- Jan 3, 2010
- 1,254
- 424
- 79
ਖਾਲਸਾ-ਏਡ : ਸੇਵਾ ਦਾ ਮਹਾਂ ਕੁੰਭ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੇਵਾ ਤੇ ਸਿਮਰਨ ਸਿੱਖ ਧਰਮ ਦੇ ਮੁੱਖ ਧੁਰੇ ਹਨ। ਜਦ ਤੁਸੀਂ ਵਾਹਿਗੁਰੂ ਦਾ ਨਾਮ ਜਪਦੇ ਸੇਵਾ ਵਿੱਚ ਜੁਟੇ ਸਿੱਖ ਨੂੰ ਵੇਖਦੇ ਹੋ ਤਾਂ ਤੁਹਾਡਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਜਦ ਕੋਈ ਸਿੱਖ ਸੰਸਥਾ ਹੀ ਅਜਿਹੀ ਹੋਵੇ ਜੋ ਸੇਵਾ ਸਿਮਰਨ ਵਿੱਚ ਹਮੇਸ਼ਾ ਜੁਟੀ ਰiੰਹੰਦੀ ਹੋਵੇ ਤਾਂ ਉਸ ਅਗੇ ਤਾਂ ਆਪਾ ਵਾਰਨ ਨੂੰ ਹੀ ਜੀ ਕਰਦਾ ਹੈ ਇਹ ਸੰਸਥਾਗਤ ਗੁਣ ਜਦ ਮੈਂ ਖਾਲਸਾ ਏਡ ਨਾਮ ਦੀ ਸੰਸਥਾ ਵਿਚ ਦੇਖੇ ਸੁਣੇ ਤਾਂ ਉਨ੍ਹਾਂ ਨਾਲ ਜੁੜਣ ਤੋਂ ਰਿਹਾ ਨਾ ਗਿਆ। ਮੈਂ ਚਾਲੀ ਕੁ ਸਾਲਾਂ ਤੋਂ ਭਾਰਤ ਵਿੱਚ ਖਾਸ ਕਰਕੇ ਮੱਧ ਭਾਰਤ ਵਿੱਚ ਗਰੀਬ ਸਿਕਲੀਗਰ, ਵਣਜਾਰਿਆਂ, ਸਤਨਾਮੀਆਂ ਦੇ ਜੀਵਨ ਸੁਧਾਰਨ ਵੱਲ ਲੱਗਾ ਹੋਇਆ ਹਾਂ।ਇਨ੍ਹਾਂ ਲਈ ਵਡੀ ਮਾਇਕ ਮਦਦ ਦੀ ਲੋੜ ਸੀ ਪਰ ਮਦਦਗਾਰ ਨਹੀਂ ਸਨ ਮਿਲ ਰਹੇ। ਪਰ ਉਦੋਂ ਹੈਰਾਨੀ ਹੋਈ ਜਦੋਂ ਰਵੀ ਸਿੰਘ ਦੀ ਅਗਵਾਈ ਹੇਠ ਖਾਲਸਾ ਏਡ ਨੇ ਆ ਕੇ ਬਾਂਹ ਫੜੀ ਤੇ ਮਾਇਕ ਮਦਦ ਰਾਹੀਂ ਇਨ੍ਹਾਂ ਸਿੱਖ ਕਬੀਲਿਆਂ ਲਈ ਘਰ, ਸਕੂਲ ਅਤੇ ਹੋਰ ਮਾਇਕ ਮਦਦ ਦੇਣੀ ਸ਼ੁਰੂ ਕਰ ਦਿਤੀ।
ਮੇਰੀ 'ਭੁੱਲੇ ਵਿਸਰੇ ਸਿੱਖ ਕਬੀਲੇ' ਕਿਤਾਬ ਪੰਜਾਬੀ ਤੇ ਅੰਗ੍ਰੇਜ਼ੀ ਵਿੱਚ ਵੱਡੀ ਮਾਤਰਾ ਵਿੱਚ ਵੰਡ ਕੇ ਲੋਕਾਂ ਵਿੱਚ ਇਨ੍ਹਾਂ ਕਬੀਲਿਆਂ ਦੇ ਅਧੋਗਤੀ ਵਿੱਚਲੇ ਜੀਵਨ ਬਾਰੇ ਵੱਡੀ ਜਾਗ੍ਰਿਤੀ ਪੈਦਾ ਕੀਤੀ ।ਇਹ ਸੰਸਥਾ ਇਨ੍ਹਾਂ ਕਬੀਲਿਆ ਦੀ ਹੁਣ ਤੱਕ ਵੀ ਲਗਾਤਾਰ ਮਦਦ ਕਰਦੀ ਆ ਰਹੀ ਹੈ।ਫਿਰ ਜਦ ਇਸੇ ਸੰਸਥਾ ਨੂੰ ਕਿਸਾਨਾਂ ਦੇ ਦਿੱਲੀ ਮੋਰਚੇ ਵੇਲੇ ਰੋਜ਼ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੇ ਕਿਸਾਨਾਂ ਲਈ ਸਾਲ ਤੋਂ ਉੱਪਰ ਖਾਣੇ-ਦਾਣੇ ਤੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਵੇਖਿਆ ਤਾਂ ਧੰਨ ਧੰਨ ਹੋ ਗਈ।ਇਸ ਸੰਸਥਾ ਵਿੱਚ ਉਦੋਂ ਮੈਨੂੰ ਵੀ ਪਾਏ ਅਪਣੇ ਨਗੂਣੇ ਯੋਗਦਾਨ ਲਈ ਜਦ ਇਨ੍ਹਾਂ ਨੇ ਮੈਡਲ ਪ੍ਰਦਾਨ ਕਰ ਦਿਤਾ ਤਾਂ ਮੇਰਾ ਸਿਰ ਸ਼ਰਧਾ ਨਾਲ ਝੁਕਿਆ ਤੇ ਮਾਣ ਨਾਲ ਸਿਰ ਵੀ ਉੱਚਾ ਹੋ ਗਿਆ ਕਿਉਂਕਿ ਇਸ ਨੂੰ ਸਰਕਾਰਾਂ ਅਤੇ ਹੋਰ ਸੰਸਥਾਵਾਂ ਤੋਂ ਮਿਲੇ ਵੱਡੇ ਸਨਮਾਨਾਂ ਤੋਂ ਉਪਰ ਜਾਣਿਆ ਤੇ ਛਾਤੀ ਨਾਲ ਲਾ ਲਿਆ ।
ਇਸ ਤੋਂ ਪਹਿਲਾਂ ਜਦ ਜ਼ਿਲੇ ਮਾਣਸਾਂ ਦੇ ਪਿੰਡ ਕੋਟ ਧਰਮੂ ਵਿੱਚ ਨਕਲੀ ਬੀਜਾਂ, ਖਾਦਾਂ ਤੇ ਸੇਮ ਕਰਕੇ ਸਾਰੇ ਇਲਾਕੇ ਦੀਆਂ ਫਸਲਾਂ ਲਗਾਤਾਰ ਨਸ਼ਟ ਹੁੰਦੀਆਂ ਰਹੀਆਂ ਤੇ ਭੁਖ-ਦੁੱਖ ਤੇ ਕਰਜ਼ੇ ਦੀ ਮਾਰ ਥੱਲੇ 70 ਤੋਂ ਉੱਪਰ ਕਿਸਾਨਾਂ ਦੀਆਂ ਖੁਦਕਸ਼ੀ ਦੀਆਂ ਖਬਰਾਂ ਵਿਸ਼ਵ ਭਰ ਵਿੱਚ ਫੈਲੀਆਂ ਤੇ ਵਿਉਪਾਰੀ ਮੀਡੀਆਂ ਨੇ ਮਸਾਲੇ ਲਾ ਲਾ ਕੇ ਉਭਾਰੀਆਂ ਪਰ ਮਦਦ ਕਿਸੇ ਨਾ ਕੀਤੀ ਤਾਂ ਏਥੇ ਵੀ ਖਾਲਸਾ ਏਡ ਵਾਲੇ ਪਹੁੰਚ ਗਏ ਅਤੇ ਆਪਣੇ ਪ੍ਰੋਜੈਕਟ ਰਾਹੀਂ ਲੋੜਵੰਦਾਂ ਲਈ 50 ਤੋਂ ਉੱਪਰ ਘਰ, 15 ਕੁ ਮੱਝਾਂ ਨਾਲ ਸਾਮੂਹਿਕ ਡੇਅਰੀ ਫਾਰਮ ਅਤੇ ਸਲਾਈ ਮਸ਼ੀਨਾਂ ਮੁਹਈਆ ਕਰਕੇ ਸਿਲਾਈ ਸਿਖਲਾਈ ਕੇਂਦਰ ਸਥਾਪਿਤ ਕੀਤਾ ਤਾਂ ਕਿ ਵਿਧਵਾ ਹੋਈਆਂ ਜ਼ਨਾਨੀਆਂ ਨੂੰ ਰੋਜ਼ਗਾਰ ਮਿਲ ਸਕੇ।
ਇਹ ਸੰਸਥਾ ਭਾਰਤ ਹੀ ਨਹੀਂ ਸਗੋਂ ਸਾਰੇ ਵਿਸ਼ਵ ਵਿੱਚ ਜਿੱਥੇ ਵੀ ਕਿਸੇ ਕੌਮ ਦੇ ਲੋਕਾਂ ਉਤੇ ਕੋਈ ਬਿਪਤਾ ਆਉਂਦੀ ਹੈ ਤਾਂ ਸੇਵਾ ਦਾ ਸਾਮਾਨ ਲੈ ਕੇ ਪਹੁੰਚ ਜਾਂਦੀ ਹੈ।ਜਦ ਬਰ੍ਹਮਾ ਦੇ ਰੋਹਿੰਗੀਆ ਲੋਕਾਂ ਉਤੇ ਅਤਿਆਚਾਰ ਹੋਏ ਤੇ ਉਹ ਬੇਜ਼ਾਰ ਭੁੱਖਣ ਭਾਣੇ ਰੋਹਿੰਗੀਆ ਬੰਗਲਾਦੇਸ਼ ਦੀਆਂ ਹੱਦਾਂ ਉਤੇ ਤੜਪਣ ਲੱਗੇ ਤਾਂ ਖਾਲਸਾ ਏਡ ਦੇ ਸਰਦਾਰ ਹਰਪ੍ਰੀਤ ਸਿੰਘ ਅਪਣੇ ਸੇਵਕ ਸਿੱਖਾਂ ਦੀ ਫੌਜ ਲੈ ਕੇ ਪਹੁੰਚ ਗਏ ਅਤੇ ਸੇਵਾ ਰਾਹੀਂ ਨਾਮਣਾ ਖੱਟਿਆ।ਇਸੇ ਤਰ੍ਹਾਂ ਇਹ ਸੰਸਥਾ ਰੂਸ-ਯੁਕਰੇਨ ਯੁੱਧ ਵਿੱਚ ਪੀੜਿਤਾਂ ਲਈ ਖਾਧ-ਖੁਰਾਕ ਤੇ ਜ਼ਖਮੀਆਂ ਦੇ ਇਲਾਜ ਲਈ ਦਵਾਈਆਂ ਵੀ ਮੁਹਈਆ ਵੀ ਕਰਵਾ ਰਹੀ ਹੈ। ਵਿਦੇਸ਼ਾਂ ਵਿੱਚੋਂ ਯੁਕਰੇਨ ਪੜ੍ਹਣ ਆਏ ਵਿਦਿਆਰਥੀਆਂ ਨੂੰ ਯੁੱਧ ਖੇਤਰ ਵਿੱਚੋਂ ਸੁਰਖਿਅਤ ਨਿਕਲਣ ਲਈ ਵੀ ਮਦਦ ਦੇ ਰਹੀ ਹੈ।
ਸੰਨ 1999 ਵਿੱਚ ਸਥਾਪਿਤ ਇਸ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾ ਨੂੰ ਇਸ ਲਗਾਤਾਰ ਮਾਨਵੀ ਸੇਵਾ ਵੱਲ ਲੱਗਿਆਂ ਇਸ ਚਾਰ ਅਪ੍ਰੈਲ ਨੂੰ 23 ਵਰ੍ਹੇ ਹੋ ਗਏ ਹਨ ਜੋ ਯੂ ਕੇ ਤੋਂ ਸ: ਰਵੀ ਸਿੰਘ ਹੋਰਾਂ ਦੀ ਰਹਿਨੁਮਾਈ ਵਿੱਚ ਵਧੀ ਫੁੱਲੀ ਤੇ ਵਿਸ਼ਵ ਭਰ ਵਿੱਚ ਕੁਦਰਤੀ ਅਤੇ ਮਾਨਵੀ ਆਫਤ ਮਾਰੇ ਪੀੜਤਾਂ ਦੀ ਸਹਾਇਤਾ ਕਰਦੀ ਆ ਰਹੀ ਹੈ।ਸੰਨ 2015 ਵਿੱਚ ਜੰਗ ਪ੍ਰਭਾਵਿਤ ਸੀਰੀਆ ਵਿੱਚ, ਸੰਨ 2016 ਵਿਚ ਲੰਡਨ ਦੇ ਹੜ੍ਹਾਂ ਵਿੱਚ, 2017 ਵਿੱਚ ਮਿਆਂਮਾਰ-ਬੰਗਲਾ ਦੇਸ਼ ਦੇ ਰੋਹਿੰਗੀਆ ਵਿੱਚ, 2018 ਵਿਚ ਕੇਰਲ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ, 2019 ਤੋਂ 2021 ਤੱਕ ਕੋਵਿਡ ਦੇ ਸ਼ਿਕਾਰ ਲੋਕਾਂ ਵਿੱਚ 2020-2021 ਵਿੱਚ ਕਿਸਾਨਾਂ ਦੇ ਦਿੱਲੀ ਮੋਰਚੇ ਵਿੱਚ, 2022 ਦੇ ਰੂਸ-ਯੁਕਰੇਨ ਦੇ ਯੁਧ ਦੇ ਸ਼ਰਨਾਥੀਆਂ ਵਿਚ: ਗੱਲ ਕੀ ਹਰ ਥਾਂ ਹਰ ਸਾਲ ਇਹ ਸੰਸਥਾ ਕਿਸੇ ਨਾ ਕਿਸੇ ਲੋਕ ਸੇਵਾ ਪ੍ਰਾਜੈਕਟ ਵਿੱਚ ਲੱਗੀ ਹੁੰਦੀ ਹੈ ਜਿਸ ਕਰਕੇ ਦੋ ਕਨੇਡੀਅਨ ਮੈਂਬਰ ਪਾਰਲੀਮੈਂਟ ਟਿਮ ਉਪਲ ਅਤੇ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੁਆਰਾ ਮਾਨਵਵਾਦੀ ਕਾਰਜਾਂ ਲਈ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆਂ ਹੈ।ਪਰ ਇਹ ਸੰਸਥਾ ਇਨਾਮਾਂ ਤੋਂ ਕਿਤੇ ਉੱਤੇ ਹੈ ਤੇ ਭਾਈ ਕਨਈਆ ਵਾਂਗ ਆਪਣੇ ਸੇਵਾ ਕਾਰਜ ਵਿੱਚ ਲਗਾਤਾਰ ਮਗਨ ਹੈ। ਵਾਹਿਗੁਰੂ ਸਰਦਾਰ ਰਵੀ ਸਿੰਘ ਤੇ ਉਸਦੇ ਇਸ ਜੱਥੇ ਨੂੰ ਹਿੰਮਤ ਬਖਸ਼ੀ ਰੱਖੇ ਤੇ ਉਮਰ ਲੰਬੇਰੀ ਕਰੇ ਤਾਂ ਕਿ ਇਹ ਸਮਾਜ ਸੇਵਾ ਵਿਚ ਜੁਟੇ ਰਹਿਣ।
Last edited: