dalvinder45
SPNer
- Jul 22, 2023
- 805
- 37
- 79
ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦਾ 52 ਰਾਜਿਆਂ ਨੂੰ
ਗਵਾਲੀਅਰ ਕੈਦ ਵਿੱਚੋਂ ਛੁਡਾਉਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ, ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ
ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ
ਗਵਾਲੀਅਰ ਕੈਦ ਵਿੱਚੋਂ ਛੁਡਾਉਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ, ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ
ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ
ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਕੁੱਝ ਭੁਲੇਖਿਆਂ ਕਰਕੇ ਗੁਰੂ ਜੀ ਦੇ ਜੀਵਨ ਦੀਆਂ ਘਟਨਾਵਾਂ ਦੀਆਂ ਮਿਤੀਆਂ ਵੱਖ ਵੱਖ ਲਿਖਾਰੀਆਂ ਨੇ ਵੱਖ ਵੱਖ ਦਿਤੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਦਾ ਗਵਾਲੀਅਰ ਵਿੱਚ ਕੈਦ ਅਤੇ ਫਿਰ ਰਿਹਾ ਹੋਣਾ ਅਤੇ ਦੂਜਾ ਬੰਦੀ ਛੋੜ ਗੁਰੂ ਜੀ ਨਾਲ 52 ਰਾਜਿਆਂ ਦੇ ਨਾਮ ਅਤੇ ਉਨ੍ਹਾਂ ਦੀਆਂ ਰਿਆਸਤਾਂ ਬਾਰੇ ਵੀ ਤੱਥ ਹਾਸਲ ਨਹੀਂ। ਇਸ ਲੇਖ ਵਿੱਚ ਗੁਰੂ ਹਰਗੋਬਿੰਦ ਸਾiਹਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚ ਕੈਦ ਰਹਿਣਾ ਅਤੇ ਰਿਹਾ ਹੋਣ ਦੀਆਂ ਨਿਤੀਆਂ ਬਾਰੇ ਖੋਜ ਹੈ।
ਗੁਰੂ ਹਰਗੋਬਿੰਦ ਸਾਹਿਬ ਦੇ ਮੁਢਲੇ ਜੀਵਨ ਦੀਆਂ ਘਟਨਾਵਾਂ ਅਤੇ ਤਰੀਕਾਂ
ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦੇ ਛੇਵੇਂ ਗੁਰੂ ਸਨ।[1] ਗੁਰੂ ਹਰਗੋਬਿੰਦ ਜੀ ਦਾ ਜਨਮ ਗੁਰੂ ਕੀ ਵਡਾਲੀ ਵਿੱਚ 19 ਜੂਨ 1595 ਨੂੰ ਅੰਮ੍ਰਿਤਸਰ ਤੋਂ 7 ਕਿਲੋਮੀਟਰ (4.3 ਮੀਲ) ਪੱਛਮ ਵਿੱਚ ਇੱਕ ਪਿੰਡ ਸੋਢੀ ਖੱਤਰੀ ਪਰਿਵਾਰ ਵਿੱਚ ਹੋਇਆ ਸੀ,[1][2]
ਪਰ ਉਨ੍ਹਾਂ ਦੇ ਜਨਮ ਦੀ ਮਿਤੀ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਉਂ ਦਰਜ ਹੈ:
1590/1595 ਈ: “ਬਧਾਈ ਲੀ ਸ੍ਰੀ ਹਰਗੋਬਿੰਦ ਜੀ ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ ਪੋਤਾ ਗੁਰੂ ਰਾਮਦਾਸ ਜੀ ਕਾ, ਸੰਬਤ ਸੋਲਾਂ ਸੈ ਸੰਤਾਲੀਸ (1590 ਈ, ਮਾਹ ਅਸਾਢ ਦਿੰਹੁੰ ਇਕੀਸ ਗਿਆਂ, ਸਵਾ ਪਹਿਰ ਰੈਣ ਰਹੀ ਮਾਤਾ ਗੰਗਾ ਜੀ ਕੇ ਉਦਰ ਥੀਂ ਗਾਮ ਬਡਾਲੀ ਪਰਗਣਾ ਗੁਰੂ ਚੱਕ ਮੇਂ ਏਕ ਚਮਤਕਾਰੀ ਬਾਲ ਪੈਦਾ ਹੂਆ, ਨਾਉਂ ਸ੍ਰੀ ਹਰਗੋਬਿੰਦ ਜੀ ਰਾਖਾ, ਕੁਲ ਪੁਰੋਹਿਤ ਸਿੰਘਾ ਕੋ ਮਾਨਾ । ਗੁਰੂ ਕੀ ਕੜਾਹੀ ਕੀ।ਅਤਿਥ ਗਰੀਬ ਗੁਰਬੇ ਕੋ ਦਾ ਦੀਆਂ। (ਭੱਟ ਵਹੀ ਮੁਲਤਾਨੀ ਸਿੰਧੀ ਲਿਖਤ ਕੀਰਤ ਭਟ, ਬੇਟਾ ਭੱਟ ਭਿਖੇ ਕਾ। (ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਕਲਮ ਮੰਦਿਰ ਲੋਅਰ ਮਾਲ ਪਟਿਆਲਾ, 1986, ਪੰਨਾ 26)” ਜਨਮ 9 ਜੂਨ 1595 (ਗੁਰ ਭਾਰੀ: 4) ਭੱਟ ਵਹੀ 21 ਹਾੜ 1647 ਬਿਕਰਮੀ (1590 ਈ) ਭੱਟ ਵਹੀ ਮੁਲਤਾਨੀ ਸਿੰਧੀ) 21 ਹਾੜ 1652 ਬਿਕਰਮੀ (1595 ਈ (ਖਜ਼ਾਨ ਸਿੰਘ, ਹਿਸਟਰੀ ਆਫ ਸਿੱਖ ਰਿਲੀਜਨ, 1914, ਤੀਜੀ ਵਾਰ, 1988, ਪੰਨਾ 129) 14 ਜੂਨ ਸੰਨ 1595 ਈ (ਗੁਰੂ ਖਾਲਸਾ ਤਵਾਰੀਖ, ਪੰਨਾ 296)
1598 ਈ: ਅਕਬਰ ਦਾ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ: 14 ਨਵੰਬਰ 1598, (ਗੁਰ ਭਾਰੀ :9) ਪ੍ਰਿਥੀ ਚੰਦ ਦੀਆਂ ਸ਼ਿਕਾਇਤਾਂ ਦਾ ਅਕਬਰ ਵਲੋਂ ਨਿਪਟਾਰਾ (ਅਕਬਰਨਾਮਾ: 514)
1599 ਈ: ਪ੍ਰਿਥੀ ਚੰਦ ਵਲੋਂ ਅੰਮ੍ਰਿਤਸਰ ਵਿਖੇ ਦਹੀਂ ਵਿੱਚ ਜ਼ਹਿਰ ਮਿਲਾਉਣ ਅਤੇ ਨੰਦ ਲਾਲ ਰਾਹੀ ਮਿਠਾਈ ਵਿੱਚ ਜ਼ਹਿਰ ਮਿਲਾਉਣ ਦੀਆਂ ਸਾਜਿਸ਼ਾਂ -1599 (ਗੁਰਭਾਰੀ :6,7)
1604 ਈ: ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦਾ ਸੰਪਾਦਨ: 29 ਅਗਸਤ 1604 ਅਤੇ ਪਹਿਲੀ ਵਾਰ 1 ਸਤੰਬਰ 1604 ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ ਗਿਆ। ਸਿੱਖ ਧਰਮ. ਹਰਜਿੰਦਰ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ (GGS) ਪ੍ਰਿਥੀ ਚੰਦ ਦੀਆਂ ਸਲੀਮ (ਜਹਾਂਗੀਰ) ਕੋਲ ਅਜਮੇਰ ਜਾ ਕੇ ਸ਼ਿਕਾਇਤਾਂ (ਗੁਰ ਭਾਰੀ : 9)
1604 ਈ: ਪਿਤਾ ਗੁਰੂ 22 ਭਾਦੋਂ 1661 ਬਿਕਰਮੀ (1604 ਈ: ) ਨੂੰ ਪਿੰਡ ਡੱਲੇ ਦਮੋਦਰੀ ਜੀ ਨਾਲ ਸ਼ਾਦੀ ਕਰ ਗਏ । (ਗੁਰੂ ਕੀਆਂ ਸਾਖੀਆਂ, ਪੰਨਾ 26) 1605 ਈ: ਦਮੋਦਰੀ ਜੀ ਨਾਲ ਕੁੜਮਾਈ 1605 (ਗੁਰ ਭਾਰੀ: 11) 1605 ਈ: ਚੰਦੂ ਦੇ ਪਰੋਹਤ ਦਾ ਰਿਸ਼ਤਾ ਹਰਗੋਬਿੰਦ ਜੀ ਨਾਲ ਕਰਨਾ ਪਰ ਗੁਰੂ ਪਰਿਵਾਰ ਲਈ ਕੁਬੋਲ ਬੋਲਣੇ ਤਾਂ ਲਹੌਰ ਦੀਆਂ ਸੰਗਤਾਂ ਦਾ ਗੁਰੂ ਜੀ ਨੂੰ ਰਿਸ਼ਤਾ ਨਾ ਲੈਣ ਲਈ ਖਤ ਲਿਖਣਾ 1605 ਈ: (ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ; ਗੁਰ ਭਾਰੀ:10)
1605 ਈ: ਅਕਬਰ ਦਾ ਦੇਹਾਂਤ 17 ਅਕਤੂਬਰ 1605 (ਗੁਰ ਭਾਰੀ: 12)
1605 ਈ: ਜਹਾਂਗੀਰ ਦਾ ਤਖਤ ਤੇ ਬੈਠਣਾ 24 ਅਕਤੂਬਰ 1605 (ਗੁਰ ਭਾਰੀ: 12)
1606 ਈ: ਖੁਸਰੋ ਦੀ ਜਹਾਂਗੀਰ ਵਿਰੁਧ ਬਗਾਵਤ: ਅਪ੍ਰੈਲ 1606 (ਗੁਰ ਭਾਰੀ 12)
1606 ਈ: ਖੁਸਰੋ ਦਾ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ, ਗੁਰੂ ਜੀ ਨੇ ਅਸ਼ੀਰਵਾਦ ਦੇਣੀ ਅਤੇ ਤਿਲਕ ਲਾਉਣਾ (15 ਅਪ੍ਰੈਲ 1606) (ਗੁਰ ਭਾਰੀ :13)
1606 ਈ: ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਵਲੋਂ ਆਪ ਜੀ ਨੂੰ ਲਹੌਰ ਬੁਲਾਇਆ ਤਾਂ ਆਪ ਨੇ ਜਾਣ ਲਿਆ ਕਿ ਹੁਣ ਜਿਉਂਦੇ ਜੀ ਵਾਪਸੀ ਸੰਭਵ ਨਹੀਂ ਇਸ ਲਈ ਰਵਾਨਾ ਹੋਣ ਤੋਂ ਪਹਿਲਾਂ ਜੇਠ ਸਦੀ ਏਕਮ 1663 ਬਿਕਰਮੀ (1606 ਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਪੰਚਮ ਗੁਰੂ ਲਹੌਰ ਚਲੇ ਗਏ। ਜੇਠ ਸੁਦੀ (1663 ਬਿਕਰਮੀ (1607 ਈ) ਨੂੰ ਸ਼ਹੀਦੀ ਹੋਈ {ਗੁਰੂ ਕੀਆਂ ਸਾਖੀਆਂ ਪੰਨਾ 26) ।
1606 ਈ: ਸਿੱਖ ਇਤਿਹਾਸ ਤੇਜਾ ਸਿੰਘ ਗੰਡਾ ਸਿੰਘ, ਪੰਨਾ 40 ਤੇ ਗੁਰੂ ਅਰਜਨ ਜੀ ਦੀ ਸ਼ਹਾਦਤ 30 ਮਈ 1606 ਨੂੰ ਲਿਖੀ ਹੈ। ਜੇ ਭੱਟ ਵਹੀਆਂ ਅਨੁਸਾਰ ਉਨ੍ਹਾਂ ਦਾ ਜਨਮ ਸੰਨ 1590 ਵਿੱਚ ਹੋਇਆ ਮੰਨੀਏਂ ਤਾਂ ਇਸ ਸਮੇਂ ਇਨ੍ਹਾਂ ਦੀ ਉਮਰ ਸੋਲਾਂ ਸਾਲ ਦੇ ਲਗਭਗ ਸੀ, ਜੋ ਸਹੀ ਜਾਪਦੀ ਹੈ ।
ਹਾਲਾਤ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਗੁਰੂ ਹਰਗੋਬਿੰਦ ਜੀ ਸਮੇਤ ਮਾਲਵੇ ਵਿੱਚ ਡਰੋਲੀ ਵਿਚ ਆ ਗਏ। ਭੱਟ ਵਹੀ ਦਸਦੀ ਹੈ:
1606 ਈ: ਗੁਰੂ ਹਰਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਬਾਸੀ ਗੁਰੂ ਕਾ ਚੱਕ ਪਰਗਣਾ ਨਿਝਰਿਆਲਾ ਸਮੇਤ ਸੋਲਾਂ ਸੌ ਤ੍ਰੇਸਠਾ (1606 ਈ) ਜੇਠ ਮਾਸੇ ਸੁਦੀ ਅਸ਼ਟਮੀ ਕੇ ਦਿਹੁੰ ਗੋਇੰਦਵਾਲ ਕੇ ਜੰਗਲ ਦੇਸ ਗਾਮ ਡਰੋਲੀ ਪਰਗਣਾ ਡਗਰੂ ਭਾਈ ਸਾਈਂ ਦਾਸ ਕੇ ਗ੍ਰਹਿ ਮੇ ਆਏ । ਗੈਲੋਂ ਮਾਤਾ ਗੰਗਾ ਦੇਈ ਤੇ ਇਸਤਰੀ ਦਮੋਦਰੀ ਜੀ ਆਈ। ਏਕ ਬਰਸ ਛੇ ਮਾਸ ਡਰੋਲੀ ਵਿਚ ਗਾਮ ਮੇਂ ਬਾਸ ਕਰਕੇ ਗੋਇੰਦਵਾਲ ਆਏ। (ਭੱਟ ਵਹੀ ਮੁਲਤਾਨੀ ਸਿੰਧੀ: ਗੁਰੂ ਕੀਆਂ ਸਾਖੀਆਂ, ਪੰਨਾ 26)
1606 ਈ: ਜਹਾਂਗੀਰ ਖੁਸਰੋ ਪਿੱਛੇ ਲਹੌਰ ਪੁੱਜਾ 13 ਅਪ੍ਰੈਲ਼ 1606 (ਤੁਜ਼ਕਿ ਜਹਾਂਗੀਰੀ, ਗੁਰ ਭਾਰੀ 14)
1606 ਈ: ਖੁਸਰੋ ਦੀ ਹਾਰ 1 ਮਈ 1606 (ਗੁਰ ਭਾਰੀ 14)
1606 ਈ: ਅਕਬਰ ਦੀ ਮਹਾਰਾਣੀ ਅਤੇ ਖੁਸਰੋ ਦੀ ਮਾਂ ਜੋਧਾ ਬਾਈ ਨੇ ਜ਼ਹਿਰ ਖਾਧੀ 6 ਮਈ 1606 (ਗੁਰਭਾਰੀ 12)
1606 ਈ: ਦੋਖੀਆਂ ਦੀਆਂ ਸ਼ਿਕਾਇਤਾਂ ਅਤੇ ਖੁਸਰੋ ਨੂੰ ਪਨਾਹ ਦੇਣ ਦੇ ਇਲਜ਼ਾਮ ਲਾ ਕੇ ਗੁਰੂ ਅਰਜਨ ਦੇਵ ਜੀ ਦੀ 15 ਮਈ 1606 ਨੀੰ ਗ੍ਰਿਫਤਾਰੀ ਦੇ ਆਦੇਸ਼ (ਗੁਰ ਭਾਰੀ 15).
1606 ਈ: ਚੰਦੂ ਦਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ 30 ਮਈ 1606: (ਗੁਰ ਭਾਰੀ 15) ਗਿਆਨੀ ਲਾਲ ਸਿੰਘ ਸੰਗਰੂਰ, 298, ਦੋ ਹਾੜ ਸੰਬਤ 1663 (30 ਮਈ ਸੰਨ 1606 ਈ
1606 ਈ: ਹਰਗੋਬਿੰਦ ਸਾਹਿਬ ਨੂੰ ਗੁਰ ਗੱਦੀ (ਗੁਰ ਭਾਰੀ 15) 9 ਹਾੜ ਸੰਬਤ 1663 (ਜੂਨ 1606 ਉਮਰ 11 ਸਾਲ (ਖਜ਼ਾਨ ਸਿੰਘ 129)
1606 ਈ: ਗੁਰੂ ਹਰਗੋਬੰਦ ਸਾਹਿਬ ਦਾ ਗੁਰ ਗੱਦੀ ਸੰਭਾਲਣ ਵੇਲੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਬੰਨਣੀਆਂ (ਗੁਰ ਭਾਰੀ 23) (ਖਜ਼ਾਨ ਸਿੰਘ 129-130)
1607 ਈ: ਗੁਰੂ ਘਰ ਦੇ ਦੋਖੀਆਂ ਚੰਦੂ ਅਤੇ ਮਿਹਰਬਾਨ ਨੇ ਗੁਰੂ ਹਰਗੋਬਿੰਦ ਸਾਹਿਬ ਵਿਰੁਧ ਜਹਾਂਗੀਰ ਦੇ ਕੰਨ ਭਰੇ ਦਸੰਬਰ 1607: (ਗੁਰ ਭਾਰੀ: 34)
1609 ਈ: ਅਸੂ ਦੀ ਪੂਰਨਮਾਸ਼ੀ 1665 ਬਿਕਰਮੀ (1608) ਨੂੰ ਆਪਦੇ ਪਹਿਲੇ ਸਪੁਤਰ ਸ੍ਰੀ ਗੁਰਦਿੱਤਾ ਜੀ ਦਾ ਜਨਮ ਡਰੋਲੀ ਵਿਖੇ ਹੋਇਆ। ਭੱਟ ਵਹੀ ਤਲਉਂਡਾ ਵਿੱਚ ਇਉਂ ਦਰਜ ਹੈ: ਬਧਾਈ ਲੀ ਗੁਰਦਿੱਤਾ ਕੀ, ਬੇਟਾ ਹਰਗੋਬਿੰਦ ਜੀ ਮਹਲ ਛੇਵੇਂ ਕਾ ਪੋਤਾ ਗੁਰੂ ਅਰਜਨ ਜੀ ਕਾ ਸੰਬਤ ਸੋਲਾਂ ਸੈ ਪੈਂਸਠ (1609 ਈ) ਅਸੂ ਕੀ ਪੂਰਨਿਮਾ ਕੇ ਦਿਹੁੰ ਮਾਤਾ ਦਮੋਦਰੀ ਕੇ ਉਦਰ ਥੀਂ । ਸ਼ੁਭ ਘਰੀ ਜਨਮ ਹੋਆ, ਗਾਮ ਡਰੋਲੀ ਕੇ ਮਲਾਨ ਜੰਗਲ ਦੇਸ ਮੇਂ । ਭੱਟ ਬਿਹਾਰੀ ਕੋ ਮਾਨਾ, ਗੁਰੂ ਕੀ ਕੜਾਹੀ ਕੀ । (ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 26) ਸਿੱਖ ਇਤਿਹਿਾਸ: 45) 1613 ਈ: ਬਾਬਾ ਗੁਰਦਿੱਤਾ ਜੀ ਦਾ ਜਨਮ 1613 ਈ (ਗੁਰ ਭਾਰੀ 46)
ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ
1609 ਈ: ਅਕਾਲ ਤਖਤ ਦੀ ਸਥਾਪਨਾ (ਗੁਰ ਭਾਰੀ, 34) 5 ਹਾੜ ਸੰਬਤ 166 (ਜੂਨ 1609 ਈ: (ਖਜ਼ਾਨ ਸਿੰਘ: 130: ਤੇਜਾ ਸਿੰਘ, ਗੰਡਾ ਸਿੰਘ: ਸਿੱਖ ਇਤਿਹਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 44)
ਲੋਹਗੜ੍ਹ ਕਿਲ੍ਹਾ, ਅੰਮ੍ਰਿਤਸਰ
1609 ਈ: ਅੰਮ੍ਰਿਤਸਰ ਵਿੱਚ ਕਿਲ੍ਹੇ ਦੀ ਉਸਾਰੀ 1609 (ਗੁਰ ਭਾਰੀ 36)
1606 ਤੋਂ 1610 ਈ: ਤੱਕ ਗੁਰੂ ਹਰਗੋਬੰਦ ਜੀ ਨੇ ਸਿੱਖ ਜਥੇਬੰਦੀ ਨੂੰ ਮਜ਼ਬੂਤ ਕੀਤਾ। (ਗੁਰ ਭਾਰੀ 20)
1610 ਈ: ਜਹਾਂਗੀਰ 1610 ਵਿੱਚ ਆਗਰੇ ਪਹੁੰਚਿਆ ਅਤੇ 1610 ਵਿੱਚ ਮੁਰਤਜ਼ਾਖਾਨ ਨੂੰ ਗਵਰਨਰ ਥਾਪਿਆਂ ਅਤੇ ਪੰਜਾਬ ਜਗੀਰ ਵਿੱਚ ਦੇ ਦਿਤਾ (ਗੁਰ ਭਾਰੀ:20)
1610 ਈ: ਚੰਦੂ, ਮਿਹਰਬਾਨ ਅਤੇ ਕੁੱਝ ਮੁਸਲਮਾਨਾਂ ਦੀਆਂ ਸ਼ਕਾਇਤਾਂ ਤੇ ਅਮਲ ਕਰਦਿਆਂ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਗੁਰੂ ਹਰਗੋਬਿੰਦ ਜੀ ਦੇ ਬੰਦੀ ਬਣਾਏ ਜਾਣ ਦੇ ਹੁਕਮ ਦਿੱਤੇ 1610 (ਗੁਰ ਭਾਰੀ 36) ਮੁਰਤਜ਼ਾ ਖਾਨ ਨੇ ਲਹੌਰ ਆ ਕੇ ਵਜ਼ੀਰ ਖਾਨ ੳਤੇ ਗੁੰਚਾ ਬੇਗ ਨੂੰ ਗੁਰੂ ਹਰਗੋਬੰਦ ਸਾਹਿਬ ਨੂੰ ਆਗਰੇ ਜਹਾਂਗੀਰ ਨੂੰ ਮਿਲਣ ਲਈ ਲੈ ਜਾਣ ਦੇ ਹੁਕਮ ਦਿਤੇ। (ਗੁਰ ਭਾਰੀ: 36-37)
1612 ਈ: ਗੁਰੂ ਸਾਹਿਬ ਦੋ ਮਾਘ ਸੰਮਤ 1669 ਬਿਕਰਮੀ (1612 ਈJ ਦਿਨ ਸੋਮਵਾਰ ਦਿੱਲੀ ਨੂੰ ਜਾਣ ਲਈ ਤਿਆਰ ਹੋਏ। (ਪੰਡਿਤ ਤਾਰਾ ਸਿੰਘ ਨਰੋਤਮ 1668 ਬਿਕਰਮੀ) (ਗੁਰੂ ਖਾਲਸਾ ਤਵਾਰੀਖ: 301)
1615 ਈ: ਬੀਬੀ ਵੀਰੋ ਜੀ ਦਾ ਜਨਮ 1615 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)
1616 ਈ: ਮਿਹਰਬਾਨ ਅਤੇ ਚੰਦੂ ਦੀਆਂ ਜਹਾਂਗੀਰ ਕੋਲ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ 3 ਜੇਠ ਸੰਬਤ 1673 (ਮਈ 1616 ਈ ਨੰ ਦਿੱਲੀ ਲਈ ਰਵਾਨਾ ਹੋਏ। ਬਾਦਸ਼ਾਹ ਮਿਲ ਕੇ ਖੁਸ਼ ਹੋਇਆ, 500 ਰੁਪੈ ਲੰਗਰ ਲਈ ਦਿੱਤੇ ਤੇ 100 ਘੋੜਿਆਂ ਦੇ ਚਾਰੇ ਲਈ ਵੀ ਖਰਚ ਦਿੱਤਾ।(ਖਜ਼ਾਨ ਸਿੰਘ: 131)
1617 ਈ: ਬਾਬਾ ਸੂਰਜ ਮੱਲ ਜੀ ਦਾ ਜਨਮ 1617 ਈ: (ਗੁਰ ਭਾਰੀ46, ਸਿੱਖ ਇਤਿਹਿਾਸ: 45)
1618 ਈ: ਬਾਬਾ ਅਣੀ ਰਾਇ ਜੀ ਦਾ ਜਨਮ 1618 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)
1618 ਈ: ਜਹਾਂਗੀਰ ਦਾ ਬਿਮਾਰ ਹੋਣਾ ਤੇ ਚੰਦੂ ਨੇ ਸ਼ਾਹੀ ਨਜੂਮੀਏ ਨੂੰ ਵੱਢੀ ਦੇ ਕੇ ਜਹਾਂਗੀਰ ਉਪਰ 7-1/2 ਸਾਲ ਸਾੜ੍ਹਸੱਤੀ ਹੋਣ ਬਾਰੇ ਅਖਵਾਕੇ ਕਿਸੇ ਪਹੁੰਚੇ ਸੰਤ ਤੋਂ 40 ਦਿਨਾਂ ਦਾ ਦੱਖਣ ਦੇਸ਼ ਵਿੱਚ ਸਿਲਾ ਤੇ ਭਗਤੀ ਬਾਰੇ ਅਖਵਾਉਣਾ । ਚੰਦੂ ਲਾਲ ਦਾ ਜਹਾਂਗੀਰ ਕੋਲ ਗੁਰੂ ਹਰਗੋਬਿੰਦ ਸਾਹਬ ਜੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਇਸ ਭਗਤੀ ਲਈ ਸੱਭ ਤੋਂ ਯੋਗ ਆਖਣਾ ਤੇ ਭਗਤੀ ਲਈ ਗਵਾਲੀਅਰ ਨੂੰ ਸਹੀ ਸਥਾਨ ਕਹਿਣਾ।ਧੋਖੇ ਭਰੀ ਸਲਾਹ ਉਤੇ ਅਸਰ ਕਰਦਿਆਂ ਜਹਾਂਗੀਰ ਨੇ ਗੁਰੂ ਜੀ ਨੂੰ ਇਸ ਭਗਤੀ ਲਈ ਕਹਿਣਾ। ਗੁਰੂ ਜੀ ਦਾ ਬਿਨਾ ਹੀਲ ਹੁੱਜਤ ਪੰਜ ਸਿੱਖਾਂ ਨਾਲ ਗਵਾਲੀਅਰ ਲਈ ਚੱਲ ਪੈਣਾ। ਪਿੱਛੋਂ ਚੰਦੂ ਦਾ ਜਹਾਂਗੀਰ ਗੁਰੂ ਜੀ ਬਾਰੇ ਲਗਾਤਾਰ ਕੰਨ ਭਰਨਾ ਤੇ ਦਸ ਹਜ਼ਾਰ ਦਾ ਜੁਰਮਾਨਾ ਜੋ ਗੁਰੂ ਅਰਜਨ ਉਤੇ ਲਾਇਆ ਗਿਆ ਦੱਸਿਆ ਉਹ ਭਰਵਾਉਣ ਲਈ ਕਹਿਣਾ ਤੇ ਇਹ ਵੀ ਹੁਕਮ ਦਿਵਾਉਣਾ ਕਿ ਜਦ ਤੱਕ ਗੁਰੂ ਹਰਗੋਬਿੰਦ ਸਾਹਿਬ 10,000 ਰੁਪਿਆ ਭਰ ਨਹੀਂ ਦਿੰਦੇ ਉਦੋਂ ਤੱਕ ਗਵਾਲੀਅਰ ਕਿਲ੍ਹੇ ਵਿੱਚ ਕੈਦ ਰਹਿਣਗੇ।ਜਦ ਗੁਰੂ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ਦੀ ਖਬਰ ਮਾਤਾ ਗੰਗਾ ਜੀ ਕੋਲ ਪਹੁੰਚੀ ਤਾਂ ਉਨ੍ਹਾ ਨੇ ਬਾਬਾ ਬੁੱਢਾ ਜੀ ਨੂੰ ਜੁਰਮਾਨੇ ਦੀ ਰਕਮ ਦੇ ਕੇ ਭੇਜਿਆ ਪਰ ਗੁਰੂ ਹਰਗੋਬਿੰਦ ਜੀ ਨੇ ਇਹ ਜੁਰਮਾਨਾ ਭਰਨ ਲਈ ਮਨਾਹੀ ਕਰ ਦਿਤੀ। ਬਾਬਾ ਬੁੱਢਾ ਨਾਲ 2000 ਸਿੱਖ ਵੀ ਗਏ ਸਨ ਜਿਨ੍ਹਾਂ ਨੇ ਕਿਲ੍ਹੇ ਉਦਾਲੇ ਡੇਰਾ ਲਾ ਲਿਆ। ਮੀਆਂ ਮੀਰ ਨੇ ਜਹਾਂਗੀਰ ਨੂੰ ਚੰਦੂ ਦੀਆਂ ਚਾਲਾਂ ਦੀ ਸਾਰੀ ਹਕੀਕਤ ਦੱਸੀ ਤਾਂ ਜਹਾਂਗੀਰ ਦੀਆਂ ਅੱਖਾਂ ਖੁਲ੍ਹੀਆਂ ਤੇ ਉਸਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਦੇ ਦਿਤਾ।ਗੁਰੂ ਜੀ ਦਿੱਲੀ ਆਏ ਤਾਂ ਜਹਾਂਗੀਰ ਨੇ ਗੁਰੂ ਜੀ ਤੋਂ ਮਾਫੀ ਮੰਗੀ, ਕੀਮਤੀ ਤੋਹਫੇ ਦਿੱਤੇ ਤੇ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰ ਦਿਤਾ । (ਖਜ਼ਾਨ ਸਿੰਘ: 131-134)
1619 ਈ: ਬਾਬਾ ਅਟੱਲ ਰਾਇ ਜੀ ਦਾ ਜਨਮ 1619 ਈ: (ਗੁਰ ਭਾਰੀ 46, ਸਿੱਖ ਇਤਿਹਿਾਸ: 45)
ਗਵਾਲੀਅਰ ਕਿਲ੍ਹਾ
ਗੁਰੂ ਜੀ ਦਾ ਗਵਾਲੀਅਰ ਤੋਂ 52 ਰਾਜਿਆਂ ਨਾਲ ਬੰਧਨ ਮੁਕਤ ਹੋਣਾ:
ਪਿੰਡ ਘੁਡਾਣੀ ਕਲਾਂ ਵਿਖੇ ਗੁਰੂ ਹਰਗੋਬਿੰਦ ਜੀ ਦਾ ਸੰਭਾਲਿਆ ਚੋਲਾ ਜੋ ਉਨ੍ਹਾਂ ਨੇ ਪਹਿਨਿਆ ਮੰਨਿਆ ਜਾਂਦਾ ਹੈ। ਇਸ ਵਿੱਚ 52 ਕਲੀਆਂ ਹਨ, ਜੋ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨੂੰ ਬੰਦੀ ਤੋਂ ਮੁਕਤ ਕਰਾਉਣ ਦੀ ਗਾਥਾ ਦੇ ਵਰਣਨ ਨਾਲ ਮੇਲ ਖਾਂਦੇ ਹਨ।
1619 ਈ: ਗੁਰੁ ਹਰਗੋਬੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੋਢੀ ਖਤਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੁਆਲੀਅਰ ਸੇ ਬੰਧਨ ਮੁਕਤ ਹੂਏ। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)
1619 ਈ: ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਸੰਗ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਬੰਦੀ ਛੋੜ ਗੁਰੂ ਹਰਗੋਬਿੰਦ ਜੀ ਕੇ ਬੰਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਨਿਵਾਸ ਕਰਕੇ ਗੁਆਲੀਅਰ ਸੇ ਬਿਦਾਇਗੀ ਲੀ। ਰਾਸਤੇ ਮੇਂ ਪੰਧ ਮੁਕਾਇ ਆਗਰੇ ਆਇ ਨਿਵੲਸ ਕੀਆ । (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)
1619 ਈ: ਗੁਰੁ ਹਰਗੋਬੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੋਢੀ ਖਤਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ ਗਢ ਗਵਾਲੀਅਰ ਸੇ ਮੁਕਤ ਹੋਇ ਗਾਮ ਨਾਰਨੌਲ ਪਰਗਣਾ ਬਟਾਲਾ ਮੇਂ ਆਏ।ਬਾਦਸ਼ਾਹ ਜਹਾਂਗੀਰ ਕੇ ਗੈਲ ਸੰਮਤ ਸੋਲਾਂ ਸੈ ਛਿਹਤਰ ਫਲਗੁਨ ਪ੍ਰਵਿਸ਼ਟੇ ਪਹਿਲੀ ਸੰਗ੍ਰਾਂਦ ਕੇ ਦਿਹੁੰ। ਗੁਰੂ ਜੀ ਕਾ ਆਨਾ ਸੁਣਿ ਬਾਬਾ ਬੁਢਾ ਬੇਟਾ ਬਾਬਾ ਸੁਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਡੱਲੇ ਕਾ. ਬੱਲੂਰਾਇ ਬੇਟਾ ਮੂਲਚੰਦ ਜਲ੍ਹਾਣੇ ਕਾ, ਪਦਮਰਾਇ ਬੇਟਾ ਕੌਲ ਦਾਸ ਹਜਾਵਤ ਕਾ, ਹੋਰ ਸਿੱਖ ਫਕੀਰ ਆਏ। (ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 27)
1619 ਈ: ਪ੍ਰਿਥੀ ਚੰਦ ਦਾ ਦੇਹਾਂਤ 12 ਵਿਸਾਖ 1676 ਬਿਕ੍ਰਮੀ ਨੂੰ ਹੋਇਆ। (ਗੁਰੂ ਕੀਆਂ ਸਾਖੀਆਂ, ਪੰਨਾ 27)
1620 ਈ: ਗੁਰੂ ਹਰਗੋਬਿੰਦ ਜੀ ਮਹਲਾ ਛਟਾ …ਤਾਊ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਹਰ ਪਰਗਣਾ ਪੱਟੀ, ਗੁਰੂ ਮੇਹਰਬਾਨ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ (1620 ਈ) ਪੱਖ ਪ੍ਰਵਿਸ਼ਟੇ ਠਾਈ, ਦਿਹੁੰ ਸ਼ੁਕਰਵਾਰ ਕੇ। ਸਾਥ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ ਪੋਤਾ ਗੁਰੂ ਅਮਰਦਾਸ ਮਹਲੇ ਤਜਿੇ ਕਾ, ਬਾਬਾ ਬੁੱਢਾ ਜੀ ਰਾਮਦਾਸ ਬੇਟਾ ਸੁੱਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭੱਲੇ ਕਾ, ਬੱਲੂ ਬੇਟਾ ਮੂਲੇ ਜਲ੍ਹਾਨੇ ਪੰਵਾਰ ਕਾ ਅਇਆ।(ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲ੍ਹਾਨੋਂ ਕਾ, ਗੁਰੂ ਕੀਆਂ ਸਾਖੀਆਂ, ਪੰਨਾ 26)
ਗੁਰੂ ਜੀ ਦਾ ਅੰਮ੍ਰਿਤਸਰ ਪਹੁੰਚਣਾ:
1620 ਈ: ਗੁਰੁ ਹਰਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾਂ ਸੈ ਸਤਤ੍ਰਾ (1620 ਈ) ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚੱਲ ਗੁਰੂ ਕੇ ਚੱਕ ਪਰਗਣਾ ਨਿਝਰਆਲਾ ਆਏ ਗੈਲੋਂ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ ਪੋਤਾ ਗੁਰੂ ਅਮਰਦਾਸ ਮਹਲੇ ਤੀਜੇ ਕਾ, ਗੁਰੂ ਮੇਹਰਬਾਨ ਬੇਟਾ ਪ੍ਰਿਥੀ ਚੰਦ ਕਾ, ਬਾਬਾ ਬੁਢਾ ਬੇਟਾਬਾਬਾ ਸੁਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਡੱਲੇ ਕਾ. ਬੱਲੂਰਾਇ ਬੇਟਾ ਮੂਲਚੰਦ ਜਲ੍ਹਾਣੇ ਕਾ, ਕੌਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ ਹੋਰ ਸਿੱਖ ਫਕੀਰ ਆਏ। ਗੁਰੂ ਕੇ ਆਨੇ ਕੀ ਖੁਸ਼ੀ ਮੇਂ ਦੀਪ ਮਾਲਾ ਕੀ ਗਈ। ਸ੍ਰੀ ਹਰਿਮੰਦਰ ਸਾਹਿਬ ਜੀ ਮੇਂ ਦੀਆ ਬਾਤੀ ਕੀ ਸੇਵਾ ਗੁਰੂ ਮੇਹਰਬਾਨ ਕੀ ਲਾਈ। ਗੁਰੂ ਜੀ ਤੀਜੇ ਦਿਹੁੰ ‘ਗੁਰੂ ਚੱਕ’ ਸੇ ਵਿਦਾ ਹੋਇ ਗੋਇੰਦਵਾਲ ਆ ਬਿਰਾਜੇ।(ਭੱਟ ਵਹੀ ਤਲਉਂਡਾ ਗੁਰੂ ਕੀਆਂ ਸਾਖੀਆਂ, ਪੰਨਾ 28)
1620 ਈ: ਜ਼ਮੀਨ ਰਹਿਣ ਲੈ ਕੇ 17 ਅੱਸੂ ਸੰਬਤ 1677 (ਅਕਤੂਬਰ 1620 ਈ ਨੂੰ ਹਰਗੋਬਿੰਦਪੁਰ ਦੀ ਨੀਂਹ ਰੱਖੀ (ਖਜ਼ਾਨ ਸਿੰਘ: 130-131)
ਇਤਿਹਾਸਕਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ 40 ਦਿਨਾਂ ਤੋਂ ਲੈ ਕੇ 12 ਸਾਲ ਤੱਕ ਦੀ ਕੈਦ ਲਈ ਵੱਖ-ਵੱਖ ਮਿਆਦਾਂ ਦੀ ਪੇਸ਼ਕਸ਼ ਕੀਤੀ ਹੈ। ਪ੍ਰਿੰਸੀਪਲ ਤੇਜਾ ਸਿੰਘ ਡਾ: ਗੰਡਾ ਸਿੰਘ ਲਿਖਤ ਸਿੱਖ ਇਤਿਹਾਸ (1469-1765) ਪੰਨਾ 45 ਤੇ ਨੋਟ ਵਿੱਚ ਲਿਕਦੇ ਹਨ:
‘ਮੋਹਸਿਨ ਫਾਨੀ ਅਨੁਸਾਰ ਅਨੁਸਾਰ ਗੁਰੂ ਸਾਹਿਬ ਕਿਲ੍ਹੇ ਵਿਚ 12 ਸਾਲ ਰਹੇ ਪਰ ਇਹ ਗੱਲ ਬਿਲਕੁਲ ਅਣਹੋਣੀ ਹੈ ਕਿਉਂਕਿ ਇਨ੍ਹਾਂ ਸਾਲਾਂ ਵਿਚ ਹੀ ਉਨ੍ਹਾਂ ਦੇ ਘਰ ਕਈ ਬੱਚੇ ਪੈਦਾ ਹੋਏ ਸਨ: ਗੁਰਦਿਤਾ 1613 ਵਿਚ, ਵੀਰੋ 1615 ਵਿਚ, ਸੂਰਜਮਲ 1617 ਵਿਚ ਅਣੀ ਰਾਇ 1618 ਵਿਚ, ਅਟੱਲ 1619 ਵਿਚ ਅਤੇ ਤੇਗ ਬਹੲਦੁਰ ਜੀ 1621 ਵਿਚ। ਗੁਰੂ ਸਾਹਿਬ ਨੇ ਗਵਾਲੀਅਰ ਵਿੱਚ ਦੋ ਸਾਲਾਂ ਤੋਂ ਵੱਧ ਨਹੀਂ ਲੰਘਾਏ ਜਾਪਦੇ ਅਤੇ 1614 ਵਿਚ ਕਿਸੇ ਸਮੇਂ ਵਾਪਿਸ ਮੁੜ ਆਏ ਹੋਣਗੇ। ਫੋਰਸਟਰ ਇਸ ਨੂੰ ‘ਛੋਟੇ ਸਮੇਂ ਦੀ ਨਜ਼ਰਬੰਦੀ ਕਹਿੰਦਾ ਹੈ” (ਪੰਨਾ 259)। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੂੰ 12 ਸਾਲਾਂ ਦਾ ਜੇਲ੍ਹਖਾਨਾ ਹੋਇਆ ਹੋਵੇ ਪਰ ਉਨ੍ਹਾਂ ਦੇ ਹੱਕ ਵਿੱਚ ਮੀਆਂ ਮੀਰ ਅਤੇ ਦੂਜੇ ਕਈ ਲੋਕਾਂ ਦੀਆਂ ਬੇਨਤੀਆਂ ਤੇ ਉਨ੍ਹਾਂ ਨੂੰ ਪਹਿਲਾਂ ਹੀ ਛੱਡ ਦਿਤਾ ਗਿਆ ਹੋਵੇ।‘
ਵਜ਼ੀਰ ਖਾਨ, ਮੀਆਂ ਮੀਰ, ਨਿਜ਼ਾਮਦੀਨ ਔਲੀਆ ਅਤੇ ਨੂਰ ਜਹਾਨ ਦੇ ਪ੍ਰਭਾਵ ਥੱਲੇ ਗੁਰੂ ਜੀ ਨੂੰ ਜਹਾਂਗੀਰ ਨੇ ਸੰਨ 1612 ਵਿੱਚ ਗੁਰੂ ਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲ੍ਹੇ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ। (ਗੁਰ ਭਾਰੀ 46) ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸ, ਕ੍ਰਿਸ਼ਨਾ ਪੱਖ ਚੌਦਸ ਬਾਵਨ ਰਾਜਯੋਂ ਕੇ ਗੈਲ ਰਿਹਾ ਹੂਏ।। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27) ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 1617 ਅਤੇ 1619 ਦੇ ਵਿਚਕਾਰ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ। ਗੁਰੂ ਜੀ ਦਾ ਜਨਮ ਜੂਨ 1595 ਵਿੱਚ ਹੋਇਆ ਸੀ, ਇਸ ਲਈ ਉਹਨਾਂ ਦੀ ਉਮਰ 22 ਸਾਲ ਸੀ, ਜਦੋਂ ਉਹਨਾਂ ਨੂੰ ਗਵਾਲੀਅਰ ਵਿੱਚ ਕੈਦ ਕੀਤਾ ਗਿਆ ਸੀ। ਇਹ ਉਹੀ ਜੇਲ੍ਹ ਹੈ ਜਿੱਥੇ ਬਾਦਸ਼ਾਹ ਜਹਾਂਗੀਰ ਨੇ 52 ਹੋਰ ਰਾਜਿਆਂ ਨੂੰ ਕੈਦ ਕੀਤਾ ਸੀ। ਇਹ ਸਾਬਕਾ ਸ਼ਾਹੀ ਕੈਦੀ ਉੱਥੇ ਕੂਚ ਕਰ ਰਹੇ ਸਨ, ਜਾਂ ਤਾਂ ਉਨ੍ਹਾਂ ਨੇ ਜਹਾਂਗੀਰ ਦੇ ਉੱਤਰਾਧਿਕਾਰੀ ਲਈ ਬਗ਼ਾਵਤ ਵਿੱਚ ਸ਼ਹਿਜ਼ਾਦਾ ਖੁਰਰਮ ਦਾ ਸਾਥ ਦਿੱਤਾ ਸੀ, ਜਾਂ ਸਹਿਮਤੀ ਨਾਲ ਮਾਲੀਆ ਅਦਾ ਕਰਨ ਵਿੱਚ ਅਸਫਲ ਰਹੇ ਸਨ ਜਾਂ ਯੁੱਧ ਵਿੱਚ ਉਨ੍ਹਾਂ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਰਾਜਾਂ ਨੂੰ ਸ਼ਾਮਲ ਕਰ ਲਿਆ ਗਿਆ ਸੀ। ਉਸ ਜੇਲ੍ਹ ਦਾ ਸੁਪਰਡੈਂਟ ਹਰੀ ਦਾਸ ਸੀ। ਇਸ ਬਦਨਾਮ ਜੇਲ੍ਹ ਦੀ ਅਜਿਹੀ ਪ੍ਰਸਿੱਧੀ ਸੀ ਕਿ ਇਸ ਵਿੱਚੋਂ ਕੋਈ ਵੀ ਕੈਦੀ ਜਿਉਂਦਾ ਬਾਹਰ ਨਹੀਂ ਆਇਆ ਸੀ। (ਭੁਪਿੰਦਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਜੇਲ੍ਹ ਵਿੱਚ ਕੈਦ, Guru Hargobind Ji's Incarceration in Gwalior Prison)
ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਜੀ ਨੂੰ ਜਹਾਂਗੀਰ ਨੇ ਦੋਖੀਆਂ ਦੇ ਉਕਸਾਏ ਜਾਣ ਤੇ ਬੰਦੀ ਦਾ ਹੁਕਮ ਦਿਤਾ ਤੇ ਗੁਰੂ ਹਰਗੋਬਿੰਦ ਜੀ ਤਕਰੀਬਨ 6 ਮਹੀਨੇ ਤੋਂ ਸਾਲ ਭਰ ਤੱਕ ਗਵਾਲੀਅਰ ਕਿਲ੍ਹੇ ਵਿਚ ਬੰਦੀ ਰਹੇ।ਤੇ ਸੰਮਤ ਸੋਲਾਂ ਸੈ ਛਿਹਤ੍ਰਾ (1619 ਈ) ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੁਆਲੀਅਰ ਸੇ ਬੰਧਨ ਮੁਕਤ ਹੂਏ। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ,ਗੁਰੂ ਕੀਆਂ ਸਾਖੀਆਂ, ਪੰਨਾ 27)
ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾ ਹੋਏ ਸਨ।ਹਵਾਲਾ ਇਸੇ ਕਰ ਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਹ ਰਾਜੇ ਕੌਣ ਸਨ ਅਤੇ ਕਿਹੜੇ ਰਾਜ ਦੇ ਸਨ ਇਸ ਨੂੰ ਖੋਜ ਕਰਦਿਆਂ ਮੇਰੇ ਸਾਹਮਣੇ ਇਕ ਲਿਖਤ ਆਈ ਜਿਸ ਵਿੱਚ ਇਨ੍ਹਾਂ ਰਾਜਿਆਂ ਅਤੇ ਰਾਜਾਂ ਦੀ ਫਹਿਰਿਸ਼ਤ ਦਰਜ ਸੀ:
ਬੰਦੀ ਛੋੜ ਦਿਵਸ ਤੇ ਹਰਿਮੰਦਰ ਸਾਹਿਬ ਵਿੱਚ ਆਤਿਸ਼ ਬਾਜ਼ੀ
ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ।ਤਾਲਿਕਾ 1: 52 ਰਾਜੇ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਗੜ੍ਹ ਗਵਾਲੀਅਰ ਵਿਚੋਂ ਕੈਦ ਕਰਵਾਏ:
ਰਾਜੇ ਦਾ ਨਾਂ | ਰਾਜ | ਰਾਜੇ ਦਾ ਨਾਂ | ਰਾਜ | ||
1 | ਧਰਮਚੰਦ | ਨਰਮਦਾ | 27 | ਧਰਮ ਸਿੰਘ | ਸਿਰਮੌਰ |
2 | ਬਿਕਰਮਜੀਤ ਸਿੰਘ | ਮੇਵਾੜ | 28 | ਫਤਹਿ ਸਿੰਘ | ਸਿਰਮੌਰ |
3 | ਜੈ ਸਿੰਘ | ਮਾਰਵਾੜ | 29 | ਅਜਮੇਰ ਸਿੰਘ /ਕਲਿਆਣ ਚੰਦ | ਕਹਿਲੂਰ |
4 | ਗਜ ਸਿੰਘ | ਮਾਰਵਾੜ | 30 | ਗੋਪਾਲ ਸਿੰਘ | ਨੂਰਪੁਰ |
5 | ਰਾਇ ਸਿੰਘ | ਬੀਕਾਨੇਰ | 31 | ਰਘੂਨਾਥ ਸਿੰਘ | ਜੈਸਲਮੇਰ |
6 | ਕਰਣ ਸਿੰਘ | ਬੀਕਾਨੇਰ | 32 | ਸਵਾਈ ਸਿੰਘ | ਜੋਧਪੁਰ |
7 | ਸੂਰਜਮੱਲ | ਭਰਤਪੁਰ | 33 | ਉਮੈਦ ਸਿੰਘ | ਜੋਧਪੁਰ |
8 | ਅਨੂਪ ਸਿੰਘ | ਬੀਕਾਨੇਰ | 34 | ਅਭੈ ਸਿੰਘ | ਜੋਧਪੁਰ |
9 | ਜਸਵੰਤ ਸਿੰਘ | ਜੋਧਪੁਰ | 35 | ਬਹਾਦੁਰ ਸਿੰਘ | ਜੋਧਪੁਰ |
10 | ਉਦੈਭਾਨ ਸਿੰਘ | ਧੌਲਪੁਰ | 36 | ਅਨੰਦ ਸਿੰਘ | ਝਾਲਾਵਾੜ |
11 | ਛਤਰਸਾਲ | ਬੁੰਦੇਲਖੰਡ | 37 | ਜੋਰਾਵਰ ਸਿੰਘ | ਝਾਲਾਵਾੜ |
12 | ਇੰਦਰਮਨ | ਓਰਛਾ | 38 | ਪਰਤਾਪ ਸਿੰਘ | ਅਲਵਰ |
13 | ਪ੍ਰਤਾਪ ਸਿੰਘ | ਇਡਰ | 39 | ਬਖਤਾਵਰ ਸਿੰਘ | ਅਲਵਰ |
14 | ਭੀਮ ਸਿੰਘ | ਕਿਸ਼ਨਗੜ੍ਹ | 40 | ਵਿਨੈ ਸਿੰਘ | ਅਲਵਰ |
15 | ਕੇਸਰ ਸਿੰਘ | ਕਿਸ਼ਨਗੜ੍ਹ | 41 | ਸ਼ਿਵ ਸਿੰਘ | ਉਦੈਪੁਰ |
16 | ਸ਼ਿਆਮ ਸਿੰਘ | ਮੇਵਾੜ | 42 | ਅਰਜੁਨ ਸਿੰਘ | ਉਦੈਪੁਰ |
17 | ਸ਼ੁਜਾਨ ਸਿੰਘ | ਜੋਧਪੁਰ | 43 | ਰਾਜ ਸਿੰਘ | ਉਦੈਪੁਰ |
18 | ? | ? | 44 | ਜੈ ਸਿੰਘ | ਕੋਟਾ |
19 | ਪ੍ਰਿਥਵੀ ਸਿੰਘ | ਕਿਸ਼ਨਗੜ੍ਹ | 45 | ਭੀਮ ਸਿੰਘ | ਕੋਟਾ |
20 | ਰਾਜਸਿੰਘ | ਬੂੰਦੀ | 46 | ਜਗਤਸਿੰਘ | ਕੋਟਾ |
21 | ਬੁੱਧ ਸਿੰਘ | ਬੂੰਦੀ | 47 | ਰਾਜ ਸਿੰਘ | ਬਾਂਸਵਾੜਾ |
22 | ਚੂੜ੍ਹਾਮਣੀ | ਰੀਵਾ | 48 | ਲ਼ਾਲ ਸਿੰਘ | ਬਾਂਸਵਾੜਾ |
23 | ਸ਼ਿਵ ਸਿੰਘ | ਗਵਾਲੀਅਰ | 49 | ਪ੍ਰਿਥਵੀਸਿੰਘ | ਸ਼ਾਹਪੁਰਾ |
24 | ਜੈ ਸਿੰਘ | ਜੈਪੁਰ | 50 | ਨਾਰਾਇਣ ਸਿੰਘ | ਸ਼ਾਹਪੁਰਾ |
25 | ਰਾਮ ਸਿੰਘ | ਜੈਪੁਰ | 51 | ਉਦੈ ਸਿੰਘ | ਜੋਧਪੁਰ |
26 | ਕੀਰਤ ਸਿੰਘ | ਚੰਬਾ | 52 | ਸੰਗ੍ਰਾਮਸਿੰਘ | ਮੇਵਾੜ |
ਇਨ੍ਹਾਂ ਨਾਵਾਂ ਥਾਵਾਂ ਦੀ ਕੋਈ ਸ਼ਾਹਦੀ ਨਾ ਹੋਣ ਕਰਕੇ ਹੋਰ ਖੋਜ ਕਰਨੀ ਅਰੰਭ ਕੀਤੀ ਤਾਂ ਗੁਰੂ ਕੀਆਂ ਸਾਖੀਆਂ ਵਿੱਚੋਂ ਹੇਠ ਲਿਖੀ ਲਿਖਤ ਮਿਲੀ:
ਭਾਈ ਨਾਨੂ ਸਿੱਖ ਨੇ ਖਲੇ ਹੋਏ (ਗੁਰੂ ਹਰਗੋਬਿੰਦ ਜੀ ਅੱਗੇ) ਅਰਦਾਸ ਕੀ “ਜੀ ਸੱਚੇ ਪਾਤਸ਼ਾਹ ਰਾਜਿਆਂ ਨੇ ਐਸਾ ਕੌਣ ਸਾ ਖੋਟਾ ਕਰਮ ਕੀਆ ਥਾ ਜਿਸ ਕਰਕੇ ਇਹਨੇ ਕਈ ਬਰਸ ਗੜ੍ਹ ਗਵਾਲੀਅਰ ਮੇ ਬੜਾ ਤਸੀਹਾ ਪਾਨਾ ਪੜਾਙ” ਗੁਰੂ ਜੀ ਨੇ ਕਹਾ “ਭਾਈ ਨਾਨੂ! ਹੰਡੂਰ ਕਾ ਰਾਜਾ ਨਰਾਇਣ ਚੰਦ ਥਾ ਜੋ ਏਕ ਲੜਾਈ ਮੇਂ ਰਾਜਾ ਕਲਿਆਣ ਚੰਦ ਕੇ ਸਾਥ ਮਾਰਾ ਗਿਆ ਥਾ। ਇਸਕੀ ਮ੍ਰਿਤੂ ਕੇ ਬਾਅਦ ਹੰਡੂਰ ਕੀ ਗਾਦੀ ਤੇ ਹਿੰਮਤ ਚੰਦ ਬੈਠਾ। ਭਾਵੀ ਪਰਬਲ! ਜਹਾਂਗੀਰ ਬਾਦਸ਼ਾਹ ਨੇ ਕਹਿਲੂਰੀ ਤੇ ਹੰਡੂਰੀ ਦੋਨੋਂ ਰਾਜਿਓਂ ਕੋ ਲਵਪੁਰ ਬੁਲਾ ਭੇਜਾ । ਇਨਕੇ ਜਾਨੇ ਪਰ ਬਾਦਸ਼ਾਹ ਨੇ ਇਹਨੇ ਬਤਾਇਆ ਕਿ “ਤੁਸਾਂ ਨੇ ਸ਼ਹਿਜ਼ਾਦਾ ਖੁਸਰੋ ਕਾ ਸਾਥ ਦੀਆ ਥਾ।“ ਜਹਾਂਗੀਰ ਨੇ ਇਹ ਦੋਨੋਂ ਕੋ ਬੰਦੀਵਾਨ ਬਣਾਏ ਗੜ੍ਹ ਗਵਾਲੀਅਰ ਮੇ ਭੇਜ ਦੀਆ। ਗੁਰੂ ਜੀ ਨੇ ਕਹਾ, “ਭਾਈ ਸਿੱਖਾ ! ਗੜ੍ਹ ਗਵਾਲੀਅਰ ਮੇ ਕੋਈ ਭਾਗਾਂ ਵਾਲਾ ਹੀ ਬੰਦਾ ਰਿਹਾ ਹੋਏ ਕਿ ਬਾਹਰ ਆਤਾ ਥਾ । ਕਿਲੇ ਮੇ 103 ਬੰਦੀਵਾਨ ਥੇ ਜਿਨਮੇਂ ਸੇ ਬਾਵਨ ਰਾਜੇ ਲੰਬੀਆਂ ਕੈਦਾਂ ਵਾਲੇ ਥੇ । ਗੜ੍ਹ ਗਵਾਲੀਅਰ ਕਾ ਦਰੋਗਾ ਹਰੀ ਰਾਮ ਵਣਜਾਰਾ ਗੁਰੂ ਕਾ ਸਿੱਖ ਥਾ। ਇਸਕੇ ਪਾਸ ਮਦਰ ਦੇਸ ਸੇ ਬਾਬਾ ਬੁੱਢਾ, ਭਾਈ ਗੁਰਦਾਸ, ਭਾਈ ਬਲੂ, ਭਾਈ ਪੁਰਾਣਾ, ਭਾਈ ਕੀਰਤੀਆ ਆਦ ਸਿੱਖ ਪੰਜਾਬ ਸੇ ਆਤੇ ਰਹਿਤੇ ਥੇ।
"ਏਕ ਦਿਵਸ ਹਰੀ ਦਾਸ ਦਰੋਗਾ ਹਮਾਰੇ ਪਾਸ ਆਇਆ ਬੋਲਾ, “ ਜੀ ਸੱਚੇ ਪਾਤਸ਼ਾਹ! ਜਹਾਂਗੀਰ ਬਾਦਸ਼ਾਹ ਜਬ ਰਾਤ ਕੋ ਸੋਤਾ ਹੈ ਤੋ ਉਸੇ ਡਰਾਵਣੀਆਂ ਸੂਰਤਾਂ ਆਏ ਦਿਖਾਈ ਦੇਤੀ ਹੈ। ਇਹ ਸੁੱਤੇ ਪਏ ਕੋ ਆਗਾਮੀ ਆਵਾਜ਼ ਆਤੀ ਹੈ ਕਿ ਜਿਸ ਹਿੰਦ ਕੇ ਪੀਰ ਕੋ ਗੜ੍ਹ ਗਵਾਲੀਅਰ ਮੇ ਬੰਦੀਵਾਨ ਬਣਾ ਰੱਖਾ ਹੈ ਉਸੇ ਛੋੜ ਦੋ। ਬਾਦਸ਼ਾਹ ਨੇ ਨਜੂਮੀ ਬੁਲਾਏ ਪੂਛਾ । ਉਨਹੋਂ ਨੇ ਕਹਾ, “ਹਜ਼ਰਤ ਤੇਰੀ ਕੈਦ ਮੇਂ ਕਾਈ ਰੱਬੀ ਬੰਦਾ ਹੈ ਉਸੇ ਛੋੜ ਦੇਣਾ ਚਾਹੀਏ।“ ਭਾਈ ਨਾਨੂ ਏਕ ਦਿਉਂਹ ਦਰੋਗਾ ਫੇਰ ਆਇਆ, “ਬੋਲਾ ਜੀ ਸੱਚੇ ਪਾਤਸ਼ਾਹ! ਦਿੱਲੀ ਸੇ ਆਪਕੀ ਬੰਦ ਖਲਾਸੀ ਕਾ ਹੁਕਮ ਲੈ ਕੇ ਵਜ਼ੀਰ ਖਾਨ ਆਇਆ ਹੈ ।ਮੇਰੇ ਲੀਏ ਆਪਕਾ ਕਿਆ ਹੁਕਮ ਹੈ ।“ ਉਧਰ ਹਮਾਰਾ ਬੰਧਨ ਮੁਕਤ ਹੋਇ ਕੇ ਚਲੇ ਜਾਣਾ ਸੁਨ ਕਰ ਰਾਜੇ ਬੜੇ ਭੈਭੀਤ ਹੁਏ ਸਾਰਿਆਂ ਘਘਿਆਏ ਕੇ ਹਮਾਰੇ ਪਾਂਵ ਪਕੜ ਲੀਏ । ਕਹਾ, “ ਗਰੀਬ ਨਿਵਾਜ ! ਆਪ ਚਲੇ ਗਏ ਤਾਂ ਹਮਾਰੀ ਬੰਦ ਖਲਾਸੀ ਕਿਸੇ ਨਹੀਂ ਕਰਨੀ । ਪਹਿਲੇ ਹਮ ਕੋ ਬੰਧਨ ਮੁਕਤ ਕਰਾ ਲਿਆ ਜਾਏ ਪਾਛੇ ਆਪ ਨੇ ਜਾਣਾ।”
ਭਾਈ ਸਿੱਖਾ ਅਸਾਂ ਸਭ ਕੋ ਤਸੱਲੀ ਦਈ। ਵਜੀਰ ਖਾਨ ਕੋ ਬੁਲਾਏ ਹਮਨੇ ਕਹਾ, “ਜਬ ਤੱਕ ਇਨ ਬੰਦੀਵਾਨੋ ਕੀ ਬੰਦ ਖਲਾਸੀ ਨਹੀਂ ਹੋ ਜਾਤੀ, ਹਮ ਇਸ ਗੜ੍ਹ ਸੇ ਬਾਹਰ ਨਹੀਂ ਜਾਏਗੇ। ਵਜ਼ੀਰ ਖਾਨ ਇਹ ਸੁਣ ਕੇ ਗੜ ਗਵਾਲੀਅਰ ਸੇ ਵਾਪਸ ਦਿਲੀ ਪਰਤ ਆਇਆ । ਬਾਦਸ਼ਾਹ ਸੇ ਬੋਲਾ, “ਪੀਰ ਜੀ ਨੇ ਹਮੇ ਕਹਿ ਦੀਆ ਹੈ ਕਿ ਜਬ ਤੀਕ ਕੈਦੀ ਛੋੜੇ ਨਹੀਂ ਜਾਤੇ ਹਮ ਇਧਰ ਸੇ ਬਾਹਰ ਨਹੀਂ ਜਾਏਗੇ”। ਬਾਦਸ਼ਾਹ ਨੇ ਸਾਰੀ ਬਾਤ ਸੁਨ ਇਸੇ ਪਰਵਾਨਾ ਲਿਖਾਏ ਕੇ ਦੀਆ ਕਿ ‘ਥੋੜੀ ਮਿਆਦ ਵਾਲੇ ਕੈਦੀ ਛੋੜ ਦੀਏ ਜਾਏ, ਬੜੀ ਕੈਦੋਂ ਵਾਲੇ ਜੋ ਪੀਰ ਕਾ ਜਾਮਾ ਫੜ ਕੇ ਬਾਹਰ ਆਏ ਜਾਏ ਉਨਕੀ ਬੰਦ ਖਲਾਸ ਕੀ ਜਾਏ।ਭਾਈ ਸਿੱਖਾ !ਵਜ਼ੀਰ ਖਾਨ ਸ਼ਾਹੀ ਪਰਵਾਨਾ ਲੇ ਕੇ ਰਸਤੇ ਕਾ ਪੰਧ ਮੁਕਾਏ ਗਢ੍ਹ ਗਵਾਲੀਅਰ ਮੇ ਆਏ ਗਿਆ।
ਵਜ਼ੀਰ ਖਾਨ ਨੇ ਸ਼ਾਹੀ ਪਰਵਾਨਾ ਦਰੋਗਾ ਸੋ ਜਾਇ ਦੀਆ । ਇਸੇ ਬਾਦਸ਼ਾਹੀ ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਕੈਦੀ ਰਿਹਾ ਕਰ ਦੀਏ। ਸਾਰੇ ਧਨ ਧੰਨ ਗੁਰੂ ਨਾਨਕ ਕਹਿਤੇ ਕਿਲੇ ਸੇ ਬਾਹਰ ਆਏ ਗਏ। ਲੰਬੀਆਂ ਕੈਦਾਂ ਵਾਲੇ ਕੈਦੀ ਜੋ ਪੀਛੇ ਰਹਿ ਗਏ ਥੇ ਅਸਾਂ ਸਭ ਕੋ ਧੀਰਜ ਦਈ। ਦਰੋਗਾ ਸੇ ਹਮਨੇ ਪੂਛਾ ਕਿ “ਬਾਦਸ਼ਾਹ ਨੇ ਇਨਕੇ ਮੁਤਲਕ ਕਿਆ ਲਿਖਾ ਹੈ”। ਦਰੋਗਾ ਹਰੀ ਰਾਮ ਬੋਲਾ, “ ਜੀ ਸੱਚੇ ਪਾਤਸ਼ਾਹ! ਤੇਰੀਆਂ ਤੂੰ ਹੀ ਜਾਣੇ। ਸ਼ਾਹੀ ਪਰਵਾਨਾ ਮੇ ਲਿਖਾ ਹੈ ਕਿ ਵੱਡੀਆਂ ਕੈਦਾਂ ਵਾਲੇ ਕੈਦੀ ਹੈਂ ਉਹ ਆਪਕਾ ਜਾਮਾ ਪਕੜ ਜਿਤਨੇ ਬਾਹਰ ਆਏ ਜਾਏ ਉਹਨੇ ਛੋੜ ਦਿਆ ਜਾਏ।“ ਭਾਈ ਨਾਨੂ ! ਅਸਾਂ ਹਰਿਦਾਸ ਸੇ ਕਹਾ, “ਹਮ ਬਾਦਸ਼ਾਹੀ ਲਿਖਾ ਸੁਣ ਲਿਆ ਹੈ ਅਸੀਂ ਗੜ੍ਹ ਕਾ ਤਿਆਗਨਾ ਫਜਰੇ ਕਰੇਗੇ । ਦਰੋਗਾ ਗੁਰੂ ਕਾ ਸਿੱਖ ਥਾ । ਅਸਾਂ ਉਸੇ ਕਹਿ ਕੇ ਇਕ ਸੋ ਏਕ (52!) ਕਲੀਆਂ ਵਾਲਾ ਚੋਗਾ ਬਨਵਾਏ ਲਿਆ ਭੋਰ ਹੋਤੇ ਸਭ ਰਾਜਿਓ ਕੋ ਚੋਗੇ ਕੀ ਏਕ ਏਕ ਕਲੀ ਫੜਾਏ ਸਭ ਕੀ ਬੰਦ ਖਲਾਸ ਕਰਾਏ ਦਈ। “ ਗੁਰੂ ਕੀਆਂ ਸਾਖੀਆਂ ਪੰਨਾ 34 ਸੇ 36)।
ਇਸਤਰ੍ਹਾਂ ਗੁਰੂ ਜੀ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 103 ਰਾਜਿਆਂ ਦੀ ਰਿਹਾਈ ਕਰਵਾਈ ਜਿਨ੍ਹਾਂ ਵਿੱਚੋਂ ਵੱਡੀ ਉਮਰ ਦੇ ਕੈਦੀ 52 ਪਹਾੜੀ ਰਾਜਿਆਂ ਦੀ ਰਿਹਾਈ ਅਪਣੇ ਚੋਗੇ ਦੀਆਂ 52 ਤਣੀਆਂ ਫੜ ਕੇ ਕਰਵਾਈ।ਇਨ੍ਹਾਂ 52 ਕੈਦੀਆਂ ਵਿੱਚੋਂ ਇੱਕ ਰਾਜਾ ਕਹਿਲੂਰ ਦਾ ਸੀ ਜਿਸ ਦਾ ਨਾਮ ਕਲਿਆਣ ਚੰਦ ਸੀ ਤੇ ਦੂਜਾ ਨਾਮ ਹੰਡੂਰ ਦੇ ਰਾਜਾ ਹਿੰਮਤ ਚੰਦ ਦਾ ਸੀ। ਇਨ੍ਹਾਂ ਨੂੰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਕਰਕੇ ਕੈਦ ਕੀਤਾ ਗਿਆ ਸੀ।
ਦਿਤੀ ਹੋਈ ਤਾਲਿਕਾ ਅਨੁਸਾਰ ਕਹਿਲੂਰ ਰਾਜ ਦਾ ਨਾਂ ਤਾਂ ਠੀਕ ਸੀ ਪਰ ਰਾਜੇ ਦਾ ਦਿਤਾ ਨਾਮ ਅਜਮੇਰ ਸਿੰਘ ਮੇਲ ਨਹੀਨ ਖਾਂਦਾ ਸੀ।। ਹੰਡੂਰ ਦੇ ਰਾਜੇ ਅਤੇ ਰਾਜ ਦੋਨੋਂ ਹੀ ਸ਼ਾਮਿਲ ਨਹੀਂ ਸਨ।
ਇਸੇ ਤਰ੍ਹਾਂ ਹੀ ਓਰਛਾ ਰਾਜ ਦੇ ਬੰਦੀ ਰਾਜੇ ਰਾਮ ਸ਼ਾਹ ਦੇ 1607 ਈ: ਵਿੱਚ ਗਵਾਲੀਅਰ ਜੇਲ੍ਹ ਵਿੱਚ ਭੇਜੇ ਜਾਣ ਦਾ ਸਬੂਤ ਮਿਲਦਾ ਹੈ:
ਬਾਦਸ਼ਾਹ ਵਜੋਂ ਜਹਾਂਗੀਰ ਦੇ ਰਾਜ ਦੀ ਸ਼ੁਰੂਆਤ ਤੋਂ ਹੀ, ਉਸਨੇ ਕੰਟਰੋਲ ਲਈ ਬੁੰਦੇਲਾ ਮੁਖੀਆਂ ਦੀ ਅੰਦਰੂਨੀ ਦੁਸ਼ਮਣੀ ਦੇਖੀ। ਜਹਾਂਗੀਰ ਨੇ ਵੱਡੇ ਭਰਾ ਰਾਜਾ ਰਾਮ ਸ਼ਾਹ ਨੂੰ ਹਟਾ ਕੇ ਉਸਦੇ ਚਹੇਤੇ ਵੀਰ ਸਿੰਘ ਨੂੰ ਓਰਛਾ ਦਾ ਸ਼ਾਸਕ ਨਿਯੁਕਤ ਕੀਤਾ। ਇਸ ਨੇ ਰਾਮ ਸ਼ਾਹ ਦੇ ਪਰਿਵਾਰ ਦੀ ਦਿਲਚਸਪੀ ਨੂੰ ਬਹੁਤ ਪ੍ਰਭਾਵਿਤ ਕੀਤਾ। ।35॥ ਇਸ ਤਰ੍ਹਾਂ, ਰਾਮ ਸ਼ਾਹ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਭਰਤ ਸ਼ਾਹ, ਇੰਦਰਜੀਤ, ਰਾਓ ਭੂਪਾਲ, ਅੰਗਦ, ਪ੍ਰੇਮਾ, ਅਤੇ ਦੇਵੀ (ਉਤਾਰੇ ਹੋਏ ਰਾਜੇ ਦੀ ਪਤਨੀ) ਦੇ ਨਾਲ ਬਗਾਵਤ ਵਿੱਚ ਹਥਿਆਰ ਉਠਾਏ। ।35॥ ਹਾਲਾਂਕਿ, ਰਾਮ ਸ਼ਾਹ ਨੂੰ ਉਸਦੇ ਭਰਾ ਵੀਰ ਸਿੰਘ ਨੇ ਅਬਦੁੱਲਾ ਖਾਨ ਦੇ ਅਧੀਨ ਸ਼ਾਹੀ ਫੌਜ ਦੀ ਮਦਦ ਨਾਲ ਹਰਾਇਆ ਸੀ। ਫਿਰ ਬਰਖਾਸਤ ਬੁੰਦੇਲਾ ਮੁਖੀ ਫਰਾਰ ਹੋ ਗਿਆ ਅਤੇ ਦੋ ਸਾਲਾਂ ਤੱਕ ਮੁਗਲਾਂ ਨਾਲ ਲੜਦਾ ਰਿਹਾ ਜਦੋਂ ਤੱਕ ਕਿ ਉਹ 1607 ਵਿੱਚ ਗ੍ਰਿਫਤਾਰ ਨਹੀਂ ਹੋ ਗਿਆ ਅਤੇ ਗਵਾਲੀਅਰ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਚੰਦੇਰੀ ਦਾ ਇਲਾਕਾ ਉਸਦੀ ਸਰਪ੍ਰਸਤੀ ਵਜੋਂ ਦਿੱਤਾ ਗਿਆ। [10]
ਏਥੇ ਓਰਛਾ ਰਾਜ ਤਾਂ ਠੀਕ ਵਿਖਾਇਆ ਗਿਆ ਹੈ ਪਰ ਬੰਦੀ ਰਾਜੇ ਦਾ ਨਾਮ ਇੰਦਰਮਨ ਵਿਖਾਇਆ ਗਿਆ ਹੈ ਜੋ ਕਿ ਰਾਮ ਸ਼ਾਹ ਹੋਣਾ ਚਾਹੀਦਾ ਸੀ[
ਇਸ ਤਰ੍ਹਾਂ ਇਹ 52 ਬੰਦੀ ਰਾਜਿਆਂ ਦੇ ਨਾਵਾਂ ਥਾਂਵਾਂ ਦੀ ਤਾਲਿਕਾ ਸਹੀ ਸਿੱਧ ਨਹੀਂ ਹੁੰਦੀ ਤੇ ਇਸ ਬਾਰੇ ਹੋਰ ਖੋਜ ਦੀ ਲੋੜ ਹੈ।
ਹਵਾਲੇ
1. ਫੌਜਾ ਸਿੰਘ, "ਹਰਗੋਬਿੰਦ, ਗੁਰੂ (1595-1644)", ਸਿੱਖ ਧਰਮ ਦਾ ਐਨਸਾਈਕਲੋਪੀਡੀਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ, 2009,
2. ਐਚ.ਐਸ. ਸਿੰਘਾ, ਸਿੱਖ ਸਟੱਡੀਜ਼, ਕਿਤਾਬ 7, ਹੇਮਕੁੰਟ ਪ੍ਰੈਸ, 2009. ਪੰਨੇ 18-19 ISBN 978-8170102458,
3. ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਕਲਮ ਮੰਦਿਰ ਲੋਅਰ ਮਾਲ ਪਟਿਆਲਾ, 1986,
4. ਸਤਿਬੀਰ ਸਿੰਘ, ਗੁਰ ਭਾਰੀ-ਜੀਵਨੀ ਗੁਰੂ ਹਰਗੋਬਿੰਦ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਚੌਥੀ ਵਾਰ 1983.
5. ਤੇਜਾ ਸਿੰਘ ਗੰਡਾ ਸਿੰਘ, ਸਿੱਖ ਇਤਿਹਾਸ (1469-1765 ਈ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985
6. ਗਿਆਨੀ ਲਾਲ ਸਿੰਘ ਜੀ ਸੰਗਰੂਰ, ਗੁਰੂ ਖਾਲਸਾ ਤਵਾਰੀਖ, ਲਹੌਰ ਬੁੱਕ ਸ਼ਾਪ, ਲੁਧਿਆਣਾ,1998 ਬਿਕਰਮੀ
7. ਖਜ਼ਾਨ ਸਿੰਘ, ਹਿਸਟਰੀ ਆਫ ਸਿੱਖ ਰਿਲੀਜਨ, ਲੈਂਗੁਏਜ ਡਿਪਾਰਟਮੈਂਟ, ਪੰਜਾਬ, ਪਟਿਆਲਾ,1988
8. ਭੁਪਿੰਦਰ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਜੇਲ੍ਹ ਵਿੱਚ ਕੈਦ, Guru Hargobind Ji's Incarceration in Gwalior Prison)
9. ਜਸਬੀਰ ਸਿੰਘ ਸਰਨਾ, 9 ਨਵੰਬਰ, 2023 ਤੇਗ਼ਜ਼ਨ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਨਜ਼ਰਬੰਦੀ ਅਤੇ ਰਿਹਾਈ, ਸਿੱਖਨੈਟ
10. ਅਮੀਰ ਅਹਿਮਦ (2005), "ਮੁਗਲ ਕਾਲ ਦੌਰਾਨ ਬੁੰਦੇਲਾ ਵਿਦਰੋਹ: ਇੱਕ ਵੰਸ਼ਵਾਦੀ ਮਾਮਲਾ", ਬਾਬਰਨਾਮਾ
Last edited: