• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi story: Keete di Saza

Dalvinder Singh Grewal

Writer
Historian
SPNer
Jan 3, 2010
1,254
424
79
ਕੀਤੇ ਦੀ ਸਜ਼ਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰੋਨਾ ਦੇ ਦਿਨ ਸਨ। ਇਕ ਵਾਇਰਸ ਨੇ ਸਾਰੀ ਦੁਨੀਆਂ ਨੂੰ ਵਾਹਣੇ ਪਾਇਆ ਹੋਇਆ ਸੀ।ਵੱਡੇ ਵੱਡੇ ਦੇਸ਼: ਕੀ ਅਮਰੀਕਾ, ਕੀ ਯੂਰਪ, ਕੀ ਰੂਸ ਸਾਰੇ ਹੀ ਇਕ ਅਣਦਿਸਦੇ ਵਾਇਰਸ ਨੇ ਢਾਹ ਲਏ ਸਨ । ਪੰਝਤਰ ਲੱਖ ਲੋਕ ਇਸ ਦੇ ਮਰੀਜ਼ ਹੋ ਗਏ ਸਨ ਤੇ ਸਵਾ ਚਾਰ ਲੱਖ ਰੱਬ ਨੂੰ ਪਿਆਰੇ ਹੋ ਚੁੱਕੇ ਸਨ।ਜੋ ਜਿੱਥੇ ਸੀ ਉਥੇ ਹੀ ਲਟਕ ਗਿਆ ਸੀ। ਪਰਵਾਸੀ ਮਜ਼ਦੂਰ ਭਵਿਖ ਖਤਮ ਹੋਇਆ ਸਮਝ ਭੁੱਖ ਦੇ ਦੁਖੋਂ ਪੈਦਲ ਹੀ ਅਪਣੇ ਸੂਬਿਆਂ ਵਲ ਹਜ਼ਾਰਾਂ ਦੀ ਗਿਣਤੀ ਵਿੱਚ ਤੁਰ ਪਏ ਸਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਗੁਰਦਵਾਰੇ ਤੇ ਸਿੱਖ ਖੁਲ੍ਹ ਕੇ ਅੱਗੇ ਆਏ ਸਨ।

ਅਪਣੇ ਬੱਚਿਆਂ ਤੋਂ ਦੂਰ ਮੈਂ ਵੀ ਰਾਹ ਵਿੱਚ ਹੀ ਫਸ ਗਿਆ ਸਾਂ। ਜਦ ਕੁੱਝ ਆਉਣ ਜਾਣ ਦੀ ਢਿੱਲ ਹੋਈ ਤਾਂ ਮੈਂ ਵੀ ਪਾਸ ਲੈ ਕੇ ਅਪਣੀ ਕਾਰ ਰਾਹੀਂ ਦਿੱਲੀ ਵਲ ਚੱਲ ਪਿਆ। ਦੁਪਹਿਰ ਵੇਲੇ ਕਰਨਾਲ ਪਹੁੰਚਿਆ ਤਾਂ ਸੜਕ ਉੱਪਰ ਹੀ ਬਾਬੇ ਨਾਨਕ ਦਾ ਗੁਰਦਵਾਰਾ ਵੇਖ ਕੇ ਰੁਕ ਗਿਆ। ਅੱਗੇ ਲੰਗਰ ਵਰਤ ਰਿਹਾ ਸੀ ਸੋ ਮੇਰਾ ਵੀ ਲੰਗਰ ਤੇ ਦਿਲ ਕਰ ਆਇਆ। ਖਾਣ ਵਾਲਾ ਜ਼ਿਆਦਾ ਮਜ਼ਦੂਰ ਤਬਕਾ ਸੀ। ਲੰਗਰ ਛਕਣ ਵਾਲੇ ਜ਼ਿਆਦਾ ਹੋਣ ਕਰਕੇ ਤੇ ਵਰਤਾਵੇ ਘੱਟ ਹੋਣ ਕਰਕੇ ਮੈਂ ਵੀ ਵਰਤਾਵਿਆਂ ਨਾਲ ਮਿਲ ਕੇ ਲੰਗਰ ਵਰਤਾਉਣ ਲੱਗ ਪਿਆ।ਬਾਲਟੀ ਵਿਚੋਂ ਦਾਲ ਪਾਉਂਦੇ ਅੱਗੇ ਵਧਦੇ ਹੋਏ ਮੇਰੀ ਨਜ਼ਰ ਇੱਕ ਅਧੇੜ ਉਮਰ ਦੇ ਮਨੁੱਖ ਤੇ ਗਈ। ਉਸਦੀਆਂ ਅੱਖਾਂ ਮੈਨੂੰ ਭਰੀਆਂ ਭਰੀਆਂ ਲੱਗੀਆਂ। ਮੈ ਸੋਚਿਆ ਸਾਇਦ ਇਸ ਤੋਂ ਦਾਲ ਵਿਚ ਪਾਈਆਂ ਮਿਰਚਾਂ ਨਾ ਖਾ ਹੋ ਰਹੀਆਂ ਹੋਣ ਜਿਸ ਕਰਕੇ ਉਸਦੇ ਹੰਝੂ ਨਿਕਲ ਰਹੇ ਨੇ। ਪਹਿਲੇ ਗੇੜੇ ਤਾਂ ਮੈਂ ਚੁੱਪ ਰਿਹਾ ਪਰ ਜਦ ਦੂਜੇ ਗੇੜੇ ਵੀ ਉਸ ਦੀਆਂ ਅੱਖਾਂ ਵਿਚ ਹੰਝੂ ਵੇਖੇ ਤਾਂ ਇਉਂ ਜਾਪਦਾ ਸੀ ਜਿਵੇਂ ਉਸ ਤੋਂ ਬੁਰਕੀਆਂ ਅੰਦਰ ਨਾ ਲੰਘਾਈਆਂ ਜਾ ਰਹੀਆਂ ਹੋਣ।

ਮੇਰੀ ਉਤਸੁਕਤਾ ਵਧੀ ਤਾਂ ਮੈ ਉਸਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਤੇ ਪੁੱਛਣ ਲੱਗਾ, “ਕੀ ਗੱਲ ਏ ਭਰਾ ਜੀ। ਏਡੀ ਉਮਰ ਦੇ ਹੋ ਕੇ ਵੀ ਰੋ ਰਹੇ ਹੋ। ਕੀ ਕੋਈ ਪ੍ਰੇਸ਼ਾਨੀ ਹੈ?ੇ ਮੈ ਜ਼ਰੂਰ ਕੋਸ਼ਿਸ਼ ਕਰਾਂਗਾ ਦੂਰ ਕਰਨ ਦੀ। ਜੇ ਮਾਇਕ ਮਦਦ ਦੀ ਵੀ ਲੋੜ ਹੈ ਤਾਂ ਵੀ ਮਦਦ ਕਰ ਦੇਵਾਂਗਾ ਪਰ ਮਰਦ ਹੋ ਕੇ ਤੁਹਾਡਾ ਇਸ ਤਰ੍ਹਾਂ ਰੋਣਾ ਮੈਥੋਂ ਸਿਹਾ ਨਹੀਂ ਜਾਂਦਾ”। ਮੈ ਸੋਚਦਾ ਸਾਂ ਕਿ ਇਸ ਵੀਰ ਨਾਲ ਜ਼ਰੂਰ ਕੋਈ ਵੱਡੀ ਘਟਨਾ ਘਟੀ ਹੈ, ਜਾਂ ਤਾਂ ਇਸ ਦਾ ਕਾਰੋਬਾਰ ਠੱਪ ਹੋ ਗਿਆ ਹੈ ਜਾਂ ਕੋਈ ਨਜ਼ਦੀਕੀ ਕਰੋਨਾ ਦੀ ਭੇਟ ਚੜ੍ਹ ਗਿਆ ਹੳੇ। ਇਸ ਹਾਲਾਤ ਵਿਚ ‘ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ’ ਇਹ ਸੋਚਕੇ ਮੈਂ ਉਸ ਨੂੰ ਹਰ ਮਦਦ ਦਾ ਭਰੋਸਾ ਦਿਵਾਇਆ।

ਪਰ ਉਹ ਤਾਂ ਇਸ ਥੋੜੀ ਜਿਹੀ ਹਮਦਰਦੀ ਵੇਖ ਹੀ ਭੁਬੀਂ ਰੋ ਪਿਆ।ਮੈ ਉਸ ਨੂੰ ਉਠਾਇਆ ਤੇ ਲਾਂਭੇ ਲਿਜਾ ਕੇ ਉਸ ਦਾ ਦੁੱਖ ਪੁੱਛਣ ਲਈ ਜ਼ੋਰ ਪਾਉਣ ਲੱਗਾ, “ਵੀਰ ਜੀ! ਇਸ ਤਰ੍ਹਾਂ ਨਾ ਰੋਵੋ। ਜੋ ਵੀ ਦੁੱਖ ਹੈ ਦੱਸੋ। ਬੰਦਾ ਬੰਦੇ ਦੀ ਦਾਰੂ ਹੈ। ਸ਼ਾਇਦ ਮੈਂ ਤੁਹਾਡੀ ਇਸ ਦੁੱਖ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਾਂ”। ਉਸ ਨੇ ਹੁਬਕੀਆਂ ਲੈਂਦੇ ਨੇ ਕਿਹਾ, “ਮੇਰਾ ਦੁੱਖ ਤਾਂ ਅਜਿਹਾ ਹੈ ਜਿਸ ਦਾ ਕਿਸੇ ਕੋਲ ਵੀ ਇਲਾਜ ਨਹੀਂ। ਰੱਬ ਕੋਲ ਵੀ ਨਹੀਂ”। ਮੈ ਬੜਾ ਹੈਰਾਨ ਹੋਇਆ, “ਇਹੋ ਜਿਹਾ ਕਿਹੜਾ ਦੁੱਖ ਹੈ ਜਿਸ ਦਾ ਇਲਾਜ ਰੱਬ ਕੋਲ ਵੀ ਨਹੀਂ?” ਮੈਂ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ, “ਵਾਹਿਗੁਰੂ ਤਾਂ ਜਾਣੀ ਜਾਣ ਹੈ, ਸਭ ਦਾ ਹਮਦਰਦ ਹੈ, ਸਭ ਦੇ ਕਸ਼ਟ ਨਿਵਾਰਨ ਕਰਦਾ ਹੈ। ਤੁਸੀਂ ਦਸੋ ਤਾਂ ਸਹੀ?” ਉਹ ਹਾਲੇ ਵੀ ਸਿਸਕ ਰਿਹਾ ਸੀ, “ਜੇ ਮੈਂ ਰੱਬ ਦੇ ਖਿਲਾਫ ਹੀ ਜੁਰਮ ਕਰਾਂ ਤਾਂ ਰੱਬ ਕਿਵੇਂ ਮਾਫ ਕਰੇਗਾ?” ਮੈਂ ਭੰਬਲ ਭੂਸੇ ਵਿੱਚ ਪੈ ਗਿਆ। ਰੱਬ ਦੇ ਖਿਲਾਫ ਜੁਰਮ? ਪਰ ਫਿਰ ਵੀ ਉਸ ਨੂੰ ਸਮਝਾਇਆ, “ਇਨਸਾਨ ਗਲਤੀਆਂ ਕਰਦੇ ਆਏ ਨੇ ਤੇ ਵਾਹਿਗੁਰੂ ਬਖਸ਼ਦਾ ਆਇਆ ਹੈ। ਤੂੰ ਬਾਬੇ ਦੇ ਘਰ ਆਇਆ ਹੈਂ ਜਿਸ ਦੇ ਦਰ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲਦਾ ਹੈ।ਭਰੋਸਾ ਰੱਖ।” ਉਸ ਦੇ ਹੰਝੂ ਫਿਰ ਡੁਲ੍ਹਣ ਲੱਗ ਪਏ, “ਸਰਦਾਰ ਜੀ! ਇਹ ਗੱਲ ਏਡੀ ਛੋਟੀ ਨਹੀਂ। ਮੈਂ ਤਾਂ ਹੁਣ ਉਸ ਦੇ ਦਰ ਦਾ ਕੂਕਰ ਹਾਂ, ਉਸੇ ਦਰ ਦੀਆਂ ਰੋਟੀਆਂ ਤੇ ਪਲ ਰਿਹਾ ਹਾਂ, ਜਿਸ ਦਰ ਨੂੰ ਮੈਂ ਅੱਗ ਲਾਈ ਸੀ”।

ਮੈਂ ਤ੍ਰਿਬਕ ਗਿਆ। ਮੈਨੂੰ ਯਾਦ ਆਇਆ ਕਿ ਸੰਨ 1984 ਵਿੱਚ ਸਿੱਖਾਂ ਦੇ ਘਰਾਂ ਨੂੰ ਤੇ ਗੁਰਦਵਾਰਿਆ ਨੂੰ ਅੱਗਾਂ ਲਾਈਆਂ ਗਈਆਂ ਸਨ ਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਸਾੜਿਆ-ਮਾਰਿਆ ਗਿਆ ਸੀ।ਫਿਰ ਵੀ ਮਂੈ ਉਸ ਤੋਂ ਪੁੱਛਿਆ, “ਅੱਗ ਲਾਈ ਮਤਲਬ?” ਉਹ ਹਟਕੋਰੇ ਲੈਂਦਾ ਹੋਇਆ ਦੱਸਣ ਲੱਗਾ, “ਸੰਨ 1984 ਵਿਚ ਪਤਾ ਨਹੀਂ ਲੋਕਾਂ ਵਿਚ ਕੀ ਭੂਤ ਸਵਾਰ ਹੋਇਆ ਕਿ ਭੜਕੇ ਹੋਏ ਲੋਕ ਸਿੱਖਾਂ ਨੂੰ ਮਾਰਨ ਤੇ ਗੁਰਦਵਾਰਿਆਂ ਨੂੰ ਅੱਗ ਲਾਉਣ ਤੁਰ ਪਏ। ਮੈਂ ਵੀ ਉਸੇ ਭੀੜ ਵਿਚ ਸ਼ਾਮਿਲ ਹੋ ਇਸ ਗੁਰਦਵਾਰਾ ਸਾਹਿਬ ਨੂੰ ਚੁਆਤੀ ਲਾਈ ਸੀ, ਤੇ ਲੁਟਿਆ ਵੀ”। ਇਹ ਕਹਿ ਕੇ ਉਹ ਫਿਰ ਭੁਬੀਂ ਰੋ ਪਿਆ।ਮੈਂ ਹੈਰਾਨ ਰਹਿ ਗਿਆ। ਕੁੱਝ ਚਿਰ ਸੋਚੀਂ ਪਿਆ ਰਿਹਾ ਪਰ ਫਿਰ ਮੈਂ ਹੋਰ ਜਾਣਕਾਰੀ ਲਈ ਉਸ ਤੋਂ ਪੁੱਛਿਆ, “ਪਰ ਤੂੰ ਅਜਿਹਾ ਕੀਤਾ ਕਿਉਂ?”

“ਬੱਸ ਜੀ ਮੱਤ ਮਾਰੀ ਗਈ ਸੀ। ਸਾਡੇ ਇਲਾਕੇ ਦੇ ਲੀਡਰ ਨੇ ਖੂਬ ਭੜਕਾਇਆ ਤੇ ਨਾਲੇ ਇਹ ਵੀ ਭਰੋਸਾ ਦਿਤਾ ਕਿ ਗੁਰਦਵਾਰਾ ਸਾਹਿਬ ਤੋਂ ਬੜਾ ਮਾਲ-ਮੱਤਾ ਮਿਲੇਗਾ ਉਹ ਸੱਭ ਤੁਹਾਡਾ ਤੇ ਲਾਲਚ ਨੂੰ ਮੈਂ ਵੀ ਹੋਰਾਂ ਨਾਲ ਰਲ ਗਿਆ ਤੇ ਇਹ ਕਾਰਾ ਕਰ ਬੈਠਾ”। ਉਸ ਨੇ ਅਪਣਾ ਗੁਨਾਹ ਕਬੂਲਦਿਆਂ ਕਿਹਾ, “ਹੁਣ ਤੁਸੀਂ ਹੀ ਦੱਸੋ। ਜਿਸ ਗੁਰਦਵਾਰੇ ਨੂੰ ਮੈਂ ਅੱਗ ਵੀ ਲਾਈ, ਲੁੱਟਿਆ ਵੀ, ਹੁਣ ਉਸੇ ਗੁਰਦਵਾਰੇ ਦੇ ਲੰਗਰ ਸਹਾਰੇ ਜੀ ਰਿਹਾ ਹਾਂ। ਉਸੇ ਗੁਰਦਵਾਰੇ ਨੇ ਮੈਨੂੰ ਹੁਣ ਸਹਾਰਾ ਦਿਤਾ ਹੈ। ਇਹ ਜੀਣ ਵੀ ਕੋਈ ਜੀਣ ਹੈ? ਇਹ ਖਾਣ ਵੀ ਕੋਈ ਖਾਣ ਹੈ? ਬੇਬਸੀ ਹੀ ਤਾਂ ਹੈ”।

“ਉਸ ਲੀਡਰ ਨੇ ਨਹੀਂ ਕੀਤੀ ਕੋਈ ਮਦਦ?” ਮੈਂ ਉਤਸੁਕਤਾ ਵੱਸ ਪੁੱਛ ਬੈਠਾ। ਉਸ ਦਾ ਜਵਾਬ ਹੁਣ ਠਰੰਮੇ ਵਾਲਾ ਸੀ, “ਉਸ ਨੇ ਮੇਰੀ ਕੀ ਮੱਦਦ ਕਰਨੀ ਏ? ਉਹ ਤਾਂ ਆਪ ਏਥੇ ਹੀ ਲੰਗਰ ਛਕਦਾ ਏ। ਮੇਰੇ ਵਾਲੀ ਲਾਈਨ ਵਿਚ, ਅਖੀਰ ਵਿੱਚ ਇੱਕ ਆਦਮੀ ਛੱਡ ਕੇ ਉਹੀ ਬੈਠਾ ਹੈ।ਉਸ ਨੇ ਇਸ਼ਾਰਾ ਕਰ ਦਿਆਂ ਕਿਹਾ: “ਪਰ ਰੋਂਦਾ ਮੈਥੋਂ ਜ਼ਿਆਦਾ ਹੈ।ਲੁੱਟ ਦੇ ਮਾਲ ਦੇ ਨਾਲ ਨਾਲ ਉਸ ਦਾ ਸਾਰਾ ਕੰਮ ਕਾਰ ਵੀੋ ਠੱਪ ਹੋ ਗਿਆ ਤੇ ਰਿਸ਼ਤੇਦਾਰ ਵੀ ਤਿਆਗ ਗਏ। ਉਸ ਨੂੰ ਵੀ ਗੁਰਦਵਾਰੇ ਨੇ ਹੀ ਸਹਾਰਾ ਦਿਤਾ ਹੈ”। ਮੈਂ ਉਸ ਨੂੰ ਤੱਸਲੀ ਦੇ ਕੇ ਵਾਹਿਗੁਰੂ ਤੇ ਭਰੋਸਾ ਰੱਖਣ ਲਈ ਕਿਹਾ ਤੇ ਲੰਗਰ ਛਕਣ ਲਈ ਬਿਠਾ ਦਿਤਾ।

ਆਪ ਸਿੱਧਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਨਤਮਸਤਕ ਹੋਇਆ ਤੇ ਸ਼ੁਕਰਾਨਾ ਕੀਤਾ, “ਹੇ ਵਾਹਿਗੁਰੂ! ਤੇਰਾ ਸ਼ੁਕਰ ਹੈ ਜੋ ਸਿੱਖਾਂ ਨੂੰ ਏਨੀ ਸਹਿਣ ਸ਼ਕਤੀ ਦਿਤੀ ਹੈ ਤੇ ਗੁਨਹਗਾਰਾਂ ਦੇ ਬੁਰੇ ਕਰਮ ਭੁਲਾ ਕੇ ਉਨ੍ਹਾਂ ਦੀ ਸੇਵਾ ਕਰਨ ਦੀ ਬਖਸ਼ਿਸ਼ ਕੀਤੀ ਹੈ”।
 
📌 For all latest updates, follow the Official Sikh Philosophy Network Whatsapp Channel:
Top