ਲਦਾਖ ਦਾ ਸਿੱਖ ਇਤਿਹਾਸ ਨਾਲ ਸਬੰਧ
ਲਦਾਖ ਦਾ ਸਿੱਖ ਇਤਿਹਾਸ ਵੀ ਬਚਿਤਰ ਹੈ। ਏਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਪਏ ਤੇ ਸਿੱਖਾਂ ਨੇ ਬੜੇ ਮਾਅਰਕੇ ਮਾਰੇ।ਇਸ ਲਈ ਲਦਾਖ ਦੇ ਭੁਗੋਲ, ਇਤਿਹਾਸ, ਵਾਤਾਵਰਨ ਤੇ ਸਭਿਆਚਾਰ ਨੂੰ ਜਾਣ ਲੈਣ ਤੋਂ ਬਾਅਦ ਏਥੇ ਪੁਹਲਾਂ ਸਿੱਖ ਇਤਿਹਾਸ ਬਾਰੇ ਜਾਣ ਲੈਣਾ ਵੀ ਜ਼ਰੂਰੀ ਹੈ।
ਲਦਾਖ ਦਾ ਭੂਗੋਲ
ਇਸ ਯਾਤ੍ਰਾ ਵੇਲੇ ਲਦਾਖ ਵੱਡੇ ਕਸ਼ਮੀਰ ਖੇਤਰ ਦਾ ਇੱਕ ਹਿੱਸਾ ਸੀ ਜੋ 1947 ਤੋਂ ਲੈ ਕੇ ਅੱਜ ਤੱਕ ਭਾਰਤ, ਪਾਕਿਸਤਾਨ ਅਤੇ ਚੀਨ ਦੇ ਵਿੱਚ ਵਿਵਾਦ ਦਾ ਵਿਸ਼ਾ ਰਿਹਾ ਹੈ। (1,2) ਲੱਦਾਖ ਦੇ ਪੂਰਬ ਵੱਲ ਤਿੱਬਤ ਖੁਦਮੁਖਤਿਆਰ ਖੇਤਰ, ਦੱਖਣ ਵਿੱਚ ਭਾਰਤੀ ਰਾਜ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਭਾਰਤ-ਪ੍ਰਸ਼ਾਸਿਤ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਪੱਛਮ ਵਿੱਚ ਅਤੇ ਦੱਖਣ-ਪੱਛਮ ਕੋਨੇਤੇ ਨਾਲ ਲੱਗਦਾ ਪਾਕਿਸਤਾਨ-ਪ੍ਰਸ਼ਾਸਤ ਗਿਲਗਿਤ-ਬਾਲਟਿਸਤਾਨ ਹੈ। ਦੂਰ ਉੱਤਰ ਵਿੱਚ ਕਾਰਾਕੋਰਮ ਦੱਰੇ ਦੇ ਪਾਰ ਚੀਨ ਦਾ ਸ਼ਿਨਜਿਆਂਗ ਪ੍ਰਾਂਤ ਹੈ।ਹਿਮਾਲਿਆ ਪਰਬਤ ਦੇ ਪੱਛਮ-ਉਤਰੀ ਭਾਗ ਵਿਚ ਸਿਆਚਿਨ ਗਲੇਸ਼ੀਅਰ ਅਤੇ ਕਾਰਾਕੋਰਮ ਦਰਰਾ ਹੈ। (3,4) ਪੂਰਬੀ ਸਿਰਾ ਅਕਸਾਈ ਚਿਨ ਮੈਦਾਨੀ ਖੇਤਰ ਨੂੰ ਜਾ ਲਗਦਾ ਹੈ ਜਿਸ ਨੂੰ ਚੀਨ ਨੇ ਸੰਨ 1962 ਵਿਚ ਵਿਚ ਖੋਹ ਲਿਆ ਸੀ ਤੇ ਭਾਰਤ ਦੀ ਇਸ ਨੂੰ ਵਾਪਿਸ ਲੈਣ ਲਈ ਗੱਲਬਾਤ ਵਿਚਾਲੇ ਹੀ ਲਟਕਦੀ ਹੈ।(5,6)
ਲਦਾਖ ਪਰਬਤਾਂ, ਦਰਿਆਵਾਂ, ਨਾਲਿਆਂ, ਝੀਲਾਂ ਅਤੇ ਵਾਦੀਆਂ ਦਾ ਦੇਸ਼ ਹੈ।
ਪਰਬਤ
ਲਾਮਾਯੁਰੂ ਮੱਠ ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ
ਗੋਂਫਾ ਤੋਂ ਬਿਨਾ ਬੁੱਧ ਧਰਮ ਦੀਆਂ ਮੁੱਖ ਨਿਸ਼ਾਨੀਆਂ ਹਨ[ ਲਾਲ ਕਪੜਿਆਂ ਵਿਚ ਬੋਧੀ ਲਾਮੇ ਅਤੇ ਬੋਧੀ ਵਿਦਿਆਰਥੀ, ਹਵਾ ਵਿਚ ਲਹਿਰਾਉਂੇਦੇ ਝੰਡੇ, ਸਤੂਪ, ਘੁੰਮਦੇ ਬੋਧੀ ਚੱਕਰ, ਅਤੇ ਬੋਧੀਆਂ ਦੇ ਨਾਚ
ਸਿੱਖ ਇਤਿਹਾਸ
ਲਦਾਖ ਜੋ ਪਹਿਲਾਂ ਤਿਬਤ ਦਾ ਹਿਸਾ ਵੀ ਰਿਹਾ ਸੀ, ਜਰਨੈਲ ਜ਼ੋਰਾਵਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਹਿੱਸਾ ਬਣਿਆ । ਮਈ 1841 ਤੋਂ ਅਗਸਤ 1842 ਤੱਕ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤੇ ਤਿਬਤੀ ਫੌਜ ਚੀਨ-ਸਿੱਖ ਯੁੱਧ (3) ਡੋਗਰਾ-ਤਿੱਬਤੀ ਯੁੱਧ (1,2) ਵਿਚ ਜਰਨੈਲ ਜ਼ੋਰਾਵਰ ਸਿੰਘ ਨੇ ਲਦਾਖ ਉਤੇ ਜਿੱਤ ਪ੍ਰਾਪਤ ਕਰਕੇ ਲੱਦਾਖ ਵਿੱਚ ਵਪਾਰਕ ਮਾਰਗਾਂ ਨੂੰ ਕੰਟਰੋਲ ਕਰਨ ਲਈ ਆਪਣੀਆਂ ਹੱਦਾਂ ਵਧਾਉਣ ਦੀ ਕੋਸ਼ਿਸ਼ ਕੀਤੀ। (4) ਜ਼ੋਰਾਵਰ ਸਿੰਘ ਨੇ 4000 ਤੋਂ 6000 ਸੈਨਿਕਾਂ ਨਾਲ (4) ਬੰਦੂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਤਿੱਬਤੀਆਂ ਤੇ ਹਮਲਾ ਕੀਤਾ।ਤਿੱਬਤੀ ਸੈਨਾ ਜਿਆਦਾਤਰ ਕਮਾਨਾਂ, ਤਲਵਾਰਾਂ ਅਤੇ ਬਰਛਿਆਂ ਨਾਲ ਲੈਸ ਸੀ। (7) ਜਿਸ ਕਰਕੇ ਮੈਦਾਨ ਛੇਤੀ ਹੀ ਖਾਲੀ ਕਰ ਗਈ।
ਜ਼ੋਰਾਵਰ ਸਿੰਘ ਨੇ ਆਪਣੀਆਂ ਫ਼ੌਜਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ, ਇੱਕ ਰੂਪਸ਼ੂ ਘਾਟੀ ਹੈਨਲੇ ਰਾਹੀਂ, ਇੱਕ ਸਿੰਧੂ ਘਾਟੀ ਦੇ ਨਾਲ ਤਾਸ਼ੀਗਾਂਗ ਵੱਲ ਅਤੇ ਦੂਜੀ ਪੈਨਗੋਂਗ ਝੀਲ ਦੇ ਨਾਲ ਰੁਡੋਕ ਵੱਲ ਭੇਜਿਆ। ਪਹਿਲੇ ਦੋ ਦਸiਤਆਂ ਨੇ ਹੈਨਲੇ ਅਤੇ ਤਾਸ਼ੀਗਾਂਗ ਦੇ ਬੋਧੀ ਮੱਠਾਂ ਨੂੰ ਕਬਜ਼ੇ ਵਿਚ ਲੈ ਲਿਆ।ਤੀਜੀ ਡਿਵੀਜ਼ਨ, ਜੋਰਾਵਰ ਸਿੰਘ ਦੀ ਕਮਾਂਡ ਵਿਚ, ਰੁਡੋਕ ਤੇ ਜਾ ਕਾਬਜ਼ ਹੋਈ ਅਤੇ ਫਿਰ ਦੱਖਣ ਵੱਲ ਵਧੀ ਤੇ ਬਾਕੀ ਦਸਤਿਆ ਨਾਲ ਸ਼ਾਮਲ ਹੋ ਕੇ ਗਾਰਟੋਕ ਉੱਤੇ ਹਮਲਾ ਕੀਤਾ। (7, 8)
ਤਿੱਬਤੀ ਸਰਹੱਦ ਦੇ ਅਧਿਕਾਰੀਆਂ ਨੇ, ਉਸ ਸਮੇਂ ਤੱਕ, ਲਾਸਾ ਨੂੰ ਇਸ ਦੀ ਸੂਚਨਾ ਭੇਜੀ (8) ਜਿਸ ਪਿਛੋਂ ਤਿੱਬਤੀ ਸਰਕਾਰ ਨੇ ਕੈਬਨਿਟ ਮੰਤਰੀ ਪੇਲਹਾਨ ਦੀ ਕਮਾਂਡ ਹੇਠ ਇੱਕ ਫੋਰਸ ਭੇਜੀ।(9) ਇਸ ਦੌਰਾਨ, ਜ਼ੋਰਾਵਰ ਸਿੰਘ ਨੇ ਗਾਰਟੋਕ ਦੇ ਨਾਲ ਨਾਲ ਨੇਪਾਲ ਸਰਹੱਦ ਦੇ ਨੇੜੇ ਤਕਲਾਕੋਟ ਉੱਤੇ ਵੀ ਕਬਜ਼ਾ ਕਰ ਲਿਆ ਸੀ। ਤਿੱਬਤੀ ਜਰਨੈਲ ਤਕਲਾਕੋਟ ਦੀ ਸੁਰਖਿਆ ਕਰਨੋਂ ਅਸਮਰੱਥ ਰਿਹਾ ਅਤੇ ਪੱਛਮੀ ਤਿੱਬਤ ਦੀ ਸਰਹੱਦ ਮਯੁਮ ਲਾ ਵੱਲ ਮੁੜ ਗਿਆ। (10)
ਜ਼ੋਰਾਵਰ ਸਿੰਘ ਨੇ ਲੱਦਾਖ ਦੇ ਪੱਛਮੀ ਤਿੱਬਤ ਦੇ ਮਯੁਮ ਪਾਸ ਦੇ ਇਤਿਹਾਸਕ ਦਾਅਵਿਆਂ ਦੀ ਮੰਗ ਕੀਤੀ, (11) ਜਿਸਦੀ ਵਰਤੋਂ 1648 ਦੀ ਤਿੰਗਮੋਸਗਾਂਗ ਸੰਧੀ ਤੋਂ ਪਹਿਲਾਂ ਕੀਤੀ ਗਈ ਸੀ। ਸਾਰੇ ਕਬਜ਼ਾਏ ਕਿਲਿ੍ਹਆਂ ਦੀ ਘੇਰਾਬੰਦੀ ਕਰ ਲਈ ਗਈ, ਜਦੋਂ ਕਿ ਮੁੱਖ ਫੌਜ ਨੇ ਮਾਨਸਰੋਵਰ ਝੀਲ ਦੇ ਪੱਛਮ ਵੱਲ ਤੀਰਥਪੁਰੀ ਵਿਚ ਡੇਰਾ ਲਾ ਲਿਆ ।(12) ਕਬਜ਼ੇ ਕੀਤੇ ਇਲਾਕਿਆਂ 'ਤੇ ਰਾਜ ਕਰਨ ਲਈ ਤੀਰਥਪੁਰੀ ਵਿਚ ਪ੍ਰਸ਼ਾਸਨ ਸਥਾਪਤ ਕੀਤਾ ਗਿਆ। (13) ਮਿਨਸਰ (ਜਾਂ ਮਿਸਰ, ਜਿਸਨੂੰ ਹੁਣ ਮੈਨਸ਼ਿਕਸਿਆਂਗ ਕਿਹਾ ਜਾਂਦਾ ਹੈ), ਦੀ ਵਰਤੋਂ ਸਪਲਾਈ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਸੀ। (14)
ਜ਼ੋਰਾਵਰ ਦੇ ਮਾਨਸਰੋਵਰ ਦੇ ਇਲਾਕੇ ਵਿਚ ਮਾਰੇ ਜਾਣ ਪਿਛੋਂ (5) ਤਿਬਤੀ ਫੌਜ ਨੇ ਲਦਾਖ ਵਲ ਵਧਣਾ ਸ਼ੁਰੂ ਕੀਤਾ ਤਾਂ ਜਵਾਹਰ ਸਿੰਘ ਦੀ ਕਮਾਂਡ ਹੇਠ 1842 ਵਿੱਚ ਲੇਹ ਦੇ ਨੇੜੇ ਲੜਾਈ ਹੋਈ ਜਿਸ ਵਿਚ ਤਿੱਬਤੀ ਸੈਨਾਂ ਹਾਰ ਕੇ ਸੰਨ 1842 ਵਿਚ ਚੁਸ਼ੂਲ ਦੀ ਸੰਧੀ ਹੋਈ ਜਿਸ ਪਿਛੋਂ ਲਦਾਖ ਸਿਖ ਰਾਜ ਨਾਲ ਮਿਲਾ ਲਿਆ ਗਿਆ। (6) ਇਸ ਸਮੇਂ, ਕੋਈ ਵੀ ਧਿਰ ਸੰਘਰਸ਼ ਨੂੰ ਜਾਰੀ ਰੱਖਣਾ ਨਹੀਂ ਚਾਹੁੰਦਾ ਸੀ, ਕਿਉਂਕਿ ਸਿੱਖ ਅੰਗਰੇਜ਼ਾਂ ਨਾਲ ਤਣਾਅ ਵਿੱਚ ਉਲਝੇ ਹੋਏ ਸਨ ਜਿਸ ਕਰਕੇ ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ, ਜਦੋਂ ਕਿ ਚੀਨ ਦਾ ਬਾਦਸ਼ਾਹ ਪੂਰਬੀ ਭਾਰਤ ਨਾਲ ਪਹਿਲੀ ਅਫੀਮ ਯੁੱਧ ਵਿਚ ਉਲਝਿਆ ਹੋਇਆ ਸੀ।ਚੀਨ ਦੇ ਬਾਦਸ਼ਾਹ ਅਤੇ ਸਿੱਖ ਸਾਮਰਾਜ ਨੇ ਸਤੰਬਰ 1842 ਵਿੱਚ ਇੱਕ ਸੰਧੀ ਉੱਤੇ ਹਸਤਾਖਰ ਕੀਤੇ ਜਿਸ ਵਿੱਚ ਦੂਜੇ ਦੇਸ਼ ਦੀਆਂ ਸਰਹੱਦਾਂ ਵਿੱਚ ਕੋਈ ਉਲੰਘਣਾ ਜਾਂ ਦਖਲਅੰਦਾਜ਼ੀ ਨਾ ਕਰਨ ਦਾ ਵਾਅਦਾ ਸੀ। (15) ਇਸ ਤਰ੍ਹਾਂ ਲਦਾਖ ਸਿੱਖ ਰਾਜ ਦਾ ਹਿੱਸਾ ਬਣ ਗਿਆ। ਪਹਿਲੇ ਸ਼ਾਸਕ ਨਾਮਗਿਆਲ ਨੂੰ ਇੱਕ ਛੋਟੀ ਜਗੀਰ ਦੇ ਦਿੱਤੀ ਗਈ ਸੀ, ਜੋ ਹੁਣ ਲੇਹ ਦੇ ਬਾਹਰ ਸਟੋਕ ਪੈਲੇਸ ਵਜੋਂ ਜਾਣੀ ਜਾਂਦੀ ਹੈ ।
1947 ਵੰਡ ਪਿੱਛੋਂ
ਭਾਰਤ-ਪਾਕ ਵੰਡ ਪਿਛੋਂ ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ ਉਤੇ ਆਪਣਾ ਅਧਿਕਾਰ ਜਤਾਇਆ । ਇਸ ਲਈ ਉਸਨੇ 1947-1948 ਵਿਚ ਲਦਾਖ ਉਤੇ ਕਬਾਇਲੀਆਂ ਦਾ ਹਮਲਾ ਕਰਵਾਇਆ ਜਿਸ ਵਿਚ ਲਦਾਖ ਤੋਂ ਬਾਲਟੀਸਤਾਨ ਵੱਖ ਹੋ ਗਿਆ। 1962 ਚੀਨ-ਭਾਰਤ ਯੁੱਧ ਜਿਸ ਵਿਚ ਅਕਸਾਈ ਚਿਨ ਚੀਨ ਨੇ ਹਥਿਆ ਲਿਆ।1999 ਕਾਰਗਿਲ ਪਾਕਿਸਤਾਨ ਨੇ ਸ੍ਰੀਨਗਰ-ਲੇਹ ਸ਼ਾਹਰਾਹ ਨਾਲ ਲਗਦੀਆਂ ਪਹਾੜੀਆਂ ਉਤੇ ਕਬਜ਼ਾ ਕਰਕੇ ਲਦਾਖ ਨੂੰ ਕਸ਼ਮੀਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਪਰ ਮੂੰਹ ਦੀ ਖਾਣੀ ਪਈ ।ਹੁਣ ਸੰਨ ਅਪ੍ਰੈਲ 2020 ਨੂੰ ਚੀਨੀਆਂ ਲਦਾਖ ਤਿਬਤ ਵਿਚਲੀ ਸਾਰੀ ਨੋ-ਮੈਨਜ਼-ਲੈਂਡ ਉਤੇ ਕਬਜ਼ਾ ਕਰ ਲਿਆ ਜਿਸ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ। ਸੋ ਲਦਾਖ ਭਾਰਤ ਲਈ ਹਮੇਸ਼ਾ ਸਾਮਰਿਕ ਮਹੱਤਵ ਹਮੇਸ਼ਾ ਬਣਿਆ ਰਿਹਾ ਹੈ।ਪਹਿਲਾਂ ਇਹ ਜੰਮੂ-ਕਸ਼ਮੀਰ ਦਾ ਹਿਸਾ ਰਿਹਾ ਪਰ ਸਾਡੀ ਯਾਤ੍ਰਾ ਵੇਲੇ ਇਸ ਨੂੰ ਕਸ਼ਮੀਰ ਨਾਲੋਂ ਵੱਖ ਕਰਕੇ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਦਿਤਾ ਗਿਆ ਹੈ। ਇਨ੍ਹਾਂ ਸਾਰੇ ਯੁੱਧਾਂ ਵਿਚ ਸਿੱਖ ਫੌਜੀਆਂ ਦਾ ਅਣਮੁਲਾ ਯੋਗਦਾਨ ਰਿਹਾ ਹੈ।
ਵਪਾਰ ਮਾਰਗ
19 ਵੀਂ ਸਦੀ ਵਿੱਚ, ਲੱਦਾਖ ਵਪਾਰਕ ਮਾਰਗਾਂ ਦਾ ਕੇਂਦਰ ਸੀ ਜੋ ਤੁਰਕਸਤਾਨ ਅਤੇ ਤਿੱਬਤ ਵਿੱਚ ਫੈਲਿਆ ਹੋਇਆ ਸੀ । ਤਿੱਬਤ ਨਾਲ ਇਸਦਾ ਵਪਾਰ 1684 ਦੀ ਟਿੰਗਮੋਸਗਾਂਗ ਸੰਧੀ ਦੁਆਰਾ ਚਲਾਇਆ ਜਾਂਦਾ ਸੀ, ਜਿਸ ਦੁਆਰਾ ਲੱਦਾਖ ਨੂੰ ਇੱਟ-ਚਾਹ ਦੇ ਬਦਲੇ ਤਿੱਬਤ ਵਿੱਚ ਪੈਦਾ ਕੀਤੀ ਗਈ ਪਸ਼ਮੀਨਾ ਉੱਨ ਪ੍ਰਾਪਤ ਕਰਨ ਦਾ ਵਿਸ਼ੇਸ਼ ਅਧਿਕਾਰ ਸੀ। (7,8) ਵਿਸ਼ਵ ਪ੍ਰਸਿੱਧ ਕਸ਼ਮੀਰ ਸ਼ਾਲ ਉਦਯੋਗ ਨੂੰ ਲੱਦਾਖ ਤੋਂ ਪਸ਼ਮ ਉੱਨ ਦੀ ਸਪਲਾਈ ਪ੍ਰਾਪਤ ਹੋਈ । (9)
ਪਿਛਲੇ ਸਮੇਂ ਵਿੱਚ ਲੱਦਾਖ ਨੇ ਮਹੱਤਵਪੂਰਨ ਵਪਾਰਕ ਮਾਰਗਾਂ ਦੇ ਚੌਰਾਹੇ 'ਤੇ ਆਪਣੀ ਰਣਨੀਤਕ ਸਥਿਤੀ ਤੋਂ ਮਹੱਤਤਾ ਪ੍ਰਾਪਤ ਕੀਤੀ ਸੀ, (16) ਪਰ ਜਦੋਂ ਚੀਨੀ ਅਧਿਕਾਰੀਆਂ ਨੇ 1960 ਦੇ ਦਹਾਕੇ ਵਿੱਚ ਤਿੱਬਤ ਖੁਦਮੁਖਤਿਆਰ ਖੇਤਰ ਅਤੇ ਲੱਦਾਖ ਦੇ ਵਿਚਕਾਰ ਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਤਾਂ ਅੰਤਰਰਾਸ਼ਟਰੀ ਵਪਾਰ ਘੱਟ ਗਿਆ । 1974 ਤੋਂ, ਭਾਰਤ ਸਰਕਾਰ ਨੇ ਲੱਦਾਖ ਵਿੱਚ ਸੈਰ -ਸਪਾਟੇ ਨੂੰ ਸਫਲਤਾਪੂਰਵਕ ਉਤਸ਼ਾਹਤ ਕੀਤਾ ਹੈ । ਰਣਨੀਤਕ ਤੌਰ 'ਤੇ ਲੱਦਾਖ ਦੇ ਮਹੱਤਵਪੂਰਨ ਹੋਣ ਕਰਕੇ ਅਤੇ ਭਾਰਤ ਦੇ ਚੀਨ ਅਤੇ ਪਾਕਿਸਤਾਨ ਨਾਲ ਵਿਗੜੇ ਹੋਏ ਸਬੰਧਾਂ ਕਾਰਨ ਇਸ ਖੇਤਰ ਵਿੱਚ ਭਾਰਤੀ ਫ਼ੌਜ ਦੀ ਤੈਨਾਤੀ ਵੱਡੀ ਗਿਣਤੀ ਵਿੱਚ ਹੈ ।
ਲੱਦਾਖ ਦਾ ਸਭ ਤੋਂ ਵੱਡਾ ਸ਼ਹਿਰ ਲੇਹ ਹੈ, ਇਸ ਤੋਂ ਬਾਅਦ ਕਾਰਗਿਲ ਹੈ, ਦੋਨੋਂ ਜ਼ਿਲਾ ਦਫਤਰ ਵੀ ਹਨ। (17) ਲੇਹ ਜ਼ਿਲ੍ਹੇ ਵਿੱਚ ਸਿੰਧ, ਸ਼ਯੋਕ ਅਤੇ ਨੁਬਰਾ ਨਦੀਆਂ ਦੀਆਂ ਵਾਦੀਆਂ ਸ਼ਾਮਲ ਹਨ । ਕਾਰਗਿਲ ਜ਼ਿਲ੍ਹੇ ਵਿੱਚ ਸੁਰੂ, ਦਰਾਸ ਅਤੇ ਜ਼ੰਸਕਰ ਨਦੀਆਂ ਦੀਆਂ ਵਾਦੀਆਂ ਸ਼ਾਮਲ ਹਨ । ਮੁੱਖ ਆਬਾਦੀ ਵਾਲੇ ਖੇਤਰ ਨਦੀਆਂ ਦੀਆਂ ਵਾਦੀਆਂ ਹਨ, ਪਰ ਪਹਾੜੀ ਢਲਾਣਾਂ ਤੇ ਚਰਾਗਾਹਾਂ ਵਿਚ ਖਾਨਾਬਦੋਸ਼ਾਂ ਦਾ ਅਪਣੇ ਪਸ਼ੂਆਂ ਨਾਲ ਫੇਰਾ ਤੋਰਾ ਹੈ।
ਲੱਦਾਖ ਭਾਰਤ ਦਾ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਘੱਟ ਆਬਾਦੀ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਸ ਖੇਤਰ ਦੇ ਮੁੱਖ ਧਾਰਮਿਕ ਸਮੂਹ ਮੁਸਲਮਾਨ (ਮੁੱਖ ਤੌਰ ਤੇ ਸ਼ੀਆ) (46%), ਤਿੱਬਤੀ ਬੋਧੀ (40%), ਹਿੰਦੂ (12%) ਅਤੇ ਹੋਰ (2%) ਹਨ। (9,10) ਇਸ ਦੀ ਸੰਸਕ੍ਰਿਤੀ ਅਤੇ ਇਤਿਹਾਸ ਤਿੱਬਤ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। (18)
ਲਦਾਖ ਵਿਚ ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦੇ ਦੌਰਾਨ ਰਿਸ਼ੀਆਂ, ਮੁਨੀਆਂ ਅਤੇ ਸੂਫੀ ਸੰਤਾਂ ਦੀ ਧਰਤੀ ਲੱਦਾਖ, ਦੀ ਯਾਤਰਾ ਕੀਤੀ। ਗਿਆਨੀ ਗਿਆਨ ਸਿੰਘ ਅਨੁਸਾਰ, ਗੁਰੂ ਨਾਨਕ ਦੇਵ ਜੀ ਕੈਲਾਸ਼ ਪਰਬਤ ਅਤੇ ਮਾਨਸਰੋਵਰ ਦੇ ਦਰਸ਼ਨ ਕਰਨ ਤੋਂ ਬਾਅਦ ਲੱਦਾਖ ਵਿੱਚ ਦਾਖਲ ਹੋਏ ਸਨ । ਡਾ: ਸੁਰਿੰਦਰ ਸਿੰਘ ਕੋਹਲੀ ਅਨੁਸਾਰ ਗੁਰੂ ਨਾਨਕ ਦੇਵ ਜੀ ਚੀਨ ਦੇ ਨਾਨਕਿੰਗ ਤੋਂ ਵਾਪਸੀ ਤੇ ਸਿੰਕਿਆਂਗ ਸੂਬੇ ਵਿੱਚੌਂ ਦੀ ਸ਼ਾਹਿਦਉਲਾ ਚੌਕੀ ਰਾਹੀਂ ਗਰਮੀਆਂ ਦੇ ਮਹੀਨੇ ਵਿੱਚ ਭਾਰਤ ਵਿਚ ਆਏ। (19) (ਕੋਹਲੀ: ਟ੍ਰੈਵਲਜ਼ ਆਫ ਗੁਰੂ ਨਾਨਕ, 128) ਜੰਮੂ ਕਸ਼ਮੀਰ ਦੇ ਲਦਾਖ ਭਾਗ ਵਿਚ ਕਾਸ਼ਗਾਰ ਤੇ ਯਾਰਕੰਦ ਰਾਹੀਂ ਕਰਾਕੁਰਮ ਦਰਰਾ ਲੰਘ ਕੇ ਆਏ।ਗੁਰੂ ਨਾਨਕ ਦੇਵ ਜੀ ਸੰਨ 1517 ਵਿਚ ਚੀਨ ਵਲੋਂ ਦਰਿਆ ਸਿੰਧ ਦੇ ਨਾਲ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਵਿਚ ਆਏ।ਡਾ: ਫੌਜਾ ਸਿੰਘ ਕ੍ਰਿਪਾਲ ਸਿੰਘ ਅਨਸਾਰ ਗੁਰੂ ਜੀ ਚੁਸ਼ੂਲ ਦਰਰੇ ਰਾਹੀਂ ਲਦਾਖ ਆਏ ਜੋ ਯਾਤਰਾ ਸਬੰਧੀ ਯਾਦਗੀਰੀ ਜ਼ਮੀਨੀ ਨਿਸ਼ਾਨਾਂ ਤੋਂ ਸਹੀ ਜਾਪਦਾ ਹੈ। ਡਾ: ਕਿਰਪਾਲ ਸਿੰਘ ਲਿਖਦੇ ਹਨ, “ਗੁਰੂ ਸਾਹਿਬ ਗੋਰਤੋਕ ਜਿਸ ਦਾ ਪੁਰਾਣਾ ਨਾ ਗਾਰੂ ਸੀ ਤੋਂ ਹੁੰਦੇ ਹੋਏ ਰੁਡੋਕ ਅਤੇ ਪਾਨਸਿੰਗ ਝੀਲ ਤੋਂ ਹੋ ਕੇ ਮੋਜੂਦਾ ਚਸੂਲ ਵਾਲੇ ਰਸਤੇ ਲਦਾਖ ਵਿਚ ਆ ਗਏ। (20) (ਕਿਰਪਾਲ ਸਿੰਘ ਸੰ: ਜਨਮਸਾਖੀ ਪ੍ਰੰਪਰਾ ਪੰਨਾ 107)।ਗੁਰੂ ਨਾਨਕ ਸਾਹਿਬ ਚਸ਼ੂਲ ਤੋਂ ਉਪਸ਼ੀ ਨਾਮ ਦੇ ਨਗਰ ਹੁੰਦੇ ਹੋਏ ਕਾਰੂ ਨਗਰ ਪਹੁੰਚੇ ।ਉਪਸ਼ੀ ਤੋਂ ਵੀਹ ਮੀਲ ਦੇ ਕਰੀਬ ਕਾਰੂ ਦੇ ਦੱਖਣ ਪੂਰਬ ਵਿੱਚ ਦੋ ਪਿੰਡ ਹਨ ਜਿਨ੍ਹਾਂ ਦੇ ਵਸਨੀਕ ਕੇਵਲ ਗੁਰੂ ਨਾਨਕ ਦੇਵ ਜੀ ਦੇ ਹੀ ਨਾਮ ਲੇਵਾ ਹਨ ਤੇ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਕਿਸੇ ਹੋਰ ਦੇਵੀ ਦੇਵਤਾ ਨੂੰ ਨਹੀਂ ਮੰਨਦੇ। (ਬਿਆਨ ਕਰਨਲ ਜੇ ਐਸ ਗੁਲੇਰੀਆ, ਨਵੀਂ ਦਿੱਲੀ) (21) ਏਥੇ ਕੋਈ ਗੁਰਦਆਰਾ ਨਹੀਂ ਬਣ ਸਕਿਆ।
ਕਾਰੂ ਨਗਰ ਦੇ ਪੂਰਬ ਵੱਲ ਨਾਲ ਹੀ ਲਦਾਖ ਦਾ ਸਭ ਤੋਂ ਪੁਰਾਣਾ ਹੇਮਸ ਗੁੰਫਾ ਹੈ। ਇਕ ਰਵਾਇਤ ਅਨੁਸਾਰ ਇਥੇ ਇੱਕ ਪੱਥਰ ਦੱਸਿਆ ਜਾਂਦਾ ਹੈ ਜਿਸ ਤੇ ਗੁਰੂ ਨਾਨਕ ਸਾਹਿਬ ਬੈਠੇ ਸਨ ਤੇ ਗੋਸ਼ਟੀਆ ਕੀਤੀਆਂ ਸਨ। ਹੇਮਸ ਵਿਚ ਕਈਆਂ ਲੋਕਾਂ ਦਾ ਵਿਸ਼ਵਾਸ਼ ਹੈ ਕਿ ਇਸ ਗੁੰਫਾ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਸੀ। (ਬਿਆਨ ਕਰਨਲ ਜੇ ਐਸ ਗੁਲੇਰੀਆ) (22) ਗੁਰੂ ਜੀ ਦੇ ਤਿੱਬਤ ਤੋਂ ਲਦਾਖ ਪਹੁੰਚਣ ਦੇ ਨਿਸ਼ਾਨ ਕਈ ਬੋਧ ਮੱਠਾਂ ਵਿਚ ਮਿਲਦੇ ਹਨ ਜਿਨ੍ਹਾਂ ਵਿਚ ਗੁਰੂ ਜੀ ਦੇ ਉਸ ਥਾਂ ਪਹੰਚਣ ਦੀ ਖੁਸ਼ੀ ਦਾ ਉਤਸਵ ਮੁਖੌਟਿਆਂ ਦੇ ਨਾਚ ਨਾਲ ਮਨਾਇਆ ਜਾਂਦਾ ਹੈ। ਇਤਿਹਾਸਕ ਤੌਰ ਤੇ ਤਿੱਬਤ ਅਤੇ ਲੱਦਾਖ ਦਮਚੋਕ ਖੇਤਰ ਤੋਂ ਇੱਕ ਵਪਾਰਕ ਰਸਤੇ ਰਾਹੀਂ ਜੁੜੇ ਹੋਏ ਸਨ। ਲੇਹ ਵਿੱਚ ਗੁਰੂ ਨਾਨਕ ਦੇਵ ਜੀ ਦੀ ਲੱਦਾਖ ਫੇਰੀ ਦੀ ਯਾਦ ਵਿੱਚ ਦੋ ਗੁਰਦੁਆਰੇ (ਗੁਰਦੁਆਰਾ ਪੱਥਰ ਸਾਹਿਬ ਅਤੇ ਗੁਰਦੁਆਰਾ ਦਾਤਨ ਸਾਹਿਬ) ਹਨ।
ਗੁਰਦੁਆਰਾ ਪੱਥਰ ਸਾਹਿਬ, ਲੇਹ
ਪੱਥਰ ਸਾਹਿਬ, ਲੇਹ
ਗੁਰਦੁਆਰਾ ਦਾਤਣ ਸਾਹਿਬ
ਗੁਰਦੁਆਰਾ ਚਰਨ ਕੰਵਲ, ਕਾਰਗਿਲ
ਲੱਦਾਖ ਵਿੱਚ ਲੋਕਾਂ ਨੂੰ ਬਚਨ ਬਿਲਾਸ ਕਰਨ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਨੇ ਸਕਰਦੂ ਅਤੇ ਗਿਲਗਿਤ ਦੀ ਯਾਤਰਾ ਵੀ ਕੀਤੀ । ਸਕਰਦੂ ਵਿਚ ਇਤਿਹਾਸਕ ਗੁਰਦੁਆਰਾ ਸੀ ਜੋ ਗੁਰਦਵਾਰਾ ਨਾਨਕ ਪੀਰ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਰਿਹਾ ਹੈ। ਇੱਥੇ ਕਲੰਦਰ ਗੌਂਸ ਬੁਖਾਰੀ ਨੇ ਉਸ ਜਗ੍ਹਾ ਦੇ ਹਕੀਮ ਨੂੰ ਕੈਦ ਕਰ ਲਿਆ ਸੀ ਅਤੇ ਲੋਕਾਂ ਨਾਲ ਬਦਸਲੂਕੀ ਕਰਦਾ ਸੀ। ਗੁਰੂ ਨਾਨਕ ਦੇਵ ਜੀ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ, ਗੌਂਸ ਬੁਖਾਰੀ ਅਤੇ ਹਕੀਮ ਦੋਵੇਂ ਗੁਰੂ ਜੀ ਦੇ ਪੈਰੋਕਾਰ ਬਣ ਗਏ। ਕਾਰਗਿਲ ਵਿਚ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ। ਏਥੋਂ ਗੁਰੂ ਜੀ ਦਰਾਸ ਅਤੇ ਜ਼ੋਜ਼ੀਲਾ ਦਰਰੇ ਰਾਹੀਂ ਕਸ਼ਮੀਰ ਦੇ ਬਾਲਾਤਾਲ ਪਹੁੰਚੇ।
ਗੁਰੂ ਨਾਨਕ ਦੇਵ ਜੀ ਪਿਛੋਂ ਸਿੱਖਾਂ ਦੀ ਦੂਜੀ ਵੱਡੀ ਛਾਪ ਮਹਾਰਾਜਾ ਰਣਜੀਤ ਸਿੰਘ ਦੇ ਇਸ ਇਲਾਕੇ ਉਤੇ ਰਾਜ ਵੇਲੇ ਦੀ ਹੈ ਜਿਸ ਦੀ ਵਿਆਖਿਆ ਸਿੱਖ ਰਾਜ ਦੇ ਜਰਨੈਲ ਜ਼ੋਰਾਵਰ ਸਿੰਘ ਦੇ ਯੁੱਧਾਂ ਵਿਚ, ਉਪਰ ਦਿਤੀ ਗਈ ਹੈ।
ਤੀਜੀ ਵੱਡੀ ਛਾਪ ਬਾਬਾ ਮਿਹਰ ਸਿੰਘ ਦੀ ਹੈ ਜਿਸ ਨੇ ਸੰਨ 1948 ਵਿੱਚ ਲੇਹ ਹਵਾਈ ਅੱਡੇ ਤੇ ਪਹਿਲਾ ਹਵਾਈ ਜਹਾਜ਼ ਉਤਾਰਿਆ ਸੀ।ਦੂਜੀ ਜੰਗ ਵੇਲੇ ਮਾਰਚ 1944 ਵਿੱਚ, ਸਕੁਐਡਰਨ ਲੀਡਰ ਮੇਹਰ ਸਿੰਘ ਨੂੰ ਡਿਸਟਿੰਗੂਇਸ਼ਡ ਸਰਵਿਸ ਆਰਡਰ (ਡੀਐਸਓ) ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਇਹ ਪੁਰਸਕਾਰ ਜਿੱਤਣ ਵਾਲੇ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਅਧਿਕਾਰੀ ਸਨ।(23) ਸਨਮਾਨ ਕਰਨ ਵੇਲੇ ਲਿਖਿਆ ਗਿਆ: ‘ਇਸ ਅਧਿਕਾਰੀ ਨੇ ਬਹੁਤ ਵੱਡੀ ਗਿਣਤੀ ਵਿੱਚ ਕਾਰਜ ਪੂਰੇ ਕੀਤੇ ਹਨ, ਅਤੇ ਬਹੁਤ ਹੁਨਰ, ਹਿੰਮਤ ਅਤੇ ਦ੍ਰਿੜਤਾ ਦਿਖਾਈ ਹੈ। ਉਹ ਇੱਕ ਸਭ ਤੋਂ ਪ੍ਰੇਰਣਾਦਾਇਕ ਨੇਤਾ ਹੈ, ਜਿਸਦੀ ਉਦਾਹਰਣ ਸਕੁਐਡਰਨ ਦੀ ਵਧੀਆ ਲੜਾਈ ਭਾਵਨਾ ਵਿੱਚ ਝਲਕਦੀ ਹੈ. ਇਸ ਅਧਿਕਾਰੀ ਨੇ ਸਭ ਤੋਂ ਕੀਮਤੀ ਸੇਵਾ ਨਿਭਾਈ ਹੈ”।
ਇਸੇ ਬਹਾਦੁਰੀ ਦੇ ਹੋਰ ਨਮੂਨੇ ਪੇਸ਼ ਕਰਦੇ ਹੋਏ 1947-1948 ਦੀ ਭਾਰਤ-ਪਾਕਿਸਤਾਨ ਵਿਚ ਜੰਮੂ ਕਸ਼ਮੀਰ ਵਿਚ ਜੰਗ ਵਿਚ ਉਨ੍ਹਾਂ ਨੇ ਬੜੇ ਬਹਾਦੁਰੀ ਵਾਲੇ ਕਾਰਨਾਮੇ ਕੀਤੇ। 26 ਅਕਤੂਬਰ 1947 ਨੂੰ ਜੰਮੂ -ਕਸ਼ਮੀਰ ਦੇ ਸ਼ਾਮਲ ਹੋਣ ਤੋਂ ਬਾਅਦ, ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਦੀ ਅਗਵਾਈ ਵਾਲੀ ਪਹਿਲੀ ਬਟਾਲੀਅਨ ਸਿੱਖ ਰੈਜੀਮੈਂਟ (1 ਸਿੱਖ) ਤੋਂ ਸ਼ੁਰੂ ਹੋ ਕੇ, ਪਹਿਲੀ ਭਾਰਤੀ ਫੌਜ ਦੀਆਂ ਟੁਕੜੀਆਂ ਨੂੰ ਸ਼੍ਰੀਨਗਰ ਲਿਜਾਇਆ ਗਿਆ। ਇੱਕ ਪੂਰੀ ਪੈਦਲ ਫੌਜ ਬ੍ਰਿਗੇਡ ਨੂੰ ਏਅਰਲਿਫਟ ਕੀਤਾ ਜਾਣਾ ਸੀ । ਏਅਰ ਆਫਸਰ ਕਮਾਂਡਿੰਗ ਆਪਰੇਸ਼ਨਲ ਗ੍ਰੁਪ ਹੋਣ ਦੇ ਨਾਤੇ ਮੇਹਰ ਸਿੰਘ ਸ਼੍ਰੀਨਗਰ ਵਿਖੇ ਉਤਰਨ ਵਾਲੇ ਪਹਿਲੇ ਪਾਇਲਟ ਸਨ ਅਤੇ ਉਨ੍ਹਾਂ ਨੇ ਸਿਰਫ ਪੰਜ ਦਿਨਾਂ ਵਿੱਚ ਫੌਜਾਂ ਨੂੰ ਕਸ਼ਮੀਰ ਵਿਚ ਲਿਆ ਉਤਾਰਿਆ।ਲਾਰਡ ਮਾਉੂਂਟਬੈਟਨ ਨੇ ਇਸ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨੂੰ ਅੰਦਾਜ਼ਾ ਨਹੀਂ ਸੀ ਕਿ ਹਵਾਈ ਰਸਤੇ ਇਤਨੇ ਘਟ ਸਮੇਂ ਵਿਚ ਸੈਨਿਕ ਪਹੁੰਚਾਏ ਜਾ ਸਕਦੇ ਹਨ।(24)
ਏਅਰ ਕੋਮੋਡੋਰ ਮਿਹਰ ਸਿੰਘ ਕੈਪਟਨ ਬੰਨਾ ਸਿੰਘ ਪਰਮ ਵੀਰ ਚੱਕਰ
ਏਅਰ ਕੋਮੋਡੋਰ ਮਿਹਰ ਸਿੰਘ ਨੇ ਫਿਰ ਪੁੰਛ ਲਈ ਇੱਕ ਹਵਾਈ ਪੁਲ ਦੀ ਸਥਾਪਨਾ ਕੀਤੀ। ਉਸਨੇ ਪਹਿਲੇ ਜਹਾਜ਼ ਨੂੰ ਆਪ ਪਾਇਲਟ ਕੀਤਾ ਅਤੇ ਪੁੰਛ ਹਵਾਈ ਅੱਡੇ' ਤੇ ਜਾਂ ਉਤਾਰਿਆ। ਹਵਾਈ ਪੱਟੀ ਤਿੰਨ ਪਾਸਿਆਂ ਤੋਂ ਧਾਰਾਵਾਂ ਨਦੀਆਂ ਨਾਲ ਘਿਰੀ ਹੋਈ ਸੀ ਅਤੇ ਇਸਦੀ ਪਹੁੰਚ ਬੜੀ ਖੜ੍ਹਵੀਂ ਸੀ। ਭਾਰੀ ਮੁਸ਼ਕਲਾਂ ਦੇ ਵਿਰੁੱਧ, ਉਸਨੇ ਇੱਕ ਟਨ ਦੇ ਦੀ ਥਾਂ ਤਿੰਨ ਟਨ ਲੋਡ ਦੇ ਨਾਲ ਡਗਲਸ ਹਵਾਈ ਜਹਾਜ਼ ਜਾ ਉਤਾਰਿਆ।ਇਸ ਲਈ ਉਤਰਨ ਵਿਚ ਸਹਾਇਤਾ ਲਈ ਕੋਈ ਯੰਤਰ ਵੀ ਨਹੀਂ ਸੀ ਪਰ ਉਸਨੇ ਬਿਨਾਂ ਲੈਂਡਿੰਗ ਸਹਾਇਤਾ ਦੇ ਅਜਿਹਾ ਕੀਤਾ ਤੇ ਤੇਲ ਦੇ ਦੀiਵਆਂ ਦੀ ਸਹਾਇਤਾ ਨਾਲ ਹਵਾਈ ਪੱਟੀ ਰੋਸ਼ਨ ਕਰਵਾਈ।(25)
ਏਅਰ ਕਮਾਂਡਰ ਮਿਹਰ ਸਿੰਘ ਲੱਦਾਖ ਦੇ ਲੇਹ ਵਿੱਚ ਉਤਰਨ ਵਾਲੇ ਪਹਿਲੇ ਪਾਇਲਟ ਵੀ ਸਨ। (26) ਯਾਤਰੀ ਵਜੋਂ ਮੇਜਰ ਜਨਰਲ ਕੇਐਸ ਥਿਮਈਆ ਉਨ੍ਹਾਂ ਦੇ ਨਾਲ ਯਾਤ੍ਰੀ ਸਨ । ਉਚ ਹਿਮਾਲਿਆ ਦੇ ਪਾਰ ਹਵਾਈ ਸੈਨਾ ਦੀ 12 ਵੀਂ ਸਕੁਐਡਰਨ ਦੀ ਛੇ ਡਕੋਟਿਆਂ ਦੀ ਇੱਕ ਫਲਾਈਟ ਦੀ ਅਗਵਾਈ ਕਰਕੇ ਉਸਨੇ ਜੋਜੀ ਲਾ ਅਤੇ ਫੋਟੂ ਲਾ ਦੇ ਰਸਤੇ 24000 ਫੁੱਟ ਦੀ ਉਚਾਈ ਤੱਕ ਪਹੁੰਚਿਆ ਅਤੇ ਸਿੰਧ ਨਦੀ ਦੇ ਕੋਲ 11540 ਫੁੱਟ ਦੀ ਉਚਾਈ 'ਤੇ ਇੱਕ ਸੁਧਰੀ ਰੇਤਲੀ ਹਵਾਈ ਪੱਟੀ ਤੇ ਜਹਾਜ਼ ਜਾ ਉਤਾਰੇ ਜੋ ਬਿਨਾਂ ਕਿਸੇ ਰਸਤਿਆਂ ਦੇ ਨਕਸ਼ਿਆਂ, ਯੰਤਰਾਂ ਜਾਂ ਸਾਧਨਾ ਦੇ ਕੀਤਾ। (27)
26 ਜਨਵਰੀ 1950 ਨੂੰ, ਜਦੋਂ ਭਾਰਤੀ ਆਰਮਡ ਫੋਰਸਿਜ਼ ਦੇ ਪੁਰਸਕਾਰ ਅਤੇ ਸਜਾਵਟ ਦੀ ਸਥਾਪਨਾ ਕੀਤੀ ਗਈ, ਏਅਰ ਕਮੋਡੋਰ ਮੇਹਰ ਸਿੰਘ ਨੂੰ ਯੁੱਧ ਸਮੇਂ ਦੀ ਦੂਜੀ ਸਭ ਤੋਂ ਉੱਚੀ ਫੌਜੀ ਸਜਾਵਟ, ਮਹਾਂਵੀਰ ਚੱਕਰ (ਐਮਵੀਸੀ) ਨਾਲ ਸਨਮਾਨਿਤ ਕੀਤਾ ਗਿਆ।ਐਮਵੀਸੀ ਦਾ ਹਵਾਲਾ ਇਸ ਪ੍ਰਕਾਰ ਹੈ (28)(29)
“ਜੰਮੂ ਅਤੇ ਕਸ਼ਮੀਰ ਵਿੱਚ ਏਓਸੀ ਨੰਬਰ 1 ਸਕੁਡਰਨ ਦੇ ਆਪਣੇ ਕਾਰਜਕਾਲ ਦੌਰਾਨ, ਏਅਰ ਕਮੋਡੋਰ ਮੇਹਰ ਸਿੰਘ ਨੇ ਨਿੱਜੀ ਜੋਖਮਾਂ ਤੇ ਡਿਉੇਟੀ ਪ੍ਰਤੀ ਅਤਿਅੰਤ ਸ਼ਰਧਾ ਦਿਖਾਈ ਅਤੇ ਆਪਣੇ ਅਧੀਨ ਸੇਵਾ ਕਰਨ ਵਾਲਿਆਂ ਲਈ ਇੱਕ ਉਦਾਹਰਣ ਕਾਇਮ ਕੀਤੀ। ਉਹ ਪੁੰਛ ਅਤੇ ਲੇਹ ਵਿਖੇ ਐਮਰਜੈਂਸੀ ਲੈਂਡਿੰਗ ਮੈਦਾਨ ਵਿੱਚ ਜਹਾਜ਼ ਉਤਾਰਨ ਵਾਲੇ ਪਹਿਲੇ ਪਾਇਲਟ ਸਨ। ਇਹ ਕਾਰਜ ਉਸ ਦੀ ਡਿਉੇਟੀ ਦਾ ਹਿੱਸਾ ਨਹੀਂ ਸਨ ਪਰ ਇਸ ਤੱਥ ਦੇ ਮੱਦੇਨਜ਼ਰ ਕਿ ਇਹ ਖਤਰਨਾਕ ਕੰਮ ਸਨ, ਉਸਨੇ ਆਪਣੇ ਜੂਨੀਅਰ ਪਾਇਲਟਾਂ ਨੂੰ ਵਿਸ਼ਵਾਸ ਦਿਵਾਉਣ ਲਈ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਪੂਰਾ ਕੀਤਾ।”
ਸਿੰਘ ਨੂੰ ਇੱਕ ਮਹਾਨ ਪਾਇਲਟ ਅਤੇ ਉਡਾਣ ਭਰਪੂਰ ਸਮਝਿਆ ਜਾਂਦਾ ਸੀ। (30) ਉਹ ਸ੍ਰੀਨਗਰ, ਪੁੰਛ, ਲੇਹ ਅਤੇ ਦੌਲਤ ਬੇਗ ਓਲਡੀ ਵਿੱਚ ਉਤਰਨ ਵਾਲੇ ਪਹਿਲੇ ਪਾਇਲਟ ਸਨ। 12 ਸਾਲਾਂ ਦੇ ਮੁਕਾਬਲਤਨ ਛੋਟੇ ਕਰੀਅਰ ਵਿੱਚ, ਉਹ ਏਅਰ ਕਮੋਡੋਰ ਦੇ ਰੈਂਕ ਤੇ ਪਹੁੰਚ ਗਿਆ ਅਤੇ ਉਸਨੂੰ ਯੁੱਧ ਦੇ ਸਮੇਂ ਦੇ ਦੋ ਬਹਾਦਰੀ ਪੁਰਸਕਾਰਾਂ ਨਾਲ ਸਜਾਇਆ ਗਿਆ।
2018 ਵਿੱਚ, ਭਾਰਤੀ ਹਵਾਈ ਸੈਨਾ ਨੇ ਡਰੋਨ ਵਿਕਾਸ ਲਈ ਏਅਰ ਕਮੋਡੋਰ ਮੇਹਰ ਸਿੰਘ ਦੇ ਸਨਮਾਨ ਵਿੱਚ ਮੇਹਰ ਬਾਬਾ ਪੁਰਸਕਾਰ ਦਾ ਗਠਨ ਕੀਤਾ। (31) ਏਅਰ ਕਮੋਡੋਰ ਮੇਹਰ ਸਿੰਘ ਨੇ ਰਾਇਲ ਇੰਡੀਅਨ ਏਅਰ ਫੋਰਸ (ਆਰਆਈਏਐਫ) ਨਾਲ ਆਪਣੀ ਸਾਂਝ ਦੌਰਾਨ ਆਪਣੇ ਅਧੀਨ ਬਜ਼ੁਰਗਾਂ ਅਤੇ ਪੁਰਸ਼ਾਂ ਦੀ ਪ੍ਰਸ਼ੰਸਾ ਜਿੱਤੀ ।ਵੰਡ ਤੋਂ ਪਹਿਲਾਂ ਦੇ ਆਰਆਈਏਐਫ ਵਿੱਚ ਸਿੰਘ ਦੇ ਅਧੀਨ ਇੱਕ ਅਧਿਕਾਰੀ ਏਅਰ ਮਾਰਸ਼ਲ ਅਸਗਰ ਖਾਨ, ਜੋ ਬਾਅਦ ਵਿੱਚ ਪਾਕਿਸਤਾਨ ਏਅਰ ਫੋਰਸ ਦੇ ਏਅਰ ਸਟਾਫ ਦੇ ਮੁਖੀ ਬਣੇ, ਨੇ ਇੱਕ ਵਾਰ ਕਿਹਾ: “ਸਕੁਐਡਰਨ ਲੀਡਰ ਮੇਹਰ ਸਿੰਘ ਨੇ ਇਕੱਲੇ ਦਲੇਰੀ ਤੇ ਅਦੁਤੀ ਯੋਗਤਾ ਨਾਲ ਸਾਡੇ ਵਿੱਚ ਵਿਸ਼ਵਾਸ ਪੈਦਾ ਕੀਤਾ। (32)
ਤੀਜੀ ਵੱਡੀ ਛਾਪ ਸੰਨ 1962 ਵੇਲੇ ਸਿੱਖਾਂ ਵਲੋਂ ਚੀਨੀਆਂ ਵਿਰੁਧ ਦਿਖਾਈ ਗਈ ਬਹਾਦਰ ਦੀ ਹੈ। ਚੌਥੀ ਵੱਡੀ ਛਾਪ ਕਾਰਗਿਲ ਯੁੱਧ ਵਿਚ ਸਿੱਖਾਂ ਦੀ ਦਿਖਾਈ ਗਈ ਬਹਾਦਰੀ ਦੀ ਹੈ ਜਿਸ ਦਾ ਬਿਆਨ ਕਾਰਗਿਲ ਵਾਰ ਮੈਮੋਰੀਅਲ ਲੇਖ ਵਿਚ ਦਿਤਾ ਗਿਆ ਹੈ। ਪੰਜਵੀਂ ਵੱਡੀ ਛਾਪ ਸੰਨ 1987 ਦੀ ਹੈ।
1987 ਵਿੱਚ, ਰਣਨੀਤਕ ਤੌਰ ਤੇ ਮਹੱਤਵਪੂਰਨ ਸਿਆਚਿਨ ਖੇਤਰ ਵਿੱਚ ਪਾਕਿਸਤਾਨੀ ਫੌਜਾਂ ਨੇ ਘੁਸਪੈਠ ਕੀਤੀ । ਪਾਕਿਸਤਾਨੀਆਂ ਨੇ ਇੱਕ ਮਹੱਤਵਪੂਰਣ ਬਰਫਾਨੀ ਪਰਬਤ ਚੋਟੀ ਉਤੇ ਕਬਜ਼ਾ ਕਰ ਲਿਆ ਜਿਸਨੂੰ ਉਹ "ਕਾਇਦਾ ਚੌਕੀ" ਕਹਿੰਦੇ ਸਨ। ਇਹ ਚੌਕੀ ਸਿਆਚਿਨ ਗਲੇਸ਼ੀਅਰ ਖੇਤਰ ਦੀ ਸਭ ਤੋਂ ਉੱਚੀ ਚੋਟੀ ਉਤੇ (6500 ਮੀਟਰ ਦੀ ਉਚਾਈ') ਸਥਿਤ ਸੀ । ਇਸ ਚੌਕੀ ਤੋਂ ਪਾਕਿਸਤਾਨ, ਭਾਰਤੀ ਫ਼ੌਜ ਦੇ ਟਿਕਾਣਿਆਂ 'ਤੇ ਨਜ਼ਰ ਮਾਰ ਸਕਦੇ ਸਨ ਕਿਉਂਕਿ ਇਸ ਉਚਾਈ ਸਦਕਾ ਸਮੁੱਚੇ ਸਾਲਟੋਰੋ ਰੇਂਜ ਅਤੇ ਸਿਆਚਿਨ ਗਲੇਸ਼ੀਅਰ ਦਾ ਸਪਸ਼ਟ ਨਜ਼ਾਰਾ ਮਿਲਦਾ ਸੀ। ਦੁਸ਼ਮਣ ਚੌਕੀ ਅਸਲ ਵਿੱਚ ਇੱਕ ਗਲੇਸ਼ੀਅਰ ਕਿਲ੍ਹਾ ਸੀ, ਜਿਸ ਦੇ ਦੋਵੇਂ ਪਾਸੇ 457 ਮੀਟਰ ਉੱਚੀ ਬਰਫ਼ ਦੀਆਂ ਕੰਧਾਂ ਸਨ। (33)
18 ਅਪ੍ਰੈਲ 1987 ਨੂੰ, ਕਾਇਦੇ ਪੋਸਟ ਦੇ ਪਾਕਿਸਤਾਨੀਆਂ ਨੇ ਪੁਆਇੰਟ ਸੋਨਮ (6,400 ਮੀਟਰ) 'ਤੇ ਭਾਰਤੀ ਸੈਨਿਕਾਂ' ਤੇ ਗੋਲੀਬਾਰੀ ਕੀਤੀ, ਜਿਸ ਨਾਲ ਦੋ ਸੈਨਿਕ ਮਾਰੇ ਗਏ। ਫਿਰ ਭਾਰਤੀ ਫੌਜ ਨੇ ਪਾਕਿਸਤਾਨੀਆਂ ਨੂੰ ਚੌਕੀ ਤੋਂ ਕੱਢਣ ਦਾ ਫੈਸਲਾ ਕੀਤਾ। 29 ਮਈ ਨੂੰ, ਸੈਕਿੰਡ ਲੈਫਟੀਨੈਂਟ ਰਾਜੀਵ ਪਾਂਡੇ ਦੀ ਅਗਵਾਈ ਵਿੱਚ ਇੱਸੇ ਰਜਮੈਂਟ ਦੀ ਗਸ਼ਤ ਪਟ੍ਰੋਲ ਨੇ ਪੋਸਟ ਉੱਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਪਰ ਨਤੀਜੇ ਵਜੋਂ 10 ਭਾਰਤੀ ਸੈਨਿਕ ਮਾਰੇ ਗਏ। ਇੱਕ ਮਹੀਨੇ ਦੀ ਤਿਆਰੀ ਤੋਂ ਬਾਅਦ, ਭਾਰਤੀ ਫੌਜ ਨੇ ਚੌਕੀ ਉੱਤੇ ਕਬਜ਼ਾ ਕਰਨ ਲਈ ਇੱਕ ਨਵੀਂ ਮੁਹਿੰਮ ਚਲਾਈ। 2/ਲੈਫਟੀਨੈਂਟ ਰਾਜੀਵ ਪਾਂਡੇ ਦੇ ਸਨਮਾਨ ਵਿੱਚ "ਆਪਰੇਸ਼ਨ ਰਾਜੀਵ" ਨਾਂ ਦੇ ਇਸ ਆਪਰੇਸ਼ਨ ਦੀ ਅਗਵਾਈ ਮੇਜਰ ਵਰਿੰਦਰ ਸਿੰਘ ਨੇ ਕੀਤੀ ਸੀ। (34) (35)
23 ਜੂਨ 1987 ਤੋਂ, ਮੇਜਰ ਵਰਿੰਦਰ ਸਿੰਘ ਦੀ ਟਾਸਕ ਫੋਰਸ ਨੇ ਪੋਸਟ ਉੱਤੇ ਕਬਜ਼ਾ ਕਰਨ ਲਈ ਕਈ ਹਮਲੇ ਕੀਤੇ। ਸ਼ੁਰੂਆਤੀ ਅਸਫਲਤਾਵਾਂ ਤੋਂ ਬਾਅਦ, 20 ਅਪਰੈਲ 1987 ਨੂੰ ਨਾਇਬ ਸੂਬੇਦਾਰ ਬਾਨਾ ਸਿੰਘ ਜੋ ਸਿਆਚਿਨ ਵਿੱਚ 8 ਵੀਂ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਹਿੱਸੇ ਵਜੋਂ ਤਾਇਨਾਤ ਸੀ, ਨੂੰ ਕਾਇਦੇ ਪੋਸਟ ਉੱਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ । ਨਾਇਬ ਸੂਬੇਦਾਰ ਬਾਨਾ ਸਿੰਘ ਦੀ ਅਗਵਾਈ ਵਾਲੀ 5 ਮੈਂਬਰੀ ਟੀਮ ਨੇ 26 ਜੂਨ 1987 ਨੂੰ ਸਫਲਤਾਪੂਰਵਕ ਕਾਇਦੇ ਚੌਕੀ 'ਤੇ ਕਬਜ਼ਾ ਕਰ ਲਿਆ। ਟੀਮ ਨੇ ਦੂਜੀ ਟੀਮਾਂ ਦੇ ਮੁਕਾਬਲੇ ਇੱਕ ਲੰਮੀ ਅਤੇ ਵਧੇਰੇ ਮੁਸ਼ਕਲ ਪਹੁੰਚ ਦੀ ਵਰਤੋਂ ਕਰਦਿਆਂ, ਇੱਕ ਅਚਾਨਕ ਦਿਸ਼ਾ ਤੋਂ ਕਾਇਦੇ ਪੋਸਟ ਤੇ ਪਹੁੰਚ ਕੀਤੀ।ਬਾਨਾ ਸਿੰਘ ਅਤੇ ਉਸਦੇ ਸਾਥੀ ਸਿਪਾਹੀ ਬਰਫ਼ ਦੀ 457 ਮੀਟਰ ਉੱਚੀ ਕੰਧ' ਤੇ ਚੜ੍ਹ ਗਏ। ਬਰਫੀਲੇ ਤੂਫਾਨ ਆਉਣ ਕਰਕੇ ਜ਼ਿਆਦਾ ਦੂਰ ਤਕ ਨਹੀਂ ਸੀ ਦਿਖਦਾ ਜਿਸਦੀ ਓਟ ਵਿਚ ਭਾਰਤੀ ਸੈਨਿਕਾਂ ਸਿਖਰ ਤਕ ਪਹੁੰਚ ਗਏ। ਸਿਖਰ 'ਤੇ ਪਹੁੰਚਣ ਤੋਂ ਬਾਅਦ, ਬਾਨਾ ਸਿੰਘ ਨੇ ਇੱਥੇ ਇੱਕ ਪਾਕਿਸਤਾਨੀ ਬੰਕਰ ਦੇਖਿਆ । ਉਸਨੇ ਬੰਕਰ ਵਿੱਚ ਇੱਕ ਗ੍ਰਨੇਡ ਸੁੱਟਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ, ਜਿਸ ਨਾਲ ਅੰਦਰਲੇ ਪਾਕ ਫੌਜੀ ਮਾਟੇ ਗਏ।ਨਾਲ ਦੇ ਪਾਕ ਬੰਕਰਾਂ ਤੋਂ ਅੰਧਾ ਧੁੰਦ ਗੋਲੀਆਂ ਚਲਣ ਲੱਗ ਪਈਆਂ। ਦੋਵੇਂ ਧਿਰਾਂ ਵਿਚ ਹੱਥੋ-ਹੱਥ ਲੜਾਈ ਸ਼ੁਰੂ ਹੋ ਗਈ, ਜਿਸ ਵਿੱਚ ਭਾਰਤੀ ਸੈਨਿਕਾਂ ਨੇ ਬੰਕਰ ਦੇ ਬਾਹਰ ਕੁਝ ਪਾਕਿਸਤਾਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿਤੇ। ਕੁਝ ਪਾਕਿਸਤਾਨੀ ਸੈਨਿਕਾਂ ਨੇ ਸਿਖਰ ਤੋਂ ਛਾਲ ਮਾਰ ਦਿੱਤੀ। ਬਾਅਦ ਵਿੱਚ, ਭਾਰਤੀਆਂ ਨੂੰ ਪਾਕਿਸਤਾਨੀ ਸੈਨਿਕਾਂ ਦੀਆਂ ਛੇ ਲਾਸ਼ਾਂ ਮਿਲੀਆਂ। (34) (36)
26 ਜਨਵਰੀ 1988 ਨੂੰ, ਬਾਨਾ ਸਿੰਘ ਨੂੰ ਆਪ੍ਰੇਸ਼ਨ ਰਾਜੀਵ ਦੌਰਾਨ ਉਸਦੀ ਬਹਾਦਰੀ ਲਈ ਭਾਰਤ ਵਿੱਚ ਸਰਵਉੱਚ ਯੁੱਧ ਸਮੇਂ ਬਹਾਦਰੀ ਮੈਡਲ, ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। (37) ਉਸਦੀ ਬਹਾਦੁਰੀ ਦਾ ਬਿਆਨ ਸਨਮਾਨ ਦਿੰਦੇ ਇਉਂ ਲਿਖਿਆ ਗਿਆ:
“ਜੂਨ 1987 ਵਿੱਚ ਨਾਇਬ ਸੂਬੇਦਾਰ ਬਾਨਾ ਸਿੰਘ ਸਿਆਚਿਨ ਗਲੇਸ਼ੀਅਰ ਖੇਤਰ ਲਦਾਖ ਵਿੱਚ 21,000 ਫੁੱਟ ਦੀ ਉਚਾਈ 'ਤੇ ਇੱਕ ਦੁਸ਼ਮਣ ਦੁਆਰਾ ਘੁਸਪੈਠ ਨੂੰ ਦੂਰ ਕਰਨ ਲਈ ਅਪਣੀ ਇਛਾ ਨਾਲ ਇੱਕ ਟਾਸਕ ਫੋਰਸ ਦਾ ਮੈਂਬਰ ਬਣਿਆ।ਇਹ ਪੋਸਟ ਅਸਲ ਵਿੱਚ ਇੱਕ ਲੰਬਾ ਗਲੇਸ਼ੀਅਰ ਕਿਲ੍ਹਾ ਸੀ ਜਿਸਦੇ ਦੋਵੇਂ ਪਾਸੇ 1500 ਫੁੱਟ ਉੱਚੀ ਬਰਫ਼ ਦੀਆਂ ਕੰਧਾਂ ਸਨ ਜਿਸ ਕਰਕੇ ਇਸ ਤੇ ਪਹੁੰਚਣਾ ਲੱਗ ਭਗ ਅਸੰਭਵ ਹੀ ਸੀ।ਦੁਸ਼ਮਣ ਨੇ ਹਰ ਪਾਸਿਓਂ ਕਿਸੇ ਵੀ ਆਉਂਦੇ ਹਮਲੇ ਲਈ ਤੈਨਾਤੀ ਕੀਤੀ ਹੋਈ ਸੀ। ਨਾਇਬ ਸੂਬੇਦਾਰ ਬਾਨਾ ਸਿੰਘ ਇਤੇ ਪਹੁੰਚਣ ਲਈ ਸਭ ਤੋਂ ਮੁਸ਼ਕਲ ਅਤੇ ਖਤਰਨਾਕ ਰਸਤਾ ਚੁਣਿਆਂ ਜਿਸ ਉਤੇ ਦੁਸ਼ਮਣ ਨੂੰ ਕਿਸੇ ਹਮਲੇ ਦੀ ਆਸ ਹੀ ਨਹੀਂ ਸੀ ਅਤੇ ਆਪਣੇ ਬੰਦਿਆਂ ਦੀ ਅਗਵਾਈ ਕੀਤੀ ।ਆਪਣੀ ਅਦਭੁਤ ਦਲੇਰੀ ਅਤੇ ਅਗਵਾਈ ਦੁਆਰਾ ਉਸਨੇ ਅਪਣੇ ਅਧੀਨ ਸਿਪਾਹੀਆਂ ਨੂੰ ਪ੍ਰੇਰਿਤ ਕੀਤਾ । ਬਹਾਦਰ ਨਾਇਬ ਸੂਬੇਦਾਰ ਅਤੇ ਉਸਦੇ ਸਾਥੀ ਰੇਂਗਦੇ ਹੋਏ ਅਤੇ ਦੁਸ਼ਮਣ ਉੱਤੇ ਅਛੋਪਲੇ ਹੀ ਜਾ ਹਮਲਾਵਰ ਹੋਏ ਅਤੇ ਖਾਈ ਤੋਂ ਖਾਈ ਵੱਲ ਵਧਦੇ ਹੋਏ, ਹੈਂਡ ਗ੍ਰਨੇਡ ਸੁਟਦੇ ਹੋਏ ਅਤੇ ਬਾਹਰ ਨਿਕਲਦੇ ਪਾਕੀਆਂ ਉਪਰ ਬਾਇਨੈਟਾਂ ਨਾਲ ਚਾਰਜ ਕਰਦੇ ਹੋਏ ਉਨ੍ਹਾਂ ਨੇ ਪੋਸਟ ਨੂੰ ਸਾਰੇ ਪਾਕੀ ਹਮਲਾਵਰਾਂ ਦਾ ਖਾਤਮਾ ਕਰ ਦਿਤਾ। ਇਸ ਤਰ੍ਹਾਂ ਨਾਇਬ ਸੂਬੇਦਾਰ ਬਾਨਾ ਸਿੰਘ ਨੇ ਸਭ ਤੋਂ ਬੁਰੇ ਹਾਲਾਤਾਂ ਵਿੱਚ ਸਭ ਤੋਂ ਉਤਮ ਬਹਾਦਰੀ ਅਤੇ ਅਗਵਾਈ ਦਿਖਾਕੇ ਇਕ ਮਹਾਨ ਮੁਹਿੰਮ ਨੂੰ ਅੰਜਾਮ ਦਿਤਾ।(38) ਉਸ ਨੇ ਜਿਸ ਸਿਖਰ 'ਤੇ ਕਬਜ਼ਾ ਕੀਤਾ ਉਸ ਦਾ ਨਾਂ ਉਸ ਦੇ ਸਨਮਾਨ ਵਿੱਚ ਬਾਨਾ ਟੌਪ ਰੱਖਿਆ ਗਿਆ । ਕਾਰਗਿਲ ਯੁੱਧ ਦੇ ਸਮੇਂ, ਉਹ ਇਕਲੌਤਾ ਪਰਮ ਵੀਰ ਚੱਕਰ ਅਵਾਰਡੀ ਸੀ ਜੋ ਅਜੇ ਵੀ ਫੌਜ ਵਿੱਚ ਸੇਵਾ ਕਰ ਰਿਹਾ ਸੀ ।
ਛੇਵੀਂ ਵੱਡੀ ਛਾਪ ਸੰਨ 2020 ਦੀ ਹੈ ਜਦ ਗਲਵਾਨ ਵਾਦੀ ਵਿਚ ਚੀਨੀਆਂ ਵਿਰੁਧ ਸਿੱਖ ਸੈਨਿਕਾਂ ਨੇ ਬਹਾਦਰੀ ਦਾ ਕਮਾਲ ਕਰ ਦਿਤਾ। ਇਸ ਦਾ ਵਿਸਥਾਰ ਹੇਠ ਦਿਤਾ ਗਿਆ ਹੈ।
ਲਦਾਖ ਦੀ ਗਲਵਾਨ ਘਾਟੀ ਦੇ ਇਲਾਕੇ ਵਿਚ ਚੀਨੀਆਂ ਦੀ ਘੁਸ-ਪੈਠ ਪਿੱਛੋਂ, ਚੀਨੀ-ਭਾਰਤੀ ਝੜੱਪਾਂ ਕਰਕੇ ਤੇ ਵੀਹ ਸੈਨਿਕ ਸ਼ਹੀਦ ਹੋਣ ਕਰਕੇ ਇਸ ਦੀ ਚਰਚਾ ਦੁਨੀਆਂ ਭਰ ਵਿੱਚ ਹੈ ਖਾਸ ਕਰਕੇ ਸਿੱਖਾਂ ਦੀਆ ਦੋ ਯੂਨਿਟਾਂ 3 ਪੰਜਾਬ ਰਜਮੈਂਟ ਤੇ 3 ਮੀਡੀਅਮ ਰਜਮੈਂਟ ਦੀ। ਏਥੇ ਵੀਹ ਸੈਨਿਕ ਸ਼ਹੀਦਾਂ ਵਿੱਚੋਂ ਸਭ ਤੋਂ ਚਰਚਿਤ ਨਾਮ ਹੈ ਸ਼ਹੀਦ ਗੁਰਤੇਜ ਸਿੰਘ ਦਾ। ਉਸ ਦੀ ਤਸਵੀਰ ਵਿਚੋਂ ਉਹ ਮੁਛਫੁੱਟ ਗਭਰੂ, ਮਾਸੂਮ ਰੂਹ ਤੇ ਸੁੰਦਰਤਾ ਦਾ ਮੁਜਸਮਾ ਲਗਦਾ ਹੈ ।ਪਰ ਜਿਸ ਬਹਾਦੁਰੀ ਨਾਲ ਉਹ ਲੜਿਆ ਉਸ ਨੂੰ ਸਦੀਆਂ ਤੀਕਰ ਹਿੰਦੁਸਤਾਨੀ ਤੇ ਖਾਸ ਕਰਕੇ ਪੰਜਾਬੀ ਤੇ ਸਿੱਖ ਹਮੇਸ਼ਾ ਯਾਦ ਕਰਦੇ ਰਹਿਣਗੇ ਤੇ ਉਸ ਦੀ ਬਹਾਦੁਰੀ ਦੀਆਂ ਮਿਸਾਲਾਂ ਦਿਆ ਕਰਨਗੇ।
ਲਦਾਖ ਦੀ ਗਲਵਾਨ ਵਾਦੀ ਦੇ ਗਲਵਾਨ-ਸ਼ਿਉਕ ਦਰਿਆਵਾਂ ਦੇ ਮੇਲ ਕਿਨਾਰੇ ਚੌਦਾਂ ਨੰਬਰ ਭਾਰਤੀ ਫੌਜੀ ਚੌਕੀ ਹੈ ਜਿਸ ਨੂੰ ਚੀਨੀਆਂ ਨੇ ਕਬਜ਼ੇ ਵਿਚ ਕਰ ਲਿਆ ਸੀ ਤੇ ਸਮਝੌਤੇ ਅਧੀਨ ਖਾਲੀ ਕਰਕੇ ਪਿੱਛੇ ਹਟਣਾ ਸੀ। ਚੀਨੀਆਂ ਨੇ ਪਹਿਲਾਂ ਤਾਂ ਇਸ ਚੌਕੀ ਨੂੰ ਖਾਲੀ ਕਰ ਦਿਤਾ ਪਰ ਫਿਰ ਕਿਸੇ ਸ਼ਾਜਿਸ਼ ਅਧੀਨ ਦੁਬਾਰਾ ਆ ਕੇ ਟੈਂਟ ਲਾ ਕੇ ਦੁਬਾਰਾ ਕਬਜ਼ਾ ਕਰ ਲਿਆ।
ਚੌਕੀ ਖਾਲੀ ਕਰਨ ਦਾ ਨਿਰੀਖਣ ਕਰਨ ਲਈ 16 ਬਿਹਾਰ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ 20 ਕੁ ਜਵਾਨਾਂ ਨਾਲ ਜਦ ਪਹੁੰਚੇ ਤਾਂ ਉਨ੍ਹਾਂ ਨੇ ਹੋਏ ਸਮਝੌਤੇ ਮੁਤਾਬਕ ਚੀਨੀਆਂ ਨੂੰ ਟੈਂਟ ਚੁਕ ਲੈ ਜਾਣ ਲਈ ਕਿਹਾ। ਪਰ ਚੀਨੀਆਂ ਦੇ ਮਨਾਂ ਵਿਚ ਤਾਂ ਕੁੱਝ ਹੋਰ ਸੀ।ਉਨ੍ਹਾਂ ਨੇ ਪਹਿਲਾਂ ਤਾਂ ਕਰਨਲ ਨੂੰ ਧੱਕਾ ਮਾਰ ਕੇ ਡੇਗ ਦਿਤਾ ਤੇ ਫਿਰ ਸਿਰ ਤੇ ਪੱਥਰ ਮਾਰਿਆ। ਅਪਣੇ ਸੀ ਓ (ਕਮਾਂਡਿੰਗ ਅਫਸਰ) ਨੂੰ ਜ਼ਖਮੀ ਦੇਖ ਕੇ ਨਾਲ ਗਏ ਜਵਾਨ ਜੋਸ਼ ਵਿੱਚ ਆ ਗਏ ਤੇ ਉਨ੍ਹਾਂ ਨੇ ਚੀਨੀਆਂ ਉਪਰ ਭਰਵਾਂ ਹਮਲਾ ਕੀਤਾ। ਅਪਣੀ ਯੋਜਨਾ ਮੁਤਾਬਕ ਚੀਨੀਆਂ ਨੇ ਅਪਣੇ ਹਜ਼ਾਰ ਕੁ ਸਾਥੀਆਂ ਨੂੰ ਬੁਲਾ ਲਿਆ ਜੋ ਤਾਰਾਂ ਵਿੱਚ ਲਪੇਟੇ ਪਥਰ, ਕਿਲਾਂ ਵਾਲੇ ਸਰੀਏ ਆਦਿ ਨਾਲ ਮੁੱਠੀ ਭਰ ਭਾਰਤੀ ਜਵਾਨਾਂ ਤੇ ਟੁੱਟ ਪਏ।
ਉੱਧਰ ਜਦ ਸਿੱਖਾਂ ਦੀਆ ਦੋ ਯੂਨਿਟਾਂ 3 ਪੰਜਾਬ ਰਜਮੈਂਟ ਤੇ 3 ਮੀਡੀਅਮ ਰਜਮੈਂਟ ਨੂੰ ਇਸ ਵੱਡੇ ਹਮਲੇ ਦਾ ਪਤਾ ਲੱਗਾ ਤਾਂ ਜਿਤਨੇ ਕੁ ਜਵਾਨ ਨੇੜੇ ਸਨ ਉਹ ਵੀ ਪਹੁੰਚ ਗਏ। ਇਨ੍ਹਾਂ ਵਿਚ 3 ਪੰਜਾਬ ਰਜਮੈਂਟ ਦਾ ਗੁਰਤੇਜ ਸਿੰਘ ਵੀ ਸੀ ਜੋ ਬੀਰੇਵਾਲ ਡੋਗਰ ਜ਼ਿਲਾ ਮਾਣਸਾ ਪੰਜਾਬ ਦਾ ਰਹਿਣ ਵਾਲਾ ਸੀ।ਉਸ ਦਾ ਸਾਰਾ ਪਰਿਵਾਰ ਸਮੇਤ ਮਾਂ ਪ੍ਰਕਾਸ਼ ਕੌਰ ਤੇ ਪਿਤਾ ਵਿਰਸਾ ਸਿੰਘ ਅੰਮ੍ਰਿਤਧਾਰੀ ਸਿੱਖ ਸਨ। ਆਪ ਵੀ ਅੰਮ੍ਰਿਤ ਧਾਰੀ ਹੋਣ ਕਰਕੇ ਉਸ ਕੋਲ ਗੁਰੂ ਜੀ ਦੀ ਬਖਸ਼ਿਸ਼ ਸਿਰੀ ਸਾਹਿਬ ਸੀ ਜਿਸ ਨੂੰ ਉਸਨੇ ਚੀਨੀਆਂ ਤੇ ਖੁਲ੍ਹ ਕੇ ਵਰਤਿਆ।
ਸਿਪਾਹੀ ਗੁਰਤੇਜ ਸਿੰਘ ਦੀਆਂ ਦੋ ਤਸਵੀਰਾਂ
ਉਸਦੇ ਸਾਥੀਆਂ, ਪਤਰਕਾਰ ਸੁਧੀਰ ਭੌਮਿਕ ਤੇ ਕਈ ਟੀ ਵੀ ਚੈਨਲਾਂ ਦੇ ਦੱਸਣ ਮੁਤਾਬਕ ਉਸ ਨੇ ਪਹਿਲਾਂ ਤਾਂ ਉਨ੍ਹਾਂ ਚਾਰ ਚੀਨੀਆਂ ਨੂੰ ਝਟਕਾ ਦਿਤਾ ਜਿਨ੍ਹਾਂ ਨੇ ਉਸ ਨੂੰ ਘੇਰ ਲਿਆ ਸੀ। ਇਸ ਪਿੱਛੋਂ ਚਾਰ ਹੋਰ ਚੀਨੀਆਂ ਨੇ ਉਸ ਨੂੰ ਘੇਰ ਲਿਆ ।ਉਹ ਲੜਦਾ ਹੋਇਆ ਇਕ ਪੱਥਰ ਵਿੱਚ ਅੜਕਿਆ ਪਰ ਫਿਰ ਸੰਭਲ ਕੇ ਉਸ ਨੇ ਉਨ੍ਹਾਂ ਚਾਰਾਂ ਨੂੰ ਵੀ ਪਾਰ ਬੁਲਾ ਦਿਤਾ। ਖਬਰਾਂ ਅਨੁਸਾਰ ਬਾਕੀ ਚੀਨੀਆਂ ਦਾ ਉਸ ਨੂੰ ਕਾਬੂ ਕਰਨ ਵਲ ਧਿਆਨ ਹੋ ਗਿਆ। ਜਦ ਤਿੰਨ ਚੀਨੀ ਹੋਰ ਉਸ ਨੂੰ ਘੇਰਨ ਲੱਗੇ ਤਾਂ ਉਸ ਨੇ ਉਨ੍ਹਾ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ। ਏਨੇ ਨੁੰ ਪਿੱਛੋਂ ਆ ਕੇ ਇੱਕ ਚੀਨੀ ਨੇ ਉਸ ਦੇ ਸਿਰ ਤੇ ਵਾਰ ਕੀਤਾ ਜਿਸ ਨਾਲ ਉਸ ਦੇ ਗੰਭੀਰ ਚੋਟਾਂ ਆਈਆਂ ਤੇ ਬੇਤਹਾਸ਼ਾ ਖੁਨ ਵਗਣ ਲੱਗਿਆ। ਪਰ ਇਸ ਹਾਲਤ ਵਿੱਚ ਵੀ ਉਸ ਨੇ ਹੋਸ਼ ਨਾ ਗੁਆਈ ਤੇ ਉਸ ਬਾਰ੍ਹਵੇਂ ਚੀਨੀ ਨੂੰ ਵੀ ਮੌਤ ਦੇ ਘਾਟ ੳਤਾਰ ਦਿਤਾ। ਇਸ ਤਰ੍ਹਾਂ ਉਸ ਨੇ ਬਾਰਾਂ ਚੀਨੀ ਸਿਪਾਹੀਆਂ ਨੂੰ ਅਗਲੇ ਘਰ ਪਹੁੰਚਾਇਆ।
ਖੁਨ ਬਹੁਤ ਜ਼ਿਆਦਾ ਵਹਿਣ ਕਰਕੇ ਉਹ ਬੇਹੋਸ਼ ਹੋ ਗਿਆ ਤੇ ਜਦ ਚਾਰ-ਪੰਜ ਘੰਟੇ ਬਾਦ ਲੜਾਈ ਹਟੀ ਤਾਂ ਉਸ ਨੂੰ ਸਟਰੈਚਰ ਤੇ ਲਿਆ ਕੇ ਜ਼ੇਰੇ ਇਲਾਜ ਰੱਖਿਆ ਗਿਆ।ਗੁਰਤੇਜ ਸਿੰਘ ਜ਼ਖਮੀ ਹੋਇਆ ਵੀ ਮੌਤ ਨਾਲ ਖੂਬ ਜੂਝਿਆ ਪਰ ਇਕ ਤਾਂ ਜ਼ਿਆਦਾ ਦੇਰ ਹੋਣ ਕਰਕੇ, ਫਿਰ ਸਿਫਰ ਤੋਂ 35 ਡਿਗਰੀ ਥੱਲੇ ਟੈਂਪਰੇਚਰ ਹੋਣ ਕਰਕੇ, ਤੀਜੇ ਇਲਾਜ ਵਿਚ ਦੇਰ ਹੋਣ ਕਰਕੇ, ਤੇ ਚੌਥੇ ਬਹੁਤ ਜ਼ਿਆਦਾ ਖੁਨ ਵਗਣ ਕਰਕੇ ਆਖਰ ਗੁਰਤੇਜ ਸਿੰਘ ਵੀ ਸ਼ਹੀਦੀ ਪਰਾਪਤ ਕਰ ਗਿਆ। ਇਕ ਪਰਮ ਸੂਰਬੀਰ ਇਸ ਤਰ੍ਹ੍ਰਾਂ ਅਦੁਤੀ ਬਹਾਦੁਰੀ ਵਿਖਾਉਂਦਾ ਹੋਇਆ 23 ਸਾਲ ਦੀ ਉਮਰ ਵਿਚ ਹੀ ਵੀਰਗਤੀ ਨੂੰ ਪ੍ਰਾਪਤ ਹੋਇਆ।ਇਹੋ ਜਿਹੇ ਸੂਰਵੀਰ ਹੀ ਪਰਮ ਵੀਰ ਚੱਕਰ ਵਰਗੇ ਸਨਮਾਨਾਂ ਦੇ ਹੱਕਦਾਰ ਹੁੰਦੇ ਹਨ।
ਇਸੇ ਤਰਾਂ ਬਹਾਦੁਰੀ ਦਿਖਾਉਂਦੇ ਹੋਏ 3 ਮੀਡੀਅਮ ਰਜਮੈਂਟ (ਸਿੱਖ) ਦੇ ਹਵਲਦਾਰ ਤੇਜਿੰਦਰ ਸਿੰਘ ਨੂੰ ਅਤੇ ਨਾਇਕ ਦੀਪਕ ਸਿੰਘ ਨੂੰ ਵੀ ਬਹਾਦੁਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
1. ਸਾਰੀਜ਼ ਅਤੇ ਵਾਈਮੈਨ, ਰਿਜ਼ੋਰਟ ਟੂ ਵਾਰ (2010), ਪੰਨਾ 504 ।
2. ਏ ਬੀ ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ 49-59 ।
3. ਗੁਓ, ਰੋਂਗਜਿੰਗ (2015), ਚੀਨ ਦਾ ਖੇਤਰੀ ਵਿਕਾਸ ਅਤੇ ਤਿੱਬਤ ਸਪਰਿੰਗਰ, ਪੰਨਾ 5, ਆਈਐਸਬੀਐਨ 978-981-287-958-5
4. ਏ ਬੀ ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲਿਆਈ ਬੈਟਲਗ੍ਰਾਉਂਡ (1963), ਪੰਨਾ 49 ।
5. ਹਟਨਬੈਕ, ਗੁਲਾਬ ਸਿੰਘ (1961), ਪੰਨਾ 485 ।
6. ਹਟਨਬੈਕ, ਗੁਲਾਬ ਸਿੰਘ (1961), ਪੰਨਾ 487।
7. ਏ ਬੀ ਸ਼ਕਬਾਪਾ, ਸੌ ਸੌ ਹਜ਼ਾਰ ਚੰਦਰਮਾ (2010), ਪੰਨਾ 583 ।
8. ਏ ਬੀ ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ 49-50।
9. ਸ਼ਾਕਪਾ, ਇੱਕ ਸੌ ਹਜ਼ਾਰ ਚੰਦਰਮਾ (2010), ਪੰਨਾ 583-584।
10. ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ 50।
11. ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ 50: "ਜ਼ੋਰਾਵਰ ਸਿੰਘ ਨੇ ਫਿਰ ਜੰਮੂ ਰਾਜੇ ਦੇ ਨਾਂ 'ਤੇ ਸਾਰੇ ਤਿੱਬਤ ਦੇ ਮੇਯੁਮ ਦੱਰੇ ਦੇ ਪੱਛਮ ਵਿੱਚ ਜਿੱਤਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ, ਕਿਉਂਕਿ ਇਹ ਇਲਾਕਾ ਪੁਰਾਣੇ ਸਮੇਂ ਤੋਂ, ਲੱਦਾਖ ਦੇ ਸ਼ਾਸਕ ਦਾ ਹੈ।"
12. ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ. 50-53।
13. ਮੈਕੇ, ਤਿੱਬਤ ਦਾ ਇਤਿਹਾਸ, ਭਾਗ 2 (2003), ਪੰਨਾ 28 ।
14. ਫਿਸ਼ਰ, ਰੋਜ਼ ਐਂਡ ਹਟਨਬੈਕ, ਹਿਮਾਲੀਅਨ ਬੈਟਲਗ੍ਰਾਉਂਡ (1963), ਪੰਨਾ 190 ।
15. ਰੂਬਿਨ, ਐਲਫ੍ਰੈਡ ਪੀ. (1960), "ਦਿ ਸਿਨੋ-ਇੰਡੀਅਨ ਬਾਰਡਰ ਡਿਸਪਿਊਟਸ", ਅੰਤਰਰਾਸ਼ਟਰੀ ਅਤੇ ਤੁਲਨਾਤਮਕ ਕਾਨੂੰਨ ਤਿਮਾਹੀ, 9 (1): ਪੰਨਾ 96–124।
16. ਵਾਰਿਕੂ, ਭਾਰਤ ਦਾ ਮੱਧ ਏਸ਼ੀਆ ਦਾ ਪ੍ਰਵੇਸ਼ ਦੁਆਰ (2009), ਪੰਨਾ 4: "ਲੱਦਾਖ ਅਤੇ ਕਸ਼ਮੀਰ ਦੇ ਨਾਲ ਤਿੱਬਤ ਦਾ ਵਪਾਰ 1684 ਵਿੱਚ ਸੰਪੰਨ ਹੋਈ ਟਿੰਗਮੋਸਗਾਂਗ ਦੀ ਸੰਧੀ ਦੁਆਰਾ ਨਿਯੰਤ੍ਰਿਤ ਕੀਤਾ ਗਿਆ ਸੀ, ਜਿਸਦੇ ਤਹਿਤ ਲੱਦਾਖ ਨੂੰ ਤਿੱਬਤ ਵਿੱਚ ਪੈਦਾ ਹੋਏ ਸ਼ਾਲ-ਉੱਨ ਉੱਤੇ ਏਕਾਧਿਕਾਰ ਪ੍ਰਾਪਤ ਹੋਇਆ ਸੀ, ਅਤੇ ਤਿੱਬਤੀਆਂ ਨੇ ਲੱਦਾਖ ਦੇ ਨਾਲ ਇੱਟ-ਚਾਹ ਦੇ ਵਪਾਰ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰ ਲਿਆ ਸੀ।"
17. ਮਹਿਰਾ, ਇੱਕ "ਸਹਿਮਤ" ਸਰਹੱਦ (1992), ਪੰਨਾ 71: "ਪਸ਼ਮੀਨਾ ਬੱਕਰੀ ਲੱਦਾਖ, ਪੱਛਮੀ ਤਿੱਬਤ ਅਤੇ ਟਿਏਨਸ਼ਾਨ ਪਹਾੜਾਂ ਦੇ ਕੁਝ ਹਿੱਸਿਆਂ ਲਈ ਸਵਦੇਸ਼ੀ ਹੈ ਜਿੱਥੇ ਇੱਕ ਕਠੋਰ ਪਰ ਬਰਫ਼-ਰਹਿਤ ਸਰਦੀਆਂ ਅਤੇ ਸਾਲ ਭਰ ਚਾਰੇ ਲਈ ਘਾਹ ਦੀ ਉਪਲਬਧਤਾ ਵਧੀਆ ਪਸ਼ਮ ਪੈਦਾ ਕਰਦੀ ਹੈ।"
18. ਹਟਨਬੈਕ, ਗੁਲਾਬ ਸਿੰਘ (1961), ਪੰਨਾ 480 ।
19. ਸੁਰਿੰਦਰ ਸਿੰਘ ਕੋਹਲੀ, ਡਾ: (1969), ਟ੍ਰੈਵਲਜ਼ ਆਫ ਗੁਰੂ ਨਾਨਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਨਾ 128 ।
20. ਕਿਰਪਾਲ ਸਿੰਘ ਡਾ (1969), ਜਨਮ ਸਾਖੀ ਪਰੰਪਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 107 ।
21. ਉਹੀ
22. ਉਹੀ
23. "ਲੰਡਨ ਗਜ਼ਟ". thegazette.co.uk.
24. ਸੇਵਾ, ਟ੍ਰਿਬਿਨ ਨਿਊਜ਼. "ਇੱਕ ਵੱਡੀ ਛਲਾਂਗ ਜਿਸਨੇ 1947 ਵਿੱਚ ਸ਼੍ਰੀਨਗਰ ਨੂੰ ਬਚਾਇਆ"। ਟ੍ਰਿਬਿਊਨ ਇੰਡੀਆ ਨਿਊਜ਼ ਸਰਵਿਸ ।
25. "1948 ਆਪਰੇਸ਼ਨ, ਇੰਡੀਅਨ ਏਅਰ ਫੋਰਸ, ਭਾਰਤ ਸਰਕਾਰ"। indianairforce.nic.in.
26. "ਪ੍ਰੈਸ ਇਨਫਰਮੇਸ਼ਨ ਬਿਊਰੋ (ਡਿਫੈਂਸ ਵਿੰਗ)" (ਪੀਡੀਐਫ)। pibarchive.nic.in..
27. 1948,ਆਪਰੇਸ਼ਨ, ਇੰਡੀਅਨ ਏਅਰ ਫੋਰਸ, ਭਾਰਤ ਸਰਕਾਰ"। indianairforce.nic.in.
28. "ਏਅਰ ਕਮੋਡੋਰ ਮੇਹਰ ਸਿੰਘ ਲਈ ਮਾਹਾ ਵੀਰ ਚੱਕਰ" (ਪੀਡੀਐਫ) । pibarchive.nic.in.
29. "ਏਅਰ ਕੋਮੋਡੋਰ ਮੇਹਰ ਸਿੰਘ , ਬਹਾਦਰੀ ਪੁਰਸਕਾਰ"। gallantryawards.gov.in.
30. "ਏਅਰ ਕਮਾਂਡਰ ਮੇਹਰ ਸਿੰਘ, ਇੰਡੀਅਨ ਏਅਰ ਫੋਰਸ, ਭਾਰਤ ਸਰਕਾਰ"। indianairforce.nic.in.
31. ਆਈਏਐਫ ਨੇ ਡਰੋਨ ਵਿਕਾਸ ਲਈ 'ਮੇਹਰ ਬਾਬਾ ਇਨਾਮ' ਦੀ ਘੋਸ਼ਣਾ ਕੀਤੀ। ਯੂਐਨਇੰਡੀਆਂ. ਕਾਮ
32. ਏਅਰ ਕਮੋਡੋਰ ਮੇਹਰ ਸਿੰਘ ਇੰਡੀਅਨ ਏਅਰ ਫੋਰਸ, ਭਾਰਤ ਸਰਕਾਰ"।
33. "ਨਾਇਬ ਸੂਬੇਦਾਰ ਬਾਨਾ ਸਿੰਘ". ਭਾਰਤ ਰਕਸ਼ਕ. 5 ਮਾਰਚ 2015 ਨੂੰ ਅਸਲ ਤੋਂ ਪੁਰਾਲੇਖ. 27 ਜੂਨ 2014 ਨੂੰ ਪ੍ਰਾਪਤ ਕੀਤਾ ਗਿਆ.
34. ਕੁਨਾਲ ਵਰਮਾ (15 ਦਸੰਬਰ 2012). " ਆਪਰੇਸ਼ਨ ਰਾਜੀਵ". ਸਿਆਚਿਨ ਦੀ ਲੰਬੀ ਸੜਕ. ਰੂਪਾ ਪ੍ਰਕਾਸ਼ਨ. ਪੰਨਾ 415-425. ISBN 978-81-291-2704-4.
35. ਐਲ.ਐਨ. ਸੁਬਰਾਮਨੀਅਨ. ਸਿਆਚਿਨ ਵਿਖੇ ਟਕਰਾਅ, 26 ਜੂਨ 1987. ਭਾਰਤ ਰਕਸ਼ਕ. 24 ਫਰਵਰੀ 2014 ਨੂੰ ਅਸਲ ਤੋਂ ਪੁਰਾਲੇਖ. 27 ਜੂਨ 2014 ਨੂੰ ਪ੍ਰਾਪਤ ਕੀਤਾ ਗਿਆ.
36. ਕਰਨਲ ਜੇ ਫ੍ਰਾਂਸਿਸ (30 ਅਗਸਤ 2013). ਅਗਸਤ 1947 ਤੋਂ ਬਾਅਦ ਭਾਰਤੀ ਫੌਜ ਦੇ ਇਤਿਹਾਸ ਦੀਆਂ ਛੋਟੀਆਂ ਕਹਾਣੀਆਂ। ISBN 978-93-82652-17-5.
37. ਜੋਸੀ ਜੋਸਫ (25 ਜਨਵਰੀ 2001). "ਪ੍ਰੋਜੈਕਟ ਹੋਪ". rediff.com.
38. ਪਰਮਵੀਰ ਚੱਕਰ ਵਿਜੇਤਾ (ਪੀਵੀਸੀ), ਭਾਰਤੀ ਫੌਜ ਦੀ ਅਧਿਕਾਰਤ ਵੈਬਸਾਈਟ, 28 ਅਗਸਤ 2014 ਨੂੰ ਪ੍ਰਾਪਤ ਕੀਤਾ ਗਿਆ