dalvinder45
SPNer
- Jul 22, 2023
- 1,000
- 39
- 79
ਅਜੋਕੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ
ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਅਜੋਕਾ ਸਮਾਂ :-
ਅਜੋਕਾ ਸਮਾਂ ਵਿਸ਼ਵ ਦੀ ਅਧਿਆਤਮਕ ਤੇ ਸਦਾਚਾਰਕ ਅਧੋਗਤੀ ਦਾ ਹੈ । ਭਰਿਸ਼ਟਾਚਾਰ ਭਾਈ-ਭਤੀਜਾ ਵਾਦ, ਬਦਨੀਤੀ, ਮਾਨਸਿਕ ਵਿਭਚਾਰ, ਕਾਲਾ ਧੰਦਾ, ਚੋਰ-ਬਾਜ਼ਾਰੀ, ਛਲ-ਕਪਟ, ਇਤਨੇ ਵਧ ਗਏ ਹਨ ਕਿ ਮਾਨਸਿਕ ਸ਼ਾਂਤੀ ਤੇ ਬਿੇਬਕ ਰਹੀ ਹੀ ਨਹੀਂ । ‘ਮਾਨਵਤਾ’ ਤੇ ‘ਭਰਾਤਰੀਪਿਆਰ’ ਕਿਤਾਬੀ ਸ਼ਬਦ ਹੋ ਕੇ ਰਹਿ ਗਏ ਹਨ । ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੇ ਡੂੰਘੀਆਂ ਜੜ੍ਹਾਂ ਫੜ ਲਈਆ ਹਨ ਤੇ ਜਤ ਸਤ, ਦਾਨ, ਵੈਰਾਗ ਤੇ ਨਿਮ੍ਰਤਾ ਦਿਖਾਵੇ ਹੋ ਕੇ ਰਹਿ ਗਏ ਹਨ । ਮਾਨਸਿਕ ਦੁਬਿਧਾ ਵਿਚ ਫਸਿਆ ਇਨਸਾਨ ਭਰਮ, ਅਗਿਆਨ ਦੋ ਹਨੇਰੇ ਵਿਚ ਭਟਕਦਾ ਬਿੇਬਕ-ਬੁਧੀ ਖੋ ਬੈਠਾ ਹੈ ਅਤੇ ਆਪਣੇ ਆਪੇ ਤੋਂ ਵੀ ਭੈ ਖਾਣ ਲੱਗ ਪਿਆ ਹੈ । ਤਨ ਮਨ ਤੇ ਸਵਾਰਥ ਦਾ ਰਾਜਾ ਹੈ ਜਿਸ ਖਾਤਰ ਪਾਖੰਡ, ਕਪਟ, ਚਤੁਰਾਈ, ਕੂੜ, ਨਿੰਦਾ, ਹੱਠ ਅਕ੍ਰਿਤਘਣਤਾ ਵਾਦ-ਵਿਵਾਦ ਆਦਿ ਦਾ ਸਹਾਰਾ ਢੁੰਡਦਾ, ਉਦਮ, ਦਾਨਾਈ, ਨਿਰਲੇਪਤਾ, ਰਸਿਕਤਾ, ਨਿਮ੍ਰਤਾ ਨਿਰਭੈਤਾ, ਨਿਆਂ ਖਿਮਾਂ-ਸੰਜਮ ਆਦਿ ਤੋਂ ਕੰਨੀ ਕਤਰਾਉਣ ਲੱਗ ਪਿਆ ਹੈ । ਕਹਿਣੀ ਤੇ ਕਰਨੀ ਵਿਚ ਸੁਮੇਲ ਹੈ ਹੀ ਨਹੀਂ ।
ਇਸੇ ਅਧਿਆਂਤਮਕ ਤੇ ਸਦਾਚਾਰਕ ਅਧੋਗਤੀ ਦਾ ਨਤੀਜਾ ਆਤੰਕ, ਅਹੰਕਾਰ, ਹਿੰਸਾ, ਗੁੱਸਾ ਕ੍ਰੋਧ, ਈਰਖਾ, ਕੂੜ ਤੇ ਵੈਰ-ਵਿਰੋਧ ਹਨ । ਕਿਸੇ ਦੇਸ਼ ਨੂੰ ਵੀ ਵੇਖੋ, ਪ੍ਰੋਖ ਜਾਂ ਅਪ੍ਰੋਖ ਰੂਪ ਵਿਚ ਜਾਂ ਤਾਂ ਯੁੱਧ ਵਿਚ ਗ੍ਰਸਤ ਹੈ ਤੇ ਜਾਂ ਤਿਆਰ ਹੋ ਰਿਹਾ ਹੈ । ਮਾਨਵ ਸ਼ੋਸ਼ਣ ਅਪਣੇ ਸਿਖਰ ਤੇ ਹੈ ।
ਮਾਨਸਿਕ ਸ਼ਾਂਤੀ ਢੁੰਡਦੀ ਜੰਤਾ ਦੰਭੀ ਗੁਰੂਆਂ ਦੇ ਜਾਲ ਵਿਚ ਫਸ ਰਹੀ ਹੈ ਜਿਨ੍ਹਾਂ ਨੇ ਧਰਮ ਨੂੰ ਕਮਾਈ ਤੇ ਸ਼ਕਤੀ ਦਾ ਸਾਧਨ ਬਣਾ ਲਿਆ ਹੈ । ਕਿਧਰੇ ਵੀ ਕੋਈ ਅਜਿਹਾ ਰਹਿਨੁਮਾ ਨਜ਼ਰ ਨਹੀਂ ਆਉਂਦਾ ਜੋ ਇਸ ਦੁਬਿਧਾ ਦਾ ਹੱਲ ਲੱਭ ਸਕੇ ? ਪਰ ਕੀ ਇਹ ਸੋਲਾਂ ਆਨੇ ਸੱਚ ਹੈ ? ਜੋ ਘੋਖ ਕੇ ਵੇਖਿਆ ਜਾਵੇ ਤਾਂ ਸਾਡੇ ਕੋਲ ਰਹਿਨੁਮਾ ਹੈ, ਤੇ ਉਹ ਵੀ ਗੁਰੂ ਦੇ ਰੂਪ ਵਿਚ, ਜੋ ਇਸ ਕਾਲਯੁਗ ਵਿਚ ਵੀ ਰੋਸ਼ਨੀ ਵਰਤਾਉਂਦਾ ਹੈ ਤੇ ਫੋਕਟ ਕਰਮ ਕਾਂਡਾਂ ਤੇ ਵਹਿਮਾ ਭਰਮਾਂ ਦੀ ਦਲਦਲ ਵਿਚ ਧਸੇ ਪ੍ਰਾਣੀਆਂ ਨੂੰ ਸੱਚਾ ਰਾਹ ਦਰਸਾਉਂਦਾ, ਉਦਮ, ਸੱਚ-ਆਚਾਰ, ਵਿਵਹਾਣ, ਸੰਜਮ, ਸੰਤੋਖ, ਖਿਮਾ-ਦiਆ, ਦਾਨਾਈ ਨਿਗ੍ਰਤਾ, ਨਿਰਭੈਤਾ, ਨਿਰਲੇਪਤਾ, ਰਸਿਕਤਾ ਦੀਵਿਧੀ ਦਰਸਾਉਂਦਾ, ਹਊਮੈ ਮਿਟਾਉਂਦਾ ਉਸ ਸੱਚੇ ਨਾਲ ਇਕਮਿਕ ਹੋ ਜਾਣ ਦਾ ਰਾਹ ਦਿਖਲਾਉਂਦਾ ਹੈ । ਮਿਥਿਆ ਜਗਤ ਤੇ ਵੀ ਘਾਲ ਕਮਾਈ ਸਦਾਕ ਜੀਵਨ ਸਫਲਾ ਬਣਾਉਣ ਦਾ ਉਪਰਾਲਾ ਦਸਦਾ ਹੈ । ਇਹ ਪ੍ਰਤੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਰਚਨਾ ਉਸ ਸਮੇਂ ਹੋਈ ਜਦੋਂ ਸਮਾਜਕ ਅਧੋਗਤੀ ਸਿਖਰ ਤੇ ਸੀ ਤੇ ਇਸ ਦੀ ਸ਼ਕਤੀ ਦੀ ਪਰਖ ਉਸ ਧੁੰਦਲੇ ਸਮੇਂ ਵਿਚ ਹੋਈ ਜਦ ਰਹਿਨੁਮਾ ਦੀ ਸਭ ਨੂੰ ਤਲਾਸ਼ ਸੀ । ਪਰਖ ਤੇ ਉਤਰੇ ਖਰੇ ਗੁਰੂ ਨੂੰ ਅਪਣਾ ਕੇ ਬੜਿਆਂ ਨੇ ਆਪਣਾ ਜਨਮ ਸਫਲਾ ਕੀਤਾ ਤੇ ਭਟਕਣਾ ਤੋਂ ਛੁਟਕਾਰਾ ਪਾ ਅਮਰ ਪਦ ਪ੍ਰਾਪਤ ਕੀਤਾ । ਜੱਗ ਤੇ ਇਹੋ ਜਿਹੋ ਸੁਰਬੀਰ ਯੋਧੇ ਜਰਨੈਲ ਪੈਦਾ ਹੋਵੇ ਜਿਨ੍ਹਾਂ ਨੇ ਅੰਧਕਾਰ ਦਾ ਪਰਦਾ ਪਾੜ, ਸੱਚ ਦਾ ਚਾਨਣ ਬਿਖੇਰਿਆ ਤੇ ਇਸ ਸਭ ਕਮਾਲ ਦਾ ਕਾਰਨ ਇਹੋ ਗੁਰੂ ਹੀ ਤਾਂ ਸੀ’ ਇਸ ਕਥਨ ਤੇ ਜੇਕਰ ਅਜੇ ਤੱਕ ਯਕੀਨ ਨਹੀਂ ਤਾਂ ਆਓ ਇਸ ਮਹਾਨ ਗੁਰੂ ਦੀ ਸਮਰਥਾ ਵੇਖੀਏ । ਉਸ ਸਮੇਂ ਜਿਸ ਨੂੰ ਵੇਖ ਕੇ ਇਹ ਰਚਿਆ ਗਿਆ ਸੀ ਤੇ ਸਮਰਥਾ ਇਸ ਸਮੇਂ ਜਦ ਇਸ ਦੀ ਬੜੀ ਜਰੂਰਤ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਕਾਲ :-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 5894 ਸਲੋਕ, ਸ਼ਬਦ ਹਨ ਜਿਨ੍ਹਾਂ ਦੇ ਰਚਣਹਾਰੇ ਛੇ ਗੁਰੂ ਸਾਹਿਬਾਨ ਤੇ ਤੀਹ ਹੋਰ ਭਗਤ ਹਨ ਜਿਨ੍ਹਾਂ ਵਿਚੋਂ ਸ਼ੇਖ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵੀਦਾਸ ਜੀ ਖਾਸ ਵਰਨਣ ਯੋਗ ਹਨ । ਬਾਣੀ ਦਾ ਸੰਕਲਨ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸੰਤਾਂ-ਭਗਤਾਂ ਦੀ ਬਾਣੀ ਇਕਠਾ ਕਰਕੇ ਕੀਤਾ ਜਿਸ ਦਾ ਘੇਰਾ ਦੂਸਰੇ ਗੁਰੂ ਸਾਹਿਬਾਨਾਂ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਹੋਰ ਵਿਸ਼ਾਲ ਬਣਾਇਆ । ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਤੱਕ ਦੇ ਪ੍ਰਮੁੱਖ ਸੰਤਾਂ ਭਗਤਾਂ ਦੀ ਬਾਣੀ ਨੂੰ ਵੀ ਸੰਕਲਨ ਕਰ ਕੇ ਪੋਥੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ ਤੇ ਭਾਈ ਗੁਰਦਾਸ ਜੀ ਤੋਂ ਸੰਮਤ 1660 ਵਿਚ ਲਿਖਵਾ ਕੇ ਭਾਦੋਂ ਸੁਦੀ ਪਹਿਲੀ ਸੰਤ 1661 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਅਸਥਾਪਨ ਕਤਿਾ । ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਦਰਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1765 ਵਿਚ ਦਿੱਤਾ ਜਿਸ ਵਿਚ ਆਪ ਜੀ ਨੇ ਦਮਦਮਾ ਸਾਹਿਬ ਵਿਖੇ ਸੰਮਤ 1762-63 ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸੰਮਿਲਿਤ ਕਰ ਸਮੁਚੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜੋਕਾ ਰੂਪ ਦਿੱਤਾ ।
ਉਪਰੋਕਤ ਤੱਥਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਕਾਲ ਸੰਨ 1177 ਤੋਂ 1708 ਈ: ਤੱਕ ਦਾ ਆਕਿਆਂ ਜਾ ਸਕਦਾ ਹੈ । ਸਾਢੇ ਪੰਜ ਸੋ ਵਰਿ੍ਹਆਂ ਦੀ ਉਤਮ ਬਾਣੀ ਦਾ ਨਿਚੋੜ, ਇਸ ਵਿਚ ਜੀਵਨ ਦਾ ਹਰ ਪੱਖ ਬਾਖੂਬੀ ਬਿਆਨਿਆ ਹੈ ਤੇਸਹੀ ਜੀਵਨ ਜਾਚ ਦਰਸਾਈ ਗਈ ਹੈ । ਗਿਆਰ੍ਹਵੀਂ ਸਦੀ ਤੋਂ ਅਠਾਰਵੀਂ ਸਦੀ ਤਕ ਦੇ ਹਾਲਤ ਜੇ ਅਜੋਕੇ ਸਮੇਂ ਨਾਲ ਮੇਲੀਏ ਤਾਂ ਕੋਈ ਵੱਖ ਨਹੀਂ ਕਹੇ ਜਾ ਸਕਦੇ । ਅਜੋਕੇ ਸਮੇਂ ਵਿਚ ਉਪਰੋਕਤ ਸਮੇਂ ਦੀ ਰਚਨਾ ਦਾ ਮਹੱਤਵ ਜਾਚਣ ਲਈ ਦੋਨਾਂ ਸਮਿਆਂ ਦੀ ਤੁਲਨਾ ਕਰਨੀ ਕੁਥਾਂ ਨਹੀਂ ਹੋਵੇਗੀ । ਇਸ ਲਈ ਹੇਠ ਲਿਖੇ ਹਾਲਾਤਾਂ ਨੂੰ ਜਾਚਣਾ ਜਰੂਰੀ ਹੋਵੇਗਾ ।
(ੳ) ਰਾਜਨੀਤਿਕ (ਅ) ਧਾਰਮਿਕ (ੲ) ਪਰਿਵਾਰਿਕ (ਸ) ਨੈਤਿਕ (ਹ) ਆਰਥਿਕ (ਕ) ਵਿਾਹਰਿਕ (ਖ) ਸੰਸਕ੍ਰਿਤਿਕ (ਗ) ਇਤਿਹਾਸਕ (ਘ) ਸੁਧਾਰਕ (ਚ) ਭੂਗੋਲਿਕ (ਛ) ਕਲਾਤਮਕ ।
ਰਾਜਨੀਤਿਕ ਹਾਲਾਤ :-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਮੁੱਖ ਤੋਰ ਤੇ ਮੁਸਲਮਾਨੀ ਤੇ ਮੁਗਲ ਕਾਲ ਨਾਲ ਸਬੰਧਤ ਹਨ । ਉਸ ਸਮੇਂ ਮੁਸਲਮਾਨੀ ਤਲਵਾਰ ਦਾ ਪਾਣੀ ਅਨੇਕਾਂ ਹਿੰਦੂ ਸਿੰਘਾਸਨ ਡੁਬੋ ਚੁੱਕਿਆ ਸੀ । ਖਿਲਜੀ ਵੰਸ਼ ਦੇ ਅਲਾਉਦੀਨ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੇ ਕਬਜੇ ਵਿਚ ਲੈ ਲਿਆ ਸੀ । ਦੱਖਣੀ ਭਾਰਤ ਵੀ ਉਸ ਦੇ ਹਮਲੇ ਤੋਂ ਨਹੀਂ ਸੀ ਬਚਿਆ । ਜਿਨ੍ਹਾਂ ਹਿੰਦੂ ਰਾਜਿਆਂ ਵਿਚ ਆਤਮ ਸਨਮਾਨ ਤੇ ਸ਼ਕਤੀ ਦੀ ਕੁਝ ਝਲਕ ਸੀ । ਉਹ ਇਸ ਦੀ ਰੱਖਿਆ ਲਈ ਜੀ ਜਾਨ ਲਾ ਰਹੇ ਸਨ । ਇਹੋ ਜਿਹੇ ਅਨਿਸ਼ਚਿਤ ਕਾਲ ਵਿਚ ਆਮ ਜਨਤਾ ਦੇ ਦਿਲਾਂ ਅਤੇ ਡਰ ਤੇ ਅੰਤਕ ਛਾਇਆ ਹੋਇਆ ਸੀ ਜੋ ਉਨ੍ਹਾਂ ਦੀ ਧਾਰਮਿਕ ਪ੍ਰਵਿਰਤੀ ਨੂੰ ਖੋਖਲਾ ਬਣਾ ਰਿਹਾ ਸੀ । ਧਰਮ-ਰੱਖਿਆ ਦੀ ਹਿੰਤ ਆਪ ਜਨਤਾ ਕੋਲ ਰਹਿ ਹੀ ਨਹੀਨ ਸੀ ਗਈ । ਉੱਤਰੀ ਭਾਰਤ ਵਿਚ ਪੰਦਰ੍ਹਵੀਂ ਸਦੀ ਦੇ ਅੰਤ ਚਿ ਰਾਣਾ ਸੰਗਰ-ਮ ਸਿੰਘ ਨੇ ਇਕ ਵਾਰ ਫਿਰ ਭਾਰਤ ਵਿਚ ਹਿੰਦੂ ਭਾਰਤੀ ਰਾਜ ਸਥਾਪਿਤ ਕਰਨ ਲਈ ਸਾਰਿਆਂ ਰਾਜਿਆਂ ਨੂੰ ਇਕੱਠਾ ਕਰਕੇ ਲੋਧੀ ਵੰਸ਼ ਦੀ ਡਾਵਾਂਡੋਲ ਹਾਲਤ ਦਾ ਫਾਇਦਾ ਉਠਾਇਆ ਤੇ ਉਨ੍ਹਾਂ ਦੀ ਰਾਜਨੀਤਿਕ ਸ਼ਕਤੀ ਨੂੰ ਮਜਬੂਤ ਕਰਨ ਦਾ ਬੀੜਾ ਚੁੱਕਿਆ ਪਰ ਆਗਰਾ ਨੇੜੇ ਬਾਬਰ ਤੇ ਰਾਣਾ ਸੰਗਰਾਮ ਸਿੰਘ ਦੇ ਯੁੱਧ ਵਿਚ ਰਾਣਾ ਸੰਗਰਾਮ ਸਿੰਘ ਦੀ ਹਾਰ ਹੋਈ ਤੇ ਦੇਸ਼ ਦੀ ਰਾਜਨੀਤਿਕ ਤਾਕਤ ਮੁਗਲਾ ਹੱਥ ਚਲੀ ਗਈ । ਇਸ ਸਮੇਂ ਦਾ ਵਰਨਣ ਗੁਰੂ ਨਾਨਾਕ ਦੇਵ ਜੀ ਨੇ ਵੀ ਕੀਤਾ ਹੈ ਤੇ ਦੁਸਰੇ ਗੁਰੂ ਸਾਹਿਬਾਨ ਤੇ ਸੰਤਾਂ ਤੋਂ ਵੀ ਸੰਕੇਤ ਮਿਲਦੇ ਹਨ । ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸਧਨਾ ਜੀ ਆਦਿ ਭਗਤਾਂ ਨੂੰ ਬੜੀਆ ਯਾਤਨਾਵਾਂ ਭੋਗਣੀਆਂ ਪਈਆਂ, ਭਾਈ ਗੁਰਦਾਸ ਜੀ ਅਨੁਸਾਰ :
“ਉਠy ਗਿਲਾਨਿ ਜਗਤਿ ਵਿਚਿ, ਵਰਤੇ ਪਾਪ ਭ੍ਰਿਸਟਿ ਸੰਸਾਰਾ ॥
ਵਰਨਾ ਵਰਨ ਨ ਭਾਵਨੀ, ਖਹਿ ਖਹਿ ਜਲਨ ਬਾਣ ਅੰਗਿਆਂਰਾ ॥
ਨਿੰਦਆ ਚਲੇ ਵੇਦ ਕੀ, ਸਮਝਨਿ ਨਹਿ ਅਗਿਆਨ ਗੁਬਾਰਾ ॥(ਵਾਰ 1, ਪਉੜੀ 17)
ਗੁਰੂ ਨਾਨਕ ਦੇਵ ਜੀ ਨੇ ਇਸ ਦਸ਼ਾ ਨੂੰ ਬ-ਖੂਬੀ ਬਿਆਨਿਆ ਹੈ ।
“ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰi ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥(ਵਾਰ ਮਾਝ ਸਲੋਕ ਮਹਲਾ ਪੰਨਾ 145)
ਬਾਬਾਰ ਦੇ ਹਮਲੇ ਬਾਰੇ ਬਿਆਨਦਿਆਂ ਗੁਰੂ ਜੀ ਨੇ ਉਚਾਰਿਆਂ :
“ਖੁਰਾਸਨ ਖਸਮਾਨਾ, ਕੀਆ, ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ, ਜਮੁਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ” (ਵਾਰ ਮਾਝ ਸਲੋਕ ਮਹਲਾ ਪੰਨਾ 145)
ਮੁਗਲਾਂ ਨੇ ਮੁਸਲਮਾਨਾਂ ਤੇ ਹਿੰਦੂਆਂ ਦਾ ਜੋ ਹਾਲ ਕੀਤਾ ਉਹ ਵੀ ਬੜਾ ਦਰਦਨਾਕ ਦ੍ਰਿਸ਼ ਸੀ :
“ਮੁਸਲਮਾਨਿਆ ਪੜਹਿ ਕਤੇਬਾਂ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ।
ਜਾਤਿ ਸਨਾਤੀ ਹੋਰਿ ਹਿਦਵਾਣੀਆਂ ਏਹਿ ਭੀ ਲੇਖੈ ਲਾਇ ਵੇ ਲਾਲੋ ।
ਖੂਨ ਕੇ ਸੋਹਿਲੇ ਗਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ”। (ਆਦਿ ਗ੍ਰੰਥ ਪੰਨਾ 722)
ਜਿਥੋਂ ਦੀ ਮੁਗਲ ਸੈਨਾ ਗੁਜਰੀ, ਸ਼ਮਸਾਨ ਘਾਟ ਹੀ ਬਣ ਗਏ ਜਿਵੇ :
‘ਸਾਬਿ ਕੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ ਆਖੁ ਮਸੋਲਾ ॥
ਗਰੀਬਾਂ ਨਿਤਾਣਿਆਂ ਤੇ ਨਿਮਾਣਿਆਂ ਦਾ ਬੜੀ ਬੇਦਰਦੀ ਨਾਲ ਨਾਸ ਕੀਤਾ ਜਾ ਰਿਹਾ ਸੀ :
“ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਇ ਕੁਤੀ, ਮੁਇਆ ਸਾਰ ਨਾ ਕਾਈ ॥” (ਪੰ:360)
ਹਮਲੇ ਪਿੱਛੋਂ ਦਾ ਮਾਰਮਿਕ ਚਿਤਰ ਗੁਰੂ ਜੀ ਨੇ ਇਉਂ ਪੇਸ਼ ਕੀਤਾ ਹੈ :
“ਜਿਨ ਸਿਰਿ ਸੋਹਨਿ ਪਟiਆ, ਮਾਗੀ ਪਾਇ ਸੰਧਰੂ ॥
ਸੇ ਸਿਰ ਕਾਤੀ ਮੁਨੀਅਨਿ, ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੋਈਆ, ਹੁਣਿ ਬਹਣਿ ਨ ਮਿਲਨਿ ਹਦੂਰਿ ॥.......
ਧਨੁ ਜੋਬਨੁ, ਦੁਇ ਵੈਰੀ ਹੋਏ, ਜਿਨੀ ਰਖੇ ਰੋਗੁ ਲਾਇ, ॥
ਦੂਤਾ ਨੇ ਫੁਰਮਾਇਆ ਲੈ ਚਲੇ ਪਤਿ ਗਵਾਇ ॥(ਪੰਨਾ 417)
ਗੁਰੂ ਕਾਲ ਵਿਚ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਵੀ ਇਸੇ ਸਮੇਂ ਦੇ ਜ਼ਾਲਮਾਂ ਦੀ ਗਾਥਾ ਹੈ ।
ਧਾਰਮਿਕ ਸਥਿਤੀ :
ਇਸਲਾਮੀ ਰਾਜ ਹੋਣ ਕਰਕ;ੇ ਕਾਜੀ ਧਾਰਮਿਕ ਨੇਤਾ ਸਨ । ਉਨ੍ਹਾਂ ਦੀ ਰਾਜਨੀਤੀ ਵਿਚ ਵੀ ਪੁੱਛ-ਗਿੱਛ ਸੀ ਤੇ ਨਿਥਾਇ ਵੀ ਉਹੀ ਕਰਦੇ ਸਨ । ਮੂਰਤੀ ਪੁਝਕਾਂ ਨੂੰ ਕਾਫਿਰ ਆਖਦੇ ਤੇ ਇਸਲਾਮ ਮੰਨਾਉਣ ਲਈ ਜ਼ੋਰ-ਜਬਰਦਸਤੀ ਕਰਵਾਉਂਦੇ । ਮੰਦਰ ਤੇ ਮੂਰਤੀਆਂ ਆਪ ਤੁਤਵਾਈਆਂ ਜਾਣ ਲੱਗੀਆਂ ਤੇ ਜੰਞੂ ਉਤਾਰਕੇ ਸਾੜਨਾ ਜਿਵੇਂ ਸਮੇਂ ਦਾ ਰਿਵਾਜ ਹੋ ਗਿਆ । ਹਿਮਦੂਆਂ ਨੂੰ ਇ ਤਰ੍ਹਾਂ ਨਾਲ ਗੁਲਾਮਾਂ ਦਾ ਰੂਪ ਹੀ ਦੇਦਿੱਤਾ ਗਿਆ । ਤੇ ਉਨ੍ਹਾਂ ਤੇ ਜਜੀਆਂ ਆਦਿ ਟੈਕਸ ਇਹ ਦਰਸਾਉਣ ਲਈ ਸਨ ਕਿ ਉਹ ਮੁਸਲਮਾਨਾਂ ਤੋਂ ਥੱਲੇ ਹਨ । ਇਹ ਗੁਲਾਮੀ ਏਥੋਂ ਤੱਕ ਥੋਪੀ ਜਾਣ ਲੱਗੀ ਕਿ ਹਿੰਦੂਆਂ ਦੇ ਘਰ ਬਾਰ ਕੀ ਪਰਿਵਾਰ ਤੱਕ ਉਤੇ ਵੀ ਮੁਸਲਮਾਨ ਆਪਣਾ ਸਿੱਧਾ ਹੱਕ ਜਤਾਉਣ ਲੱਗੇ । ਗੁਰਬਾਣੀ ਵਿਚ ਇਸ ਹਾਲਾਤ ਦਾ ਥਾਓਂ ਥਾਈਂ ਵਰਨਣ ਮਿਲਦਾ ਹੈ ।
“ਰਾਜੇ ਸੀਹ ਮ੍ਰਕਦਮ ਕੁਤ ॥ ਜਾਇ ਜਗਾਇਨਿ ਬੈਠੇ ਸੁਤੇ ॥
ਚਾਕਰ ਨਹ ਦਾ ਪਾਇਨਿ ਘਾਓ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥”(ਪੰਨਾ 1288)
ਕਾਜੀਆਂ ਨੇ ਧੋਖੇ ਨਾਲ ਹਿੰਦੂਆਂ ਨੂੰ ਝੁਕਾਉਣਾ ਸ਼ੁਰੂ ਕਰ ਦਿੱਤਾ ਸੀ
“ਸ਼ਾਸਤ੍ਰ ਬੇਦੂ ਨ ਮਾਨੈ ਕੋੲi ॥ ਆਪੋ ਆਪੈ ਪੂਜਾ ਹੋਇ ॥
ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥
ਵਢੀ ਲੈਕੇ ਹਕੁ ਗਵਾਏ ॥ ਜੋ ਕੇ ਪੁਛੈ ਤਾ ਪੜਿ ਸੁਣਾਏ ॥
ਤੁਰਕ ਮੰਤ੍ਰ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ ॥(ਪੰਨਾ 951)
ਪੰਡਿਤ ਇਨ੍ਹਾਂ ਹਾਲਾਤਾਂ ਵਿਚ ਵੀ ਘੱਟ ਨਹੀਂ ਸਨ ਉਹ ਆਪਣਾ ਜਾਤੀ ਅਭਿਮਾਨ ਹੋਰ ਨਿਕੀਆਂ ਜਾਤਾਂ ਤੇ ਪਾਉਣਾ ਲੋਚਦੇ । ਉਨ੍ਹਾਂ ਦੀ ਆਪਣੀ ਗਿਰਾਵਟ ਦੀ ਹਦ ਵੀ ਸਿਖਰ ਤੇ ਸੀ ।
“ਪੜਿ ਪੁਸਤਕ ਸੰਧਿਆਂ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੇ ॥
ਮੁਖਿ ਝੂਠਿ ਬਿਭੂਖਣ ਸਾਰੇ ॥ ਤ੍ਰੈਪਾਲ ਤਿਹਾਲ ਬਿਚਾਰੈ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਾਸ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚਉ ਕਰਮੰ ॥” (ਪੰਨਾ 470)
ਪੰਡਤ ਮੁਸਲਮਾਨੀ ਕਠਪੁਤਲੀਆ ਬਣਕੇ ਖੁਦ ਵੀ ਮਲੇਛਾਂ ਵਰਗਾ ਵਰਤਾਉ ਕਰਨ ਲਗ ਪਏ ਸਨ ।
“ਗਉ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥.......
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੈ ਪੂਜਹਿ ਪੁਰਾਣੁ ॥
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥
ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੁੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਆਸਾਡਾ ਡਿਟੈ ॥
ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੋਨਿ ॥”(ਪੰਨਾ 471-72)
ਇਹ ਧਾਰਮਿਕ ਗਿਰਾਵਟ ਨੇ ਦੇਸੁ ਨੂੰ ਭੁੰਜੇ ਲਾਹ ਦਿਤਾ ਸੀ ਤੇ ਦਮ-ਖਮ ਦਾ ਕਾਲਹੀ ਹੋ ਗਿਆ ਸੀ ।
ਪਰਿਵਾਰਿਕ ਅਵਸਥਾ :
ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਮੇਂ ਦੀ ਹਰ ਤਰ੍ਹਾਂ ਦੀ ਪਰਿਵਾਰਿਕ ਜ਼ਿੰਦਗੀ ਦਾ ਜਨਮ ਤੋਂ ਬਚਪਨ ਤੱਕ ਦਾ ਇਕ ਕੋਸ਼ ਹੈ । ਬੱਚੇ ਦੇ ਜਨਮ ਸਮੇਂ ਦੀ ਖੁਸ਼ੀ ਦਾ ਵਰਨਣ, ਖਾਸ ਕਰ ਉਸ ਸਮੇਂ ਜਦੋਂ ਕੋਈ ਚੰਗੇ ਲਛਣਾਂ ਵਾਲਾ ਬੱਚਨ ਹੋਵੇ, ਅਜੋਕੇ ਸਮੇਂ ਤੋਂ ਵਖਰਾ ਹੈ ।
“ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥” (ਪੰਨਾ 396)
ਗਰਭ ਤੋਂ ਲੈ ਕੇ ਬ੍ਰਹਮਣ ਦੀ ਅਠਵੇਂ, ਖਤਰੀ ਦੀ ਗਿਆਰਵੇਂ ਤੇ ਵੈਸ਼ ਦੀ ਬਾਹਰਵੇਂ ਵਰ੍ਹੇ ਜਨੇਊ ਪਹਿਨਾਉਣ ਦੀ ਰਸਮ ਹੁੰਦੀ ਸੀ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਦਾਰਥ ਜਨੇਊ ਨਾਲੋਂ ਭਾਵਨਾਤਮਕ ਜਨੇਊ ਪਹਿਨਣਾ ਸੁੱਚਾ ਹੈ ।
“ਦਇਆ ਕਪਾਹ ਸੰਤੋਖੁ ਸੂਤੂ ਜਉ ਗੰਢੀ ਸਤੁ ਵਟੁ ॥
ਏਹੁ ਹਨੇਊ ਜੀਅ ਕਾ ਹਈ ਤ ਪਾਡੇ ਘਤੁ ॥” (ਪੰਨਾ 471)
ਨਾਰੀ ਦੀ ਦਸ਼ਾ ਬਹੁਤ ਬੁਰੀ ਸੀ ਤੇ ਉਹ ਕੇਵਲ ਵਿਲਾਸ ਦਾ ਸਾਧਨ ਸਮਝੀ ਜਾਂਦੀ ਸੀ :
“ਸਿਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ ਭਾਵੈ ਜਾਉ ॥”(ਮ: 1 ਆਦਿ ਗ੍ਰੰਥ ਪੰਨਾ 951)
ਤੇ “ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ, ਓਥੈ ਮੰਧੁ ਕਮਾਹੀ ।” (ਪੰਨਾ 1289-90)
ਇਸਤਰੀ ਪੁਰਖ ਦਾ ਖਿਡੋਣਾ ਹੋ ਕੇ ਰਹਿ ਗਈ ਸੀ । ਇਸਤਰੀ ਦੀ ਇਸ ਹਾਲਤ ਅੱਗੇ ਗੁਰੂ ਜੀ ਨੇ ਆਵਾਜ ਉਠਾਈ ।
“ਭੰਡਿ ਜੰਮੀਐ ਨਿੰਮੀਐ ਭੰਡਿ ਮੰਗਣੁ ਵੀਆਹ ॥...........
ਨਾਨਕ ਭੰਡੈ ਬਾਹਰਾ ੲਕੋ ਸਚਾ ਸੋਈ ॥” (ਆਦਿ ਗ੍ਰੰਥ ਪੰਨਾ 473)
ਘਰੋ ਵਿਚ ਸੱਸ ਮਣਦ ਨਜੀ ਨੂੰ ਏਨਾਂ ਤੰਗ ਕਰਦੀਆਂ ਸਨ ਕਿ ਉਸ ਦਾ ਜੀਣਾ ਦੁੱਭਰ ਹੋ ਜਾਂਦਾ ।
“ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥”(ਮ : 1 ਪੰਨਾ 355)
ਸਹੁਰਾ, ਜੇਠ, ਜੇਠਾਣੀ ਵੀ ਘੱਟ ਨਹੀਂ ਸੀ ਕਰਦੇ ।
:ਸਸੂ ਵਿਰਾਇਣਿ ਨਾਨਕ ਜੀਉ, ਸਸੁਰਾ ਵਦੀ, ਜੇਟੋ ਪਉ ਪਉ ਲੂਹੈ ॥”(ਮ : 5, ਆਦਿ ਗ੍ਰੰਥ ਪੰਨਾ 963)
ਯਥਾ : - “ਸਸੂ ਤੇ ਪਿਰਿ ਕੀਨੀ ਵਾਖਿ । ਦੇਰ ਜਿਠਾਣੀ ਮਈ ਦੂਖਿ ਸੰਤਾਪਿ ॥”(ਮ : 5, ਆਦਿ ਗ੍ਰੰਥ ਪੰਨਾ 320)
ਗੁਰੂ ਨਾਨਾਕ ਦੇਵ ਜੀ ਨੇ ਇਹ ਹਾਲਤ ਨੂੰ ਇਉਂ ਬਿਆਨਿਆ ।
“ਰੰਨਾ ਹੋੲiਆ ਬੋਧੀਆ, ਪੁਰਸ ਹੋਏ ਸਈਆਦ ॥”(ਮ : 1, ਆਦਿ ਗ੍ਰੰਥ ਪੰਨਾ 370)
ਤੇ ਆਵਾਜ ਉਠਾਈ :
“ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ । (ਮ : 1, ਆਦਿ ਗ੍ਰੰਥ ਪੰਨਾ 473)
ਨੈਤਿਕ ਹਾਲਾਤ :
ਉਸ ਸਮੇਂ ਸੱਚ ਦਾ ਅਕਾਰ ਸੀ ਤੇ ਜਵਿਨ ਬੜਾ ਦੁੱਭਰ ਸੀ ਪਾਪ ਦਾ ਰਾਜ ਸੀ ਲੋਭ ਮੰਤ੍ਰੀਪੁਣਾ ਕਰ ਰਿਹਾ ਸੀ, ਝੂਠੀ ਸਰਦਾਰੀ ਕਰ ਰਿਹਾ ਸੀ ਤੇ ਚਮਚਾਗਿਰੀ ਰਾਜ ਪ੍ਰਬੰਧ ਦੀ ਅਧਿਕਾਰੀ ਸੀ ।
“ਸਚਿ ਕਾਲੁ ਕੂੜੁ ਵਰਤਿਆ, ਕਲਿ ਕਾਲਖ ਬੇਤਾਲ ॥”( ਪੰਨਾ 468)
ਤੇ “ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ (ਮ : 1, ਪੰਨਾ 468)
ਕਾਮੀ ਮਰਦ ਪਰ ਇਸਤਰੀ ਤੇ ਨਾਲ ਸਬੰਧ ਜੋੜਦੇ ।
“ਪਰ ਦਾਰਾ ਪਰ ਧਨੁ ਪਰ ਲੋਭਾ, ਹਉਮੈ ਬਿਖੈ ਬਿਕਾਰ ॥”(ਪੰਨਾ 1255)
ਤੇ “ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥”(ਭੈਰਉ, ਨਾਮਦੇਵ, ਆਦਿ ਗ੍ਰੰਥ ਪੰਨਾ 1165)
ਕਬੀਰ ਜੀ ਅਨੁਸਾਰ ਦੂਸਰੇ ਦੇ ਤਨ, ਧਨ ਤੇ ਨਾਰੀ ਦਾ ਅਪਹਰਣ ਆਮ ਸੀ । ਦੂਜਿਆਂ ਦੀ ਨਿਆਂ ਤੇ ਝਗੜਿਆਂ ਦਾ ਬੋਲਬਾਲਾ ਆਮ ਸੀ ।
“ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪ ਬਾਦੁ ਨਾ ਛੂਟੈ ॥”(ਰਾਮਕਲੀ ਕਬੀਰ ਪੰਨਾ 971)
ਸ਼ਰਾਬ ਵਿਲਾਸੀ ਜੀਵਨ ਦਾ ਮੁੱਖ ਅੰਗ ਸੀ । ਚਾਰੇ ਪਾਸੇ ਵੱਢੀ ਠੱਗੀ, ਕੱਪਟ ਦਾ ਜਾਲ ਵਿਛਿਆ ਹੋਇਆ ਸੀ । ਕਪਟੀ ਧਨ ਲੁਟਕੇ ਪਰਿਵਾਰ ਚਲਾਉਂਦੇ ਸਨ । ਜੂਆ ਖੇਡਣ ਦਾ ਰਿਵਾਜ ਆਮ ਸੀ ।
“ਜੂਐ ਖੇਲਣੁ ਕਾਚੀ ਸਾਰੀ ...............
ਐਸਾ ਜਗੁ ਦੇਖਿਆ ਜੂਆਰੀ ॥”(ਗਉੜੀ ਮ: 1, ਪੰਨਾ 222)
ਲੋਕ ਰਿਸ਼ਵਤ ਲੈ ਕੇ ਝੂਠੀ ਗਵਾਹੀ ਦਿੰਦੇ ਸਨ ।
“ਲੈ ਕੈ ਵੱਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੋ ।”(ਮਾਰੂ ਮ: 1 ਪੰਨਾ 1032)
ਇਹੋ ਜਿਹੀ ਅਵਸਥਾ ਵਿਚ ਗੁਰੂ ਗ੍ਰੰਖਥ ਸਾਹਿਬ ਨੇ ਸ਼ੁੱਧ, ਸੱਚਾ, ਕਪਟ ਰਹਿਤ ਮਰਿਆਦਾ ਪੂਰਨ, ਜੀਣ ਜੀਵਨ ਦੇ ਨਾਲ ਨਾਲ ਮਿਹਨਤ ਨਾਲ ਆਦਰ ਪ੍ਰਾਪਤ ਕਰਨ ਵਾਲੇ ਜੀਵਨ ਦਾ ਸੰਦੇਸ਼ ਦਿਤਾ । ਦਇਆ ਧਰਮ ਨੂੰ ਸਭ ਤੋਂ ਉਤਮ ਬਣਾਇਆ ।
ਨਿਮ੍ਰਤਾ :- ਨਿਵੈ ਸੁ ਗਉਰਾ ਹੋਇ । (ਮ: 1 ਪੰਨਾ 870)
ਮਿੱਠਾ ਬੋਲਣਾ : - ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ (ਮ: 1 ਪੰਨਾ 470)
ਫਿਕਾ ਬੋਲਣ ਵਾਲੇ ਨੂੰ ਮੂਰ ਦੱਸਿਆ :- ਪਿੱਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥’(ਪੰਨਾ 473)
ਦਸਾਂ ਨਹੁੰਆ ਦੀ ਕਮਾਈ ਦਾ ਮਹਤਵ : ‘ਘਾਲਿ ਖਾਇ ਕਿਛੁ ਹਥਹੁ ਦੇਹਿ ॥ ਨਾਨਕ ਰਾਹੁ ਪਛਾਣਹਿ ਸੇਇ ॥ (ਪੰ : 1245)
ਗ੍ਰਹਸਿਥੀ ਜੀਵਨ ਦਾ ਮਹੱਤਵ : ‘ਵਿਚੇ ਗਿਰਹੁ ਉਦਾਸ ਅਲਿਪਤ ਲਿਵ ਲਾਇਆ ॥’(ਮ : 5, ਪੰਨਾ 1249)
ਅਮਲ ਸ਼ਬਦ ਸਚੁ ਮਿਹਨਤ ਦਾ ਮਹੱਤਵ :
“ਅਮਲੁ ਕਰਿ ਧਰਤੀ ਬੀਜੁ ਸਬਦੋ ਕਰi, ਸਚ ਕੀ ਆਬ ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ ਈਮਾਨੁ ਜੰਮਾਈ ਲੈ ਭਿਸਤੁ ਦੋਜਕੁ ਮੂਵੇ ਏਵ ਜਾਣੀ ॥”(ਪੰਨਾ 23-24)
ਆਰਥਿਕ ਅਵਸਥਾ :
ਪੂੰਜੀਵਾਦੀ ਸਮਾਜ ਦੋ ਗੁਟਾਂ ਵਿਚ ਵੰਡਿਆ ਹੋਇਆ ਸ਼ੀ । ਸਾਰਾ ਸੰਸਾਰ ਲੋਕ ਲਾਲਚ ਦੇ ਬੰਦੀਖਾਨੇ ਵਿਚ ਜਕੜਿਆ ਹੋਇਆ ਸੀ, ਪੈਰੀਂ ਔਗੁਣਾਂ ਦੀਆਂ ਬੇੜੀਆਂ ਸਨ । ਉਪਰੋਂ ਪੂੰਜੀਵਾਦੀ ਮੁਗਧਰ ਸੱਟਾਂ ਮਾਰਦਾ ਸੀ ਤੇ ਪਾਪ ਜੇਲਰ ਬਣਕੇ ਸਿਰ ਨੂੰ ਚੜ੍ਹ ਗਿਆ ਸੀ ।
“ਲਬੁ ਅੰਧੇਰਾ ਬੰਦੀਖਾਨਾ ਅਉਗੁਣ ਪੈਰਿ ਲੁਹਾਰੀ ॥”
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੁੋਟਵਾਰੀ ॥”(ਪੰਨਾ 1191)
ਜਿਸ ਕੋਲ ਦਸ ਮਣ ਅਨਾਜ ਤੇ ਚਾਰ ਟੱਕੇ ਗੰਢ ਵਿਚ ਹੁੰਦੇ ਉਹ ਧੌਣ ਅਕੜਾ ਕੇ ਚਲਦਾ ਤੇ ਰਾਜ ਵਲੋਂ ਵੀ ਸਨਮਾਨ ਪਾਉਂਦਾ ।
“ਮਨ ਦਾ ਨਾਜੁ ਟਕਾ ਚਾਰਿ ਗਾਂਠੀ, ਐਂਡੋ ਟੇਡੋ ਜਾਉ ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੂਇ ਲਾਖ ਟਕਾ ਬਰਾਤ ॥”(ਪੰਨਾ 1251)
ਅਮੀਰ ਨੂੰ ਆਦਰ ਤੇ ਗਰੀਬ ਨੂੰ ਨਿਰਾਦਰ ਖੁਲ੍ਹੇ ਆਮ ਦਿੱਤੇ ਜਾਣ ਕਰਕੇ ਨਿਰਧਨ ਵਿਚਾਰੇ ਸਾਰੇ ਜ਼ੁਲਮ ਬੇਇਜ਼ਤੀਆਂ ਸਹਿਨ ਕਰਦੇ ਤੇ ਕੋਈ ਧੀਰਜ ਵੀ ਨਾ ਬੰਨ੍ਹਾਉਂਦਾ ।
“ਨਿਰਧਨ ਆਦਰੁ ਕੋਈ ਨਾ ਦੇਇ ॥
ਲਾਖ ਜਤਨ ਕਰੈ ਓਹੁ ਚਿਤਿ ਨਾ ਧਰੇਇ ॥
ਜਉ ਨਿਰਧਨੁ ਸਰਧਨ ਕੈ ਜਾਇ ॥ ਆਗੇ ਬੈਠਾ ਪੀਰਿ ਫਿਰਾਇ ॥
ਜਉ ਸਰਧਨੁ ਨਿਰਧਨ ਕੈ ਜਾਇ ॥ ਦੀਆ ਆਦਰੁ ਲੀਆ ਬੁਲਾਇ ॥”(ਪੰਨਾ 1159)
ਨਿਰਧਨ ਜਨਤਾ ਨੂਮ ਰਗੜਨਾ ਸ਼ਾਸਕ ਹੀ ਨਹੀਂ ਸਨ ਜਾਣਦੇ, ਧਰਮ ਦੇ ਠੇਕੇਦਾਰ ਪੁਜਾਰੀ, ਪਾਠੀ, ਜੋਤਿਸ਼ੀ ਮੁਲਾਂ ਵੀ ਜਾਣਦੇ ਸਨ । ਇਸੇ ਕਾਰਨ ਭਗਤ ਨਾਮਦੇਵ ਜੀ, ਕਬੀਰ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਇਸ ਸ਼ੋਸ਼ਣ ਦੈ ਖਿਲਾਫ ਬਹੁਤ ਜ਼ੋਰ ਨਾਲ ਗੂੰਜੀ । ਭਗਤ ਕਬੀਰ ਜੀ ਤਾਂ ਪੰਡਤਾਂ ਨੂੰ ਠੱਗ ਤੱਕ ਕਹਿਣ ਲੱਗੇ ।
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥”(ਪੰਨਾ 475)
ਇਨ੍ਹਾਂ ਲੋਕਾਂ ਨੇ ਹੀ ਸ਼ੂਦਰ ਕਹਿ ਕੇ ਮਾਰ ਮਾਰ ਕੇ ਪੂਜਾ ਕਰਦੇ ਨਾਮਦੇਵ ਨੂੰ ਮੰਦਰ ਤੋਂ ਉਠਾ ਦਿੱਤਾ ਸੀ ।
“ਸ਼ੁਦੁ ਸੂਦੂ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ ॥”(ਪੰਨਾ 1292)
ਅਮੀਰ ਲੋਕ ਚੁਬਾਰਿਆਂ ਵਿਚ ਰਹਿੰਦੇ, ਗਿਰੀ-ਛੁਆਰੇ ਖਾਂਦੇ, ਗਲ ਵਿਚ ਮੋਤੀਆਂ ਦੇ ਹਾਰ ਤੇ ਸਰੀਰ ਉਤੇ ਰੇਸ਼ਮ ਦੇ ਕਪੜੇ ਪਹਿਨਦੇ ਸਨ, ਛੱਤੀਪ੍ਰਕਾਰ ਦੇ ਭੋਜਨ ਖਾਂਦੇ ਸਨ ਤੇ ਲੱਖਾਂ ਵਿਚ ਖੇਲਦੇ ਸਨ ।
(ੳ) ਫਰੀਦਾ ਕੋਠੇ ਮੰਡਪ ਮਾੜੀਆ । (ਪੰਨਾ 1380)
(ਅ) ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ ॥ (ਪੰਨਾ 41)
(ੲ) ਤੁਟਨਿ ਮੋਤਸਰੀਆ ॥ (ਉਹੀ)
(ਸ) ਛਤੀਹ ਅੰਮ੍ਰਿਤ ਭਾਉ ਏਕੁ ॥ (ਪੰਨਾ 16)
(ਹ) ਛਤੀਹ ਅੰਮ੍ਰਿਤ ਭੋਜਨੁ ਖਾਣਾ ॥ (ਪੰਨਾ 100)
(ਕ) ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ ॥ (ਪੰਨਾ 417)
ਜੋ ਗਰੀਬ ਵਿਚਾਰੇ ਝੋਪੜੀਆਂ ਵਿਚ ਰਹਿੰਦੇ ਸਨ, ਰੁਖੀ ਸੁੱਖi ਤੇ ਕਾਠ ਵਰਗੀ ਰੋਟੀ ਖਾਂਦੇ ਸਨ ਤੇ ਫਟੇ ਪੁਰਾਣੇ ਕਪੜੇ ਪਾਉਂਦੇ ਸਨ ।
(ੳ) ਕਿਚਰੁ ਝਤਿ ਲਘਾਈਐ, ਛਪਰਿ ਤੁਟੈ ਮੇਹੁ ॥ (ਫਰੀਦ ਜੀ ਪੰਨਾ 1378)
(ਅ) ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨ ਛਵਾਈ ਹੋ । (ਪੰਨਾ 65)
(ੲ) ਫਰੀਦਾ ਰੋਟੀ ਮੇਰੀ ਕਾਠ ਕੀ..... ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ । (ਪੰਨਾ 1379)
(ਸ) ਅਦਰਿ ਬਾਹਰਿ ਗੁਰਦੜੁ ॥ (ਪੰਨਾ 473)
ਸ਼੍ਰੇਣੀ ਵੰਡ ਬੜੀਆਂ ਤਕੜੀਆਂ ਦੀਵਾਰਾਂ ਦੇ ਰੂਪ ਵਿਚ ਸੀ ।
“ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕ੍ਰਿਤਹ ॥ (ਪੰਨਾ 469)
ਸਾਧੂ ਲੋਕਾਂ ਦਾ ਭਲਾ ਕਰਨ ਦੀ ਆਂ ਪਰਬਤੀਂ ਜਾ ਭੈਠੇ ਸਨ ਤੇ ਦੁਨੀਆ ਨੂੰ ਕੋਈ ਸਿੱਧੇ ਰਸਤੇ ਪਾਣਾ ਵਾਲਾ ਨਹੀਂ ਸੀ । ਗੁਰੂ ਜੀ ਨੇ ਉਨ੍ਹਾਂ ਨੂੰ ਜੱਗ ਵਿਚ ਸੁਚ ਅਚਾਰ ਤੇ ਸ਼ੁਧ ਜੀਵਨ ਦਾ ਰਸਤਾ ਦਿਖਾਉਣ ਲਈ ਕਿਹਾ । ਜਾਤ ਪਾਤ ਦੇ ਵਿਰੁਧ ਆਂਵਾਜ ਉਠਾਈ ਤੇ ਸਭਨਾਂ ਜੀਆ ਕਾ ਏਕੁ ਦਾਤਾ ਆਖਿਆ :
“ਫਕੜ ਜਾਤੀ ਫਕੜੁ ਨਾਉ ॥ ਸ਼ਬਨਾ ਜੀਆ ਇਕਾ ਛਾਉ ॥”(ਪੰਨਾ 83)
ਉਨ੍ਹਾਂ ਦਾ ਦ੍ਰਿੜ ਵਿਸ਼ਵਾਸ਼ ਸੀ ਕਿ ਅਮੀਰੀ ਪਾਪਾਂ ਦੀ ਉਪਜ ਹੈ ਤੇ ਇਹ ਮਾਇਆ ਜਿਆਦਾ ਚਿਰ ਥਿਰ ਰਹਿਣੀ ਨਹੀਂ ।
“ਪਾਪਾਂ ਬਾਝਹੁ ਹੋਵੇ ਨਹੀਂ ਮੁਇਆ ਸਾਚਿ ਕ ਜਾਈ ॥” (ਪੰਨਾ 417)
ਦਾਸੀ ਪ੍ਰਥਾ ਵਿਰੁਧ ਜ਼ੋਰਦਾਰ ਆਂਵਾਜ਼ ਉਠਾਈ ਗਈ ।
“ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੋ ਡਰਣਾ ॥
ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥”(ਪੰਨਾ 902-903)
ਉਪਰੋਕਤ ਸੰਦੇਸ਼ ਕ੍ਰਾਂਤੀ ਦਾ ਮਹਾਨ ਸੰਦੇਸ਼ ਸੀ ਜੋ ਗੁਰੂ ਨਾਨਾਕ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਜੀਦੇ ਗੁਰੂਆਂ, ਸੰਤਾਂ ਭਗਤਾਂ ਨੇ ਦਿੱਤਾ ।
ਵਿਹਾਰਿਕ ਸਿਥਿਤੀ :
ਬ੍ਰਾਹਮਣ ਪੂਜਾ ਦਾ ਧਨ ਖਾਂਦੇ ਤੇ ਮਧਿ-ਵਿਸ਼ਵਾਸ਼ੀਆਂ ਨੂੰ ਰੱਜ ਕੇ ਲੁੱਟਦੇ । ਮੁਲਮਾਨ ਹਿੰਦੂਆਂ ਨੂੰ ਆਪਣੇ ਗੁਲਾਮ ਸਮਝਦੇ । ਜਜ਼ੀਆ ਏਸੇ ਦੀ ਇਕ ਉਦਾਹਰਣ ਸੀ । ਬੇਗਾਰਗੀ ਦਾ ਬੜਾ ਜ਼ੋਰ ਸੀ । ਰਾਜੇ, ਵਜੀਰਾਂ, ਸਰਦਾਰਾਂ, ਨਵਾਬਾਂ ਦਾ ਜੀਵਨ ਆਮ ਤੌਰ ਤੇ ਵਿਲਾਸ ਮਈ ਸੀ । ਦਾਸ-ਸੁਆਮੀ ਦੀ ਰੀਤੀ ਕਰਕੇ ਲੋਕ ਬੜੇ ਦੁਖੀ ਸਨ । ਹਥੀਂ ਕੰਮ ਕਰਨ ਵਾਲਿਆਂ ਨੂੰ ਨੀਚ ਸਮਝਿਆ ਜਾਂਦਾ ਸੀ ਤੇ ਬੁਰੀ ਨਜ਼ਰ ਵਾਲ ਵੇਖਿਆ ਜਾਂਦਾ ਸੀ ਜਦ ਕਿ ਦਿਮਾਗੀ ਕੰਮ ਕਰਨ ਵਾਲਿਆਂ ਦਾ ਦਰਜਾ ਬੜਾ ਉੱਚਾ ਸੀ ।
ਸੰਸਕ੍ਰਿਤਕ ਸਿਥਿਤੀ :
ਮੁਲਮਾਨੀ ਧਰਮ ਨੂੰ ਭਾਰਤੀਆਂ ਉਤੇ ਥੋਪਿਆ ਜਾ ਰਿਹਾ ਸੀ । ਆਮ ਲੋਕ ਡਰਦੇ ਮੁਲਮਾਨ ਬਣ ਜਾਂਦੇ ਪਰ ਆਪਣੇ ਹਿੰਦੂ ਪਿਛੋਕੜ ਨੂੰ ਭੁਲਾ ਨਾ ਸਕਦੇ ਤੇ ਨਵਾਂ ਧਰਮ ਹਿੰਦੂ ਤੇ ਮੁਲਮਾਨ ਧਰਮ ਦਾ ਮਿਲਗੋਭਾ ਹੁੰਦਾ । ਰਾਗ ਤੇ ਕਲਾ ਦਾ ਇਕ ਕਿਸਮ ਨਾਲ ਅੰਤ ਹੀ ਹੋ ਰਿਹਾ ਸੀ ਕਿਉਂਕਿ ਕਈ ਬਾਦਸ਼ਾਹ ਸੰਗੀਤ ਵਿਰੋਧੀ ਸਨ । ਮੁਲਮਾਨੀ ਰੀਤਾਂ ਵਿਚ ਸੰਗੀਤ ਦੀਕੋਈ ਥਾਂ ਨਹੀਂ ਸੀ । ਪਰਦੇ ਦਾ ਰਿਵਾਜ ਸੀ । ਸਮਤ-ਕਵੀਆਂ ਤੋਂ ਬਿਨਾਂ ਹੋਰ ਸਾਹਿਤ ਬੜਾ ਘੱਟ ਰਚਿਆ ਗਿਆ । ਕਵੀਆਂ ਦਾ ਆਪਣੀ ਮੇਲ ਜੋਲ ਵੀ ਨਾ ਮਾਤਰ ਹੀ ਸੀ । ਸਰਕਾਰੀ ਸੁੱਰਖਿਆ ਦੀ ਅਣਹੋਂਦ ਕਰਕੇ ਸੰਗੀਤ ਤੇ ਕਲਾ ਦੀ ਕੋਈ ਮਾਨਤਾ ਹੈ ਹੀ ਨਹੀਂ ਸੀ । ਪਾਏਦਾਰ ਰਚਨਾਵਾਂ ਦੀ ਵੀ ਬੜੀ ਘਾਟ ਰਹੀ । ਉਰਦੂ ਫਾਰਸੀ ਦਾ ਬੋਲਬਾਲਾ ਹੋਇਆ ਤੇ ਭਾਰਤੀ ਭਾਸ਼ਾਵਾਂ ਗੁੱਠੇ ਲੱਗ ਗਈਆਂ ।
ਇਤਿਹਾਸ ਵੇਰਵਾ :
ਗੁਬਾਣੀ ਰਚਨਾ ਕਾਲ ਅਨੁਸਾਰ ਗਿਆਰਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਦੇ ਮੁੱਢ ਤੱਕ ਦੀ ਬਾਣ ਦਰਜ ਹੈ । ਆਪਣੇ ਕਾਲ ਦੀਆਂ ਘਟਨਾਵਾਂ ਦਾ ਵਰਨਣ ਗੁਰਬਾਣੀ ਵਿਚ ਬਹੁਤ ਹੈ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ । ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਪੁਰਾਣੀ ਰਚਨਾ ਭਗਤ ਜੈ ਦੇਵ ਜੀ ( 1171-1204) ਦੀ ਹੈ, ਜੋ ਕੰਦੂਲੀ (ਬੰਗਾਲ) ਦੇ ਰਹਿਣ ਵਾਲੇ ਜਾਤ ਦੇ ਬ੍ਰਾਹਮਣ ਸਨ । ਉਸ ਤੋਂ ਬਾਅਦ ਬਾਬਾ ਫਰੀਦ ਜੀ (1173-1266) ਦੀ ਰਚਨਾ ਦੇ ਸ਼ਬਦ ਅਤੇ ਸਲੋਕ ਹਨ । ਆਪ ਜਿਲਾ ਮੁਲਤਾਨ ਦੇ ਨਗਰ ਖੋਤਵਾਲ ਦੇ ਜੰਮਪਲ ਅਤੇ ਪਾਕ ਪਟਨ ਦੇ ਨਿਵਾਸੀ ਸੂਫੀ ਕਵੀ ਸਨ ।ਇਸ ਪਿੱਛੋਂ ਭਗਤ ਤ੍ਰਿਲੋਚਨ ਜੀ (1267-1335) ਬਾਰਸੀ (ਸ਼ੋਲਾਪੁਰ) ਜਾਤੀ ਵੈਸ਼, ਭਗਤ ਨਾਮਦੇਵ ਜੀ (1270-1319) ਨਰਸੀ ਬਾਮਨੀ ਮਹਾਰਾਸ਼ਟਰ, ਦੀ ਬਾਣੀ ਹੈ । ਇਨ੍ਹਾਂ ਸਭ ਦਾ ਸੰਬੰਧ ਹਿੰਦੂ ਰਾਜ ਦੀ ਸਮਾਪਤੀ ਪਿੱਛੋਂ ਦਾ ਤੇ ਮੁਲਮਾਨ ਸਲਤਨਤ ਦੇ ਚਮਕਣ ਦਾ ਹੈ । ਇਸ ਵੇਲੇ ਮੁਲਮਾਨਾਂ ਨੇ ਭਾਰਤ ਵਿਚ ਜ਼ੋਰ-ਜ਼ਬਰ ਨਾਲ ਜਿਸ ਤਰ੍ਹਾਂ ਮੁਲਮਾਨੀ ਧਰਮ ਫੈਲਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਦੀ ਇਤਿਹਾਸ ਗਵਾਹੀ ਹੈ ।
ਗੁਰਬਾਣੈ ਦੇ ਰਚਨਾ ਕਾਰ ਗੁਰੂ ਸਾਹਿਬਾਨ, ਸੰਤਾਂ, ਫਕੀਰਾਂ ਦਾ ਨਾਮ, ਜਤ ਟਿਕਾਣਾ, ਕਾਲ ਤੇ ਗੁਰਬਾਣੀ ਵਿਚ ਸ਼ਬਦਾਂ ਦੀ ਗਿਣਤੀ ਦਾ ਇਕ ਸੰਖੇ ਪ ਹਾਜਰ ਹੈ :
ਨਾਮ ਜਾਤ ਥਾਂ ਟਿਕਾਣਾ ਕਾਲ ਸ਼ਬਦ
ਭਗਤ ਜੈਦੇਵ ਜੀ ਬ੍ਰਾਹਮਣ ਕੰਦੂਲੀ, ਬੰਗਾਲ 1171-1204 2
ਬਾਬਾ ਫਰੀਦ ਜੀ ਸੂਫੀ ਮੁਸਲਮਾਨ ਖੋਤਵਾਲ, ਮੁਲਤਾਨ 1173-1266 123
ਭਗਤ ਤ੍ਰਿਲੋਚਨ ਜੀ ਵੈਸ਼ ਸ਼ੋਲਾਪੁਰ, 1267-1335 5
ਮਹਾਰਾਸ਼ਟਰ
ਭਗਤ ਨਾਮਦੇਵ ਜੀ ਛੀਂਬਾ ਨਰਸੀ ਬਾਮਨੀ 1270-1359 62
ਭਗਤ ਰਾਮਾਨੰਦ ਜੀ ਬ੍ਰਾਹਮਣ ਬਨਾਰਸ 1366-1467 1
ਭਗਤ ਕਬੀਰ ਜੀ ਜੁਲਾਹਾ ਬਨਾਰਸ 1398-1495 534
ਭਗਤ ਸੈਣ ਜੀ ਨਾਈ ਰੀਵਾ 1390-1440 1
ਭਗਤ ਬੇਨੀ ਜੀ ਬ੍ਰਾਹਮਣ ਬਿਹਾਰ ਚੋਂਦਵੀਂ ਸਦੀ 3
ਭਗਤ ਸਧਨਾ ਜੀ ਕਸਾਈ ਸਿੰਧ ਪੰਦਰਵੀਂ ਸਦੀ 1
ਰਾਜਾ ਪੀਪਾ ਜੀ ਚੋਹਾਨ ਰਾਜਾ ਮਿਗ ਰੋਣ ਗੜ੍ਹ 1408-1468 1
ਭਗਤ ਧੰਨਾ ਜੀ ਜੱਟ ਰਾਜਸਥਾਨ 1415- 4
ਭਗਤ ਭੀਖਨ ਜੀ ਮੁਸਲਮਾਨ ਲਖਨਉ 1470-1573 2
ਭਗਤ ਸੂਰਦਾਸ ਜੀ ਹਿੰਦੂ 1478-1585 2
ਗੁਰੂ ਨਾਨਾਕ ਦੇਵ ਜੀ ਖਤਰੀ ਤਲਵੰਡੀ ਰਾਇ ਭੋਇ 1469-1539 947
ਮਰਦਾਨਾ ਜੀ ਮੁਸਲਮਾਨ ਤਲਵੰਡੀ ਰਾਇ ਭੋਇ1460-1530 3
ਭਗਤ ਰਵਿਦਾਸ ਜੀ ਚਮਾਰ ਬਨਾਰਸ 1377- 40
ਗੁਰੂ ਅੰਗਦ ਦੇਵ ਜੀ ਖਤਰੀ ਨਾਂਗੇ ਕੀ ਸਰਾਇ 1504-1552 63
ਗੁਰੂ ਅਮਰਦਾਸ ਜੀ ਭੱਲਾ ਬਾਸਰਕੇ (ਪੰਜਾਬ) 1479-1574 869
ਗੁਰੂ ਰਾਮਦਾਸ ਜੀ ਸੋਢੀ ਚੂਨਾ ਮੰਡੀ ਲਾਹੋਰ 1534-1582 638
ਗੁਰੂ ਅਰਜਨ ਦੇਵ ਜੀ ਸੋਢੀ ਗੋਇੰਦਵਾਲ 1565-1606 2312
ਗੁਰੂ ਤੇਗ ਬਹਾਦਰ ਜੀ ਸੋਢੀ ਅੰਮ੍ਰਿਤਸਰ 1621-1675 116
ਭਗਤ ਪਰਮਾਨੰਦ ਜੀ ਬ੍ਰਾਹਮਣ ਮਹਾਰਾਸ਼ਟਰ ਚੋਦਵੀ, ਪੰਦਰ੍ਹਵੀਂ ਸਦੀ 1
ਸਤਾ ਬਲਵੰਡ ਜੀ ਮਰਾਸੀ ਪੰਜਾਬ ਗੁਰੂ ਨਾਨਕ ਦੇਵ ਜੀ ਨਾਲ 8
ਭਗਤ ਸੁਮਦਰ ਜੀ ਵੈਸ਼ ਦਿਉਸਾ ਨਗਰ (ਰਾਜਸਥਾਨ) 6
ਭੱਟ ਜੀ ਭੱਟ ਪੰਜਾਬ, ਉੱਤਰ ਪ੍ਰਦੇਸ਼ 123
ਜੋੜ:- 5863
ਉਪਰੋਕਤ ਸੰਖੇਪ ਸਾਰ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਮਾਂ ਗੋਰੀ-ਗਜ਼ਨਵੀ ਦੇ ਹਮਲਿਆਂ ਤੋਂ ਲੈ ਕੇ ਅੋਰੰਗਜ਼ੇਬ ਤੱਕ ਦਾ ਹੈ ਜੋ ਕਿ ਮਾਨਵੀ ਅਧੋਗਤੀ ਤੋਂ ਸ਼ੁਰੂ ਹੁੰਦਾ ਹੈ ਤੇ ਧਾਰਮਿਕ ਕੱਟੜ ਪੁਣੇ ਤੇ ਜਾ ਕੇ ਖਤਮ ਹੁੰਦਾ ਹੈ । ਹਿੰਦੂ ਜੋ ਖੁਦ ਕਰਮ ਕਾਂਡਾਂ ਵਿਚ ਗੁਆਚੇ ਹੋਏ ਸਨ ਅੰਦਰੋਂ ਖੋਖਲੇ ਹੋ ਚੁੱਕੇ ਸਨ । ਮਹਿਮੂਦ ਗਜ਼ਨਵੀ ਦਾ ਸਮਕਾਲੀ ਅਲ ਬੈਰੂਠੀ ਲਿਖਦਾ ਹੈ, ਬ੍ਰਾਹਮਣਾਂ ਅੰਦਰ ਵੇਦ ਦਾ ਅਰਥ ਜਾਨਣ ਵਾਲੇ ਬਹੁਤ ਥੋੜੇ ਹਨ । ਉਨ੍ਹਾਂ ਦੀ ਗਿਣਤੀ ਤਾਂ ਹੋਰ ਵੀ ਥੋੜੀ ਹੈ, ਜਿਨ੍ਹਾਂ ਦੀ ਵਿਦਵਤਾ ਇਤਨੀ ਮਹਾਨ ਹੋਵੇ ਕਿ ਉਹ ਵੇਦ ਦੇ ਵਿਸ਼ਿਆ ਅਤੇ ਉਸ ਦੀ ਵਿਆਖਿਆ ਉਤੇ ਵਿਵਾਦ ਕਰ ਸਕਣ । ਪ੍ਰਸਿੱਧ ਵਿਦਵਾਨ ਰਹੁਲ ਸੰਕ੍ਰਤਾਯਨ ਦਾ ਇਸ ਸਮੇਂ ਬਾਰੇ ਮਤ ਹੈ ਕਿ ਬ੍ਰਾਹਮਣ ਸਮਾਜ ਇਸਲਾਮ ਦੇ ਆਉਣ ਸਮੇਂ ਅੰਦਰੋਂ ਬੋਦਾ ਹੋ ਚੁੱਕਿਆ ਸੀ । ਹੁਣ ਤੱਕ ਜਿਤਨੇ ਵੀਵਿਦੇਸ਼ੀ ਮਹਲਾਵਰ ਭਾਰਤ ਵਿਚ ਆਏ ਹਨ, ਉਹ ਭਾਰਤੀ ਸੰਸਕ੍ਰਿਤ ਅਤੇ ਜਾਂ ਕੁਝ ਆਪਣੇ ਕੋਲੋਂ ਦੇ ਲੈ ਕੇ ਵੀ ਹਜ਼ਾਰਾਂ ਜਾਤਾਂ ਪਾਤਾਂ ਦੇ ਫੈਲੇ ਸਮੁੰਦਰ ਵਿਚ ਗੁਆਚਦੇ ਗਏ । ਪਰ ਹੁਣ ਜਿਸ ਸੰਸਕ੍ਰਿਤੀ ਅਤੇ ਧਰਮ ਨਾਲ ਵਾਹਿ ਪਿਆ ਉਹ ਬੜੀ ਤਕੜੀ ਸੀ । ਉਸ ਨੂੰ ਜਜ਼ਮ ਕਰਨ ਦੀ ਸ਼ਕਤੀ ਬ੍ਰਾਹਮਣਾਂ ਦੇ ਟੁੱਟੇ ਢਾਂਚੇ ਵਿਚ ਨਹੀਂ ਸੀ ।
ਜਦ ਮੁਲਮਾਨੀ ਰਾਜ ਦੇ ਅਰੰਭ ਵਿਚ ਇਹ ਹਾਲ ਸੀ ਤਾਂ ਫਿਰ ਗੁਰੂ ਸਾਹਿਬਾਨ ਦੇ ਸਮੇਂ ਤੱਕ ਚਾ ਸੌ ਸਾਲ ਹੋਰ ਲੰਘਣ ਤੇ ਰਾਜ ਸੱਤਾ ਦੇ ਖੁੱਸਣ ਅਤੇ ਧਾਰਮਿਕ ਦਮਨਕਾਰੀ ਸਮਾਜ ਨੇ ਹੋਰ ਅਧੋਗਤੀ ਵੱਲ ਜਾਣਾ ਹੀ ਸੀ । ਬ੍ਰਾਹਮਣ ਵਰਗ ਦੇ ਦੰਭ ਨੇ ਆਮ ਜੰਤਾ ਦੀਆਂ ਹੀ ਗੋਡੀਆਂ ਲਗਵਾਈਆਂ ਹੋਈਆਂ ਸਨ । ਜੀਵਕਾ ਖਾਤਰ ਉਹ ਮੁਲਸਮਾਨ ਸ਼ਾਸ਼ਕ ਵਰਗ ਅਤੇ ਉਸ ਦੇ ਸਹਿਯੋਗ ਖੱਤਰੀ ਵਰਗ ਨਾਲ ਜੁੜਿਆ ਹੋਇਆ ਸੀ ਅਤੇ ਆਪਣਾ ਪਰਲੋਕ ਸੁਧਾਰਨ ਤੇ ਪ੍ਰਭਾਵ ਪਾਉਣ ਲਈ ਕਰਮ-ਕਾਂਡੀ ਹੋਣ ਦਾ ਸਵਾਂਗ ਵੀ ਰਚਦਾ ਸੀ :
“ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੈ ਪੂਜਹਿ ਪੁਰਾਣੁ ॥”
ਵੈਸ਼ਨਵਾ ਦੀ ਵੀ ਘੱਟ ਅਧੋਗਤੀ ਨਹੀਂ ਸੀ, ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ :
“ਅਮਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਵੈ ॥
ਦੇਹੀ ਧੋਵੈ ਚਕੂ ਬਣਾਏ ਮਾਇਆ ਨੋ ਬਹੁ ਧਾਵੈ ॥
ਅੰਦਰਿ ਮੈਲੁ ਨ ਉਤਰੇ ਹਉਮੈ ਫਿਰਿ ਫਿਰਿ ਆਵੈ ਜਾਵੈ ॥
ਨੀਂਦ ਵਿਆਪਿਆ ਕਾਮਿ ਸੰਤਾਪਿਆ, ਮੁਖਹੁ ਹਰਿ ਹਰਿ ਕਹਾਵੈ ॥”
ਪਿੱਛੋਂ ਕਾਜੀ ਦੇ ਹਥ ਵਾਗ ਡੋਰ ਆਈ ਤਾਂ ਉਸ ਨੇ ਵੀ ਆਪਣੇ ਦੰਭੀ ਰਿਸ਼ਵਤ ਦਾ ਜਾਲ ਫੈਲਾ ਦਿਤਾ :
“ਗਿਆਨ ਵਿਹੁਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥
ਯਾਥ-ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥
ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥”(ਪੰਨਾ 951)
ਰਾਜੇ ਅਪਣੀ ਤਾਕਤ ਦੇ ਨਸ਼ੇ ਵਿਚ ਜੰਤਾਂ ਨੂੰ ਤੁੱਛ ਸਮਝਦੇ ਤੇ ਤਲਵਾਰ ਦੀ ਧਾਰ ਰੱਖਕੇ ਜੰਤਾਂ ਦੀ ਜਿਵੇਂ ਹਿਲ ਆਵੇ ਵੱਢੀ ਕਰਦੇ ਤੇ ਕਿਸੇ ਵੀ ਵਿਰੋਧੀ ਆਵਾਜ਼ ਨੂੰ ਜਨਮਣ ਨਾ ਦਿੰਦੇ ।
ਗੁਰੂ ਨਾਨਕ ਦੇਵ ਜੀ ਨੇ ਇਸ ਸਮੇਂ ਦੇ ਰਾਜ ਨੂੰ ਇਸ ਤਰ੍ਹਾਂ ਬਿਆਨਿਆ :-
(ੳ) ‘ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥’
(ਅ) ‘ਰਾਜੇ ਸੀਹ ਮੁਕਦਮੁ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥’
ਮੁਗਲਾਂ ਦੇ ਜੁਲਮ ਦਾ ਦਰਦ ਗੁਰੂ ਜੀ ਨੇ ਇਉਂ ਬਿਆਨਿਆ :
“ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨਾ ਆਇਆ ॥”(ਪੰਨਾ 360)
ਭਗਤਾਂ ਤੇ ਗੁਰੂਆਂ ਨੇ ਇਸ ਜ਼ੁਲਮ ਵਿਰੁਧ ਆਵਾਜ਼ ਉਠਾਈ ਤਾਂ ਉਨ੍ਹਾਂ ਨਾਲ ਵੀ ਘੱਟ ਨਹੀਂ ਕੀਤੀ ਗਈ । ਇਕ ਮਰੀ ਗਉ ਨੂੰ ਜਿਉਂਦਾ ਕਰਨ ਦਾ ਹੁਕਮ ਨਾ ਮੰਨਣ ਤੇ ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ (ਆਦਿ ਗ੍ਰੰਥ ਪੰਨਾ 1165) । ਭਗਤ ਕਬੀਰ ਜੀ ਨੂੰ ਬੰਨ੍ਹ ਕੇ ਹਾਥੀ ਅੱਗੇ ਸੁੱਟੇ ਜਾਣ ਦਾ ਸੰਕੇਤ ਵੀ ਮਿਲਦਾ ਹੈ ।
‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥” (ਪੰਨਾ 951)
ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਬੰਦੀ ਬਣਾ ਲਿਆ 9ਸਾਡਾ ਇਤਿਹਾਸ ਪੰਨਾ 68) ਕਿਉਂ ਕਿ ਗੁਰੂ ਜੀ ਨੇ ਆਵਾਜ਼ ਉਠਾਈ ਸੀ :
“ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨੁ ਵੇ ਲਾਲੋ ॥”(ਪੰਨਾ 722)
ਮੁਗਲਾਂ ਦੇ ਹਮਲੇ ਅੱਗੇ ਕਰਮ ਕਾਂਡ ਟੁੱਟਣ ਲੱਗਾ । ਟੁਣੇ ਤਾਬੀਜ਼ਾਂ ਦੇ ਭਰਮ ਟੁੱਟ ਗਏ ।
“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਇਆ ॥
ਥਾਨ ਮੁਕਾਮ ਜਲੇ ਬਿਜ ਮੰਦਰ, ਮੁਛਿ ਮੁਛਿ ਕੁਇ ਰੁਲਾਇਆ ॥
ਕੋਈ ਮੁਗਲੁ ਨ ਹੇਆ ਅੰਧਾ, ਕਿਨੈ ਨ ਪਰਚਾ ਲਾਇਆ ॥”(ਪੰਨਾ 417-18)
ਜਗ ਹੋਰ ਕੋਈ ਵੱਸ ਨਾ ਚੱਲਿਆ ਤਾਂ ਸੰਤਾਂ ਗੁਰੂਆਂ ਵਲ ਲੋਕੀ ਧਾਏ ਤੇ ਰਾਹ ਲਭਣ ਲੱਗੇ । ਜੋ ਰਾਹ ਗੁਰੂਆਂ ਸੰਤਾਂ ਨੇ ਉਸ ਸਮੇਂ ਦਿੱਤਾ ਉਹ ਗੁਰਬਾਣੀ ਵਿਚ ਸ਼ਾਮਿਲ ਹੈ । ਆਉ ਇਸ ਦੇ ਮੁੱਖ ਲਛਣ ਵੇਖੀਏ ।
ਮਨੁੱਖੀ ਸਮਾਨਤਾ :
ਸਭ ਤੋਂ ਪ੍ਰਮੁੱਖ ਸਬਦ ਗੁਰੂਆਂ ਸੰਤਾਂ ਭਗਤਾਂ ਨੇ ਜੋ ਦਿੱਤਾ ਉਹ ਸੀ ਮਨੁੱਖi ਸਮਾਨਤਾ ਦਾ ‘ਏਕ ਪਿਤਾ ਏਕਸੁ ਕੇ ਹਮ ਬਾਰਿਕ’ ਦਾ । ਬਾਵ ਸਭ ਦਾ ਪਿਤਾ ਇਕ ਹੈ ਤੇ ਕੋਈ ਉਸ ਅੱਗੇ ਛੋਟਾ ਵੱਡਾ ਨਹੀਂ । ਗੁ੍ਰ ਨਾਨਕ ਦੇਵ ਜੀ ਨੇ ਫੁਰਮਾਇਆ ।
“ਸਭ ਮਹਿ ਜੋਤਿ ਜੋਤਿ ਹੈ ਸੋਈ ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥” (ਪੰਨਾ 663)
ਭਗਤ ਕਬੀ ਜੀ ਨੇ ਆਖਿਆ :
“ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੌ ਮੰਦੇ ॥”(ਪੰਨਾ 1349-50)
ਇਸੇ ਤਰ੍ਹਾਂ ਗੁਰਬਾਣੀ ਵਿਚ ਥਾਓਂ ਥਾਈ ਇਸੇ ਆਸ਼ੇ ਦੀਆ ਟੂਕਾਂ ਹਨ ।
(ੳ) ‘ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਬਾਈ ਏਕੋ ਹੈ ॥’ (ਪੰਨਾ 350)
(ਅ) ‘ਏਕੰਕਾਰੁ ਅਵਰੁ ਨਹੀ ਦੂਜਾ, ਨਾਨਕ ਏਕੁ ਸਮਾਈ ॥’ (ਪੰਨਾ 930)
(ੲ) ‘ਇਸੁ ਏਕੋ ਕਾ ਕਾਣੈ ਭੇਉ ॥’ (ਪੰਨਾ 930)
(ਸ) ‘ਏਕੇ ਕਉ ਨਾਹੀ ਭਉ ਕੋਇ ॥’ (ਪੰਨਾ 796)
(ਹ) ‘ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋ ਕੀ ਜਾਤਿਕਾ ਜਾਲਾ ॥(ਪੰਨਾ 838)
ਜੇ ਡੂੰਘਾਈ ਨਾਲ ਇਸ ਦਾ ਮਤਲਬ ਸਮਝਿਆ ਜਾਵੇ ਤਾਂ ਇਸ ਦਾ ਇਤਿਹਾਕ ਮਹਤਵ ਬਹੁਤ ਹੈ :
(ੳ) ਸਭ ਤੋਂ ਵੱਡਾ ਪਰਮ-ਪੁਰਖ ਪਰਮੇਸ਼ਵਰ ਹੈ, ਕੋਈ ਰਾਜਾ ਮਹਾਰਾਜਾ ਬ੍ਰਾਹਮਣ ਜਾਂ ਕਾਜੀ ਨਹੀਂ ।
(ਅ) ਸਾਰੀ ਦੁਨੀਆ ਉਸੇ ‘ਇਕ’ ਦੀ ਉਪਜ ਹੈ । ਇਸ ਲਈ ਸਬ ਬਰਾਬਰ ਹਨ ।
ਵੱਡਾ-ਛੋਟਾ ਕਹਿਣਾ ਮੰਨਣਾ ਉਸ ‘ਇਕ’ਦੀ ਹੋਂਦ ਨੂੰ ਅਸਵੀਕਾਰਨਾ ਹੈ ।
(ੲ) ਜਾਤ-ਪਾਤ ਮਨੁਖੀ ਉਪਜ ਹੈ । ਉਸ ਸੱਚੇ ਲਈ ਤਾਂ ਸਭ ਬਰਾਬਰ ਹਨ ।
ਉਸ ਦੀ ਨਜ਼ਰੇ ਕੋਈ ਜਨਮੋਂ ਭਲਾ ਬੁਰਾ ਨਹੀਂ ।
(ਸ) ਜੇ ਡਰਨਾ ਹੈ ਤਾਂ ਉਸ ਸਚੇ ਈਸ਼ਵਰ ਦਾ ਹੀ ਡਰ ਰੱਖੋ ਹੋਰ ਕਿਸੇ ਤੋਂ ਡਰਨ ਦੀ
ਜ਼ਰੂਰਤ ਨਹੀਂ ।
ਇਹ ਉਸ ਸਮੇਂ ਦੇ ਜ਼ਾਲਮਾਂ ਵਿਰੁਧ, ਬ੍ਰਾਹਮਣੀ ਇਕਲਵਾਦ ਵਿਰੁਧ ਤੇ ਜਾਤ-ਪਾਤ ਵਿਰੁਧ ਇਕ ਬਹੁਤ ਵੱਡੀ ਆਵਾਜ਼ ਸੀ । ਆਰਥਕ ਤੇ ਸਮਾਜਿਕ ਨਾ-ਬਰਾਬਰੀ ਲਈ ਇਹ ਇਕ ਬਹੁਤ ਵੱਡੀ ਚੋਟ ਸੀ ।
ਸਾਂਝੀਵਾਲਤਾ :
ਸਾਂਝੀਵਾਲਤਾ ਦੇ ਆਧਾਰ ਹਨ ਸਮਾਜਕ ਸਾਂਝੇ ਧਾਰਮਿਕ ਅਕੀਦੇ ਦੀ ਵਿਸ਼ਣ-ਵਿਆਪੀ ਸਾਂਝ, ਆਰਥਕ ਨਾ ਬਰਾਬਰੀ ਦੀ ਅਣਹੋਂਦ, ਅਤੇ ਰਾਜਸੀ ਭਾਈਚਾਰੇ ਵਿਚ ਹਰ ਪ੍ਰਾਣੀ ਦੀ ਅਵਾਜ਼ ਤੇ ਜਨ-ਸਾਧਾਰਨ ਦੀ ਪ੍ਰਤੀਨਿਧਤਾ । ਇਨ੍ਹਾਂ ਚਾਰਾਂ ਮੂਲ ਆਧਾਰਾਂ ਤੇ ਚੱਲ ਕੇ ਵਿਸ਼ਵਾਸ਼, ਸੰਕਲਪ ਜਾਂ ਧਰਮ ਸਾਂਝੀਵਾਲਤਾ ਦਾ ਦਾਵਾ ਕੀਤਾ ਜਾ ਸਕਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਇਸੇ ਸਾਂਝੀਵਾਲਤਾ ਦੇ ਮੁੱਖ ਆਧਾਰ ਨੂੰ ਤਿਆਰ ਕਰਨ ਵੱਲ ਬਹੁਤ ਵੱਡਾ ਕਦਮ ਸੀ । ਗੁਰਬਾਣੀ ਵਿਚ ਕਿਸੇ ਇਕ ਧਰਮ, ਜਾਤ ਗੋਤ, ਕਿੱਤੇ, ਦੇਸ਼ ਨਾਲ ਸਬੰਧਤ ਨਹੀਂ । ਇਸ ਦਾ ਆਧਾਰ ਬਹੁਤ ਡੂੰਘੇਰਾ ਹੈ । ਇਸ ਵਿਚ 7 ਮੁਸਲਮਾਨ ਭਗਤਾਂ, 26 ਹਿੰਦੂ ਭਗਤਾਂ ਭੱਟਾ ਤੇ 6 ਗੁਰੂ ਸਾਹਿਬਾਨਾਂ ਦੇ ਸ਼ਬਦ ਰਸ ਭਾਵ 17.5% ਮੁਸਲਮਾਨ 65% ਹਿੰਦੂ ਤੇ 17.5% ਸਿੱਖ । ਸ਼ਬਦਾਂ ਦੇ ਹਿਸਾਬ ਨਾਲ 11.7% ਸ਼ਬਦ ਮੁਸਲਮਾਨ ਭਗਤਾਂ ਦੇ 4% ਹਿੰਦੂ ਭਗਤਾਂ ਦੇ ਤੇ 84.3% ਗੁਰੂ ਸਾਹਿਬਾਨ ਦੇ ਹਨ । ਇਸ ਵਿਚ ਰਹ ਮੁੱਖ ਕੌਮ ਨੂੰ ਪ੍ਰਤੀ ਇਸੇ ਤਰ੍ਹਾਂ ਜਾਤਾਂ ਵਿਚੋਂ ਜੁਲਾਹਾ, ਸ਼ੇਖ ਸਯਦ, ਕਸਾਈ, ਸੂਫੀ, ਮਰਾਸੀ, ਛੀਂਬੇ, ਚਮਾਰ, ਵੈਸ਼ ਜੱਟ ਬ੍ਰਾਹਮਣ, ਖਤਰੀ ਨਾਈ ਆਦਿ ਹਰ ਜਾਤ ਦੇ ਲਿਖਾਰੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਸਾਮਿਲ ਕੀਤੀਆਂ ਗਈਆਂ ਹਨ । ਲੇਖਕਾਂ ਵਿਚੋਂ ਪੰਜਾਬ ਤੋਂ ਬਿਨਾਂ ਸਿੰਧ, ਗੁਜਰਾਤ, ਮਹਾਰਾਸ਼ਟਰ, ਰਾਜਿਸਥਾਨ, ਉਤਰਪ੍ਰਦੇਸ਼ ਬਿਹਾਰ, ਬੰਗਾਲ ਹਰਿਆਣਾ ਗਲ ਕੀ ਹਰ ਰਿਆਸਤ ਦੇ ਲੇਖਕਾਂ ਨੂੰ ਪ੍ਰਤੀਨਿਧਤਾ ਮਿਲੀ ਹੈ । ਧਰਮਾਂ ਜਾਤਾਂ ਪਾਤਾਂ ਅਤੇ ਸਥਾਨਾਂ ਦੇ ਵਿਤਕਰਿਆਂ ਤੋਂ ਦੁਰ ਗੁਰੂ ਗ੍ਰੰਥ ਸਾਹਿਬ ਇਹ ਸਭ ਲਈ ਸਾਝਾਂ ਪੈਦਾ ਕਰਦਾ ਹੈ । ਸਭ ਦਾ ਆਪਣਾ ਹੈ ।
‘ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’(ਮ: 5 ਪੰਨਾ 97)
ਰਬ ਵੀ ਸਭਨਾਂ ਦਾ ਸਾਂਝਾ ਦੱਸਿਆ ਹੈ ਤੇ ਜਾਤ ਜਨਮ ਤੇ ਕੁਲ ਦਾ ਕੋਈ ਮਹੱਤਵ ਨਹੀਂ :
‘ਸਭਨਾ ਕਾ ਦਰਿ ਲੇਕਾ ਹੋਇ ॥ ਕਰਣੀ ਬਾਝਹੁ ਤਰੈ ਨਕੋੲi ॥’(ਮ : 1 ਪੰਨਾ 942)
ਸਭਨਾਂ ਦਾ ਮੇਲ ਅਕੀਦਾ ਹੈ :
‘ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥’(ਪੰਨਾ 72)
ਗੁਰੂ ਗ੍ਰੰਥ ਸਾਹਿਬ ਅਨੁਸਾਰ ਕਰਮਕਾਂਡੀ ਬ੍ਰਾਹਮਣ ਨਹੀਂ, ਬਲਕਿ ਮੋਕਸ਼ ਪ੍ਰਾਪਤ ਕਰਕੇ ਸਭ ਦਾ ਭਲਾ ਕਰਨ ਵਾਲਾ ਅਸਲੀ ਬ੍ਰਾਹਮਣ ਹੈ ।
“ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥”(ਪੰਨਾ 662)
ਤੇ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ ॥” (ਪੰਨਾ 1377)
ਸੱਚੇ ਕਾਜੀ ਦਾ ਤੇ ਗੋਰਖ ਦਾ ਵਰਨਣ ਇਉਂ ਕੀਤਾ ਹੈ :
“ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ॥
ਸੁਪਨੈ ਬਿਮਦੂ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥
ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮਨਾਮ ਉਚਰੈ ॥
ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥”(ਪੰਨਾ 1160)
ਧਾਰਮਿਕ ਅਕੀਦੇ ਦੀ ਵਿਸ਼ਵ ਵਿਆਪੀ ਸਾਂਝ :
ਗੁਰੂ ਗੰਥ ਸਾਹਿਬ ਵਿਚ ਸਭ ਦੇ ਭਲੇ ਦੀ ਆਸਥਾ ਹੈ ।
‘ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥’ (ਪੰਨਾ 853)
ਸਭ ਦਾ ਸੱਚਾ ਧਰਮ ਨਾਮ ਜਪਣਾ ਤੇ ਸ਼ੁਭ ਕਰਮ ਕਰਨਾ ਦੱਸਿਆ ਗਿਆ ਹੈ :
‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’(ਪੰਨਾ 266)
ਇਸੇ ਤਰ੍ਹਾਂ ਆਰਥਕ ਨਾ ਬਰਾਬਰੀ ਦੀ ਅਣਹੋਂਦ ਲਈ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਸ਼ਬਦ ਹਨ । ਗੁਰੂ ਸਾਹਿਬ ਦਾ ਕਿਰਤ ਕਰਨ ਤੇ ਵੰਡ ਛਕਣ ਦਾ ਵਿਚਾਰ ਬੜਾ ਸਥੂਲ ਸੀ ।
‘ਘਾਲਿ ਖਾਇ ਕਿਛੁ ਹਥਹੁ ਦੇਹਿ ॥ ਨਾਨਕ ਰਾਹੁ ਪਛਾਣਹਿ ਸੇਇ ॥’(ਪੰਨਾ 1245)
ਯਥਾ-’ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਜ ਕਰੀਜੈ ॥
ਸਾਂਜ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥’ (ਮ. 5 ਪੰਨਾ 765)
ਪਾਪਾਂ ਨਾਲ ਕਮਾਈ ਗਈ ਮਾਇਆ ਨੂੰ ਭੰਡਦਿਆ ਆਖਿਆ ।
‘ਇਸੁ ਜਰ ਕਾਰਣਿ ਘਣਿੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ ॥’(ਮ: 1 ਪੰਨਾ 417)
ਦੂਜੇ ਦਾ ਹੱਕ ਕਾਣ ਬਾਰੇ ਦੇਖੋ ਗੁਰੂ ਜੀ ਨੇ ਕਿਸ ਤਰ੍ਹਾਂ ਬਿਆਨਿਆਂ ਹੈ :
‘ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਥਾਇ ॥
ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨਾ ਖਾਇ ॥’(ਪੰਨਾ 141)
ਏਥੋਂ ਤੱਕ ਕਿ ਇਸਤਰੀ ਜਾਤੀ ਨੂੰ ਬੁਰਾ ਆਖਣ ਵਾਲਿਆਂ ਨੂੰ ਵੀ ਟੋਕਿਆ ਤੇ ਇਸਤਰੀ ਨੂੰ ਰਾਜਿਆਂ ਦੀ ਜਨਨੀ ਤੱਕ ਕਿਹਾ ।
‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ॥’
ਮਾਨਵਤਾ :
ਗੁਰਬਾਣੀ ਮੂਲ ਰੂਪ ਵਿਚ ਮਾਨਵਤਾ ਦੀ ਰਚਾਨ ਸੰਗ੍ਰਿਹ ਹੈ ਜਿਸ ਦਾ ਮਾਨਵਵਾਦ ਸਰਵ-ਵਿਆਪੀ, ਪਰਉਪਕਾਰੀ ਤੇ ਜਨ ਸੇਵੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀਆਂ ਨੇ ਪੁਰਾਤਨ ਭਗਤੀ ਫਿਲਾਸਫੀ ਨੂੰ ਇਕ ਨਵਾਂ ਰੂਫ ਤੇ ਸਰੂਪ ਦੇ ਕੇ ਉਜਲ ਕੀਤਾ ਤੇ ਇਕ ਨਵੀਂ ਬੋਧਿਕ ਦਿਸ਼ਾ ਦੇ ਕੇ ਇਸ ਨੂੰ ਹੋਰ ਨਿਗਰ ਤੇ ਪ੍ਰਬੀਨ ਬਣਾਇਆ । ਇਹ ਮਾਨਵਵਾਦ ਮੁੱਖ ਰੂਪ ਵਿਚ ਬੋਧਿਕ ਹੈ ਜਿਸ ਵਿਚ ਸਾਰੀਆਂ ਜਾਤੀਆਂ ਸਮਾਨ ਹਨ ਤੇ ਸਾਰੇ ਆਦਮੀ ਔਰਤਾਂ ਬਿਨਾਂ ਫਰਕ ਇਕ ਸਮਾਨ ਹਨ । ਇਕੋ ਈਸ਼ਵਰ ਹੈ ਜੋ ਸਭ ਥਾਈਂ ਵਸਦਾ ਹੈ ਅਤੇ ਸਾਰੀ ਦੁਨੀਆ ਦਾ ਆਧਾਰ ਉਹੀ ਹੈ :
“ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰ ਹੈ ਵੂਠਾ ॥
ਸਭੇ ਸਾਝੀਵਾਲ ਸਦਾਇਨਿ ਊੰ ਕਿਸੈ ਨ ਦਿਸਹਿ ਬਾਹਰਾ ਜੀਉ ॥”
ਕੋਈ ਉਸ ਨੂੰ ਰਾਮ ਕਹੇ ਖੁਦਾ ਚਾਹੇ ਗੁਸਾਈ । ਸਭ ਉਸੇ ਇਕ ਦੇ ਜੀਅ ਹਨ ।
‘ਏਕੁ ਪਿਤਾ ਏਕਸ ਕੇ ਹਮ ਬਾਰਿਕ ............॥’ (ਪੰਨਾ611)
ਉਸ ਨੂੰ ਪਾਉਣ ਲਈ ਇਹ ਜ਼ਰੂਰੀ ਹੈ ਕਿ ਉਸ ਨਾਲ ਪਿਆਰ ਕੀਤਾ ਜਾਵੇ ਤੇ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ । ਬਾਬਾ ਫਰੀਦ ਜੀ ਨੇ ਲਿਖਿਆ ਹੈ ।
‘ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ ॥’ (ਪੰਨਾ 1384)
ਈਸ਼ਵਰ ਆਪ ਬੰਦਿਆਂ ਵਿਚ ਹੈ, ਬੰਦੇ ਦਾ ਜੀ ਦੁਖਾਇਆ ਉਸ ਦਾ ਦਿਲ ਦੁਖਦਾ ਹੈ ।
‘ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥” (ਪੰਨਾ 1384)
ਇਸੇ ਲਈ ਸਹਿਨਸ਼ੀਲਤਾ ਅਤੇ ਉਦਾਰਤਾ ਦੀ ਕਦਰ ਕੀਤੀ ਗਈ ।
“ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਾਈ ਪਲੈ ਸਭੁ ਕਿਛੁ ਪਾਇ ॥” (ਪੰਨਾ 1381)
ਜੋ ਕੋਈ ਅੱਗੋਂ ਬੁਰਾ ਵਰਤਾਉ ਕਰੋ ਤਾਂ ਜਵਾਬੀ ਕਾਰਵਾਈ ਠੀਕ ਨਹੀਂ ।
“ਫਰੀਦਾ ਜੋ ਤੈ ਮਾਰਨਿ ਤਿਨਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥” (ਪੰਨਾ 1378)
ਆਪਣੇ ਨੂੰ ਉੱਚਾ ਸਮਝਣ ਤੇ ਮਾਨਵਤਾ ਦਾ ਤ੍ਰਿਸਕਾਰ ਕਰਨ ਵਾਲਿਆਂ ਨੂੰ ਟੋਕਿਆ ।
“ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੂ ਤੇ ਸਭ ਉਤਪਾਤੀ ॥
ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥..........
ਤਉ ਆਨ ਬਾਟ ਕਾਹੇ ਨਹੀ ਆਇਆ ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ਹਮ ਕਤ ਲੇਹੂ ਤੁਮ ਕਤ ਦੂਧ ॥” (ਪੰਨਾ 324)
ਨਿਰਧਨ ਤੇ ਅਮੀਰ ਦਾ ਭੇਦ ਭਾਵ ਮਾਨਵਤਾ ਦੇ ਵਿਰੁਧ ਦਰਸਾਇਆ ।
“ਨਿਰਧਨੁ ਸਰਧਨੁ ਦੋਨਉ ਭਾਈ ॥
ਪ੍ਰਭ ਕੀ ਕਲਾ ਨ ਮੇਟੀ ਜਾਈ ॥” (ਪੰਨਾ 1159)
ਸਾਰੇ ਜੀਆਂ ਦਾ ਇਕੋ ਜਿਹਾ ਹੋਣ ਤੇ ਇਕੋ ਦਾਤੇ ਦਾ ਸਾਜਿਆਂ ਜਾਣਾ ਵਾਰ ਵਾਰ ਦੁਹਰਾਇਆ ਗਿਆ ਹੈ :
(ੳ) ‘ਸਭਨਾ ਜੀਆ ਦਾ ਇਕੁ ਦਾਤਾ ਜੋ ਵਿਸਰਿ ਨ ਜਾਈ ॥’ (ਜਪੁਜੀ 2)
(ਅ) ‘ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੋ ਨ ਕੋਈ ॥ (ਪੰਨਾ 432)
(ਸ) ‘ਰਾਹ ਦੋਵੈ ਖਸਮੁ ਏਕੇ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥
ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥(ਪੰਨਾ 223)
ਕਿਸੇ ਨੂੰ ਵੀ ਬੁਰਾ ਭਲਾ ਆਪਣੇ ਗੁਰੂ ਜੀ ਨੇ ਵਰਜਿਆ :
(ੳ) ‘ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥’ (ਪੰਨਾ 566)
(ਅ) ‘ਮੰਦਾ ਮੁਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ (ਪੰਨਾ 474)
ਸ੍ਰੀ ਗੁ ਰੂ ਅੰਗਦ ਦੇਵ ਜੀ ਨੇ ਵੀ ਇਸੇ ਸਿਖਿਆ ਨੂੰ ਪਰਚਾਰਿਆ ।
‘ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਦੈ ਲਾਇ ॥
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥” (ਪੰਨਾ 1237)
ਚੁਗਲੀ ਈਰਖਾ ਨੂੰ ਭੰਡਿਆ ਗਿਆ :
‘ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ,
ਕੀਤਾ ਕਰਤਿਆ ਓਸ ਦਾ ਸਭੁ ਗਇਆ ॥
ਨਿਤ ਚੁਗਲੀ ਕਰੇ ਅਣਹੋਦੀ ਪਰਾਈ,
ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ ॥” (ਪੰਨਾ 308)
ਗੁਰੂ ਅਰਜਨ ਦੇਵ ਜੀ ਨੇ ਵੀ ਦੂਸਰੇ ਦਾ ਬੁਰਾ ਸੋਚਣ ਵਾਲੇ ਨੂੰ ਠੀਕ ਨਹੀਂ ਸਮਝਿਆ :
“ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥’(ਪੰਨਾ 386)
“ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥’(ਸੁਖਮਨੀ 266)
‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਧਨਾਸਰੀ 671)
ਸਭ ਦੇ ਦੁਖ ਦਰਦ ਹਰਨਾ ਸਭਨੂੰ ਆਪਣਾ ਮਿਤ ਜਾਨਣਾ ਮਾਨਵਤਾ ਦੀ ਕਿਤਨੀ ਉਤਮ ਮਿਸਾਲ ਹੈ ।
ਆਜ਼ਾਦੀ :-
ਹਰ ਪੱਖੋਂ ਮਾਨਵੀ ਆਜ਼ਾਦੀ ਲਈ ਗੁਰਬਾਣੀ ਸਹੀ ਦਰਸ਼ਕ ਹੈ । ਬਾਬਾ ਫਰੀਦ ਜੀ ਗੁਲਾਮੀ ਦੇ ਜੀਣ ਨਾਲੋਂ ਮਰਨਾ ਚੰਗਾ ਸਮਝਦੇ ਹਨ :
“ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੈਹਿ ॥ (ਪੰਨਾ 1380)
ਗੁਰੂ ਨਾਨਾਕ ਦੇਵ ਜੀ ਦਾ ਫੁਰਮਾਨ ਹੈ :
‘ਜੇ ਪੀਵੈ ਪਤਿ ਲਥੀ ਜਾਇ ॥ ਸਭੂ ਹਰਾਮੁ ਜੇਤਾ ਕਿਛੁ ਖਾਇ ॥’(ਪੰਨਾ 142)
ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਕਰਨ ਤੇ ਸਹਿਣ ਵਿਰੁਧ ਜੋ ਆਵਾਜ਼ ਉਠਾਈ ਉਹ ਬੜੀ ਨਿਗਰ ਸਿਧ ਹੋਈ :
‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ ॥’ (ਪੰਨਾ 1427)
ਨਾਰੀ ਦੀ ਬਰਾਬਰਤਾ :
ਨਾਰੀ ਜੋ ਮਰਦ ਦੇ ਪੈਰ ਦੀ ਜੁਤੀ ਤੋਂ ਵੀ ਬਦਤਰ ਸੀ, ਗੁਰਬਾਣੀ ਅਨੁਸਾਰ ਬੜਾ ਉੱਚਾ ਦਰਜਾ ਰਖਦੀ ਹੈ ਸੋ ਉਨ੍ਹਾਂ ਸਾਰੀ ਦੀ ਨਾਬਰਾਬਰੀ ਖਿਲਾਫ ਪੁੱਜਕੇ ਅਵਾਜ਼ ਉਠਾਈ ।
ਦੋਨਾਂ ਨੂੰ ਇਕ ਜੋਤ ਦੀਆ ਦੋ ਮੂਰਤੀਆਂ ਦਸਿਆ ਗਿਆ :
‘ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ ॥’ (ਪੰਨਾ 788)
ਵਿਸ਼ਵ ਏਕਤਾ ਤੇ ਭਗਤੀ ਭਾਵ :
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਰਬੀ ਬਾਣੀ ਵਿਚ ਵਿਸ਼ਵ ਏਕਤਾ ਸਬੰਧੀ ਥਾਂ ਧਰ ਥਾਂ ਦ੍ਰਿੜਾਇਆ ਗਿਆ ਹੈ :
(ੳ) ‘ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ 13)
(ਅ) ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੂ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥’ (ਪੰਨਾ 1349)
(ੲ) ‘ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ ॥
ਅਤੇ ‘ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥’ (ਪੰਨਾ 1350)
ਵਿਸ਼ਵ ਸ਼ਾਂਤੀ :
ਗੁਰਬਾਣੀ ਵਿਸ਼ਵ ਸ਼ਾਂਤੀ ਚਿਤਵਦੀ ਹੈ, ਸਰਵੱਤ ਦਾ ਭਲਾ ਲੋਚਦੀ ਹੈ । ਲੜਾਈ ਝਗੜਿਆਂ ਤੋਂ ਦੂਰ ਰਹਿਣ ਲਈ ਪੁਕਾਰਦੀ ਹੈ । ਝਗੜੇ ਤਾਂ ਹੁੰਦੇ ਹਨ ਜੇ ਕੋਈ ਮੰਦਾ ਸੋਚੇ ਪਰ ਸੋ ਤੁਸੀ ਮੰਦਾ ਨ ਸੋਚੋ ਅਤੇ ਨ ਕਿਸੇ ਦਾ ਮੰਦਾ ਕਰੋ :
(ੳ) ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥’ (ਪੰਨਾ 474)
(ਅ) ‘ਮੰਦਾ ਕਿਸੈ ਨਾ ਆਖਿ ਝਗੜਾ ਪਾਵਣਾ ॥’ (ਪੰਨਾ 566)
ਆਪਣੇ ਆਪ ਨੂੰ ਚੰਗਾ ਜਾਣ ਕੇ ਦੂਜੇ ਦੀ ਨਿੰਦਾ ਨ ਕਰਦੇ ਫਿਰੋ ਸਗੋਂ ਆਪਣੇ ਆਪ ਨੂੰ ਨੀਵਾਂ ਕਰ ਲਉ :
‘ਕਰਨ ਨ ਸੁਨੈ ਕਾਹੂ ਕੀ ਨਿੰਦਾ ॥ ਸਭ ਤੇ ਜਾਨੈ ਆਪਸ ਕਉ ਮੰਦਾ ॥’(ਗਉੜੀ ਸੁਖਮਨੀ ਪੰਨਾ 274)
ਨਾ ਕਿਸੇ ਨੂੰ ਮੰਦਾ ਆਖੋ ਤੇ ਨਾ ਕਿਸੇ ਨਾਲ ਝਗੜਾ ਖੜਾ ਕਰੋ :
‘ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥’ (ਪੰਨਾ 473)
ਜੀਵਨ ਜੁਗਤੀ ਅਤੇ ਮੁਕਤੀ :
ਗੁਰਬਾਣੀ ਦਾ ਆਦਰਸ਼ਕ ਪੁਰਸ਼ ‘ਗੁਰਮੁਖ’ ਅਤੇ ਬ੍ਰਹਮ ਗਿਆਨੀ ਹੈ । ਇਹ ਸਾਧ-ਜਨ, ਸੰਤ, ਪੰਚ ਜਾਂ ਪਰਧਾਨ ਵੀ ਹੈ ਅਤੇ ਉਸਦਾ ਸਭ ਤੋਂ ਪ੍ਰਮੁਖ ਲੱਛਣ ਜੀਵਨ-ਮੁਕਤੀ ਦੀ ਅਵਸਥਾ ਹੈ । ਉਸ ਨੇ ਅਜਿਹੀ ਜੀਵਨ-ਜਾਚ ਕਬੂਲੀ ਹੈ, ਜੋ ਇਕ ਪਾਸੇ ਅੰਤਰਵੀ ਸੁਰਤੀ ਦਾ ਦੁਆਰ ਖੋਲ੍ਹਦੀ ਹੈ ਅਤੇ ਦੂਜੇ ਪਾਸੇ ਸ਼ੁਭ ਕਰਮਾਂ ਲਈ ਉਤਸ਼ਾਹਿਤ ਕਰਦੀ ਹੈ । ਇਸ ਜੀਵਨ-ਜੁਗਤੀ ਵਿਚ ਅਗਾਂਹ ਵਧਣ ਦੀ ਤਾਂਘ ਪ੍ਰਬਲ ਹੈ, ਮੋਢਾ ਪਿਛੇ ਮੋੜਨ ਦੀ ਫੁਰਸਤ ਨਹੀਂ :
‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥’(ਪੰਨਾ 1096)
ਈਸ਼ਹ ਦਾ ਧਿਆਨ ਪਹਿਲਾਂ ਹੋਵੇ :
‘ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ ॥’(ਪੰਨਾ 1418)
‘ਸੱਚੀ ਕਾਰ’ ਨਾਲ ਨਾਲ ਜੀਵਨ ਵੀ ਸਾਰਥਕ ਕਰੇ ਤੇ ਸੱਚੀ ਕਾਰ ਨਾਲ ਨੈਤਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ :
‘ਸਚੁ ਵਰਤੁ ਸੰਤੋਖੁ ਤੀਰਥੁ ਗਿਆਨ ਧਿਆਨੁ ਇਸਨਾਨੁ ॥
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥’
ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖ ਅਤੇ ਬ੍ਰਹਮਗਿਆਨੀ, ਅਧਿਆਤਮਕ ਸੋਝੀ ਅਤੇ ਨੈਤਿਕ ਭਾਵਨਾ ਵਾਲਾ ਆਦਰਸ਼ਕ ਵਿਅਕਤੀ ਹੈ ਤੇ ਨਾਲ ਹੀ ਉਹ ਪ੍ਰਭੂ ਦਾ ਭਗਤ, ਉਸ ਦਾ ਪ੍ਰੇਮ-ਰਾਤਾ, ਉਸਦਾ ਰਹੱਸ ਮਾਨਣ ਵਾਲਾ ਰਸੀਆ ਵੀ ਹੈ । ਰੱਬੀ ਦਾ ਗਿਆਨ, ਰੱਬੀ ਦ੍ਰਿਸ਼ਟੀ, ਮਨੁੱਖੀ ਬੋਧਿਕਤਾ ਦੀਸਿਖਰ ਹੋ ਸਕਦੀ ਹੈ ਪਰ ਰੱਬ ਦਾ ਅੰਤਰੀਵੀ ਅਨੁਭਵ, ਰੱਬ ਨੂੰ ਮਾਨਣਾ ਤੇ ਭੋਗਣਾ ਮਨੁੱਖ ਦੀ ਸੁਹਜਾਤਮਕ ਬਿਰਤੀ ਦੀ ਸਿਖਰ ਹੋਵੇਗੀ । ਗੁਰਬਾਣੀ ਦਾ ਆਦਰਸ਼ਕ ਵਿਅਕਤੀ ਗਿਆਨਵਾਨ ਵੀ ਹੈ ਸਦਾਚਾਰੀ ਵੀ ਅਤੇ ਪ੍ਰਭੂ ਦਾ ਭੋਗਣਹਾਰ ਵੀ ।
ਗੁਰਬਾਣੀ ਵਿਚਾਰਧਾਰਾ ਅਨੁਸਾਰ ਜੀਵਨ-ਮੁਕਤੀ ਦੀ ਅਵਸਥਾ ਮਨੁੱਖੀ ਜੀਵਨ ਦੀ ਸਾਧਨਾ ਹੈ ਜਿਸ ਰਾਹੀਂ ਦੁਨੀਆਂ ਵਿਚ ਹੀ ਦੁਨੀਆ ਤੋਂ ਨਿਰਲੇਪ ਰਹਿ ਕੇ, ਈਸ਼ਵਰ ਪ੍ਰਾਪਤ ਹੋ ਸਕਦੀ ਹੈ :
‘ਵਿਚੇ ਗਰਹਿ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹ ॥’(ਪੰਨਾ 1070)
ਰਾਜ ਭਾਗ ਜਾਂ ਮੁਕਤੀ ਚਾਹਤ ਨਹੀਂ ਹੁੰਦੀ ਇਹ ਤਾਂ ਆਪਣੇ ਆਪ ਹੀ ਮਿਲਦੀ ਹੈ :
‘ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨ ਪ੍ਰੀਤਿ ਚਰਨ ਕਮਲਾਗੇ ॥’(ਪੰਨਾ 534)
ਆਪਣੀ ਵਿਅਕਤਿਤਾ, ਮਨ ਦਾ ਮਾਣ, ਹਉਮੈ ਖਤਮ ਕਰਨੀ ਪੈਂਦੀ ਹੈ ।
‘ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥’(ਮਾਰੂ ਮ: 1)
‘ਹਰਖ ਸੋਗ ਜਾ ਕੈ ਨਹੀ ਬੈਰੀ ਮੀਤ ਸਮਾਨ ॥’ (ਪੰਨਾ 1427)
ਇਸ ਜੁਗਤੀ ਰਾਹੀਂ ਹਸੰਦiਆਂ ਖੇਲੰਦਿਆ, ਪਨੰਦਿਆ ਖਾਵੰਦਿਆ, “ਵਿਚੇ ਹੋਵੈ ਮੁਕਤਿ” ਅਤੇ ਇਹ ਜੁਗਤੀ ਗੁਰਬਾਣੀ ਅਨੁਸਾਰ ਉਤਮ ਜੀਵਨ-ਜਾਚ ਹੈ, ਜੀਵਨ-ਮੁਕਤੀ ਦੀ ਦਸ਼ਾ ਵਿਅਕਤੀ ਅਤੇ ਈਸ਼ਵਰ ਦੀ ਅਭੇਦਤਾ ਦੀ ਦਸ਼ਾ ਹੈ ਜਿਥੇ ਦੋ ਨਹੀਂ ਰਹਿੰਦੇ, ਦੋਵੇਂ ਇਕਸੁਰ ਹੋ ਜਾਂਦੇ ਹਨ, ਇਸ ਅਵਸਥਾ ਨੂੰ ਗੁਰਬਾਣੀ ਵਿਚ ਨਾਦ ਦਾ ਪ੍ਰਤੀਕ ਦਿੱਤਾ ਗਿਆ ।
ਸੱਚ-ਆਚਾਰ :
‘ਜਲ ਮਹਿ ਕਮਲ ਸਮਾਨ’ ਰਹਿਣ ਲਈ ‘ਸੱਚ’ਆਚਾਰ’ ਜਰੂਰੀ ਹੈ ।
“ਸਚਹੁ ਉਰੈ ਸਭ ਕੋ ਉਪਰ ਸਚ ਆਚਾਰ ॥” (ਸਿਰੀ ਰਾਗ ਮਹਲਾ 1)
ਸੱਚ ਆਂਚਾਰ ਜੋ ਰਹਸਵਾਦ ਦੀ ਭੂਮਿਕਾ ਤਿਆਰ ਕਰੇ, ਮਨ ਨੂੰ ਨਿਰਲੇਪਤਾ ਵਲ ਲੈ ਜਾਵੈ । ਨਿਰਲੇਪਤਾ ਮੋਹ-ਮਾਇਆ ਤੋਂ ਹਉਮੈਂ ਤੋਂ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਤੇ, ਦੁਬਿਧਾ, ਆਸ਼ਾਂ, ਤ੍ਰਿਸ਼ਨਾ, ਵੈਰ, ਵਿਰੋਧ, ਭਰਮ, ਭੈ, ਕਪਟ, ਈਰਖਾ, ਨਿੰਦਾ, ਹਿੰਸਾ, ਵਿਭਚਾਰ, ਕੂੜਿਆਰ, ਵਾਦ-ਵਿਵਾਦ, ਪਾਖੰਡ, ਸਵਾਰਥ, ਬਦਨੀਤੀ, ਢੀਠਤਾ, ਕਾਇਰਤਾ ਤੋਂ ਕਿਤੇ ਦੂਰ ਜਤ, ਸਤ, ਸ਼ਾਂਤੀ, ਵੈਰਾਗ, ਨਿਮ੍ਰਤਾ, ਹੁਕਮ, ਤਿਆਗ, ਸੰਜਮ, ਸੰਤੋਖ, ਪ੍ਰੇਮ, ਲਿਵ, ਗਿਆਨ-ਧਿਆਨ, ਵਿਵੇਕ, ਨਿਰਭੈਤਾ, ਨਿਸ਼ਕਪਟਤਾ, ਸਹਿਦਰਤਾ, ਸ਼ੁਭ ਚਿੰਤਨ, ਕੋਮਲਤਾ, ਦਇਆ, ਅਹਿੰਸਾ, ਸ਼ੀਲ, ਸੱਚ, ਖਿਮਾ, ਈਮਾਨਦਾਰੀ, ਪਰਉਪਕਾਰ, ਸੁੱਚ, ਨੇਕ-ਨੀਤੀ, ਧੀਰਜ, ਸਹਿਜ, ਉਦਾਰਤਾ, ਕ੍ਰਿਤਗਤਾ, ਸਰਲਤਾ ਤੇ ਅਚਿਤਿਤਾਈਂ ਦੀ ਦੁਨੀਆਂ ਵਲ ਤੁਰੇ । ਆਓ ਗੁਰਬਾਣੀ ਵਿਚ ਇਨ੍ਹਾਂ ਤੱਤਾਂ ਦੀ ਵਿਆਖਿਆ ਵਿਚਾਰੀਏ :
ਸਚਿਆਈ :
ਗੁਰਬਾਣੀ ਵਿਚ ਸ਼ਬਦ ਸਚ ਪ੍ਰੇਮ-ਸਤਾ ਦਾ ਲਖਾਇਕ ਹੈ ਪਰ ਸਿਚਆਈ ਸਦਾਚਾਰਕ ਗੁਣਾਂ ਦਾ ਭਾਵ ਪ੍ਰਗਟਾਉਨਦੀ ਹੈ, ਜਦ ਸਚ ਸ਼ਬਦ ਪਰਭੋਤਿਕ ਹਸਤੀ ਲਈ, ਵਰਤਿਆ ਜਾਂਦਾ ਹੈ ਤਾਂ ਗੁਰਮਤਿ ਸਦਾਚਾਰ ਦਾ ਪਰਮ ਤੇ ਸਰਵੋਤਮ ਆਦਰਸ਼ ਦਰਸਾਉਂਦਾ ਹੈ । ਸਚਿਆਈ ਮਨੁੱਖ ਦੇ ਵਿਸ਼ਵਾਸ, ਖਿਆਲ ਤੇ ਕਰਨੀ ਦੇ ਆਪਸੀ ਸੰਜੋਗ ਤੇ ਸੁਮੇਲ ਨੂੰ ਦਰਸਾਉਂਦੀ ਹੈ । ਪ੍ਰਭੁ ਸੱਚ ਹੈ ਉਸ ਦੀ ਪ੍ਰਾਪਤੀ ਲਈ ਸੱਚ ਦੀ ਕਮਾਈ ਬਹੁਤ ਜਰੂਰੀ ਹੈ । ਸੱਚ ਸਾਰੇ ਰੋਗਾਂ ਦਾ ਦਾਰੂ ਹੈ ।
“ਸਚੁ ਸਭਨਾ ਹੋਇ ਦਾਰੂ ਪਾਪ ਦਢੈ ਧੋਇ ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁਪਲੈ ਹੋਇ ॥”(ਆਸਾ ਮ: 1)
ਸਿਧਾਂਤਕ ਸੱਚ ਦੇ ਵਿਚਾਰ ਨਾਲੋਂ ਸੱਚਾ ਜੀਵਨ ਬਤੀਤ ਕਰਨਾ ਜ਼ਿਆਦਾ ਮਹੱਤਵਪੂਰਨ ਹੈ । ਅਮਲੀ ਜੀਵਨ ਵਿਚ ਸੱਚ ਨੂਮ ਧਾਰਨਾ ਹੀ ਅਸਲੀ ਕਾਰ ਹੈ । ਮੁੱਖ ਅਤੇ ਹਿਰਦੇ ਵਿਚ ਸੱਚ ਧਾਰਨ ਕਰਨਾ ਪਰਮ ਸੱਚ ਦੀ ਪ੍ਰਾਪਤੀ ਲਈ ਬੜਾ ਜਰੂਰੀ ਹੈ ।
“ਹਿਰਚੈ ਸਚੁ ਏਹੁ ਕਰਣੀ ਸਾਰੁ ॥ ਹੋਰ ਸਭ ਪਖੰਡ ਪੂਜ ਖੁਆਰ ॥”(ਪ੍ਰਭਾਤੀ ਮ: 1)
“ਬਚਨੁ ਕਰੇ ਤੈ ਖਿਸਕਿ ਜਾਇ, ਬੋਲੈ ਸਚੇ ਕਚਾ ॥
ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਬਚਾ ॥” (ਵਾਰ ਮਾਰੂ ਮ: 5)
ਗਿਆਨ :
ਸੱਚ ਦਾ ਗਿਆਨ ਕਿਵੇਂ ਹੋਵੇ ? ਗੁਰਬਾਣੀ ਅਨੁਸਾਰ ਇਹ ਗਿਆਨ ਵਿਵੇਕ ਬੁਧੀ ਹੈ, ਜੋ ਨਾਮ ਦੇ ਗਿਆਨ ਨਾਲ ਹੈ ਇਸ ਵਿਵੇਕ-ਬੁਧ ਸਦਕਾ ਵਹਿਮਾਂ ਤੇ ਭਰਮਾਂ ਦਾ ਨਾਸ ਹੁੰਦਾ ਹੈ ਤੇ ਹਉਮੈ ਦਾ ਅੰਧੇਰ ਗੁਬਾਰ ਮਿਟ ਜਾਂਦਾ ਹੈ ।
(ੳ) “ਨਾਮੁ ਮਿਲੈ ਚਾਨਣੁ ਅੰਧਿਆਰਿ ॥” (ਪੰਨਾ 796)
(ਅ) ਤਤ ਗਿਆਨ ਹਰਿ ਅੰਮ੍ਰਿਤ ਨਾਮ ॥” (ਪੰਨਾ 1146)
ਇਸ ਗਿਆਨ ਦੀ ਪ੍ਰਾਪਤੀ ਦਾ ਸਾਧਨ ‘ਜਪੁ’ ਬਾਣੀ ਵਿਚ ਸੁਨਣ ਮੰਨਣ ਤੈ ਨਿਧਿਆਸਨ ਦਾ ਦੱਸਦੇ ਹਨ । ਜਗਿਆਸੂ ਪੁੱਜੇ ਹੋਏ ਮਨੁੱਖਾਂ ਬਾਰੇ ਸੁਣਦਾ ਹੈ ਤੇ ਵੱਖ ਵੱਖ ਪੱਖਾਂ ਨੂਮ ਸਮਝਦਾ ਹੈ । ਆਪਣੇ ਸਵੈ ਤੋਂ ਉੱਠ ਵਿਸ਼ਾਲ ਚੇਤਨਾ ਨੂੰ ਆਪਣੇ ਅੰਤਰ ਵਿਚ ਵਿਕਸਿਤ ਕਰਦਾ ਹੈ ਤੇ ਵਿਸ਼ਵਾਸ ਰੱਕ ਕੇ ਉਸ ਨੂੰ ਮੰਨ ਕੇ ਮਨ ਤੇ ਬੁਧ ਨੂੰ ਨਵੇਂ ਸਾਚੇ ਵਿਚ ਢਾਲਦਾ ਹੈ । ਪਰਮੇਸ਼ਵਰ ਦੀ ਰੂਪ ਰੇਖਾ ਸਮਝਦਾ ਹੈ ਤੇ ਗਲਤ ਰਾਹ ਤਿਆਗਦਾ ਹੈ । ਸੰਸਾਰ ਅਮਦਰ ਰਹਿ ਕੇ ਹੀ ਧਰਮ ਕਮਾਉਂਦਾ ਹੈ ਤੇ ਸੱਚ ਨੂੰ ਪ੍ਰਾਪਤ ਕਰ ਉਸੇ ਚਿ ਸਮਾ ਜਾਂਦਾ ਹੈ ।
ਸੰਤੋਖ :
ਸੰਤੋਖ ਭਾਵ ਮਿੱਲੇ ਵਿਚ ਸੰਤੋਸ਼ ਕਰਨਾ । ਸੰਤੋਖ ਬਿਨਾਂ ਤ੍ਰਿਪਤੀ ਨਹੀਂ ਹੁੰਦੀ ।
“ਬਿਨਾਂ ਸੰਤੋਖ ਨਹੀ ਕੋਊ ਰਾਜੈ ॥” (ਗਉੜੀ ਸੁਖਮਨੀ ਮ: 1)
ਗੁਰਬਾਣੀ ਵਿਚ ਸੰਤੋਖ ਸੇਵਾ ਦਾ ਆਧਾਰ ਹੈ । ਸੰਤੋਖ ਹੋਵੇਗਾ ਤਾਂ ਸੇਵਾ ਕਰਨ ਦੀ ਹਿੰਮਤ ਹੋ ਸਕੇਗੀ ਤੇ ਉਸ ਦੀ ਸੇਵਾ ਤੋਂ ਹੀ ਸਚ ਪ੍ਰਾਪਤ ਹੁੰਦਾ ਹੈ ।
“ਸੇਵਾ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ ॥”(ਵਾਰ ਆਸਾ ਮ: 1)
ਦਇਆ :
ਦਇਆ ਭਾਵ ਦੂਸਰਿਆਂ ਦੇ ਦੁਖਾਂ ਵਿਚ ਭਾਵਨਾਤਮਕ ਸੁਮੇਲ । ਦਇਆ ਦਾ ਆਧਾਰ ਈਸ਼ਵਰੀ ਸੱਤਾ ਦੀ ਵਿਆਪਕਤਾ ਹੈ । ਪ੍ਰਭੂ ਸਰਬ ਵਿਦਿਆਪਕ ਹੈ ਹਰ ਜੀ ਵਿਚ ਉਸਦਾ ਪ੍ਰਸਾਰ ਹੈ ਜੀਵ ਨੂੰ ਦੁੱਖ ਦਿਤਿਆਂ ਉਸ ਨੂੰ ਦੁੱਖ ਪਹੁਮਚਦਾ ਹੈ ਤੇ ਜੀਵ ਤੇ ਦਇਆ ਪ੍ਰਭੂ ਦੀ ਇਕ ਸੇਵਾ ਹੈ । ਜਿਥੇ ਦਇਆ ਹੋਵੇਗੀ ਉਥੇ ਦਾਨ ਤੇ ਸੇਵਾ ਹੋਵੇਗੀ । ਸਵਾਰਥੀ ਮਨੋਰਥੋਂ ਉਪਰ ਉੱਠ ਦਾਨ ਦੇਣਾ, ਆਤਮਕ ਖੁਸ਼ੀ ਪ੍ਰਦਾਨ ਕਰਦਾ ਹੈ । ਆਤਮਕ ਖੁਸ਼ੀ ਆਤਮ ਸਿਧੀ ਵੱਲ ਲੈ ਜਾਂਦੀ ਹੈ । ਦਇਆ ਤੇ ਖਿਮਾਂ, ਪ੍ਰਭੂ ਪ੍ਰਾਪਤੀ ਵਿਚ ਸਹਾਈ ਹੁੰਦੀ ਹੈ ।
‘ਜਹਾ ਲੇਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥’ (ਸਲੋਕ ਕਬੀਰ ਜੀ)
ਖਿਮਾ :
ਖਿਮਾਂ ਦਾ ਭਾਵ ਬਦਲੇ ਦੀ ਬਾਵਨਾ ਤੋਂ ਮੁਕਤ ਹੋਣਾ ਹੈ । ਖਿਮਾ ਪ੍ਰਭੂ ਪ੍ਰਾਪਤੀ ਲਈ ਉੱਚ ਆਧਾਰ ਹੈ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ।
‘ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥”(ਆਸਾ ਮ: 1)
ਮਿੱਠਤਾ :
ਗੁਰਮੁਖ ਦਾ ਮਿੱਠ-ਬੋਲੜਾ ਸੁਭਾ ਲੋੜੀਂਦਾ ਹੈ ਕਿਉਂਕਿ ਉਸਦਾ ਇਸ਼ਟ ਮਿੱਠਤ ਅਤੇ ਪਿਆਰ ਦਾ ਖਜ਼ਾਨਾ ਹੈ ।
‘ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮਰਾਮੁ ਪਛਾਣੀ ॥” (ਪੰਨਾ 69)
ਮਿੱਠੇ ਬਚਨ ਉਸ ਦੇ ਜੀਵਾਂ ਨੂੰ ਪ੍ਰਸੰਨਤਾ ਵੰਡਦੇ ਹਨ ।
‘ਕੋਮਲ ਬਾਣੀ ਸਭ ਕਉ ਸੰਤੋਖੈ ॥” (ਗਉੜੀ ਥਿਤੀ ਮ. 5)
ਮਿਠਾ ਫਿਕਾ ਬੋਲਕੇ ਕਿਸੇ ਦਾ ਦਿਲ ਨਾ ਦੁਖਾਓ ਸਾਰੇ ਦਿਲਾਂ ਵਿਚ ਪ੍ਰਭੂ ਵਸਦਾ ਹੈ, ਜੀਵਾਂ ਦੇ ਦਿਲ ਦੁਖਾਣ ਨਾਲ ਉਸ ਪ੍ਰਭੂ ਦਾ ਦਿਲ ਵੀ ਦੁਖਦਾ ਹੈ :
‘ਇਕੁ ਫਿਕਾ ਨਾ ਗਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਹਿ ਮਾਣਕ ਸਭ ਅਮੋਲਵੇ ॥’ (ਪੰਨਾ 1384)
ਨਿਮਰਤਾ :
‘ਧਰਿ ਤਾਰਾਜੂ ਤੋਲੀਐ ਨਿਵੈ ਗਉਰਾ ਹੋਇ ॥’ (ਵਾਰ ਆਸਾ ਮ: 1)
ਸਰੀਰ ਨਿਵਿਆਂ ਤੇ ਮਨ ਸ਼ਰਧਾ ਭਰਿਆ, ਉਸ ਸੱਚੇ ਅੱਗੇ ਆਪਣੇ ਹਸਤੀ ਦੇ ਨਿਗੁਣੇ-ਪਣ ਨੂੰ ਦਰਸਾਉਂਦਾ ਹੈ ਤੇ ਈਸ਼ਵਰ ਦੀ ਮਹਾਨਤਾ ਨੂੰ । ਨਿਗੁਣਾ-ਪਣ ਕੁਝ ਗੁਣ ਹਾਸਲ ਦੀ ਇਛਾ ਪਰਗਟਾਉਂਦਾ ਹੈ ਨਿਮਰਤਾ ਭਰਿਆ ਮਨ । ਕਬੀਰ ਜੀ ਆਖਦੇ ਨੇ :
‘ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥
ਨਿਮਰਤਾ ਦਾ ਅਭਾਵ ਵੱਧਣ ਅੱਗੇ ਰੁਕਾਵਟ ਹੈ ਤੇ ਨਿਮਰਤਾ ਅੱਗੇ ਵਧਣ ਲਈ ਉਤਸ਼ਾਹ, ਪਾਣੀ ਨਿਵਾਣਾਂ ਵੱਲ ਵਧਦਾ ਹੈ । ਢਲਿਆ ਤਰਲ ਪਦਾਰਥ ਵੀ ਨੀਵੇਂ ਵਲ ਹੀ ਜਾਂਦਾ ਹੈ, ਇਸੇ ਤਰ੍ਹਾਂ ਈਸ਼ਵਰ ਦਾ ਮਨ ਨੀਵਿਆਂ ਤੇ ਹੀ ਟਿਕਦਾ ਹੈ ਨੀਵਾਂ ਹੋ ਕੇ ਉੱਚਤਾ ਪਾਉਣੀ ਸੁੱਚ ਆਚਰਨ ਦੀ ਵਡੀ ਕੜੀ ਹੈ ।
‘ਆਪਸੁ ਕਉ ਜੋ ਜਾਣੇ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥’(ਮ: 5)
ਨਿਆਂ-ਹੱਕ :
ਪ੍ਰਭੂ ਸੱਚਾ ਨਿਆਂ ਕਰਦਾ ਹੈ, ਇਹ ਪ੍ਰਭੂ ਦਾ ਸਰੂਪ ਪ੍ਰਗਟਾਉਂਦਾ ਹੈ । ਪ੍ਰਭੂ ਦੇ ਜੀਵਾਂ ਪ੍ਰਤੀ ਨਿਆਂ, ਉਸ ਦੇ ਪ੍ਰਤੀ ਨਿਆਂ ਹੈ, ਦੂਜਿਆਂ ਦੇ ਹੱਕਾਂ ਦਾ ਸਤਿਕਾਰ ਆਪਣਾ ਲੋਭ ਤਿਆਗਣਾ ਤੇ ਹੱਕ ਵੰਡਣ ਵਿਚ ਹੀ ਭਲਾਈ ਹੈ ।
‘ਲਬੁ ਵਿਣਾਹੇ ਮਾਣਾ ਜਿਉ ਪਾਣੀ ਬੁਰੂ ॥ (ਵਾਰ ਰਾਮਕਲੀ, ਸਤਾ ਬਲਵੰਡ)
ਹੱਕ ਸਭ ਦੇ ਬਰਾਬਰ ਹਨ । ਹੱਕ ਦੱਬਣ ਜਿਹਾ ਗੁਨਾਹ ਕੋਈ ਨਹੀਂ ।
‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ ॥ (ਵਾਰ ਮਾਝ ਮ. 2)
ਪਰਾਈ ਵਸਤ ਤਿਆਗਣੀ ਤੇ ਪਰਾਈ ਅਮਾਨਤ ਪਰਤਾਉਣੀ ਹੀ ਸਹੀ ਨਿਆਂ ਹੈ ।
‘ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬੇਸੈ ਨਰਹਰੀ ॥’
ਨਿਆਂ ਕਰਕੇ ਪਰਾਈ ਵਸਤ ਪਰਤਾਉਗੇ ਤਾਂ ਮਨ ਨੂੰ ਸ਼ਾਂਤੀ ਜਰੂਰ ਮਿਲੇਗੀ ।
‘ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥’ (ਵਾਰ ਸਾਰੰ ਮ:3)
ਸੰਜਮ :
ਸਵੈ-ਕਾਬੂ ਸਵੈ ਜ਼ਬਤ, ਨੀਚ ਪ੍ਰਵਿਰਤੀ ਤੋਂ ਨਿਯਮਬਧਤਾ ਵੱਲ ਮੋੜਦਾ ਹੈ ਉਸਦੇ ਭੈ ਵਿਚ ਲਿਆਉਂਦਾ ਹੈ । ਹੁਕਮ ਵਿਚ ਚਲਦਾ ਹੈ, ਰਜ਼ਾ ਮਨਵਾਉਂਦਾ ਹੈ ਤੇ ਸੰਜਮ ਹੀ ਸੱਚ ਦ੍ਰਿੜਾਉਂਦਾ ਹੈ :
‘ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥.......
ਸਸੁ ਸੰਜਮੁ ਕਰਣੀ ਕਿਰਤਿ ਕਮਾਵਹਿ ਸਤਿਗੁਰਿ ਬੂਝ ਬੁਝਾਈ ॥’(ਸਾਰੰਗ ਮ. 3 ਪੰਨਾ 1234)
ਸੰਜਮ ਖਾਣ ਪੀਣ ਸੋਣ ਪਹਿਨਣ ਸੋਚਣ ਬੋਲਣ ਸਭ ਵਿਚ ਲੋੜੀਦਾ ਹੈ :
‘ਪੰਡਿਤ ਨਿਦ੍ਰਾ ਅਲਪ ਅਹਾਰੀ ਨਾਨਕ ਤਤੁ ਬੀਚਾਰੋ ॥’ (ਰਾਮ ਕਲੀ ਮ. 1)
ਇਸੇ ਤਰ੍ਹਾਂ ਬਹੁਤ ਬੋਲਣ ਤੋਂ ਸੰਜਮ ਵਰਤੋ :
‘ਬਹੁਤ ਬੋਲਣੁ ਝਖਣੁ ਹੋਇ ॥’ (ਧਨਾਸਰੀ ਮ. 1)
ਸਹਿਨ ਸ਼ੀਲਤਾ : ਸਹਿਨ ਸ਼ੀਲਤਾ ਹਿਰਦੇ ਦੀ ਵਿਸ਼ਾਲਤਾ ਦੀ ਵਾਚਕ ਹੈ । ਜ਼ੁਲਮ ਨੂੰ ਹਸ ਕੇ ਸਹਿੰਦੇ ਹੋਏ ਨੀਵਾਂ ਵਿਖਾਉਣ ਤੇ ਆਖਣ “ਤੇਰਾ ਕੀਆ ਮੀਠਾ ਲਾਗੇ ਨਾਮ ਪਦਾਰਥ ਨਾਨਕ ਮਾਗੇ ॥” ਸਹਿਨ ਸ਼ੀਲਤਾ ਦੀ ਸਹੀ ਤਸਵੀਰ ਹੈ । ਭਗਤ ਫਰੀਦ ਜੀ ਆਖਦੇ ਹਨ ।
“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥ (ਪੰਨਾ 1378)
ਇਹ ਕਿਸੇ ਡਰ ਭਉ ਦਾ ਲਖਾਇਕ ਨਹੀਂ ਸਗੋਂ ਜਰਨ ਦਾ ਜੇਰਾ ਦੱਸਦਾ ਹੈ ।
ਸਹਿਨਸ਼ੀਲ ਪੁਰਸ਼ ਨੂੰ ਵੈਰੀ ਤੇ ਬੇਗਾਨਾ ਕੋਈ ਨਹੀਂ ਸਭ ਸਮਾਨ ਹਨ ।
‘ਬੈਰੀ ਮੀਤ ਹੋਏ ਸੰਮਾਨ ॥ ਸਰਬ ਮਹਿ ਪੁਰਨ ਭਗਵਾਨ ॥’ (ਪੰਨਾ 1147)
ਯਥਾਂ : ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥’(ਪੰਨਾ 1299)
ਨਿਲੇਪਤਾ : ਸਦੀਵੀ ਸੁਖ ਪ੍ਰਾਪਤੀ ਲਈ ਦੁਨੀਆਂ ਵਿਚ ਇਸ ਤਰ੍ਹਾਂ ਵੱਸਣਾ ‘ਜੈਸੇ ਜਲ ਮਹਿ ਕਮਲੁ ਅਲੇਪ । ਦੁਨਿਆਵੀ ਸੁਖਾਂ ਸੁਆਦਾਂ ਤੋਂ ਦੂਰ ਹੋ ਕੇ ਦੁਨੀਆ ਵਿਚ ਵਸਣਾ ਨਿਰਲੇਪਤਾ ਹੈ ।
ਹੋਰ ਗੁਣ :
ਸੇਵਾ : ‘ਸਗਲ ਸਿਆਨਪ ਛਾਡਿ ॥ ਕਰਿ ਸੇਵਾ ਸੇਵਕ ਸਾਜਿ ॥’ (ਰਾਮਕਲੀ ਮ:5)
ਕਿਰਤ : ‘ਘਾਲ ਖਾਇ ਕਿਛੁ ਹਬਹੁ ਦੇਹਿ ॥ (ਵਾਰ ਸਾਰੰਗ ਮ: 1)
ਸਮਾਜਿਕ ਬਰਾਬਰੀ : ‘ਸਭੂ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥’(ਸਰ ਰਾਗ ਮ : 1)
ਅਭਿਮਾਨ ਰਹਿਤ : ‘ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਉ ਗਾਰੀਬ ਹੰਢੀਐ ॥ (ਵਾ: ਆ: 1)
ਪਰਉਪਕਾਰ : ਸਚਾ ਆਂਚਾਰ ਤਾਂਹੀ ਹੈ ਜੇ ਲੋਕ ਭਲਾਈ ਲਈ ਆਪਾ ਵਾਰਿਆ ਜਾਵੋ । ਦਾਨ ਕਰਨਾ ਵੀ ਪਰਉਪਕਾਰ ਹੀ ਹੈ :
‘ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮ ਧਿਆਇ ਸੁਣਿ ਸਭਨਾ ਨੋ ਕਰ ਦਾਨ ॥’ (ਮਾਝ ਮ: 5)
ਸੋ ਸਾਰੇ ਆਉਗਣ ਛਡ ਕੇ ਪਰਉਪਕਾਰ ਸੇਵਾ ਜਾਂ ਦਾਨ ਹੀ ਕਰੋ :
‘ਅਉਗਣ ਸੀਭ ਮਿਟਾਇ ਕੈ ਪਰਉਪਕਾਰੁ ਕਰੇਇ ॥’ (ਗਉੜੀ ਮ. 5)
ਸੁਚ-ਆਚਾਰ ਤੱਤਾਂ ਦੀ ਲੜੀ ਲੰਮੇਰੀ ਹੈ ਜੋ ਦੁਨੀਆਂ ਵਿਚ ਰਹਿੰਦੇ ਹੋਏ ਹੀ ਨਿਰਲੇਪ ਹੋ ਕੇ ਉਸ ਈਸ਼ਵਰ ਪ੍ਰਾਪਤੀ ਲਈ ਸਹਾਈ ਹੁੰਦੀ ਹੈ ਜਾਂ ਚੰਗਾ ਮਨੁੱਖ ਬਣਨ ਵਿਚ ਸਹਾਇਤਾ ਦਿੰਦੀ ਹੈ ।
ਗੁਰਬਾਣੀ ਵਿਚ ਬਿਆਨੇ ਗਏ ਉਪਰੋਕਤ ਤੱਤਾਂ-ਤੱਥਾਂ ਦਾ ਅਜੋਕੇ ਸਮੇਂ ਦੇ ਜੀਵਨ ਵਿਚ ਕੀ ਮਹਤਵ ਹੈ ਆਉ ਇਹ ਵੀ ਸੰਖੇਪ ਵਿਚ ਵੇਖੀਏ । ਸਭ ਤੋਂ ਪਹਿਲਾਂ ਅਜੋਕੇ ਹਾਲਾਤ ਦਾ ਗੁਰਬਾਣੀ ਰਚਣ ਸਮੇਂ ਦੇ ਹਾਲਾਤ ਨਾਲ ਲੇਖਾ ਜੋਖਾ ਕਰਨਾ ਜ਼ਰੂਰੀ ਹੈ ।
ਅਜੋਕੇ ਹਾਲਾਤ : ਅਜੋਕੇ ਹਾਲਾਤ ਵੀ ਉਸ ਸਮੇਂ ਨਾਲੋਂ ਬਹੁਤੇ ਭਿੰਨ ਨਹੀਂ । ਦੇਸ਼ ਵਿਚ ਹੀ ਨਹੀਂ ਵਿਸ਼ਵ ਵਿਚ ਹੀ ਅਸ਼ਾਤੀ ਦਾ ਮਾਹੋਲ ਹੈ । ਕਰਮ-ਕਾਂਡਾ ਦਾ ਬੋਲ-ਬਾਲਾ ਹੈ, ਦੁਨੀਆਂ ਦੇ ਰਾਜਨੀਤਕ ਵਾਤਾਵਰਨ ਵਿਚ ਗੰਧਲਾਪਣ ਆ ਗਿਆ ਹੈ, ਸਵਾਰਥ ਪ੍ਰਧਾਨ ਹੋ ਗਿਆ ਹੈ । ਵਿਰੋਧੀ ਵਿਚਾਰਧਾਰਾ ਸਹਿਣ-ਦੀ ਥਾਂ ਖਤਮ ਕਰਨ ਦੀ ਪਰੰਪਰਾ ਜਾਰੀ ਹੈ । ਬੇਰੁਜਗਾਰੀ ਤੇ ਭੁਖਮਰੀ ਦਾ ਬੋਲ ਬਾਲਾ ਹੈ । ਜਾਤੀ ਭਾਵਨਾ ਵਧਦੀ ਜਾ ਰਹੀ ਹੈ, ਉਪਦੇਸ਼ ਪਰਚਾਰ ਦਾ ਜ਼ੋਰ ਹੈ ਤੇ ਅਮਲਾਂ ਦੀ ਘਾਟ, ਸਦਭਾਵਨਾ ਨਾਹਰਿਆਂ ਦੀ ਹੈ ਉੱਦਮ ਦੀ ਘਾਟ ਹੈ, ਬੁਰਿਆਈਆਂ, ਠੱਗੀ, ਵੱਢੀ, ਕਾਲਾ ਬਾਜ਼ਾਰੀ, ਸਮਗਲਿੰਗ, ਵੈਰ ਵਿਰੋਧ, ਭਰਮ, ਭੈ, ਛਲ, ਕਪਟ, ਈਰਖਾ, ਵਿਭਚਾਰ, ਪਾਖੰਡ, ਸਵਾਰਥ, ਬਦਨੀਤੀ, ਅਕ੍ਰਿਤਘਣਤਾ, ਬੇਪ੍ਰਤੀਤੀ ਆਦਿ ਮਾਨਵਤਾ ਨੂੰ ਗੁੱਠੇ ਲਾਈ ਜਾਂਦੀਆਂ ਹਨ । ਉਪਰੋਕਤ ਬੁਰਿਆਈਆਂ ਉਸੇ ਤਰ੍ਹਾਂ ਹੀ ਬਲਕਿ ਉਸ ਤੋਂ ਕਿਤੇ ਤਾਕਤਵਰ ਹਨ ਜਿਸ ਸਮੇਂ ਗੁਰਬਾਣੀ ਰਚੀ ਗਈ ਸੀ । ਗੁਰਬਾਣੀ ਜੋ ਸਦਭਾਵਨਾ, ਸਹਿਨਸ਼ੀਲਤਾ, ਸਦਾਚਾਰ, ਸਾਂਝੀਵਲਾਤਾ, ਬਰਾਬਰੀ, ਮਾਨਵੀ ਏਕਤਾ ਮਜ਼ਬੀ ਆਜ਼ਾਦੀ, ਭਰਾਤਰੀ-ਬਾਵ ਆਦਿ ਅਨੇਕਾਂ ਸਦਗੁਣ ਸਿਖਾਉਂਦੀ ਹੈ ਤੇ ਬੁਰਿਆਈਆਂ ਤੋਂ ਦੂਰ ਲਿਜਾ ਕੇ ਉਸ ਸੱਚੇ ਨਾਲ ਅਭੇਦ ਹੋਣ ਦਾ ਰਾਹ ਦੱਸਦੀ ਹੈ, ਅਜੋਕੇ ਸਮੇਂ ਲਈ ਬਹੁਤ ਵੱਡਾ ਸੁਨੇਹਾ ਦਿੰਦੀ ਹੈ ਤੇ ਆਖਦੀ ਹੈ :
‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ॥’ (ਪੰਨਾ 1349)
ਆਉ ਇਸ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਾਹਨੁਮਾ ਆਪਣਾ ਗੁਰੂ ਜਾਣ ਸੱਚੇ ਸੁੱਚੇ ਰਾਹ ਚੱਲਕੇ ਉਸ ਸੱਚੇ ਨੂੰ ਪਾਉਣ ਦੀ ਸੋਝੀ ਪ੍ਰਾਪਤ ਕਰੀਏ ਤੇ ਇਹ ਲੋਕ ਅਤੇ ਪ੍ਰਲੋਕ ਸਫਲਾ ਕਰੀਏ ।