Bhai Sahib Bhai Sahib Singh Ji (GURUGRANTHDARPAN)
(ਮਾਇਆ ਦੇ) ਚੁਹਚੁਹੇ ਵੇਸ ਵਿਚ (ਮਸਤ ਜੀਵ-ਇਸਤ੍ਰੀ, ਮਾਨੋ,) ਬਦਕਾਰ ਇਸਤ੍ਰੀ ਹੈ ਜੋ ਪ੍ਰਭੂ (ਖਸਮ) ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ; ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ। ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ, ਫਿਰ ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ। ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ। ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ; ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ।੧।(ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ; ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ।ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ।੨।ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ, ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ। ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ।ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ ਤੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਹੈ।੪।