• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਵੇਖਿ ਵਿਡਾਣੁ ਰਹਿਆ ਵਿਸਮਾਦੁ

dalvinder45

SPNer
Jul 22, 2023
729
37
79
ਵੇਖਿ ਵਿਡਾਣੁ ਰਹਿਆ ਵਿਸਮਾਦੁ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਿਸਮਾਦ-ਆਮ ਭਾਸ਼ਾ ਵਿਚ ਅਚੰਭਾ, ਹੈਰਾਨੀ, ਜੱਗੋਂ ਬਾਹਰੀ ਗੱਲ ਆਦਿ ਸਮਝਿਆ ਜਾਂਦਾ ਹੈ ਪਰ ਰੂਹਾਨੀ ਭਾਸ਼ਾ ਵਿਚ “ਵਿਸਮਾਦ ਇਕ ਐਸਾ ਉੱਚਾ ਰੰਗ ਹੈ, ਜੋ ਆਤਮਾ ਦੀਾ ਅਪਣੀ ਤਰੰੰਗ ਹੈ : ਇਹ ਮਨ ਜਾਂ ਸਰੀਰ ਦਾ ਖੇਲ੍ਹ ਨਹੀਂ, ਰੂਹ ਦਾ ਖੇਲ ਹੈ। ਜਦੋਂ ਕੋਈ ਕੁਦਰਤੀ ਸੁੰਦਰਤਾ ਝਲਕਾਰਾ ਮਾਰਦੀ ਹੈ ਤਾਂ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ ਤੇ ਆਤਮਾ ਵਿਚ ਅਪਣੇ ਸਹਿਜ ਸੁੱਖ ਦੀ ਇਕ ਰੰਗਤ ਪੈਦਾ ਹੁੰਦੀ ਹੈ। (ਉਹੀ) ਵਿਸਮਾਦ ਮਨ ਦਾ ਨਹੀਂ, ਰੂਹ ਦਾ ਖੇਲ੍ਹ ਹੈ”।

ਵਿਸਮਾਦ ਬਿਆਨ ਦੀ ਭਾਸ਼ਾ ਨਹੀਂ, ਵਿਸਮਾਦ ਚੁਪ ਚਾਪ ਮਾਨਣ ਦੀ ਅਵਸਥਾ ਹੈ।ਵਿਸਮਾਦ ਕਾਦਰ ਦੀ ਕੁਦਰਤ ਨੂੰ ਦੇਖਿਆਂ ਉਪਜਦਾ ਹੈ : ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥(ਪੰਨਾ 521) ਵਿਸਮਾਦ ਸ਼ਬਦ ਮਨ ਦੀ ਉਪਜ ਹੈ ਰੂਹ ਦੀ ਨਹੀਂ। ਰੂਹ ਤਾਂ ਵਿਸਮਾਦੀ ਹੋਈ ਵਾਹ ! ਵਾਹ! ਕਰਦੀ ਹੀ ਰਹਿ ਜਾਂਦੀ ਹੈ। ‘ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥(ਪੰਨਾ 214)’ ਸੱਚਾ ਸੁੱਚਾ ਵਿਸਮਾਦ ਉਸ ਪਰਮ ਪਿਤਾ ਪ੍ਰਮਾਤਮਾ ਤੇ ਉਸ ਦੀ ਕੁਦਰਤ ਦੇ ਅਦਭੁਤ ਨਜ਼ਾਰੇ ਨਾਲ ਜੁੜਿਆ ਹੈ: ‘ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥(ਪੰਨਾ 821)’ ਖਾਸ ਕਰਕੇ ਇਹ ਵਾਹ! ਵਾਹ! ਉਸ ਸੱਚੇ ਸੁੱਚੇ ਨਿਰਮਲ ਪਰਮਾਤਮਾ ਵਲ ਖਿੱਚ ਉਤਪੰਨ ਕਰਦਾ ਹੈ ਜੋ ਸਭਨਾਂ ਦੇ ਪ੍ਰਾਣਾਂ ਦਾ ਆਧਾਰ ਹੈ, ਜਿਸ ਦੀ ਸਾਰੀ ਇਹ ਕੁਦਰਤ ਹੈ: ‘ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥ ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥ 3 ॥ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥ 4 ॥(ਪੰਨਾ 821)’ ਜਿਸ ਦੇ ਗੁਣ ਬਿਆਨਂੋ ਬਾਹਰ ਹਨ:’ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥ 4 ॥ (ਪੰਨਾ 778)’

ਕਾਦਰ ਤੇ ਕੁਦਰਤ ਨੂੰ ਦੇਖਿਆਂ ਮਾਣਿਆਂ ਜੋ ਅਨੰਦ ਮਿਲਦਾ ਹੈ ਊਹੋ ਜਿਹਾ ਅਨੰਦ ਹੋਰ ਕੋਈ ਨਹੀਂ।ਵਾਹ! ਵਾਹ! ਕਰਦਿਆਂ ਹੀ ਰਹਿ ਜਾਈਦਾ ਹੈ।ਕਾਦਰ ਦੇ ਨਾਲ ਨਾਲ ਉਸ ਦੀ ਰਚੀ ਸਾਰੀ ਕੁਦਰਤ ਵੀ ਵਿਸਮਾਦ ਉਪਜਾਉਂਦੀ ਹੈ।ਕੁਦਰਤ ਦੇ ਪਦਾਰਥ, ਪੌਣ ਪਾਣੀ, ਬਿਜਲੀ, ਬੱਦਲ, ਅਗਨੀ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ, ਸਭ ਵਿਸਮਾਦ ਪੈਦਾ ਕਰਦੇ ਹਨ: “ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ।।(ਪੰਨਾ 463-464)

ਤ੍ਰਿਲੋਕੀ ਦੇ ਸਾਰੇ ਵਣ, ਤ੍ਰਿਣ ਹਰੇ ਹੋਏ ਵੇਖਕੇ ਮਨ ਮੋਹਿਆ ਜਾਂਦਾ ਹੈ।“ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥(ਪੰਨਾ 929)”। ਤ੍ਰਿਲੋਕੀ ਦੇ ਸਾਰੇ ਵਣ, ਤ੍ਰਿਣ ਵਧਦੇ ਫੁਲਦੇ ਵੇਖਕੇ ਰੂਹ ਵਿਚ ਅੰਮ੍ਰਿਤ ਧਾਰਾ ਬਰਸਣ ਲੱਗ ਪੈਂਦੀ ਹੈ।“ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥(ਪੰਨਾ 1193)” ਧਰਤੀ ਆਕਾਸ਼ ਮੌਲਦੇ ਵੇਖਕੇ ਆਤਮਾ ਖਿੜ ਉਠਦੀ ਹੈ। ਅਪਣੀ ਕੁਦਰਤ ਨੂੰ ਮੌਲਿਆ ਵੇਖ ਤਾਂ ਪ੍ਰਮਾਤਮਾ ਵੀ ਖਿੜ ਉਠਦਾ ਹੈ। ਹਰ ਜੀ ਵਿਚ ਵਸਿਆ ਉਹ ਹਰ ਜੀ ਦੀ ਖੁਸ਼ੀ ਨਾਲ ਅਨੰਦਿਤ ਹੁੰਦਾ ਹੈ। ਮਉਲੀ ਧਰਤੀ ਮਉਲਿਆ ਅਕਾਸੁ ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥ 1 ॥ ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹ ਦੇਖਉ ਤਹ ਰਹਿਆ ਸਮਾਇ ॥ (ਪੰਨਾ 1193) ਕਰਤੇ ਦੀ ਕਿਰਤ ਵੀ ਅਚਰਜ ਹੈ : ਰੰਗੀ ਰੰਗੀ ਭਾਂਤੀ ਭਾਂਤੀ ਕਰ ਕਰ ਉਪਜਾਈ ਜਿਨਸੀ ਮਾਇਆ ਬਿਅੰਤ ਹੈ ਗਿਣਤੀ ਤੋਂ ਬਾਹਰ ਹੈ।“ਕਰਤੇ ਕੈ ਕਰਣੈ ਨਾਹੀ ਸੁਮਾਰੁ ॥(ਪੰਨਾ 3)” ਕਿਤਨੀ ਅਸਚਰਜ ਭਰੀ ਕਿਰਤ ਹੈ ਇਹ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ।“ਅਚਰਜ ਕਿਛੁ ਕਹਣੁ ਨ ਜਾਈ।(ਪੰਨਾ 883)”ਉਸ ਦਾ ਅਪਣਾ ਸਰੂਪ ਭਾਵੇਂ ਨਿਰਗੁਣ ਹੈ ਪਰ ਉਸ ਦੇ ਸਮੁਚੀ ਕਿਰਤ ਵਿਚ ਵਸਣਾ ਉਸ ਦਾ ਪੂਰੀ ਕਿਰਤ ਦਾ ਹਿਸਾ ਹੋਣਾ ਦਰਸਾਉਂਦਾ ਹੈ ਉਸ ਦਾ ਸਰਗੁਣ ਸਰੂਪ।ਜਿਵੇਂ ਉਸ ਦੀ ਕਿਰਤ ਅਚਰਜ ਹੈ ਤਿਵੇਂ ਉਸਦਾ ਇਹ ਰੂਪ ਵੀ ਅਸਚਰਜ ਹੈ ਜਿਸ ਦੀ ਜਿਤਨੀ ਵi ਵਡਿਆਈ ਕੀਤੀ ਜਾਵੇ ਥੋੜੀ ਹੈ। “ਅਚਰਜ ਰੂਪ ਵਡੀ ਵਡਿਆਈ” ।(ਪੰਨਾ 1086)

ਉਸ ਪਰਮਾਤਮਾ ਦਾ ਵਿਡਾਣ, ਉਸ ਦੀ ਕਿਰਤ, ਉਸ ਦੀ ਉਪਜਾਈ ਸ਼੍ਰਿਸ਼ਟ ਵੀ ਤਾਂ ਘੱਟ ਵਿਸਮਾਦ ਪੈਦਾ ਨਹੀਂ ਕਰਦੀ ਉਸ ਪਰਮਾਤਮਾ ਨਾਲ ਰੂਹ ਨਾਲ ਜੁੜੇ ਹੋਏ ਲਈ: “ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥ …….. ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ” ॥ (ਪੰਨਾ 464)

ਇਸ ਵਿਸਮਾਦ ਨੂੰ ਪ੍ਰਾਪਤ ਪੂਰੇ ਭਾਗਾਂ ਵਾਲੇ ਹੀ ਕਰ ਸਕਦੇ ਹਨ ਹਰ ਕੋਈ ਪ੍ਰਾਪਤ ਨਹੀਂ ਕਰ ਸਕਦਾ।ਵਿਸਮਾਦ ਪ੍ਰਾਪਤ ਕਰਨ ਲਈ ਉਸ ਪਰਮ ਪਿਤਾ ਨਾਲ ਨੇੜਾ ਤੇ ਉਸ ਦੀ ਕੁਦਰਤ ਨਾਲ ਪਿਆਰ ਪਾਉਣਾ ਜ਼ਰੂਰੀ ਹੁੰਦਾ ਹੈ। ਇਹ ਸਭ ਵਾਹਿਗੁਰੂ ਦੀ ਮਿਹਰ ਨਾਲ ਹੀ ਹੁੰਦਾ ਹੈ। ਵਾਹਿਗੁਰੂ ਦੀ ਮਿਹਰ ਤਾਂ ਹੀ ਹੁੰਦੀ ਹੈ ਜੇ ਅੰਦਰ ਉਸ ਵਲ ਖਿੱਚ ਉਪਜਦੀ ਹੈ, ਉਸ ਦੀ ਯਾਦ ਬਿਹਬਲ ਕਰਦੀ ਹੈ। ਉਸ ਦਾ ਨਾਮ ਹੋਠਾਂ ਤੇ, ਮਨ ਤੇ ਹੁੰਦਾ ਹੋਇਆ ਫਿਰ ਰੂਹ ਵਿਚ ਵਸ ਜਾਂਦਾ ਹੈ। ਚਾਰੇ ਪਾਸੇ ਵਾਹਿਗੁਰੂ ਤੇ ਉਸ ਦੀ ਕੁਦਰਤ ਹੀ ਨਜ਼ਰ ਆਉਂਦੀ ਹੈ ਤੇ ਕੁਦਰਤ ਵਿਚ ਵੀ ਉਹ ਹੀ ਨਜ਼ਰ ਆਉਂਦਾ ਹੈ। ਅੰਦਰ ਦੀ ਹਉਮੈ ਮਿਟ ਜਾਂਦੀ ਹੈ ਤੇ ਮਨ ਨਿਰਮਲ ਹੋ ਜਾਦਾ ਹੈ। “ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨੑ ਕੈ ਸੰਗਿ ਮਿਲਾਇ ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥ ॥(ਪੰਨਾ 515)

ਵਾਹ ਵਾਹ ਕਰਦਿਆਂ ਆਪਾ ਸਮਰਪਣ ਕਰਨ ਵਾਲਾ ਮਨ ਚਾਹੀ ਹਰ ਇਛਾ ਪ੍ਰਾਪਤ ਕਰਦਾ ਹੈ। ਪ੍ਰਾਣੀ ਦੀ ਪ੍ਰਮੁਖ ਇਛਾ ਪ੍ਰਭੂ ਨੂੰ ਪਾਉਣਾ ਅਤੇ ਸਮਾਉਣਾ ਹੈ ।ਇਸ ਲਈ ਸਮਰਪਣ ਜ਼ਰੂਰੀ ਹੈ। ਜੋ ਅਪਣਾ ਆਪਾ ਸਮੁਚੇ ਤੌਰ ਤੇ ਉਸ ਈਸ਼ਰ ਨੂੰ ਸਮਰਪਿਤ ਕਰ ਦਿੰਦਾ ਹੈ ਪ੍ਰਮਾਤਮਾ ਉਸ ਨੂੰ ਸਦਾ ਲਈ ਅਪਣਾ ਬਣਾ ਲੈਂਦਾ ਹੈ।“ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮ ਕੰਕਰੁ ਨੇੜਿ ਨ ਆਵੈ ॥(ਪੰਨਾ 515)

ਜੋ ਪ੍ਰਮਾਤਮਾ, ਨਾਮ ਤੇ ਵਿਸਮਾਦ ਦਾ ਸਵਾਦ ਨਹੀਂ ਸਮਝਦਾ ਉਹ ਜ਼ਰੂਰ ਯੋਗ ਗੁਰੂ ਤੋਂ ਵਾਂਝਾ ਹੈ। ਉਹ ਦੁਨਿਆਬੀ ਖਿਚਾਂ ਵਿਚ ਉਲਝਿਆ ਅਪਣੇ ਜੀਵਣ ਦਾ ਅਸਲ ਮਕਸਦ “ਰਬ ਪਾਉਣਾ ਅਤੇ ਸਮਾਉਣਾ” ਭੁਲਕੇ “ਜੱਗ ਪਾਉਣ ਤੇ ਸਭ ਗੁਆਉਣ” ਵਿਚ ਫਸਿਆ ਰਹਿੰਦਾ ਹੈ।ਵੈਰ, ਭਉ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਉਸ ਨੂੰ ਘੇਰ ਲੈਦੇ ਹਨ । ਕਾਦਰ ਤੇ ਕੁਦਰਤ ਦੀ ਸੁੰਦਰਤਾ ਦੇ ਝਲਕਾਰੇ ਤੋਂ ਵਾਂਝਾ ਰਹਿ ਜਾਂਦਾ ਹੈ।“ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ” ॥ ਉਸ ਦੇ ਉਲਟ “ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥ (ਪੰਨਾ 515) ਗੁਰਮੁਖ ਗੁਰੂ ਦੀ ਦਿਤੀ ਸਿਖਿਆ ਨਾਲ ਪਰਮਾਤਮਾ ਤੇ ਕੁਦਰਤ ਦਾ ਮਹਤਵ ਸਮਝਦੇ ਹਨ ਜਦ ਕਿ ਮਨਮੁਖ ਇਨ੍ਹਾਂ ਦੋਨਾਂ ਵਲ ਕੰਨੀ ਨਹੀਂ ਕਰਦੇ।“ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ” ॥ (ਪੰਨਾ 514)

ਵਾਹੁ ਵਾਹੁ ਕਰਦਿਆਂ ਮਨ ਵਿਚੋਂ ਵੈਰ, ਭਉ, ਤ੍ਰਿਸ਼ਨਾ ਆਦਿ ਨਹੀਂ ਰਹਿੰਦੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਾਲ ਕੋਈ ਸਰੋਕਾਰ ਨਹੀਂ ਰਹਿੰਦਾ। ਮਨ ਪ੍ਰਮੇਸ਼ਵਰ ਨਾਲ ਲਿਵਲੀਨ ਰਹਿੰਦਾ ਹੈ। ਉਸ ਵਾਹਿਗੁਰੂ ਨਾਲ, ਉਸ ਦੀ ਕੁਦਰਤ ਨਾਲ ਉਸ ਦੀ ਸਮੁਚੀ ਸੁੰਦਰਤਾ ਨਾਲ ਰਸ ਲੀਨ ਹੋ ਜਾਂਦਾ ਹੈ।ਛੋਟੀ ਤੋਂ ਛੋਟੀ ਸੁੰਦਰਤਾ ਵੀ ਉਸ ਲਈ ਵਿਸਮਾਦ ਪੈਦਾ ਕਰਦੀ ਹੈ। ਕੁਦਰਤ ਦੇ ਹਰ ਚਮਤਕਾਰ ਨੂੰ ਦੇਖਕੇ ਵਿਸਮਾਦੀ ਹੋ ਉਠਦਾ ਹੈ।ਇਹ ਵਿਸਮਾਦੀ ਰੂਪ ਅਚਰਜ ਰੂਪ ਹੋ ਦਿਸਦਾ ਹੈ।“ਅਚਰਜ ਸਾਦ ਤਾ ਕੇ ਬਰਨੇ ਨ ਜਾਹੀ”। (ਪੰਨਾ 742) ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥ (ਪੰਨਾ 979) ਮਾਈ ਰੀ ਪੇਖਿ ਰਹੀ ਬਿਸਮਾਦ॥ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥ (ਪੰਨਾ 1229) ਉਸਦੀ ਅਸਚਰਜਤਾ ਤੋਂ ਵਿਸਮਾਦੀ ਹੋਇਆ ਜੀਵ ਵਾਹ ਵਾਹ ਕਰਦਾ ਆਖਰ ਉਸ ਜੇਹਾ ਹੀ ਹੋ ਜਾਦਾ ਹੈ: “ਅਚਰਜ ਭਇਆ ਜੀਵ ਤੇ ਸੀਉ। (ਪੰਨਾ 344)

ਗੁਰੂ ਰਾਹੀਂ ਪ੍ਰਾਪਤ ਸਬਦ ਨਾਲ ਜੁੜਿਆ ਪ੍ਰਾਣੀ ਜਦ ਵਿਸਮਾਦ ਨਾਲ ਭਰ ਜਾਂਦਾ ਹੈ ਤਾਂ ਸੱਚ ਦਾ ਗਿਆਨ ਹੁੰਦਾ ਹੈ। ਸੱਚ ਨਾਲ ਮੇਲ ਦੀ ਅਵਸਥਾ ਹੀ ਅਸਲ ਪ੍ਰਭੂ ਪ੍ਰਾਪਤੀ ਦੀ ਅਵਸਥਾ ਹੈ। “ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥ 1 ॥ ਮਃ 3 ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥ 2 ॥ (ਪੰਨਾ 515) ਗੁਰੂ ਰਾਹੀਂ ਸੱਚ ਦੀ ਭਾਲ ਵਿਚ ਵਿਸਮਾਦੀ ਅਵਸਥਾ ਵਿਚ ਜਾਣਾ ਪ੍ਰਭੂ ਪ੍ਰਾਪਤੀ ਦਾ ਪ੍ਰਮੁਖ ਪੜਾ ਹੈ।
 
Top