮ ਸਾਖੀ ਦੀ ਪ੍ਰਮਾਣਿਕਤਾ । ਭਾਈ ਬਾਲਾ ਦਾ ਜ਼ਿਕਰ ਨਾ ਤਾਂ ਭਾਈ ਗੁਰਦਾਸ ਜੀ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਬਹੁਤ ਸਾਰੇ ਸਿੱਖਾਂ ਦੇ ਨਾਮ ਦਰਜ ਕੀਤੇ ਹਨ ਅਤੇ ਨਾ ਹੀ ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਦੇ ਲੇਖਕਾਂ ਦੁਆਰਾ, ਜੋ ਕਿ ਬਾਲਾ ਜਨਮ ਸਾਖੀ ਤੋਂ ਵੀ ਪੁਰਾਣੀ ਹੈ, (ਸਭ ਤੋਂ ਪੁਰਾਣੀ ਉਪਲਬਧ ਹੱਥ-ਲਿਖਤ 1658 ਦੀ ਹੈ) ।(9)

ਭਾਈ ਬਾਲਾ ਦੀ ਹੋਂਦ

ਭਾਈ ਬਾਲਾ ਦੀ ਹੋਂਦ ਬਾਰੇ, ਖਾਸ ਕਰਕੇ ਸਿੱਖ ਅਕਾਦਮਿਕ ਖੇਤਰ ਵਿੱਚ ਕਾਫ਼ੀ ਚਰਚਾ ਹੋਈ ਹੈ। ਇਸ ਦੇ ਕਾਰਨ ਹਨ:

ਭਾਈ ਗੁਰਦਾਸ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਪ੍ਰਮੁੱਖ ਚੇਲਿਆਂ ਨੂੰ ਸੂਚੀਬੱਧ ਕੀਤਾ ਹੈ (ਆਪਣੀ 11ਵੀਂ ਵਾਰ ਵਿੱਚ) ਭਾਈ ਬਾਲਾ ਦੇ ਨਾਂ ਦਾ ਜ਼ਿਕਰ ਨਹੀਂ ਕਰਦੇ (ਇਹ ਇੱਕ ਅਣਗਹਿਲੀ ਹੋ ਸਕਦੀ ਹੈ, ਕਿਉਂਕਿ ਉਹ ਰਾਏ ਬੁਲਾਰ ਦਾ ਵੀ ਜ਼ਿਕਰ ਨਹੀਂ ਕਰਦੇ)। ਉਂਜ ਭਾਈ ਮਨੀ ਸਿੰਘ ਦੀ ਭਗਤ ਰਤਨਵਾਲੀ, ਜਿਸ ਵਿਚ ਭਾਈ ਗੁਰਦਾਸ ਦੀ ਸੂਚੀ ਵਾਲੀ ਹੀ ਸੂਚੀ ਹੈ, ਪਰ ਹੋਰ ਵਿਸਥਾਰ ਸਹਿਤ, ਭਾਈ ਬਾਲਾ ਦਾ ਵੀ ਜ਼ਿਕਰ ਨਹੀਂ ਹੈ। ਹੋਰ ਵੀ ਕਈ ਵਿਗਾੜ ਹਨ, ਜਿਨ੍ਹਾਂ ਨੂੰ ਡਾ: ਕਿਰਪਾਲ ਸਿੰਘ ਨੇ ਆਪਣੀ ਪੰਜਾਬੀ ਰਚਨਾ 'ਜਨਮਸਾਖੀ ਪਰੰਪਰਾ' ਵਿੱਚ ਦਰਸਾਇਆ ਹੈ। (10) (11)

ਵਿਲਾਇਤ ਵਾਲੀ ਜਨਮ ਸਾਖੀ ਅਤੇ ਇਸ ਜਨਮ ਸਾਖੀ ਦਾ ਟਾਕਰਾ ਕੀਤਿਆਂ ਪਤਾ ਲੱਗਦਾ ਹੈ ਕਿ ਜਨਮ ਸਾਖੀ ਦੀ ਬੋਲੀ ਉਸਦੇ ਟਾਕਰੇ ਤੇ ਨਵੀਨ ਹੈ ਜਿਵੇਂ ਬਲੈਤ ਵਾਲੀ ਜਨਮ ਸਾਖੀ ਵਿੱਚ ਪਏ ਬਾਲੋ ਨੂੰ ਬਾਡੀ ਸੁਤ ਕਿਹਾ ਤੇ ਭਾਈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤਰਖਾਣ| ਭਾਈ ਬਾਲੇ ਵਾਲੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਭਾਈ ਬਾਲੇ ਨੂੰ ਸੰਧੂ ਜਾੜ ਦਾ ਸੰਧੂ ਜਾਤ ਦਾ ਜੱਟ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਸਾਥੀ ਦੱਸਿਆ ਹੈ ਪਰ ਇਸ ਦੀ ਪੁਸ਼ਟੀ ਕਿਸੇ ਹੋਰ ਜਨਮ ਸਾਖੀ ਵਿੱਚੋਂ ਨਹੀਂ ਹੁੰਦੀ|(12)

ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਾਥੀ ਮਰਦਾਨੇ ਦਾ ਕਥਨ ਤਾਂ ਹੈ ਪਰ ਬਾਲੇ ਦਾ ਨਹੀਂ ਭਾਈ ਗੁਰਦਾਸ ਦੀ ਗਿਆਰਵੀਂ ਵਾਰ ਵਿੱਚ ਪਹਿਲੇ ਛੇ ਗੁਰੂਆਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ ਦੇ ਨਾਂ ਦੱਸੇ ਹਨ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਵਾਂ ਵਿੱਚ ਭਾਈ ਬਾਲੇ ਦਾ ਨਾਂ ਨਹੀਂ| ਵਿਲਾਇਤ ਵਾਲੀ ਜਨਮ ਸਾਖੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਹੀ ਭਾਈ ਬਾਲੇ ਦਾ ਕਥਨ ਨਹੀਂ ਆਉਂਦਾ ਇਸ ਤਰ੍ਹਾਂ ਕਿਸੇ ਪੁਰਾਤਨ ਸਰੋਤ ਤੋਂ ਭਾਈ ਬਾਲੇ ਦੀ ਹੋਂਦ ਬਾਰੇ ਪੁਸ਼ਟੀ ਨਹੀਂ ਹੁੰਦੀ ਇਹ ਸਭ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਕੋਲ ਭਾਈ ਲਹਿਣਾ ਜੀ ਘੱਟੋ ਘੱਟ ਤਿੰਨ ਸਾਲ ਵੱਧ ਤੋਂ ਵੱਧ ਸੱਤ ਅੱਠ ਸਾਲ ਰਹੇ ਇਸ ਲਈ ਗੁਰੂ ਨਾਨਕ ਸਾਹਿਬ ਦੇ ਸਭ ਪ੍ਰਸਿੱਧ ਸਿੱਖਾਂ ਨੂੰ ਜਾਣਦੇ ਹੋਣਗੇ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਭਾਈ ਬਾਲੇ ਨੂੰ ਨਹੀਂ ਜਾਣਦੇ ਸਨ ਅਤੇ ਭਾਈ ਬਾਲਾ ਗੁਰੂ ਸਾਹਿਬ ਨੂੰ ਨਹੀਂ ਜਾਣਦਾ ਸੀ ਭਾਈ ਬਾਲੇ ਦੀ ਜਨਮ ਸਾਖੀ ਅਤੇ ਆਰੰਭਿਕ ਸ਼ਬਦ ਇਹ ਸਪਸ਼ਟ ਕਰ ਦਿੰਦੇ ਹਨ ਕਿ ਨਾ ਭਾਈ ਬਾਲਾ ਗੁਰੂ ਅੰਗਦ ਨੂੰ ਜਾਣਦਾ ਸੀ ਤੇ ਨਾ ਗੁਰੂ ਅੰਗਦ ਜੀ ਭਾਈ ਬਾਲੇ ਨੂੰ| (12)

ਭਾਈ ਸੰਧੂ ਬਾਲੀ ਸੰਧੂ ਨੂੰ ਇਹ ਚਾਹ ਸੀ ਜੇ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਜਾਈਏ ਬਾਲੇ ਸੰਧੂ ਸੁਣਿਆ ਜੋ ਗੁਰੂ ਨਾਨਕ ਇੱਕ ਖਤਰੇਟਾ ਅੰਗਦ ਹੈ ਉਸਨੇ ਬਾਪ ਚਲਿਆ ਬਾਪ ਥਾਪ ਚੱਲਿਆ ਹੈ ਜਾਤ ਤ੍ਰਹੁਣ ਹੈ ਪਰ ਜਾਣੀ ਦਾ ਨਹੀਂ ਕਿਹੜੇ ਥਾਉ ਛਪ ਬੈਠਾ ਹੈ ਖਬਰ ਸੁਣੀ ਖਡੂਰ ਖਹਿਰਿਆਂ ਦੀ ਵਿੱਚ ਬੈਠਾ ਹੈ ਇਹ ਸੁਣ ਕੇ ਬਾਲਾ ਸੰਧੂ ਗੁਰੂ ਅੰਗਦ ਦੇ ਦਰਸ਼ਨ ਆਇਆ ਜੋ ਕਿਛੁ ਸਖਤ ਆਹੀ ਸੋ ਭੇਟ ਲੈ ਆਇਆ ਢੂਢ ਲੱਧੋਸ ਅੱਗੇ ਦੇਖੈ ਤਾ ਗੁਰੂ ਅੰਗਦ ਬੈਠਾ ਬਾਣ ਵਟਦਾ ਹੈ ਬਾਲੇ ਸੰਧੂ ਜਾਏ ਮੱਥਾ ਟੇਕਿਆ ਅੱਗੋਂ ਗੁਰੂ ਅੰਗਦ ਬੋਲਿਆ ਆਓ ਭਾਈ ਸਤ ਕਰਤਾਰ ਬੈਠੋ ਜੀ| ਗੁਰੂ ਅੰਗਦ ਵਾਣ ਬਟਣੋ ਰਹਿ ਗਿਆ ਗੁਰੂ ਅੰਗਦ ਬਾਲੇ ਨੂੰ ਪੁੱਛਣ ਕੀਤਾ ਭਾਈ ਸਿੱਖ ਕਿੱਥੋਂ ਆਇਓ ਕਿਉਂ ਕਰਿ ਆਵਣ ਹੋਇਆ ਹੈ ਕੌਣ ਹੁੰਦੇ ਹੋ ਤਾਂ ਭਾਈ ਬਾਲੇ ਸੰਧੂ ਹੱਥ ਜੋੜੇ ਗੁਰੂ ਜੀ| ਹੁੰਦਾ ਹਾਂ ਜੇ ਟੇਟਾ ਨਾਉ ਹੈ ਬਾਲਾ ਸੰਧੂ ਵਤਨ ਰਾਏ ਭੋਏ ਦੀ ਤਲਵੰਡੀ ਹੈ। ਪਿਆਰੇ ਲਾਲ ਕਪੂਰ ਵਾਲੀ ਜਨਮ ਸਾਖੀ ਪਤਰਾ ਅੰਤਕਾ 221| (13)

ਕਰਮ ਸਿੰਘ ਕੱਤਕ ਕੇ ਵਿਸਾਖ| ਵਿੱਚ ਪੰਨੇ 240 ਤੇ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਸਮਸ 1732 ਭਾਵ 1675 ਈਸਵੀ ਵਿੱਚ ਗੱਦੀ ਉੱਤੇ ਬੈਠੇ ਸਨ ਇਸ ਲਈ ਇਹ ਜੰਗ ਚੰਗੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਨਹੀਂ ਬਣੀ ਆਪ ਦੇ ਅਖੀਰਲੇ ਸਮੇਂ ਵਿੱਚ ਬਣੀ ਹੋਏਗੀ।| ਕੱਤਕ ਕੇ ਵਿਸਾਖ ਕਰਮ ਸਿੰਘ ਪੰਨਾ 240 (14)

ਭਾਈ ਬਾਲਾ ਦੀ ਮੌਤ 1544 ਵਿੱਚ ਖਡੂਰ ਸਾਹਿਬ ਵਿਖੇ ਹੋਈ। ਗੁਰਦੁਆਰਾ ਤਪਿਆਣਾ ਸਾਹਿਬ ਦੇ ਅਹਾਤੇ ਦੇ ਅੰਦਰ ਇੱਕ ਯਾਦਗਾਰੀ ਥੜਾ, ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਸੀ। ਗੁਰਦੁਆਰੇ ਵਿੱਚ ਇੱਕ ਉੱਚੇ ਥੜ੍ਹੇ ਉੱਤੇ ਇੱਕ ਵਰਗਾਕਾਰ ਹਾਲ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚਿੱਟੇ ਸੰਗਮਰਮਰ ਦੇ ਤਖਤ ਤੇ ਬਿਰਾਜਮਾਨ ਹੈ। ਇੱਕ ਸਜਾਵਟੀ ਸੋਨੇ ਦੀ ਪਲੇਟਿਡ ਚੋਟੀ ਦੇ ਨਾਲ ਇੱਕ ਕਮਲ ਗੁੰਬਦ ਅਤੇ ਇੱਕ ਛੱਤਰੀ ਦੇ ਆਕਾਰ ਦਾ ਅੰਤਮ ਹਾbਲ ਦੇ ਸਿਖਰ 'ਤੇ ਹੈ, ਜਿਸ ਦੇ ਹਰੇਕ ਕੋਨੇ ਦੇ ਉੱਪਰ ਇੱਕ ਵਰਗ ਆਕਾਰ ਦਾ ਗੁੰਬਦ ਵਾਲਾ ਕਿਓਸਕ ਵੀ ਹੈ। ਹਾਲ ਦੇ ਸਾਹਮਣੇ, ਇਕ ਏਕੜ ਵਿਚ ਇੱਟਾਂ ਦੇ ਬਣੇ ਅਹਾਤੇ ਦੇ ਵਿਚਕਾਰ, ਸਰੋਵਰ ਹੈ।
1713315473352.png
1713315492957.png

ਸਮਾਧ ਭਾਈ ਬਾਲਾ ਜੀ ਤਪਿਆਣਾ ਸਾਹਿਬ ਖਡੂਰ ਸਾਹਿਬ ਭਾਈ ਬਾਲਾ ਦਾ ਦਾਹ ਸੰਸਕਾਰ ਚਿਤਰ 1825–1849: ਇੱਕ ਯਾਦਗਾਰੀ ਗੁਰਦੁਆਰਾ ਭਾਈ ਬਾਲਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿੱਚ ਹੈ।
1713315537203.png

ਗੁਰਦੁਆਰਾ ਭਾਈ ਬਾਲਾ ਤਪਿਆਣਾ ਸਾਹਿਬ ਖਡੂਰ ਸਾਹਿਬ

ਭਾਈ ਬਾਲਾ ਜੀ ਦੇ ਨਾਮ ਤੇ ਸਮਾਧ ਅਤੇ ਗੁਰਦੁਆਰਾ ਸਾਹਿਬ ਖਡੂਰ ਦੇ ਮਹਤੱਵਪੂਰਨ ਸਥਾਨ ਤੇ ਹੋਣ ਦੇ ਤੱਥ ਜ਼ਾਹਿਰਾ ਸਬੂਤ ਹਨ ਕਿ ਭਾਈ ਬਾਲਾ ਸੰਧੂ ਦੀ ਹੋਂਦ ਨਕਾਰੀ ਨਹੀਂ ਜਾ ਸਕਦੀ। ਨਾ ਹੀ ਉਸ ਦਾ ਮਹਤਵ ਨਕਾਰਿਆ ਜਾ ਸਕਦਾ ਹੈ ਕਿਉਂਕਿ ਮਹਤਵਪੂਰਨ ਗੁਰਦਆਰਾ ਸਾਹਿਬ ਦੇ ਅਹਾਤੇ ਦੇ ਅੰਦਰ ਯਾਦਗਾਰੀ ਥੜਾ, ਇੱਕ ਮਹਤਵਪੂਰਨ ਵਿਅਕਤੀ ਦੀ ਹੋਂਦ ਦੀ ਨਿਸ਼ਾਨਦੇਹੀ ਕਰਦਾ ਹੈ ।

ਗੁਰਦਵਾਰਾ ਸ਼੍ਰੀ ਤਪਿਆਣਾ ਸਾਹਿਬ ਖਡੂਰ ਸਾਹਿਬ ਸ਼ਹਿਰ, ਤਰਨਤਾਰਨ ਜਿਲ੍ਹਾ ਵਿੱਚ ਸਥਿਤ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਬਹਿ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਂਦੇ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਦੇਸ਼ਾਂ ਨਾਲ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਬਾਲਾ ਜੀ ਦੁਆਰਾ ਇੱਥੇ ਲਿਖੀ ਗਈ ਸੀ। ਜਦੋਂ ਜਨਮ ਸਾਖੀ ਸੰਪੂਰਨ ਹੋਈ ਤਾਂ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਹ ਸੱਚਖੰਡ ਜਾਣ ਦੀ ਇਜਾਜ਼ਤ ਦੇਣ ਕਿਉਂਕਿ ਉਹ ਹੁਣ ਬਹੁਤ ਬੁੱਢੇ ਹੋ ਚੁੱਕੇ ਸਨ। ਜਦੋਂ ਭਾਈ ਬਾਲਾ ਜੀ ਸੱਚਖੰਡ ਲਈ ਰਵਾਨਾ ਹੋਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ। (15)

ਭਾਈ ਬਾਲਾ ਜਨਮਸਾਖੀ ਵਿਚ ਵੀ ਕਈ ਭਾਸ਼ਾਵਾਂ ਦੀਆਂ ਅਸੰਗਤੀਆਂ ਹਨ। ਉਦਾਹਰਨ ਲਈ, ਬਾਲਾ ਜਨਮਸਾਖੀ ਵਿੱਚ ਸਿੱਖ ਨਮਸਕਾਰ 'ਵਾਹਿਗੁਰੂ ਜੀ ਕੀ ਫਤਹਿ' ਦੀ ਵਰਤੋਂ ਕੀਤੀ ਜਾਂਦੀ ਹੈ, ਹਾਲਾਂਕਿ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਦੇ ਰਾਜ ਦੌਰਾਨ ਹੀ ਮਸ਼ਹੂਰ ਹੋਇਆ ਸੀ। (16)

ਜਨਮਸਾਖੀ ਵਿੱਚ ਰਲਾ ਅਤੇ ਅਸੰਗਤੀਆਂ

ਭਾਈ ਬਾਲਾ ਦੀ ਹੋਂਦ ਬਾਰੇ ਤਾਂ ਸ਼ਪਸ਼ਟ ਹੋ ਗਿਆ ਕਿ ਭਾਈ ਬਾਲਾ ਸੰਧੂ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਪਰ ਇਹ ਵਿਚਾਰ ਸ਼ਪਸ਼ਟ ਕਰਨਾ ਹੈ ਕਿ ਕੀ ਜਨਮ ਸਾਖੀ ਭਾਈ ਬਾਲਾ ਨੇ ਲਿਖਵਾਈ? ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਗੁਰੁ ਅੰਗਦ ਜੀ ਨੇ ਭਾਈ ਬਾਲਾ ਸਮੇਤ ਹੋਰ ਸਜਣ ਵੀ ਬੁਲਾਏ ਸਨ ਜੋ ਗੁਰੁ ਸਾਹਿਬ ਦੇ ਨਜ਼ਦੀਕ ਸਨ। ਗੁਰੁ ਅੰਗਦ ਦੇਵ ਜੀ ਵੀ ਗੁਰੂ ਸਾਹਿਬ ਨਾਲ ਕਰਤਾਰਪੁਰ ਵਿਖੇ ਕਾਫੀ ਸਮਾਂ ਨਾਲ ਰਹੇ। ਇਨ੍ਹਾਂ ਸਾਰਿਆਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਹੀ ਇਹ ਜਨਮਸਾਖੀ ਗਰੂ ਅੰਗਦ ਦੇਵ ਜੀ ਨੇ ਪੈੜਾ ਮੋਖਾ ਹੱਥੀਂ ਲਿਖਵਾਈ। ਪਰ ਜੋ ਬਾਅਦ ਵਿੱਚ ਪਾਠਕਾਂ ਸਾਹਮਣੇ ਆਈ ਉਹ ਇਹ ਪੈੜੇ ਮੋਖੇ ਵਾਲੀ ਸਾਖੀ ਨਹੀਂ ਸੀ ਬਲਕਿ ਇਸ ਜਨਮਸਾਖੀ ਨੁੰ ਹੰਦਾਲ ਨੇ ਰਲਾ ਪਾਕੇ ਅਪਣੀ ਵਡਿਆਈ ਭਰ ਕੇ ਤੇ ਗੁਰੁ ਜੀ ਦੇ ਸਾਥੀਆਂ ਨੂੰ ਨੀਵਾਂ ਦਿਖਾਕੇ ਨਵੇਂ ਰੂਪ ਵਿੱਚ ਸਿੱਖਾਂ ਸਾਹਮਣੇ ਰੱਖੀ। ਇਸ ਜਨਮਸਾਖੀ ਵਿੱਚ ਅਸੰਗਤੀਆਂ ਵੀ ਇਸੇ ਕਰਕੇ ਆਈਆਂ ਹਨ। ਇਸੇ ਲਈ ਇਸ ਜਨਮਸਾਖੀ ਵਿੱਚੋਂ ਸੰਗਤੀਆਂ ਤੇ ਇਹ ਪਾਇਆ ਹੋਇਆ ਰਲਾ ਕਢਣਾ ਬਹੁਤ ਜ਼ਰੁਰੀ ਹੈ ਜੋ ਇੱਕ ਪਾਰਖੂ ਖੋਜੀ ਹੀ ਕਰ ਸਕਦਾ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਖਾਰ ਸਕੇ। ਇਸ ਲੇਖ ਦੇ ਦੂਜੇ ਭਾਗ ਵਿੱਚ ਇਨ੍ਹਾਂ ਅਸੰਗਤੀਆਂ ਅਤੇ ਰਲਾ ਨੂੰ ਨਿਖੇੜਿਆ ਗਿਆ ਹੈ।

ਉਦਾਸੀਆਂ ਵਿੱਚ ਭਾਈ ਬਾਲਾ

ਇਹ ਵੀ ਸਵਾਲ ਉਠਦਾ ਹੈ ਕਿ “ਕੀ ਭਾਈ ਬਾਲਾ ਜੀ ਗੁਰੁ ਜੀ ਨਾਲ ਉਦਾਸੀਆਂ ਤੇ ਨਾਲ ਗਏ?” ਇਸ ਬਾਰੇ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਨੇ ਸ਼ਪਸ਼ਟ ਕਰ ਹੀ ਦਿੱਤਾ ਹੈ। ਗੁਰੁ ਨਾਨਕ ਦੇਵ ਜੀ ਪਹਿਲੀਆਂ ਦੋ ਉਦਾਸੀਆਂ ਅਤੇ ਪੱਛਮ ਦੀ ਉਦਾਸੀ ਵੇਲੇ ਗੁਰੂ ਜੀ ਦੇ ਨਾਲ ਨਹੀਂ ਸਨ ਅਤੇ ਤੀਜੀ ਉਦਾਸੀ ਵੇਲੇ ਗੁਰੁ ਜੀ ਨਾਲ ਸਨ। ਇਸ ਦੀ ਸ਼ਾਹਦੀ ਭਾਈ ਧੰਨਾ ਸਿੰਘ ਚਹਿਲ ਦੀ ਜ਼ਮੀਨੀ ਖੋਜ ਤੇ ਅਧਾਰਿਤ ਗੁਰ ਤੀਰਥ ਸਾਈਕਲ ਯਾਤਰਾ ਵਿੱਚ ਵਿੱਚ ਬਖੂਬੀ ਦਿਤੀ ਗਈ ਹੈ।

ਇਸ ਇਲਾਕੇ ਵਿੱਚ ਭਾਈ ਬਾਲੇ ਜੀ ਦੇ ਅਸਥਾਨ ਬਹੁਤ ਹਨ ਕਾਰਨ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਤਿੱਬਤ ਦੇਸ਼ ਦੀ ਤੇ ਪਹਾੜੀ ਯਾਤਰਾ ਕਰਦੇ ਸਨ ਤਾਂ ਸੁਲਤਾਨਪੁਰ ਵਿਖੇ ਬੀਬੀ ਨਾਨਕੀ ਜੀ ਨੇ ਆਪਣੇ ਭਰਾ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ।ਗੁਰੂ ਨਾਨਕ ਦੇਵ ਜੀ iਤਬਤ ਤੋਂ ਚੱਲਦਿਆਂ ਹੋਏ ਇਸ ਇਲਾਕੇ ਵਿੱਚ ਪਹੁੰਚੇ ਤਾਂ ਭਾਈ ਬਾਲੇ ਜੀ ਨੂੰ ਤੇ ਮਰਦਾਨੇ ਨੂੰ ਛੱਡ ਕੇ ਆਪ ਸੁਲਤਾਨਪੁਰ ਆਪਣੀ ਭੈਣ ਬੀਬੀ ਨਾਨਕੀ ਜੀ ਨੂੰ ਜਾ ਮਿਲੇ ਸਨ। ਤਾਂ ਫਿਰ ਜਿਤਨਾ ਚਿਰ ਗੁਰੂ ਜੀ ਨਹੀਂ ਆਏ ਸਨ ਤਾਂ ਇਸ ਇਲਾਕੇ ਵਿੱਚ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਯਾਤਰਾ ਦੋਨਾਂ ਜਣਿਆਂ ਨੇ ਖੂਬ ਤੇ ਕੀਤੀ ਸੀ ਪਰਚਾਰ ਵੀ । ਜਿਸ ਜਗ੍ਹਾ ਜਿਸ ਜਗਾ ਗਏ ਉਸੇ ਜਗ੍ਹਾ ਚਸ਼ਮੇ ਬਣਾਉਂਦੇ ਗਏ ਕਿਉਂਕਿ ਇਸ ਇਲਾਕੇ ਵਿੱਚ ਸਿਵਾਏ ਦਰਿਆ ਤੋਂ ਜਾਂ ਕਿਸੇ ਪਹਾੜ ਵਿੱਚੋਂ ਨਿਕਲਿਆ ਹੋਇਆ ਜਲ ਹੋਰ ਕਿਤੇ ਨਹੀਂ ਮਿਲਦਾ ਹੈ। ਜਦ ਇਸ ਇਲਾਕੇ ਵਿੱਚ ਦੋਨਾਂ ਜਣਿਆਂ ਨੇ ਖੂਬ ਰਟਨ ਕੀਤਾ ਸੀ ਤਾਂ ਫਿਰ ਗੁਰੂ ਜੀ ਨੇ ਦੋਨਾਂ ਜਣਿਆਂ ਨੂੰ ਬਾਲਾਕੋਟ ਦੇ ਜੰਗਲ ਵਿੱਚ ਦਰਿਆ ਕੰਧਾਰ ਦੇ ਕੰਢੇ ਤੇ ਆ ਕੇ ਮਿਲੇ ਸਨ। ਇਸੇ ਕਾਰਨ ਪਿੰਡ ਬਾਲਾਕੋਟ ਭਾਈ ਬਾਲਾ ਜੀ ਦੇ ਨਾਮ ਤੇ ਹੀ ਵਸਿਆ ਹੈ ਙ ਇਸ ਇਲਾਕੇ ਵਿੱਚ ਭਾਈ ਬਾਲੇ ਜੀ ਦੇ ਅਸਥਾਨ ਤੇ ਚਸ਼ਮੇ ਬਣੇ ਹੋਏ ਹਨ । ਭਾਈ ਬਾਲਾ ਜੀ ਤੇ ਮਰਦਾਨਾ ਜੀ ਦੀਆਂ ਜਗ੍ਹਾ ਸਾਰੀਆਂ ਮੁਸਲਮਾਨਾਂ ਦੇ ਕਬਜ਼ੇ ਵਿੱਚ ਹਨ। ਮੁਸਲਮਾਨ ਭਾਈ ਬਾਲਾ ਪੀਰ ਕਰਕੇ ਮੰਨਦੇ ।(ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452) (17)

ਸ਼ਹਿਰ ਮੁਜ਼ੱਫਰਾਬਾਦ (ਹੁਣ ਪਾਕਿਸਤਾਨ) ਵਿੱਚ ਖੱਤਰੀਆਂ ਦੇ ਮਹੱਲੇ ਵਿੱਚ ਸਹਿਜਧਾਰੀ ਸਿੱਖਾਂ ਦੇ ਵਿੱਚ ਭਾਈ ਬਾਲਾ ਜੀ ਦਾ ਇੱਕ ਸਥਾਨ ਹੈ ਜੋ ਕਿ ਚੌਂਤਰਾ ਬਣਾ ਕੇ ਉੱਪਰ ਗੋਲ ਜੈਸੀ ਗੁਮਟੀ ਬਣੀ ਹੋਈ ਹੈ। ਉੱਪਰ ਟੀਨ ਦਾ ਛੱਪੜਾ ਬਣਿਆ ਹੋਇਆ ਹੈ। ਸ਼ਹਿਰ ਦੇ ਲੋਕ ਹਿੰਦੂ ਭਾਈ ਬਾਲੇ ਦੀ ਜਗ੍ਹਾ ਕਰਕੇ ਮੰਨਦੇ ਹਨ । ਦੂਜਾ ਭਾਈ ਬਾਲੇ ਦੀ ਇੱਕ ਜਗ੍ਹਾ ਹੋਰ ਹੈ ਇਸੇ ਮਹੱਲੇ ਦੇ ਵਿੱਚ ਪੰਡਿਤ ਲੋਕ ਨਾਥ ਤੇ ਨੰਦ ਲਾਲ ਜੀ ਦੇ ਘਰ ਇੱਕ ਖੂਹੀ ਦੀ ਸ਼ਕਲ ਵਿੱਚ ਚਸ਼ਮਾ ਬਣਿਆ ਹੋਇਆ ਹੈ ਜਿਸ ਦਾ ਜਲ ਛੇ ਹੱਥ ਲੰਬਾਈ ਪੁਰ ਹੈ ਤੇ ਤਕਰੀਬਨ ਦੋ ਹੱਥ ਡੂੰਘਾ ਹੈ। ਪਹਿਲਾਂ ਜਲ ਉੱਤੇ ਹੁੰਦਾ ਸੀ ਪਰ ਘਰ ਵਾਲਿਆਂ ਨੇ ਲਾਲਚ ਕੀਤਾ ਕਿ ਡੂੰਘਾ ਕਰ ਲਵੋ ਕਿ ਜਲ ਬਹੁਤ ਹੋ ਜਾਏਗਾ ਪਰ ਜਦੋਂ ਛੇ ਹੱਥ ਪੁੱਟ ਚੁੱਕੇ ਤਦ ਵੀ ਜਲ ਪਹਿਲੇ ਜਿਤਨਾ ਹੀ ਰਿਹਾ ਜਾਂ ਜਿਤਨਾ ਅੱਜ ਕੱਲ ਮੌਜੂਦ ਹੈ ਇੰਨਾਂ ਪੰਡਤਾਂ ਦੇ ਵਡੇਰੇ ਭਾਈ ਬਾਲੇ ਜੀ ਨੂੰ ਤੇ ਮਰਦਾਨੇ ਜੀ ਨੂੰ ਆਪਣੇ ਘਰ ਪ੍ਰਸ਼ਾਦ ਛਕਾਉਣ ਵਾਸਤੇ ਲੈ ਗਏ ਸਨ ਤਾਂ ਜਿਸ ਵਕਤ ਪ੍ਰਸ਼ਾਦ ਛਕਣ ਲੱਗੇ ਤਾਂ ਹਾਲੇ ਜਲ ਦਰਿਆ ਤੋਂ ਨਹੀਂ ਆਇਆ ਸੀ ਕਿਉਂਕਿ ਦਰਿਆ ਕੁਝ ਫਰਕ ਨਾਲ ਸੀ।

ਚੜਾਈ ਅਤੇ ਉਤਰਾਈ ਹੋਣ ਕਰਕੇ ਪਾਣੀ ਲਿਆਉਣ ਲਈ ਬਹੁਤ ਸਮਾਂ ਲੱਗ ਗਿਆ ਤਾਂ ਭਾਈ ਬਾਲੇ ਜੀ ਨੇ ਜਗ੍ਹਾ ਪਟਵਾ ਕੇ ਜਲ ਕੱਢਿਆ ਉਸੇ ਦਿਨ ਤੋਂ ਭਾਈ ਬਾਲੇ ਜੀ ਦੇ ਨਾਮ ਤੇ ਚਸ਼ਮਾ ਮਸ਼ਹੂਰ ਹੋ ਗਿਆ । ਤੀਜੀ ਜਗ੍ਹਾ ਭਾਈ ਬਾਲੇ ਜੀ ਦੀ ਸ਼ਹਿਰ ਤੋਂ ਬਾਹਰ ਪਾਸ ਹੀ ਸ਼ਾਇਦ ਇਹ ਦੱਖਣ ਦੀ ਤਰ੍ਹਾਂ ਹੈ ਜੋ ਕਿ ਮੋਟਰਾਂ ਦੀ ਸੜਕ ਦੇ ਉੱਤੇ ਹੀ ਸੜਕ ਤੋਂ ਦੱਖਣ ਦੀ ਤਰਫ ਤੇ ਮੰਦਰ ਰਘੂਨਾਥ ਜੀ ਦੇ ਪਾਸ ਹੀ ਚੜ੍ਹਦੇ ਦੀ ਤਰਫ ਹੈ ਤੇ ਸ਼ਹਿਰ ਦੇ ਤੇ ਦਰਿਆ ਕ੍ਰਿਸ਼ਨ ਗੰਗਾ ਦੇ ਵਿਚਾਲੇ ਹੀ ਭਾਈ ਲਾਲੇ ਭਾਈ ਬਾਲੇ ਜੀ ਦਾ ਚਸ਼ਮਾ ਹੈ। ਹਿੰਦੂ ਤੇ ਮੁਸਲਮਾਨ ਪਾਣੀ ਭਰਦੇ ਹਨ ਇਹ ਮੰਦਰ ਕਰਨਲ ਗੰਡੂ ਦਾ ਕਰਕੇ ਮਸ਼ਹੂਰ ਹੈ। ਗੰਡੂ ਨੇ ਹੀ ਮੰਦਰ ਬਣਵਾਇਆ ਸੀ । ਜੋ ਰਾਜੇ ਗੁਲਾਬ ਜੀ ਨੇ ਰਘੂਨਾਥ ਜੀ ਦਾ ਮੰਦਰ ਬਣਵਾਇਆ ਸੀ ਉਹ ਤਾਂ ਸ਼ਹਿਰ ਵਿੱਚ ਹੈ । ਇਸ ਚਸ਼ਮੇ ਦਾ ਤੇ ਪੰਡਤਾਂ ਦੇ ਘਰ ਵਾਲੇ ਘਰ ਸ਼ਹਿਰ ਵਾਲੇ ਚਸ਼ਮੇ ਦਾ ਜਲ ਦੋਵਾਂ ਦਾ ਇੱਕ ਸਾਰ ਹੀ ਘੱਟ ਹੁੰਦਾ ਹੈ ਤੇ ਇੱਕ ਸਾਰੀ ਜਿਆਦਾ ਹੋ ਜਾਂਦਾ ਹੈ । ਦੋਨੇ ਚਸ਼ਮੇ ਇੱਕ ਦੂਜੇ ਨਾਲ ਸਬੰਧ ਰੱਖਦੇ ਹਨ।ਸਿਵਾਏ ਭਾਈ ਬਾਲੇ ਜੀ ਦੇ ਚਸ਼ਮੇ ਤੋਂ ਸ਼ਹਿਰ ਦੇ ਵਿੱਚ ਹੋਰ ਕੋਈ ਐਸਾ ਜਗ੍ਹਾ ਨਹੀਂ ਹੈ ਜੋ ਕਿ ਖੂਹ ਤੇ ਚਸ਼ਮਾ ਹੋਵੇ ।

ਚੌਥੀ ਜਗ੍ਹਾ ਸ਼ਹਿਰ ਤੋਂ ਇੱਕ ਮੀਲ ਤੇ ਪੱਛਮ ਵੀ ਤਰਫ ਮੋਟਰਾਂ ਦੀ ਸੜਕ ਦੇ ਉੱਤੇ ਐਬਟਾਬਾਦ ਨੂੰ ਜਾਂਦੀ ਹੈ ਉਸ ਉਤੇ ਭਾਈ ਬਾਲੇ ਜੀ ਦਾ ਇੱਕ ਚਸ਼ਮਾ ਹੈ ਜੋ ਕਿ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ। ਮੁਸਲਮਾਨਾਂ ਨੇ ਤਜਾਰਤ ਬਣਾਈ ਹੋਈ ਹੈ। ਚਸ਼ਮੇ ਦੇ ਤੇ ਸ਼ਹਿਰ ਦੇ ਵਿਚਾਲੇ ਕ੍ਰਿਸ਼ਨ ਗੰਗਾ ਵਗ ਰਹੀ ਹੈ ।

ਪੰਜਵੀਂ ਜਗ੍ਹਾ ਭਾਈ ਬਾਲੇ ਜੀ ਦਾ ਜੋ ਚਸ਼ਮਾ ਹੈ । ਸ਼ਹਿਰ ਦੇ ਉੱਤਰ ਪੱਛਮ ਦੀ ਗੁੱਠ ਵਿੱਚ ਛੇ ਮੀਲ ਤੇ ਪਿੰਡ ਘੋੜੀ ਹੈ ਪਿੰਡ ਘੋੜੀ ਤੋਂ ਉਤਰ ਦੀ ਤਰਫ ਇੱਕ ਮੀਲ ਤੇ ਭਾਈ ਬਾਲੇ ਜੀ ਦਾ ਚਸ਼ਮਾ ਹੈ ਜਿੱਥੇ ਮੁਸਲਮਾਨਾਂ ਦਾ ਪਹਿਰਾ ਹੈ ।ਡਾਕਖਾਨਾ ਤੇ ਤਹਿਸੀਲ ਜ਼ਿਲਾ ਮੁਜ਼ਫਾਬਾਦ ਤੇ ਰਿਆਸਤ ਕਸ਼ਮੀਰ ਹੈ ।

ਛੇਵੀਂ ਜਗ੍ਹਾ ਕਸਬਾ ਛਨਕਿਆਰੀ ਵਿੱਚ ਹੈ ਜੋ ਕਿ ਮਾਨਸੇਰਾ ਤੋਂਙ ਦਸ ਮੀਲ ਤੇ ਸ਼ਹਿਰ ਵਫਾਂ ਦੇ ਪਾਸ ਹੀ ਹੈ । ਇਹ ਛਨਕਿਆਰੀ ਵਿਖੇ ਖਾਲਸੇ ਦੇ ਰਾਜ ਦੀ ਬਾਰਾਂਦਰੀ ਦੇ ਪਾਸ ਹੀ ਬਾਲੇ ਜੀ ਦਾ ਇੱਕ ਚਸ਼ਮਾ ਹੈ ਇਸ ਜਗ੍ਹਾ ਸਿੰਘਾਂ ਦੇ ਰਾਜ ਦਾ ਇੱਕ ਗੁਰਦੁਆਰਾ ਵੀ ਹੈ ਜਿੱਥੇ ਬਹੁਤ ਬੇਅਦਬੀ ਹੋ ਰਹੀ ਹੈ [

ਭਾਈ ਬਾਲੇ ਜੀ ਦੇ ਇਸ ਚਸ਼ਮੇ ਦੇ ਬਾਰੇ ਚ ਭਾਈ ਕਿਸ਼ਨ ਸਿੰਘ ਜੀ ਜੋ ਕਿ ਗੁਰਦੁਆਰਾ ਹਰਗੋਬਿੰਦ ਸਾਹਿਬ ਹਰਗੋਵਿੰਦਪੁਰਾ ਛੇਵੇਂ ਪਿਤਾ ਜੀ ਦੇ ਪਾਸ ਆਪਣੇ ਘਰ ਪਿੰਡ ਨਲੂਸ਼ੀ ਵਿਖੇ ਰਹਿੰਦਾ ਸੀ ਉਹਨਾਂ ਦੀ ਜ਼ੁਬਾਨੀ ਪਤਾ ਲੱਗਾ ਹੈ ਕਿ ਬਾਲਾਕੋਟ ਕਸਬੇ ਵਿੱਚ ਭਾਈ ਬਾਲੇ ਜੀ ਦਾ ਚਸ਼ਮਾ ਦਾ ਸਥਾਨ ਹੈ ਜੋ ਕਿ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ।ਇਥੇ ਭਾਈ ਮਰਦਾਨੇ ਜੀ ਦਾ ਵੀ ਸਥਾਨਹੁੰਦਾ ਸੀ ਜੋ ਕਿ ਅੱਜ ਕੱਲ ਬੰਦ ਹੋ ਚੁੱਕਾ। ਏਥੇ ਭਾਈ ਬਾਲੇ ਦੇ ਚਸ਼ਮੇ ਦੇ ਸਵਾਏ ਕੋਈ ਹੋਰ ਚਸ਼ਮਾ ਨਹੀਂ ਹੈ । ਚਸ਼ਮੇ ਦੇ ਤੇ ਸ਼ਹਿਰ ਦੇ ਵਿਚਾਲੇ ਕ੍ਰਿਸ਼ਨ ਗੰਗਾ ਵਗ ਰਹੀ ਹੈ।(ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452) (17)

ਇੱਕ ਹੋਰ ਸ਼ਾਹਦੀ ਭਾਈ ਬਾਲਾ ਦੇ ਅਸਾਮ ਵਿਚ ਹੋਣ ਦੀ ਡਾ: ਅਰਜਨ ਸਿੰਘ ਮਾਨ ਨੇ ਅਪਣੀ ਪੁਸਤਕ ਵਿੱਚ ਦਿਤੀ ਹੈ:

“ਉਹ (ਗੁਰੂ ਨਾਨਕ ਦੇਵ ਜੀ) ਮਤਸੇਧਵਜ (ਹਜੋ, ਗਵਾਹਾਟੀ ਦੇ ਨੇੜੇ) ਗਏ, ਜਿੱਥੇ ਭਗਵਾਨ ਵਿਸ਼ਨੂੰ ਦੇ ਸਨਮਾਨ ਵਿੱਚ ਇੱਕ ਮੰਦਰ ਮੌਜੂਦ ਹੈ। ਮਰਦਾਨਾ ਕੁੰਡ ਅਤੇ ਬਾਲਾ ਕੁੰਡ ਗੁਰੂ ਜੀ ਦੇ ਇਸ ਸਥਾਨ 'ਤੇ ਆਉਣ ਦੀ ਯਾਦ ਦਿਵਾਉਂਦੇ ਹਨ”। ਡਾ: ਅਰਜਨ ਸਿੰਘ ਮਾਨ, “ਗੁਰੂ ਤੇਗ ਬਹਾਦਰ ਅਤੇ ਅਸਾਮ ਪ੍ਰਦੇਸ਼, ਪੰਨਾ 179” (18)

ਇਨ੍ਹਾਂ ਸੱਭ ਤੋਂ ਜ਼ਾਹਿਰ ਹੈ ਕਿ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਨਾਲ ਗਏ। ਸੋ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ ਭਾਈ ਬਾਲਾ ਬਾਰੇ ਲਿਖਿਆ ਪਰਵਾਨ ਕਰਨਾ ਬਣਦਾ ਹੈ।

ਭਾਈ ਬਾਲਾ ਜਨਮਸਾਖੀ ਵਿੱਚ ਅਸੰਗਤੀਆਂ ਅਤੇ ਰਲਾ ਬਾਰੇ ਵੱਖਰੇ ਲੇਖ ਵਿੱਚ ਦਿਤਾ ਗਿਆ ਹੈ।

hvwly

1. ਮੈਕਾਲਿਫ, ਮੈਕਸ ਆਰਥਰ, ਸਿੱਖ ਰਿਲੀਜਨ, ਆਕਸਫੋਰਡ, 1909,

2. ਮੈਕਲਿਓਡ, ਡਬਲਯੂ.ਐਚ., ਗੁਰੂ ਨਾਨਕ ਅਤੇ ਸਿੱਖ ਧਰਮ, ਆਕਸਫੋਰਡ, 1968, ਮੈਕਲਿਓਡ, ਡਬਲਯੂ. ਐਚ. (1980), ਅਰਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ, ਆਕਸਫੋਰਡ: ਕਲਾਰੇਂਡਨ ਪ੍ਰੈਸ, ਪੀ. 15. ISBN 0-19-826532-8. OCLC 5100963

3. ਹਰਬੰਸ ਸਿੰਘ, ਗੁਰੂ ਨਾਨਕ ਅਤੇ ਸਿੱਖ ਧਰਮ ਦੇ ਮੂਲ, ਬੰਬਈ, 1969

4. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ, ਪਟਿਆਲਾ, 1969

5. ਸਿੰਘ, ਤ੍ਰਿਲੋਚਨ ਡਾ. ਗੁਰੂ ਨਾਨਕ: ਸਿੱਖ ਧਰਮ ਦੇ ਸੰਸਥਾਪਕ: ਇੱਕ ਜੀਵਨੀ (PDF)। ਪੰਨਾ 492-494.

7. ਸਿੰਘਾ, ਐਚ.ਐਸ. (2000)। ਸਿੱਖ ਧਰਮ ਦਾ ਐਨਸਾਈਕਲੋਪੀਡੀਆ। ਹੇਮਕੁੰਟ ਪ੍ਰੈਸ ਪੀ. 28. ISBN 9788170103011. 19 ਅਗਸਤ 2022 ਨੂੰ ਪ੍ਰਾਪਤ ਕੀਤਾ ਗਿਆ।

8. ਮੈਕਲਿਓਡ, ਡਬਲਯੂ. ਐਚ. (1980)। ਮੁੱਢਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ। ਆਕਸਫੋਰਡ: ਕਲਾਰੇਂਡਨ ਪ੍ਰੈਸ। ਪੀ. 16. ISBN 0-19-826532-8. OCLC 5100963

9. ਡਾ: ਕਿਰਪਾਲ ਸਿੰਘ (ਸੰ:) ਜਨਮ ਸਾਖੀ ਭਾਈ ਮਨੀ ਸਿੰਘ ਪੰਨਾ 375

10. ਮੈਕਸ ਆਰਥਰ ਮੈਕਾਲਿਫ, 1909

11. ਸਿੰਘ, ਭੂਪੇਂਦਰ (23 ਦਸੰਬਰ 2022), ਬਾਬਾ ਨਾਨਕ ਸ਼ਾਹ ਫਕੀਰ (ਪਹਿਲਾ ਸੰਸਕਰਨ)। ਬਲੂ ਰੋਜ਼ ਪਬਲਿਸ਼ਰਜ਼ ਪੀ. 23. ISBN 9789357046602।

12. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ, ਪਟਿਆਲਾ, 1969 pMnw xvii-xviii

13. ਪਿਆਰੇ ਲਾਲ ਕਪੂਰ ਵਾਲੀ ਜਨਮ ਸਾਖੀ ਪਤਰਾ ਅੰਤਕਾ 221

14. ਕੱਤਕ ਕੇ ਵਿਸਾਖ ਕਰਮ ਸਿੰਘ ਪੰਨਾ 240

15. ਮੈਕਲਿਓਡ, ਡਬਲਯੂ. ਐਚ. (1980), ਅਰਲੀ ਸਿੱਖ ਪਰੰਪਰਾ: ਜਨਮ-ਸਾਖੀਆਂ ਦਾ ਅਧਿਐਨ, ਆਕਸਫੋਰਡ: ਕਲਾਰੇਂਡਨ ਪ੍ਰੈਸ, ਪੀ. 15. ISBN 0-19-826532-8. OCLC 5100963

16. ਮੈਕਲਿਓਡ, ਡਬਲਯੂ.ਐਚ., ਗੁਰੂ ਨਾਨਕ ਅਤੇ ਸਿੱਖ ਧਰਮ, ਆਕਸਫੋਰਡ, 1968, p49

17 ਧੰਨਾ ਸਿੰਘ ਚਹਿਲ ਗੁਰ ਤੀਰਥ ਸਾਈਕਲ ਯਾਤਰਾ 11 ਜੂਨ 1932 ਪੰਨਾ 451-452.

18. ਡਾ: ਅਰਜਨ ਸਿੰਘ ਮਾਨ, “ਗੁਰੂ ਤੇਗ ਬਹਾਦਰ ਅਤੇ ਅਸਾਮ ਪ੍ਰਦੇਸ਼, ਪੰਨਾ 179”
 

❤️ CLICK HERE TO JOIN SPN MOBILE PLATFORM

Top