dalvinder45
SPNer
- Jul 22, 2023
- 908
- 38
- 79
‘ਸਭਨਾ ਜੀਆ ਕਾ ਇਕੁ ਦਾਤਾ’ ਭਵਿੱਖ ਲਈ ਸਹੀ ਸਿਧਾਂਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਮਾਜ ਇੱਕ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ। ਚੋਰੀ, ਠੱਗੀ, ਬਦਮਾਸ਼ੀ, ਗੁੰਡਾਗਰਦੀ, ਕੁਰਪਸ਼ਨ, ਧਿੰਗਾ-ਜੋਰੀ, ਲੁੱਟ-ਖੋਹ, ਮਾਰ-ਧਾੜ, ਕਤਲੋ-ਗਾਰਤ ਇਹ ਸਭ ਅਸਮਾਨਤਾ ਤੇ ਵਧਦੇ ਮਾਇਆ ਮੋਹ ਤੋਂ ਜਨਮੀਆਂ ਬੁਰਾਈਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਸਾਨੂੰ ‘ਸਭਨਾ ਜੀਆ ਕਾ ਇਕੁ ਦਾਤਾ’ ਦਾ ਸਿਧਾਂਤ ਹੀ ਸਭ ਤੋਂ ਰਾਸ ਆ ਸਕਦਾ ਹੈ।
ਵਿਰਾਸਤਵਾਦ, ਬਸਤੀਵਾਦ, ਅਫਸਰਵਾਦ, ਜਾਤੀਵਾਦ, ਇਹ ਸਭ ਨਿੱਜੀਕਰਨ ਦੀਆਂ ਨਿਸ਼ਾਨੀਆਂ ਹਨ ਜੋ ਕਿ ਅਜੋਕੇ ਸਮਾਜਿਕ ਵਾਤਾਵਰਨ ਦਾ ਮੁੱਖ ਭਾਗ ਬਣ ਚੁੱਕੀਆਂ ਹਨ। ਇਨ੍ਹਾਂ ਸਮਾਜਿਕ ਬੁਰਾਈਆਂ ਦਾ ਮੁੱਢ ਪਹਿਲਾਂ ਤਾਂ ਮਨੂਵਾਦ ਨਾਲ ਬੱਝਾ ਤੇ ਫਿਰ ਗੁਲਾਮ-ਪ੍ਰਥਾ, ਅਫਸਰਵਾਦ ਅਤੇ ਵਿਸ਼ਵੀਕਰਨ ਨਾਲ ਵਧਾਰਾ ਹੋਇਆ। ਸਮਾਜ ਤੋਂ ਸਵੈ ਨੂੰ ਪ੍ਰਾਥਮਿਕਤਾ ਦੇਣ ਨਾਲ ਹਉਮੈ ਤੇ ਜ਼ਖੀਰਾਬਾਦ ਵਿੱਚ ਵਾਧਾ ਹੋਇਆ। ਬਰਾਬਰਤਾ ਤੇ ਭਰਾਤਰੀਵਾਦ, ਇਨ੍ਹਾਂ ਵੱਧਦੀਆਂ ਬੁਰਾਈਆਂ ਦੇ ਹੜ੍ਹ ਵਿਚ ਰੁੜ੍ਹ ਗਏ । ਇੱਕ ਅਨਿਸ਼ਚਤਾ ਦਾ ਦੌਰ ਚਾਰੇ ਪਾਸੇ ਛਾ ਗਿਆ। ਸਬਰ, ਸੰਤੋਖ, ਮਾਨਵਤਾ, ਸਹਿਣ ਸ਼ਕਤੀ, ਹਲੀਮੀ, ਸਭ ਸਮੇਂ ਦੀ ਮਾਰ ਥੱਲੇ ਆ ਗਏ। ਇਸ ਸਭ ਦਾ ਹੱਲ ਕੀ ਹੈ? ਇਹ ਸੋਚਣਾ ਹੁਣ ਜ਼ਰੂਰੀ ਹੋ ਗਿਆ ਹੈ ਕਿ ਇਹਨਾਂ ਸਾਰੀਆਂ ਬੁਰਾਈਆਂ ਦਾ ਹੱਲ ਕਿੱਥੇ ਹੈ? ਕੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤਾ ਗਿਆ ‘ਸਭਨਾ ਜੀਆ ਕਾ ਇਕ ਦਾਤਾ’ ਦਾ ਸਿਧਾਂਤ’ ਇਨ੍ਹਾਂ ਸੱਭ ਬੁਰਾਈਆਂ ਦਾ ਹੱਲ ਨਹੀਂ? ਇਸ ਲਈ ਇਨਾਂ ਸਭਨਾਂ ਬੁਰਾਈਆਂ ਨੂੰ ਦੂਰ ਕਰਨ ਲਈ ‘ਸਭਨਾਂ ਜੀਆਂ ਕਾ ਇੱਕੁ ਦਾਤਾ’ ਦੇ ਸਿਧਾਂਤ ਨੂੰ ਵਿਚਾਰਨ ਦੀ ਬੜੀ ਲੋੜ ਹੈ।
ਇਸ ਸਿਧਾਂਤ ਦਾ ਸਭ ਤੋਂ ਵੱਡਾ ਅਸੂਲ ਇਹ ਹੈ ਕਿ ਅਸੀਂ ਸਾਰੇ ਇੱਕ ਪਰਮਾਤਮਾ ਦੀ ਹੀ ਔਲਾਦ ਹਾਂ ਤੇ ਇਸ ਕਰਕੇ ਅਸੀਂ ਸਾਰੇ ਇੱਕ ਦੂਜੇ ਦੇ ਭਾਈ-ਬੰਦ ਹਾਂ। ਭਰਾਤਰੀ-ਵਾਦ ਤੇ ਬਰਾਬਰੀ ਦਾ ਸਿਧਾਂਤ ਵੀ ਇਥੋਂ ਹੀ ਜਨਮਦਾ ਹੈ। ਵਿਸ਼ਵ ਸਮਾਜ ਦੇ ਪਿਆਰ ਦੀ ਪ੍ਰਥਾ ਵੀ ਇਥੋਂ ਹੀ ਸ਼ੁਰੂ ਹੁੰਦੀ ਅਤੇ ਅੱਗੇ ਵਧਦੀ ਹੈ।
ਜੇ ਕਰ ਵਿਸ਼ਵ ਦਾ ਸਮਾਜਿਕ ਤੇ ਆਰਥਿਕ ਵਾਤਾਵਰਨ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਅੱਜ ਕੱਲ ਸੱਭ ਤੋਂ ਜਿਆਦਾ ਅਸੰਤੋਸ਼ ਨਵੀਂ ਪੀੜੀ ਵਿੱਚ ਹੈ ਜੋ ਆਪਣੇ ਲਈ ਯੋਗ ਨੌਕਰੀਆਂ ਦੀ ਤਲਾਸ਼ ਵਿੱਚ ਭਟਕ ਰਹੀ ਹੈ। ਇਕ ਤੋਂ ਦੂਜੇ ਦੇਸ਼ ਤੱਕ ਜਾਣ ਲਈ ਮਜਬੂਰ ਹੋ ਰਹੀ ਹੈ। ਉਸ ਦੇ ਮਨ ਵਿੱਚ ਨਾ ਤਾਂ ਸ਼ਾਂਤੀ ਹੈ, ਨਾ ਪ੍ਰੇਮ ਤੇ ਨਾ ਹਲੀਮੀ ; ਬਸ ਭਟਕਣ ਹੀ ਭਟਕਣ ਹੈ।
ਭਟਕਦੀ ਨਵੀਂ ਪੀੜੀ ਕੋਲ ਕੋਈ ਵੀ ਸਾਫ ਤੇ ਸਪਸ਼ਟ ਰਾਹ ਨਜ਼ਰ ਨਹੀਂ ਆ ਰਿਹਾ। ਮੈਨੂੰ ਯਾਦ ਹੈ ਕਿ ਅੱਜ ਤੋਂ 60 ਕੁ ਵਰੇ ਪਹਿਲਾਂ ਸਾਡਾ ਪਿੰਡ ਘੁੱਗ ਵੱਸਦਾ ਸੀ। ਉਸ ਵੇਲੇ ਕਿੱਤਾ-ਵੰਡ ਬੜੀ ਸਪਸ਼ਟ ਸੀ ; ਇਸ ਵਿੱਚ ਮਨੂਵਾਦ ਦਾ ਕੋਈ ਅਸਰ ਨਹੀਂ ਸੀ। ਖੇਤੀ ਪਿੰਡ ਦਾ ਮੁੱਖ ਧੰਦਾ ਸੀ। ਕਿਰਸਾਨ ਖੇਤੀ ਕਰਦਾ, ਲੁਹਾਰ ਅਤੇ ਤਰਖਾਣ ਖੇਤੀ ਲਈ ਸੰਦ ਬਣਾਉਂਦੇ, ਜੁਲਾਹਾ ਕੱਪੜੇ ਬੁਣਦਾ, ਬਾਣੀਆਂ ਸੌਦਾ ਪੱਤਾ ਬਾਜ਼ਾਰੋਂ ਲਿਆ ਕੇ ਹੱਟਾਂ ਤੇ ਵੇਚਦਾ ਤੇ ਇਸ ਤਰ੍ਹਾਂ ਸਭ ਨੇ ਆਪੋ ਆਪਣੇ ਕਿੱਤੇ ਅਪਣਾਏ ਹੋਏ ਸਨ। ਸਾਰਿਆਂ ਵਿੱਚ ਆਪਸੀ ਸਾਂਝ ਸੀ। ਸਾਰੇ ਆਪਸ ਵਿੱਚ ਮਦਦਗਾਰ ਹੁੰਦੇ ਸਨ। ਕੋਈ ਇੱਕ ਦੂਜੇ ਵਿੱਚ ਫਰਕ ਨਹੀਂ ਸੀ ਸਮਝਦਾ । ਸਾਡੇ ਲਈ ਸਾਰੇ ਵੱਡੇ; ਬਾਬੇ ਜਾਂ ਤਾਏ ਚਾਚੇ ਹੁੰਦੇ ਸਨ ਤੇ ਉਨ੍ਹਾਂ ਦੀਆਂ ਸੁਆਣੀਆਂ ਬੇਬੇ ਜਾਂ ਤਾਈਆਂ-ਚਾਚੀਆਂ ਹੁੰਦੀਆਂ ਸਨ । ਬਰਾਬਰ ਦੀਆਂ ਕੁੜੀਆਂ ਸਭ ਦੀਆਂ ਭੈਣਾਂ ਹੁੰਦੀਆਂ ਸਨ ਤੇ ਬਰਾਬਰ ਦੇ ਮੁੰਡੇ ਸਭ ਦੇ ਭਾਈ। ਅਸੀਂ ਬਿਨਾਂ ਕਿਸੇ ਕਿੱਤੇ ਜਾਤੀ ਦੇ ਭੇਦ ਤੇ ਆਪਸ ਵਿੱਚ ਖੇਡਦੇ ਹੁੰਦੇ ਸਾਂ । ਕੋਈ ਮੁਲੰਮਾ ਨਹੀਂ ਸੀ, ਕੋਈ ਚੌਧਰ ਦਾ ਅਹਿਸਾਸ ਨਹੀਂ ਸੀ, ਕੋਈ ਉੱਚਾ ਨੀਵਾਂ ਨਹੀਂ ਸੀ ; ਸਭ ਆਪੋ ਆਪਣੇ ਕਿੱਤੇ ਦੀ ਕਮਾਈ ਖਾਂਦੇ ਲੋੜ ਪੈਂਦੀ ਤਾਂ ਇੱਕ ਦੂਜੇ ਦੀ ਮਦਦ ਵੀ ਕਰਦੇ। ਮੈਂ ਪਿੰਡਾਂ ਵਿੱਚ ਕਦੇ ਵੀ ਕੋਈ ਭੁੱਖਾ ਨਹੀਂ ਸੀ ਵੇਖਿਆ। ਕੋਈ ਵੀ ਮੰਗਦਾ ਨਹੀਂ ਸੀ ਵੇਖਿਆ। ਪਰ ਜਿਉਂ ਹੀ ਸ਼ਹਿਰੀਕਰਨ, ਮਸ਼ੀਨੀਕਰਨ ਤੇ ਬਸਤੀਵਾਦ ਦਾ ਵਾਧਾ ਹੋਇਆ ਤਾਂ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਪੈਦਾ ਹੋ ਗਿਆ। ਰਾਜਨੀਤੀਕਰਨ ਰਾਜਧਾਨੀਆਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ਵਲ ਵਧੀਆ ਤਾਂ ਗੱਦੀ ਅਤੇ ਸ਼ਕਤੀ ਦਾ ਮਹੱਤਵ ਵੀ ਵਧ ਗਿਆ।ਪਿੰਡਾਂ ਵਿੱਚ ਪੰਚਾਇਤਾਂ ਰਾਹੀ ਨਵੀਂ ਸ਼ਾਸ਼ਨ-ਪ੍ਰਥਾ ਨੇ ਪਿੰਡਾਂ ਵਿੱਚ ਪਾੜੇ ਪਾਉਣੇ ਸ਼ੁਰੂ ਕਰ ਦਿੱਤੇ।ਸਰਪੰਚ-ਪੰਚ ਨਵੇਂ ਚੌਧਰੀ ਬਣ ਗਏ। ਬਜ਼ੁਰਗ ਜੋ ਪਹਿਲਾਂ ਪਿੰਡਾਂ ਵਿੱਚ ਸਾਰੇ ਫੈਸਲੇ ਕਰਦੇ ਸਨ ਤੇ ਆਮ ਤੌਰ ਤੇ ਸਾਰੇ ਮੰਨ ਲੈਂਦੇ ਸਨ ਪਿਛੋਕੜ ਵਿੱਚ ਚਲੇ ਗਏ ਅਤੇ ਪਿੰਡ ਦੀ ਸੱਤਾ ਬਜ਼ੁਰਗਾਂ ਹੱਥੋਂ ਪੰਚਾਇਤ-ਘਰਾਂ ਵਿੱਚ ਚਲੀ ਗਈ। ਵਿਕਾਸ ਦਾ ਨਵਾਂ ਦੌਰ ਚੱਲਿਆ ਤਾਂ ਆਧੁਨਿਕਤਾਵਾਦ ਨੇ ਯੁਗ-ਬਦਲੀ ਲਿਆਂਦੀ ਜਿਸ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਦੀ; ਉੱਚਾ ਹੋਣ ਦੀ ਹੋੜ ਲੱਗ ਗਈ ਅਤੇ ਵਧੇਰੇ ਜਾਇਦਾਦ ਅਤੇ ਮਾਇਆ ਦੀ ਲਾਲਸਾ ਵਧ ਗਈ।ਸਬਰ ਦੇ ਸਾਰੇ ਬੰਨ੍ਹ ਟੁੱਟ ਗਏ। ਇਸ ਨਾਲ ਹੋਰ ਜ਼ਿਆਦਾ ਕਮਾਉਣ ਲਈ ਨਵੇਂ ਸਾਧਨ ਲੱਭਣ ਦੀ ਹੋੜ ਲੱਗ ਗਈ। ਸ਼ਹਿਰਾਂ ਵਲ ਕਾਰਖਾਨਿਆਂ ਅਤੇ ਰਾਜਨੀਤਿਕ ਅਹੁਦਿਆਂ ਵੱਲ ਖਿੱਚ ਵਧੀ ਅਤੇ ਵਿਦੇਸ਼ਾਂ ਵੱਲ ਨਵੇਂ ਕਮਾਈ ਦੇ ਸਾਧਨ ਪ੍ਰਾਪਤ ਕਰਨ ਦਾ ਰੁਝਾਣ ਵਧ ਗਿਆ।
ਮੁਕਾਲਬਤਨ ਜੋ ਚੁਸਤ-ਦਰੁਸਤ ਸਨ ਨਵੇਂ ਸਾਧਨਾਂ ਰਾਹੀਂ ਅਮੀਰ ਹੁੰਦੇ ਗਏ ਪਰ ਜੋ ਕਾਬਲ ਨਹੀਂ ਸਨ ਉਨ੍ਹਾਂ ਨੇ ਮਾਰ-ਧਾੜ ਤੇ ਲੁੱਟ-ਖੋਹ ਦਾ ਮਾਰਗ ਅਪਣਾਇਆ। ਸਰਕਾਰੀ-ਕਰਮਚਾਰੀਆਂ ਨੇ ਅਪਣੀ ਕਮਾਈ ਦਾ ਸਾਧਨ ‘ਉਪਰ ਦੀ ਕਮਾਈ’ ਭਾਵ ਕੁਰਪਸ਼ਨ ਨੂੰ ਬਣਾ ਲਿਆ। ਇਸ ਖੋਹ-ਖਿੱਚੀ ਵਿੱਚ ਅਨਿਸ਼ਚਿਤਤਾ ਵਧੀ, ਅਸ਼ਾਂਤੀ ਵਧੀ, ਅਸੁਰੱਖਿਆ ਵਧੀ ਜਿਨ੍ਹਾਂ ਨਾਲ ਹੋਰ ਮਜਬੂਰੀਆਂ ਵੀ ਵਧੀਆਂ ਤੇ ਮੋਹ–ਪਿਆਰ, ਰਿਸ਼ਤੇ-ਨਾਤੇ, ਨੇੜਤਾਵਾਂ ਤੇ ਦੋਸਤੀਆਂ ਦਾ ਮਹੱਤਵ ਘਟ ਗਿਆ।
ਵਧੀਆਂ ਬੁਰਿਆਈਆਂ ਦੇ ਇਸ ਦੌਰ ਵਿੱਚ ‘ਸਭਨਾ ਜੀਆ ਕਾ ਇਕੁ ਦਾਤਾ’ ਦੇ ਨਿੱਗਰ ਅਤੇ ਅਡੋਲ ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਣਾਉਣਾ ਹੀ ਇਕ ਸਹੀ ਮਾਰਗ ਹੈ।ਗੁਰੂ ਨਾਨਕ ਦੇਵ ਜੀ ਦਾ ਅਤਿ ਉੱਤਮ ਅਤੇ ਸਪਸ਼ਟ ਸੰਦੇਸ਼ ਹੈ ਕਿ ਰੱਬ ਇੱਕੋ ਹੀ ਹੈ ਜੋ ਸੱਭ ਦਾ ਰਚਣਹਾਰਾ ਹੈ ਇਸ ਲਈ ਅਸੀਂ ਉਸ ਦੀਆਂ ਵੰਡੀਆਂ ਨਹੀਂ ਪਾ ਸਕਦੇ।ਕਰਤੇ ਨੂੰ ਕਿਸੇ ਵੀ ਆਧਾਰ ਤੇ ਸਮਾਜਿਕ ਵੰਡ ਅਤੇ ਵਿਤਕਰਾ ਉੱਕਾ ਨਹੀਂ ਭਾਉਂਦਾ। ਭਾਸ਼ਾਵਾਂ ਦੇ ਆਧਾਰ ਤੇ ਉਸ ਦੇ ਕਈ ਨਾਂ ਤਾਂ ਹੋ ਸਕਦੇ ਹਨ ਪਰ ਨਾਵਾਂ ਦੇ ਆਧਾਰ ਤੇ ਸਮਾਜਿਕ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ।ਰਚਣਹਾਰਾ ਅਪਣੀ ਰਚਨਾ ਦੀ ਸੰਭਾਲ ਵੀ ਆਪ ਹੀ ਕਰਦਾ ਹੈ।ਉਹ ਸਮੁਚੀ ਸ੍ਰਿਸ਼ਟੀ ਦਾ ਆਧਾਰ ਅਤੇ ਸਹਾਇਕ ਵੀ ਹੈ, ਉਹ ਬਿਨਾ ਕਿਸੇ ਬਿੰਨ ਭੇਦ ਦੇ ਹਰ ਥਾਂ ਹਰ ਸਮੇਂ ਸਹਾਈ ਹੁੰਦਾ ਹੈ। ਉਹ ਹਰ ਸਮੇਂ ਸ੍ਰਿਸ਼ਟੀ ਤੇ ਪੜਚੋਲਵੀਂ ਨਜ਼ਰ ਵੀ ਰੱਖਦਾ ਹੈ। ਉਸ ਦੀ ਨਜ਼ਰ ਵਿੱਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ ; ਸੱਭ ਬਰਾਬਰ ਹਨ।ਇਸ ਲਈ ਉੱਚੀ ਜਾਤ ਜਾਂ ਨੀਵੀਂ ਜਾਤ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ।
ਗੁਰੂ ਜੀ ਨੇ ਇਸ ਸੰਸਾਰ ਵਿੱਚ ਵਿਚਰਦਿਆਂ ਕਰਤਾਰ ਦੀ ਮਨਸ਼ਾ ਅਨੁਸਾਰ ਸਮਾਜਿਕ, ਰਾਜਨੀਤਿਕ, ਆਰਥਿਕ, ਅਧਿਆਤਮਿਕ, ਆਚਰਣਿਕ, ਬੌਧਿਕ, ਭੋਤਿਕ ਅਤੇ ਵਿਗਿiਆਨਿਕ ਕੁਰੀਤੀਆਂ ਜੜ੍ਹੋਂ ਉਖਾੜਣ ਦੀ ਗੱਲ ਹੀ ਨਹੀਂ ਕੀਤੀ ਸਗੋਂ ਹਰ ਕੁਰਾਹੀਏ ਕੋਲ ਵਿਅਕਤੀਗਤ ਰੂਪ ਵਿੱਚ ਹਾਜ਼ਿਰ ਹੋ ਕੇ ਉਸ ਨੂੰ ‘ਸਭਨਾ ਜੀਆ ਕਾ ਇਕ ਦਾਤਾ’ ਅਤੇ 1ਓ ਦਾ ਮੂਲ ਸੰਕਲਪ ਵਿਸਥਾਰ ਪੂਰਬਕ ਦ੍ਰਿੜ ਕਰਵਾਇਆ ਤੇ ਮਨੁੱਖਾ ਜੀਵਨ ਵਿੱਚ ਨਰੋਆ ਉਭਾਰ ਲਿਆਂਦਾ। ਇਸੇ ਸੰਕਲਪ ਨੂੰ ਅੰਤਰਰਾਸ਼ਟਰੀ ਸਮਾਜਿਕ ਅਤੇ ਰਾਜਨੀਤਿਕ ਪੱਧਰ ਤੇ ਅਪਣਾਉਣ ਦੀ ਲੋੜ ਹੈ। ਜਾਤਿ-ਪਾਤਿ ਤੋਂ ਲਿੰਗ ਭੇਦ ਤੋਂ ਉਪਰ ਉੱਠ ਕੇ ਗੁਰੂ ਜੀ ਨੇ ਬਰਾਬਰੀ ਦਾ ਸਿਧਾਂਤ ੳੁਤੇ ਕਿਰਤ ਸਭਿਆਚਾਰ ਦੀ ਅਰੰਭਤਾ ਹੀ ਨਹੀਂ ਕੀਤੀ ਸਗੋਂ ਆਪਣੇ ਹੱਥੀਂ ਖੇਤੀ ਕਰਕੇ ਅਤੇ ਸਦਾਵਰਤ ਲੰਗਰ ਲਗਾ ਕੇ ਸੰਗਤ-ਪੰਗਤ ਦੀ ਪ੍ਰਥਾ ਸ਼ੁਰੂ ਕਰ ਕੇ ਕੀਤੀ ਜਿਸ ਨਾਲ ਭਾਈਚਾਰਕ ਸਾਂਝ ਹੋਰ ਪੱਕੀ ਹੁੰਦੀ ਗਈ। ਕ੍ਰਿਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਅਮੁਲਾ ਸਿਧਾਂਤ ਦਿੱਤਾ: ‘ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣਹਿ ਸੇਇ। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1245)
ਗੁਰੂ ਜੀ ਨੂੰ ਵਿਹਲੜਪੁਣਾ ਉੱਕਾ ਹੀ ਸਵੀਕਾਰ ਨਹੀਂ ਸੀ:
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ। ਨਾਨਕ ਸਚੇ ਨਾਮ ਵਿਣੁ ਸਭੋ ਦਸਿਮਨੁ ਹੇਤੁ।। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 790)
ਗੁਰੂ ਜੀ ਨੇ ਆਲਸੀ ਮਨੁਖਾਂ ਨੂੰ ਹਲੂਣਿਆ ਤੇ ਅਣਖ ਨੂੰ ਝੰਝੋੜਿਆ ਤੇ ਸਿਰ ਚੁੱਕੇ ਕੇ ਉੱਚਾ ਚਲਣਾ ਸਿਖਾਇਆ:
ਜੇ ਜੀਵੇ ਪਤਿ ਲਥੀ ਜਾਇ। ਸਭ ਹਰਾਮੁ ਜੇਤਾ ਕਿਛੁ ਖਾਰਿ। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 142)
ਗੁਰੂ ਜੀ ਨੇ ਸਚ ਦਾ ਸੰਦੇਸ਼ਾ ਘਰ ਘਰ ਦਿਤਾ ਤੇ ਸੱਚੇ ਮਾਰਗ ਉਤੇ ਦ੍ਰਿੜਤਾ ਨਾਲ ਚੱਲਣ ਵਾਲਿਆਂ ਨੂੰ ਸਲਾਹਿਆ ਸਤਿਕਾਰਿਆ:
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ 2 ॥(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 468)
ਉਨ੍ਹਾਂ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਸੀ
ਖਤ੍ਰੀ ਬਰਾਹਮਣ ਸੂਦ ਵੈਸ਼ ਉਪਦੇਸੁ ਚਹੁੰ ਵਰਨਾ ਕਉ ਸਾਂਝਾ। (ਮਃ 1, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 747)
ਇਨ੍ਹਾਂ ਅਸੂਲਾਂ ਤੇ ਹੀ ਸੁਚੱਜੇ ਸਿੱਖ ਸਮਾਜ ਦੀ ਸਿਰਜਣਾ ਹੋਈ। ਇਸ ਲਈ ਸਾਨੂੰ ਇਨ੍ਹਾਂ ਦਿਤੇ ਅਸੂਲਾਂ ਤੇ ਚੱਲ ਕੇ ਇੱਕ ਸੁਚੱਜਾ ਸਮਾਜ ਸਿਰਜਣ ਵਿੱਚ ਮਦਦ ਕਰਨੀ ਚਾਹੀਦੀ ਹੈ।