• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਪੰਥ ਦੀ ਅਜ਼ੀਮ ਹਸਤੀ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦਾ ਅਸਹਿ ਵਿਛੋੜਾ

dalvinder45

SPNer
Jul 22, 2023
900
37
79
ਪੰਥ ਦੀ ਅਜ਼ੀਮ ਹਸਤੀ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦਾ ਅਸਹਿ ਵਿਛੋੜਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੇਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ

ਅੱਜ 19 ਜਨਵਰੀ 2025 ਨੂੰ ਧੁਰ ਅੰਦਰੋਂ ਗੁਰਮੁੱਖ ਅਤੇ ਗੁਰਮਤਿ ਜੀਵਨ ਜਿਉਂਦੇ ਗੁਰਸਿੱਖ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦੇ ਅਚਾਨਕ ਅਕਾਲ ਚਲਾਣੇ ਦੀ ਦੁਖਦਾਈ ਖਬਰ ਮਿਲੀ ਤਾਂ ਇੱਕ ਵੱਡਾ ਜਾਤੀ ਝਟਕਾ ਲੱਗਿਆ । ਪ੍ਰਿੰਸੀਪਲ ਰਾਮ ਸਿੰਘ ਕੁਲਾਰ ਹੋਰਾਂ ਦੇ ਪਰਿਵਾਰ ਦੇ ਨਾਲ ਨੇੜੇ ਦੇ ਰਿਸ਼ਤੇ ਤਾਂ ਪਿਛਲੇ 40 ਸਾਲਾਂ ਤੋਂ ਹੋਣ ਕਰਕੇ ਇਸ ਸਾਂਝ ਨੂੰ ਜਦ ਦਿਮਾਗ ਦੀ ਤਖਤੀ ਉੱਤੇ ਉਤਰਦਾ ਦੇਖਦਾ ਹਾਂ ਤਾਂ ਬੜਾ ਭਾਵਕ ਹੋ ਰਿਹਾ ਹਾਂ ਤੇ ਮਹਿਸੂਸ ਕਰਦਾ ਹਾਂ ਕਿ ਬੇਹੱਦ ਗੁਣੀ ਗਿਆਨੀ ਤੇ ਪਿਆਰੇ ਹਮਦਰਦ ਨੂੰ ਗਵਾ ਬੈਠਾ ਹਾਂ।

ਪ੍ਰਿੰਸੀਪਲ ਰਾਮ ਸਿੰਘ ਜੀ ਦਾ ਜਨਮ ਪਿੰਡ ਕੁਲਾਰ ਤਹਿਸੀਲ ਜਗਰਾਉਂ ਜ਼ਿਲਾ ਲੁਧਿਆਣਾ ਵਿੱਚ ਸੰਨ 1947 ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਚੰਗੇ ਪੜ੍ਹੇ ਲਿਖੇ ਸਨ ਜਿਸ ਕਰਕੇ ਉਨਾਂ ਨੇ ਕਿਰਸਾਨ ਹੁੰਦੇ ਹੋਏ ਵੀ ਬੱਚਿਆਂ ਨੂੰ ਉਚੇਰੀ ਪੜ੍ਹਾਈ ਲਈ ਪੂਰਾ ਉਤਸਾਹ ਦੇ ਕੇ ਅੱਗੇ ਵਧਾਇਆ ।ਰਾਮ ਸਿੰਘ ਬਹੁਤ ਹੀ ਹੋਸ਼ਿਆਰ ਵਿਦਿਆਰਥੀ ਸੀ ਜੋ ਅਪਣੀ ਹਰ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਰਿਹਾ । ਪ੍ਰਾਈਮਰੀ ਦੀ ਸਿੱਖਿਆ ਉਹਨਾਂ ਨੇ ਪਿੰਡ ਦੇ ਹੀ ਸਕੂਲ ਵਿੱਚ ਪ੍ਰਾਪਤ ਕੀਤੀ ਜਿਥੋਂ ਚੌਥੀ ਕਲਾਸ ਵਜੀਫਾ ਲੈ ਕੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਤੇ ਪਾਸ ਹੋਏ । ਇਹ ਵਜ਼ੀਫਾ ਚੌਥੀ ਤੋਂ ਅੱਠਵੀਂ ਤੱਕ ਲਗਾਤਾਰ ਮਿਲਦਾ ਰਿਹਾ ।ਅੱਠਵੀਂ ਵਿੱਚ ਉਹ ਹਾਂਸ ਕਲਾਂ ਬੋਰਡ ਸਕੂਲ ਵਿੱਚ ਦਾਖਲ ਹੋਏ। ਉਥੋਂ ਵੀ ਉਨਾਂ ਨੇ ਵਜ਼ੀਫੇ ਨਾਲ ਅੱਠਵੀਂ ਪਾਸ ਕੀਤੀ । ਦਸਵੀਂ ਵਿੱਚ ਵੀ ਉਹਨਾਂ ਨੇ ਦੋ ਵਜ਼ੀਫੇ ਪ੍ਰਾਪਤ ਕੀਤੇ । ਗੁਰੂਸਰ ਸੁਧਾਰ ਕਾਲਜ ਵਿੱਚ ਉਹਨਾਂ ਨੇ ਬੀ ਐਸ ਸੀ ਸਾਇੰਸ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ । ਫਿਰ ਉਹ ਐਮਏ ਲਈ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਚਲੇ ਗਏ ਜਿੱਥੋਂ ਉਹ ਬੜੀ ਚੰਗੀ ਪੁਜੀਸ਼ਨ ਤੇ ਐਮ ਏ ਇੰਗਲਿਸ਼ ਪਾਸ ਕਰਕੇ ਅਪਣੇ ਕਾਲਿਜ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂ ਸਰ ਸੁਧਾਰ ਵਿੱਚ ਹੀ ਲੈਕਚਰ ਅਸਾਮੀ ਲਈ ਚੁਣੇ ਗਏ ਜਿੱਥੇ ਉਹ 1970 ਤੋਂ ਲੈ ਕੇ 1992 ਤੱਕ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ । ਉਹ ਵਿਦਿਆਰਥੀਆਂ ਦੇ ਬੜੇ ਹਰਮਨ ਪਿਆਰੇ ਸਨ। ਉਨ੍ਹਾਂ ਦੀ ਸਿਖਿਆ ਖੇਤਰ ਵਿੱਚ ਪ੍ਰਸਿੱਧੀ ਕਰਕੇ ਸੰਨ 1992 ਵਿੱਚ ਸਰਦਾਰ ਅਤਰ ਸਿੰਘ ਦੁਆਰਾ ਸਥਾਪਿਤ ਕੀਤੇ ਹੋਏ ਅਕਾਲ ਡਿਗਰੀ ਕਾਲਜ ਮਸਤੂਆਣਾ ਵਿੱਚ ਪ੍ਰਿੰਸੀਪਲ ਦੇ ਪਦ ਲਈ ਚੁਣੇ ਗਏ ਜਿਸ ਪੱਦ ਉਤੇ ਉਹ 15 ਸਾਲ ਤੱਕ ਰਹੇ।

ਬਚਪਨ ਤੋਂ ਹੀ ਉਹ ਧਾਰਮਿਕ ਖਿਆਲਾਂ ਦੇ ਸਨ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਵੀ ਬੜੇ ਧਾਰਮਿਕ ਸਨ ਜਿਨ੍ਹਾਂ ਨੇ ਸੰਸਕਾਰ ਇਹੋ ਜਿਹੇ ਦਿੱਤੇ ਕਿ ਗੁਰੂ ਦੇ ਲੜ ਲੱਗ ਗਏ । ਉੱਪਰੋਂ ਬਾਬਾ ਨੰਦ ਸਿੰਘ ਹੋਰਾਂ ਦੀ ਟਕਸਾਲ ਵਿੱਚੋਂ ਮਿਲੀ ਧਾਰਮਿਕ ਸਿੱਖਿਆ ਨੇ ਉਹਨਾਂ ਦਾ ਧਾਰਮਿਕ ਰੰਗ ਹੋਰ ਵੀ ਨਿਖਾਰ ਦਿੱਤਾ।ਙ ਗੁਰਮਤ ਨਾਲ ਇਹੋ ਜਿਹੀ ਸਾਂਝ ਪਈ ਕਿ ਆਪਣਾ ਜੀਵਨ ਹੀ ਗੁਰਮਤ ਦੇ ਅਧਾਰਤ ਬਣਾ ਲਿਆ । ਬਚਪਨ ਤੋਂ ਹੀ ਉਹ ਸਟੇਜਾਂ ਤੇ ਜੰਗੇ ਬੁਲਾਰੇ ਦੇ ਤੌਰ ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕਰਦੇ ਤੇ ਬੁਲਾਰੇ ਦੇ ਤੌਰ ਦੇ ਉੱਤੇ ਉਹਨਾਂ ਨੂੰ ਬੜਾ ਸਨਮਾਨ ਮਿਲਿਆ । ਇਸੇ ਕਰਕੇ ਹੀ ਉਨਾਂ ਨੇ ਗੁਰਬਾਣੀ ਵਿੱਚੋਂ ਜੋ ਸਿੱਖਿਆ ਉਸ ਨੂੰ ਭਰਪੂਰ ਜੀਵਿਆ।

ਉਨ੍ਹਾਂ ਦਾ ਰੁਝਾਣ ਸਿੱਖੀ ਸੰਸਥਾਵਾਂ ਨਾਲ ਲਗਾਤਾਰ ਰਿਹਾ। ਉਹ ਤਕਰੀਬਨ ਪੰਜਾਹ ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਕਲ ਨਾਲ ਜੁੜੇ ਹੋਏ ਸਨ।ਗੁਰੂਸਰ ਸੁਧਾਰ ਇਕਾਈ ਦੇ ਇੰਚਾਰਜ ਤੋਂ ਲੈ ਕੇ ਉਹ 1986 ਇਸ ਸੰਸਥਾ ਦੇ ਚੀਫ ਆਰਗੇਨਾਈਜ਼ਰ ਰਹੇ। ਉਹਨਾਂ ਦੀ ਚਲਾਈ ਨਸ਼ਿਆਂ ਵਿਰੋਧੀ ਮੁਹਿੰਮ ਨੇ ਬੜੇ ਬੱਚਿਆਂ ਨੂੰ ਨਸ਼ੇ ਵੱਲੋਂ ਮੋੜਿਆ ਅਤੇ ਧਰਮ ਦੇ ਨਾਲ ਜੋੜਿਆ । ਉਹਨਾਂ ਦੀ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਚੰਗੀ ਸੇਧ ਦੇਣ ਦੀ ਜੋ ਇੱਕ ਕੁਸ਼ਲਤਾ ਸੀ ਉਹ ਬੜੀ ਹੀ ਕਾਮਯਾਬ ਰਹੀ। ਉਨ੍ਹਾਂ ਦੇ ਵਿਖਿਆਨ ਬੜੇ ਪ੍ਰਭਾਵਸ਼ਾਲੀ ਹੁੰਦੇ ਸਨ। ਜਦੋਂ ਅਸੀਂ ਗੁਰੂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੀ ਇੱਕ ਬ੍ਰਾਂਚ ਭਾਈ ਮਹਾਂ ਸਿੰਘ ਕਾਲਜ ਮੁਕਤਸਰ ਵਿੱਚ ਖੋਲਣੀ ਸੀ ਤਾਂ ਉਹ ਆਏ ਅਤੇ ਜਿਸ ਤਰ੍ਹਾਂ ਉਹਨਾਂ ਨੇ ਭਾਸ਼ਣ ਦਿੱਤਾ ਉਸ ਦਾ ਇੱਕ-ਇੱਕ ਸ਼ਬਦ ਬੱਚਿਆਂ ਨੂੰ ਸਿੱਖੀ ਦੇ ਨਾਲ ਅਤੇ ਗੁਰਬਾਣੀ ਦੇ ਨਾਲ ਜੋੜਦਾ ਗਿਆ ਤੇ ਉਸ ਤੋਂ ਬਾਅਦ ਉਹ ਸ਼ਾਖਾ ਬੜੀ ਹੀ ਕਾਮਯਾਬ ਰਹੀ । ਇਸ ਪਿੱਛੋਂ ਫਿਰ ਆਦੇਸ਼ ਗਰੁੱਪ ਦੇ ਬਾਕੀ ਕਾਲਜਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਬਰਾਂਚਾਂ ਖੋਲੀਆਂ ਗਈਆਂ ।

ਰਿਟਾਇਰਮੈਂਟ ਪਿੱਛੋਂ ਡਾਕਟਰ ਇਕਬਾਲ ਸਿੰਘ ਹੋਰਾਂ ਨੇ ਉਨਾਂ ਨੂੰ ਅਕਾਲ ਸਮੂਹ ਦੇ ਸਾਰੇ ਸਕੂਲਾਂ ਦਾ ਇੰਚਾਰਜ ਬਣਾ ਦਿੱਤਾ ਤੇ ਉਹਨਾਂ ਦੀ ਦੇਖ ਰੇਖ ਲਈ ਉਹ ਲਗਾਤਾਰ ਆਪਣੀਆਂ ਸੇਵਾਵਾਂ ਭੇਟ ਕਰਦੇ ਰਹੇ । ਲਗਾਤਾਰ ਦੋ ਸਾਲ ਉਹ ਅਕਾਲ ਗਰੁੱਪ ਦੀਆਂ ਸਿਖਿਆ ਅਸਥਾਨਾਂ ਨੂੰ ਸਿੱਖੀ ਦੇ ਆਤਮਿਕ ਰੰਗ ਵਿੱਚ ਢਾਲਦੇ ਰਹੇ ਅਤੇ ਨਵੀਆਂ ਸੇਧਾਂ ਦਿੰਦੇ ਰਹੇ । ਜਿਸ ਤਰ੍ਹਾਂ ਉਹਨਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਧਰਮ ਦੇ ਪ੍ਰਤੀ ਗੌਰਵ ਅਤੇ ਚੇਤਨਤਾ ਲਈ ਜਾਗਰਿਤ ਕੀਤਾ ਹੈ ਉਸ ਦੀਆਂ ਮਿਸਾਲਾਂ ਹਾਲੇ ਵੀ ਉਨਾਂ ਦੇ ਵਿਦਿਆਰਥੀ ਤੇ ਅਧਿਆਪਕ ਦਿੰਦੇ ਹਨ । ਉਨਾਂ ਦੀ ਕਾਬਲੀਅਤ ਨੂੰ ਦੇਖ ਕੇ ਪੰਜਾਬੀ ਯੂਨੀਵਰਸਿਟੀ ਸਪੋਰਟਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸੈਨੇਟ ਦਾ ਮੈਂਬਰ ਤੇ ਸਿੰਡੀਕੇਟ ਦਾ ਮੈਂਬਰ ਵੀ ਬਣਾਇਆ ਗਿਆ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਚੁਣਿਆ। ਉਨ੍ਹਾਂ ਦੀ ਪੰਥ ਪ੍ਰਤੀ ਦਿਆਨਤਦਾਰੀ, ਵਫਾਦਾਰੀ ਅਤੇ ਧਰਮ ਪ੍ਰਚਾਰ ਦੀ ਮੁਹਾਰਤਾ ਦੀ ਮਿਸਾਲ ਖੁਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟਹੁੜਾ ਸਾਹਿਬ ਨੇ ਦਿਤੀ ਜਦੋਂ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਬਾਰੇ ਉਂਗਲੀਆਂ ਉਠਾਈਆਂ ਗਈਆਂ। ਹਾਜ਼ਿਰ ਸ਼ਿਕਾਇਤ ਕਰਤਾ ਅਤੇ ਹੋਰ ਸੰਗਤ ਸਾਹਮਣੇ ਟਹੁੜਾ ਸਾਹਿਬ ਨੇ ਕਿਹਾ, “ਆਹ ਤੁਹਾਡੇ ਸਾਹਮਣੇ ਪ੍ਰਿਸੀਪਲ ਰਾਮ ਸਿੰਘ ਹਨ ਜਿਨ੍ਹਾਂ ਨੂੰ ਮੈਂ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਲਾਇਆ ਹੈ। ਕੀ ਕੋਈ ਇਨ੍ਹਾਂ ਉਤੇ ਕੋਈ ਵੀ ਇਲਜ਼ਾਮ ਲਗਾ ਸਕਦਾ ਹੈ ਜਾਂ ਕਹਿ ਸਕਦਾ ਹੈ ਕਿ ਮੇਰੀ ਚੋਣ ਸਹੀ ਨਹੀਂ ਹੈ? ਇੱਕ ਵੀ ਸਵਾਲ ਉਠਾਓ ਤੇ ਜੇ ਸਹੀ ਹੋਇਆ ਤਾਂ ਮੈਂ ਵੀ ਅਸਤੀਫਾ ਦੇ ਦਿਆਂਗਾ।ਹੁਣ ਪ੍ਰਿੰਸੀਪਲ ਸਾਹਿਬ ਉਤੇ ਉਂਗਲ ਕੋਈ ਕਿਵੇਂ ਉਠਾ ਸਕਦਾ ਸੀ ਸੋ ਸਾਰੇ ਸ਼ਿਕਾਇਤ ਕਰਤਾ ਸ਼ਿਕਾਇਤਾਂ ਵਾਪਿਸ ਲੈ ਗਏ।

ਉਨ੍ਹਾਂ ਦਾ ਪਰਿਵਾਰਿਕ ਜੀਵਨ ਵੀ ਬੜਾ ਸਫਲ ਰਿਹਾ ਹੈ। ਉਨਾਂ ਦਾ ਵਿਆਹ ਬੋਪਾਰਾਇ ਕਲਾਂ ਦੇ ਸ੍ਰੀਮਤੀ ਪਰਵਿੰਦਰ ਕੌਰ ਦਿਓਲ ਨਾਲ1976 ਵਿੱਚ ਹੋਇਆ ਜਿਸ ਵਿਆਹ ਗਠਬੰਧਨ ਤੋਂ ਇੱਕ ਪੁੱਤਰ ਅਤੇ ਤਿੰਨ ਧੀਆਂ ਹੋਏ।ਉਨਾਂ ਨੇ ਆਪਣਾ ਧਾਰਮਿਕ ਵਿਸ਼ਵਾਸ ਤੇ ਲਗਾਓ ਆਪਣੇ ਤੱਕ ਹੀ ਸੀਮਤ ਨਹੀਂ ਰੱਖਿਆ ਲੇਕਿਨ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਉਸੇ ਤਰ੍ਹਾਂ ਹੀ ਸਿੱਖੀ ਦੇ ਢਾਂਚੇ ਵਿੱਚ ਢਾਲਿਆ ।ਉਹਨਾਂ ਦਾ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਗੁਰਮਤ ਦੇ ਨਾਲ ਜੁੜਿਆ ਹੋਇਆ ਹੈ। ਸਾਰੇ ਹੀ ਬੱਚੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲ ਕੇ ਉੱਚੀ ਪੜ੍ਹਾਈ ਕਰਕੇ ਇੰਜਨੀਅਰ ਬਣ ਗਏ ਅਤੇ ਅਮਰੀਕਾ ਕਨੇਡਾ ਵਿੱਚ ਵਧੀਆ ਨੌਕਰੀਆਂ ਉਤੇ ਲੱਗੇ ਹੋਏ ਹਨ । ਮੈਂ ਮਾਣ ਨਾਲ ਕਹਿੰਦਾ ਹਾਂ ਕਿ ਇਨ੍ਹਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਿਜ ਲੁਧਿਆਣਾ ਤੋਂ ਡਿਗਰੀਆਂ ਉਸ ਵੇਲੇ ਲਈਆਂ ਜਦੋਂ ਇਹ ਲਿਖਾਰੀ ਉਸ ਕਾਲਿਜ ਦਾ ਪ੍ਰਿੰਸੀਪਲ ਸੀ। ਸੰਸਕਾਰੀ ਪਰਿਵਾਰ ਦਾ ਵਿਰਸਾ ਵੀ ਸਾਰੇ ਪਰਿਵਾਰ ਨੇ ਅੱਗੇ ਵਧਾਇਆ ਅਤੇ ਪਿੱਤਾ ਵਾਂਗ ਹੀ ਗੁਰਮਤਿ ਧਾਰਨੀ ਹੋ ਗਏ।ਹੁਣ ਇਹ ਸਾਰੇ ਵਿਆਹੇ ਵਰੇ ਹਨ ਅਤੇ ਉਤਮ ਪਰਿਵਾਰਿਕ ਜ਼ਿੰਦਗੀ ਜੀ ਰਹੇ ਹਨ।

ਪੰਦਰਾਂ ਕੁ ਦਿਨ ਪਹਿਲਾਂ ਉਹ ਸਰੀਰਕ ਦਰਦਾਂ ਸਦਕਾ ਹਸਪਤਾਲ ਵਿੱਚ ਦਾਖਲ ਹੋਏ ਪਰ ਬਿਮਾਰੀ ਦੀ ਪਕੜ ਵੱਡੀ ਹੁੰਦੀ ਗਈ ਤੇ ਉਨ੍ਹਾਂ ਨੇ ਕਨੇਡਾ ਵਿੱਚ ਹੀ 19 ਜਨਵਰੀ 2025 ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੀਆਂ ਆਖਰੀ ਰਸਮਾਂ ਮੰਗਲਵਾਰ ਨੂੰ ਕਨੇਡਾ ਵਿੱਚ ਹੀ ਨਿਭਾਈਆਂ ਜਾ ਰਹੀਆਂ ਹਨ। ਪ੍ਰਮਾਤਮਾ ਉਨ੍ਹਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਅਤੇ ਸਾਥੀਆਂ ਨੂੰ ਵਿਛੋੜਾ ਸਹਿਣ ਦਾ ਬਲ ਬਖਸ਼ੇ।
 
Top